ਦਸਤਾਰਧਾਰੀ ਜੱਜ ਪਲਬਿੰਦਰ ਕੌਰ ਨੂੰ ਮਿਲਦਿਆਂ

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-97798-53245
ਛੋਟੇ ਹੁੰਦਿਆਂ ਸਾਡੀ ਸਾਧਾਰਣ ਬਾਤ-ਚੀਤ ਤੋਂ ਇਹ ਮਾਨਸਿਕਤਾ ਬਣ ਚੁਕੀ ਸੀ ਕਿ ਦੁਨੀਆਂ ਵਿਚ ਸਭ ਤੋਂ ਵੱਡੀ ਪਦਵੀ ਜੱਜ ਦੀ ਹੀ ਹੁੰਦੀ ਹੈ। ਅਸੀਂ ਝੱਟ ਹੀ ਇੱਕ ਦੂਜੇ ਨੂੰ ਕਹਿ ਦਿੰਦੇ, “ਤੂੰ ਮੇਰੇ `ਤੇ ਜੱਜ ਲੱਗੈਂ?”

ਪਿੰਡਾਂ ਵਾਲਿਆਂ ਦੇ ਨਿੱਕੇ-ਮੋਟੇ ਝਗੜੇ ਜਦ ਕਚਹਿਰੀ ਪਹੁੰਚ ਜਾਂਦੇ ਤਾਂ ਉਨ੍ਹਾਂ ਨੂੰ ਜੱਜ ਰੱਬ ਵਰਗਾ ਲੱਗਦਾ।…ਤੇ ਫਿਰ ਬਈ ਜਦੋਂ ਪਤਾ ਲੱਗੇ ਕਿ ਕੋਈ ਕੁੜੀ, ਉਹ ਵੀ ਪੰਜਾਬ ਦੀ ਕੁੜੀ, ਜੱਜ ਲੱਗ ਗਈ ਹੈ, ਤੇ ਲੱਗੀ ਵੀ ਕੈਨੇਡਾ ਵਰਗੇ ਦੇਸ਼ ਵਿਚ ਹੈ, ਹੈ ਵੀ ਦਸਤਾਰਧਾਰੀ, ਤਾਂ ਪੇਂਡੂ ਮਾਨਸਿਕਤਾ ਨੂੰ ਉਹ ਵੱਡ-ਵਡੇਰੀ ਪ੍ਰਾਪਤੀ ਪ੍ਰਤੀਤ ਹੋਣੀ ਸੁਭਾਵਿਕ ਸੀ। ਮੇਰੀ ਬੜੀ ਖਾਹਿਸ਼ ਸੀ ਕਿ ਪਲਬਿੰਦਰ ਕੌਰ ਨੂੰ ਮਿਲਿਆ ਜਾਵੇ। ਬੇਟਾ ਕੈਨੇਡਾ ਹੋਣ ਕਰਕੇ ਸਰੀ ਵੱਲ ਆਉਣ-ਜਾਣ ਤਾਂ ਬਣਿਆ ਹੀ ਰਹਿੰਦਾ ਸੀ। ਮੈਂ ਆਪਣੀ 2019 ਵਾਲੀ ਫੇਰੀ ਮੌਕੇ ਅਗਾਊਂ ਹੀ ਪਲਬਿੰਦਰ ਕੌਰ ਦੀ ਈ-ਮੇਲ ਦਾ ਪਤਾ ਕਰਕੇ ਉਸ `ਤੇ ਤਿੰਨ-ਚਾਰ ਵਾਰੀ ਅਪੁਆਇੰਟਮੈਂਟ ਲੈਣੀ ਚਾਹੀ, ਪਰ ਕੋਈ ਜੁਆਬ ਨਾ ਮਿਲਿਆ। ਉਹ ਵੱਡੀ ਪਦਵੀ `ਤੇ ਸੀ ਅਤੇ ਮੇਰੇ ਮਿਲਣ ਦਾ ਕੋਈ ਖਾਸ ਏਜੰਡਾ ਵੀ ਨਹੀਂ ਸੀ।
ਖੈਰ! ਕੈਨੇਡਾ ਪਹੁੰਚਣ `ਤੇ ਕੁਦਰਤੀ ਮਿਲਣ ਦਾ ਸਬੱਬ ਬਣ ਗਿਆ। ਮੈਂ ਉਥੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਵੱਲੋਂ ਪੰਜਾਬ ਭਵਨ ਦੇ ਸਹਿਯੋਗ ਨਾਲ ਕਰਾਏ ਜਾ ਰਹੇ ਦੋ ਰੋਜ਼ਾ ਕਾਨਫਰੰਸ `ਤੇ ਇੱਕ ਪੇਪਰ ਪੜ੍ਹਨਾ ਸੀ। ਇਸ ਸੈਸ਼ਨ ਦੀ ਸਦਾਰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਰਨੀ ਸੀ। ਪਹਿਲੇ ਦਿਨ ਪਹਿਲੇ ਸੈਸ਼ਨ ਵਿਚ ਇੱਕ ਸਰਦਾਰ ਜੀ, ਸ. ਗਿਆਨ ਸਿੰਘ ਸੰਧੂ ਬਹੁਤ ਸੋਹਣਾ ਬੋਲੇ। ਲੰਚ ਬਰੇਕ `ਤੇ ਮੈਂ ਉਨ੍ਹਾਂ ਨਾਲ ਗੱਲੀਂ ਪੈ ਗਿਆ। ਮੇਰੇ ਦਸਤਾਰ ਬਾਰੇ ਕੀਤੇ ਅਧਿਐਨ ਬਾਰੇ ਗੱਲਾਂ ਚੱਲ ਪਈਆਂ। ਗੱਲਾਂ ਵਿਚ ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਸਭ ਤੋਂ ਪਹਿਲੀ ਦਸਤਾਰਧਾਰੀ ਜੱਜ ਪਲਬਿੰਦਰ ਕੌਰ ਉਨ੍ਹਾਂ ਦੀ ਬੇਟੀ ਹੈ। ਵਾਹ ਜੀ ਵਾਹ! “ਮੇਰੀ ਤਾਂ ਬੜੀ ਖਾਹਿਸ਼ ਹੈ, ਉਨ੍ਹਾਂ ਨੂੰ ਮਿਲਣ ਦੀ।” ਮੈਨੂੰ ਉਨ੍ਹਾਂ ਦੱਸਿਆ ਕਿ ਰੁਟੀਨ ਵਿਚ ਉਸ ਨੂੰ ਮਿਲਣਾ ਤਾਂ ਬੜਾ ਔਖਾ ਹੈ, ਪਰ ਉਹ ਕੋਸ਼ਿਸ਼ ਕਰਨਗੇ ਕਿ ਕਿਸੇ ਤਰ੍ਹਾਂ ਗੁਰਦੁਆਰੇ ਆਇਆਂ-ਗਿਆਂ ਮੈਨੂੰ ਮਿਲਾਉਣ ਦਾ ਮੌਕਾ ਬਣਾਇਆ ਜਾ ਸਕੇ।
ਕੁਦਰਤਨ ਇਹ ਮੌਕਾ ਵੀ ਬਣ ਗਿਆ। ਮੇਰੇ ਕਾਲਜ ਵੇਲੇ ਦੇ ਦੋਸਤ ਇੰਦਰਜੀਤ ਸਿੰਘ ਬੱਲ ਰਹਿੰਦੇ ਤਾਂ ਭਾਵੇਂ ਟੋਰਾਂਟੋ ਹਨ, ਪਰ ਉਨ੍ਹਾਂ ਦੀ ਪਿਆਰੀ ਜਿਹੀ ਧੀ ਜਸਪ੍ਰੀਤ ਪੀਐਚ.