ਕੈਪਟਨ ਦੀ ਮੁਫਤ ਬੱਸ ਸਫਰ ਸਕੀਮ ਸ਼ੁਰੂ ਹੁੰਦਿਆਂ ਹੀ ਵਿਵਾਦਾਂ ਵਿਚ ਘਿਰੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਸਰਕਾਰ ਦੇ ਇਸ ਐਲਾਨ ਪਿੱਛੋਂ ਜਿਥੇ ਸਰਕਾਰੀ ਬੱਸ ਚਾਲਕ ਔਰਤਾਂ ਨੂੰ ਬੱਸਾਂ ਵਿਚ ਚੜ੍ਹਾਉਣ ਤੋਂ ਟਲਣ ਲੱਗੇ ਹਨ, ਉਤੇ ਲੜਾਈ-ਝਗੜੇ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਅਜਿਹਾ ਹੀ ਇਕ ਮਾਮਲਾ ਰੂਪਨਗਰ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਲੜਕੀ ਦੇ ਪਿਤਾ ਅਤੇ ਬੱਸ ਕੰਡਕਟਰ ਵਿਚਕਾਰ ਲੜਕੀ ਦੀ ਟਿਕਟ ਕੱਟਣ ਦੇ ਮਾਮਲੇ ਨੂੰ ਲੈ ਕੇ ਹੱਥੋਪਾਈ ਹੋ ਗਈ, ਜਿਸ ਦੌਰਾਨ ਲੜਕੀ ਦੇ ਪਿਤਾ ਤੇ ਪਿੰਡ ਖੁਆਸਪੁਰਾ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਦੀ ਪੱਗ ਵੀ ਉਤਰ ਗਈ। ਇਸ ਤਰ੍ਹਾਂ ਦੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਹਨ ਜਦੋਂ ਸਰਕਾਰੀ ਬੱਸਾਂ ਦੀ ਡਰਾਇਵਰ ਮਹਿਲਾ ਸਵਾਰੀਆਂ ਨੂੰ ਵੇਖ ਬੱਸਾਂ ਭਜਾ ਲੈਂਦੇ ਹਨ।
ਇਹ ਵੀ ਸਵਾਲ ਉਠ ਰਹੇ ਹਨ ਕਿ ਪੇਂਡੂ ਸੜਕਾਂ ‘ਤੇ ਸਰਕਾਰੀ ਬੱਸਾਂ ਦੇ ਟਾਵੇਂ-ਟਾਵੇਂ ਰੂਟ ਪਰਮਿਟ ਹਨ ਜਿਸ ਕਰ ਕੇ ਪੇਂਡੂ ਔਰਤਾਂ ਨੂੰ ਮੁਫਤ ਸਫਰ ਦਾ ਵਧੇਰਾ ਫਾਇਦਾ ਨਹੀਂ ਮਿਲ ਸਕੇਗਾ। ਇਹ ਸਹੂਲਤ ਸਿਰਫ ਪੰਜਾਬ ਵਿਚ ਲਾਗੂ ਕੀਤੀ ਗਈ ਹੈ ਜਦੋਂ ਕਿ ਚੰਡੀਗੜ੍ਹ ਪੁੱਜੀਆਂ ਮਹਿਲਾਵਾਂ ਨੂੰ ਟਿਕਟ ਲੈਣੀ ਪਵੇਗੀ। ਉਂਜ ਵੀ ਸੂਬੇ ‘ਚ ਔਰਤਾਂ ਲਈ ਸ਼ੁਰੂ ਕੀਤੀ ਮੁਫਤ ਸਫਰ ਦੀ ਸਹੂਲਤ ਪੰਜਾਬ ਸਰਕਾਰ ਨੂੰ ਹਰ ਸਾਲ 471 ਕਰੋੜ ਰੁਪਏ ‘ਚ ਪਏਗੀ। ਇਹ ਸਹੂਲਤ ਪੀ.ਆਰ.ਟੀ.ਸੀ, ਪੰਜਾਬ ਰੋਡਵੇਜ਼ ਤੇ ਪਨਬੱਸ ਦੀਆਂ ਸਾਧਾਰਨ ਬੱਸਾਂ ‘ਚ ਉਪਲਬਧ ਹੈ। ਸਰਕਾਰੀ ਅੰਕੜਿਆਂ ਮੁਤਾਬਕ ਉਕਤ ਤਿੰਨਾਂ ਅਦਾਰਿਆਂ ਦੇ ਮਾਲੀਏ ‘ਤੇ ਰੋਜ਼ਾਨਾ 1.31 ਕਰੋੜ, ਪ੍ਰਤੀ ਮਹੀਨਾ ਕਰੀਬ 39 ਕਰੋੜ ਅਤੇ ਸਾਲਾਨਾ ਕਰੀਬ 471 ਕਰੋੜ ਦਾ ਅਸਰ ਪਵੇਗਾ। ਪਹਿਲਾਂ ਮੁਫਤ ਬੱਸ ਸਫਰ ਕਰਨ ਵਾਲੇ 18 ਵਰਗਾਂ ਦੇ ਕਿਰਾਏ ਦੀ ਭਰਪਾਈ ਤਾਂ ਸਰਕਾਰ ਕਰਦੀ ਹੈ ਪਰ ਨਵੀਂ ਸਕੀਮ ਦੇ ਕਿਰਾਏ ਦੀ ਭਰਪਾਈ ਬਾਬਤ ਸਰਕਾਰ ਨੇ ਅਜੇ ਸਥਿਤੀ ਸਪੱਸ਼ਟ ਨਹੀਂ ਕੀਤੀ।
