ਭੂਤਵਾੜੇ ਦੀ ‘ਅੰਮ੍ਰਿਤ ਸੰਤਾਨ’ ਕੁਲਵੰਤ ਸਿੰਘ ਗਰੇਵਾਲ

ਹਰਪਾਲ ਸਿੰਘ ਪੰਨੂ
ਨਵਤੇਜ ਭਾਰਤੀ ਨੇ ਕੁਲਵੰਤ ਗਰੇਵਾਲ ਬਾਰੇ ਲਿਖਿਆ, “ਉਸ ਦੀ ਕਵਿਤਾ ਪੜ੍ਹਨ ਲਈ ਅਨਪੜ੍ਹ ਬਣਨਾ ਪੈਂਦਾ ਹੈ। ਉਹ ਕਵਿਤਾ ਲਿਖਦਾ ਵੀ ਅਨਪੜ੍ਹ ਬਣ ਕੇ ਹੈ। ਨਵੀਂ ਲਿਖਣ ਵੇਲੇ ਪੁਰਾਣੀ ਭੁੱਲ ਜਾਂਦਾ ਹੈ। ਅਸਲ ਵਿਚ ਉਹ ਨਵੀਂ ਜਾਂ ਪੁਰਾਣੀ ਨਹੀਂ ਹੁੰਦੀ, ਪਹਿਲੀ ਹੁੰਦੀ ਹੈ ਹਰ ਵਾਰ। ਉਸ ਨੇ ਕੋਈ ਵਿਕਾਸ ਨਹੀਂ ਕੀਤਾ। ਵਿਕਾਸ ਤਾਂ ਦੂਜੀ ਕਵਿਤਾ ਤੋਂ ਸ਼ੁਰੂ ਹੁੰਦਾ ਹੈ।”

ਇਕ ਦਿਨ ਗਣਿਤ ਸ਼ਾਸਤਰੀ ਪ੍ਰੋ. ਸ਼ਾਮ ਲਾਲ ਸਿੰਗਲਾ ਨੂੰ ਮੈਂ ਅਲਬਰਟ ਆਈਨਸਟੀਨ ਦੀ ਇਹ ਪੰਕਤੀ ਸੁਣਾਈ, “ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਜੋ ਕੁੱਝ ਤੁਸੀਂ ਸਿੱਖਿਆ, ਉਹ ਮਨਫੀ ਕਰ ਕੇ ਜੋ ਬਚਦਾ ਹੈ, ਤੁਸੀਂ ਅਸਲ ਵਿਚ ਉਹ ਹੁੰਦੇ ਹੋ।” ਵਾਕ ਸੁਣਦਿਆਂ ਸਿੰਗਲਾ ਸਾਹਿਬ ਹੱਸੇ, ਕਿਹਾ, “ਫੇਰ ਤਾਂ ਕੁਝ ਵੀ ਨਹੀਂ ਬਚਦਾ, ਫੇਰ ਤਾਂ ਕੁਲਵੰਤ ਗਰੇਵਾਲ ਬਚਦਾ ਹੈ ਬਸ।” ਗਰੇਵਾਲ ਬਾਰੇ ਜਿਹੜੀ ਰਾਇ ਕਵੀ ਭਾਰਤੀ ਦੀ ਹੈ, ਉਹੀ ਗਣਿਤ ਸ਼ਾਸਤਰੀ ਦੀ ਨਿਕਲੀ।
ਆਈਨਸਟੀਨ ਦੀ ਇਹੋ ਪੰਕਤੀ ਪ੍ਰੋ. ਭੁਪਿੰਦਰ ਸਿੰਘ ਨੂੰ ਸੁਣਾਈ। ਸੁਣਨ ਅਤੇ ਕਹਿਣ ਦੀ ਜਾਚ ਕਿਸੇ ਨੇ ਜੇ ਸਿੱਖਣੀ ਹੋਵੇ, ਇਨ੍ਹਾਂ ਤੋਂ ਸਿੱਖੇ। ਸੁਣ ਕੇ ਮੈਨੂੰ ਸਵਾਲ ਕੀਤਾ, “ਇਸ ਗੱਲ ਦੀ ਵਿਆਖਿਆ ਭਲਾ ਕਿਵੇ ਕਰੀਏ ਪੰਨੂ ਸਾਹਿਬ?”