ਡੀ ਕਰਦਿਆਂ ਸਾਨੂੰ ਪੰਜਾਬ ਮਿਲਦੀ-ਗਿਲਦੀ ਰਹਿੰਦੀ ਸੀ, ਉਹ ਸਰੀ ਵਿਆਹੀ ਗਈ ਸੀ ਤੇ ਉਸ ਨੇ ਸ਼ੁਕਰਾਨੇ ਵਜੋਂ ਖਾਲਸਾ ਸਕੂਲ ਸਰੀ ਦੇ ਕਮਿਉਨਿਟੀ ਹਾਲ ਵਿਚ ਅਖੰਡ ਸਾਹਿਬ ਦਾ ਭੋਗ ਅਤੇ ਕੀਰਤਨ ਸਮਾਗਮ ਆਯੋਜਿਤ ਕੀਤਾ ਸੀ। ਇੱਥੇ ਕਿ ਪਲਬਿੰਦਰ ਕੌਰ ਦੇ ਆਉਣ ਦੀ ਵੀ ਪੂਰੀ ਉਮੀਦ ਸੀ, ਕਿਉਂਕਿ ਇਹ ਸਾਰੇ ਪਰਿਵਾਰ ਹੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਿਚ ਸਰਗਰਮ ਰਹੇ ਹਨ।
ਰੁੜਕਾ ਕਲਾਂ (ਜਲੰਧਰ) ਵਿਚ ਜਨਮੀ ਪਲਬਿੰਦਰ ਅਜੇ ਚਾਰ ਸਾਲਾਂ ਦੀ ਹੀ ਸੀ ਕਿ ਪਰਿਵਾਰ ਕੈਨੇਡਾ ਸ਼ਿਫਟ ਹੋ ਗਿਆ। ਵੈਨਕੂਵਰ ਤੋਂ ਕਾਫੀ ਦੂਰ ਵਿਲੀਅਮਜ਼ ਲੇਕ ਸਕੂਲ ਵਿਚ ਉਸ ਨੇ ਆਪਣੀ ਵੱਡੀ ਭੈਣ ਅਤੇ ਛੋਟੇ ਭਰਾ ਸਮੇਤ ਮੁਢਲੀ ਵਿਦਿਆ ਪ੍ਰਾਪਤ ਕੀਤੀ। ਉਸ ਦੇ ਮਾਪਿਆਂ ਨੇ ਇਹ ਮਹਿਸੂਸ ਕੀਤਾ ਕਿ ਸਕੂਲ ਦੇ ਸਿਲੇਬਸ ਅਤੇ ਆਲੇ-ਦੁਆਲੇ ਦੇ ਮਾਹੌਲ ਵਿਚ ਹਿੰਦੁਸਤਾਨ, ਪੰਜਾਬ ਅਤੇ ਸਿੱਖ ਧਰਮ ਨੂੰ ਬੜੇ ਉਲਾਰੂ ਢੰਗ ਨਾਲ ਪੇਸ਼ ਕੀਤਾ ਜਾਂਦਾ ਸੀ, ਇਸ ਲਈ ਬੱਚਿਆਂ ਨੂੰ ਪੰਜਾਬ ਅਤੇ ਹਿੰਦੁਸਤਾਨ ਨਜ਼ਦੀਕ ਤੋਂ ਦਿਖਾਉਣ ਲਈ ਮਾਤ ਭੂਮੀ ਦੇ ਲੰਬੇ ਟੂਰ ਲਵਾਉਣੇ ਚਾਹੀਦੇ ਹਨ। ਹਰਿਮੰਦਰ ਸਾਹਿਬ ਤੋਂ ਹਜ਼ੂਰ ਸਹਿਬ ਦੀ ਇੱਕ ਸੜਕ ਤੀਰਥ ਯਾਤਰਾ ਉਪਰੰਤ ਪਲਬਿੰਦਰ ਕੌਰ ਨੇ ਮਹਿਸੂਸ ਕੀਤਾ ਕਿ ਉਹ ਭਾਵੇਂ ਦੁਨੀਆਂ ਵਿਚ ਘੱਟ-ਗਿਣਤੀ ਕੌਮ ਨਾਲ ਸੰਬੰਧਿਤ ਹੈ, ਪਰ ਉਸ ਦੀ ਵਿਰਾਸਤ ਬੇਹੱਦ ਮਾਏ-ਨਾਜ਼ ਹੈ। ਇਸ ਵਿਰਾਸਤ ਨੂੰ ਉਸ ਦੇ ਨਾਨਾ ਜੀ ਨੇ ਇੰਗਲੈਂਡ ਰਹਿੰਦਿਆਂ ਵੀ ਸਾਂਭ ਰੱਖਿਆ ਸੀ ਅਤੇ ਕੈਨੇਡਾ ਵਿਚ ਉਸ ਦੇ ਨਾਨਕਿਆਂ ਨੇ ਵੀ।
