ਬੈਚ ਫੁੱਲ ਕਲੀਮੈਟਿਸ-ਹਵਾਈ ਘੜਤਾਂ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਪਾਗਲਪਣ ਦੀ ਕੋਈ ਪਰਿਭਾਸ਼ਾ ਨਹੀਂ। ਦਿਮਾਗ ਵਿਚ ਖਰਾਬੀ ਪੈਣਾ, ਦਿਮਾਗ ਦਾ ਹੌਲਾ ਹੋਣਾ, ਦਿਮਾਗ ਦਾ ਹਿੱਲ ਜਾਣਾ, ਦਿਮਾਗ ਚਲਣਾ ਤੇ ਦਿਮਾਗ ਦਾ ਖੜ੍ਹ ਜਾਣਾ ਆਦਿ ਮੁਹਾਵਰੇ ਬੋਲ ਕੇ ਇਸ ਨੂੰ ਵਿਅਕਤ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਇਨਸੈਨਿਟੀ (ੀਨਸਅਨਟਿੇ) ਕਹਿੰਦੇ ਹਨ। ਇਸ ਦਾ ਅਰਥ ਵੀ ਮਨੁੱਖ ਦਾ ਸਹੀ ਤੌਰ `ਤੇ ਕੰਮ ਨਾ ਕਰ ਸਕਣਾ ਹੈ, ਭਾਵ ਜਮਾਨੇ ਦੇ ਸਹੀ-ਗਲਤ ਦੇ ਮਿਆਰਾਂ ਅਨੁਸਾਰ ਨਾ ਚਲ ਸਕਣਾ ਹੀ ਹੈ।

ਪਰ ਜਮਾਨੇ ਦੇ ਮਿਆਰਾਂ ਅਨੁਸਾਰ ਨਾ ਚਲਣਾ ਵੀ ਤਾਂ ਪਾਗਲਪਣ ਨਹੀਂ ਹੁੰਦਾ। ਜੇ ਇੰਜ ਹੋਵੇ ਤਾਂ ਇਮਤਿਹਾਨਾਂ ਵਿਚ 33% ਅੰਕ ਲੈਣ ਵਾਲਾ ਵਿਦਿਆਰਥੀ 100% ਵਾਲੇ ਦੇ ਮੁਕਾਬਲੇ ਪਾਗਲ ਹੋਵੇ। ਵੱਖ ਵੱਖ ਵਿਚਾਰ ਰੱਖਣ ਵਾਲੇ ਵੀ ਇਕ-ਦੂਜੇ ਦੀ ਤੁਲਨਾ ਵਿਚ ਪਾਗਲ ਕਹੇ ਜਾਣ। ਇਸੇ ਤਰ੍ਹਾਂ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਦੇ ਫਰਕ ਨਾਲ ਵੀ ਸੋਚ ਵਿਚਾਰ ਵਿਚ ਫਰਕ ਹੋ ਸਕਦਾ। ਜਿਨ੍ਹਾਂ ਰਾਜਨੀਤਕ ਨੇਤਾਵਾਂ ਨੇ ਇਤਿਹਾਸ ਨਹੀਂ ਪੜ੍ਹਿਆ, ਉਹ ਵੀ ਪਾਗਲ ਹੋਏ ਤੇ ਜਿਨ੍ਹਾਂ ਇਤਿਹਾਸਕਾਰਾਂ ਨੂੰ ਹਿਸਾਬ ਨਹੀਂ ਆਉਂਦਾ ਉਹ ਵੀ। ਫਿਰ ਤਾਂ ਵਿਅਕਤੀਗਤ ਵਿਲੱਖਣਤਾ ਤੇ ਸੁਤੰਤਰਤਾ ਦਾ ਕੋਈ ਅਰਥ ਹੀ ਨਾ ਰਿਹਾ। ਇਸ ਲਈ ਦਿਮਾਗ ਦੀ ਅਜਿਹੀ ਗਲਤੀ ਨੂੰ ਪਾਗਲਪਣ ਨਹੀਂ ਕਿਹਾ ਜਾ ਸਕਦਾ। ਉੱਧਰ ਇਹ ਗੱਲ ਵੀ ਨਹੀਂ ਕਿ ਪਾਗਲ ਆਦਮੀ ਦੇ ਸਿਰ ਵਿਚ ਦਿਮਾਗ ਹੀ ਨਾ ਹੋਵੇ। ਉਸ ਕੋਲ ਦਿਮਾਗ ਹੁੰਦਾ ਹੈ, ਪਰ ਉਸ ਦੇ ਦਿਮਾਗ ਦੀ ਕਾਰਜਸ਼ੀਲਤਾ ਵਿਗੜੀ ਹੁੰਦੀ ਹੈ ਤੇ ਉਸ ਦਾ ਅਨੁਭਵ, ਸਮਝ ਤੇ ਸ਼ੈਲੀ ਸਾਧਾਰਣ ਬੰਦੇ ਵਾਂਗ ਨਹੀਂ ਹੁੰਦੇ। ਉਸ ਵਿਚ ਇਹ ਇਵੇਂ ਹੈ, ਜਿਵੇਂ ਉਸ ਲਈ ਸ਼ਬਦਾਂ ਦੇ ਅਰਥ ਬਦਲ ਗਏ ਹੋਣ, ਉਸ ਦਾ ਧਿਆਨ ਬਾਹਰ ਵਲੋਂ ਅੰਦਰ ਵੱਲ ਘੁੰਮ ਗਿਆ ਹੋਵੇ, ਉਸ ਦੀ ਸੋਚ ਦਾ ਤਰਕ ਉਲਟਾ ਹੋ ਗਿਆ ਹੋਵੇ ਤੇ ਉਸ ਦੀ ਕਲਪਨਾ ਸ਼ਕਤੀ ਤੇਜ਼ ਹੋ ਗਈ ਹੋਵੇ!
ਦਿਮਾਗ ਬੰਦੇ ਦੀ ਖੋਪੜੀ ਵਿਚ ਟਿਕਿਆ ਇਕ ਮਾਸ ਦਾ ਟੁਕੜਾ ਹੈ। ਇਹ ਕੰਪਿਊਟਰ ਦੇ ਸੀ. ਪੀ. ਯੂ. ਵਾਂਗ ਹੈ, ਜਿਸ ਦਾ ਕੰਮ ਕਲ-ਪੁਰਜਿਆਂ ਦੇ ਚਲਣ ਨਾਲ ਨਹੀਂ, ਸਗੋਂ ਵਿਧੁਤ ਦੇ ਪ੍ਰਵਾਹ ਨਾਲ ਹੁੰਦਾ ਹੈ। ਇਸ ਲਈ ਜੇ ਕੋਈ ਨਾ ਦੱਸੇ ਇਹ ਦਿਮਾਗ ਹੈ, ਇਸ ਦਾ ਪਤਾ ਨਹੀਂ ਚਲਦਾ। ਇਹੀ ਕਾਰਨ ਹੈ ਕਿ ਫਰਾਇਡ ਤੋਂ ਲੈ ਕੇ ਹੁਣ ਤਕ ਦਿਮਾਗ ਦੀਆਂ ਜਿੰਨੀਆਂ ਅਹਿਮ ਖੋਜਾਂ ਹੋਈਆਂ ਹਨ, ਉਹ ਇਸ ਦੀ ਅਨਾਟਮੀ-ਫਿਜ਼ੀਆਲੋਜੀ-ਪੈਥੋਲੋਜੀ ਭਾਵ ਇਸ ਦੇ ਢਾਂਚੇ ਦੇ ਬਾਹਰੀ ਗੁਣਾਂ ਨੂੰ ਲੈ ਕੇ ਨਹੀਂ, ਸਗੋਂ ਇਸ ਦੀ ਕਾਰਜਸ਼ੀਲਤਾ ਤੇ ਵਿਹਾਰ ਨੂੰ ਸਮਝ ਕੇ ਹੋਈਆਂ ਹਨ। ਇਹੀ ਕਾਰਨ ਹੈ ਕਿ ਐਲੋਪੈਥਿਕ ਮੈਡੀਕਲ ਸਿਸਟਮ, ਜਿਹੜਾ ਦਿਖਦੇ ਬਾਹਰੀ ਸਬੂਤਾਂ ਦੀ ਅਣਹੋਂਦ ਵਿਚ ਅੱਗੇ ਨਹੀਂ ਚਲਦਾ, ਵਿਚ ਦਿਮਾਗ ਦੀ ਖਰਾਬੀ ਲਈ ਨਸ਼ੀਲੀਆਂ ਦਵਾਈਆਂ ਦੇ ਕੇ ਸੁਲਾਉਣ ਤੋਂ ਇਲਾਵਾ ਕੋਈ ਦਵਾਈ ਨਹੀਂ ਹੈ। ਇਸ ਦੇ ਮਰੀਜ਼ਾਂ ਦਾ ਇਲਾਜ ਬਹੁਤਾ ਕਰ ਕੇ ਹਿਪਨੋਟਿਜ਼ਮ (੍ਹੇਪਨੋਟਸਿਮ) ਤੇ ਸੁਝਾਉਣੀਆਂ (ੰੁਗਗੲਸਟੋਿਨਸ) ਰਸਤੇ ਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਜ ਵੀ ਇਸ ਦੇ ਬਹੁਤੇ ਮਰੀਜ਼ ਹਸਪਤਾਲ ਜਾਣ ਦੀ ਥਾਂ ਡੇਰਾ ਵਡਭਾਗ ਸਿੰਘ ਜਿਹੇ ਪਰੰਪਰਾਗਤ ਭੂਤ ਕੱਢਣ ਵਾਲੇ ਅਦਾਰਿਆਂ ਕੋਲ ਜਾਂਦੇ ਹਨ। ਡੇਰਿਆਂ ਤੋਂ ਹਸਪਤਾਲਾਂ ਤੇ ਸਿਆਣਿਆਂ ਤੋਂ ਮਨੋ-ਵਿਗਿਆਨੀਆਂ ਤੀਕ ਇਸ ਦਾ ਹਾਲੇ ਵੀ ਕੋਈ ਸਾਰਥਿਕ ਤੇ ਸੰਤੋਖਜਨਕ ਇਲਾਕ ਨਹੀਂ ਹੈ। ਇਸ ਲਈ ਮੌਜੂਦਾ ਸਮੇਂ ਵਿਚ ਵੀ ਦਿਮਾਗ ਦੀ ਇਸ ਬਿਮਾਰੀ ਨੂੰ ਇਕ ਸਮਾਜਿਕ ਕਲੰਕ ਮੰਨਿਆ ਜਾਂਦਾ ਹੈ।
ਪਰ ਇਹ ਸਭ ਕੁਝ ਪੂਰਾ ਇੱਦਾਂ ਦਾ ਇੱਦਾਂ ਵੀ ਨਹੀਂ ਹੈ। ਅਜਿਹਾ ਸਿਰਫ ਜਾਣਕਾਰੀ ਦੀ ਘਾਟ ਕਰ ਕੇ ਹੀ ਪ੍ਰਤੀਤ ਹੁੰਦਾ ਹੈ। ਇੱਦਾਂ ਉਹੀ ਸੋਚਦੇ ਹਨ, ਜਿਨ੍ਹਾਂ ਨੇ ਹੋਮਿਉਪੈਥੀ ਤੇ ਬੈਚ ਫਲਾਵਰ ਰੈਮੇਡੀਜ਼ ਨੂੰ ਜਾਣਿਆ ਨਹੀਂ ਹੈ ਤੇ ਅਨੁਭਵ ਨਹੀਂ ਕੀਤਾ ਹੈ। ਇਸ ਲੇਖ ਲੜੀ ਦਾ ਮੰਤਵ ਇਸੇ ਜਾਣਕਾਰੀ ਨੂੰ ਵਧਾਉਣਾ ਹੈ। ਹੋਮਿਉਪੈਥੀ ਤੇ ਬੈਚ ਫਲਾਵਰ ਰੈਮੇਡੀਜ਼ ਵਿਚ ਕਰੀਬ ਹਰ ਇਕ ਦਵਾਈ ਦਾ ਕੰਮ ਦਿਮਾਗ `ਤੇ ਅਸਰ ਕਰਨ ਤੋਂ ਸ਼ੁਰੂ ਹੁੰਦਾ ਹੈ। ਸੈਂਕੜੇ ਦਵਾਈਆਂ ਤਾਂ ਅਜਿਹੀਆਂ ਹਨ, ਜੋ ਦਿਮਾਗ ਦੀ ਕਿਸੇ ਵਿਸ਼ੇਸ਼ ਤਰੁਟੀ ਨੂੰ ਸਿੱਧਿਆਂ ਹੀ ਦੂਰ ਕਰਦੀਆਂ ਹਨ ਤੇ ਸੈਂਕੜੇ ਹੋਰ ਹਨ, ਜੋ ਸਿੰਪਟਮ ਸਮੂਹ ਦੇ ਆਧਾਰ `ਤੇ ਕੰਮ ਕਰਦੀਆਂ ਹਨ। ਅਸੀਂ ਆਮ ਦੇਖਦੇ ਹਾਂ ਕਿ ਕਈਆਂ ਨੂੰ ਪੀਨਕ ਲਗਦੀ ਹੈ, ਕਈ ਨੀਂਦ ਵਿਚ ਬੋਲਦੇ ਹਨ, ਕਈ ਨੀਂਦ ਵਿਚ ਚਲਦੇ ਹਨ, ਕਈ ਯਾਦਦਾਸ਼ਤ ਖੋ ਬੈਠਦੇ ਹਨ, ਕਈ ਨਿੱਕੀ ਨਿੱਕੀ ਗੱਲ `ਤੇ ਤਿੜਕ ਜਾਂਦੇ ਹਨ, ਕਈ ਘੰਟਿਆਂ ਬੱਧੀ ਹੱਥ ਧੋਂਦੇ ਰਹਿੰਦੇ ਹਨ, ਕਈਆਂ ਨੂੰ ਡਰ ਹੈ ਕਿ ਕੋਈ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰ ਦੇਵੇਗਾ, ਕਈ ਆਪਣੇ ਆਪ ਨੂੰ ਤੀਸ ਮਾਰ ਖਾਂ ਤੇ ਦੂਜਿਆਂ ਨੂੰ ਕੀੜੇ ਮਕੌੜੇ ਸਮਝਦੇ ਹਨ। ਹੋਮਿਉਪੈਥੀ ਤੇ ਬੈਚ ਫਲਾਵਰ ਪ੍ਰਣਾਲੀ ਵਿਚ ਇਨ੍ਹਾਂ ਸਭਨਾਂ ਦਾ ਇਲਾਜ ਸਾਧਾਰਨ ਨਜ਼ਲੇ ਜ਼ੁਕਾਮ ਵਾਂਗ ਸੰਭਵ ਹੈ।
