ਹਵਾ ਵਿਚ ਲਟਕਦੀ ਜ਼ਿੰਦਗੀ

ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਵਿਚ ਕਿਰਤੀ ਵਰਗ ਨੁਮਾਇਆ ਰੂਪ ਵਿਚ ਹਾਜ਼ਰ ਹੋਇਆ ਹੈ। ਕਹਾਣੀਕਾਰ ਨੇ ਇਸ ਵਰਗ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਬਹੁਤ ਮਾਰਮਿਕ ਰੂਪ ਵਿਚ ਪੇਸ਼ ਕੀਤਾ ਹੈ। ‘ਹਵਾ ਵਿਚ ਲਟਕਦੀ ਜ਼ਿੰਦਗੀ’ ਨਾਂ ਦੀ ਕਹਾਣੀ ਵਿਚ ਬੇਲਦਾਰ ਦੀ ਧੁਖਦੀ ਜ਼ਿੰਦਗੀ ਦੀ ਬਾਤ ਪਾਈ ਗਈ ਹੈ, ਜਿਸ ਉਤੇ ਰੁਜ਼ਗਾਰ ਦੀ ਤਲਵਾਰ ਸਦਾ ਹੀ ਲਟਕਦੀ ਰਹਿੰਦੀ ਹੈ।

-ਸੰਪਾਦਕ

ਗੁਰਮੀਤ ਕੜਿਆਲਵੀ
ਬੇਲਦਾਰ ਜੰਗ ਸਿੰਘ ਉਰਫ ਜੰਗੇ ਨੇ ਪੁਲ ਦੀ ਥੜ੍ਹੀ ‘ਤੇ ਖੜ੍ਹ ਕੇ ਪਿੰਡੋਂ ਆਉਣ ਵਾਲੀ ਸੜਕ ‘ਤੇ ਦੂਰ ਤੱਕ ਨਿਗਾਹ ਘੁਮਾਈ। ਸੂਰਜ ਦੀਆਂ ਤੇਜ਼ ਕਿਰਨਾਂ ਸਿੱਧੀਆਂ ਉਸ ਦੀਆਂ ਚੁੱਚੀਆਂ ਅੱਖਾਂ ਦੇ ਪਰਦਿਆਂ ‘ਤੇ ਆ ਵੱਜੀਆਂ। ਉਸ ਨੂੰ ਕੁਝ ਵਿਖਾਈ ਨਾ ਦਿੱਤਾ। ਉਸ ਨੇ ਮੋਟੀ ਸਾਰੀ ਗਾਲ੍ਹ ਕੱਢੀ। ਉਸ ਦੇ ਮੂੰਹੋਂ ਕਿਸ ਨੂੰ ਗਾਲ੍ਹ ਨਿਕਲ ਗਈ-ਸੂਰਜ ਨੂੰ ਜਾਂ ਮੇਅਟ ਮਿਹਰ ਸਿੰਘ ਨੂੰ, ਉਸ ਨੂੰ ਆਪਣੇ ਆਪ ਨੂੰ ਪਤਾ ਨਾ ਲੱਗਾ। ਉਸ ਨੇ ਇੱਕ ਪਲ ਨਜ਼ਰ ਨੀਵੀਂ ਕੀਤੀ, ਫੇਰ ਦੂਸਰੇ ਪਲ ਹੀ ਹੱਥ ਦਾ ਛੱਪਰ ਜਿਹਾ ਬਣਾ ਮੱਥੇ ‘ਤੇ ਰੱਖਿਆ ਤੇ ਪਿੰਡ ਵੱਲ ਭਰਵੀਂ ਨਜ਼ਰ ਸੁੱਟੀ। ਮਿਹਰ ਸਿੰਘ ਮੇਅਟ ਦਾ ਦੂਰ ਤੱਕ ਕੋਈ ਨਾਂ ਨਿਸ਼ਾਨ ਨਹੀਂ ਸੀ। ਮੇਅਟ ਤਾਂ ਕੀ, ਕੋਈ ਵੀ ਆਦਮੀ ਉਸ ਨੂੰ ਦੂਰ ਤੱਕ ਪਿੰਡ ਵਲੋਂ ਆਉਂਦਾ ਨਜ਼ਰ ਨਾ ਆਇਆ।
“ਲੱਗਦਾ ਅੱਜ ਵੀ ਨ੍ਹੀਂ ਆਉਂਦਾ।” ਉਸ ਨੇ ਮਨ ਹੀ ਮਨ ਸੋਚਿਆ।
“ਇੱਕ ਤਾਂ ਏਹ ਮੇਅਟ ਈ ਨ੍ਹੀਂ ਮਾਣ। ਆਵਦੇ ਆਪ ਨੂੰ ਕਿਸੇ ਅਪਸਰ ਨਾਲੋਂ ਘੱਟ ਨ੍ਹੀ ਸਮਝਦਾ। ਬਾਕੀ ਓਵਰਸੀਅਰ ਤੇ ਐਸ.ਡੀ.ਓ. ਨੇ ਤਾਂ ਕੀ ਕਿਸੇ ਕੰਜਰ ਨੂੰ ਬੰਦਾ ਸਮਝਣਾ। ਆਵਦੇ ਤੋਂ ਛੋਟੇ ਮੁਲਾਜ਼ਮ ‘ਤੇ ਹਰੇਕ ਈ ਅਪਸਰੀ ਜਗਾਉਂਦਾ। ਮ੍ਹਾਤੜ ਅਰਗੇ ਮੁਲਾਜ਼ਮ ਨੂੰ ਤਾਂ ਸਾਰੇ ਰੰਨ ਹੀ ਸਮਝਦੇ। ਇਹ ਮੇਅਟ ਈ ਆਵਦੇ ਆਪ ਨੂੰ ਰਾਣੀ ਖਾਂ ਦਾ ਸਾਲਾ ਸਮਝੀ ਫਿਰਦੈ। ਮਜਾਲ ਕੀ ਟਿਕਣ ਦੇ ਜੇ। ਆਪ ਜਦੋਂ ਜੀ ਕਰੇ ਘਰੇ ਰਹਿਪੂ। ਜੇ ਕਿਧਰੇ ਲੇਟ ਪੰਜ ਸੱਤ ਮਿੰਟ ਹੋਜਾਂ, ਗੱਦੋਂ ਦਾ ਸਾਲਾ ਰਾਸ਼ਨ ਲੈ ਕੇ ਚੜ੍ਹ ਜੂ। ਜੰਗਿਆ ਅਹਿ ਕਰ ਲੈ-ਜੰਗਿਆ ਅਹੁ ਕਰ ਲੈ। ਊਰੀ ਆਂਗੂੰ ਘੁੰਮਾਈ ਫਿਰੂ। ਓਵਰਸੀਅਰ ਘਰ ਸਾਗ ਦੇ ਆ, ਜੰਗਿਆ ਫਲਾਨੇ ਠੇਕੇਦਾਰ ਦੇ ਮੱਕੀ ਦੀਆਂ ਛੱਲੀਆਂ ਫੜਾ ਆ, ਜੰਗਿਆ ਢਿਮਕੇ ਘਰ ਕਣਕ ਪੁਚਾਈਂ, ਜੰਗਿਆ ਅਮਕੇ ਦੀ ਕੁੜੀ…।” ਜੰਗੇ ਨੇ ਅੱਕ ਕੇ ਮੇਅਟ ਨੂੰ ਮਨ ਹੀ ਮਨ ਗਾਲ੍ਹਾਂ ਦੀ ਝੜੀ ਲਾ ਦਿੱਤੀ।
“ਲੈ ਜਦੋਂ ਮਰਜ਼ੀ ਲੈ ਆਈਂ ਸ਼ਗਨ ਜੀਜੇ ਆਸਤੇ।” ਉਸ ਨੇ ਬੁੱਲ੍ਹਾਂ ਵਿਚ ਬੁੜ ਬੁੜ ਕੀਤੀ ਅਤੇ ਸੇਮ ਦੀ ਪਟੜੀ ‘ਤੇ ਪੁਟਾਈ ਕਰਦੀ ਇੰਦਰ ਸਿੰਹੁ ਠੇਕੇਦਾਰ ਦੀ ਲੇਬਰ ਦੇ ਸਿਰਹਾਣੇ ਖੜੋਤੇ ਠੇਕੇਦਾਰ ਦੇ ਮੁਨਸ਼ੀ ਕੋਲ ਆ ਖੜੋਤਾ।
“ਕਿਉਂ ਕਿਮੇ ਆ ਸਰਦਾਰ ਜੰਗ ਸਿਆਂ। ਕਿਮੇ ਅੱਜ ਭਖਿਆ ਜਿਆ ਫਿਰਦੈਂ। ਖੈਰ ਮਿਹਰ ਤਾਂ ਹੈ? ਕਿਤੇ ਘਰੇ ਅੱਜ ਸਰਦਾਰਨੀ ਨਾਲ ਤਾਂ ਨ੍ਹੀਂ ਉਚੀ ਨੀਵੀਂ ਹੋਈ ?” ਮੁਨਸ਼ੀ ਜੋਗਿੰਦਰ ਨੇ ਉਸ ਦੇ ਚੜ੍ਹੇ ਤੇਵਰਾਂ ਵੱਲ ਝਾਕਦਿਆਂ, ਖੈਰ ਮਿਹਰ ਅਤੇ ਸਰਦਾਰਨੀ ਸ਼ਬਦਾਂ ‘ਤੇ ਜ਼ੋਰ ਦੇ ਕੇ ਆਖਿਆ।
ਜੰਗੇ ਦਾ ਜੀਅ ਤਾਂ ਕੀਤਾ ਮੇਅਟ ਨੂੰ ਗਾਲ੍ਹਾਂ ਦੀ ਸੂੜ ਧੜ ਲਵੇ, ਪਰ ਉਸ ਨੇ ਇੰਜ ਨਾ ਕੀਤਾ। ਮਿਹਰ ਸਿੰਘ ਫੇਰ ਵੀ ਉਸ ਦੇ ਆਪਣੇ ਮਹਿਕਮੇ ਦਾ ਬੰਦਾ ਸੀ। ਆਖਰ ਮੌਕੇ ਦਾ ਅਫਸਰ ਸੀ, ਇਕੋ ਮਹਿਕਮਾ, ਇਕੋ ਥਾਂ ਡਿਊਟੀ। ਆਪਸ ਵਿਚਲੀ ਗੱਲਬਾਤ ਬਾਹਰ ਕਿਉਂ ਲਿਜਾਈ ਜਾਵੇ। ਮੁਨਸ਼ੀ ਫੇਰ ਵੀ ਬਾਹਰਲਾ ਬੰਦਾ। ਘਰ ਦੀ ਗੱਲ ਘਰ ਵਿਚ ਹੀ ਰਹੇ ਠੀਕ ਹੁੰਦੀ ਏ। ਇਹ ਸੋਚ ਕੇ ਉਹ ਗੁੱਸਾ ਅੰਦਰੇ-ਅੰਦਰ ਪੀ ਗਿਆ।
“ਕੁਛ ਨ੍ਹੀਂ ਯਾਰ! ਬੱਸ ਐਮੀ ਮੂੜ੍ਹ ਜਿਹਾ ਖਰਾਬ ਐ। ਹੋਰ ਉਚੀ ਨੀਵੀਂ ਕੀ ਹੋਣੀ ਆਪਣੀ ਕਿਸੇ ਨਾਲ।”
“ਕਿਤੇ ਮਿਹਰ ਸਿੰਹੁ ਨੇ ਤਾਂ ਨ੍ਹੀ ਪਾਤਾ ਨਵਾਂ ਜੰਗ ਪਲੰਘਾ?” ਮੁਨਸ਼ੀ ਨੇ ਟਿਕਾਣੇ ਲਾ ਦਿੱਤੀ। ਜੰਗ ਸਿੰਹੁ ਭਾਵੇਂ ਲੱਖ ਲੁਕਾਉਣਾ ਚਾਹੁੰਦਾ ਸੀ ਪਰ ਮੁਨਸ਼ੀ ਦੇ ਇਹੋ ਜਿਹੇ ਬੇਲਦਾਰਾਂ, ਮੇਅਟਾਂ ਨਾਲ ਕੰਮ ਕਰਦਿਆਂ ਈ ਕਾਲਿਓਂ ਚਿੱਟੇ ਹੋਏ ਸਨ।
“ਨਹੀਂ ਮਿਹਰ ਸਿੰਹੁ ਨੇ ਕੀ ਪਾਉਣਾ ਜੰਗ-ਪਲੰਗਾ। ਉਹ ਤਾਂ ਆਪ ਮੇਰੇ ਅਰਗਾ।” ਜੰਗੇ ਨੇ ਪਾਣੀ ਜਿਹਾ ਗੰਧਾਲਿਆ।
“ਬਾਜੇ-ਬਾਜੇ ਬੰਦਿਆਂ ਨੂੰ ਚੁਗਲੀ ਕਰਨ ਦੀ ਆਦਤ ਹੁੰਦੀ ਐ। ਐਵੇਂ ਅਫਸਰਾਂ ਅੱਗੇ ਨਾਲ ਦੇ ਮੁਲਾਜ਼ਮ ਬੰਦਿਆਂ ਦੀਆਂ ਈ ਵਧਵੀਆਂ ਘਟਵੀਆਂ ਕਰਦੇ ਰਹਿਣਗੇ। ਨਿੱਕੀ-ਨਿੱਕੀ ਗੱਲ ਦੀ ਡਾਰ ਬਣਾ ਦਿੰਦੇ। ਆਵਦੇ ਨੰਬਰ ਬਣਾਉਂਦੇ, ਦੂਜੇ ਦੇ ਘਟਾਉਂਦੇ। ਆਦਤ ਮੈਨੂੰ ਥੋਡੇ ਮਿਹਰ ਸਿੰਹੁ ਦੀ ਵੀ ਖੋਟੀਓ ਲੱਗਦੀ।” ਮੁਨਸ਼ੀ ਨੇ ਜਿਵੇਂ ਜੰਗੇ ਦੇ ਅੰਦਰੋਂ ਅਸਲੀ ਗੱਲ ਕਢਵਾਉਣ ਦੀ ਠਾਣੀ ਹੋਈ ਸੀ।
“ਤੂੰ ਵੀ ਨਾ…ਐਂ ਧੁਰ ਤੱਕ ਜਾਨੈਂ ਗੱਲ ਦੇ।”
“ਜੰਗ ਸਿਹੁੰ ਸਰਦਾਰਾ, ਦਾਈਆਂ ਕੋਲੋਂ ਪੇਟ ਨ੍ਹੀਂ ਲੁਕਾਈਦੇ। ਮੇਰੀ ਸਾਰੀ ਉਮਰ ਥੋਡੇ ਮਹਿਕਮੇ ‘ਚ ਈ ਲੰਘੀ ਆ। ਮੈਂ ਤਾਂ ਜੁਆਕ ਦੀ ਪਿੱਠ ਵੇਖ ਕੇ ਦੱਸ ਦਿੰਨਾਂ ਏਹਦੇ ਨਾਨਕੇ ਕਿੱਥੇ ਆ?”
“ਮਖ ਸੱਚ ਵੀ ਮੰਨ, ਕੋਈ ਗੱਲ ਨ੍ਹੀਂ। ਐਮੀ ‘ਡੀਕਦਾ ਸੀ। ਖੌਰੇ ਕੀ ਗੱਲ ਹੋਗੀ ਆਇਆ ਨ੍ਹੀ ਤਿੰਨ ਦਿਨ ਹੋਗੇ। ਮੈਂ ਸੋਚਦਾ ਸੀ ਸਵੱਖਤੇ ਆ ਜਾਂਦਾ ਤਾਂ ਮੈਂ ਸ਼ਹਿਰ ਦਫਤਰ ਈ ਜਾ ਆਉਂਦਾ। ਸ਼ਹਿਰ ਕੰਮ ਸੀ ਐਮੀ ਮਾੜਾ ਜਿਹਾ।” ਜੰਗੇ ਨੇ ਉਹਲਾ ਰੱਖ ਲੈਣਾ ਈ ਠੀਕ ਸਮਝਿਆ ਸੀ।
“ਖੈਰ ਨਾ ਦੱਸ ਤੇਰੀ ਮਰਜ਼ੀ। ਊਂ ਗੱਲ, ਕੋਈ ਨਾ ਕੋਈ ਹੈ ਜ਼ਰੂਰ।” ਮੁਨਸ਼ੀ ਨੇ ਗਹੁ ਨਾਲ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ। ਜੰਗੇ ਨੂੰ ਜਾਪਿਆ ਜਿਵੇਂ ਮੁਨਸ਼ੀ ਨੇ ਉਸ ਦੇ ਝੂਠ ਨੂੰ ਫੜ ਲਿਆ ਹੋਵੇ। ਉਸ ਨੂੰ ਬੇਚੈਨੀ ਜਿਹੀ ਹੋਈ। ਮੁਨਸ਼ੀ ਕੋਲੋਂ ਹਿੱਲ ਉਹ ਆਪਣੀ ਸਾਈਕਲ ਕੋਲ ਜਾ ਪੁੱਜਾ। ਧੁੱਪੇ ਖੜ੍ਹੀ ਸਾਈਕਲ ਨੂੰ ਕਿੱਕਰ ਦੀ ਛਾਵੇਂ ਕੀਤਾ। ਉਸ ਨੂੰ ਆਪਣੇ ਅੰਦਰ ਭੁੱਖ ਨਾਲ ਖੋਹ ਜਿਹੀ ਪੈਂਦੀ ਜਾਪੀ ਪਰ ਉਸ ਦਾ ਹੌਂਸਲਾ ਨਾ ਪਿਆ ਕਿ ਸਾਈਕਲ ਦੇ ਮੂਹਰਲੇ ਡੰਡੇ ਨਾਲੋਂ ਡੱਬਾ ਲਾਹ ਕੇ ਰੋਟੀ ਖਾ ਲਵੇ। ਉਸ ਨੇ ਪਸੀਨੋ-ਪਸੀਨਾ ਹੋਏ ਮਿੱਟੀ ਪੁੱਟਦੇ ਮਜ਼ਦੂਰਾਂ ਵੱਲ ਵੇਖਿਆ ਤਾਂ ਉਸ ਦੇ ਅੰਦਰੋਂ ਚੀਸ ਜਿਹੀ ਨਿਕਲੀ। ਮਿੱਟੀ ਬੜੀ ਸਖਤ ਤੇ ਰੋੜਾਂ ਵਾਲੀ ਸੀ। ਮਿੱਟੀ ਪੁੱਟਣ ਲਈ ਜ਼ੋਰ ਨਾਲ ਮਾਰੀ ਕਹੀ ਮਸੀਂ ਚੱਪਾ ਭਰ ਥੱਲੇ ਖੁੱਭਦੀ । ਜ਼ੋਰ ਨਾਲ ਟੱਕ ਮਾਰਿਆਂ ਇੱਕ ਵਾਰ ਤਾਂ ਕਹੀ ਮੱਥੇ ਵੱਲ ਨੂੰ ਆਉਂਦੀ। ਲੇਬਰ ਵਿਚਲੇ ਅਲੂੰਏਂ ਜਿਹੇ ਮੁੰਡੇ ਵੱਲ ਵੇਖ ਕੇ ਜੰਗੇ ਦੇ ਸੰਘੋਂ ਹਉਕਾ ਜਿਹਾ ਨਿਕਲ ਹਵਾ ਵਿਚ ਰਲ ਗਿਆ। ਉਸ ਦਾ ਆਪਣਾ ਮੁੰਡਾ ਟਹਿਲਾ ਉਸ ਦੀਆਂ ਅੱਖਾਂ ਅੱਗੇ ਖੜੋਤਾ।
