ਜਰੂਰੀ ਹੈ ਕਿਸਾਨ ਅੰਦੋਲਨ ਦੀ ਧਾਰ ਨੂੰ ਤਿੱਖਾ ਰੱਖਣਾ

ਸੁਖਵੀਰ ਸਿੰਘ ਕੰਗ
ਕੋਟਲਾ ਸ਼ਮਸ਼ਪੁਰ, ਲੁਧਿਆਣਾ
ਫੋਨ: 91-85678-72291
ਦੇਸ਼ ਦੀ ਕੇਂਦਰੀ ਸਰਕਾਰ ਵਲੋਂ ਸੰਘੀ ਢਾਂਚੇ ਅਧੀਨ ਰਾਜਾਂ ਨੂੰ ਮਿਲੇ ਅਧਿਕਾਰਾਂ ਦੀਆਂ ਹੱਦਾਂ ਉਲੰਘ ਕੇ ਖੇਤੀ ਸਬੰਧੀ ਬਣਾਏ ਕਿਸਾਨ ਮਾਰੂ ਕੁਝ ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਪੰਜਾਬ ਵਿਚੋਂ ਉੱਠੇ ਕਿਸਾਨ ਅੰਦੋਲਨ ਨੂੰ ਇਸ ਦੇ ਗੁਆਂਢੀ ਰਾਜਾਂ ਤੋਂ ਇੱਕ ਦਮ ਹਮਾਇਤ ਮਿਲੀ ਅਤੇ ਛੇਤੀ ਹੀ ਸਾਰੇ ਰਾਜਾਂ ਸਮੇਤ ਬਹੁ-ਗਿਣਤੀ ਵਰਗ ਇਸ ਦੇ ਸਮਰਥਨ ਵਿਚ ਆ ਡਟੇ। ਸਮੁੱਚੇ ਦੇਸ਼ ਵਿਚੋਂ ਕਿਸਾਨ ਅੰਦੋਲਨ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਬਾਅਦ ਇਸ ਦੀ ਗੱਲ ਵਿਦੇਸ਼ਾਂ ਵਿਚ ਵੀ ਹੋਣ ਲੱਗੀ।

ਇੱਕ ਸਮਾਂ ਅਜਿਹਾ ਵੀ ਆਇਆ ਕਿ ਇਸ ਅੰਦੋਲਨ ਉੱਪਰ ਪੂਰੇ ਵਿਸ਼ਵ ਦੀਆਂ ਨਿਗਾਹਾਂ ਟਿਕ ਗਈਆਂ ਸਨ। ਅਨੇਕ ਦੇਸ਼ਾਂ ਦੀਆਂ ਸ਼ਾਸਕੀ ਸੰਸਥਾਵਾਂ ਵਿਚ ਭਾਰਤ ਵਿਚ ਹੋ ਰਹੇ ਕਿਸਾਨ ਅੰਦੋਲਨ ਦਾ ਜਿ਼ਕਰ ਹੋਇਆ ਅਤੇ ਹਰ ਥਾਂ ਇਸ ਦੇ ਹੱਕੀ ਸੰਘਰਸ਼ ਹੋਣ ਉਪਰ ਮੋਹਰ ਲਾਈ ਗਈ। ਦੁਨੀਆਂ ਪੱਧਰ `ਤੇ ਇਸ ਅੰਦੋਲਨ ਦੇ ਸੰਚਾਲਨ ਦੀ ਵਿਧੀ ਅਤੇ ਤਾਕਤ ਨੂੰ ਸਲਾਹਿਆ ਗਿਆ। ਵਿਸ਼ਵ ਭਰ ਵਿਚ ਪ੍ਰਸਿੱਧੀ ਪ੍ਰਾਪਤ ਬਹੁਤ ਸਾਰੀਆਂ ਹਸਤੀਆਂ ਨੇ ਇਸ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਅੰਦੋਲਨ ਦੀਆਂ ਮੰਗਾਂ ਦੇ ਜਾਇਜ਼ ਹੋਣ ਕਾਰਨ ਇਹ ਹਮਾਇਤ ਆਪ ਮੁਹਾਰੇ ਹੋ ਰਹੀ ਸੀ। ਮਾਨਵਤਾ ਦੀ ਭਲਾਈ ਪ੍ਰਤੀ ਚਿੰਤਤ ਅਤੇ ਸਰਗਰਮ ਸ਼ਖਸੀਅਤਾਂ ਨੇ ਆਪਣਾ ਫਰਜ ਸਮਝਦਿਆਂ ਇਸ ਅੰਦੋਲਨ ਦੇ ਪੱਖ ਵਿਚ ਆਵਾਜ਼ ਉਠਾਈ।
