‘ਪੰਜਾਬ ਟਾਈਮਜ਼’ ਵਧੀਆ ਤੇ ਸੁਤੰਤਰ ਪੱਤਰਕਾਰੀ ਦਾ ਨਮੂਨਾ

ਪਰਮ ਸਤਿਕਾਰਯੋਗ ਸੰਪਾਦਕ ਜੀ,
ਆਪ ਜੀ ਦੇ ਸਪਤਾਹਿਕ ਅਖਬਾਰ ‘ਪੰਜਾਬ ਟਾਈਮਜ਼’ ਪੜ੍ਹਦੇ ਨੂੰ ਦਸ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੀ ਰੋਚਕਤਾ ਹਮੇਸ਼ਾ ਵਧਦੀ ਦੇਖੀ ਹੈ। ਇਸ ਵਿਚ ਆਪ ਜੀ ਹਮੇਸ਼ਾ ਹੀ ਇਕ ਤੋਂ ਵਧ ਕੇ ਇਕ ਨਵੇਂ ਨਰੋਏ ਲੇਖ, ਕਹਾਣੀਆਂ ਤੇ ਜਾਣਕਾਰੀ ਭਰਪੂਰ ਸਮਾਚਾਰ ਛਾਪਦੇ ਹੋ। ਇਸ ਦੀਆਂ ਖਬਰਾਂ ਪੜ੍ਹ ਕੇ ਹਫਤੇ ਭਰ ਦੇ ਹਾਲਾਤ ਦਿਮਾਗ ਵਿਚ ਤਾਜ਼ਾ ਹੋ ਜਾਂਦੇ ਹਨ। ਭਾਵੇਂ ਸਾਰਾ ਹਫਤਾ ਜਿੰਨਾ ਮਰਜੀ ਟ੍ਰਿਬਿਊਨ, ਜੱਗ ਬਾਣੀ ਤੇ ਟਾਈਮਜ਼ ਆਫ ਇੰਡੀਆ ਪੜ੍ਹੋ, ਜਦੋਂ ਤੀਕ ਪੰਜਾਬ ਟਾਈਮਜ਼ ਦੀਆਂ ਖਬਰਾਂ ਦਾ ਸੈਕਸ਼ਨ ਨਾ ਪੜ੍ਹੋ, ਸਬਰ ਨਹੀਂ ਆਉਂਦਾ। ਜਿਸ ਵਿਸਥਾਰ ਤੇ ਨਿਰਲੇਪਤਾ ਨਾਲ ਤੁਸੀਂ ਕਿਸਾਨਾਂ ਦੀ ਸੱਮਸਿਆ ਨੂੰ ਪੇਸ਼ ਕਰ ਰਹੇ ਹੋ, ਉਸ ਦੀ ਤਾਂ ਕੋਈ ਮਿਸਾਲ ਨਹੀਂ।

ਹਥਲੇ ਅੰਕ ਵਿਚ ਹੀ ਦੇਖ ਲਓ, ਇਸ ਵਿਚ ਆਪ ਜੀ ਦੀ ਸੰਪਾਦਕੀ ਦਲੇਰ ਤੇ ਨਿਰਪੱਖ ਹੋ ਕੇ ਚਮਕ ਰਹੀ ਹੈ। ਇਸ ਤੋਂ ਇਲਾਵਾ ਬੂਟਾ ਸਿੰਘ, ਜਤਿੰਦਰ ਪੰਨੂ, ਹਮੀਰ ਸਿੰਘ, ਨੰਦ ਸਿੰਘ ਬਰਾੜ, ਜਗਮੀਤ ਸਿੰਘ ਪੰਧੇਰ, ਸੁਖਵੀਰ ਸਿੰਘ ਕੰਗ, ਹਰਚਰਨ ਸਿੰਘ ਪਰਹਾਰ ਤੇ ਸੁਕੰਨਿਆਂ ਭਾਰਦਵਾਜ਼ ਆਦਿ ਲੇਖਕਾਂ ਦੇ ਕਿੰਨੇ ਹੀ ਭਰਵੇਂ ਅਰਥਾਂ ਵਾਲੇ ਲੇਖ ਹਨ, ਜੋ ਭਾਰਤ ਖਾਸ ਕਰਕੇ ਪੰਜਾਬ ਦੀ ਮੌਜੂਦਾ ਆਰਥਿਕ ਤੇ ਰਾਜਨੀਤਕ ਹਾਲਾਤ ਦੀ ਮੂੰਹ ਬੋਲਦੀ ਤਸਵੀਰ ਖਿੱਚ ਰਹੇ ਹਨ। ਮਾਨੋ ਇਨ੍ਹਾਂ ਨੂੰ ਪੜ੍ਹ ਕੇ ਇਸ ਮਸਲੇ `ਤੇ ਕੁਝ ਹੋਰ ਪੜ੍ਹਨੋਂ ਰਹਿ ਹੀ ਨਹੀਂ ਜਾਂਦਾ। ਜਿਸ ਪ੍ਰਕਾਰ ਦੀ ਭਰਵੀਂ ਤੇ ਭਰਮ-ਰਹਿਤ ਜਾਣਕਾਰੀ ਇਨ੍ਹਾਂ ਲੇਖਕਾਂ ਨੇ ਆਰਥਿਕ ਤੇ ਰਾਜਨੀਤਕ ਖੇਤਰ ਵਿਚ ਦਿੱਤੀ ਹੈ, ਉਸੇ ਤਰ੍ਹਾਂ ਦਾ ਕੰਮ ਪ੍ਰਿੰਸੀਪਲ ਸਰਵਣ ਸਿੰਘ ਨੇ ਖੇਡਾਂ ਤੇ ਡਾ. ਕੁਲਦੀਪ ਕੌਰ ਨੇ ਫਿਲਮਾਂ ਬਾਰੇ ਆਪਣੇ ਲੇਖਾਂ ਵਿਚ ਕੀਤਾ ਹੈ।
ਡਾ. ਗੋਬਿੰਦਰ ਸਿੰਘ ਸਮਰਾਓ ਦੇ ਬੈਚ ਫੁਲ ਦਵਾਈਆਂ ਬਾਰੇ ਲੇਖ ਬੜੇ ਹੀ ਰੌਚਕ ਤੇ ਨਿਵੇਕਲੇ ਹਨ। ਇਹ ਇੰਨੇ ਲਾਭਦਾਇਕ ਹਨ ਕਿ ਇਨ੍ਹਾਂ ਨੂੰ ਮਨ ਵਿਚ ਬਿਠਾਉਣ ਲਈ ਦੋ ਦੋ ਵਾਰ ਪੜ੍ਹਨਾ ਪੈਂਦਾ ਹੈ। ਮੈਨੂੰ ਨਹੀਂ ਲਗਦਾ ਕਿ ਡਾ. ਸਮਰਾਓ ਦੇ ਉਪਰਾਲੇ ਤੋਂ ਪਹਿਲਾਂ ਇਨ੍ਹਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇਗੀ। ਆਮ ਲੋਕਾਂ ਲਈ ਤਾਂ ਇਹ ਨਵੀਂ ਗੱਲ ਹੀ ਹੋਵੇਗੀ ਕਿ ਜਿਸ ਪ੍ਰਕਾਰ ਦੇ ਵਹਿਮਾਂ, ਭਰਮਾਂ, ਆਦਤਾਂ ਤੇ ਸੋਚ-ਢੰਗਾਂ ਨੂੰ ਲਾਇਲਾਜ ਸਮਝਿਆ ਜਾਂਦਾ ਹੈ, ਉਨ੍ਹਾਂ ਦਾ ਵੀ ਇਲਾਜ ਹੋ ਸਕਦਾ ਹੈ। ਉਨ੍ਹਾਂ ਦੇ ਲੇਖ ਪੜ੍ਹ ਕੇ ਸਭ ਤੋਂ ਵੱਡਾ ਅਸਚਰਜ ਇਹ ਹੁੰਦਾ ਹੈ ਕਿ ਇੰਨੇ ਵਧੀਆ ਇਲਾਜਾਂ ਵਾਲਾ ਇਹ ਡਾਕਟਰੀ ਸਿਸਟਮ ਲੋਕਾਂ ਤੋਂ ਛੁਪਿਆ ਕਿਵੇਂ ਰਿਹਾ! ਉਨ੍ਹਾਂ ਦੇ ਲੇਖ ਨਿਰਾ ਮਨੋਰੰਜਨ ਨਹੀਂ, ਗਿਆਨ ਭਰਪੂਰ ਤੇ ਲਾਭਦਾਇਕ ਵੀ ਹਨ। ਇਹ ਲੇਖ ਪੜ੍ਹਨ ਤੋਂ ਬਾਅਦ ਮੈਂ ਆਪ ਇਨ੍ਹਾਂ ਦਵਾਈਆਂ ਬਾਰੇ ਖੋਜ ਕੀਤੀ ਹੈ, ਜੋ ਕੁਝ ਉਹ ਲਿਖਦੇ ਹਨ, ਉਹ ਠੀਕ ਹੀ ਹੈ।