ਸੰਨ 1917 ਵਿਚ ਜਦ ਉਸ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਪਹਿਲੀ ਦਸਤਾਰਧਾਰੀ (ਅੰਮ੍ਰਿਤਧਾਰੀ) ਜੱਜ ਨਿਯੁਕਤ ਕੀਤਾ ਗਿਆ ਤਾਂ ਉਸ ਸਮੇਂ ਤੱਕ ਉਹ ਮਨੁੱਖੀ ਅਧਿਕਾਰਾਂ ਦੀ ਮੰਨੀ-ਪ੍ਰਮੰਨੀ ਡਿਫੈਂਸ ਐਡਵੋਕੇਟ ਬਣ ਚੁਕੀ ਸੀ। ਉਸ ਨੇ ਸਿੱਖ ਕੱਕਾਰਾਂ ਖਿਲਾਫ ਹਰ ਉਸ ਐਕਟ ਦਾ ਬਾਦਲੀਲ ਵਿਰੋਧ ਕੀਤਾ ਸੀ, ਜੋ ਕਿਸੇ ਇੱਕ ਵੀ ਸਿੱਖ ਨੂੰ ਧਾਰਮਿਕ ਹੱਕ ਤੋਂ ਵਾਂਝਾ ਕਰਦਾ ਸੀ। ਨਾ ਸਿਰਫ ਸਿੱਖ ਧਰਮ ਲਈ, ਸਗੋਂ ਉਹ ਯਹੂਦੀ, ਈਸਾਈ, ਮੁਸਲਿਮ ਲੋਕਾਂ ਦੀ ਧਾਰਮਿਕ ਆਜ਼ਾਦੀ ਅਤੇ ਮਾਨਵੀ ਅਧਿਕਾਰਾਂ ਲਈ ਆਰਥਿਕਤਾ ਤੋਂ ਉੱਪਰ ਉੱਠ ਕੇ ਸੇਵਾ ਭਾਵ ਨਾਲ ਕੇਸ ਲੜਦੀ ਰਹੀ। ਧਾਰਮਿਕ ਮੁੱਦਿਆਂ ‘ਤੇ ਉਸ ਦੀ ਧਾਰਨਾ ਸਪਸ਼ਟ ਸੀ। ਕੁਝ ਕੇਸਾਂ ਦੇ ਸੰਦਰਭ ਵਿਚ ਉਸ ਨੇ ਕੈਨੇਡੀਅਨ ਕਾਨੂੰਨਦਾਨਾਂ ਨੂੰ ਨਵੇਂ ਸਿਰਿਓਂ ਸੋਚਣ ਲਈ ਮਜਬੂਰ ਕਰ ਦਿੱਤਾ। ਇੱਕ ਯਹੂਦੀ ਕੇਸ ਦੇ ਸੰਬੰਧ ਵਿਚ ਉਸ ਦੀ ਨਿਵੇਕਲੀ ਦਲੀਲ ਸੀ ਕਿ ਭਾਵੇਂ ਧਰਮ ਇੱਕ ਸਮੂਹਿਕ ਵਰਤਾਰਾ ਹੈ ਅਤੇ ਉਸ ਸੰਬੰਧ ਵਿਚ ਧਾਰਮਿਕ-ਵਿਸ਼ੇਸ਼ਗ ਦਾ ਕਥਨ ਤੇ ਦਲੀਲ ਮਹੱਤਵਪੂਰਨ ਹੋ ਸਕਦੀ ਹੈ, ਪਰ ਉਸ ਤੋਂ ਵੀ ਵੱਧ ਮਹੱਤਵਪੂਰਨ ਹੈ ਵਿਅਕਤੀਗਤ ਰੂਹਾਨੀਅਤ। ਪ੍ਰਭੂ-ਭਗਤੀ, ਪ੍ਰਭੂ ਅਤੇ ਭਗਤ-ਜਨ ਦਾ ਵਿਅਕਤੀਗਤ ਤਾਲ-ਮੇਲ ਹੈ, ਇਸ ਲਈ ਵਿਅਕਤੀਗਤ ਅਹਿਸਾਸ ਅਤੇ ਅਨੁਭਵ ਨੂੰ ਬਣਦਾ ਮਹੱਤਵ ਮਿਲਣਾ ਚਾਹੀਦਾ ਹੈ।