ਪਟਿਆਲਾ ਸਥਿਤ ਮੁੱਖ ਦਫਤਰ ਵਾਲੀ ਪੀ.ਆਰ.ਟੀ.ਸੀ. ਨੂੰ 1107 ਬੱਸਾਂ ਚਲਾ ਕੇ ਰੋਜ਼ਾਨਾ ਸਵਾ ਕਰੋੜ ਦਾ ਮਾਲੀਆ ਇਕੱਤਰ ਹੁੰਦਾ ਹੈ। ਜਿਸ ਵਿਚੋਂ 60 ਲੱਖ ਤਾਂ ਡੀਜ਼ਲ ‘ਤੇ ਖਰਚ ਹੋ ਜਾਂਦਾ ਹੈ। ਜਦਕਿ ਹੁਣ ਔਰਤਾਂ ਲਈ ਮੁਫਤ ਬੱਸ ਸਫਰ ਤਹਿਤ ਰੋਜ਼ਾਨਾ ਦੇ ਮਾਲੀਏ ਵਿਚੋਂ 50 ਲੱਖ ਹੋਰ ਘਟਿਆ ਕਰਨਗੇ ਤੇ ਰੋਜ਼ਾਨਾ ਵੀਹ ਲੱਖ ਹੀ ਪੱਲੇ ਪਿਆ ਕਰੇਗਾ।
ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝਦੀ ਆ ਰਹੀ ਪੀ.ਆਰ.ਟੀ.ਸੀ. ਦਾ ਪਹਿਲਾਂ ਹੀ 18 ਵਰਗਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦੇਣ ਕਾਰਨ ਸਰਕਾਰ ਵੱਲ ਸੌ ਕਰੋੜ (ਇਕ ਅਰਬ) ਤੋਂ ਵੀ ਵੱਧ ਦਾ ਬਕਾਇਆ ਖੜ੍ਹਾ ਹੈ। ਇਸ ਬਕਾਇਆ ਰਾਸ਼ੀ ਵਿਚੋਂ ਸਭ ਤੋਂ ਵੱਧ 70 ਕਰੋੜ ਡੀ.ਪੀ.ਆਈ. (ਸਕੂਲਜ) ਦਾ ਹੈ, 50 ਕਰੋੜ ਡੀ.ਪੀ.ਆਈ. ਕਾਲਜਾਂ ਅਤੇ 11.86 ਕਰੋੜ ਮੈਡੀਕਲ ਕਾਲਜਾਂ ਦਾ ਹੈ। ਪੁਲਿਸ ਵਿਭਾਗ ਅਤੇ ਅਪਾਹਜਾਂ ਦਾ ਦੋ-ਦੋ ਕਰੋੜ ਜਦਕਿ 60 ਸਾਲਾ ਔਰਤਾਂ ਦੇ ਸਫਰ ਦਾ ਇਕ ਕਰੋੜ ਬਕਾਇਆ ਹੈ। ਅਜ਼ਾਦੀ ਘੁਲਾਟੀਆਂ ਅਤੇ ਹੋਰ ਵਰਗਾਂ ਦੇ ਸਫਰ ਦਾ ਬਕਾਇਆ ਵੀ ਰਹਿੰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਬੱਸਾਂ ਵਿਚ ਔਰਤਾਂ ਦੇ ਮੁਫਤ ਸਫਰ ਦੀ ਸਹੂਲਤ ਦਾ ਆਗਾਜ਼ ਕੀਤਾ। ਤਕਰੀਬਨ ਚਾਰ ਵਰ੍ਹਿਆਂ ਦੀ ਉਡੀਕ ਮਗਰੋਂ ਔਰਤਾਂ ਨੇ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਕੀਤਾ। ਦੂਜੇ ਪਾਸੇ ਦਰਮਿਆਨੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਇਸ ਨਵੀਂ ਸਕੀਮ ਕਰ ਕੇ ਵਿੱਤੀ ਘਾਟਾ ਪੈਣ ਦਾ ਤੌਖਲਾ ਬਣ ਗਿਆ ਹੈ। ਪੰਜਾਬ ਸਰਕਾਰ ਦੀ ਇਸ ਮੁਫਤ ਬੱਸ ਸਫਰ ਸਕੀਮ ਦਾ ਵੱਡੇ ਘਰਾਣਿਆਂ ਦੀ ਪ੍ਰਾਈਵੇਟ ਬੱਸ ਸੇਵਾ ‘ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਸਰਕਾਰ ਦੀ ਇਹ ਸਕੀਮ ਸਰਕਾਰੀ ਏਸੀ ਬੱਸਾਂ ‘ਤੇ ਲਾਗੂ ਨਹੀਂ ਕੀਤੀ ਗਈ ਹੈ। ਮੁਫਤ ਬੱਸ ਸਫਰ ਸਹੂਲਤ ਦਾ ਵੱਡਾ ਲਾਹਾ ਸਰਕਾਰੀ ਤੇ ਪ੍ਰਾਈਵੇਟ ਮਹਿਲਾ ਮੁਲਾਜ਼ਮਾਂ ਨੂੰ ਵੀ ਮਿਲੇਗਾ। ਪੰਜਾਬ ਸਰਕਾਰ ਵੱਲੋਂ ਪਹਿਲਾਂ ਔਰਤਾਂ ਦੀ ਅੱਧੀ ਟਿਕਟ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਮਗਰੋਂ ਹੁਣ ਔਰਤਾਂ ਲਈ ਮੁਫਤ ਸਫਰ ਦੀ ਸਹੂਲਤ ਐਲਾਨ ਦਿੱਤੀ ਗਈ ਜਿਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਰੀਆਂ ਮਹਿਲਾਵਾਂ ਸਿਰਫ ਆਧਾਰ ਜਾਂ ਵੋਟਰ ਜਾਂ ਕੋਈ ਵੀ ਯੋਗ ਸ਼ਨਾਖ਼ਤੀ ਕਾਰਡ ਦਿਖਾ ਕੇ ਸੂਬੇ ਅੰਦਰ ਚੱਲਣ ਵਾਲੀਆਂ ਸਾਰੀਆਂ ਨਾਨ-ਏਸੀ ਬੱਸਾਂ ਵਿਚ ਮੁਫਤ ਸਫਰ ਕਰ ਸਕਦੀਆਂ ਹਨ।
_________________________________________
ਔਰਤਾਂ ਲਈ ਮੁਫ਼ਤ ਬੱਸ ਸਫਰ ਦਾ ਐਲਾਨ ਖੋਖਲਾ: ‘ਆਪ`
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵੱਲੋਂ ਔਰਤਾਂ ਲਈ ਮੁਫਤ ਬੱਸ ਸਫਰ ਦੇ ਐਲਾਨ ਨੂੰ ਖੋਖਲਾ ਵਾਅਦਾ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ। ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਯੋਜਨਾਵਾਂ ਦੀ ਨਕਲ ਕਰਦੇ ਹੋਏ ਪੰਜਾਬ ਦੀਆਂ ਔਰਤਾਂ ਲਈ ਮੁਫ਼ਤ ਬੱਸ ਸਫਰ ਦਾ ਐਲਾਨ ਕੀਤਾ ਹੈ ਪਰ ਪੰਜਾਬ ਦੇ ਜ਼ਿਆਦਾਤਰ ਰੂਟਾਂ ‘ਤੇ ਨਿੱਜੀ ਬੱਸਾਂ ਦਾ ਕਬਜ਼ਾ ਹੈ। ਸਰਕਾਰ ਨੇ ਪ੍ਰਾਈਵੇਟ ਬੱਸਾਂ ‘ਚ ਮੁਫਤ ਸਫਰ ਦੀ ਸਹੂਲਤ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਦੇ ਕਿਰਾਏ ਵਿਚ ਘਟਾਉਣ ਦਾ ਐਲਾਨ ਕੀਤਾ ਹੈ। ਸਰਕਾਰੀ ਬੱਸਾਂ ਵਿਚੋਂ ਵੀ ਏਸੀ ਅਤੇ ਵੋਲਵੋ ਬੱਸਾਂ ਨੂੰ ‘ਚ ਮੁਫਤ ਸਫਰ ਦੀ ਸਹੂਲਤ ਨਹੀਂ ਦਿੱਤੀ। ਏਸੀ ਰਹਿਤ ਸਰਕਾਰੀ ਬੱਸਾਂ ‘ਚ ਔਰਤਾਂ ਲਈ ਮੁਫਤ ਸਫਰ ਦੀ ਸਹੂੁਲਤ ਦੇ ਕੇ ਕੈਪਟਨ ਸਰਕਾਰ ਖੁਦ ਨੂੰ ਥਾਪੜਾ ਦੇ ਰਹੀ ਹੈ।