… ਜੰਗ ਸਿਆਂ, ਔਲਾਦ ਖਾਤਰ ਬੰਦਾ ਕੀ ਕੀ ਨ੍ਹੀਂ ਕਰਦਾ? ਮੈਂ ਤਾਂ ਟਹਿਲੇ ਖਾਤਰ ਈ ਭੱਠ ਝੋਕ ਰਿਹਾਂ। ਦਿਨ-ਰਾਤ ਬੁੱਤੀਆਂ ਕਰੀਦੀਆਂ ਅਫਸਰਾਂ ਦੀਆਂ। ਸੋਚੀਦਾ ਦਸ ਜਮਾਤਾਂ ਕਰ ਜੇ। ਕਿਸੇ ਸੜੇ ਸੱਟੇ ਅਫਸਰ ਦੇ ਪੈਰੀਂ ਪੈ ਕੇ ਮਹਿਕਮੇ ‘ਚ ‘ਡਜੱਸਟ ਕਰਾ ਲਾਂਗੇ। ਕਿਧਰੇ ਵਰਕ ਮੁਨਸ਼ੀ ਲਵਾਤਾ ਜਾਂ ਫਿਰ ਗੇਜ ਰੀਡਰ ਈ ਭਰਤੀ ਕਰਾਤਾ- ਮੌਜਾਂ ਕਰੂ ਸਾਰੀ ਉਮਰ। ਦਿਹਾੜੀਆਂ ਕਰਨ ਤੋਂ ਬਚ ਜੂ। ਨਹੀਂ ਦਿਹਾੜੀ ਆਲੇ ਤਾਂ ਮੇਰੇ ਸਾਲੇ ਸਾਰੀ ਦਿਹਾੜੀ ‘ਚ ਰੱਤ ਚੂਸ ਲੈਂਦੇ। ਟੈਮ ਈ ਕੋਈ ਨ੍ਹੀਂ ਕੰਮ ਦਾ। ਸਵੇਰ ਤੋਂ ਰਾਤ ਤੱਕ, ਲੈ ਓਏ ਲੰਡਿਆ…ਦੇ ਓਏ ਮੀਣ੍ਹਿਆ। ਨਾਲੇ ਉਲਟਾ ਮਸ਼ਕਰੀਆਂ ਕਰਨਗੇ। ਫੇਰ ਕਹਿਣਗੇ…ਕੰਮ ਨ੍ਹੀਂ ਕਰਦਾ ਜੀਅ ਜਾਨ ਲਾ ਕੇ। ਵਈ ਹੋਰ ਥੋਡੀ…।” ਜੰਗੇ ਦੀ ਸੋਚ ਪਟੜੀ ਤੋਂ ਉਤਰ ਕੇ ਘਰ ਅਤੇ ਫੇਰ ਪਿੰਡ ਦੇ ਘਰਾਂ ‘ਚ ਜਾ ਵੜੀ।
ਪਿੰਡ ਦਾ ਚੇਤਾ ਆਉਂਦਿਆਂ ਹੀ ਜੰਗੇ ਨੇ ਇੱਕ ਵਾਰੀ ਫੇਰ ਪਿੰਡ ਦੇ ਰਾਹ ਵੱਲ ਓਪਰੀ ਜਿਹੀ ਨਜ਼ਰ ਮਾਰੀ। ਮੇਅਟ ਤਾਂ ਕਿਧਰੇ, ਉਸ ਦੀ ਧੂੜ ਵੀ ਆਉਂਦੀ ਨਜ਼ਰ ਨਾ ਆਈ। ਉਸ ਦਾ ਜੀਅ ਕਾਹਲਾ ਪੈਣ ਲੱਗਾ। ਦਿਲ ਕੀਤਾ, ਨੰਗੇ ਪੈਰੀਂ ਸ਼ੂਟ ਵੱਟ ਕੇ ਪਿੰਡ ਨੂੰ ਭੱਜ ਜਾਵੇ ਤੇ ਮੇਅਟ ਨੂੰ ਧੌਣੋਂ ਫੜ ਲਵੇ।
… ਮੇਰੇ ਪੁੱਤ ਦਾ ਇਹ ਚਿੱਬਾ ਜਿਆ ਈ ਨ੍ਹੀਂ ਮਾਣ। ਏਹਨੂੰ ਭੋਰਾ ਹਮਦਰਦੀ ਨ੍ਹੀਂ ਕਿਸੇ ਗਰੀਬ ਭਰਾ ਨਾਲ। ਆਕੜ ‘ਚ ਨਹੁੰ ਨੀ ਖੁੱਭਦਾ ਕਿਤੇ। ਖੈਰ ਇਹ ਕਿਹੜਾ ‘ਸਮਾਨੋਂ ਉਤਰਿਆ, ਅੱਜ ਕੱਲ੍ਹ ਕੌਣ ਕਿਸੇ ਦਾ ਵਿੰਹਦਾ। ਸਾਰਿਆਂ ਨੂੰ ਆਵਦੇ ਢਿੱਡ ਦੀ ਪਈ ਆ। ਕਿਸੇ ਦਾ ਭਲਾ ਕਰ ਕੇ ਤਾਂ ਕੋਈ ਰਾਜ਼ੀ ਈ ਨ੍ਹੀਂ… ਵਿਗਾੜ ਜਿੰਨਾ ਮਰਜ਼ੀ ਦੇਣ ਕਿਸੇ ਦਾ। ਏਹਨੂੰ ਚੰਗਾ ਭਲਾ ਪਤਾ ਮੈਨੂੰ ਅਜੇ ਤੱਕ ਪੇਮੈਂਟ ਨਹੀਂ ਮਿਲੀ। ਉਤੋਂ ਅੱਠ ਤਰੀਕ ਹੋਗੀ, ਦੱਸ ਘਰਦਾ ਖਰਚ ਕਿਥੋਂ ਚਲਾਉਣੈ? ਘਰੇ ਕਿਹੜਾ ਨੋਟ ਦੱਬੇ ਪਏ ਆ, ਜਿਥੋਂ ਕੱਢ-ਕੱਢ ਕੇ ਲਾਈ ਜਾਣੇ। ਕੁੱਤੇ ਦੀ ਦੁੰਬ ਮਿਹਰ ਸਿਹੁੰ ਕਿਧਰੋਂ ਕੰਮ ‘ਤੇ ਆਵੇ ਤਾਂ ਮੈਂ ਸ਼ਹਿਰ ਦਫਤਰ ਜਾ ਕੇ ਓਵਰਸੀਅਰ ਤੋਂ ਤਨਖਾਹ ਲੈ ਆਵਾਂ ਪਰ ਇਥੇ ਗਰੀਬ ਨਾਲ ਕਿਸੇ ਨੂੰ ਹੈਦਿਆ ਈ ਨ੍ਹੀਂ?” ਜੰਗੇ ਨੇ ਸਾਈਕਲ ਦੇ ਸਟੈਂਡ ਪਿਛੇ ਟੰਗੀ ਕੁਹਾੜੀ ਲਾਹੀ ਤੇ ਬਾਲਣ ਲਾਹੁਣ ਲਈ ਖਤਾਣਾਂ ਵਿਚ ਖੜ੍ਹੀਆਂ ਕਿੱਕਰਾਂ ਵੱਲ ਤੁਰ ਪਿਆ।
… ਜੰਗ ਸਿਆਂ! ਪੰਜੇ ਉਂਗਲਾਂ ਤਾਂ ਨ੍ਹੀਂ ਹੁੰਦੀਆਂ ਇਕੋ ਜਿਹੀਆਂ। ਜਿਉਂਦਾ ਰਵੇ ਵਿਚਾਰਾ ਸੋਢੀ ਸਾਬ੍ਹ। ਗਰੀਬ ਦੇ ਹੱਕ ਨੂੰ ਨ੍ਹੀ ਸੀ ਮਾੜਾ। ਬੱਸ ਰਾਹ ਖੈੜੇ ਦੀ ਸਾਬ-ਸਲਾਮ ਸੀਗੀ ਉਹਦੇ ਨਾਲ। ਇੱਕ ਦਿਨ ਐਵੇਂ ਹੱਸਦਿਆਂ ਕਹਿ’ਤਾ, “ਵਈ ਸੋਢੀ ਸਾਬ ਪਟੜੀ ਫੇਰ ਥੋਡਾ ਸਿੱਕਾ ਚੱਲਦਾ, ਕਿਤੇ ਮ੍ਹਾਤੜ ਨੂੰ ਰੋਟੀ ਦੇ ਬਿਲੇ ਕਰ ਦਿਓ। ਕਿਸੇ ਦਫਤਰ ‘ਚ ਚਪੜਾਸੀ, ਕਿਸੇ ਗੁਦਾਮ ‘ਚ ਚੌਂਕੀਦਾਰ ਜਾਂ ਕਿਸੇ ਨਹਿਰ ਖਾਲੇ ‘ਤੇ ਬੇਲਦਾਰ ਹੀ ਲਵਾ ਦਿਓ।” ਬੱਸ ਮਿੰਨਾ ਜਿਹਾ ਹੱਸ ਕੇ ਵਿਖਾਤਾ, ਅਖੇ ਕੋਈ ਨ੍ਹੀਂ ਮੈਂ ਕਰੂੰ ਕਿਤੇ ਸੁਰ ਪਤਾ। ਕਿਧਰੇ ਥਾਂ ਖਾਲੀ ਹੋਈ ਤਾਂ ਤੇਰੇ ਵਾਸਤੇ ਕਰ ਲਾਂਗੇ ਮਿੰਨਤ ਤਰਲਾ, ਹੋਰ ਆਪਾਂ ਕੀ ਕਰ ਸਕਦੇ ਆਂ? ਲੈ ਅਜੇ ਇਸ ਗੱਲ ਨੂੰ ਮਹੀਨਾ ਨ੍ਹੀਂ ਹੋਇਆ ਹੋਣਾ, ਆਪ ਬੰਦਾ ਭੇਜ ਕੇ ਮੈਨੂੰ ਘਰੋਂ ਬੁਲਾਇਆ, ਅਖੇ ਜੰਗਿਆ, ਕੱਲ੍ਹ ਤੋਂ ਫਿੱਡਾ ਡਰੇਨ ‘ਤੇ ਜਾ ਹਾਜ਼ਰੀ ਲਾਵੀਂ। ਐਹੇ ਜੇ ਨਰ ਤੇ ਧਰਮੀ ਪੁਰਸ਼ਾਂ ਆਸਰੇ ਈ ਇਹ ਧਰਤੀ ਖੜ੍ਹੀ ਐ, ਨਈਂ ਮਿਹਰ ਸਿਹੁੰ ਮੇਅਟ ਅਰਗੇ ਲੂਤੜਾਂ ਨੇ ਤਾਂ ਹੁਣ ਤੀਕ ਡੁਬੋ ਦੇਣਾ ਸੀ ਏਹਨੂੰ।” ਜੰਗੇ ਨੇ ਸਾਈਕਲ ਚੁੱਕਿਆ ਤੇ ਅਗਲੀਆਂ ਬੁਰਜੀਆਂ ‘ਤੇ ਚੱਲ ਰਹੇ ਪੁਟਾਈ ਦੇ ਕੰਮ ‘ਤੇ ਗੇੜਾ ਮਾਰਨ ਤੁਰ ਪਿਆ।
ਸੂਰਜ ਸਿਰ ਪਰਨੇ ਆ ਗਿਆ ਸੀ। ਜੰਗੇ ਨੇ ਮੂਹਰਲੀ ਟੋਕਰੀ ‘ਚ ਪਏ ਸਾਫੇ ਨਾਲ ਰਗੜ ਕੇ ਧੌਣ ਤੱਕ ਵਗ ਆਇਆ ਪਸੀਨਾ ਪੂੰਝਿਆ। ਉਸ ਦੇ ਆਪਣੇ ਵਰਗੇ ਸਾਈਕਲ ਦੀ ਚੈਨ ਘਵਿਚ-ਘਵਿਚ ਕਰ ਰਹੀ ਸੀ। ਕਿੰਨੇ ਦਿਨਾਂ ਤੋਂ ਹੀ ਸਾਈਕਲ ਦੀ ਚੈਨ ਖਰਾਬ ਹੋਈ ਪਈ ਸੀ। ਜੰਗੇ ਨੇ ਪੂਰੇ ਗਹੁ ਨਾਲ ਆਪਣੇ ਸਾਈਕਲ ਵੱਲ ਵੇਖਿਆ। ਉਸ ਨੂੰ ਓਵਰਸੀਅਰ ਗੁਰਜੰਟ ਦੇ ਮੋਟਰਸਾਈਕਲ ਦਾ ਚੇਤਾ ਆ ਗਿਆ।
“ਸਾਲਾ ਅਫਸਰੀ ਦਾ…ਕੁੜੀ ਦਾ ਨੰਗ। ਬੰਦਾ ਸੀ ਭਾਟੀਆ। ਉਹਦੇ ਨਾਲ ਦਾ ਅਫਸਰ ਨ੍ਹੀਂ ਆਉਣਾ ਸਬ-ਡਿਵੀਜ਼ਨ ‘ਚ। ਉਸੇ ਨੂੰ ਕਹਿ ਕੇ ਤਾਂ ਸੋਢੀ ਸਾਬ੍ਹ ਨੇ ਰਖਾਇਆ ਸੀ ਮੈਨੂੰ। ਬੱਸ ਢਾਈ-ਤਿੰਨ ਮਹੀਨੇ ਈ ਰਿਹਾ ਮੇਰੇ ਹੁੰਦਿਆਂ। ਦੁਆਬੇ ਕੰਨੀ ਬਦਲੀ ਕਰਵਾ ਗਿਆ ਸੀ। ਅਜ ਤੀਕ ਯਾਦ ਕਰਦੇ ਸਾਰੇ। ਹਰੇਕ ਬੇਲਦਾਰ ਨੂੰ ਕਹਿਣਾ, ਵਈ ਆਵਦੀ ਦਿਹਾੜੀ ਪਾ ਲਿਆ ਕਰੋ ਠੇਕੇਦਾਰ ਦੇ ਖਾਤੇ ‘ਚੋਂ। ਫਿਰ ਦਿਨ-ਦਿਹਾਰ ਆਵਦੇ ਕੋਲੋਂ ਵੱਖਰਾ ਦੇਣਾ। ਮਜਾਲ ਕੀ ਲੋਹੜੀ-ਦੀਵਾਲੀ ਵੇਲੇ ਸੌ-ਸੌ ਤੋਂ ਘੱਟ ਦੇ ਜੇ। ਮਾਰਚ ਖਤਮ ਹੋਈ ਤੋਂ ਵੀ ਸੌ-ਸੋ ਹਰ ਬੇਲਦਾਰ ਨੂੰ ਬਿਨ ਮੰਗਿਆਂ ਦੇਣਾ। ਗਰੀਬ ਨਾਲ ਹੈਦਿਆ ਕਰਨ ਵਾਲੇ ਐਹੇ ਜੇ ਆਹਲਾ ਅਫਸਰ ਕਾਹਨੂੰ ਲੱਭਦੇ? ਜਾਂਦਾ ਹੋਇਆ ਏਹਨੂੰ ਟੂਟਲ ਜਏ ਨੂੰ ਵੀ ਕਹਿ ਕੇ ਗਿਆ, ਵਈ ਜੰਗ ਸਿਹੁੰ ਦਾ ਖਿਆਲ ਰੱਖੀਂ। ਏਹਨੂੰ ਹਟਾਉਣਾ ਨ੍ਹੀਂ, ਪੱਕੇ ਕਰਨ ਦੀ ਕੋਸ਼ਿਟ ਕਰੀਂ। ਭਾਟੀਆ…? ਉਹਦੀਆਂ ਕੀ ਗੱਲਾਂ ਕਰਦਾਂ ਜੰਗ ਸਿਆਂ? ਰੋਇਆ ਕਰ ਉਹਨੂੰ ਯਾਦ ਕਰ-ਕਰ ਕੇ। ਜੇ ਉਹ ਹੁੰਦਾ ਹੁਣ ਨੂੰ ਪੱਕਾ ਹੋ ਜਾਣਾ ਸੀ ਤੈਂਅ। ਆਹ ਲੀਚੜ ਗੁਰਜੰਟਾ…ਕਿਸੇ ਨੂੰ ਸਿਰ ਦੀ ਜੂੰ ਨ੍ਹੀਂ ਦਿੰਦਾ। ਦੂਜੇ ਮਹੀਨੇ ਈ ਮੇਰੀ ਹਾਜ਼ਰੀ ਬੰਦ ਕਰ’ਤੀ। ਹੁਣ ਇੱਕ ਮਹੀਨੇ ਕਿਸੇ ਦੇ ਨਾਂ ‘ਤੇ ਦਸਖਤ ਕਰਾਊ, ਦੂਜੇ ਮਹੀਨੇ ਮੇਰੇ ਨਾਂ ‘ਤੇ; ਵਈ ਸਾਲ ‘ਚ ਲਗਾਤਾਰ ਦੋ ਸੌ ਚਾਲੀ ਦਿਨ ਨਾ ਪੂਰੇ ਹੋ ਜਾਣ। ਅਖੇ, ਉਤੋਂ ਸਰਕਾਰ ਦੇ ਆਡਰ ਆ, ਕਿਸੇ ਮੁਲਾਜ਼ਮ ਦੇ ਦੋ ਸੌ ਚਾਲੀ ਦਿਨ ਨ੍ਹੀਂ ਪੂਰੇ ਹੋਣ ਦੇਣੇ ਸਾਲ ‘ਚ। ਔਤਰਾਂ-ਨਖੱਤਰਾ ਲਈ ਕੀ ਬੈਠਾ ਰੱਬ ਤੋਂ? ਤੀਵੀਂ ਨਿਆਣਾ ਭਾਲਦੀ ਸਿਆਣਿਆਂ-ਭੂਪਿਆਂ ਦੇ ਤੁਰੀ ਫਿਰਦੀ। ਇਹ ਸਾਲਾ ਬੰਦੇ ਨੂੰ ਬੰਦਾ ਨੀ ਸਮਝਦਾ। ਭਰਾ ਦੀ ਮੌਤ ਹੋਗੀ ਤਾਂ ਸਕੀ ਭਰਜਾਈ ਘਰੋਂ ਕੱਢ’ਤੀ ਵਈ ਸਾਰੀ ਜ਼ਮੀਨ ‘ਕੱਲਾ ਸਾਂਭੂ। ਭੈਣ ਘੁਮਿਆਰਾਂ ਦੇ ਮੁੰਡੇ ਨਾਲ ਨਿਕਲਗੀ ਸੀ, ਪਟੜੀ ਫੇਰ ਰੌਲਾ ਪਿਆ ਰਿਹਾ। ਔਖਾ-ਸੌਖਾ ਹੁੰਦਾ ਸੀ ਮੁੰਡੇ ਨਾਲ। ਮੁੰਡੇ ਆਲਿਆਂ ਨੇ ਘੀਸੀਆਂ ਕਰਾ’ਤੀਆਂ। ਕੁੜੀ ਨੂੰ ਮਾਰਨ ਨੂੰ ਫਿਰਦਾ ਸੀ। ਮੁੰਡੇ ਨੇ ਆਖਿਆ ਖਬਰਦਾਰ ਜੇ ਕੁਝ ਹੋ ਗਿਆ ਏਹਨੂੰ। ਸਾਰੇ ਟੱਬਰ ਨੂੰ ਲਾਂਬੂ ਲਾਦੂੰ। ਬੱਕਰੀ ਬਣ ਗਿਆ ਫੇਰ ਤਾਂ…ਲੱਗਦਾ ਲੰਬੜਦਾਰੀ ਦਾ। ਮੇਰੇ ਅਰਗੇ ਗਰੀਬਾਂ ‘ਤੇ ਹੁਕਮ ਚਲਾਉਂਦਾ ਰਹਿੰਦੈ ਪਰ ਵਈ ਜੰਗਿਆ, ਤੇਰੇ ਅਰਗਿਆਂ ਨੂੰ ਪੱਕਾ ਕਰਾ ਕੇ ਏਹਨੂੰ ਫੈਦਾ ਵੀ ਕੀ ਐ? ਪੱਕਾ ਬੰਦਾ ਥੋੜ੍ਹੀ ਕਰਦਾ ਕਿਸੇ ਦੀ ਚਮਚਾਗਿਰੀ। ਏਹ ਤਾਂ ਗੌਂਅ ਹੋਣ ਕਰ ਕੇ ਅੱਗੇ ਪਿਛੇ ਫਿਰੀਦਾ। ਪਹਿਲਾਂ ਤਾਂ ਤਿੰਨ ਬੰਦਿਆਂ ਦੀ ਡਿਊਟੀ ਆ ਡਰੇਨ ‘ਤੇ ਜਿਹੜਾ ਮੈਂ ‘ਕੱਲਾ ਸੰਭਾਲੀ ਫਿਰਦਾਂ। ਪੰਜ ਨੰਬਰ ਬੁਰਜੀਆਂ ਆਲੇ ਪੁਲ ਤੋਂ ‘ਕੱਤੀ ਨੰਬਰ ਬੁਰਜੀ ਤੱਕ, ਪੂਰੀਆਂ ਛੱਬੀ ਬੁਰਜੀਆਂ ਮਲਬ ਕੀ ਪੂਰੇ ਛੱਬੀ ਕਿਲੋਮੀਟਰ। ਰੋਜ਼ਾਨਾ ਸਿਖਰ ਦੁਪਹਿਰੇ ਸਾਰੇ ਕੰਮ ‘ਤੇ ਗੇੜਾ ਮਾਰਨਾ। ਰੇਤਾ ਆਲੀ ਪਟੜੀ-ਛੱਬੀ ਕਿਲੋਮੀਟਰ ਜਾਣ, ਛੱਬੀ ਕਿਲੋਮੀਟਰ ਆਉਣ। ਆਥਣ ਨੂੰ ਲੱਤਾਂ ਭੂਆ-ਭੂਆ ਕਰਨ ਲੱਗ ਜਾਂਦੀਆਂ।”
