ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਭਾਰਤ ਦੀ ਉਘੀ ਸਿਆਸਤਦਾਨ ਮਮਤਾ ਬੈਨਰਜੀ, ਜੋ 2011 ਵਿਚ ਪਹਿਲੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੇ ਸਨ ਤੇ ਉਸ ਤੋਂ ਬਾਅਦ ਉਹ 2016 ਵਿਚ ਦੁਬਾਰਾ ਮੁਖ ਮੰਤਰੀ ਚੁਣੇ ਗਏ ਸਨ। ਇਸ ਤੋਂ ਪਹਿਲਾਂ ਮਮਤਾ ਦੋ ਵਾਰ ਕੇਂਦਰ ਸਰਕਾਰ `ਚ ਰੇਲ ਮੰਤਰੀ ਵਜੋਂ ਸੇਵਾ ਨਿਭਾ ਚੁਕੇ ਹਨ। ਇਸ ਦੇ ਨਾਲ ਨਾਲ ਉਹ ਭਾਰਤ ਸਰਕਾਰ ਦੇ ਮੰਤਰੀ ਮੰਡਲ ਵਿਚ ਕੋਲਾ ਦੀ ਪਹਿਲੀ ਮਹਿਲਾ ਮੰਤਰੀ ਅਤੇ ਮਨੁੱਖੀ ਸਰੋਤ ਵਿਕਾਸ, ਯੁਵਾ ਮਾਮਲੇ, ਖੇਡ, ਔਰਤ ਅਤੇ ਬਾਲ ਵਿਕਾਸ ਰਾਜ ਮੰਤਰੀ ਵੀ ਰਹਿ ਚੁਕੇ ਹਨ।
ਸਿੰਗੂਰ ਵਿਖੇ ਖੇਤੀਬਾੜੀ ਅਤੇ ਕਿਸਾਨਾਂ ਦੀ ਕੀਮਤ ‘ਤੇ ਵਿਸ਼ੇਸ਼ ਆਰਥਿਕ ਖੇਤਰਾਂ ਲਈ ਪੱਛਮੀ ਬੰਗਾਲ ਵਿਚ ਕਮਿਊਨਿਸਟ ਸਰਕਾਰ ਦੇ ਉਦਯੋਗੀਕਰਨ ਲਈ ਭੂਮੀ ਗ੍ਰਹਿਣ ਕਰਨ ਵਾਲੀਆਂ ਨੀਤੀਆਂ ਦਾ ਵਿਰੋਧ ਕਰਨ ਤੋਂ ਬਾਅਦ ਉਹ ਪ੍ਰਮੁੱਖਤਾ ਪ੍ਰਾਪਤ ਹੋਈ। ਸਾਲ 2011 ਵਿਚ ਬੈਨਰਜੀ ਨੇ ਪੱਛਮੀ ਬੰਗਾਲ ਵਿਚ ਏ. ਆਈ. ਟੀ. ਸੀ. ਗੱਠਜੋੜ ਲਈ ਵੱਡੀ ਜਿੱਤ ਹਾਸਲ ਕੀਤੀ ਅਤੇ 34 ਸਾਲਾਂ ਦੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਵਾਲੀ ਖੱਬੇ ਮੋਰਚੇ ਦੀ ਸਰਕਾਰ ਨੂੰ ਸੂਬੇ ਦੀ ਸੱਤਾ `ਚੋਂ ਬੇਦਖਲ, ਜੋ ਉਸ ਸਮੇਂ ਇਸ ਪ੍ਰਕ੍ਰਿਆ ਵਿਚ ਵਿਸ਼ਵ ਦੀ ਸਭ ਤੋਂ ਲੰਬੀ ਸੇਵਾ ਨਿਭਾ ਰਹੀ ਕਮਿਊਨਿਸਟ ਸਰਕਾਰ ਸੀ।
ਜੇ ਮਮਤਾ ਦੇ ਮੁਢਲੇ ਜੀਵਨ ਨੂੰ ਵੇਖੀਏ ਤਾਂ ਮਮਤਾ ਬੈਨਰਜੀ ਦਾ ਜਨਮ ਪੱਛਮੀ ਬੰਗਾਲ ਦੇ ਕੋਲਕਾਤਾ (ਕਲਕੱਤਾ) ਵਿਖੇ 5 ਜਨਵਰੀ 1955 ਨੂੰ ਇੱਕ ਬੰਗਾਲੀ ਹਿੰਦੂ ਪਰਿਵਾਰ `ਚ ਪਿਤਾ ਪ੍ਰੋਲੇਮਸਵਰ ਬੈਨਰਜੀ ਅਤੇ ਮਾਤਰਾ ਗਾਇਤਰੀ ਦੇਵੀ ਦੇ ਘਰ ਹੋਇਆ ਸੀ। ਬੈਨਰਜੀ ਜਦੋਂ ਸਿਰਫ 15 ਸਾਲਾਂ ਦੀ ਸੀ ਤਾਂ ਉਹ ਰਾਜਨੀਤੀ ਵਿਚ ਸ਼ਾਮਲ ਹੋ ਗਈ ਸੀ। ਜੋਗਾਮਾਯਾ ਦੇਵੀ ਕਾਲਜ ਵਿਚ ਪੜ੍ਹਦਿਆਂ ਉਸ ਨੇ ਕਾਂਗਰਸ (ਆਈ) ਪਾਰਟੀ ਦੇ ਵਿਦਿਆਰਥੀ ਵਿੰਗ, ਵਿਦਿਆਰਥੀ ਪਰਿਸ਼ਦ ਯੂਨੀਅਨਾਂ ਦੀ ਸਥਾਪਨਾ ਕਰਦਿਆਂ, ਭਾਰਤ ਦੇ ਸਮਾਜਵਾਦੀ ਏਕਤਾ ਕੇਂਦਰ ਨਾਲ ਜੁੜੇ ਆਲ ਇੰਡੀਆ ਡੈਮੋਕਰੇਟਿਕ ਵਿਦਿਆਰਥੀ ਸੰਗਠਨ ਨੂੰ ਹਰਾਇਆ। ਉਸ ਨੇ ਪੱਛਮੀ ਬੰਗਾਲ ਵਿਚ ਕਾਂਗਰਸ (ਆਈ) ਪਾਰਟੀ ਵਿਚ ਅਤੇ ਹੋਰ ਸਥਾਨਕ ਰਾਜਨੀਤਿਕ ਸੰਗਠਨਾਂ ਵਿਚ ਕਈ ਅਹੁਦਿਆਂ ‘ਤੇ ਸੇਵਾ ਨਿਭਾਈ। ਮਮਤਾ ਜਦੋਂ 17 ਸਾਲਾਂ ਦੇ ਹੋਏ ਤਾਂ ਉਸ ਦੇ ਪਿਤਾ ਪ੍ਰੋਲੇਮਸਵਰ ਦੀ ਡਾਕਟਰੀ ਇਲਾਜ ਦੀ ਘਾਟ ਕਾਰਨ ਮੌਤ ਹੋ ਗਈ।
1970 ਵਿਚ, ਬੈਨਰਜੀ ਨੇ ਦੇਸ਼ਬੰਧੂ ਸਿਸ਼ੂ ਸਿੱਖਿਆ ਤੋਂ ਉੱਚ ਸੈਕੰਡਰੀ ਬੋਰਡ ਦੀ ਪ੍ਰੀਖਿਆ ਪੂਰੀ ਕੀਤੀ। ਉਸ ਨੇ ਜੋਗਮਾਯਾ ਦੇਵੀ ਕਾਲਜ ਤੋਂ ਇਤਿਹਾਸ ਵਿਚ ਆਪਣੀ ਬੈਚਲਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਤੋਂ ਇਸਲਾਮੀ ਇਤਿਹਾਸ ਵਿਚ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਜਦੋਂ ਕਿ ਇਸ ਤੋਂ ਬਾਅਦ ਸ਼੍ਰੀ ਸਿੱਖਿਆਯਤਨ ਕਾਲਜ ਤੋਂ ਸਿੱਖਿਆ ਦੀ ਡਿਗਰੀ ਅਤੇ ਜੋਗੇਸ਼ ਚੰਦਰ ਚੌਧਰੀ ਲਾਅ ਕਾਲਜ, ਕੋਲਕਾਤਾ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਕਾਲਿੰਗਾ ਇੰਸਟੀਚਿਊਟ ਆਫ ਇੰਡਸਟ੍ਰੀਅਲ ਟੈਕਨਾਲੋਜੀ, ਭੁਵਨੇਸ਼ਵਰ ਤੋਂ ਆਨਰੇਰੀ ਡਾਕਟਰੇਟ ਵੀ ਪ੍ਰਾਪਤ ਕੀਤੀ। ਕਲਕੱਤਾ ਯੂਨੀਵਰਸਿਟੀ ਦੁਆਰਾ ਉਸ ਨੂੰ ਡਾਕਟਰੇਟ ਆਫ ਲਿਟਰੇਚਰ (ਡੀ. ਲਿਟ.) ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਮਮਤਾ ਸੂਬੇ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਤੀਜੀ ਵਾਰ ਆਪਣੀ ਪਾਰਟੀ ਟੀ. ਐੱਮ. ਸੀ. ਦੀ ਸਰਕਾਰ ਬਣਾਉਣ ਲਈ ਜਦੋ ਜਹਿਦ ਕਰ ਰਹੀ ਹੈ। ਮਮਤਾ ਬੈਨਰਜੀ ਦਾ ਪੂਰਾ ਸਿਆਸੀ ਜੀਵਨ ਹੀ ਇਕ ਸੰਘਰਸ਼ਸ਼ੀਲ ਗਾਥਾ ਬਿਆਨ ਕਰਦਾ ਜਾਪਦਾ ਹੈ।
