ਕਰੋਨਾ ਦੇ ਦੂਜੇ ਹੱਲੇ ਦੀ ਮਾਰ ਹੇਠ ਆਇਆ ਪੰਜਾਬ

ਨਵੀਂ ਦਿੱਲੀ: ਪੰਜਾਬ ਕਰੋਨਾ ਦੀ ਦੂਜੀ ਲਹਿਰ ਦੇ ਲਪੇਟੇ ਵਿਚ ਆਇਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ, ਪੰਜਾਬ ਅਤੇ ਛੱਤੀਸਗੜ੍ਹ ਵਿਚ ਕੇਂਦਰੀ ਮਾਹਰਾਂ ਦੀਆਂ ਟੀਮਾਂ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ ਹੈ, ਕਿਉਂਕਿ ਇਨ੍ਹਾਂ ਰਾਜਾਂ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ। ਪੰਜਾਬ ਵਿਚ ਪਿਛਲੇ ਪੰਦਰਵਾੜੇ ਦੌਰਾਨ ਹੋਈਆਂ ਮੌਤਾਂ ਭਾਰਤ ਵਿਚ ਇਸ ਸਮੇਂ ਦੌਰਾਨ ਹੋਈਆਂ ਕੁੱਲ ਕੋਵਿਡ ਮੌਤਾਂ ਦਾ 16.7 ਫੀਸਦੀ ਹੈ।

ਮੁਲਕ ਵਿਚ ਕਰੋਨਾ ਮਾਮਲੇ ਅਤੇ ਮੌਤਾਂ ਦੀ ਗਿਣਤੀ ਤੇਜੀ ਨਾਲ ਵਧੀ ਹੈ, ਜਿਸ ਵਿਚ 10 ਸੂਬਿਆਂ ਦਾ 91 ਫੀਸਦੀ ਤੋਂ ਵਧ ਦਾ ਯੋਗਦਾਨ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ 10 ਸੂਬਿਆਂ ‘ਚ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚੋਂ 91 ਫੀਸਦੀ ਤੋਂ ਵੱਧ ਲਾਗ ਤੋਂ ਪੀੜਤ ਮਿਲੇ ਹਨ। ਇਨ੍ਹਾਂ ਸੂਬਿਆਂ ‘ਚ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਫੀਸਦ ਦੇ ਹਿਸਾਬ ਨਾਲ ਪੰਜਾਬ ‘ਚ ਸਰਗਰਮ ਕੇਸਾਂ ਦੀ ਗਿਣਤੀ ਸਭ ਤੋਂ ਜਿਆਦਾ ਦਰਜ ਹੋਈ ਹੈ। ਕਰੋਨਾ ਵਾਇਰਸ ਲਾਗ ਦਾ ਇਲਾਜ ਕਰਵਾ ਰਹੇ 77.3 ਫੀਸਦੀ ਪੰਜ ਸੂਬਿਆਂ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਅਤੇ ਪੰਜਾਬ ‘ਚ ਹਨ। ਸਿਰਫ ਮਹਾਰਾਸ਼ਟਰ ‘ਚ ਹੀ 59.36 ਫੀਸਦ ਮਰੀਜ਼ ਇਲਾਜ ਕਰਵਾ ਰਹੇ ਹਨ।
ਸੀ.ਐਸ.ਆਈ.ਆਰ-ਸੀ.ਸੀ.ਐਮ.ਬੀ. ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਕਿਹਾ ਹੈ ਕਿ ਪੰਜਾਬ ‘ਚ ਯੂਕੇ ਦਾ ਕਰੋਨਾ ਰੂਪ ਆਉਂਦੇ ਦਿਨਾਂ ‘ਚ ਵੱਡਾ ਖਤਰਾ ਬਣ ਸਕਦਾ ਹੈ ਪਰ ਅਜੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਉਂਜ ਮਹਾਰਾਸ਼ਟਰ ‘ਚ ਕਰੋਨਾ ਦਾ ਮਿਲਿਆ ਦੋਹਰਾ ਰੂਪ ਚਿੰਤਾ ਦਾ ਵਿਸ਼ਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ‘ਚ ਕੁਝ ਲੋਕ ਇੰਗਲੈਂਡ ਤੋਂ ਆਏ ਹੋਣਗੇ ਅਤੇ ਫਿਰ ਉਨ੍ਹਾਂ ਦੇ ਸੂਬੇ ‘ਚ ਕਈ ਥਾਵਾਂ ‘ਤੇ ਜਾਣ ਕਰਕੇ ਕਰੋਨਾ ਦਾ ਨਵਾਂ ਰੂਪ ਉਥੇ ਫੈਲ ਗਿਆ।
_________________________________________
ਕੋਵਿਡ ਲਹਿਰ ਕਾਰਨ ਸਖਤ ਕਦਮ ਚੁੱਕਣੇ ਜਰੂਰੀ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਬਚਣ ਲਈ ਸਖਤ ਕਦਮ ਚੁੱਕਣੇ ਜਰੂਰੀ ਹੋ ਗਏ ਹਨ। ਮੁੱਖ ਮੰਤਰੀ ਨੇ ‘ਫੇਸਬੁੱਕ ਲਾਈਵ` ਜਰੀਏ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਨਿਭਾਏਗੀ ਅਤੇ ਲੋਕ ਆਪਣੀ ਜਿੰਮੇਵਾਰੀ ਸਮਝਣ। ਉਨ੍ਹਾਂ ਕਿਹਾ ਕਿ ਕਈ ਜਿਲ੍ਹਿਆਂ ਵਿਚ ਰਾਤਰੀ ਕਰਫਿਊ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਬਲਕਿ ਕੋਵਿਡ ਤੋਂ ਬਚਾਅ ਲਈ ਲਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੂਸਰੀ ਲਹਿਰ ਮਗਰੋਂ ਪੰਜਾਬ ਵਿਚ ਹਾਲਾਤ ਵਿਗੜਨ ਲੱਗੇ ਹਨ ਅਤੇ ਮੌਤ ਦਰ ਤੋਂ ਇਲਾਵਾ ਪਾਜੀਟਿਵ ਕੇਸਾਂ ਦੀ ਦਰ ਵਿਚ ਵੀ ਵਾਧਾ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਲਹਿਰ ਕਿੰਨਾ ਸਮਾਂ ਚੱਲੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਸ ਤੋਂ ਬਚਾਅ ਕਰਨਾ ਪਵੇਗਾ। ਉਨ੍ਹਾਂ ਲੋਕਾਂ ਨੂੰ ਕੋਵਿਡ ਵੈਕਸੀਨ ਲਵਾਉਣ ਲਈ ਵੀ ਕਿਹਾ।
_______________________________________________
45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲੱਗਣੀ ਸ਼ੁਰੂ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ 31 ਮਾਰਚ ਤੱਕ ਫਰੰਟਲਾਈਨ ਵਰਕਰਾਂ, ਸਿਹਤ ਕਾਮਿਆਂ, 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਅਤੇ ਬਿਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਵਾਲੇ 6.5 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲੱਗ ਚੁੱਕੇ ਹਨ। ਦੇਸ਼ ‘ਚ 16 ਜਨਵਰੀ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਸੀ। ਮੰਤਰਾਲੇ ਨੇ ਕਿਹਾ ਕਿ ਪੰਜਾਬ, ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਕੇਰਲਾ, ਤਾਮਿਲ ਨਾਡੂ, ਗੁਜਰਾਤ ਅਤੇ ਮੱਧ ਪ੍ਰਦੇਸ਼ ‘ਚ ਕਰੋਨਾ ਦੇ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।