ਜੰਗੇ ਦੇ ਪੂਰੇ ਸਰੀਰ ‘ਚੋਂ ਦਰਦ ਜਿਹਾ ਨਿਕਲਿਆ। ਅੱਗੇ ਰੇਤਾ ਵਾਲਾ ਰਾਹ ਆ ਜਾਣ ਕਰ ਕੇ, ਸਾਈਕਲ ਚਲਾਉਣ ਲਈ ਜ਼ੋਰ ਲੱਗਣ ਲੱਗਾ। ਪੱਟ ਫੁੱਲਦੇ ਜਾਪਣ ਲੱਗੇ। ਜਿਵੇਂ ਕਿਸੇ ਨੇ ਗਰਮ-ਗਰਮ ਸਲਾਖਾਂ ਉਸ ਦੇ ਪੱਟਾਂ ਵਿਚ ਰੱਖ ਦਿੱਤੀਆਂ ਹੋਣ। ਉਸ ਨੇ ਕਾਠੀ ਤੋਂ ਇੱਕ ਪਾਸੇ ਟੇਢਾ ਜਿਹਾ ਹੋ ਕੇ ਪੈਡਲ ‘ਤੇ ਭਾਰ ਪਾਇਆ ਤਾਂ ‘ਕੜੱਚ’ ਦੀ ਆਵਾਜ਼ ਆਈ ਤੇ ਨਾਲ ਹੀ ਸਾਈਕਲ ਰੇਤਾ ਵਿਚ ਧਸ ਕੇ ਰੁਕ ਗਿਆ। ਜੰਗੇ ਨੇ ਸਾਈਕਲ ਤੋਂ ਉਤਰ ਕੇ ਚੈਨ ਵੱਲ ਵੇਖਿਆ, ਚੈਨ ਟੁੱਟ ਕੇ ਗਰਾਰੀ ਦੀ ਵਿਰਲ ਵਿਚ ਫਸ ਗਈ ਸੀ। ਜੰਗੇ ਦਾ ਰੋਣ ਨਿਕਲ ਚੱਲਿਆ ਸੀ। ਉਸ ਨੇ ਸਾਈਕਲ ਉਥੇ ਈ ਪਟੜੀ ‘ਤੇ ਇੱਕ ਪਾਸੇ ਲਾ ਦਿੱਤਾ। ਪਿਆਸ ਨਾਲ ਉਸ ਦਾ ਸੰਘ ਖੁਸ਼ਕ ਹੋ ਗਿਆ। ਆਸੇ ਪਾਸੇ ਖੇਤਾਂ ‘ਚ ਨਿਗ੍ਹਾ ਮਾਰੀ। ਕਿਧਰੇ ਵੀ ਕੋਈ ਮੋਟਰ ਜਾਂ ਟਿਊਬਵੈਲ ਚੱਲਦਾ ਨਜ਼ਰ ਨਾ ਆਇਆ। ਜੰਗੇ ਦਾ ਜੀਅ ਕੀਤਾ ਕਿ ਉਥੇ ਹੀ ਛਾਵੇਂ ਸਾਫਾ ਵਿਛਾ ਕੇ ਸੌਂ ਜਾਵੇ। ਕਿੰਨਾ ਚਿਰ ਉਹ ਕਿੱਕਰ ਦੀ ਛਾਵੇਂ ਬੈਠਾ ਰਿਹਾ। ਉਸ ਨੂੰ ਬੀੜੀ ਦੀ ਤਲਬ ਮਹਿਸੂਸ ਹੋਈ। ਪੂਰੇ ਸਾਲ ਬਾਅਦ ਅੱਜ ਬੀੜੀ ਪੀਣ ਨੂੰ ਜੀਅ ਕੀਤਾ ਸੀ। ਉਸ ਦਾ ਦਿਲ ਕੀਤਾ, ਘੋੜਾਗਾੜੀ ਬੀੜੀ ਦਾ ਲੰਮਾ ਸੂਟਾ ਖਿੱਚੇ ਅਤੇ ਸਾਰੀ ਥਕਾਵਟ ਤੇ ਚਿੰਤਾ ਧੂੰਏ ਦੇ ਬੱਦਲ ਬਣਾ ਕੇ ਉਡਾ ਦੇਵੇ। ਧੂੰਏਂ ਦੇ ਬੱਦਲਾਂ ਦੇ ਉਡ ਜਾਣ ਨਾਲ ਹੀ ਉਸ ਦੀ ਸਾਰੀ ਥਕਾਣ ਤੇ ਫਿਕਰ ਉਡ ਜਾਣ। ਕਿੰਨਾ ਚਿਰ ਬੈਠਾ ਉਹ ਬੀੜੀ ਅਤੇ ਧੂੰਏਂ ਦੇ ਬੱਦਲਾਂ ਦੀ ਕਲਪਨਾ ਕਰਦਾ ਰਿਹਾ। ਆਖਰ ਹਿੰਮਤ ਕਰ ਕੇ ਉਠਿਆ ਤੇ ਸਾਈਕਲ ਨੂੰ ਰੇੜ੍ਹ ਲਿਆ।
ਰੇਤਾ ਵਾਲੀ ਪਟੜੀ ‘ਤੇ ਲੱਤਾਂ ਘੜੀਸਦਾ ਤੇ ਸਾਈਕਲ ਨੂੰ ਧੂੰਹਦਾ ਉਹ ਚੌਦਾਂ ਨੰਬਰ ਬੁਰਜੀ ‘ਤੇ ਕੰਮ ਕਰਦੀ ਠੇਕੇਦਾਰ ਵਾਲੀਏ ਦੀ ਲੇਬਰ ਕੋਲ ਆ ਗਿਆ। ਕਿੱਕਰ ਦੀ ਛਾਵੇਂ ਪਏ ਪਾਣੀ ਦੇ ਘੜੇ ਨੂੰ ਵੇਖ ਉਸ ਦੇ ਸਾਹ ‘ਚ ਸਾਹ ਆਇਆ। ਸਾਈਕਲ ਉਥੇ ਹੀ ਪਟੜੀ ਦੇ ਕਿਨਾਰੇ ਸੁੱਟ ਪਾਣੀ ਦੇ ਘੜੇ ਵੱਲ ਨੱਸ ਪਿਆ।
“ਭਾਈਬੰਦਾ! ਠਹਿਰ ਜਾਂਦਾ ਹਜੇ। ਵੇਖੀਂ ਕਿਤੇ ਗਰਮ-ਸਰਦ ਹੋ ਜੇਂ। ਗਰਮੀ ‘ਚੋਂ ਆਇਆਂ ਤੇ ਆਉਂਦਾ ਈ ਪਾਣੀ ਪੀਣ ਲੱਗ ਪਿਐਂ। ਘੜੀ ਬਿੰਦ ਅਰਾਮ ਕਰ ਲੈ।” ਠੇਕੇਦਾਰ ਵਾਲੀਏ ਦੇ ਮੁਨਸ਼ੀ ਪਾਲ ਨੇ ਜੰਗੇ ਨੂੰ ਪਾਣੀ ਪੀਂਦੇ ਨੂੰ ਬਾਹੋਂ ਫੜ ਅੱਧ ਵਿਚਾਲਿਉਂ ਰੋਕ ਦਿੱਤਾ।
“ਪਾਲ ਸਿਆਂ, ਗਰਮ-ਸਰਦ ਹੁੰਦਾ ਤਾਂ ਹੋ ਜੇ। ਤਿਆਏ ਤਾਂ ਨ੍ਹੀਂ ਮਰਿਆ ਜਾਂਦਾ।”
“ਹੁਣ ਨਾ ਫਿਕਰ ਕਰ, ਹੁਣ ਤੂੰ ਆ ਗਿਆਂ ਟਿਕਾਣੇ। ਬੇਫਿਕਰ ਰਹਿ, ਹੁਣ ਨ੍ਹੀਂ ਤੈਨੂੰ ਮਰਨ ਦਿੰਦੇ। ਦਿਲ ਰੱਖ। ਹੁਣ ਤਾਂ ਜੇ ਯਮਦੂਤ ਲੈਣ ਵੀ ਆ ਜਾਣ, ਲੱਤਾਂ ਫੜ ਕੇ ਧੂਹ ਲਾਂਗੇ ਸਾਰੀ ਲੇਬਰ।” ਮੁਨਸ਼ੀ ਪਾਲ ਨੇ ਗੱਲ ਹਾਸੇ ਪਾ ਲਈ।
“ਬਚ ਗਏ ਓਏ ਭਰਾਵਾ! ਬਚਾ ਲਿਆ ਤੁਸੀਂ, ਨਹੀਂ ਪੂਰਿਆ ਚੱਲਿਆ ਸੀ ਸੰਖ। ਵੱਜ ਜਾਣਾ ਸੀ ਘੁੱਗੂ। ਮਰੇ ਪਿਛੋਂ ਘਰਦਿਆਂ ਨੂੰ ਮਿਲਣਾ ਮਿਲਾਉਣਾ ਵੀ ਕੱਖ ਨ੍ਹੀ ਸੀ।” ਜੰਗੇ ਦੇ ਅੰਦਰੋਂ ਥਕਾਵਟ ਘੱਟ, ਆਪਣੇ ਕੱਚੇ ਹੋਣ ਦਾ ਦਰਦ ਬਹੁਤਾ ਬੋਲ ਰਿਹਾ ਸੀ।
“ਐਡੀ ਛੇਤੀ ਐਥੇ ਕੀ ਲਾਮ ਲੱਗੀ ਸੀ? ਦਿਨ ਢਲੇ ਆ ਜਾਂਦਾ। ਨਾਲੇ ਜੇ ਨਾ ਵੀ ਆਉਂਦਾ ਫੇਰ… ਐਥੇ ਅੱਗ ਲੱਗੀ ਸੀ ਜਿਹੜੀ ਤੈਂਅ ਜ਼ਰੂਰੀ ਬੁਝਾਉਣੀ ਸੀ ਆ ਕੇ। ਐਵੇਂ ਥੋਡਾ ਭਰਮ ਨ੍ਹੀਂ ਜਾਂਦਾ, ਵਈ ਕਿਤੇ ਮੁਨਸ਼ੀ ਵੱਧ ਬੰਦੇ ਨਾ ਲਿਖ ਲੇ?”