ਪ੍ਰਸਿੱਧ ਪੱਤਰਕਾਰ ਸੁਪਤਾ ਪਾਲ, ਜਿਨ੍ਹਾਂ ਨੇ ਮਮਤਾ ਦੇ ਜੀਵਨ `ਤੇ ਇਕ ਕਿਤਾਬ ‘ਦੀਦੀ: ਦਿ ਅਨਟੋਲਡ ਮਮਤਾ ਬੈਨਰਜ਼ੀ’ ਸਿਰਲੇਖ ਹੇਠ ਲਿਖੀ ਹੈ, ਦਾ ਕਹਿਣਾ ਹੈ, “ਮਮਤਾ ਦੇਸ਼ ਦੀ ਸਭ ਤੋਂ ਮਜ਼ਬੂਤ ਇਰਾਦੇ ਵਾਲੀਆਂ ਔਰਤ ਆਗੂਆਂ ਵਿਚੋਂ ਇੱਕ ਹਨ।”
ਆਪਣੀ ਕਿਤਾਬ `ਚ ਪਾਲ ਮਮਤਾ ਦੀ ਜੁਝਾਰੂ ਪ੍ਰਵਿਰਤੀ ਵਾਲੇ ਸੁਭਾਅ ਦੇ ਸੰਦਰਭ ਵਿਚ ਲਿਖਦੇ ਹਨ, “ਆਪਣੀ ਸਿਆਸਤ ਦੇ ਵਿਲੱਖਣ ਰੂਪ ਅਤੇ ਜੁਝਾਰੂ ਪ੍ਰਵਿਰਤੀ ਕਾਰਨ ਦੀਦੀ ਨੇ ਆਪਣੇ ਕੈਰੀਅਰ ਵਿਚ ਕਈ ਅਜਿਹੀਆਂ ਚੀਜ਼ਾਂ ਨੂੰ ਸੰਭਵ ਕਰ ਦਿਖਾਇਆ ਹੈ, ਜਿਨ੍ਹਾਂ ਦੀ ਪਹਿਲਾਂ ਕਲਪਨਾ ਤੱਕ ਨਹੀਂ ਸੀ ਕੀਤੀ ਜਾ ਸਕਦੀ। ਇਸ ਵਿਚ ਖੱਬੇ ਪੱਖੀ ਸਰਕਾਰ ਨੂੰ ਅਰਸ਼ ਤੋਂ ਫਰਸ਼ ਤੱਕ ਪਹੁੰਚਾਉਣਾ ਵੀ ਸ਼ਾਮਿਲ ਹੈ।”
ਇਸੇ ਤਰ੍ਹਾਂ ਪੱਤਰਕਾਰ ਦੋਲਾ ਮਿੱਤਰ ਨੇ ਇਕ ਹੋਰ ਕਿਤਾਬ ‘ਡੀਕੋਡਿੰਗ ਦੀਦੀ’ ਮਮਤਾ ਦੇ ਸਿਆਸੀ ਸਫਰ ‘ਤੇ ਲਿਖੀ ਹੈ। ਦੋਲਾ ਆਖਦੇ ਹਨ, “ਦੇਸ਼ ਵਿਚ ਕਿਸੇ ਹੋਰ ਔਰਤ ਆਗੂ ਦੀਆਂ ਗਤੀਵਿਧੀਆਂ ਵਿਚ ਲੋਕਾਂ ਦੀ ਇੰਨੀ ਦਿਲਚਸਪੀ ਨਹੀਂ ਰਹਿੰਦੀ, ਜਿੰਨੀ ‘ਦੀਦੀ’ ਦੇ ਨਾਮ ਨਾਲ ਮਸ਼ਹੂਰ ਮਮਤਾ ਬੈਨਰਜੀ ਪ੍ਰਤੀ ਰਹਿੰਦੀ ਹੈ। ਇਹ ਉਨ੍ਹਾਂ ਦੇ ਜਾਦੂਈ ਵਿਅਕਤੀਤਵ (ਸ਼ਖਸੀਅਤ) ਦਾ ਹੀ ਕ੍ਰਿਸ਼ਮਾ ਹੈ।”
ਉਕਤ ਦੋਵੇਂ ਹੀ ਕਿਤਾਬਾਂ ਵਿਚ ਮਮਤਾ ਬੈਨਰਜੀ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਸਾਲ 2011 ਵਿਚ ਪਹਿਲੀ ਵਾਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੱਕ ਦੇ ਸਫਰ ਨੂੰ ਸਮੇਟਣ ਦੀ ਇਕ ਸਫਲ ਕੋਸ਼ਿਸ਼ ਕੀਤੀ ਗਈ ਹੈ।
