ਮਹਿਤੇ ਚੌਕ ਦੀ ਮਹਿਮਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਸੇ ਵਰ੍ਹੇ ਅਪਰੈਲ ਮਹੀਨੇ ਦੀ ਗੱਲ ਹੈ, ਜਲੰਧਰੋਂ ਛਪਦੀ ਇਕ ਪੰਜਾਬੀ ਅਖ਼ਬਾਰ ਵਿਚ ਮੇਰੀ ਕੋਈ ਲਿਖਤ ਛਪੀ ਹੋਈ ਸੀ। ਕੈਲੀਫੋਰਨੀਆ ਦੇ ਸਮੇਂ ਅਨੁਸਾਰ ਸ਼ਾਮੀ ਅੱਠ ਕੁ ਵਜੇ ਮੈਂ ਬਾਥਰੂਮ ਵਿਚੋਂ ਨਹਾ ਕੇ ਬਾਹਰ ਆਇਆ। ਆਦਤ ਮੁਤਾਬਿਕ ‘ਚਾਰਜਿੰਗ’ ਉਤੇ ਲਾਏ ਫੋਨ ਦੀ ਸਕਰੀਨ ਵੱਲ ਨਜ਼ਰ ਮਾਰੀ। ਇੰਡੀਆ ਤੋਂ ਆਏ ਕਿਸੇ ਮੋਬਾਈਲ ਫੋਨ ਨੰਬਰ ਦੀ ‘ਮਿਸ ਕਾਲ’ ਸੀ। ਚਾਹ ਦਾ ਕੱਪ ਪੀਂਦਿਆਂ ਮੈਂ ਉਸੇ ਨੰਬਰ ‘ਤੇ ਮੋੜਵੀਂ ਕਾਲ ਕੀਤੀ। ਅੱਗਿਉਂ ਕਿਸੇ ਕੁੜੀ ਨੇ ਹੈਲੋ ਦਾ ਜਵਾਬ ਦਿੰਦਿਆਂ ਮੈਨੂੰ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ? ਕੈਲੀਫੋਰਨੀਆ ਅਤੇ ਮੇਰਾ ਨਾਮ ਸੁਣ ਕੇ ਉਹ ਬੇਟੀ ਬੜੇ ਅਦਬ ‘ਚ ਆਉਂਦਿਆਂ ਮੇਰੇ ਨਾਲ ਇੰਜ ਗੱਲਾਂ ਕਰਨ ਲੱਗੀ ਜਿਵੇਂ ਮੈਂ ਉਸ ਦਾ ਅਧਿਆਪਕ ਹੋਵਾਂ।
“ਅੱਛਾæææਅੱਛਾæææਸਰ! ਹੁਣੇ ਈ ਮੇਰੇ ਹਸਬੈਂਡ ਨੇ ਧਾਨੂੰ ਫੋਨ ਲਾਇਆ ਹੀæææਅਹੀਂ ਨਾ ਅਖ਼ਬਾਰ ਵਿਚ ਧਾਡਾ ਆਰਟੀਕਲ ਪੜ੍ਹਿਆ ਹੀ, ਤੇæææ।”
ਆਪਣੇ ਹੀ ਪਰਿਵਾਰਕ ਜੀਆਂ ਵਾਂਗ ਮੇਰੇ ਨਾਲ ਗੱਲਾਂ ਕਰਦਿਆਂ ਜਦ ਉਸ ਕੁੜੀ ਨੇ ‘ਤੇ’ ਉਪਰ ਪਹੁੰਚ ਕੇ ਜ਼ਰਾ ਕੁ ਸਾਹ ਲਿਆ ਤਾਂ ਮੈਂ ਪੁੱਛਿਆ ਕਿ ਬੀਬਾ ਜੀ ਤੁਸੀਂ ਬੋਲ ਕਿਥੋਂ ਰਹੇ ਹੋ?