“ਕਾਹਨੂੰ ਪਾਲ ਸਿਆਂ। ਏਹ ਅਪਸਰ ਲੰਡੇ ਢੱਟੇ ਦੇ ਸਾਲੇ ਆ। ਮੈਂ ਜਾਣਾ ਸੀ ਤਨਖਾਹ ਲੈਣ ਓਵਰਸੀਅਰ ਤੋਂ। ਤੈਨੂੰ ਪਤਾ ਈ ਆ ਸਾਬ੍ਹ ਦਾ। ਹੱਡ ਆ ਕੁੱਤੇ ਦਾ। ਐਵੇਂ ਰੋਅਬ ਝਾੜੀ ਜਾਊ ਜੰਗਿਆ ਬਾਈ ਨੰਬਰ ਬੁਰਜੀ ‘ਤੇ ਕਰੇਨ ਪੁਟਾਈ ਕਰਦੀ, ਉਥੇ ਜਾ ਕੇ ਆਈਂ। ਅਠਾਰਾਂ ਨੰਬਰ ਬੁਰਜੀ ‘ਤੇ ਕੰਮ ਕਰਦੀ ਗੁਪਤੇ ਠੇਕੇਦਾਰ ਦੀ ਲੇਬਰ ‘ਤੇ ਨਿਗਾਹ ਰੱਖੀਂ। ਪੁਟਾਈ ਕਰਾਉਣੀ ਪੂਰੀ। ਚੌਦਾਂ ਨੰਬਰ ਬੁਰਜੀ ‘ਤੇ ਵਾਲੀਏ ਠੇਕੇਦਾਰ ਦੀ ਲੇਬਰ ਦੀ ਗਿਣਤੀ ਕਰਿਆ ਕਰ ਹਰ ਰੋਜ਼। ਠੇਕੇਦਾਰ ਵੱਧ ਦਿਹਾੜੀਏ ਨਾ ਲਿਖ ਦੇਵੇ। ਅਖੇ, ਬਾਣੀਆ ਕੌਮ ਬੜੀ ਸ਼ਾਤਰ ਆ। ਬਾਣੀਏ ਤਾਂ ਖੜੇ ਖੜੋਤੇ ਬੰਦੇ ਨੂੰ ਵੇਚ ਜਾਣ। ਮੈਨੂੰ ਕਹੂ, ਕਿਸੇ ਲਾਲਚ ਵਿਚ ਨਾ ਆ ਜੀਂ। ਹੋਰ ਤੈਨੂੰ ਵੀਹ ਪੰਜਾਹ ਰੁਪਈਏ ਦੇ ਕੇ ਵੱਧ ਦਿਹਾੜੀਏ ਲਿਖਵਾ ਲੈਣ। ਰਿਪੋਰਟ ਦਿਆ ਕਰ ਤੀਜੇ ਦਿਨ। ਅਸਲ ਮੇ ਚੋਰਾਂ ਨੂੰ ਸਾਰੇ ਚੋਰ ਈ ਨਜ਼ਰ ਆਉਂਦੇ ਆ। ਤੇਰੇ ਤਾਂ ਆਵਦੇ ਹੱਥੀਂ ਹੁੰਦੀ ਸਾਰੀ ਹੇਰਾਫੇਰੀ। ਚੋਰ ਕੁੱਤੀ ਰਲੇ ਆ। ਚਾਚੇ-ਤਾਏ ਦੇ ਪੁੱਤ ਨੇ ਸਾਰੇ। ਰਲ-ਮਿਲ ਕੇ ਖਾਈ ਜਾਂਦੇ। ਆਹ ਡਰੇਨ ਦੀ ਗੱਲ ਲੈ ਲਾ। ਤਿੰਨ-ਤਿੰਨ ਫੁੱਟ ਪੁਟਾਈ ਕਰਾਉਣੀ ਆ। ਮਸਾਂ ਇੱਕ-ਇੱਕ ਫੁੱਟ ਪੁਟਾਈ ਕਰਾਉਂਦੇ, ਕਾਗਜ਼ਾਂ ‘ਚ ਖਰਚਾ ਤਿੰਨ ਫੁੱਟ ਪੁਟਾਈ ਦਾ ਪਾ ਦਿੰਦੇ। ਬਾਕੀ ਡਕਾਰ ਜਾਂਦੇ। ਕਈ ਵਾਰ ਡਰੇਨ ਵਿਚ ਟਰੈਕਟਰ ਨਾਲ ਕਰਾਹਾ ਫੇਰ ਕੇ ਘਾਹ ਜਿਹਾ ਪੁੱਟ ਦਿੰਦੇ ਆ ਤੇ ਚੱਲ ਮੇਰੇ ਭਾਈ ਟੱਟੂ ਪਾਰ। ਹੋਗੀ ਪੁਟਾਈ। ਮੀਂਹ ਆਏ ਤੋਂ ਡਰੇਨ ਪਾਣੀ ਕਿੱਥੋਂ ਝੱਲੇ? ਇਹਨਾਂ ਦੇ ਆਵਦੇ ਘਰ ਭਰਨੇ ਚਾਹੀਦੇ। ਗਰੀਬਾਂ ਦੇ ਘਰ ਡੁੱਬਦੇ ਪਏ ਡੁੱਬਣ। ਇਹਨਾਂ ਦੇ ਆਵਦੇ ਘਰ ਰੁਪਈਆਂ ‘ਚ ਡੁੱਬ ਜਾਂਦੇ।” ਜੰਗੇ ਨੇ ਅੰਦਰਲਾ ਸਾਰਾ ਗੁੱਭ-ਗੁਲਾਟ ਕੱਢ ਦਿੱਤਾ ਸੀ।
“ਭਾਈਬੰਦਾ, ਬੱਸ ਢਕੀ ਰਿੱਝਣ ਦੇ। ਕੋਠੀਆਂ ਐਵੇਂ ਨ੍ਹੀਂ ਬਣਦੀਆਂ। ਸਾਰਾ ਲੁੱਟ ਦਾ ਮਾਲ ਈ ਲੱਗਦਾ ਇਹਨਾਂ ‘ਤੇ। ਤੂੰ-ਮੈਂ ਤੋਂ ਇੱਕ ਕੋਠਾ ਨ੍ਹੀਂ ਬਣਦਾ ਸਾਰੀ ਉਮਰ। ਏਹ ਗੱਦੋਂ ਦੇ ਸਾਲੇ ਆਏ ਵਰ੍ਹੇ ਉਤੇ ਦੀ ਉਤੇ ਪਾਉਂਦੇ ਰਹਿੰਦੇ। ਖੈਰ ਭਾਈਬੰਦਾ, ਆਵਦੇ ਤੋਂ ਮਾੜੇ ਵੱਲ ਵੇਖ ਕੇ ਗੁਜ਼ਾਰਾ ਕਰਨਾ ਪੈਂਦਾ। ਹਜੇ ਵੀ ਬਥੇਰੀ ਦੁਨੀਆਂ ਨਾਲੋਂ ਸੌਖੇ ਆਂ। ਬਥੇਰੀ ਦੁਨੀਆਂ ਪਈ ਜੀਹਨੂੰ ਇੱਕ ਡੰਗ ਦੀ ਰੋਟੀ ਵੀ ਮੁਸ਼ਕਲ ਨਾਲ ਜੁੜਦੀ ਐ।”
“ਉਹ ਤਾਂ ਪਾਲ ਸਿਆਂ ਗੱਲ ਤੇਰੀ ਮੰਨੀ ਪਰ ਸੁਆਲ ਤਾਂ ਇਹ ਵਈ ਕੰਜਰਾਂ ਨੂੰ ਕੋਈ ਹਟਕਦਾ ਵਰਜਦਾ ਈ ਨ੍ਹੀਂ। ਚੱਲ ਗੌਰਮਿਲਟ ਦੀ ਚੋਰੀ ਕਰਦੇ ਕਰੀ ਤੁਰੇ ਜਾਣ, ਮੇਰੇ ਅਰਗੇ ਮ੍ਹਾਤੜ ਗਰੀਬ ਆਦਮੀ ਦਾ ਖੂਨ ਤਾਂ ਨਾ ਚੂਸਿਆ ਕਰਨ। ਆਹ ਡਰੇਨ ‘ਤੇ ਤਿੰਨ ਬੰਦਿਆਂ ਦੀ ਤਨਖਾਹ ਪੈਂਦੀ ਪਰ ਧੱਸੀ ਮੈਨੂੰ ‘ਕੱਲੇ ਨੂੰ ਫਿਰਦੇ। ਛੱਬੀ ਬੁਰਜੀਆਂ ਮੈਨੂੰ ‘ਕੱਲੇ ਨੂੰ ਈ ਸੰਭਾਲੀਆਂ ਹੋਈਆਂ। ਨਾਲ ਦੇ ਬੇਲਦਾਰਾਂ ਦਾ ਕੰਮ ਵੀ ਮੈਨੂੰ ਈ ਕਰਨਾ ਪੈਂਦਾ। ਇੱਕ ਬੇਲਦਾਰ ਤਾਂ ਓਵਰਸੀਅਰ ਦੇ ਪਿੰਡ ਖੇਤ ਦਾ ਕੰਮ ਕਰਾਉਂਦਾ। ਦੂਜਾ ਸ਼ਹਿਰ ਵਿਚਲੀ ਕੋਠੀ ਵਿਚ ‘ਬੀਬੀ ਜੀ’ ਉਤੇ ਰੱਖਿਆ। ਤਨਖਾਹ ਦੋਵਾਂ ਦੀ ਗੌਰਮਿਲਟ ਤੋਂ ਲਈ ਜਾਂਦਾ। ਹੈ ਕਨੀ ਅੰਨ੍ਹੀ ਲੁੱਟ। ਤੇਰੇ ਸਾਹਮਣੇ ਐਨਾ ਕੰਮ ਕਰੀਦਾ- ਖੁਸ਼ ਫੇਰ ਵੀ ਨੀ ਮੇਰੇ ਪਤਿਆਉਰੇ। ਉਤੋਂ ਵਗਾਰਾਂ ‘ਤੇ ਵਗਾਰਾਂ ਪਾਈ ਜਾਣਗੇ। ਜੰਗਿਆ, ਦਫਤਰ ਦੇ ਕਲਰਕ ਆਸਤੇ ਝਾੜ ਕਰੇਲੇ ਲਿਆਵੇਂ ਨਾ ਲੱਭ ਕੇ ਕਿਧਰੋਂ। ਜੰਗਿਆ ਐਸ.ਡੀ.ਸੀ. ਘਰ ਸਾਗ ਦੇ ਆਵੀਂ। ਜੰਗਿਆ ਪਿੰਡ ਆਲੇ ਰਘਬੀਰ ਸਿਹੁੰ ਖੇਤੋਂ ਗੰਨੇ ਪੱਟ ਲਿਆਵੀਂ। ਜੰਗਿਆ ਐਸ.ਡੀ.ਓ. ਸਾਬ੍ਹ ਛੱਲੀਆਂ ਦੇ ਬੜੇ ਸ਼ੌਕੀਨ ਨੇ… ਕਿਧਰੋਂ ਛੱਲੀਆਂ ਲਿਆਵੇਂ ਨਾ। ਜੰਗਿਆ ਤੇਰੀ ਮੇਮ ਸਾਬ੍ਹ ਕਹਿੰਦੀ ਸੀ ਕਿਧਰੋਂ ਦੇਸੀ ਬੇਰ ਮਿਲ ਜਾਣ… ਲੱਭ ਕੇ ਲਿਆਵੀਂ ਡਰੇਨ ਤੋਂ। ਬਥੇਰੇ ਮਲ੍ਹੇ ਝਾੜੀਆਂ ਖੜ੍ਹੇ ਡਰੇਨ ‘ਤੇ। ਜੰਗਿਆ ਕਿਧਰੋਂ ਦੇਸੀ ਝਾੜ ਕਰੇਲੇ ਲੈ ਕੇ ਆ। ਜੰਗਿਆ ਮੇਰੀ ਕੁੜੀ ਦਾ ਯਾਰ ਗੁਆਚਿਆ, ਲੱਭ…। ”