ਇਸੇ ਤਰ੍ਹਾਂ ਦਸਤਾਰ ਦਾ ਇੱਕ ਸਿੱਖ ਵਿਅਕਤੀ ਨਾਲ ਸੰਬੰਧ ਕੇਵਲ ਵਾਲ ਢਕਣ ਤੱਕ ਮਹਿਦੂਦ ਨਹੀਂ ਹੁੰਦਾ, ਦਸਤਾਰ ਦਾ ਕਿਸੇ ਸਿੱਖ ਦੀ ਵਿਅਕਤੀਗਤ ਰੂਹਾਨੀਅਤ ਅਤੇ ਮਾਨਸਿਕਤਾ ਨਾਲ ਕਿੰਨਾ ਗਹਿਰਾ ਸੰਬੰਧ ਹੋ ਸਕਦਾ ਹੈ, ਉਸ ਵਿਅਕਤੀ ਤੋਂ ਵੱਧ ਕੋਈ ਨਹੀਂ ਜਾਣ ਸਕਦਾ। ਉਸ ਸੰਬੰਧ ਦੀ ਸ਼ਿੱਦਤ ਕਈ ਵਾਰ ਉਸ ਵਿਅਕਤੀ ਵਿਸ਼ੇਸ਼ ਲਈ ਵੀ ਕਾਨੂੰਨੀ ਭਾਸ਼ਾ ਵਿਚ ਬਿਆਨ ਕਰਨੀ ਔਖੀ ਹੋ ਸਕਦੀ ਹੈ।
ਵਿਅਕਤੀਗਤ ਤੌਰ `ਤੇ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਮਿਲਦਿਆਂ ਮੈਂ ਰਤਾ ਵੀ ਮਹਿਸੂਸ ਨਹੀਂ ਸਾਂ ਕਰ ਰਿਹਾ ਕਿ ਮੈਂ ਕਿਸੇ ਉੱਚ ਪਦਵੀ ‘ਤੇ ਸੁਭਾਇਮਾਨ ਔਰਤ ਦੀ ਸੰਗਤ ਵਿਚ ਸਾਂ। ਉਸ ਦੇ ਚਿਹਰੇ `ਤੇ ਕਿਤੇ ਰਤਾ ਵੀ ਬਨਾਉਟੀਪਣ ਨਹੀਂ ਸੀ, ਸਾਬਤ-ਸੂਰਤ ਦੀ ਸਾਖਿਆਤ ਮੂਰਤ ਸੀ ਉਹ। ਨਾ ਹੀ ਕੋਈ ਜਜ਼ਬਾਤੀ ਅਹਿਮ, ਫਹਿਮ ਜਾਂ ਵਹਿਮ ਉਸ ਦੇ ਚਿਹਰੇ ਤੋਂ ਝਲਕਦਾ ਸੀ। ਉਸ ਦੀ ਦਸਤਾਰ ਨੇ ਉਸ ਨੂੰ ਉੱਚਤਾ-ਸੁੱਚਤਾ ਬਖਸ਼ ਰੱਖੀ ਸੀ ਅਤੇ ਉਸ ਦੇ ਅਹੁਦੇ ਨੇ ਦਸਤਾਰ ਦੀ ਆਨ, ਮਾਨ ਅਤੇ ਸ਼ਾਨ ਨੂੰ ਚਾਰ ਚੰਨ ਲਾ ਦਿੱਤੇ ਸਨ।
ਸ਼ਾਲਾ! ਜਿਉਣ ਇਹੋ ਜਿਹੀਆਂ ਪੰਜਾਬਣ ਧੀਆਂ!!