ਹਰ ਇੱਕ ਇਨਸਾਨ ਦੀ ਜਿ਼ੰਦਗੀ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਅੱਗੇ ਚੱਲ ਕੇ ਉਨ੍ਹਾਂ ਦੀ ਜਿੰ਼ਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੁੰਦੀਆਂ ਹਨ।
ਇਸ ਸੰਦਰਭ ਵਿਚ ਜਦੋਂ ਅਸੀਂ ਮਮਤਾ ਬੈਨਰਜੀ ਦੇ ਸਿਆਸੀ ਕੈਰੀਅਰ ਵੱਲ ਵੇਖਦੇ ਹਾਂ ਤਾਂ ਅਜਿਹੀਆਂ ਦੋ ਘਟਨਾਵਾਂ ਹਨ, ਜੋ ਉਨ੍ਹਾਂ ਦੇ ਰਾਜਨੀਤਕ ਕੈਰੀਅਰ ਵਿਚ ਫੈਸਲਾਕੁੰਨ ਮੋੜ ਦਿੰਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ `ਚ ਸਾਲ 1990 ਵਿਚ ਸੀ. ਪੀ. ਐੱਮ. ਦੇ ਇੱਕ ਕਾਰਕੁਨ ਲਾਲੂ ਆਲਮ ਵਲੋਂ ਕੀਤਾ ਗਿਆ ਜਾਨਲੇਵਾ ਹਮਲਾ ਅਤੇ ਦੂਜੇ, ਸਿੰਗੂਰ ਵਿਚ ਟਾਟਾ ਪ੍ਰੋਜੈਕਟਾਂ ਲਈ ਜ਼ਮੀਨ ਕਬਜ਼ੇ ਖਿਲਾਫ 26 ਦਿਨਾਂ ਦੀ ਭੁੱਖ ਹੜਤਾਲ ਦਰਅਸਲ ਅਜਿਹੀਆਂ ਘਟਨਾਵਾਂ ਹਨ।
16 ਅਗਸਤ 1990 ਨੂੰ ਕਾਂਗਰਸ ਦੀ ਅਪੀਲ ‘ਤੇ ਬੰਗਾਲ ਬੰਦ ਦੌਰਾਨ ਲਾਲੂ ਆਲਮ ਨੇ ਹਾਜਰਾ ਮੋੜ ‘ਤੇ ਮਮਤਾ ਦੇ ਸਿਰ ਵਿਚ ਸੋਟੀ ਨਾਲ ਵਾਰ ਕੀਤਾ ਸੀ। ਇਸ ਨਾਲ ਉਨ੍ਹਾਂ ਦੀ ਖੋਪੜੀ ਵਿਚ ਫਰੈਕਚਰ ਹੋ ਗਿਆ ਸੀ, ਪਰ ਉਹ ਸਿਰ ‘ਤੇ ਪੱਟੀ ਬੰਨਵਾ ਕੇ ਮੁੜ ਸੜਕ ‘ਤੇ ਪ੍ਰਚਾਰ ਲਈ ਉੱਤਰ ਆਏ ਸਨ।
ਇਸ ਸੰਦਰਭ ਵਿਚ ਮਮਤਾ ਦੇ ਨਜ਼ਦੀਕੀ ਰਹੇ ਸੌਗਤ ਰਾਏ ਦਾ ਆਖਣਾ ਹੈ, “ਅਸੀਂ ਤਾਂ ਮੰਨ ਲਿਆ ਸੀ ਹੁਣ ਮਮਤਾ ਦਾ ਬਚਣਾ ਔਖਾ ਹੈ, ਪਰ ਜਿਊਣ ਅਤੇ ਬੰਗਾਲ ਦੇ ਲੋਕਾਂ ਲਈ ਕੁਝ ਕਰਨ ਦੀ ਧੁਨ ਨੇ ਹੀ ਉਨ੍ਹਾਂ ਨੂੰ ਬਚਾਇਆ ਸੀ।”
ਮਮਤਾ ਬੈਨਰਜੀ, ਜਿਨ੍ਹਾਂ ਦੀ ਸਾਦਗੀ ਦੀ ਪੂਰੇ ਦੇਸ਼ ਤਾਰੀਫ ਕੀਤੀ ਜਾਂਦੀ ਹੈ, ਇਸ ਸੰਦਰਭ ਵਿਚ ਪ੍ਰੋਫੈਸਰ ਸਮੀਰਨ ਪਾਲ ਆਖਦੇ ਹਨ, “ਸਾਦਗੀ ਮਮਤਾ ਦੇ ਜੀਵਨ ਦਾ ਹਿੱਸਾ ਰਹੀ ਹੈ। ਸਫੈਦ ਸਾੜੀ ਅਤੇ ਹਵਾਈ ਚੱਪਲ ਨਾਲ ਉਨ੍ਹਾਂ ਦਾ ਨਾਤਾ ਟੁੱਟਿਆ ਨਹੀਂ। ਚਾਹੇ ਉਹ ਕੇਂਦਰ ਵਿਚ ਮੰਤਰੀ ਹੋਣ ਜਾਂ ਮਹਿਜ ਸੰਸਦ ਮੈਂਬਰ।” ਉਹ ਅੱਗੇ ਕਹਿੰਦੇ ਹਨ, “ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਪਹਿਰਾਵੇ ਜਾਂ ਰਹਿਣ-ਸਹਿਣ ਵਿਚ ਕੋਈ ਫਰਕ ਨਹੀਂ ਆਇਆ। ਨਿੱਜੀ ਜਾਂ ਜਨਤਕ ਜੀਵਨ ਵਿਚ ਉਨ੍ਹਾਂ ਦੇ ਰਹਿਣ-ਸਹਿਣ ਜਾਂ ਕਿਰਦਾਰ ‘ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ।”
ਪ੍ਰੋਫੈਸਰ ਪਾਲ ਅਨੁਸਾਰ ਮਮਤਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਹੈ ਕਿ ਉਹ ਜ਼ਮੀਨ ਨਾਲ ਜੁੜੀ ਹੋਈ ਆਗੂ ਹੈ। ਚਾਹੇ ਸਿੰਗੂਰ ਵਿਚ ਕਿਸਾਨਾਂ ਦੇ ਸਮਰਥਨ ਵਿਚ ਧਰਨਾ ਅਤੇ ਮਰਨ ਵਰਤ ਦਾ ਮਾਮਲਾ ਹੋਵੇ ਜਾਂ ਫਿਰ ਨੰਦੀਗ੍ਰਾਮ ਵਿਚ ਪੁਲਿਸ ਦੀਆਂ ਗੋਲੀਆਂ ਦੇ ਸਿ਼ਕਾਰ ਲੋਕਾਂ ਦੇ ਹੱਕ ਦੀ ਲੜਾਈ ਦਾ, ਮਮਤਾ ਨੇ ਹਮੇਸ਼ਾ ਮੋਰਚੇ ‘ਤੇ ਰਹਿ ਕੇ ਲੜਾਈ ਕੀਤੀ।
ਉਧਰ ਤ੍ਰਿਣਮੂਲ ਕਾਂਗਰਸ ਦੇ ਗਠਨ ਤੋਂ ਵੀ ਪਹਿਲਾਂ ਮਮਤਾ ਦੀ ਸਿਆਸੀ ਸੂਝ-ਬੂਝ ਨੂੰ ਨਜ਼ਦੀਕ ਤੋਂ ਵੇਖਣ ਵਾਲੇ ਪੱਤਰਕਾਰ ਤਾਪਸ ਮੁਖਰਜੀ ਦਾ ਕਹਿਣਾ ਹੈ, “ਮਮਤਾ ਵਿਚ ਵਾਰ-ਵਾਰ ਡਿੱਗ ਕੇ ਉੱਠਣ ਦਾ ਜੋ ਮਾਦਾ ਹੈ, ਉਹ ਰਾਜਨੀਤੀ ਦੇ ਮੌਜੂਦਾ ਦੌਰ ਵਿਚ ਕਿਸੇ ਆਗੂ ਵਿਚ ਦੇਖਣ ਨੂੰ ਨਹੀਂ ਮਿਲਦਾ। ਹਾਰ ਤੋਂ ਘਬਰਾਉਣ ਦੀ ਥਾਂ ਉਹ ਦੁੱਗਣੀ ਤਾਕਤ ਅਤੇ ਜੋਸ਼ ਨਾਲ ਆਪਣੀ ਮੰਜਿ਼ਲ ਵੱਲ ਤੁਰ ਪੈਂਦੀ ਹੈ।”
ਮੁਖਰਜੀ ਦਾ ਕਹਿਣਾ ਹੈ, “ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ ਮਮਤਾ ਟੀ. ਐੱਮ. ਸੀ. ਦੇ ਇੱਕਲੇ ਸੰਸਦ ਮੈਂਬਰ ਸਨ, ਪਰ 2009 ਵਿਚ ਉਨ੍ਹਾਂ ਨੇ ਪਾਰਟੀ ਦੀਆਂ ਸੀਟਾਂ ਦੀ ਗਿਣਤੀ 19 ਤੱਕ ਪਹੁੰਚਾ ਦਿੱਤੀ।”