ਮੈਨੂੰ ਫਲਸਫੇ ਦਾ, ਸ਼ਾਇਰੀ ਦਾ ਪਤਾ ਨਹੀਂ ਲਗਦਾ। ਸਾਖੀ ਪਰੰਪਰਾ ਰਾਹੀਂ ਮੈਂ ਕੋਈ-ਕੋਈ ਗੱਲ ਸਮਝ ਲੈਂਦਾ ਹਾਂ। ਗੋਪੀ ਨਾਥ ਮਹੰਤੀ ਦਾ ਉੜੀਆ ਨਾਵਲ ‘ਅੰਮ੍ਰਿਤ ਸੰਤਾਨ’ ਪੜ੍ਹੋ। ਕੰਧ ਨਾਮ ਦੇ ਕਬੀਲੇ ਦੀ ਦਾਸਤਾਨ ਸੱਤ ਸੌ ਪੰਨਿਆਂ ਵਿਚ ਬਿਆਨ ਕੀਤੀ ਹੈ। ਇਹ ਉਹ ਕਬੀਲਾ ਹੈ ਜਿਹੜਾ ਜੰਗਲ ਵਿਚ ਵਸਦਾ ਹੈ, ਜਿਸ ਦਾ ਬਾਹਰਲੀ ਦੁਨੀਆ ਨਾਲ ਕੋਈ ਲੈਣ ਦੇਣ ਨਹੀਂ, ਯਾਨਿ ਸਭਿਅਤਾ ਨੇ ਉਸ ਨੂੰ ਦੂਸਿ਼ਤ ਨਹੀਂ ਕੀਤਾ। ਅਸਮਾਨੋਂ ਡਿਗੀ ਸਾਫ ਸ਼ਫਾਫ ਅੰਮ੍ਰਿਤ ਦੀ ਬੂੰਦ, ਮਿਟੀ ਘੱਟੇ ਤੋਂ ਮੁਕਤ ਅੰਮ੍ਰਿਤ ਸੰਤਾਨ। ਅੱਜ ਤਾਂ ਕੇਵਲ ਉਹ ਕਥਾ ਲਿਖਾਂਗਾ ਜਿਹੜੀ ਆਈਨਸਟੀਨ ਦੇ ਵਾਕ ਦੀ ਵਿਆਖਿਆ ਕਰਦਿਆਂ ਪ੍ਰੋ਼. ਭੁਪਿੰਦਰ ਸਿੰਘ ਦੀ ਕੋਠੀ ਵਿਚ ਸੁਣਾਈ।
ਡਾ. ਨਰਿੰਦਰ ਸਿੰਘ ਪੂਨੀਆਂ ਮੇਰੇ ਪਿੰਡ ਘੱਗੇ ਪੰਨੂਆਂ ਦਾ ਦੋਹਤਾ ਹੈ। ਉਸ ਦਾ ਸਾਰਾ ਜੀਵਨ ਵਚਿੱਤਰ ਹੈ, ਜੀਅ ਕਰਦੈ ਸਾਰਾ ਲਿਖਾਂ ਪਰ ਅੱਜ ਕੇਵਲ ਇਕ ਘਟਨਾ ਲੰਡਨ ਦੀ ਕਬੂਲ ਕਰੋ। ਕੈਮਿਸਟਰੀ ਵਿਚ ਐਮ. ਐਸ. ਸੀ. ਅਤੇ ਪੀ. ਐਚ. ਡੀ. ਇਥੋਂ ਕਰ ਕੇ ਉਹ ਲੈਕਚਰਾਰ ਨਿਯੁਕਤ ਹੋ ਗਿਆ। ਰਸਾਇਣ ਵਿਗਿਆਨ ਵਿਚ ਖੋਜ ਪੱਤਰ ਲਿਖ ਲਿਖ ਕੌਮਾਂਤਰੀ ਸਾਇੰਸ ਮੈਗਜ਼ੀਨਾਂ ਨੂੰ ਭੇਜਦਾ ਰਹਿੰਦਾ। ਦੂਜੀ ਮੰਜ਼ਲ ‘ਤੇ ਰਿਹਾਇਸ਼ ਸੀ। ਖੋਜ ਪੱਤਰ 80-90 ਪੰਨਿਆਂ ਤੱਕ ਕਾਗਜ਼ ਦੇ ਇਕ ਪਾਸੇ ਟਾਈਪ ਕਰ ਕੇ ਭੇਜੇ ਜਾਂਦੇ। ਡਾਕ ਰਾਹੀਂ ਖੋਜ ਪੱਤਰ ਜਦੋਂ ਰੱਦ ਹੋ ਕੇ ਵਾਪਸ ਆਉਂਦਾ ਤਾਂ ਡਾਕੀਆ ਪੌੜ੍ਹੀਆਂ ਚੜ੍ਹਨ ਦੀ ਬਜਾਏ ਹੇਠੋਂ ਹੀ ਉਪਰ ਵਗਾਹ ਦਿੰਦਾ ਜੋ ਠਾਹ ਕਰਦਾ ਦਰਵਾਜ਼ੇ ‘ਤੇ ਵੱਜਦਾ। ਬੱਚੇ ਤਾੜੀਆਂ ਮਾਰਦੇ, ਹੱਸਦੇ- ਦੇਖੋ ਪਾਪਾ ਦਾ ਨੋਬੇਲ ਪ੍ਰਾਈਜ਼ ਆਇਆ ਹੈ। ਬੱਚਿਆਂ ਦੀ ਖੁਸ਼ੀ ਦਾ ਕਾਰਨ ਇਹ ਹੁੰਦਾ ਕਿ ਪਾਪਾ ਜਦੋਂ ਖੁਦ ਨਾਲਾਇਕ ਹੈ ਤਾਂ ਸਾਨੂੰ ਝਿੜਕ ਨਹੀਂ ਸਕਦਾ ਕਿ ਪੜ੍ਹਦੇ ਕਿਉਂ ਨਹੀਂ। ਪਾਪਾ ਨੂੰ ਕਿਹੜਾ ਕੁਝ ਲਿਖਣਾ ਆਉਂਦੈ?