“ਜਾਣਦੈ ਭਾਈਬੰਦਾ, ਹੋਰ ਈ ਗਰੁੜ ਪਰੌਣ ਸਨੌਣ ਲੱਗਾਂ। ਐਵੇਂ ਆਪਾਂ ਮੂੰਹ ਕਿਉਂ ਖਰਾਬ ਕਰਨਾ ਆਵਦਾ। ਵਕਤ ਕਟੀ ਕਰਨੀ… ਕਰੀ ਚਲੋ ਜਿਵੇਂ ਕਿਵੇਂ ਹੁੰਦੀ।”
“ਪਾਲ ਸਿਆਂ ਬੱਸ ਹਾਈ ਗੱਲ ਮਾਰੀ ਜਾਂਦੀ। ਪੇਟ ਕਰਾਵੇ ਪਰੇਟ। ਨਈ ਤਾਂ ਆਹ ਗੁਰਜੰਟ ਸਿਹੁੰ ਅਰਗਿਆਂ ਦੀ ਤਾਂ ਮਾਂ ਦੀ ਮਕਾਣੇ ਨਾ ਜਾਈਏ।” ਜੰਗੇ ਨੇ ਸੱਜੇ ਹੱਥ ਨਾਲ ਧਰਤੀ ‘ਤੇ ਜ਼ੋਰ ਪਾ ਕੇ ਉਠਦਿਆਂ ਘੜੀ ਵੱਲ ਨਿਗਾਹ ਮਾਰੀ।
“ਚੰਗਾ ਵਈ ਪਾਲ ਸਿਆਂ! ਜਾ ਆਵਾਂ ਮਕਾਣ ਸਾਬ੍ਹ ਦੀ। ਅਠਾਰਾਂ ਨੰਬਰ ਬੁਰਜੀ ‘ਤੇ ਗੁਪਤੇ ਠੇਕੇਦਾਰ ਦੀ ਲੇਬਰ ਕੋਲੋਂ ਹੋ ਕੇ ਫੇਰ ਬਾਈ ਨੰਬਰ ‘ਤੇ ਕਰੇਨ ਪੁਟਾਈ ਕਰਦੀ ਉਥੇ ਜਾਣਾ। ਉਤੋਂ ਟੈਮ ਹੋਇਆ ਡੂਢ ਦਾ। ਉਥੋਂ ਹੋ ਕੇ ਵਾਪਸ ਫੇਰ ਪੰਜ ਨੰਬਰ ਆਲੇ ਪੁਲ ‘ਤੇ ਆਉਣਾ। ਸ਼ੈਂਤ ਕਿਧਰੋਂ ਫਿਰਦਾ-ਤੁਰਦਾ ਮੇਅਟ ਆ ਜੇ। ਸ਼ਾਮ ਤਾਈਂ ਆ ਗਿਆ ਤਾਂ ਓਵਰਸੀਅਰ ਦੀ ਕੋਠੀ ਜਾ ਵੱਜੂੰ ਸ਼ਾਮੀਂ। ਰਾਹ ‘ਚ ਕਿਸੇ ਜੱਟ ਦਿਓਂ ਗੰਨੇ ਪੱਟ ਲਊਂ ਚਾਰ। ਖੁਸ਼ ਕਰ ਆਊਂ ਮੇਮ ਸਾਬ੍ਹ ਨੂੰ। ਤੂੰ ਆਪ ਸਿਆਣੈਂ, ਇਹ ਅਫਸਰ ਘਰ ਆਲ਼ੀਆਂ ਦੇ ਬਾਹਲਾ ਥੱਲੇ ਲੱਗੇ ਹੁੰਦੇ। ਮੇਮ ਸਾਬ੍ਹ ਖੁਸ਼ ਹੋਗੀ। ਸਮਝਲੋ, ਰੱਬ ਖੁਸ਼। ਆਈਂ ਪੈਰ ਲਾਉਣੈ ਮਹਿਕਮੇ ‘ਚ।” ਜੀਅ ਕਰੜਾ ਜਿਹਾ ਕਰ ਕੇ ਜੰਗੇ ਨੇ ਪਟੜੀ ਦੇ ਕਿਨਾਰੇ ਸੁੱਟਿਆ ਸਾਈਕਲ ਚੁੱਕਿਆ।
“ਭਾਈ ਬੰਦਾ! ਸਾਈਕਲ ਦੀ ਚੈਨ ਤੁੜਾਈ ਫਿਰਦੈਂ। ਜਾਮੇਂਗਾ ਕਿਮੇਂ?”
“ਆਹ ਦੋ ਕੋਹ ਵਾਟ ਨ੍ਹੀਂ ਹੋਣੀ ਮੋਠਾਂ ਆਲੀ। ਉਥੋਂ ਚੈਨ ਗੰਢਾ ਲਊਂ। ਉਥੇ ਤੱਕ ਧੂਹੀ ਜਾਨੈ। ਕਿਹੜਾ ਮਰਨ ਲੱਗੇ ਆਂ।”
“ਖੈਰ ਭਾਈਬੰਦਾ! ਤੇਰੀ ਮਰਜ਼ੀ ਛੱਬੀ ਨੰਬਰ ਬੁਰਜੀ ਤੋਂ ਹੋ ਕੇ ਵਾਪਸ ਪਟੜੀਏ ਨਾ ਮੁੜੀਂ। ਉਥੋਂ ਸਿੱਧਾ ਜੈਮਲ ਆਲੇ ਆ ਜੀਂ। ਕੱਚੀ ਪਟੜੀ ਆਉਂਦੀ। ਸਾਰੀ ਦੋ ਕੋਹ ਵਾਟ ਹੋਊ। ਕੱਚੇ ਰਾਹ ਤਾਂ ਲੱਤਾਂ ਰਹਿ ਜਾਣਗੀਆਂ।” ਪਾਲ ਨੇ ਇੱਕ ਤਰ੍ਹਾਂ ਨਕਸ਼ਾ ਖਿੱਚ ਦਿੱਤਾ ਸੀ।
“ਹਾਅ ਆਏਂ ਈ ਕਰੂੰ। ਚੱਕ ਵਈ ਜੰਗਿਆ, ਲੱਗ ਕਿਸੇ ਸਿਰੇ ਬੰਨੇ।” ਜੰਗੇ ਨੇ ਸਾਈਕਲ ਨੂੰ ਨਹੀਂ, ਜਿਵੇਂ ਸਾਈਕਲ ਨੇ ਜੰਗੇ ਨੂੰ ਧੂਹਿਆ।
ਜਦੋਂ ਜੰਗਾ ਛੱਬੀ ਨੰਬਰ ਤੋਂ ਗੇੜਾ ਮਾਰ ਕੇ ਵਾਪਸ ਪੰਜ ਨੰਬਰ ਆਲੇ ਪੁਲ ਕੋਲ ਕੰਮ ਕਰਦੀ ਲੇਬਰ ਕੋਲ ਪੁੱਜਾ, ਛੇ ਵਜੇ ਤੋਂ 10 ਮਿੰਟ ਉਪਰ ਹੋ ਚੁੱਕੇ ਸਨ। ਲੇਬਰ ਨੇ ਪਹਿਲੀ ਖਤਾਨੀ ਪੱਟ ਕੇ ਦੂਜੀ ਦਾ ਕੰਮ ਵੀ ਅੱਧਿਓਂ ਵੱਧ ਨਿਬੇੜ ਲਿਆ ਸੀ। ਪੱਟੀ ਗਈ ਮਿੱਟੀ ਦੀ ਮਿਣਤੀ ਕਰਨ ਲਈ ਛੱਡੀਆਂ ਗਈਆਂ ਧੋਬੜੀਆਂ ਜਿਸ ਨੂੰ ਠੇਕੇਦਾਰ ਤੇ ਓਵਰਸੀਅਰ ਡੈੱਡਮੈਨ ਆਖਦੇ ਸਨ, ਬ੍ਰਾਹਮਣ ਦੀ ਬੋਦੀ ਵਾਂਗੂੰ ਜਾਪਣ ਲੱਗੀਆਂ ਸਨ। ਜੰਗੇ ਦਾ ਆਪਣਾ ਸਰੀਰ ਦਰਦ ਕਰ ਰਿਹਾ ਸੀ। ਸਾਰਾ ਖੂਨ ਜਿਵੇਂ ਪੈਰਾਂ ਥੱਲੇ ਆ ਜਮ੍ਹਾਂ ਹੋਇਆ ਹੋਵੇ। ਪੈਰ ਮਣ-ਮਣ ਦੇ ਭਾਰੇ ਹੋ ਗਏ ਸਨ। ਉਸ ਤੋਂ ਮਸਾਂ ਈ ਧੂਹ ਕੇ ਤੁਰਿਆ ਜਾਂਦਾ ਸੀ।
“ਕਿਉਂ ਜੋਗਿੰਦਰ ਸਿਆਂ- ‘ਫੇਰੇ ਦੇਣਾ’ ਮੇਅਟ ਆਇਆ ਕਿ ਨਈਂ?”
“ਨਈ ਮਾਰਿਆ ਨ੍ਹੀ ਗੇੜਾ ਅਜੇ ਤੱਕ ਤਾਂ ਅੱਜ… ਊਂ ਕਈ ਵਾਰ ਲਹਿੰਦੇ ਜਏ ਵੇਲੇ ਆ ਧਮਕਦਾ ਹੁੰਦਾ ਕਿਧਰੋਂ। ਸ਼ੈਂਤ ਆ ਜੇ?”
‘ਮੇਅਟ ਦੇ ਨਾ ਆਉਣ ਬਾਰੇ ਸੁਣ ਕੇ ਜੰਗੇ ਦਾ ਦਿਲ ਜਵਾਂ ਹੀ ਬੈਠ ਗਿਆ। ਉਸ ਦਾ ਦਿਲ ਕੀਤਾ ਉਚੀ ਸਾਰੀ ਚੀਕ ਮਾਰੇ। ਉਹ ਹੌਲੀ-ਹੌਲੀ ਪੈਰ ਘੜੀਸਦਾ ਪੁਲੀ ‘ਤੇ ਜਾ ਬੈਠਾ। ਉਸ ਨੀਵੀਂ ਪਾ ਸਿਰ ਗੋਡਿਆਂ ਵਿਚ ਦੇ ਲਿਆ।
“ਸਰਦਾਰ ਜੰਗ ਸਿਆਂ, ਔਹ ਆਉਂਦਾ ਈ ਤੇਰਾ ਅਪਸਰ।” ਮੁਨਸ਼ੀ ਜੋਗਿੰਦਰ ਨੇ ਸ਼ਹਿਰੋਂ ਆਉਂਦੀ ਸੜਕ ਵੱਲੋਂ ਸਾਈਕਲ ਲਈ ਆਉਂਦੇ ਮੇਅਟ ਨੂੰ ਦੂਰੋਂ ਸਿਆਣ ਕੇ ਆਖਿਆ। ਜੰਗੇ ਦਾ ਜੀਅ ਕੀਤਾ ਮਿੱਟੀ ਪੁੱਟਦੇ ਬੰਦੇ ਤੋਂ ਕਹੀ ਫੜੇ ਤੇ ਮੇਅਟ ਦੀ ਧੌਣ ਲਾਹ ਸੁੱਟੇ।
ਮੇਅਟ ਦੇ ਕੋਲੇ ਪੁੱਜਣ ‘ਤੇ ਜੰਗੇ ਦਾ ਗੁੱਸਾ, ਗਧੇ ਦੇ ਸਿੰਗਾਂ ਵਾਂਗ ਕਿਧਰੇ ਉਡ ਗਿਆ। ਉਸ ਨੇ ਗਹੁ ਨਾਲ ਵੇਖਿਆ, ਮੇਅਟ ਨੇ ਉਸ ਵੱਲ ਵੇਖਦਿਆਂ ਮੂੰਹ ਢਿੱਲਾ ਜਿਹਾ ਬਣਾ ਲਿਆ ਸੀ।
“ਮੇਰਾ ਸਾਲਾ ਮੂੰਹ ਆਏਂ ਬਣਾਈ ਫਿਰਦਾ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ। ਹੁਣ ਕੋਈ ਲੌਅਰ ਲਾਊ। ਗਪੌੜ ਮਾਰੂ ਕਵੰਟਲ-ਕਵੰਟਲ ਦੇ।” ਜੰਗੇ ਨੇ ਅੰਦਰੇ-ਅੰਦਰ ਮੇਅਟ ਨੂੰ ਗਾਲ੍ਹ ਕੱਢੀ।
ਜੋਗਿੰਦਰ ਮੁਨਸ਼ੀ ਨੇ ਲੇਬਰ ਵਾਲੇ ਮੁੰਡੇ ਨੂੰ ਮੇਅਟ ਲਈ ਪਾਣੀ ਲੈਣ ਭੇਜ ਦਿੱਤਾ ਸੀ।
“ਜੰਗ ਸਿਆਂ, ਆਹ ਲੈ ਫੜ ਤਨਖਾਹ। ਮੈਂ ਦਫਤਰ ਗਿਆ ਸੀ। ਓਵਰਸੀਅਰ ਨੇ ਮੈਨੂੰ ਦੇਤੀ। ਕਹਿੰਦਾ ਜੰਗ ਸਿਹੁੰ ਨੂੰ ਫੜਾ ਦੀਂ। ” ਮੇਅਟ ਨੇ ਪੋਲੀਥੀਨ ਦੇ ਲਿਫਾਫੇ ਵਿਚ ਲਪੇਟੇ ਨੋਟ ਬੇਲਦਾਰ ਜੰਗੇ ਨੂੰ ਫੜਾ ਦਿੱਤੇ। ਪਤਾ ਨਈਂ ਕਿਉਂ, ਤਨਖਾਹ ਦੇ ਨੋਟ ਫੜਦਿਆਂ ਜੰਗੇ ਨੂੰ ਇਸ ਵਾਰ ਕੋਈ ਖੁਸ਼ੀ ਨਹੀਂ ਸੀ ਹੋਈ।
“ਬੜੇ ਆਹਲਾ ਅਫਸਰ ਆ ਥੋਡੇ ਜੰਗ ਸਿਆਂ… ਵੇਖ ਲਾ ਤਨਖਾਹ ਵੀ ਮਗਰ ਈ ਭੇਜਦੇ। ਬੜਾ ਫਿਕਰ ਰੱਖਦੇ ਥੋਡਾ। ਸਰਦਾਰ ਮਿਹਰ ਸਿਹੁੰ ਵੱਲ ਵੇਖ ਲਾ, ਤੇਰੀ ਤਨਖਾਹ ਬਦਲੇ ਸ਼ਹਿਰ ਗਿਆ।” ਮੁਨਸ਼ੀ ਜੋਗਿੰਦਰ ਸਿਹੁੰ ਨੇ ਮਿਹਰ ਸਿਹੁੰ ਮੇਅਟ ਨੂੰ ਫੂਕ ਛਕਾਈ ਸੀ।
ਜੰਗੇ ਅਤੇ ਮੇਅਟ ਦੋਹਾਂ ‘ਚੋਂ ਕਿਸੇ ਨੇ ਵੀ ਮੁਨਸ਼ੀ ਦੀ ਗੱਲ ਦਾ ਉਤਰ ਨਾ ਦਿੱਤਾ।
“ਜੰਗਿਆ! ਇੱਕ ਨਵਾਂ ਬੇਲਦਾਰ ਆ ਰਿਹਾ ਕੱਲ੍ਹ ਤੋਂ ਆਪਣੇ ਕੰਮ ‘ਤੇ। ਸੁਣਿਆ ਜੇ.ਈ. ਸਾਬ੍ਹ ਦਾ ਦੂਰ ਨੇੜੇ ਦਾ ਰਿਸ਼ਤੇਦਾਰ ਆ। ਪਤਾ ਨਈਂ ਰਿਸ਼ਤੇਦਾਰ ਹੈ ਵੀ ਐ ਕਿ ਨਹੀਂ। ਉਹਦੀ ਭੂਆ ਦੇ ਪਿੰਡੋਂ ਆ।”
“ਹੱਛਾ! ਚੱਲੋ ਚੰਗਾ ਹੋਇਆ, ਕਿਸੇ ਭਰਾ ਨੂੰ ਰੁਜ਼ਗਾਰ ਮਿਲਿਆ। ਨਾਲੇ ਐਥੇ ‘ਕੱਲੇ ਬੰਦੇ ਦਾ ਕੰਮ ਥੋੜ੍ਹਾ ਸੀ। ਐਨੇ ਕੰਮ ‘ਤੇ ਨਿਗਰਾਨੀ ਹੁੰਦੀ ਭਲਾ ਕੱਲੇ ਬੰਦੇ ਤੋਂ?” ਜੰਗੇ ਦੇ ਮੂੰਹੋਂ ਆਪ-ਮੁਹਾਰੇ ਨਿਕਲਿਆ ਸੀ।
ਮਿਹਰ ਸਿਹੁੰ ਨੇ ਮੂੰਹ ਹੋਰ ਵੀ ਵੱਧ ਮਸੋਸਿਆ ਜਿਹਾ ਬਣਾ ਲਿਆ ਸੀ। ਜੰਗੇ ਨੇ ਉਸ ਦੇ ਮੂੰਹ ਵੱਲ ਵੇਖਿਆ ਤਾਂ ਮੇਅਟ ਦੇ ਮੂੰਹ ‘ਤੇ ਪਸਰੀ ਉਦਾਸੀ ਵੱਲ ਵੇਖ ਉਸ ਦਾ ਦਿਲ ਘਟਣ ਲੱਗਾ।
“ਜੰਗ ਸਿਆਂ! ਜੇ.ਈ. ਸਾਬ੍ਹ ਕਹਿੰਦੇ ਸੀ ਉਪਰੋਂ ਆਡਰ ਆਏ ਵਈ ਪੱਕੇ ਬੰਦੇ ਰੱਖਣੇ ਪਲਾਈਮਿੰਟ ਰਾਹੀਂ। ਜੇ.ਈ. ਸਾਬ੍ਹ ਕਹਿੰਦੇ ਸੀ ਜੰਗੇ ਨੂੰ ਕਹੀਂ ਛੁੱਟੀ ਕਰ ਲੇ। ਜੇ.ਈ. ਸਾਬ੍ਹ ਕਹਿੰਦੇ ਸੀ ਜਦੋਂ ਕਿਤੇ ਦੁਬਾਰਾ ਲੋੜ ਹੋਈ, ਬੁਲਾ ਲਾਂਗੇ। ਜੇ.ਈ. ਸਾਹਬ ਕਹਿੰਦੇ…।”
ਮਿਹਰ ਸਿਹੁੰ ਮੇਅਟ ਨੇ ਅੱਗੇ ਕੀ ਕਿਹਾ, ਜੰਗੇ ਨੂੰ ਕੁਝ ਸੁਣਾਈ ਨਹੀਂ ਸੀ ਦਿੱਤਾ।