ਦਿਮਾਗ ਦੀਆਂ ਬੀਮਾਰੀਆਂ ਅੱਗੇ ਤੋਂ ਅੱਗੇ ਬੇਅੰਤ ਹਨ। ਕਈ ਵਿਅਕਤੀ ਬਚਕਾਨੇ ਵਿਵਹਾਰ ਵਾਲੇ ਹੁੰਦੇ ਹਨ ਜੋ ਗੱਲਾਂ ਦੀ ਗੰਭੀਰਤਾ ਨਹੀਂ ਸਮਝਦੇ, ਕਈ ਦੁਖੀ ਰਹਿੰਦੇ ਹਨ, ਕਈ ਹੱਸਦੇ ਰਹਿੰਦੇ ਹਨ, ਕਈ ਆਪ ਨੂੰ ਹਵਾ ਵਿਚ ਉਡਦਾ ਮਹਿਸੂਸ ਕਰਦੇ ਹਨ, ਕਈਆਂ ਨੂੰ ਦਿਨੇ ਹੀ ਤਰ੍ਹਾਂ ਤਰ੍ਹਾਂ ਦੇ ਜਾਨਵਰ ਦਿਖਾਈ ਦਿੰਦੇ ਹਨ, ਕਈਆਂ ਨੂੰ ਦੈਂਤ ਦਿਖਾਈ ਦਿੰਦੇ ਹਨ, ਕਈਆਂ ਨੂੰ ਮਰੇ ਹੋਏ ਜਾਂ ਬਿਲਕੁਲ ਓਪਰੇ ਆਦਮੀ ਵਾਜਾਂ ਮਾਰ ਮਾਰ ਪ੍ਰੇਸ਼ਾਨ ਕਰਦੇ ਹਨ ਤੇ ਉਹ ਉੱਚੀ ਉੱਚੀ ਬੋਲ ਕੇ ਉਨ੍ਹਾਂ ਨਾਲ ਉਲਝਦੇ ਹਨ। ਰੋਗੀ ਕਈ ਆਪਣੀ ਪਛਾਣ ਭੁੱਲ ਕੇ ਦੂਜੇ ਦੀ ਪਛਾਣ ਧਾਰਨ ਕਰ ਲੈਂਦੇ ਹਨ, ਕਈ ਆਪਣੇ ਆਪ ਨੂੰ ਕਿਸੇ ਨਾਲ ਵਿਆਹਿਆ ਦੱਸਦੇ ਹਨ, ਕਈ ਦੂਜੇ ਬੰਦੇ ਨੂੰ ਆਪਣੇ ਨਾਲ ਪਿਆ ਸਮਝਦੇ ਹਨ, ਕਈ ਆਪਣੇ ਸਰੀਰ ਦੇ ਅੰਗਾਂ ਨੂੰ ਧੜ ਨਾਲੋਂ ਕਟਿਆ ਹੋਇਆ ਤੇ ਕਈ ਆਪਣੇ ਜੀਵਨ ਸਾਥੀ ਨੂੰ ਵੀ ਪਰਾਇਆ ਸਮਝਦੇ ਹਨ। ਕਈ ਆਪਣੇ ਆਪ ਨੂੰ ਰੱਬ ਦੇ ਕੰਟਰੋਲ ਵਿਚ ਸਮਝਦੇ ਹਨ, ਕਈ ਆਪਣੇ ਵਿਚ ਸੱਚੀ ਮੁੱਚੀ ਰੱਬ ਜਾਂ ਕਿਸੇ ਮਰਹੂਮ ਦੀ ਰੂਹ ਆਈ ਦੱਸਦੇ ਹਨ, ਕਈ ਆਪਣੀ ਮੁਕਤੀ ਦੇ ਫਿਕਰ ਵਿਚ ਰਹਿੰਦੇ ਹਨ, ਕਈ ਆਪਣੇ ਆਪ ਨੂੰ ਮਰ ਕੇ ਜਿਉਂਦਾ ਹੋਇਆ ਦੱਸਦੇ ਹਨ ਤੇ ਸਵਰਗ ਲੋਕ ਦਾ ਹਾਲ ਵੀ ਦੱਸਦੇ ਹਨ। ਇਹ ਸਭ ਕੁਝ ਉਹ ਜਾਣ ਬੁੱਝ ਕੇ ਨਹੀਂ ਕਰਦੇ, ਉਹ ਮਾਨਸਿਕ ਤੌਰ ਤੇ ਬੀਮਾਰ ਹੁੰਦੇ ਹਨ। ਕੀ ਅਜਿਹੇ ਰੋਗੀ ਠੀਕ ਹੋ ਸਕਦੇ ਹਨ?