“ਚੌਕ ਮਹਿਤਿਉਂ।” ਮਾਝੇ ਦੇ ਲਹਿਜੇ ਵਿਚ ਬੋਲਿਆ ਹੋਇਆ ਇਹ ਲਫ਼ਜ਼ ਮੇਰੀ ਸਿਮ੍ਰਤੀ ਵਿਚ ਪਏ ਆਪਣੇ ਹੀ ਸਰੂਪ ਨਾਲ ਜਾ ਟਕਰਾਇਆ। ਉਤੋਂ ਉਤੋਂ ਮੇਰੀ ਜ਼ੁਬਾਨ ਬੇਸ਼ੱਕ ਉਸ ਕੁੜੀ ਨਾਲ ਗੱਲਾਂ ਵਿਚ ਮਸ਼ਰੂਫ ਸੀ, ਪਰ ਜ਼ਿਹਨੀ ਤੌਰ ‘ਤੇ ਮੈਂ ਪਹੁੰਚ ਚੁੱਕਿਆ ਸਾਂ ਦਿੱਲੀ ਏਅਰ ਪੋਰਟ ਉਤੇ। ਸੰਨ 85 ਜਾਂ 86 ਦੀ ਸਰਦੀ ਰੁੱਤ ਦਾ ਕੋਈ ਮਹੀਨਾ ਸੀ। ਪੰਜਾਬ ਵਿਚ ਖਾੜਕੂਵਾਦ ਭਰ ਜ਼ੋਬਨ ‘ਤੇ ਸੀ। ਉਪਰੋਥਲੀ ਹੋਣ ਵਾਲੀਆਂ ਕਈ ਖਾੜਕੂ ਘਟਨਾਵਾਂ ਕਰ ਕੇ, ਖਾੜਕੂਆਂ ਦਾ ਹੱਥ ਉਪਰ ਜਾ ਰਿਹਾ ਲਗਦਾ ਸੀ।
ਬਾਹਰੋਂ ਆ ਰਹੇ ਕਿਸੇ ਰਿਸ਼ਤੇਦਾਰ ਨੂੰ ਲੈਣ ਵਾਸਤੇ ਅਸੀਂ ਦਿੱਲੀ ਏਅਰਪੋਰਟ ‘ਤੇ ਪਹੁੰਚੇ ਹੋਏ ਸਾਂ। ਰਾਤ ਦਾ ਸਮਾਂ। ਠੰਢ ਕਹਿਰ ਦੀ। ਫਲਾਈਟ ਲੇਟ। ਅਸੀਂ ਕੱਛਾਂ ‘ਚ ਹੱਥ ਦੇਈ ਖੜ੍ਹੇ, ਬਿਨਾਂ ਵਜ੍ਹਾ ਸ਼ੀਸ਼ਿਆਂ ਥਾਣੀਂ ਅੰਦਰ ਝਾਕੀ ਜਾ ਰਹੇ ਸਾਂ। ਨੀਲੇ ਰੰਗ ਦੀ ਗੋਲ ਦਸਤਾਰ ਅਤੇ ਕੁੜਤੇ ਪਜਾਮੇ ਵਾਲਾ ਗੱਭਰੂ ਸਿੰਘ, ਸਾਡੇ ਲਾਗੇ ਹੀ ਖੜ੍ਹਾ ਸੀ। ਸਰਸਰੀ ਜਿਹੀ ਨਜ਼ਰ ਮਿਲਣ ‘ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੋਂ ਕਿੱਥੋਂ, ਭਾਵ ਕਿਹੜੇ ਜ਼ਿਲ੍ਹੇ ਤੋਂ ਆਏ ਹੋ? ਉਪਰ ਲਈ ਹੋਈ ਲੋਈ ਦਾ ਲਮਕਦਾ ਇਕ ਪੱਲਾ ‘ਤਾਂਹ ਚੁੱਕਦਿਆਂ ਉਹ ਥੋੜ੍ਹਾ ਹੱਸ ਕੇ ਕਹਿੰਦਾ, “ਭਾਊ ਮੈਂ ਉਥੋਂ ਆਇਆ ਵਾਂ ਜਿਸ ਇਲਾਕੇ ਨੇ ਪੂਰੀ ਸਰਕਾਰ ਨੂੰ ਵਾਹਣੀਂ ਪਾਇਆ ਹੋਇਐ।”
“ਅੰਬਰ ਸਰੋਂ?” ਉਸ ਦੀ ਬੋਲੀ ਤੋਂ ਅੰਦਾਜ਼ਾ ਲਾਉਂਦਿਆਂ ਮੈਂ ਪੁੱਛਿਆ।
ਕੋਈ ਹਾਂ ਜਾਂ ਨਾਂਹ ਕਹੇ ਬਗੈਰ ਉਹ ਆਪਣੇ ਗਾਤਰੇ ਦਾ ਵਲ ਜਿਹਾ ਕੱਢਦਿਆਂ ਬੜੇ ਫਖ਼ਰ ਨਾਲ ਬੋਲਿਆ,
“ਚੌਕ ਮਹਿਤਿਉਂ!”
