ਡਾ. ਗੁਰਬਖਸ਼ ਸਿੰਘ ਭੰਡਾਲ
ਇਹ ਕਿਸਾਨ, ਸਰੋਕਾਰਾਂ ਦੀ ਸਮਝ, ਸੰਬੰਧਾਂ ਦਾ ਸਬੱਬ, ਸਮਝ ਦੀ ਸਾਰਥਿਕਤਾ, ਸਿਆਣਪ ਦੀ ਸੁਗਮਤਾ, ਸੰਵੇਦਨਾ ਤੇ ਸਮਰੱਥਾਵਾਂ ਦਾ ਸੁੰਦਰ ਸੰਗਮ ਹਨ, ਜਿਨ੍ਹਾਂ ਨੇ ਜ਼ਿੰਦਗੀ ਦੇ ਸਿਲਾਲੇਖ ਤੇ ਖੁਆਬਾਂ, ਖਿਆਲਾਂ, ਖਾਹਿਸ਼ਾਂ, ਖਬਤਾਂ ਅਤੇ ਖੁਸ਼ੀਆਂ ਨੂੰ ਸਿਰਜਣ ਦਾ ਹੀਆ ਕੀਤਾ ਹੈ।
ਇਹ ਕਿਸਾਨ, ਓਟੇ `ਤੇ ਬੈਠੀਆਂ ਚਿੜੀਆਂ ਦੀ ਖਾਮੋਸ਼ੀ ਤੋਂ ਬਹੁਤ ਪ੍ਰੇਸ਼ਾਨ ਹਨ। ਇਹ ਚਿੜੀਆਂ ਤੇ ਜਨੌਰ ਹੁਣ ਬਚੀ ਹੋਈ ਰੋਟੀ ਦੇ ਟੁਕੜੇ ਕਿਥੋਂ ਖਾਣ, ਜਦੋਂ ਕਿ ਘਰ ਵਾਲਿਆਂ ਨੂੰ ਹੀ ਕੁਝ ਨਹੀਂ ਮਿਲਦਾ। ਬਹੁਤ ਅੱਖਰਦਾ ਹੈ ਇਨ੍ਹਾਂ ਨੂੰ ਚੁੱਲਿਆਂ ਵਿਚ ਉਗਿਆ ਘਾਹ, ਚੁਗਲੀਆਂ ਕਰਦੀ ਅੱਗ ਦੀ ਅਣਹੋਂਦ ਅਤੇ ਚੌਂਕੇ ਵਿਚਲੀ ਚੋਹਲ-ਮੋਹਲ ਭਰੀ ਪਰਿਵਾਰਕ ਫਿਜ਼ਾ ਦਾ ਗਾਇਬ ਹੋਣਾ। ਇਹ ਤਾਂ ਇਨ੍ਹਾਂ ਚਿੜੀਆਂ ਨੂੰ ਪਰ ਤੇ ਪਰਵਾਜ਼ ਦੇਣ ਅਤੇ ਚੁੱਪ-ਗੁੱਟਕਣੀ ਨੂੰ ਬੋਲ ਦੇਣ ਆਏ ਨੇ।
ਇਹ ਕਿਸਾਨ ਬੇਰੁਜ਼ਗਾਰੀ ਦੇ ਭਾਰ ਹੇਠਾਂ ਦੱਬੀਆਂ ਡਿਗਰੀਆਂ ਦੀ ਪੀੜਾ ਤੋਂ ਬਹੁਤ ਪੀੜਤ ਨੇ, ਕਿਉਂਕਿ ਜਦ ਕੋਈ ਡਿਗਰੀ ਨਹਿਰ ਵਿਚ ਛਾਲ ਮਾਰ ਕੇ ਖੁਦ ਨੂੰ ਮਿਟਾਉਣ ਦੇ ਰਾਹ ਤੁਰ ਪਵੇ ਜਾਂ ਡਿਗਰੀ ਨੂੰ ਨਸ਼ੇ ਖਾਣ ਲੱਗ ਪੈਣ ਤਾਂ ਬਾਪ ਦੀ ਡੰਗੋਰੀ ਰੁੱਸ ਜਾਂਦੀ ਏ। ਉਹ ਮਨ ਵਿਚ ਸਿਰਜੇ ਸੁਪਨਿਆਂ ਦੇ ਬਲਦੇ ਸਿਵੇ ਦੇ ਸੇਕ ਨਾਲ ਅੰਦਰ ਨੂੰ ਲੂੰਹਦਾ ਹੈ ਅਤੇ ਫਿਰ ਉਸ ਦੀਆਂ ਚਿੰਤਾਵਾਂ ਨੂੰ ਚਿਖਾ ਵਿਚ ਤਬਦੀਲ ਹੁੰਦਿਆਂ ਦੇਰ ਨਹੀਂ ਲੱਗਦੀ। ਉਹ ਤਾਂ ਇਹ ਦੱਸਣ ਆਏ ਨੇ ਕਿ ਮੁੜ੍ਹਕੇ ਦੀ ਮਹਿਕ ਵਿਚੋਂ ਉੱਗੀਆਂ ਡਿਗਰੀਆਂ ਦੀ ਅਹਿਮੀਅਤ ਸਮਝੋ। ਵਿਹਲੇ ਹੱਥਾਂ ਨੂੰ ਆਹਰੇ ਲਾਉ ਅਤੇ ਸਰਘੀ ਨੂੰ ਸੂਰਜ ਵਿਚ ਤਬਦੀਲ ਹੋਣ ਤੋਂ ਨਾ ਰੋਕੋ।
ਇਹ ਕਿਸਾਨ, ਮਿੱਟੀ ਦੀ ਚੀਖ ਪੁਕਾਰ ਤੋਂ ਬਹੁਤ ਆਵਾਜ਼ਾਰ ਨੇ। ਸੌਣ ਨਹੀਂ ਦਿੰਦੀ ਧਰਤੀ ਮਾਂ ਦੀ ਲੇਰ। ਇਸ ਦੀ ਕੁੱਖ ਵਿਚ ਪਲ ਪਲ ਉਤਰ ਰਿਹਾ ਜ਼ਹਿਰ, ਕਹਿਰ ਬਣਦਾ ਜਾ ਰਿਹਾ ਏ। ਧਰਤੀ ਜਦ ਬੰਦੇ ਜੰਮਣ ਦੀ ਥਾਂ ਮੌਤ ਦਾ ਪੈਗਾਮ ਕੰਨਾਂ ਵਿਚ ਘੋਲਣ ਲੱਗ ਪਵੇ ਤਾਂ ਇਸ ਦਾ ਦੁਖੜਾ ਸਿਰਫ ਇਸ ਦੇ ਪੁੱਤਰ ਹੀ ਸੁਣ ਸਕਦੇ ਹਨ। ਇਨ੍ਹਾਂ ਨੂੰ ਤਾਂ ਮਿੱਟੀ, ਜਨਮ ਦੇਣ ਵਾਲੀ ਮਾਂ ਤੋਂ ਵੀ ਵੱਧ ਪਿਆਰੀ, ਨਿਆਰੀ ਅਤੇ ਸਤਿਕਾਰੀ ਏ।
ਇਹ ਕਿਸਾਨ, ਖੇਤ ਵਿਚ ਖੜ੍ਹੀਆਂ ਫਸਲਾਂ ਦੀ ਲੱਗਦੀ ਬੋਲੀ ਤੋਂ ਬਹੁਤ ਦੁਖੀ ਨੇ। ਜਦ ਖਰੀਦਦਾਰ ਤੇ ਦਲਾਲ ਆਪਸ ਵਿਚ ਰਲ ਜਾਂਦੇ ਹਨ ਤਾਂ ਅੰਨ ਦੀ ਬੇਕਦਰੀ ਵਿਚੋਂ ਬੋਹਲ ਦੀ ਅੱਖ ਵਿਚ ਹੰਝੂ ਉੱਗਦਾ ਹੈ, ਜੋ ਹੌਲੀ ਹੌਲੀ ਭੜੋਲਿਆਂ ਵਿਚ ਸਹਿਮ, ਘਰ ਨੂੰ ਖਾਰੇਪਣ ਵਿਚ ਡੋਬਦਾ ਹੈ। ਇਸ ਵਿਚ ਖੁਰ ਜਾਂਦੀਆਂ ਹਨ ਤਾਂਘਾਂ, ਤਮੰਨਾਂਵਾਂ, ਤਰਜ਼ੀਹਾਂ, ਤਫਸ਼ੀਲਾਂ ਤੇ ਤਕਦੀਰਾਂ। ਇਹ ਹੰਝੂ, ਮਾਨਵਤਾ ਦਾ ਆਖਰੀ ਸੋਹਲਾ ਪੜ੍ਹਨ ਲੱਗਿਆਂ ਦੇਰ ਨਹੀਂ ਲਾਉਂਦਾ।
ਇਹ ਕਿਸਾਨ, ਆੜ੍ਹਾਂ, ਔਲੂਆਂ, ਟਿਊਬਵੈੱਲਾਂ ਅਤੇ ਖੂਹਾਂ ਵਿਚ ਦਮ ਤੋੜ ਰਹੀ ਪਾਣੀ ਦੀ ਧਾਰਾ ਲਈ ਰਵਾਨਗੀ ਅਤੇ ਨਿਰੰਤਰਤਾ ਦੀ ਬਰਕਰਾਰੀ ਦਾ ਵਾਸਤਾ ਪਾਉਣ ਆਏ ਨੇ ਤਾਂ ਕਿ ਪਾਣੀ ਨਾਲ ਜੀਵਨ-ਧਾਰਾ ਵਗਦੀ ਰਹੇ, ਫਸਲਾਂ ਲਹਿਰਾਉਂਦੀਆਂ ਰਹਿਣ, ਪਰਿੰਦਿਆਂ ਤੇ ਪੰਛੀਆਂ ਨੂੰ ਚੋਗ ਮਿਲਦੀ ਰਹੇ, ਮਿਹਨਤਕਸ਼ ਨੂੰ ਭੁੱਖੇ ਪੇਟ ਨਾ ਸੌਣਾ ਪਵੇ ਅਤੇ ਨਾ ਹੀ ਉਸ ਨੂੰ ਖੇਤ ਵਾਲੀ ਟਾਹਲੀ ਤੇ ਖੁਦਕੁਸ਼ੀ ਦੀ ਫਸਲ ਉਗਾਉਣ ਲਈ ਮਜਬੂਰ ਹੋਣਾ ਪਵੇ।
ਇਹ ਕਿਸਾਨ, ਉਨ੍ਹਾਂ ਗੁਰਬਿਆਂ ਦੀ ਦਰਦਗਾਥਾ ਨੂੰ ਵੀ ਜ਼ੁਬਾਨ ਦੇਣ ਆਏ ਨੇ, ਜਿਨ੍ਹਾਂ ਨੂੰ ਆਪਣੇ ਹੀ ਘਰਾਂ ਤੋਂ ਬੇਘਰ ਕੀਤਾ ਗਿਆ। ਉਨ੍ਹਾਂ ਦੇ ਦਰਾਂ, ਘਰਾਂ ਅਤੇ ਗਰਾਂ ਨੂੰ ਮਲੀਆਮੇਟ ਕਰਕੇ, ਪੱਥਰਾਂ ਦਾ ਸ਼ਹਿਰ ਉਗਾਇਆ ਗਿਆ ਹੈ। ਉਹ ਅੰਬਰ ਦੀ ਛੱਤ ਹੇਠ ਸੌਣ ਲਈ ਮਜਬੂਰ ਹਨ।
ਇਹ ਕਿਸਾਨ, ਥੋੜ੍ਹਾਂ ਤੇ ਖੋੜ੍ਹਾਂ ਦੀ ਨਿਸ਼ਾਨਦੇਹੀ ਕਰਕੇ, ਉਨ੍ਹਾਂ ਨੂੰ ਮਿਟਾਉਣ ਤੁਰੇ ਨੇ। ਜਦ ਤੋਂ ਇਹ ਕਾਫਲੇ ਤੁਰੇ ਨੇ ਉਸ ਸਮੇਂ ਤੋਂ ਸਭ ਮਨੁੱਖ ਅੰਦਰ ਝਾਤੀ ਮਾਰਨ ਵੱਲ ਮੁੜੇ ਨੇ। ਇਹ ਤਾਂ ਬੇਦਖਲੀ, ਬੇਗਾਨਗੀ ਅਤੇ ਬਦਗੁਮਾਨੀ ਦੇ ਧੁੰਦਲਕੇ ਨੂੰ ਦੂਰ ਕਰਨ ਲਈ ਸੂਰਜ ਉਗਾਉਣ ਤੁਰੇ ਨੇ।
ਇਹ ਕਿਸਾਨ, ਰੁੱਸ ਗਏ ਬਚਪਨੇ ਨੁੰ ਵਰਾਉਣ ਆਏ ਨੇ। ਜਦ ਤਨ ਨੂੰ ਢਕਣ ਦੀ ਲਾਚਾਰੀ ਅਤੇ ਰੋਟੀ ਦਾ ਟੁੱਕ ਮਿਲਣ ਦੀ ਖੁਆਰੀ ਹੋ ਜਾਵੇ ਤਾਂ ਬਚਪਨੇ ਦੀ ਅੱਖ ਵਿਚ ਲਟਕਦੇ ਹੰਝੂਆਂ ਦੀ ਇਬਾਰਤ ਪੜ੍ਹਨਾ ਅਤੇ ਇਸ ਵਿਚੋਂ ਔਕੜਾਂ, ਔਖਿਆਈਆਂ ਅਤੇ ਅੱਥਰੂਆਂ ਦੀ ਵਿਲਕਣੀ ਨੂੰ ਕਿਆਸਣਾ ਬਹੁਤ ਔਖਾ ਹੁੰਦਾ ਹੈ। ਹੌਕੇ ਭਰਦੇ ਕਾਇਦਿਆਂ, ਕਿਤਾਬਾਂ, ਕਾਪੀਆਂ ਅਤੇ ਕਲਮਾਂ ਨੂੰ ਹੌਸਲਾ, ਹੱਠ, ਹਿੰਮਤ ਅਤੇ ਹਮਦਰਦੀ ਵਰਜਣ ਆਏ ਨੇ ਤਾਂ ਕਿ ਕਿਧਰੇ ਸਹਿਮੇ ਹੋਏ ਅੱਖਰਾਂ ਵਿਚ ਉਗਦੇ ਚਾਨਣ ਨੂੰ ਹਨੇਰਾ ਹੀ ਨਾ ਖਾ ਜਾਏ।
ਇਹ ਕਿਸਾਨ, ਬਜੁਰਗੀ ਬਹਿਸ਼ਤ ਨੂੰ ਬਚਾਉਣ ਅਤੇ ਆਪਣੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਦੇ ਨਾਮ ਲਾਉਣ ਆਏ ਨੇ ਤਾਂ ਕਿ ਆਉਣ ਵਾਲੀਆਂ ਨਸਲਾਂ ਆਪਣੇ ਬਜੁਰਗਾਂ ਦੀਆਂ ਛੋਹਾਂ, ਰੂਹਾਂ ਤੇ ਬੁੱਢੇ ਘਰ ਦੀਆਂ ਬਰੂਹਾਂ ਨਾਲ ਸੰਵਾਦ ਰਚਾ ਕੇ, ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਖੁਦ ਨੂੰ ਮਾਣਮੱਤੇ ਵਾਰਸ ਹੋਣ `ਤੇ ਮਾਣ ਕਰ ਸਕਣ।
ਇਹ ਕਿਸਾਨ, ਉਸ ਇਤਿਹਾਸ ਨੂੰ ਮੁੜ ਤੋਂ ਦੁਹਰਾਉਣ ਆਏ ਨੇ, ਜੋ ਲੋਕ-ਚੇਤਿਆਂ ਅਤੇ ਹਾਕਮ ਦੀ ਮਾਨਸਿਕਤਾ ਵਿਚੋਂ ਸ਼ਾਇਦ ਭੁੱਲ ਚੁਕਾ ਏ। ਇਤਿਹਾਸ ਸਿਰਫ ਪੜ੍ਹੇ ਜਾਂ ਪੜ੍ਹਾਏ ਨਹੀਂ ਜਾਂਦੇ, ਸਗੋਂ ਸਿਰਜੇ ਜਾਂਦੇ ਨੇ। ਕੁਝ ਕੁ ਲੋਕ ਹੁੰਦੇ, ਜੋ ਸਿਰਜਣਹਾਰੇ ਦਾ ਲਕਬ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਇਤਿਹਾਸ ਤਾਂ ਸਬਰ, ਸਿਰੜ, ਸਿਦਕ, ਸਾਧਨਾ, ਸ਼ਾਂਤੀ, ਸੰਤੋਖ ਅਤੇ ਸਮ-ਸੋਚ ਰਾਹੀਂ ਹੀ ਸਿਰਜੇ ਜਾਂਦੇ ਹਨ।
ਇਹ ਕਿਸਾਨ, ਜੋ ਰੰਗ-ਬਿਰੰਗੀਆਂ ਪੱਗਾਂ, ਪਰਨਿਆਂ, ਮੰਡਾਸਿਆਂ, ਦੁਮਾਲਿਆਂ ਤੇ ਟੋਪੀਆਂ ਨਾਲ ਸੱਤਰੰਗੀ ਦਾ ਸਿਰਨਾਵਾਂ ਨੇ, ਇਹ ਜਾਤਾਂ, ਧਰਮਾਂ, ਨਸਲਾਂ, ਨਫਰਤਾਂ, ਨਗੋਚਾਂ, ਕਿੱਤਿਆਂ ਅਤੇ ਨਿੱਜਾਂ ਤੋਂ ਉਪਰ ਉਠ ਕੇ ਸਰਬ-ਸੁੱਖਨਤਾ ਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਆਏ ਨੇ। ਇਹ ਜਾਣਦੇ ਨੇ ਕਿ ਸਭ ਦਾ ਦੁੱਖ-ਦਰਦ ਬਰਾਬਰ ਹੈ, ਸਾਰੇ ਹੀ ਇਨਸਾਨ ਅਤੇ ਹਰੇਕ ਲਈ ਆਪਣੇ ਹਿੱਸੇ ਦਾ ਅਸਮਾਨ ਜਰੂਰੀ ਏ। ਇਸ ਤੋਂ ਮੁਨਕਰੀ ਹੀ ਨਾਬਰੀ ਨੂੰ ਜਨਮ ਦਿੰਦੀ ਹੈ।
ਇਹ ਕਿਸਾਨ, ਜਵਾਕਾਂ ਨੂੰ ਮੋਢਿਆਂ `ਤੇ ਚੁੱਕੀ ਅਤੇ ਹੱਥਾਂ ਵਿਚ ਖਾਲੀ ਪੀਪਾ ਲੈ ਕੇ ਖੜ੍ਹੇ ਨਿਤਾਣਿਆਂ, ਨਿਰਬਲਾਂ ਅਤੇ ਨਗੁਰਿਆਂ ਦੀ ਹੂਕ ਬਣਨ ਦਾ ਅਹਿਦ ਵੀ ਨੇ, ਜਿਹੜੇ ਆਪਣੇ ਘਰਾਂ ਦੀ ਛੱਤ ਹੇਠ ਖੁਦ ਦੀ ਸਲਾਮਤੀ ਦਾ ਸਬਕ ਬਣਨਾ ਲੋਚਦੇ ਹਨ। ਉਨ੍ਹਾਂ ਦੇ ਦੀਦਿਆਂ ਵਿਚ ਭੁੱਖ, ਤ੍ਰਾਸਦੀ, ਤੜਪ ਅਤੇ ਬੱਚਿਆਂ ਦੇ ਹੋਠਾਂ `ਤੇ ਮਰ ਚੁਕੀ ਪਿਆਸ ਤੇ ਭੁੱਖ ਨੂੰ ਉਚਾਰਨ ਅਤੇ ਰਾਜੇ ਦੇ ਮਨ ਵਿਚ ਉਤਾਰਨ ਦਾ ਬੀੜਾ ਵੀ ਇਹ ਕਿਸਾਨ ਹੀ ਚੁੱਕੀ ਫਿਰਦੇ ਹਨ।
ਇਨ੍ਹਾਂ ਕਿਸਾਨਾਂ ਦੇ ਬਲਦ ਵੀ ਇਨ੍ਹਾਂ ਦੇ ਗਮ ਵਿਚ ਸ਼ਰੀਕ ਹਨ। ਬਲਦ ਤਾਂ ਬਹੁਤ ਕੋਸ਼ਿਸ਼ ਕਰਦੇ ਰਹੇ ਕਿ ਆਪਣੇ ਮਾਲਕ ਦੀ ਸੱਖਣੀ ਤਲੀ `ਤੇ ਕੁਝ ਧਰਨ, ਉਨ੍ਹਾਂ ਲਈ ਹੋਰ ਕਰਨ, ਜਰਨ ਅਤੇ ਖਾਲੀ ਬੋਝੇ ਨੂੰ ਭਰਨ ਦੀ ਤਦਬੀਰ ਘੜਨ। ਤਾਂ ਹੀ ਇਹ ਹੁਣ ਇਨ੍ਹਾਂ ਬੇਜ਼ੁਬਾਨਾਂ ਨੂੰ ਜ਼ੁਬਾਨ ਦੇਣ ਅਤੇ ਇਨ੍ਹਾਂ ਦੀ ਪੀੜਾ ਨੂੰ ਮਹਿਲ-ਮੁਨਾਰਿਆਂ ਤੀਕ ਸੁਣਾਉਣ ਆਏ ਨੇ।
ਇਹ ਕਿਸਾਨ, ਬਲਦਾਂ ਦੇ ਗਲ ਲੱਗ ਕੇ ਦੁੱਖੜੇ ਸੁਣਾਉਣ ਤੋਂ ਅੱਕੇ, ਹੁਣ ਰਾਜ ਦਰਬਾਰ ਨੂੰ ਆਪਣੀ ਦਾਸਤਾਨ ਸੁਣਾਉਣ ਆਏ ਨੇ। ਹਿਚਕੀਆਂ ਵਿਚੋਂ ਹਾਸਿਆਂ ਨੂੰ ਉਪਜਾਉਣ ਦੀ ਜੁਗਤ ਅਤੇ ਜਾਗਤ ਤਲਾਸ਼ਣ ਆਏ ਨੇ। ਬਲਦ ਅਤੇ ਸੀਰੀ ਦੇ ਕਸ਼ਟਾਂ ਦੀ ਲੰਮੀ ਕਹਾਣੀ, ਜੋ ਦੀਦਿਆਂ `ਚ ਪਾਣੀ ਲਿਆਉਂਦੀ ਹੈ, ਇਹ ਕਿਵੇਂ `ਵਾਵਾਂ ਕੋਲੋਂ ਸੁਣਾਈ ਜਾਂਦੀ! ਇਹ ਢਾਣੀ ਤਾਂ ਹੀ `ਕੱਠੀ ਹੋ ਕੇ ਆਈ ਹੈ। ਢਾਣੀ ਨੂੰ ਕੋਈ ਸਿਰਾ ਤਾਂ ਫੜਾਵੇ ਇਹ ਉਲਝੀ ਹੋਈ ਤਾਣੀ ਦਾ, ਨਹੀਂ ਤਾਂ ਜਿਉਂਦੇ ਜੀਅ ਸਾਹਾਂ ਦੀ ਪੂੰਜੀ ਖਰਚ ਹੋ ਜਾਣੀ ਹੈ। ਫਿਰ ਕਿਹੜੇ ਮੂੰਹ ਨਾਲ ਆਪਣੀ ਔਲਾਦ ਨੂੰ ਆਪਣੀ ਤਵਾਰੀਖ ਦੀ ਤਸਵੀਰ ਦਿਖਾਉਣੀ ਹੈ।
ਇਹ ਕਿਸਾਨ, ਜ਼ਿੰਦਗੀ ਦੇ ਗਵਾਚੇ ਹੋਏ ਅਰਥਾਂ ਦੀ ਤਲਾਸ਼ ਵਿਚ ਰੁੱਝੇ ਹੋਏ ਲੋਕਾਂ ਦੇ ਪ੍ਰਤੀਬਿੰਬ ਹਨ। ਭਾਵੇਂ ਗਵਾਂਢ ਵਿਚ ਵਸਦੇ ਲੁਹਾਰ, ਤਰਖਾਣ, ਚਮਾਰ, ਘੁਮਿਆਰ, ਝਿਊਰ, ਮਜ੍ਹਬੀ, ਕਰਿਆੜ, ਕੰਮੀ ਜਾਂ ਸੀਰੀ ਹੋਣ-ਇਹ ਭਾਈਚਾਰੇ ਦਾ ਦੁੱਖ ਸਮੋਈ ਅਤੇ ਆਸ ਦੀ ਲੋਈ ਲੈ ਕੇ ਅਵੱਗਿਆਵਾਂ, ਉਲੰਘਣਨਾਵਾਂ ਵਿਚੋਂ ਉਦਾਸੀਆਂ ਦੀਆਂ ਪੈੜਾਂ ਨੱਪਣ ਆਏ ਨੇ। ਇਨ੍ਹਾਂ ਨੂੰ ਯਾਦ ਏ ਬਾਬੇ ਨਾਨਕ ਦੀਆਂ ਉਦਾਸੀਆਂ ਵਿਚੋਂ ਉੱਗੇ ਰੌਸ਼ਨ ਸੁਨੇਹੇ ਅਤੇ ਸਮੇਂ ਦੇ ਹਾਕਮਾਂ ਨੂੰ ਦਿਤੀ ਵੰਗਾਰ ਤੇ ਲਲਕਾਰ।
ਇਹ ਕਿਸਾਨ, ਮੱਸਿਆ ਦੀ ਰਾਤ `ਚ ਗਵਾਚੇ ਹੋਏ ਚੰਦਰਮੇ ਨੂੰ ਕਹਿਣ ਆਏ ਨੇ ਕਿ ਕਦੇ ਵੀ ਚਾਨਣ ਗੁਲਾਮ ਨਹੀਂ ਹੋ ਸਕਦੇ। ਇਹ ਅੰਬਰ ਦੇ ਤਾਰਿਆਂ ਦੀ ਗਲਵੱਕੜੀ ਮਾਣਨ ਲਈ ਕਾਹਲੇ ਹਨ ਅਤੇ ਇਨ੍ਹਾਂ ਦੀਆਂ ਸੋਚਾਂ ਵਿਚ ਹੁਣ ਉਗ ਆਈ ਹੈ ਸੂਰਜਾਂ ਦੀ ਸਾਉਣੀ ਤੇ ਹਾੜੀ। ਸੂਰਜ ਕਦੇ ਵੀ ਡੁੱਬਦੇ ਨਹੀਂ। ਸਗੋਂ ਛੁਪਦੇ ਹਨ ਅਤੇ ਛਿਪਣ ਤੋਂ ਬਾਅਦ ਵੀ ਸੂਰਜ ਹਨੇਰਿਆਂ ਦੀ ਵੱਖੀ ਵਿਚ ਚੀਰ ਪਾਉਣ ਲਈ ਬਹੁਤ ਕਾਹਲਾ ਹੁੰਦਾ ਹੈ।
ਇਹ ਕਿਸਾਨ, ਕਲਮਾਂ ਤੇ ਕਿਰਤਾਂ ਵਿਚਲੀ ਉਦਾਸੀ, ਉਪਰਾਮਤਾ, ਉਦੇਸ਼-ਹੀਣਤਾ, ਉਤਸ਼ਾਹ-ਹੀਣਤਾ ਅਤੇ ਉਦਮ-ਹੀਣਤਾ ਵਿਚਲੀ ਕਲਯੋਗਣੀ ਸੁਰ ਨੂੰ ਤਬਦੀਲ ਕਰਨ ਆਏ ਨੇ। ਇਹ ਕਲਮਾਂ ਨੂੰ ਕਲਮ-ਧਰਮ ਨਿਭਾਉਦਿਆਂ, ਕਲਮ-ਕੀਰਤੀ ਵਿਚੋਂ ਸੁਖਨ, ਸਕੂਨ, ਸੁਚੇਤਨਾ ਅਤੇ ਸ਼ੁਭਚਿੰਤਨ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਇਹ ਜਾਣਦੇ ਨੇ ਕਿ ਜਦ ਕਲਮ ਹੀ ਕਮਜ਼ੋਰ ਹੋ ਜਾਵੇ ਅਤੇ ਕਰਤੱਵਾਂ, ਕਾਰਨਾਮਿਆਂ ਤੇ ਕੀਰਤੀਆਂ ਤੋਂ ਬੇਮੁੱਖ ਹੋ ਜਾਵੇ ਤਾਂ ਤਵਾਰੀਖ ਨਿਰਾਸ਼ ਤੇ ਹਤਾਸ਼ ਹੋ ਕੇ ਸਰਬਨਾਸ਼ ਦਾ ਸ਼ਬਦ ਬਣ ਜਾਂਦੀ ਹੈ। ਜਾਗਦੀਆਂ ਕਲਮਾਂ ਨੂੰ ਆਪਣੀ ਤਵਾਰੀਖ ਦਾ ਅਹਿਸਾਸ ਹੁੰਦਾ ਹੈ। ਜਾਗਦੀਆਂ ਤੇ ਜਗਦੀਆਂ ਕਲਮਾਂ ਵਕਤ ਲਈ ਵਰਦਾਨ, ਜਦੋਂ ਕਿ ਸੁੱਤੀਆਂ ਕਲਮਾਂ ਸਮਿਆਂ ਲਈ ਸੰਤਾਪ ਹੁੰਦੀਆਂ ਹਨ।
ਇਹ ਕਿਸਾਨ, ਲੋਕਾਈ ਦੇ ਹੋਠਾਂ ਤੇ ਜੰਗਾਲੇ ਜਿੰਦਰਿਆਂ ਨੂੰ ਖੋਲ੍ਹਣ ਲਈ ਚਾਬੀ ਲਾਉਣ ਆਏ ਨੇ ਤਾਂ ਕਿ ਜ਼ਬਾਨ `ਤੇ ਲੱਗੀ ਹੋਈ ਉੱਲੀ ਉਤਾਰੀ ਜਾਵੇ। ਚੁੱਪ ਨੂੰ ਬੋਲ ਦਿਤੇ ਜਾਣ ਅਤੇ ਗੂੰਗੇ ਅਲਫਾਜ਼ਾਂ ਨੂੰ ਕੁਝ ਕਹਿਣ ਦਾ ਵੱਲ ਆਵੇ। ਉਹ ਆਪਣੇ ਮਨ ਦੇ ਦੱਬੇ ਹੋਏ ਜਜ਼ਬਾਤ ਨੂੰ ਪ੍ਰਗਟਾਅ ਸਕਣ ਅਤੇ ਬਹਿਰੇ ਕੰਨਾਂ ਨੂੰ ਦਰਦ ਸੁਣਾ ਸਕਣ। ਬੋਲਾਂ ਵਿਚੋਂ ਹੀ ਬਹਾਦਰੀ, ਬੰਦਗੀ, ਬੰਦਿਆਈ, ਬਰਕਤਾਂ ਤੇ ਬਾਦਸ਼ਾਹੀ ਦੀਆਂ ਬਾਤਾਂ ਪਾਈਆਂ ਤੇ ਸੁਣਾਈਆਂ ਜਾਂਦੀਆਂ ਹਨ। ਇਹ ਬਾਤਾਂ ਹੀ ਸੁੱਤਿਆਂ ਨੂੰ ਜਗਾਉਣ, ਥੱਕੇ-ਹਾਰਿਆਂ ਦੇ ਕਦਮਾਂ ਵਿਚ ਸਫਰ ਉਗਾਉਣ, ਰਾਹਾਂ ਦੀ ਨਿਸ਼ਾਨਦੇਹੀ ਕਰਨ ਅਤੇ ਮੰਜ਼ਿਲਾਂ `ਤੇ ਅਪੜਨ ਦਾ ਸੁਨੇਹਾ ਬਣਦੀਆਂ ਹਨ।
ਇਹ ਕਿਸਾਨ, ਨੀਮ ਬੇਹੋਸ਼ੀ ਵਿਚ ਸੁੱਤਿਆਂ ਨੂੰ ਜਗਾਉਣ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਚਿੰਤਨ, ਅਸਫਲਤਾਵਾਂ ਨੂੰ ਸਫਲਤਾਵਾਂ ਅਤੇ ਆਲਿਆਂ ਵਿਚ ਚਿਰਾਗ ਧਰਨ ਦਾ ਪਲੇਠਾ ਉਦਮ ਨੇ। ਉਹ ਜਾਣਦੇ ਨੇ ਕਿ ਜਦ ਆਮ ਵਿਅਕਤੀ ਹੀ ਆਪਣੇ ਫਰਜ਼ਾਂ ਤੇ ਮਰਜ਼ਾਂ ਪ੍ਰਤੀ ਜਾਗ੍ਰਿਤ ਹੋ ਗਿਆ ਤਾਂ ਸੁਖਨ-ਸਵੇਰ ਦੀ ਦਸਤਕ ਦੂਰ ਨਹੀਂ ਰਹਿਣੀ।
ਇਹ ਕਿਸਾਨ, ਅਚਿੰਤੇ ਪਏ ਬਾਜਾਂ ਨੂੰ ਸਸਕੇਰਨ ਅਤੇ ਉਨ੍ਹਾਂ ਦੇ ਖੰਭਾਂ ਨੂੰ ਨੋਚਣ ਆਏ ਨੇ ਤਾਂ ਕਿ ਉਹ ਚਿੜੀਆਂ ਦਾ ਸ਼ਿਕਾਰ ਨਾ ਕਰ ਸਕਣ। ਬੋਟਾਂ ਨੂੰ ਚੋਗ ਤੋਂ ਮਹਿਰੂਮ ਨਾ ਕਰ ਸਕਣ। ਆਲ੍ਹਣੇ ਨੂੰ ਤੀਲਾ-ਤੀਲਾ ਨਾ ਕਰ ਸਕਣ ਅਤੇ ਨਾ ਹੀ ਬੋਟਾਂ ਨੂੰ ਪਰ ਤੇ ਪਰਵਾਜ਼ ਦੀ ਰਹਿਮਤ ਤੋਂ ਵਰਜਣ। ਬੋਟ ਜਿਉਂਦੇ ਰਹੇ ਤਾਂ ਉਹ ਖੁਦ ਹੀ ਉਡਣਾ ਸਿੱਖ ਜਾਣਗੇ। ਚੋਗ ਭਾਲਣ ਲਈ ਉਡਾਰੀ ਵੀ ਭਰ ਸਕਣਗੇ ਅਤੇ ਸ਼ਿਕਰਿਆਂ ਤੋਂ ਵੀ ਆਪਣਾ ਬਚਾ ਕਰ ਸਕਣਗੇ। ਬੋਟ ਹੀ ਕਿਸੇ ਨਸਲ ਦਾ ਭਵਿੱਖ ਹੁੰਦੇ ਹਨ ਅਤੇ ਜੇ ਭਵਿੱਖ ਹੀ ਖਤਮ ਹੋ ਗਿਆ ਤਾਂ ਨਸਲਾਂ ਕਿਵੇਂ ਬਚਣਗੀਆਂ?
ਇਹ ਕਿਸਾਨ ਲਾਚਾਰਾਂ, ਨਿਤਾਣਿਆਂ, ਅਬਲਾਵਾਂ, ਵਿਧਵਾਵਾਂ, ਨਿਰਦੋਸ਼ਾਂ, ਨਾਕਰਮਿਆਂ ਤੇ ਮਾਂ-ਮਛੋਰਾਂ ਦੀ ਤਲੀ ਤੇ ਕਿਸਮਤ ਰੇਖਾਵਾਂ ਉਘਾੜਨ ਆਏ ਨੇ, ਜਿਹੜੀਆਂ ਉਨ੍ਹਾਂ ਦੇ ਰੱਟਣਾਂ ਵਿਚ ਗਵਾਚ ਗਈਆਂ ਅਤੇ ਬਿਆਈਆਂ ਵਿਚ ਲੁੱਪਤ ਹੋ ਗਈਆਂ ਨੇ। ਇਹ ਉਨ੍ਹਾਂ ਨੂੰ ਸੁਲਗ, ਸੁਚੇਤ, ਸਮਰੱਥ, ਸਹਿਯੋਗੀ, ਸਹਾਇਕ, ਸਿਰੜੀ ਅਤੇ ਸਿਦਕੀ ਬਣਨ ਦੀ ਵਿਧਾ ਸਮਝਾਉਣ ਆਏ ਨੇ।
ਇਹ ਕਿਸਾਨ, ਵਾੜਾਂ ਵਿਚ ਤਾੜੇ, ਜੰਗਲਿਆਂ ਵਿਚ ਕਾਬੂ, ਕੋਠੜੀਆਂ ਵਿਚ ਬੰਦ, ਕਮਰਿਆਂ ਵਿਚ ਕੈਦ ਲੋਕਾਂ ਨੂੰ ਖੁੱਡਿਆਂ `ਚੋਂ ਬਾਹਰ ਨਿਕਲਣ, ਤਾਜੀ ਹਵਾ ਵਿਚ ਸਾਹ ਲੈਣ, ਧੁੱਪ ਤੇ ਰੌਸ਼ਨੀ ਵਿਚ ਨਹਾਉਣ ਅਤੇ ਰੰਗਾਂ ਤੇ ਮਹਿਕਾਂ ਵਿਚ ਖੁਦ ਨੂੰ ਭਿਉਣ ਦੀ ਚਾਹਨਾ ਪੈਦਾ ਕਰਨ ਦਾ ਸੁੱਖਦ ਸੁਨੇਹਾ ਵੀ ਨੇ।
ਇਹ ਕਿਸਾਨ ਤਾਂ ਦਰਿਆਵਾਂ ਵਰਗੇ, ਪਹਾੜਾਂ ਜਿਹੇ ਜੇਰਿਆਂ ਵਾਲੇ ਅਤੇ ਤੂਫਾਨਾਂ ਨੂੰ ਠੱਲ੍ਹਣ ਵਾਲੇ ਉਨ੍ਹਾਂ ਲੋਕਾਂ ਦਾ ਕਾਰਵਾਂ ਏ, ਜਿਨ੍ਹਾਂ ਨੇ ਸਮਿਆਂ ਦੀ ਤਕਦੀਰ ਘੜਨ, ਤਸਵੀਰ ਸਿਰਜਣ ਅਤੇ ਤਵਾਰੀਖ ਨੂੰ ਉਕਰਨ ਦਾ ਹਰਫਨਾਮਾ ਬਣਨਾ ਏ। ਇਨ੍ਹਾਂ ਦੀ ਪਿੱਠ `ਤੇ ਇਨ੍ਹਾਂ ਦਾ ਇਤਿਹਾਸ, ਇਖਲਾਕ ਅਤੇ ਸਿਰ ਤੇ ਇੱਜਤਾਂ ਦਾ ਤਾਜ ਹੈ। ਇਹ ਖੁਦ ਦੀ ਤਾਜਪੋਸ਼ੀ ਕਰਨ ਵਾਲੀਆਂ ਬਿਗਾਨੀਆਂ ਧਿਰਾਂ ਅਤੇ ਠੁੰਮਣਿਆਂ ਹੇਠ ਜਿ਼ੰਦਗੀ ਨੂੰ ਬਸਰ ਨਹੀਂ ਕਰਦੇ। ਉਹ ਤਾਂ ਆਪਣੀ ਜ਼ਿੰਦਗੀ ਦੇ ਖੁਦ ਸਿਰਜਣਹਾਰੇ ਹਨ।
ਇਹ ਕਿਸਾਨ ਤਾਂ ਖੜਸੁੱਕ ਬਾਗ ਦੇ ਮਾਲੀ ਨੂੰ ਇਹ ਚਿਤਾਰਨ ਆਏ ਨੇ ਕਿ ਜਦ ਬਾਗ ਸੁੱਕ ਜਾਵੇ, ਫੁੱਲ ਮੁਰਝਾ ਜਾਣ, ਕਲੀਆਂ ਦੀ ਨਿਲਾਮੀ ਹੋਵੇ, ਕੱਚੀਆਂ ਕਰੂੰਬਲਾਂ ਨੂੰ ਮਰੋੜਿਆ ਜਾਵੇ, ਪਿਲੱਤਣਾਂ ਭਾਰੂ ਹੋਣ, ਮਹਿਕ ਨੂੰ ਬਦਬੂ ਦਾ ਸਰਾਪ ਮਿਲੇ ਅਤੇ ਬਹਾਰ ਵਿਚੋਂ ਵੈਰਾਨਗੀ ਦਾ ਝਲਕਾਰਾ ਪਵੇ ਤਾਂ ਜਰੂਰੀ ਹੋ ਜਾਂਦਾ ਏ ਕਿ ਮਾਲੀ ਸੁਚੇਤ ਹੋ ਜਾਵੇ। ਉਹ ਅਲਾਮਤਾਂ ਨੂੰ ਸਮਝੇ। ਬਾਗ ਦੀ ਪੁਰਾਤੱਤਵ ਮੁਹਾਰ, ਬਹਾਰ, ਲਬਰੇਜ਼ਤਾ ਅਤੇ ਰੰਗਰੇਜ਼ਤਾ ਦੀ ਬਹਾਲੀ ਲਈ ਸੁੱਘੜ ਸਾਧਨ ਜੁਟਾਵੇ ਤੇ ਬਾਗ ਵਿਚੋਂ ਬਹਿਸ਼ਤ ਦਾ ਹੁਲਾਰ ਆਵੇ।
ਇਹ ਕਿਸਾਨ, ਸੁਪਨਹੀਣ ਨੈਣਾਂ ਵਿਚ ਸੁਪਨੇ ਧਰਨ ਆਏ ਨੇ। ਸਮਝਾਉਣ ਆਏ ਨੇ ਕਿ ਸਭ ਤੋਂ ਜ਼ਰੂਰੀ ਹੁੰਦਾ ਏ ਸੁਪਨਾ ਲੈਣਾ ਅਤੇ ਇਸ ਦੀ ਪੂਰਨਤਾ ਨੂੰ ਆਪਣੀ ਜੀਵਨ-ਜਾਚ ਬਣਾਉਣਾ। ਸੁਪਨਹੀਣਤਾ ਵਿਚੋਂ ਪ੍ਰਾਪਤੀ ਦਾ ਕਿਆਸ ਕਿੰਜ ਲਾਵੋਗੇ? ਜਦ ਸੁਪਨੇ ਕਬਰਾਂ ਬਣਦੇ ਹਨ ਤਾਂ ਸਿਰਫ ਕੀਰਨੇ ਹੀ ਸੁਣਾਈ ਦਿੰਦੇ ਹਨ। ਕਹਿਕਸ਼ਾਂ ਲਈ ਕਿਰਤੀਆਂ ਦੀ ਕਰਮਯੋਗਤਾ ਜ਼ਰੂਰੀ ਹੈ।
ਇਹ ਕਿਸਾਨ, ਸਾਝਰੇ ਸਾਝਰੇ ਪਿੰਡਾਂ ਵਿਚ ਗੇੜੀ ਦਿੰਦੇ ਉਨ੍ਹਾਂ ਫੱਕਰਾਂ ਵਰਗੇ ਹਨ, ਜੋ ਲੋਕਾਂ ਨੂੰ ਜਾਗਣ ਦਾ ਹੋਕਰਾ ਲਾਉਂਦੇ ਹੋਏ, ਸਵੇਰ ਦੀ ਸ਼ੁਭ-ਅਰੰਭਤਾ ਲਈ ਅਰਦਾਸ ਕਰਦੇ ਹੋਏ, ਕੁਲ ਆਲਮ ਲਈ ਦੁਆਵਾਂ ਮੰਗਦੇ ਹਨ। ਸਰਬੱਤ ਦਾ ਭਲਾ ਮੰਗਣ ਵਾਲਿਆਂ ਦੀ ਸੋਚ ਵਿਚਲੀ ਵਸੀਹਤਾ, ਵਿਲੱਖਣਤਾ ਅਤੇ ਵਿਹਾਰਤਾ ਨੂੰ ਸੀਮਤ ਸ਼ਬਦਾਂ ਜਾਂ ਅਰਥਾਂ ਵਿਚ ਬੰਨਿਆ ਨਹੀਂ ਜਾ ਸਕਦਾ। ਫੱਕਰਾਂ ਵਰਗੇ ਲੋਕਾਂ ਦੀ ਜ਼ਮੀਰ, ਜ਼ਹਿਨੀਅਤ ਅਤੇ ਜ਼ਜ਼ਬਾ ਹਮੇਸ਼ਾ ਨਿੱਜ ਤੋਂ ਪਰੇ ਤੇ ਪਾਕੀਜ਼ ਹੁੰਦਾ ਹੈ।
ਇਹ ਕਿਸਾਨ, ਕਿਰਤ-ਕਮਾਈ ਦੀ ਨਿਰੀ ਯੋਗ ਕਮਾਉਂਦੇ-ਕਮਾਉਂਦੇ, ਹੁਣ ਹੰਭ-ਹਾਰ ਚੁਕੇ ਨੇ। ਇਹ ਪਿੰਡੇ ਤੋਂ ਵਿਭੂਤੀ ਲਾਹ, ਗੁਰੂ ਗੋਰਖ ਨਾਥ ਨੂੰ ਆਪਣਾ ਕਰਮੰਡਲ, ਰੁਦਰਮਾਲਾ ਤੇ ਮੁੰਦਰਾਂ ਵਾਪਸ ਕਰਕੇ, ਮੋਢੇ `ਤੇ ਲਟਕਾਈ ਖਾਲੀ ਬਗਲੀ ਲਈ ਸੰਧਾਰੇ ਦਾ ਸ਼ਗੂਫਾ ਲੈਣ ਆਏ ਨੇ। ਖਾਲੀ ਬਗਲੀ ਨਾਲ ਭਲਾ ਕਿੰਨਾ ਕੁ ਚਿਰ ਜੋਗ ਕਮਾਈ ਜਾ ਸਕਦੀ ਏ? ਇਹ ਬਹੁਤ ਚਿਰ ਤੋਂ ਅਲਖ ਜਗਾਈ ਬੈਠੇ ਨੇ, ਗੋਰਖ ਨਾਥ ਜੀ ਇਨ੍ਹਾਂ ਨੂੰ ਖਾਲੀ ਨਾ ਮੋੜਿਓ, ਕਿਉਂਕਿ ਜੋਗੀਆਂ ਦੀ ਬਦ-ਦੁਆ ਬਹੁਤ ਮਾੜੀ ਹੁੰਦੀ ਹੈ!