ਹੌਲੀ ਹੌਲੀ ਖੋਜ ਪ੍ਰਵਾਨ ਹੋਣ ਲਗੀ। ਪੇਪਰ ਮਨਜ਼ੂਰ ਹੋਣ ਲੱਗੇ, ਛਪਣ ਲੱਗੇ। “ਸੋਡੀਅਮ ਦਾ ਜੀਵਾਂ ਵਿਚ ਸੰਚਾਰ” ਖੋਜ ਪੱਤਰ ਮੈਗਜ਼ੀਨ ਵਿਚ ਛਪਿਆ ਤਾਂ ਸੰਪਾਦਕੀ ਵਿਚ ਲਿਖਿਆ ਗਿਆ – ਰਸਾਇਣ ਵਿਗਿਆਨ ਦੀ ਵਿਦਿਆ ਵਿਚ ਨਵੇਂ ਅਧਿਆਇ ਦਾ ਪ੍ਰਕਾਸ਼ ਹੋਇਆ ਹੈ। (ੀਟ ਸਿ ਅ ਨੲੱ ਚਹਅਪਟੲਰ ਨਿ ਟਹੲ ਸਚਇਨਚੲ ੋਾ ਚਹੲਮਸਿਟਰੇ), ਕਾਮਨਵੈਲਥ ਨੇ ਅਖਬਾਰ ਵਿਚ ਫੈਲੋਸਿ਼ਪ ਦਾ ਇਸ਼ਤਿਹਾਰ ਛਾਪਿਆ ਕਿ ਉਨ੍ਹਾਂ ਨੂੰ ਡੀ. ਐਸ. ਸੀ. ਦੀ ਡਿਗਰੀ ਵਾਸਤੇ ਖੋਜਾਰਥੀ ਦੀ ਲੋੜ ਹੈ। ਹੋਰਨਾਂ ਨਾਲ ਪੂਨੀਏ ਨੇ ਵੀ ਅਰਜ਼ੀ ਭੇਜ ਦਿਤੀ ਤੇ ਆਪਣੀਆਂ ਪ੍ਰਾਪਤੀਆਂ ਨੱਥੀ ਕਰ ਦਿਤੀਆਂ। ਚੁਣਿਆ ਗਿਆ। ਵੀਜ਼ਾ/ਟਿਕਟ ਆ ਗਏ। ਸਾਮਾਨ ਬੰਨ੍ਹਿਆ ਜਾਣ ਲੱਗਾ। ਲੋੜੀਂਦੀਆਂ ਸਭ ਚੀਜ਼ਾਂ ਟਰੰਕ ਵਿਚ ਪਾ ਦਿਤੀਆਂ ਤਾਂ ਪੂਨੀਏ ਨੇ ਸੋਚਿਆ, ਯਾਰੋ ਮੈਂ ਉਥੇ ਇਕੱਲਾ ਰਹਾਂਗਾ। ਕਈ ਵਾਰ ਦਾਲ ਸਬਜ਼ੀ ਨਾ ਹੋਵੇ, ਆਪਾਂ ਚਟਣੀ ਰਗੜ ਕੇ ਮੱਖਣ ਧਰ ਕੇ ਰੋਟੀ ਖਾ ਲੈਂਦੇ ਹਾਂ। ਚੰਗਾ ਕੰਮ ਚੱਲ ਜਾਂਦੈ। ਮੈਂ ਇਕ ਕੂੰਡੀ ਸੋਟਾ ਨਾ ਲੈ ਜਾਵਾਂ? ਕੂੰਡੀ ਸੋਟਾ ਖਰੀਦ ਕੇ ਟਰੰਕ ਵਿਚ ਧਰ ਦਿੱਤਾ। ਲੰਡਨ ਪੁੱਜ ਗਿਆ। ਦੂਜੀ ਮੰਜ਼ਲ ਉਤੇ ਫਲੈਟ ਕਿਰਾਏ `ਤੇ ਲੈ ਲਿਆ। ਦੋ ਕੁ ਹਫ਼ਤੇ ਬੀਤੇ ਸਨ। ਪੜ੍ਹਦਿਆਂ-ਪੜ੍ਹਦਿਆਂ ਅੱਧੀ ਰਾਤ ਭੁੱਖ ਲੱਗ ਗਈ। ਨਾ ਦਾਲ ਨਾ ਸਬਜ਼ੀ। ਸੋਚਣ ਲੱਗਾ, ਕਰ ਗਿਆ ਸੀ ਨਾ ਦਿਮਾਗ ਵੇਲੇ ਸਿਰ ਕੰਮ, ਹੁਣ ਚਟਣੀ ਕੰਮ ਆਊਗੀ। ਹੁਣ ਕੂੰਡੀ ਸੋਟਾ ਵਰਤਦੇ ਆਂ। ਗੰਢਾ ਕੱਟਿਆ। ਹਰੀਆਂ ਮਿਰਚਾਂ, ਲੂਣ, ਅਦਰਕ ਸੁੱਟ ਕੇ ਅੱਧਾ ਕੁ ਨਿੰਬੂ ਨਚੋੜ ਦਿਤਾ। ਹੋ ਗਈ ਚਟਣੀ ਕੁੱਟਣੀ ਸ਼ੁਰੂ। ਠਾਹ-ਠਾਹ, ਦੜਾਕ-ਦੜਾਕ ਹੋਈ। ਲੱਕੜ ਦੀਆਂ ਛੱਤਾਂ ਸ਼ੋਰ ਬਹੁਤ ਜਿ਼ਆਦਾ ਕਰਦੀਆਂ ਹਨ।
ਅੱਧੀ ਰਾਤ ਗੋਰਿਆਂ ਦੀਆਂ ਛੱਤਾਂ ਦੜਾਕ-ਦੜਾਕ ਠਾਹ-ਠਾਹ ਨਾਲ ਗੂੰਜਣ ਲੱਗੀਆਂ ਤਾਂ ਚੀਕ ਚਿਹਾੜਾ ਮੱਚ ਗਿਆ।… ਚੇਨ ਐਕਸਪਲੋਜ਼ਨਜ਼, ਡੇਂਜਰਸ ਐਕਸਪਲੋਜ਼ਨਜ਼, (ਲਗਾਤਾਰ ਧਮਾਕੇ…ਖਤਰਨਾਕ ਧਮਾਕੇ…)”, ਕਰਦੇ ਚੀਕਾਂ ਮਾਰਦੇ ਬੱਚੇ, ਗੋਰੀਆਂ, ਗੋਰੇ ਬਾਹਰ ਭੱਜੇ। ਪੁਲਿਸ ਨੂੰ ਫੋਨ ਖੜਕਾ ਦਿਤੇ। ਵਿਸਲ ਹੂਟਰ ਵਜਾਉਂਦੀ ਪੁਲਿਸ ਆ ਗਈ। ਟੱਲੀਆਂ ਖੜਕਾਉਂਦਾ ਫਾਇਰ ਬ੍ਰਿਗੇਡ ਪੁੱਜ ਗਿਆ। ਲਾਊਡ-ਸਪੀਕਰ ਉਪਰ ਐਲਾਨ ਹੋ ਗਿਆ- ਇਹ ਬਿਲਡਿੰਗ ਸੁਰੱਖਿਅਤ ਨਹੀਂ, ਤੁਰੰਤ ਬਾਹਰ ਨਿਕਲ ਆਉ। ਚੌਵੀ ਫਲੈਟਾਂ ਦਾ ਇਹ ਕੰਪਲੈਕਸ ਜਦੋਂ ਫਟਾਫਟ ਖਾਲੀ ਕਰਵਾਇਆ ਜਾਣ ਲੱਗਾ ਉਦੋਂ ਪੂਨੀਆਂ ਲੱਤਾਂ ਨਿਸਾਲੀ ਚਟਣੀ ਨਾਲ ਰੋਟੀਆਂ ਖਾਣ ਦਾ ਮਜ਼ਾ ਲੈ ਰਿਹਾ ਸੀ, ਬਾਹਰ ਦੀ ਹਰ ਘਟਨਾ ਤੋਂ ਬੇਖਬਰ। ਚਟਣੀ ਰਗੜਨ ਵਾਲਾ ਬੰਦਾ ਵਜਦ ਵਿਚ ਆ ਜਾਂਦਾ ਹੈ। ਕੂੰਡੀ ਸੋਟੇ ਦਾ ਆਪਣਾ ਸੰਗੀਤ ਖੁਦ ਏਨਾ ਵਿਸ਼ਾਲ ਅਤੇ ਸੂਖਮ ਹੁੰਦਾ ਹੈ ਕਿ ਬੰਦੇ ਨੂੰ ਬਾਹਰਲਾ ਸ਼ੋਰ ਸ਼ਰਾਬਾ ਬਿਲਕੁਲ ਸੁਣਾਈ ਨਹੀਂ ਦਿੰਦਾ।
ਸਾਰੇ ਬੰਦੇ ਸੁਰੱਖਿਅਤ ਥਾਂ ਪਹੁੰਚਾ ਕੇ ਪੁਛ-ਗਿਛ ਹੋਣ ਲੱਗੀ। ਦੱਸਿਆ ਗਿਆ ਕਿ ਜਿਸ ਛੱਤ ਉਪਰ ਧਮਾਕੇ ਹੋਏ, ਉਸ ਫਲੈਟ ਅੰਦਰ ਇਕ ਇੰਡੀਅਨ ਸਟੂਡੈਂਟ ਰਹਿੰਦਾ ਹੈ। ਪੁਲਿਸ ਨੇ ਦੇਖਿਆ ਕਿ ਬਾਹਰ ਨਿਕਲ ਕੇ ਆਏ ਦੁਖਿਆਰਿਆਂ ਵਿਚ ਇੰਡੀਅਨ ਸਟੂਡੈਂਟ ਨਹੀਂ ਆਇਆ। ਇਸ ਦਾ ਮਤਲਬ ਹੈ ਕਿ ਇਕ ਤਾਂ ਦੋਸ਼ੀ ਲੱਭ ਗਿਆ, ਦੂਜਾ ਹੋ ਸਕਦੈ, ਹੋਰ ਧਮਾਕੇ ਕਰਨ ਵਾਸਤੇ ਵਿਉਂਤ ਬਣਾ ਰਿਹਾ ਹੋਵੇ। ਵਾਰਨਿੰਗ ਦੇਣ ਦੇ ਬਾਵਜੂਦ ਨਹੀਂ ਨਿਕਲਿਆ। ਬਾਕੀ ਫੋਰਸ ਚਾਰੇ ਪਾਸੇ ਤਾਇਨਾਤ ਕਰ ਕੇ ਦਸ ਕਮਾਂਡੋ ਪੂਨੀਏ ਦੇ ਕਮਰੇ ਵਲ ਉਪਰ ਚੜ੍ਹੇ। ਜ਼ੋਰ ਨਾਲ ਦਰਵਾਜ਼ਾ ਖੜਕਾਇਆ। ਪੂਨੀਏ ਨੇ ਚਿਟਕਣੀ ਖੋਲ੍ਹੀ ਤਾਂ ਦੋ ਜਵਾਨਾਂ ਨੇ ਲਪਕ ਕੇ ਦੋਵੇਂ ਬਾਹਵਾਂ ਫੜ ਲਈਆਂ, ਪਿੱਠ ਪਿਛੇ ਕਰ ਕੇ ਹੱਥਾਂ ਨੂੰ ਹੁੱਕ ਲਾ ਦਿਤੀ। ਫਿਰ ਪੁੱਛਿਆ, ਧਮਾਕੇ ਕਿਉਂ ਕੀਤੇ? ਬਾਰੂਦ, ਸਮੱਗਰੀ ਕਿਥੇ ਹੈ?