ਕਈ ਵਰ੍ਹਿਆਂ ਬਾਅਦ ਉਸੇ ਬੋਲੀ ਅਤੇ ਉਸੇ ਲਹਿਜੇ ਵਿਚ ਬੋਲਿਆ ਗਿਆ ਇਹ ਨਾਂ ਸੁਣ ਕੇ, ਕਿੰਨਾ ਚਿਰ ਮੇਰੇ ਦਿਲ ਦਿਮਾਗ ਵਿਚ ਚੌਕ ਮਹਿਤਾ ਹੀ ਛਾਇਆ ਰਿਹਾ।
ਚੌਕ ਮਹਿਤੇ ਤੋਂ ਫੋਨ ‘ਤੇ ਗੱਲਾਂ ਕਰ ਰਹੀ ਲੜਕੀ ਨੇ ਮੈਨੂੰ ਦੱਸਿਆ, “ਅਸੀਂ ਸਾਰਾ ਟੱਬਰ ‘ਨਵਾਂ ਜ਼ਮਾਨਾ’ ਅਖ਼ਬਾਰ ਦੇ ਪੱਕੇ ਪਾਠਕ ਹਾਂ, ਤੇ ਅਸੀਂ ਤੁਹਾਡੀਆਂ ਲਿਖਤਾਂ ਬਹੁਤ ਰੀਝ ਨਾਲ ਪੜ੍ਹਦੇ ਹਾਂ।” ਉਸ ਨੇ ਇਹ ਵੀ ਦੱਸਿਆ ਕਿ ਮੇਰਾ ਘਰ ਵਾਲਾ ਤੁਹਾਥੋਂ ਬਹੁਤ ਪ੍ਰਭਾਵਿਤ ਹੋਇਆ ਹੋਇਐ। ਸਵੇਰੇ ਵੀ ਉਹ ਤੁਹਾਡਾ ਲੇਖ ਪੜ੍ਹ ਕੇ ਤੁਹਾਨੂੰ ਵਧਾਈ ਦੇਣ ਲਈ ਫੋਨ ਲਾਉਂਦੇ ਰਹੇ, ਪਰ ਤੁਹਾਡੇ ਵੱਲੋਂ ਕਿਸੇ ਨੇ ਫੋਨ ਚੁੱਕਿਆ ਹੀ ਨਹੀਂ ਸੀ। ਹੁਣ ਉਹ ਕੰਮ ‘ਤੇ ਜਾ ਚੁੱਕੇ ਨੇæææਸ਼ਾਮਾਂ ਨੂੰ ਤੁਹਾਨੂੰ ਦੁਬਾਰਾ ਫੋਨ ਕਰਨਗੇ।
“ਕਮਾਲ ਐ! ਮਹਿਤੇ ਚੌਕ ਵਿਚ ਵੀ ਕੋਈ ਸਾਰਾ ਪਰਿਵਾਰ ‘ਨਵਾਂ ਜ਼ਮਾਨਾ’ ਪੜ੍ਹ ਰਿਹਾ ਹੈ!!” ਇਹ ਸੋਚਦਿਆਂ ਮੈਨੂੰ ਪ੍ਰੋæ ਮੋਹਨ ਸਿੰਘ ਯਾਦ ਆ ਗਿਆ,
ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਰੰਗਾ।
ਸੌ ਮੁਰਦੇ ਭਗਤਾਂ ਦੇ ਨਾਲੋਂ ਇਕ ਜਿਉਂਦਾ ਕਾਫ਼ਰ ਚੰਗਾ।
ਕੁੜੀ ਦੇ ਮੂੰਹੋਂ ਇਹ ਸਭ ਸੁਣ ਕੇ ਮੈਨੂੰ ਨਿਜੀ ਖੁਸ਼ੀ ਵੀ ਹੋਈ। ਉਹ ਇਹ ਕਿ ਆਪਣੀਆਂ ਲਿਖਤਾਂ ਬਾਰੇ ਮੇਰੀ ਧਾਰਨਾ ਬਣੀ ਹੋਈ ਹੈ ਕਿ ਬਜ਼ੁਰਗ ਲੋਕ ਹੀ ਮੇਰੇ ਪਾਠਕ ਹਨ, ਪਰ ਮਹਿਤੇ ਚੌਕ ਵਾਲੀ ਬੀਬਾ ਅਤੇ ਉਸ ਦਾ ਪਤੀ ਦੋਵੇਂ ਨੌਜਵਾਨ ਹਨ ਅਤੇ ਸ਼ਾਇਦ ਨਵ-ਵਿਆਹੇ ਵੀ। ਜਵਾਨ ਪੀੜ੍ਹੀ ਵੀ ਆਪਣੇ ਵਿਚਾਰਾਂ ਤੋਂ ਕਾਇਲ ਹੋ ਰਹੀ ਸੁਣ ਕੇ ਜੀਅ ਕੀਤਾ ਕਿ ਇਸ ‘ਪ੍ਰਾਪਤੀ’ ਨੂੰ ਫ਼ਖ਼ਰਯੋਗ ਸਮਝ ਕੇ ਝੋਲੀ ਪਾਉਣ ਦੀ ਗੁਸਤਾਖ਼ੀ ਕਰ ਹੀ ਲਵਾਂ।
ਉਸ ਦਿਨ ਤੋਂ ਬਾਅਦ ਦਸਤੂਰ ਇਹ ਬਣ ਗਿਆ ਹੈ ਕਿ ਇਕ ਮਹਿਤੇ ਚੌਕ ਤੋਂ ਆ ਰਿਹਾ ਫੋਨ ਦੇਖ ਕੇ ਅਤੇ ਦੂਜੇ ਆਸਟਰੇਲੀਆ ਤੋਂ ਨਾਮੀ ਪੱਤਰਕਾਰ ਬਾਈ ਬਲਰਾਜ ਸਿੰਘ ਸੰਘਾ ਵੱਲੋਂ ਆਈ ਈ-ਮੇਲ ਦੇਖ ਕੇ ਮੈਂ ਫੌਰਨ ਸਮਝ ਜਾਂਦਾ ਹਾਂ ਕਿ ਅੱਜ ‘ਨਵਾਂ ਜ਼ਮਾਨਾ’ ਅਖ਼ਬਾਰ ਵਿਚ ਜ਼ਰੂਰ ਮੇਰੀ ਕੋਈ ਰਚਨਾ ਛਪੀ ਹੋਣੀ ਐ। ਲਿਖਤਾਂ ਪੜ੍ਹ ਕੇ ਫੋਨ ਜਾਂ ਈ-ਮੇਲਾਂ ਤਾਂ ਹੋਰ ਵੀ ਕਈ ਵੀਰ-ਭੈਣਾਂ ਕਰਦੇ ਰਹਿੰਦੇ ਨੇ, ਪਰ ਉਕਤ ਦੋਵੇਂ ਸੱਜਣ ਕਦੀ ਨਾਗਾ ਨਹੀਂ ਪਾਉਂਦੇ।
ਮਹਿਤੇ ਚੌਕ ਦੀ ਮਹਿਮਾ ਦੀ ਅਗਲੀ ਕੜੀ ਵੀ ਸੁਣ ਲਉ। ਜੂਨ ਮਹੀਨੇ ਪੰਜਾਬ ‘ਚ ਪੰਚਾਇਤ ਚੋਣਾਂ ਦਾ ਬਿਗਲ ਵੱਜ ਗਿਆ। ਥਾਉਂ ਥਾਈਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਿਸ ਦਿਨ ਨਾਮ ਵਾਪਸ ਲੈਣ ਦਾ ਆਖਰੀ ਦਿਨ ਸੀ, ਉਸ ਦਿਨ ਸ਼ਾਮ ਨੂੰ ਚੌਕ ਮਹਿਤਿਉਂ ਮਨਦੀਪ ਸਿੰਘ ਦਾ ਫੋਨ ਆ ਗਿਆ। ਉਹਦੀਆਂ ਗੱਲਾਂ ‘ਚੋਂ ਆਮ ਨਾਲੋਂ ਜ਼ਰਾ ਹਟਵੀਂ ਖੁਸ਼ੀ ਟਪਕ ਰਹੀ ਸੀ। ਮਾਨੋ ਉਸ ਦੇ ਮੂੰਹੋਂ ਫੁੱਲ ਹੀ ਕਿਰਦੇ ਜਾ ਰਹੇ ਸਨ। ਫੋਨ ਸੁਣਦਾ ਮਨ ਹੀ ਮਨ ਮੈਂ ਕਈ ਤਰ੍ਹਾਂ ਦੇ ਅਨੁਮਾਨ ਲਾ ਰਿਹਾ ਸਾਂ। ਮੇਰੀ ਰਾਜੀ ਖੁਸ਼ੀ ਪੁੱਛਣ ਤੋਂ ਬਾਅਦ ਉਹ ਬੋਲਿਆ,