2006 ਵਿਚ ਪੱਛਮੀ ਬੰਗਾਲ ਨੂੰ ਜਿੱਤਣ ਦਾਅਵਾ ਕਰਨ ਵਾਲੀ ਮਮਤਾ ਬੈਨਰਜੀ ਭਾਵੇਂ ਉਸ ਸਮੇਂ ਸਫਲ ਨਹੀਂ ਸਨ ਹੋ ਸਕੇ, ਪਰ ਉਸ ਹਾਰ ਤੋਂ ਬਾਅਦ ਵੀ ਉਹ ਨਿਰਾਸ਼ ਨਹੀਂ ਹੋਏ। ਇਸ ਦੇ ਨਾਲ ਹੀ ਉਨ੍ਹਾਂ 2011 ਦੀਆਂ ਚੋਣਾਂ ਦੀਆਂ ਤਿਆਰੀਆਂ ਅਰੰਭ ਦਿੱਤੀਆਂ ਸਨ ਅਤੇ ਇਸ ਵਿਚਕਾਰ ਨੰਦੀਗ੍ਰਾਮ ਤੇ ਸਿੰਗੂਰ ਵਿਚ ਜ਼ਮੀਨ ਕਬਜ਼ੇ ਦੇ ਸਰਕਾਰ ਦੇ ਫੈਸਲੇ ਨੇ ਉਨ੍ਹਾਂ ਦੇ ਹੱਥਾਂ ਵਿਚ ਇੱਕ ਵੱਡਾ ਮੁੱਦਾ ਥਮਾ ਦਿੱਤਾ ਸੀ।
ਮਮਤਾ ਬੈਨਰਜੀ ਦੇ ਵਿਰੋਧੀ ਵੀ ਅਕਸਰ ਇਹ ਗੱਲ ਭਲੀਭਾਂਤ ਸਵਿਕਾਰਦੇ ਹਨ ਕਿ ਕਾਂਗਰਸ ਵਿਚ ਹਉਮੈ (ਈਗੋ) ਦੀ ਲੜਾਈ ਅਤੇ ਸਿਧਾਤਾਂ ‘ਤੇ ਟਕਰਾਅ ਤੋਂ ਬਾਅਦ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਮਹਿਜ 13 ਸਾਲਾਂ ਦੇ ਅੰਦਰ ਹੀ ਸੂਬੇ ਵਿਚ ਲਗਭਗ 35 ਸਾਲ ਤੋਂ ਮਜ਼ਬੂਤ ਜੜ੍ਹਾਂ ਲਾਈ ਬੈਠੀ ਖੱਬੇਪੱਖੀ ਸਰਕਾਰ ਨੂੰ ਹਰਾ ਕੇ ਆਪ ਸੜਕ ਤੋਂ ਸਕੱਤਰੇਤ ਤੱਕ ਪਹੁੰਚਣ ਦਾ ਜਿਸ ਤਰ੍ਹਾਂ ਦਾ ਕ੍ਰਿਸ਼ਮਾ ਮਮਤਾ ਨੇ ਦਿਖਾਇਆ ਹੈ, ਉਸ ਦੀ ਮਿਸਾਲ ਇਤਿਹਾਸਕ ਪੰਨਿਆਂ ਵਿਚ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ।
ਇਥੇ ਉਨ੍ਹਾਂ ਨਾਲ ਜੁੜੀ ਇਕ ਹੋਰ ਗੱਲ ਦਾ ਜਿ਼ਕਰ ਕਰਨਾ ਜਰੂਰੀ ਹੈ, ਜਦੋਂ ਜੁਲਾਈ 1993 ਵਿਚ ਉਨ੍ਹਾਂ ਦੇ ਯੁਵਾ ਕਾਂਗਰਸ ਪ੍ਰਧਾਨ ਹੁੰਦਿਆਂ ਸਕੱਤਰੇਤ ਰਾਈਟਰਜ਼ ਬਿਲਡਿੰਗ ਮੁਹਿੰਮ ਦੌਰਾਨ ਪੁਲਿਸ ਵਲੋਂ ਚਲਾਈਆਂ ਗੋਲੀਆਂ ਵਿਚ 13 ਨੌਜਾਵਨਾਂ ਦੀ ਮੌਤ ਹੋ ਗਈ ਸੀ। ਇਸ ਮੁਹਿੰਮ ਦੌਰਾਨ ਮਮਤਾ ਨੂੰ ਵੀ ਸੱਟਾਂ ਲੱਗੀਆਂ ਸਨ।
ਫਿਰ ਨਦਿਆ ਜਿਲੇ ਵਿਚ ਇੱਕ ਗੂੰਗੀ ਤੇ ਬੋਲੀ ਬਲਾਤਕਾਰ ਪੀੜਤਾ ਦੇ ਨਾਲ ਰਾਈਟਰਜ਼ ਬਿਲਡਿੰਗ ਜਾ ਕੇ ਤਤਕਾਲੀ ਮੁੱਖ ਮੁੰਤਰੀ ਜੋਤੀ ਬਾਸੂ ਦੇ ਨਾਲ ਮੁਲਾਕਾਤ ਲਈ ਉਹ ਉਨ੍ਹਾਂ ਦੇ ਚੈਂਬਰ ਦੇ ਦਰਵਾਜੇ ਸਾਹਮਣੇ ਧਰਨੇ ‘ਤੇ ਬੈਠ ਗਏ ਸਨ। ਮਮਤਾ ਦਾ ਦੋਸ਼ ਸੀ ਕਿ ਸਿਆਸੀ ਸਬੰਧਾਂ ਕਾਰਨ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਸ ਸਮੇਂ ਉਹ ਕੇਂਦਰੀ ਰਾਜ ਮੰਤਰੀ ਸਨ, ਪਰ ਜਿਓਤੀ ਬਾਸੂ ਨੇ ਉਨ੍ਹਾਂ ਨਾਲ ਮੁਲਾਕਾਤ ਨਾ ਕੀਤੀ।
ਇਸੇ ਤਰ੍ਹਾਂ ਇੱਕ ਵਾਰ ਮਮਤਾ ਬੈਨਰਜੀ ਧਰਨਾ ਦੇ ਰਹੇ ਸਨ ਕਿ ਉਧਰ ਜਿਓਤੀ ਬਾਸੂ ਦੇ ਆਉਣ ਦਾ ਸਮਾਂ ਹੋਣ ਵਾਲਾ ਸੀ, ਜਦੋਂ ਲੱਖ ਮਨਾਉਣ ਦੇ ਬਾਵਜੂਦ ਵੀ ਮਮਤਾ ਉਥੋਂ ਟੱਸ ਤੋਂ ਮੱਸ ਹੋਣ ਨਾ ਹੋਏ ਤਾਂ ਉਨ੍ਹਾਂ ਨੂੰ ਤੇ ਉਸ ਲੜਕੀ ਨੂੰ ਮਹਿਲਾ ਪੁਲਿਸ ਕਰਮੀਆਂ ਨੇ ਘਸੀਟਦੇ ਹੋਏ ਪੌੜੀਆਂ ਤੋਂ ਹੇਠਾਂ ਲਾਹਿਆ ਅਤੇ ਪੁਲਿਸ ਮੁੱਖ ਦਫਤਰ ਲਾਲ ਬਾਜ਼ਾਰ ਲੈ ਗਏ। ਇਸ ਦੌਰਾਨ ਉਨ੍ਹਾਂ ਦੇ ਕੱਪੜੇ ਫਟ ਗਏ ਸਨ।
ਮਮਤਾ ਬੈਨਰਜੀ ਨੇ ਉਸੇ ਮੌਕੇ ਸਹੁੰ ਖਾਧੀ ਸੀ ਕਿ ਹੁਣ ਉਹ ਇਸ ਇਮਾਰਤ ਵਿਚ ਦੁਬਾਰਾ ਪੈਰ ਖੁਦ ਮੁੱਖ ਮੰਤਰੀ ਬਣ ਕੇ ਹੀ ਰੱਖਣਗੇ। ਉਨ੍ਹਾਂ ਨੇ ਆਪਣੀ ਸਹੁੰ ਪੂਰੀ ਦ੍ਰਿੜਤਾ ਨਾਲ ਨਿਭਾਈ। ਆਖਰ 20 ਮਈ 2011 ਨੂੰ ਕਰੀਬ 18 ਸਾਲ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਹੀ ਇਸ ਇਤਿਹਾਸਕ ਲਾਲ ਇਮਾਰਤ ਵਿਚ ਮੁੜ ਪੈਰ ਰੱਖਿਆ।
ਇਸ ਤੋਂ ਪਹਿਲਾਂ ਗੱਲ ਜੇ 2011 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਕਰੀਏ ਤਾਂ ਜਿਵੇਂ ਜਿਵੇਂ ਟੀ. ਐਮ. ਸੀ. ਪੱਖੀ ਨਤੀਜੇ ਆ ਰਹੇ ਸਨ, ਉਨ੍ਹਾਂ ਦੇ ਕੱਚੇ ਜਿਹੇ ਘਰ ਦੇ ਬਾਹਰ ਇਕੱਠੇ ਹੋਏ ਤ੍ਰਿਣਮੂਲ ਕਾਂਗਰਸ ਦੇ ਹਜ਼ਾਰਾਂ ਸਮਰਥਕਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ।