ਡਾ. ਗੁਰਬਖਸ਼ ਸਿੰਘ ਭੰਡਾਲ ਦਾ ਇਸ ਵਾਰ ਦਾ ਲੇਖ “ਲਾਕ ਡਾਊਨ” ਪਹਿਲਾਂ ਵਾਂਗ “ਗਦ ਵਿਚ ਪਦ” ਤਾਂ ਬਾਖੂਬੀ ਪੇਸ਼ ਕਰਦਾ ਹੈ, ਪਰ ਲੀਹ ਤੋਂ ਉਤਰਿਆ ਹੋਇਆ ਮਾਲੂਮ ਹੁੰਦਾ ਹੈ। ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਤਾਂ ਲਾਕ ਡਾਊਨ ਨੂੰ ਕਰੋਨਾ ਜਿਹੀ ਭਿਆਨਕ ਲਾਗ ਦੀਆਂ ਬੀਮਾਰੀ ਨੂੰ ਸਮਾਜ ਵਿਚ ਫੈਲਣੋਂ ਰੋਕਣ ਲਈ ਅਪਨਾਇਆ ਹੈ, ਪਰ ਡਾ. ਭੰਡਾਲ ਇਸ ਨੂੰ ਕੁਦਰਤੀ ਪ੍ਰਵਾਹਾਂ `ਤੇ ਲਾਕ ਡਾਊਨ ਨਾ ਹੋਣ ਦੀ ਗਵਾਹੀ ਦੇ ਕੇ ਇਸ ਨੂੰ ਗਲਤ ਸਾਬਤ ਕਰਦੇ ਹਨ। ਇਸ ਨਾਲ ਉਨ੍ਹਾਂ ਦੇ ਲੇਖ ਦਾ ਸੰਖੇਪ ਸਾਰ ਇਹ ਪ੍ਰਤੀਤ ਹੁੰਦਾ ਹੈ ਕਿ ਜੇ ਸੂਰਜ, ਚੰਦ, ਤਾਰਿਆਂ ਉੱਤੇ ਅਤੇ ਕਰੋਨਾ ਬਿਮਾਰੀ ਦੇ ਪਸਾਰੇ `ਤੇ ਕੋਈ ਲਾਕ ਡਾਊਨ ਨਹੀਂ ਤਾਂ ਲੋਕਾਂ ਤੇ ਕਿਉਂ? ਇਹ ਨਰੋਆ ਤੇ ਗਾਰੰਟੀਦਾਰ ਤਰਕ ਨਹੀਂ ਹੈ।
ਅੰਤ ਵਿਚ ਮੈਂ ਇਹੀ ਕਹਾਂਗਾ ਕਿ ਆਪ ਜੀ ਦੀ ਅਗਵਾਈ ਹੇਠ ‘ਪੰਜਾਬ ਟਾਈਮਜ਼’ ਇਕ ਵਧੀਆ ਤੇ ਸੁਤੰਤਰ ਪੱਤਰਕਾਰੀ ਦਾ ਨਮੂਨਾ ਪੇਸ਼ ਕਰਦਾ ਹੈ। ਮੇਰੇ ਖਿਆਲ ਵਿਚ ਭਾਰਤ ਦੇ ਸਾਰੇ ਅਖਬਾਰੀ ਮੀਡੀਏ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਸਮੂਹ ਲੇਖਕਾਂ ਤੇ ਪਾਠਕਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਵਿਚ ਰਹਿੰਦੇ ਭੈਣ-ਭਰਾਵਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣ ਤਾਂ ਜੋ ਵਿਕਾਊ ਅਖਬਾਰਸਾਜ਼ੀ `ਤੇ ਪਲ ਰਹੇ ਉਥੋਂ ਦੇ ਪਾਠਕ ਵੀ ਨਿਰਪੱਖ ਪੱਤਰਕਾਰੀ ਦਾ ਜ਼ਾਇਕਾ ਲੈ ਸਕਣ।
-ਅਮਰ ਸਿੰਘ ਸੰਧੂ
ਬੇਕਰਜ਼ਫੀਲਡ, ਕੈਲੀਫੋਰਨੀਆ।