“ਸਰ ਜੀ, ਇਕ ਵਧਾਈ ਆਲੀ ਗੱਲ ਦੱਸਾਂ? ਮੇਰੇ ਡੈਡੀ ਜੀ ਚੌਕ ਮਹਿਤੇ ਦੇ ਸਰਬ ਸੰਮਤੀ ਨਾਲ ਸਰਪੰਚ ਬਣ ਗਏ ਨੇ।”
ਮੁਕੰਮਲ ਜਾਣਕਾਰੀ ਦਿੰਦਿਆਂ ਮਨਦੀਪ ਨੇ ਮੈਨੂੰ ਬੜੇ ਮਾਣ ਨਾਲ ਦੱਸਿਆ ਕਿ ਇਹ ਖੁਸ਼ਖਬਰੀ ਸਭ ਤੋਂ ਪਹਿਲਾਂ ਮੈਂ ਧਾਨੂੰ ਈ ਸੁਣਾਈ ਏ। ਰਿਸ਼ਤੇਦਾਰਾਂ ਨੂੰ ਹਾਲੇ ਕਿਸੇ ਨੂੰ ਨਹੀਂ ਦੱਸਿਆ। ਸਭ ਤੋਂ ਪਹਿਲਾਂ ਧਾਨੂੰ ਫੋਨ ਕੀਤਾ ਏ। ਇਹ ਗੱਲ ਸੁਣ ਕੇ ਸਵੈਮਾਣ ਨਾਲ ਭਰੇ ਹੋਏ ਨੂੰ ਮੈਨੂੰ ਆਪਣੀ ਸਰਪੰਚੀ ਦੀ ਇਲੈਕਸ਼ਨ ਵਾਲਾ ਦਿਨ ਚੇਤੇ ਆ ਗਿਆ। ਗਿਣਤੀ ਕੇਂਦਰ ਵਿਚੋਂ ਬਾਹਰ ਆਉਂਦਿਆਂ ਮੈਂ ਵੀ ਸਭ ਤੋਂ ਪਹਿਲਾਂ ਜਿੱਤ ਦੀ ਖਬਰ ਆਪਣੇ ਵੱਡੇ ਭਰਾ ਜਿਹੇ ਦੋਸਤ ਸ਼ ਹਰਦੇਵ ਸਿੰਘ ਕਾਹਮਾ ਨੂੰ ਹੀ ਫੋਨ ‘ਤੇ ਸੁਣਾਈ ਸੀ। ਉਹ ਭਾਵੇਂ ਉਸ ਵੇਲੇ ਦੂਰ ਅਸਾਮ ਵਿਚ ਗਏ ਹੋਏ ਸਨ।
ਚਲੋ ਖ਼ੈਰ! ਵਧਾਈਆਂ ਦਾ ਲੈਣ-ਦੇਣ ਹੋਇਆ, ਪਰ ਦੂਜੇ ਦਿਨ ਫਿਰ ਮਨਦੀਪ ਦਾ ਫੋਨ ਖੜਕਿਆ। ਐਤਕੀਂ ਉਹ ਜ਼ਰਾ ਹਾਸੇ ਮਸ਼ਕੂਲੇ ਵਾਲੀ ਸੁਰ ਵਿਚ ਬੋਲ ਰਿਹਾ ਪ੍ਰਤੀਤ ਹੋਇਆ। ਗੱਲ ਸੱਚ ਮੁੱਚ ਹੱਸਣ ਵਾਲੀ ਨਿਕਲੀ। ਉਸ ਦੱਸਿਆ ਕਿ ਜਦੋਂ ਇਕ ਜਣਾ ਪਿੰਡ ਵਿਚ ਹੋਈ ਸਰਬ ਸੰਮਤੀ ਦੀ ਖ਼ਬਰ ਦੇਣ ਲਈ ਨੇੜਲੇ ਪੱਤਰਕਾਰ ਕੋਲ ਗਿਆ ਤਾਂ ਉਹ ਅੱਗਿਉਂ ਅਚੰਭਿਤ ਹੀ ਹੋ ਗਿਆ। ਅਖੇ, ਚੌਕ ਮਹਿਤੇ ਵਿਚ ਸਰਬ ਸੰਮਤੀ? ਇਹ ਕਿਵੇਂ ਹੋ ਸਕਦਾ ਹੈ? ਸ਼ਸ਼ੋਪੰਜ ‘ਚ ਪਿਆ ਪੱਤਰਕਾਰ ਖ਼ਬਰ ਦੇਣ ਆਏ ਬੰਦੇ ਪਾਸੋਂ ਘੋਖ ਕੇ ਪੁੱਛਣ ਲੱਗਾ, “ਓ ਯਾਰ ਕੋਈ ਹੋਰ ‘ਮਹਿਤਾ ਮੂਹਤਾ’ ਪਿੰਡ ਹੋਣੈæææਚੌਕ ਮਹਿਤੇ ਸਰਬ ਸੰਮਤੀ ਨਾਲ ਪੰਚਾਇਤ ਬਣ ਜਾਏ, ਮੈਨੂੰ ਤਾਂ ਯਕੀਨ ਨਹੀਂ ਆਉਣ ਡਿਹਾ।”
ਪੱਤਰਕਾਰ ਨੂੰ ਯਕੀਨ ਆਉਂਦਾ ਵੀ ਕਿਵੇਂ? ਉਹਦੇ ਮਨ ਚਿੱਤ ਵਿਚ ਤਾਂ ਚੌਕ ਮਹਿਤੇ ਦੀ ਉਹੀ ਮਹਿਮਾ ਡੂੰਘੀ ਵਸੀ ਹੋਈ ਹੋਣੀ ਐਂ ਜਿਹੜੀ ਕਈ ਦਹਾਕੇ ਪਹਿਲਾਂ ਮੈਂ ਦਿੱਲੀ ਏਅਰਪੋਰਟ ‘ਤੇ ਆਪਣੇ ਕੰਨੀਂ ਸੁਣੀ ਸੀ।
ਮੈਨੂੰ ਦੱਸਿਆ ਗਿਆ ਕਿ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਇਸ ਪਿੰਡ ਦੇ ਵਸਨੀਕਾਂ ਦੀ ਰਜ਼ਾਮੰਦੀ ਨਾਲ ਪਹਿਲੀ ਵਾਰ ਸਰਪੰਚ ਬਣੇ ਮਾਸਟਰ ਅਜ਼ਾਦ ਸਿੰਘ ਅਜ਼ਾਦ ਸਚ ਮੁੱਚ ‘ਆਜ਼ਾਦ’ ਤੇ ਇਨਕਲਾਬੀ ਵਿਚਾਰਾਂ ਵਾਲੇ ਹਨ। ਉਹ ਆਪਣੇ ਇਲਾਕੇ ਨੂੰ ਅੰਧਵਿਸ਼ਵਾਸਾਂ, ਕਰਮ-ਕਾਂਡਾਂ ਅਤੇ ਵਹਿਮਾਂ-ਭਰਮਾਂ ਤੋਂ ਨਿਰਲੇਪ ਰੱਖਣ ਹਿੱਤ ਤਰਕਸ਼ੀਲ ਮੇਲੇ ਲਗਵਾਉਂਦੇ ਰਹੇ ਹਨ। ਸ਼ ਆਜ਼ਾਦ ਜਿਹੇ ਜਾਗਰੂਕ ਸਰਪੰਚ ਦੀ ਅਗਵਾਈ ਵਿਚ ਬਣੀ ਪੰਚਾਇਤ ਅਤੇ ਸਮੂਹ ਮਹਿਤਾ ਚੌਕ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ। ਇਹੋ ਜਿਹੇ ਅਗਾਂਹ ਵਧੂ ਪੰਚਾਂ-ਸਰਪੰਚਾਂ ਨੂੰ ਖੁਸ਼ ਆਮਦੀਦ ਕਹਿਣਾ ਬਣਦਾ ਹੈ।

Be the first to comment

Leave a Reply

Your email address will not be published.