ਇਸ ਮੋੜ `ਤੇ ਆਪ ਮੁਹਾਰੇ ਮਿਲ ਰਹੀ ਇਸ ਹਮਾਇਤ ਨੂੰ ਸਤਿਕਾਰਨ, ਸਾਂਭਣ ਅਤੇ ਹੋਰ ਅੱਗੇ ਵਧਾਉਣ ਲਈ ਯਤਨਾਂ ਦੀ ਲੋੜ ਸੀ। ਕਿਸੇ ਵੀ ਰਹਿਮਤ ਤੇ ਬਖਸਿ਼ਸ਼ ਨੂੰ ਬਰਕਰਾਰ ਰੱਖਣ ਲਈ ਅਤੇ ਆਪਣੀ ਪਾਤਰਤਾ ਬਣਾਈ ਰੱਖਣ ਲਈ ਮਿਹਨਤ ਤੇ ਯਤਨਾਂ ਰੂਪ ਵਿਚ ਤਪੱਸਿਆ ਦੀ ਲੋੜ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ਇਸ ਹਮਾਇਤ ਨੂੰ ਕਾਇਮ ਰੱਖਣ ਅਤੇ ਬਟੋਰਨ ਲਈ ਇਸ ਨੂੰ ਸੰਭਾਲਣ ਤੇ ਅੱਗੇ ਵਧਾਉਣ ਲਈ ਹਮਾਇਤੀ ਹਸਤੀਆਂ ਨਾਲ ਰਾਬਤਾ ਤੇ ਨੇੜਤਾ ਬਣਾਉਣ ਦੀ ਬਹੁਤ ਲੋੜ ਸੀ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਆਪਣੇ ਆਪ ਨੂੰ ਤਜਰਬੇਕਾਰ, ਸੁਪਰੀਮ ਅਤੇ ਸਮਰੱਥ ਮੰਨਦੀ ਕਿਸਾਨ ਅਗਵਾਈ ਇਸ ਥਾਪੜੇ ਦਾ ਪੂਰਾ ਮੁੱਲ ਨਹੀਂ ਬਟੋਰ ਸਕੀ। ਇਸ ਸੁਨਹਿਰੇ ਮੌਕੇ ਦਾ ਲਾਹਾ ਲੈਂਦਿਆਂ, ਸੰਪਰਕ ਬਣਾ ਕੇ ਅਤੇ ਇਸ ਹਮਾਇਤ ਨੂੰ ਉਭਾਰ ਕੇ ਅੰਦੋਲਨ ਦੀ ਤਾਕਤ ਨੂੰ ਵਧਾਇਆ ਜਾਣਾ ਚਾਹੀਦਾ ਸੀ, ਪਰ ਇਸ ਸਬੰਧੀ ਯਤਨਾਂ ਦੀ ਘਾਟ ਰਹੀ। ਮੌਕੇ ਦੀ ਕਿਸਾਨ ਅਗਵਾਈ ਦੀ ਅਣਗਹਿਲੀ ਤੇ ਨਾਕਾਮੀ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਨੂੰ ਆਪਣੀਆਂ ਭਾੜੇ ਦੀਆਂ ਹਸਤੀਆਂ ਰਾਹੀਂ ਇਸ ਹਮਾਇਤ ਨੂੰ ਟੱਕਰ ਦੇਣ ਦਾ ਮੌਕਾ ਮਿਲ ਗਿਆ। ਇਸੇ ਢਿੱਲ੍ਹ ਕਾਰਨ ਹੀ ਸਰਕਾਰ ਨੂੰ ਮੁੱਖ ਵਿਦੇਸ਼ੀ ਹਮਾਇਤੀ ਹਸਤੀਆਂ ਨੂੰ ਕਾਨੂੰਨੀ ਕਾਰਵਾਈਆਂ ਨਾਲ ਡਰਾ ਲੈਣ ਦਾ ਹੌਸਲਾ ਮਿਲਿਆ, ਜਿਸ ਦੇ ਨਤੀਜੇ ਵਜੋਂ ਇਸ ਸਿਲਸਿਲੇ ਦੇ ਅੱਗੇ ਵਧਣ ਵਿਚ ਅੜਿੱਕਾ ਪੈ ਗਿਆ।
ਇਸੇ ਤਰ੍ਹਾਂ ਕਈ ਮੁਲਕਾਂ ਦੀਆਂ ਪਾਰਲੀਮੈਂਟਾਂ ਵਿਚ ਭਾਰਤ ਦੇ ਕਿਸਾਨ ਅੰਦੋਲਨ ਦੀ ਸਾਰਥਕਤਾ ਬਾਰੇ ਹੋਈ ਚਰਚਾ ਨੂੰ ਸ੍ਵੈ-ਸਿਫਤੀ ਦੇ ਵਕਤੀ ਦਮਗਜੇ ਵਜੋਂ ਵਰਤਣ ਦੀ ਥਾਂ ਜੇ ਇਸ ਚਰਚਾ ਲਈ ਧੰਨਵਾਦੀ ਸੁਨੇਹਿਆਂ ਰਾਹੀਂ ਲਗਾਤਾਰਤਾ ਬਣਾਈ ਜਾਂਦੀ ਤਾਂ ਅੰਦੋਲਨ ਦਾ ਦਬਦਬਾ ਅਤੇ ਪ੍ਰਭਾਵ ਹੋਰ ਵਧ ਸਕਦਾ ਸੀ। ਵਾਤਾਵਰਨ ਕਾਰਜ-ਕਰਤਾ ਦੇ ਤੌਰ `ਤੇ ਵਿਸ਼ਵ ਪੱਧਰ `ਤੇ ਚਰਚਿਤ ਲੜਕੀ ਗ੍ਰੈਟਾ ਥਨਬਰਗ, ਰੁਤਬਾ ਹਾਸਿਲ ਕਰ ਚੁਕੀ ਗਾਇਕਾ ਰਿਆਨਾ ਅਤੇ ਹੋਰ ਕੌਮਾਂਤਰੀ ਪ੍ਰਸਿੱਧੀ ਰੱਖਦੀਆਂ ਮਸ਼ਹੂਰ ਹਸਤੀਆਂ ਦੇ ਇਸ ਅੰਦੋਲਨ ਦੇ ਪੱਖ ਵਿਚ ਟਵੀਟ ਕਰਨ ਤੋਂ ਉਪਜੇ ਉਛਾਲ ਸਦਕਾ ਭਾਰਤ ਦਾ ਕਿਸਾਨ ਅੰਦੋਲਨ ਨੂੰ ਅਣ-ਕਿਆਸਿਆ ਬਲ ਮਿਲਿਆ। ਇਨ੍ਹਾਂ ਟਵੀਟਾਂ ਸਦਕਾ ਦੇਸ਼ ਦਾ ਕਿਸਾਨ ਅੰਦੋਲਨ ਪਲਾਂ ਵਿਚ ਹੀ ਸੋਸ਼ਲ ਮੀਡੀਆ ਦੀ ਵਰਲਡ ਟ੍ਰੇਡਿੰਗ ਵਿਚ ਛਾ ਗਿਆ। ਇਹ ਇਸ ਅੰਦੋਲਨ ਦੇ ਦੁਨਿਆਵੀ ਪੱਧਰ ਦੀ ਸਿਖਰ ਸੀ, ਜਿਸ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਅਤੇ ਸਰਕਾਰ ਦੀ ਨੀਂਦ ਹਰਾਮ ਕੀਤੀ। ਇਸ ਵਰਤਾਰੇ ਦੌਰਾਨ ਕਿਸਾਨ ਅਗਵਾਈ ਮੰਦਭਾਗੀ ਆਪਸੀ ਖਿੱਚੋਤਾਣ ਵਿਚ ਉਲਝੀ ਰਹੀ ਅਤੇ ਇਸ ਵਰਤਾਰੇ ਦਾ ਲਾਭ ਲੈਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ।
ਇਸ ਮੁਕਾਮ `ਤੇ ਵਿਦੇਸ਼ਾਂ ਤੋਂ ਮਿਲ ਰਹੀ ਹਮਾਇਤ ਨਾਲ ਰਾਬਤਾ ਬਣਾ ਕੇ ਰੱਖਣਾ ਬਹੁਤ ਜਰੂਰੀ ਸੀ ਤਾਂ ਕਿ ਲਗਾਤਾਰਤਾ ਬਣੀ ਰਹਿ ਸਕਦੀ। ਕਿਸਾਨ ਅੰਦੋਲਨ ਦੀ ਤੀਬਰਤਾ ਨੂੰ ਕਾਇਮ ਰੱਖਣ ਕਈ ਕਿਸਾਨ ਆਗੂਆਂ ਨੂੰ ਵਿਦੇਸ਼ਾਂ ਤੋਂ ਹਮਾਇਤ ਹਾਸਿਲ ਕਰਨ ਅਤੇ ਸੋਸ਼ਲ ਮੀਡੀਆ `ਤੇ ਸਰਗਰਮੀ ਬਣਾਈ ਰੱਖਣ ਲਈ ਨਵੇਂ ਸਿਰੇ ਤੋਂ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਸਰਕਾਰ ਉੱਪਰ ਬਾਹਰੀ ਦਬਾਓ ਬਣਿਆ ਰਹੇ।