ਫਿਰ ਜਦੋਂ ਇਹ ਸਾਫ ਹੋ ਗਿਆ ਕਿ ਟੀ. ਐੱਮ. ਸੀ. ਭਾਰੀ ਬਹੁਮੱਤ ਨਾਲ ਸੱਤਾ ਵਿਚ ਆਉਣ ਵਾਲੀ ਹੈ ਤਾਂ ਮਮਤਾ ਜਸ਼ਨ ਮਨਾਉਣ ਦੀ ਥਾਂ ਅੱਗੇ ਦੀ ਰਣਨੀਤੀ ਬਣਾਉਣ ਵਿਚ ਜੁੱਟ ਗਏ ਸਨ। ਜਦੋਂ ਕਿ ਉਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਮਮਤਾ ਬੈਨਰਜੀ ਦੀ ਪ੍ਰਤੀਕਿਰਿਆ ਬੇਹੱਦ ਨਪੀ-ਤੁਲੀ ਸੀ। ਮਮਤਾ ਨੇ ਕਿਹਾ ਸੀ, “ਇਹ ਮਾਂ, ਮਿੱਟੀ ਅਤੇ (ਮਾਨੁਸ਼) ਮਨੁੱਖ ਦੀ ਜਿੱਤ ਹੈ। ਬੰਗਾਲ ਦੇ ਲੋਕਾਂ ਲਈ ਜਸ਼ਨ ਮਨਾਉਣ ਦਾ ਮੌਕਾ ਹੈ, ਪਰ ਨਾਲ ਹੀ ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਯਾਦ ਰੱਖਣਾ ਪਵੇਗਾ, ਜਿਨ੍ਹਾਂ ਨੇ ਇਸ ਦਿਨ ਲਈ ਬੀਤੇ ਤਿੰਨ ਦਹਾਕਿਆਂ ਦੌਰਾਨ ਆਪਣਾ ਬਲੀਦਾਨ ਦਿੱਤਾ ਹੈ।”
ਇਥੇ ਜਿ਼ਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਜਿਓਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾ ਖਿਝਦੇ ਸਨ ਕਿ ਉਨ੍ਹਾਂ ਨੇ ਕਦੀ ਵੀ ਜਨਤਕ ਤੌਰ ‘ਤੇ ਮਮਤਾ ਦਾ ਨਾਮ ਤੱਕ ਨਹੀਂ ਸੀ ਲਿਆ। ਨਾਮ ਦੀ ਥਾਂ ਉਹ ਹਮੇਸ਼ਾ ਮਮਤਾ ਨੂੰ ‘ਉਹ ਔਰਤ’ ਕਹਿ ਕੇ ਸੰਬੋਧਿਤ ਕਰਦੇ ਸਨ।
ਹੁਣ ਇਕ ਵਾਰ ਫਿਰ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਚੁਣਾਵੀ ਦੰਗਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਮਮਤਾ ਇਕ ਵਾਰ ਫਿਰ ਆਪਣੀ ਪਾਰਟੀ ਟੀ. ਐੱਮ. ਸੀ. ਦੀ ਸਰਕਾਰ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ। ਉਧਰ ਭਾਜਪਾ ਤੇ ਦੂਜੇ ਪਾਸੇ ਕਾਂਗਰਸ ਵਾਮਪੰਥੀ ਗਠਬੰਧਨ ਵੀ ਆਪਣੀ ਤਾਕਤ ਦਾ ਮੁਜਾਹਰਾ ਕਰਦਿਆਂ ਪੱਛਮੀ ਬੰਗਾਲ ਦੀ ਸੱਤਾ `ਤੇ ਕਾਬਜ ਹੋਣ ਲਈ ਆਪਣੇ ਆਪਣੇ ਪਰ ਤੋਲ ਰਹੇ ਹਨ। ਹੁਣ ਇਹ ਤਾਂ 2 ਮਈ ਨੂੰ ਉਕਤ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ!