ਖੇਤੀ ਖਰੀਦ ਏਜੰਸੀ ਦੇ ਕਿਸਾਨ ਮਾਰੂ ਫੈਸਲੇ

ਗੁਲਜ਼ਾਰ ਸਿੰਘ ਸੰਧੂ
ਭਾਰਤ ਸਰਕਾਰ ਦੀ ਅਨਾਜ ਖਰੀਦ ਏਜੰਸੀ (ਐਫ. ਸੀ. ਆਈ.) ਦੇ ਨਵੇਂ ਫੈਸਲੇ ਕਿਸਾਨਾਂ ਦਾ ਕਚੂਮਰ ਕੱਢਣ ਵਾਲੇ ਹਨ। ਇੱਕ ਫੈਸਲੇ ਅਨੁਸਾਰ ਆਪਣੀ ਫਸਲ ਦੀ ਉਪਜ ਵੇਚਣ ਵਾਲੇ ਹਰ ਕਿਸਾਨ ਨੂੰ ਆਪਣੀ ਭੋ ਮਾਲਕੀ ਜਾਂ ਜਮਾਂਬੰਦੀ ਦੀ ਨਕਲ ਐਫ. ਸੀ. ਆਈ. ਦੀ ਵੈਬਸਾਈਟ `ਤੇ ਅਪਲੋਡ ਕਰਕੇ ਆਪਣਾ ਬੈਂਕ ਖਾਤਾ ਦੱਸਣਾ ਲਾਜ਼ਮੀ ਕਰ ਦਿੱਤਾ ਹੈ ਤਾਂ ਕਿ ਉਸ ਦੀ ਵੇਚੀ ਉਪਜ ਦੇ ਪੈਸੇ ਸਿੱਧੇ ਬੈਂਕ ਖਾਤੇ ਵਿਚ ਭੇਜੇ ਜਾਣ। ਵੇਖਣ ਨੂੰ ਅਸਲ ਕਿਸਾਨ ਹਿਤੈਸ਼ੀ ਜਾਪਦਾ ਹੈ,

ਪਰ ਅਸਲ ਵਿਚ ਬਹੁਗਿਣਤੀ ਕਿਸਾਨਾਂ ਦੀ ਵਿਕਰੀ ਦੇ ਰਾਹ ਵਿਚ ਰੋੜਾ ਬਣੇਗਾ। ਬਹੁਤ ਸਾਰੇ ਛੋਟੇ ਕਿਸਾਨਾਂ ਕੋਲ ਆਪਣੀ ਜ਼ਮੀਨ ਥੋੜ੍ਹੀ ਹੈ ਤੇ ਦੂਜਿਆਂ ਤੋਂ ਠੇਕੇ ਜਾਂ ਹਿੱਸੇ ’ਤੇ ਲੈ ਕੇ ਵਾਹੀ ਕਰਦੇ ਹਨ। ਉਹ ਆਪਣੀ ਉਪਜ ਕਿਵੇਂ ਵੇਚਣਗੇ, ਜਦ ਉਨ੍ਹਾਂ ਕੋਲ ਮਾਲਕੀ ਹੀ ਨਹੀਂ? ਜੇ ਉਹ ਮਾਲਕ ਦਾ ਬੈਂਕ ਖਾਤਾ ਦੇਣ ਦਾ ਤਰਲਾ ਕਰਨਗੇ ਤਾਂ ਮਾਲਕ ਉਨ੍ਹਾਂ ਦੀ ਛਿੱਲ ਲਾਹੇਗਾ। ਇਸੇ ਤਰ੍ਹਾਂ ਜਿਹੜੇ ਕਿਸਾਨ ਐਨ. ਆਰ. ਆਈ. ਭਰਾਵਾਂ ਦੀ ਜ਼ਮੀਨ ਵਾਹੁੰਦੇ ਹਨ, ਉਨ੍ਹਾਂ ਦੇ ਅਸਲ ਮਾਲਕ ਆਪਣੀ ਉਪਜ ਵੇਚਣ ਇਥੇ ਨਹੀਂ ਆ ਸਕਦੇ। ਉਹ ਆਪਣੀ ਉਪਜ ਏਜੰਸੀ ਨੂੰ ਕਿਵੇਂ ਵੇਚਣਗੇ?
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਬਹੁਤ ਸਾਰੇ ਪਰਿਵਾਰਾਂ ਵਿਚ ਜ਼ਮੀਨ ਦੀ ਵੰਡ ਹੀ ਬਾਪ ਦੇ ਜਿਊਂਦੇ ਹੁੰਦਿਆਂ ਜ਼ਬਾਨੀ ਕਲਾਮੀ ਹੁੰਦੀ ਹੈ ਅਤੇ ਕਾਗਜ਼ਾਂ ਵਿਚ ਇਹ ਤੇ ਬਾਪ ਦੇ ਨਾਂ ਹੀ ਰਹਿੰਦੀ ਹੈ, ਜਿਸ ਦਾ ਬਹੁਤੀ ਵਾਰ ਕੋਈ ਬੈਂਕ ਖਾਤਾ ਹੀ ਨਹੀਂ ਹੁੰਦਾ। ਜਿਨ੍ਹਾਂ ਪਰਿਵਾਰਾਂ ਨੇ ਪੜਦਾਦੇ ਤੋਂ ਅੱਗੇ ਇੰਤਕਾਲ ਨਹੀਂ ਕਰਵਾਏ, ਉਹ ਬੁਰੀ ਤਰ੍ਹਾਂ ਫਸ ਜਾਣਗੇ। ਖੜ੍ਹੇ ਪੈਰ ਕਾਗਜ਼ੀ ਕਾਰਵਾਈ ਕਰਵਾਉਣ ਲਈ ਤਹਿਸੀਲਾਂ ਵੱਲ ਭੱਜਣਗੇ ਤਾਂ ਉੱਥੋਂ ਵਾਲੀਆਂ ਗਿਰਝਾਂ ਉਨ੍ਹਾਂ ਦੀ ਚਮੜੀ ਉਧੇੜਨ ਲਈ ਤਿਆਰ ਹੋ ਜਾਣਗੀਆਂ। ਕਿਸਾਨ ਕਿਧਰ ਨੂੰ ਭੱਜ ਸਕਦਾ ਹੈ?
ਏਜੰਸੀ ਦੇ ਇੱਕ ਹੋਰ ਫੈਸਲੇ ਅਨੁਸਾਰ ਵੇਚੀ ਜਾਣ ਵਾਲੀ ਕਣਕ ਦੀ ਨਮੀ ਦੀ ਮਾਤਰਾ, ਜੋ ਅੱਜ ਤੱਕ 14 ਫੀਸਦੀ ਚਲੀ ਆ ਰਹੀ ਸੀ, ਅੱਗੇ ਤੋਂ ਭਾਅ ਖੇਤਾਂ ਵਿਚ ਪੱਕਣ `ਤੇ ਆਈ ਕਣਕ ਸਮੇਤ ਬਾਰਾਂ ਫੀਸਦੀ ਕੀਤੀ ਗਈ ਹੈ। ਇਸ ਫੈਸਲੇ ਨਾਲ ਕਣਕ ਦੀ ਉਪਜ ਖਰੀਦਣ ਵਾਲੇ ਵਪਾਰੀਆਂ ਤੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਬਾਂਹ ਮਰੋੜਨ ਦਾ ਮੌਕਾ ਮਿਲੇਗਾ। ਉਂਜ ਵੀ ਇੱਕ ਹੋਰ ਫੈਸਲੇ ਅਨੁਸਾਰ ਬੋਲੀ ਦੇਣ ਸਮੇਂ ਅੱਧੀ ਫੀਸਦੀ ਰੋੜ ਹੋਣ ਦੀ ਸੂਰਤ ਵਿਚ ਹੀ ਉਪਜ ਖਰੀਦੀ ਜਾਵੇਗੀ, ਨਹੀਂ ਤਾਂ ਨਹੀਂ। ਅੱਜ ਤੱਕ ਇਹ ਪੱਧਰ ਚੌਦਾਂ ਫੀਸਦੀ ਤੱਕ ਪ੍ਰਵਾਨ ਹੁੰਦਾ ਆ ਰਿਹਾ ਹੈ। ਹੈ ਨਾ ਕਿਸਾਨਾਂ ਨੂੰ ਖੰੂਜੇ ਲਾਉਣ ਵਾਲੀ ਗੱਲ? ਹੋਰ ਤਾਂ ਹੋਰ, ਅੱਗੇ ਤੋਂ ਖੜ੍ਹੀ ਫਸਲ ਵਿਚ ਘਾਹ-ਫੂਸ ਦੀ ਮਾਤਰਾ ਵੀ 0.4 ਫੀਸਦੀ ਹੀ ਪ੍ਰਵਾਨ ਹੋਵੇਗਾ, ਜੋ ਕਿ ਹੁਣ ਤੱਕ ਇਸ ਤੋਂ ਵੱਧ ਮਾਤਰਾ ਵਿਚ ਪ੍ਰਵਾਨ ਹੁੰਦੀ ਆਈ ਹੈ।
ਉਂਜ ਵੀ ਇਹ ਫੈਸਲੇ ਉਦੋਂ ਸੋਚੇ ਜਾ ਰਹੇ ਹਨ, ਜਦ ਕਣਕ ਦੀ ਫਸਲ ਪੱਕਣ ਉੱਤੇ ਆਈ ਖੜ੍ਹੀ ਹੈ। ਜੇ ਇਨ੍ਹਾਂ ਸਖਤੀਆਂ ਦਾ ਐਲਾਨ ਪਿਛਲੇ ਸਾਲ ਕੀਤਾ ਹੁੰਦਾ ਤਾਂ ਕਿਸਾਨ ਲੋਕ ਕਣਕ ਬੀਜਣ ਦੀ ਥਾਂ ਕੋਈ ਹੋਰ ਫਸਲ ਬੀਜਣ ਦੀ ਸੋਚ ਸਕਦੇ ਸਨ, ਹੁਣ ਖੜ੍ਹੇ ਪੈਰ ਕਿਧਰ ਜਾਣ, ਉਨ੍ਹਾਂ ਨੂੰ ਕੁਝ ਨਹੀਂ ਸੁੱਝ ਰਿਹਾ।
ਅਤਿਅੰਤ ਜ਼ਿੰਮੇਵਾਰ ਮੀਡੀਆ ਦੀ ਟਿੱਪਣੀ ਹੈ ਕਿ ਅਜਿਹੀਆਂ ਗੋਂਦਾਂ ਫਸਲ ਦੀ ਖਰੀਦ ਨਾਲ ਏਨਾ ਸੰਬੰਧ ਨਹੀਂ ਰਖਦੀਆਂ, ਜਿੰਨਾ ਕਿਸਾਨ ਨੂੰ ਸਬਕ ਸਿਖਾਉਣ ਨਾਲ ਜਿਹੜੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਮੂਲ ਮੰਤਵ ਉਨ੍ਹਾਂ ਦਾ ਭਵਿੱਖ ਵੱਧ ਤੋਂ ਵੱਧ ਹਨੇਰ ਕਰਨਾ ਹੈ। ਸੰਭਲੋ!
ਵਿਧਾਇਕ ਅਰੁਣ ਨਾਰੰਗ ਨਾਲ ਨਿੰਦਾਯੋਗ ਵਿਹਾਰ: ਪੰਜਾਬ ਦੇ ਕਸਬੇ ਮਲੋਟ ਵਿਖੇ ਅਬੋਹਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਰੁਣ ਨਾਰੰਗ ਵਿਰੁੱਧ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਮੇਂ ਕੁਝ ਸ਼ਰਾਰਤੀ ਤੇ ਗੈਰ-ਜ਼ਿੰਮੇਵਾਰ ਅਨਸਰਾਂ ਵੱਲੋਂ ਬਹੁਤ ਮਾੜਾ ਵਿਹਾਰ ਕਰਨ, ਕੱਪੜੇ ਪਾੜਨ, ਕਾਲੀ ਸਿਆਹੀ ਤੇ ਤੇਲ ਸੁੱਟਣ ਆਦਿ ਦੀ ਨਿਖੇਧੀ ਕਰਨੀ ਬਣਦੀ ਹੈ। ਇਹ ਘਟਨਾ ਪੰਜਾਬ ਪੁਲਿਸ ਦੀ ਅਣਗਹਿਲੀ ਕਾਰਨ ਵਾਪਰੀ ਹੈ ਤੇ ਪੁਲਿਸ ਦਾ ਫਰਜ਼ ਬਣਦਾ ਹੈ ਕਿ ਦੋਸ਼ੀਆਂ ਨੂੰ ਸਬਕ ਸਿਖਾਵੇ। ਇਸ ਲਈ ਵੀ ਕਿ ਅਜਿਹੇ ਵਰਤਾਰੇ ਨਾਲ ਦਿੱਲੀ ਬਾਰਡਰ ਉੱਤੇ ਖੱਜਲ ਹੋ ਰਹੇ ਅੰਦੋਲਨਕਾਰੀਆਂ ਦੀ ਬਦਨਾਮੀ ਹੁੰਦੀ ਹੈ। ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਠੇਸ ਲਗਦੀ ਹੈ।
ਭਾਵੇਂ ਇਹ ਗੱਲ ਵੀ ਜਗ ਜਾਹਰ ਹੈ ਕਿ ਕੇਂਦਰ ਵਿਚ ਭਾਜਪਾ ਦਾ ਬੋਲਬਾਲਾ ਹੋਣ ਕਾਰਨ ਭਾਜਪਾ ਦੇ ਬਹੁਤੇ ਕਾਰਕੁਨ ਮੋਰਚੇ `ਤੇ ਬੈਠੇ ਅੰਦੋਲਨਕਾਰੀਆਂ ਦੇ ਪਰਿਵਾਰਾਂ ਨੂੰ ਖਿਝਾਉਣ ਦੀ ਕੋਈ ਕਸਰ ਨਹੀਂ ਛੱਡ ਰਹੇ। ਉਨ੍ਹਾਂ ਦੇ ਪੁੱਤ, ਪੋਤਰੇ ਅਤੇ ਧੀਆਂ ਪੁੱਤਰ ਸ਼ਾਂਤਮਈ ਅੰਦੋਲਨ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਤਾਂ ਉਨ੍ਹਾਂ ਨੂੰ ਮੌਜ ਮੇਲਾ ਮਾਣਦੇ ਕਹਿਣੋਂ ਨਹੀਂ ਝਿਜਕਦੇ। ਥੋੜ੍ਹੇ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਭਾਜਪਾ ਨੇਤਾ ਤੀਕਸ਼ਣ ਸੂਦ ਨੇ ਅਤਿਅੰਤ ਸਰਦੀ ਵਿਚ ਬੈਠੇ ਕਿਸਾਨਾਂ ਨੂੰ ਪਿਕਨਿਕ ਮਾਣਦੇ ਕਿਹਾ ਸੀ ਤਾਂ ਕਿਸਾਨਾਂ ਨੇ ਉਸ ਦੇ ਦਰਵਾਜੇ ਉੱਤੇ ਗੋਹੇ, ਕੂੜੇ ਦੀਆਂ ਟਰਾਲੀਆਂ ਢੇਰੀ ਕਰਕੇ ਤੀਕਸ਼ਣ ਦੇ ਪਰਿਵਾਰ ਨੂੰ ਸਬਕ ਸਿਖਾਇਆ। ਤੀਕਸ਼ਣ ਦੇ ਬੋਲੇ ਇਹ ਸ਼ਬਦ ਉਸ ਦੀ ਪਤਨੀ ਦੇ ਸਥਾਨਕ ਚੋਣਾਂ ਵਿਚ ਹਾਰਨ ਦਾ ਕਾਰਨ ਵੀ ਬਣੇ।
ਸਾਰੇ ਜਾਣਦੇ ਹਨ ਕਿ ਭਾਜਪਾ ਹਲ-ਵਾਹਕਾਂ ਦੀ ਪਾਰਟੀ ਨਹੀਂ। ਦੁਕਾਨਾਂ ਵਿਚ ਗੱਦਿਆਂ ਉੱਤੇ ਬੈਠ ਕੇ ਕਮਾਈ ਕਰਨ ਵਾਲੇ ਇਸ ਦੇ ਆਗੂ ਹਨ। ਮੈਂ ਨਿੱਜੀ ਤੌਰ ਤੇ ਅਰੁਣ ਨਾਰੰਗ ਨੂੰ ਨਹੀਂ ਜਾਣਦਾ। ਨਿਸ਼ਚੇ ਹੀ ਉਸ ਨੇ ਕਿਸਾਨਾਂ ਬਾਰੇ ਅਜਿਹੇ ਸ਼ਬਦ ਬੋਲੇ ਹੋਣਗੇ, ਜੋ ਇਸ ਮੰਦਭਾਗੀ ਘਟਨਾਕ੍ਰਮ ਦਾ ਕਾਰਨ ਬਣੇ। ਫਿਰ ਵੀ ਕਿਸਾਨਾਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਸੀ। ਸਮੇਂ ਨੇ ਉਸ ਨੂੰ ਸਬਕ ਸਿਖਾ ਦੇਣਾ ਸੀ। ਅੱਜ ਨਹੀਂ ਤਾਂ ਕੱਲ੍ਹ। ਜੇ ਤੀਕਸ਼ਣ ਦੇ ਸ਼ਬਦ ਉਸ ਦੀ ਪਤਨੀ ਦੀ ਹਾਰ ਦਾ ਕਾਰਨ ਬਣ ਸਕਦੇ ਹਨ ਤਾਂ ਸਮੇਂ ਨੇ ਅਰੁਣ ਨਾਰੰਗ ਨੂੰ ਵੀ ਨਹੀਂ ਸੀ ਬਖਸ਼ਣਾ। ਸਹਿਜ ਤੋਂ ਕੰਮ ਲਓ ਕਿਸਾਨੋ! ਤੁਸੀਂ ਤਾਂ ਮਾੜੇ ਮੌਸਮਾਂ ਤੇ ਮਾੜੇ ਸਮਿਆਂ ਨਾਲ ਨਿਪਟਣਾ ਜਾਣਦੇ ਹੋ।
ਅੰਤਿਕਾ: (ਬਾਵਾ ਬਲਵੰਤ)
ਖੇਤ ਤੇਰੇ ਹੋਣ ਵਾਲੇ ਨੇ ਅਧੀਨ,
ਦੇਸ਼ ਤੇਰਾ ਹੋਣ ਵਾਲਾ ਏ ਗੁਲਾਮ।
ਜਾਗ ਜੀਵਨ ਦੀ ਕਲਾ ਦੇ ਇੰਤਕਾਮ,
ਆਉਣ ਵਾਲੀ ਏ ਤੇਰੇ ਪਰਬਤ ਤੇ ਸ਼ਾਮ।