ਪੂਨੀਏ ਨੇ ਕਿਹਾ, ਨਾ ਕੋਈ ਧਮਾਕਾ ਕੀਤਾ, ਨਾ ਕੋਈ ਮੇਰੇ ਕੋਲ ਐਕਸਪਲੋਸਿਵ ਸਮੱਗਰੀ ਹੈ। ਉਨ੍ਹਾਂ ਫਿਰ ਕਿਹਾ, ਜ਼ਬਰਦਸਤ ਠਾਹ-ਠਾਹ ਦੜਾਕ-ਦੜਾਕ ਦੇਰ ਤੱਕ ਹੋਈ ਜਿਸ ਕਰ ਕੇ ਬਿਲਡਿੰਗ ਵਾਲੀ ਥਾਂ ਖਾਲੀ ਕਰਵਾ ਲਈ ਹੈ। ਪੂਨੀਏ ਨੇ ਦੱਸਿਆ ਕਿ ਭੁੱਖ ਲੱਗੀ ਹੋਈ ਸੀ, ਮੈਂ ਤਾਂ ਚਟਣੀ ਰਗੜੀ ਸੀ। ਕੂੰਡੇ ਸੋਟੇ ਵੱਲ ਇਸ਼ਾਰਾ ਕਰਦਿਆਂ ਕਿਹਾ, ਆਹ ਦੇਖੋ ਗ੍ਰਾਈਂਡਰ। ਜੇ ਮੇਰੇ ਹੱਥ ਖੋਲ੍ਹ ਦਿਉਂ ਤਾਂ ਮੈਂ ਤੁਹਾਨੂੰ ਗ੍ਰਾਈਂਡਰ ਚਲਾ ਕੇ ਵੀ ਦਿਖਾ ਦਿੰਦਾ ਹਾਂ ਤੇ ਚਟਣੀ ਖੁਆਵਾਂਗਾ ਵੀ। ਬਹੁਤ ਸੁਆਦ ਲੱਗੇਗੀ, ਜੇ ਤੁਹਾਨੂੰ ਭੁੱਖ ਲੱਗੀ ਹੈ। ਜੇ ਭੁੱਖ ਨਹੀਂ ਤਾਂ ਚਿਕਨ ਵੀ ਨਹੀਂ ਸੁਆਦ। ਪਹਿਲਾਂ ਸਾਰੇ ਕਮਰੇ ਦੀ ਤਲਾਸ਼ੀ ਲਈ। ਅੰਦਰ ਕੁੱਤੇ ਗੇੜੇ ਕਢਦੇ ਰਹੇ। ਫੇਰ ਉਸ ਨੂੰ ਪੁੱਛਿਆ, ਤੂੰ ਕਰਨ ਕੀ ਆਇਐਂ ਇਥੇ? ਉਸ ਨੇ ਕਿਹਾ, ਮੇਰੇ ਹੱਥ ਖੋਲ੍ਹੋ। ਮੈਂ ਤੁਹਾਨੂੰ ਆਪਣਾ ਸ਼ਨਾਖਤੀ ਕਾਰਡ ਦਿਖਾਉਨਾ। ਮੈਂ ਕੈਮਿਸਟਰੀ ਦਾ ਸਾਇੰਟਿਸਟ ਹਾਂ, ਡਾਕਟਰੇਟ ਕਰ ਕੇ ਆਇਆਂ, ਹੁਣ ਡਾਕਟਰ ਆਫ ਸਾਇੰਸ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਡਿਗਰੀ ਹੈ, ਉਹ ਕਰ ਰਿਹਾਂ।
ਪੂਨੀਏ ਨੇ ਇਕ ਹੌਲਦਾਰ ਨੂੰ ਕਿਹਾ, ਜ਼ਰਾ ਖਾ ਕੇ ਤਾਂ ਦੇਖ, ਬੜੀ ਟੇਸਟੀ ਹੈ। ਖਾਣੀ ਤਾਂ ਕੀ ਸੀ, ਹੌਲਦਾਰ ਨੇ ਸਿਰ ਨੀਵਾਂ ਕਰ ਕੇ ਸੁੰਘੀ। ਉਸ ਨੂੰ ਉਹ ਧਾਂਸ ਚੜ੍ਹੀ ਕਿ ਛਿੱਕਾਂ ਮਾਰਦਾ-ਮਾਰਦਾ ਬਾਹਰ ਵੱਲ ਭੱਜਿਆ। ਕਹਿਣ ਲੱਗਾ, ਇਹ ਖਾ ਕੇ ਕਿਤੇ ਖੁਦਕਸ਼ੀ ਨਾ ਕਰਦਾ ਹੋਵੇ। ਏਨਾ ਤਿੱਖਾ ਪੰਜੈਂਟ ਮੈਟਰ ਤਾਂ ਬਾਰੂਦ ਵੀ ਨਹੀਂ। ਕਮਰੇ ਵਿਚੋਂ ਕੁਝ ਇਤਰਾਜ਼ਯੋਗ ਨਾ ਮਿਲਿਆ। ਇਹ ਸਾਰਾ ਕੁੱਤਪੁਣਾ ਕਰਦਿਆਂ ਦਿਨ ਚੜ੍ਹ ਗਿਆ। ਦੋ ਤਿੰਨ ਭਾਰਤੀਆਂ ਨੂੰ ਬੁਲਾ ਕੇ ਇਸ ਖਾਧ-ਪਦਾਰਥ ਦੀ ਜਾਂਚ ਕਰਵਾਈ। ਉਨ੍ਹਾਂ ਨੇ ਕਿਹਾ, ਜੀ ਇਹ ਪੰਜਾਬ ਵਿਚ ਆਮ ਖਾਣ ਵਾਲੀ ਸਾਦੀ ਜਿਹੀ ਪੇਸਟ ਹੁੰਦੀ ਹੈ ਜੋ ਤਿੰਨ ਚਾਰ ਚੀਜ਼ਾਂ ਨੂੰ ਕੁੱਟ ਕੇ ਬਣਾਉਂਦੇ ਹਨ। ਇਹ ਮੁੰਡਾ ਨਵਾਂ ਹੈ। ਇਸ ਨੂੰ ਪਤਾ ਨਹੀਂ ਕਿ ਏਨਾ ਖੜਾਕ ਇੰਗਲੈਂਡ ਵਿਚ ਕਰੀਦਾ ਨਹੀਂ, ਉਹ ਵੀ ਅੱਧੀ ਰਾਤੀਂ। ਦਰਅਸਲ ਹੋਇਆ ਇਹ ਕਿ ਨੀਂਦ ਵਿਚੋਂ ਅਭੜਵਾਹੇ ਉਠਦਿਆਂ ਬੰਦਾ ਬੌਂਦਲ ਜਾਂਦਾ ਹੈ। ਉਸ ਨੂੰ ਕੁਝ ਸਮਝ ਵਿਚ ਆਉਂਦਾ ਨਾ ਹੋਣ ਕਰ ਕੇ ਖਤਰਾ ਲੋੜ ਤੋਂ ਵਧੀਕ ਪ੍ਰਤੀਤ ਹੋਣ ਲਗਦਾ ਹੈ।
ਪੁਲਿਸ ਅਫ਼ਸਰ ਨੇ ਪੁੱਛਿਆ, ਤੂੰ ਇਹ ਗ੍ਰਾਈਂਡਰ ਖਰੀਦਿਆ ਕਿਥੋਂ? ਪੂਨੀਏ ਨੇ ਕਿਹਾ, ਆਪਣੇ ਦੇਸ ਵਿਚੋਂ। ਮੈਨੂੰ ਪਤਾ ਸੀ, ਇਹ ਕੰਮ ਦੀ ਚੀਜ਼ ਤੁਹਾਡੇ ਦੇਸ ਵਿਚ ਹੋਣੀ ਨਹੀਂ।
ਪੁਲਿਸ ਨੇ ਪੂਨੀਏ ਨੂੰ ਵਾਰਨਿੰਗ ਦਿਤੀ ਤੇ ਇਕ ਖਾਸ ਸਕੂਲ ਵਿਚ ਦਸ ਦਿਨ ਟਰੇਨਿੰਗ ਲੈਣ ਦਾ ਹੁਕਮ ਦਿਤਾ। ਇਸ ਸਕੂਲ ਵਿਚ ਨਵੇਂ ਗਏ ਏਸ਼ੀਆਈਆਂ ਨੂੰ ਅੰਗਰੇਜ਼ੀ ਤਹਿਜ਼ੀਬ ਸਿਖਾਈ ਜਾਂਦੀ ਹੈ। ਗੱਲ ਕਿਵੇਂ ਕਰਨੀ ਹੈ, ਹੌਲੀ ਕਰਨੀ ਹੈ, ਹੈਲੋ ਕਿਵੇਂ ਕਰਨੀ ਹੈ, ਹੱਥ ਵੀ ਇਉਂ ਨਹੀਂ ਮਿਲਾਉਣਾ ਕਿ ਮੋਢਾ ਉਤਰ ਜਾਵੇ, ਘਰ ਦੇ ਅੰਦਰ ਬੂਟ ਪਾ ਕੇ ਨਹੀਂ ਤੁਰਨਾ, ਨੰਗੇ ਪੈਰੀਂ ਤੁਰਦਿਆਂ ਵੀ ਅੱਡੀ ਨਾਲ ਧਮਕ ਪੈਦਾ ਨਹੀਂ ਕਰਨੀ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਪੱਤਰ ਲਿਖੇ ਕਿ ਆਉਣ ਵਾਲੇ ਵਿਦਿਆਰਥੀਆਂ ਨੂੰ ਵਲੈਤੀ ਤੌਰ ਤਰੀਕੇ ਸਿਖਾ ਕੇ ਭੇਜਿਆ ਕਰੋ। ਇਸ ਪੱਤਰ ਵਿਚ ਉਨ੍ਹਾਂ ਚਟਣੀ ਰਗੜਨ ਉਪਰ ਪੂਰਨ ਪਾਬੰਦੀ ਲਾਉਣ ਬਾਰੇ ਲਿਖਿਆ।
ਪੂਨੀਆ ਹੱਸ ਹੱਸ ਦੂਹਰਾ ਹੁੰਦਾ ਦਸਦਾ ਹੁੰਦੈ, ਕਈ ਦਿਨ ਮੈਂ ਇਹੀ ਸੋਚਦਾ ਰਿਹਾ ਅੰਗਰੇਜ਼ ਦੁਨੀਆ ‘ਤੇ ਰਾਜ ਕਰ ਗਏ, ਇਹ ਝੂਠੀ ਖਬਰ ਲਗਦੀ ਹੈ। ਇਕ ਚਟਣੀ ਦੀ ਘਟਨਾ ਨੇ ਦੋ ਸੌ ਗੋਰਿਆਂ ਨੂੰ ਪਦੀੜਾਂ ਪਾ ਦਿੱਤੀਆਂ। ਪੂਨੀਏ ਦੇ ਵਿਹਾਰ ਤੋਂ ਆਈਨਸਟੀਨ ਦੇ ਵਾਕ ਦੀ ਅਜੇ ਵੀ ਜੇ ਵਿਆਖਿਆ ਅਧੂਰੀ ਹੈ ਤਾਂ ਫੇਰ ਕਦੀ ਗਰੇਵਾਲ ਸਾਹਿਬ ਦੀ ਗੋਡ-ਬੰਦਨਾ ਕਰੋ। ਪੂਨੀਆ ਰਿਟਾਇਰ ਹੋ ਗਿਆ ਹੈ ਪਰ ਉਹ ਵਿਹਲਾ ਨਹੀਂ। ਚਾਰ ਭਾਰਤੀ ਯੂਨੀਵਰਸਿਟੀਆਂ ਅਤੇ ਛੇ ਦੇਸਾਂ ਦਾ ਉਹ ਰਸਾਇਣ-ਵਿਗਿਆਨੀ ਸਲਾਹਕਾਰ ਹੈ। ਪੂਨੀਏ ਨੂੰ ਭਾਰਤ ਸਰਕਾਰ ਵਲੋਂ ਸ਼੍ਰੋਮਣੀ ਸਾਇੰਸਦਾਨ ਦਾ ਸਟੇਟ ਐਵਾਰਡ ਮਿਲਿਆ।
ਸ਼ਾਇਰ ਉਦੈ ਸਿੰਘ ਸ਼ਾਇਕ ਆਪਣੇ ਸ਼ਾਇਰ ਦੋਸਤ ਕਿਰਪਾਲ ਸਿੰਘ ਬੇਦਾਰ ਨੂੰ ਮਿਲਣ ਆਇਆ। ਘਰ ਪੁੱਜੇ ਤਾਂ ਦੇਖਿਆ, ਬੇਦਾਰ ਕੱਚੀ ਕੰਧ ਉਪਰ ਇਸ ਤਰ੍ਹਾਂ ਬੈਠਾ ਗਜ਼ਲ ਲਿਖ ਰਿਹਾ ਸੀ, ਜਿਵੇਂ ਬੰਦਾ ਘੋੜੀ ‘ਤੇ ਸਵਾਰ ਹੋਵੇ। ਦੇਖਣਸਾਰ ਸ਼ਾਇਕ ਨੇ ਕਿਹਾ, ਤਾਲੀਮ ਭੀ ਇਸ ਕੰਬਖਤ ਦਾ ਕੁਛ ਨਹੀਂ ਵਿਗਾੜ ਸਕੀ। ਬੇਦਾਰ ਪੰਜਾਬੀ ਯੂਨੀਵਰਸਿਟੀ ਦੇ ਅਰਬੀ, ਫਾਰਸੀ ਵਿਭਾਗ ਦਾ ਮੁਖੀ ਪ੍ਰੋਫੈਸਰ ਸੀ।
ਪੂਨੀਆ ਅਤੇ ਗਰੇਵਾਲ, ਵਿਦਿਆ ਮਨਫੀ ਕਰਨ ਤੋਂ ਬਾਅਦ ਵੀ ਬਹੁਤ ਬਚ ਜਾਂਦੇ ਹਨ। ਸਾਡੇ ਲਹੂ ਲੁਹਾਣ ਸੰਸਾਰ ਵਿਚ ਇਹ ਮਨੁਖ ਅੰਮ੍ਰਿਤ ਸੰਤਾਨ ਹਨ। ਆਪਣੀ ਵਿੱਦਿਆ ਆਪਣੇ ਵਿਚੋਂ ਮਨਫੀ ਕਰ ਕੇ ਕਦੀ ਹਿਸਾਬ ਲਾਉਣਾ ਕਿ ਤੁਸੀਂ ਕੀ ਹੋ?