ਜੇ ਕਿਸੇ ਨੂੰ ਨਾ ਪਤਾ ਹੋਵੇ ਇਹ ਮੰਦ-ਭਾਗੀ ਗੱਲ ਹੈ, ਪਰ ਹੋਮਿਉਪੈਥੀ ਤੇ ਬੈਚ ਪ੍ਰਣਾਲੀ ਵਿਚ ਇਨ੍ਹਾਂ ਸਭਨਾਂ ਤੇ ਹਜਾਰਾਂ ਹੋਰ ਅਲਾਮਤਾਂ ਅਨੁਸਾਰ ਮਨੋ-ਰੋਗਾਂ ਦਾ ਇਲਾਜ ਸੰਭਵ ਹੈ। ਮੈਂ ਆਪ ਅਜਿਹੇ ਕਈ ਕੇਸ ਠੀਕ ਕੀਤੇ ਹਨ। ਇਕ ਅਠਾਰਾਂ ਸਾਲ ਦੀ ਹੋਣਹਾਰ ਕੁੜੀ ਆਪਣੀ ਸਹੇਲੀ ਦੇ ਮਾੜੇ ਵਿਹਾਰ ਕਾਰਨ ਮਾਨਸਿਕ ਤਵਾਜਨ ਖੋ ਬੈਠੀ। ਉਸ ਨੇ ਦੱਸਿਆ ਕਿ ਉਹ ਜਦੋਂ ਵੀ ਸੌਣ ਲਗਦੀ, ਉਹ ਕੁੜੀ ਕੰਧ ਉੱਤੇ ਆ ਬੈਠਦੀ ਤੇ ਉਸ ਨਾਲ ਬੋਲ-ਕਬੋਲ ਕਰਨ ਲਗਦੀ ਸੀ। ਉਸ ਤੋਂ ਦੁਖੀ ਹੋ ਕੇ ਉਸ ਨੇ ਪੜ੍ਹਾਈ ਲਿਖਾਈ ਵੀ ਛੱਡ ਦਿੱਤੀ ਸੀ। ਹੋਮਿਉਪੈਥੀ ਦੀ ਪਹਿਲੀ ਖੁਰਾਕ ਤੋਂ ਬਾਅਦ ਹੀ ਉਸ ਦੀ ਉਹ ਮਹੀਨਿਆਂ ਤੋਂ ਪ੍ਰੇਸ਼ਾਨ ਕਰਦੀ ਸਹੇਲੀ ਉਸ ਨੂੰ ਮੁੜ ਦਿਖਾਈ ਨਾ ਦਿੱਤੀ। ਇਕ ਪੰਜਾਹ ਸਾਲ ਦਾ ਪੜ੍ਹਿਆ ਲਿਖਿਆ ਤੇ ਸਾਹਿਤਕ ਰੁਚੀ ਵਾਲਾ ਸੱਜਣ ਇਹ ਸਮਝਣ ਲੱਗਿਆ ਕਿ ਦੋ ਓਪਰੇ ਮਨੁੱਖ ਹਰ ਵੇਲੇ ਉਸ ਦਾ ਪਿੱਛਾ ਕਰਦੇ ਰਹਿੰਦੇ ਹਨ। ਉਸ ਨੂੰ ਲਗਦਾ ਕਿ ਉਹ ਜਿੱਥੇ ਵੀ ਜਾਂਦਾ ਹੈ ਜਾਂ ਜਿੱਥੇ ਵੀ ਬੈਠਿਆ ਹੁੰਦਾ ਹੈ, ਉਹ ਦੋਵੇਂ ਉਸ ਨੂੰ ਮੋਢਿਆਂ ਉੱਤੋਂ ਦੀ ਘੂਰਦੇ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਹ ਰਾਤ ਨੂੰ ਵੀ ਉਸ ਨੂੰ ਆ ਕੇ ਘੇਰ ਲੈਂਦੇ ਤੇ ਉਹ ਉਨ੍ਹਾਂ ਨੂੰ ਡੰਡਾ ਲੈ ਕੇ ਬਾਹਰ ਤੀਕ ਭਜਾ ਕੇ ਆਉਂਦਾ ਹੈ। ਉਨ੍ਹਾਂ ਅੱਗੇ ਉਹ ਬੇਵੱਸ ਸੀ। ਮੇਰੇ ਸਾਹਮਣੇ ਬੈਠਿਆਂ ਜਦੋਂ ਉਹ ਆਪਣੀ ਤਕਲੀਫ ਦੱਸ ਰਿਹਾ ਸੀ, ਉਦੋਂ ਵੀ ਉਸ ਨੇ ਦੱਸਿਆ ਉਹ ਉਸ ਦੇ ਖੱਬੇ ਸੱਜੇ ਖੜ੍ਹੇ ਹਨ। ਹੋਮਿਉਪੈਥੀ ਦੀ ਇਕੋ ਖੁਰਾਕ ਨਾਲ ਉਹ ਗਾਇਬ ਹੋ ਗਏ ਤੇ ਮੁੜ ਨਾ ਆਏ। ਬੈਚ ਫਲਾਵਰ ਪ੍ਰਣਾਲੀ ਵਿਚ ਵੀ ਅਜਿਹੀਆਂ ਮਾਨਸਿਕ ਹਾਲਤਾਂ ਦੇ ਸਮਾਧਾਨ ਹਨ।
ਬੈਚ ਰੈਮੇਡੀ ਕਲੀਮੈਟਿਸ (ਛਲੲਮਅਟਸਿ) ਇਕ ਅਜਿਹੀ ਹੀ ਦਵਾ ਹੈ, ਜੋ ਕਈ ਕਿਸਮ ਦੇ ਮਨੋ-ਰੋਗਾਂ ਵਿਚ ਵਰਤੀ ਜਾਂਦੀ ਹੈ। ਇਹ ਉਨ੍ਹਾਂ ਵਿਅਕਤੀਆਂ ਲਈ ਹੈ, ਜਿਹੜੇ ਹਵਾਈ ਗੱਲਾਂ ਕਰਦੇ ਹਨ। ਉਹ ਆਪਣੀ ਅਸਲ ਸਥਿਤੀ ਤੋਂ ਭਟਕੇ ਹੋਏ ਹੁੰਦੇ ਹਨ ਤੇ ਉੱਪਰ ਦੇਖ ਕੇ ਚਲਦੇ ਹਨ। ਉਹ ਗੱਲ ਕਰਦੇ ਵੀ ਇੱਧਰ ਉੱਧਰ ਦੇਖਦੇ ਰਹਿੰਦੇ ਹਨ ਤੇ ਕਿਸੇ ਦੁਰਾਡੀ ਚੀਜ਼ ਤੇ ਟਿਕਟਿਕੀ ਲਾ ਕੇ ਦੇਖਦੇ ਰਹਿੰਦੇ ਹਨ। ਉਹ ਦੂਜਿਆਂ ਦੀ ਗੱਲ ਵਲ ਉੱਕਾ ਧਿਆਨ ਨਹੀਂ ਦਿੰਦੇ ਜਾਂ ਕੇਵਲ ਉਪਰਲੇ ਮਨ ਨਾਲ ਸੁਣਦੇ ਹਨ। ਜੇ ਉਨ੍ਹਾਂ ਨੂੰ ਕੁਝ ਕਿਹਾ ਜਾਵੇ, ਉਹ ਦੋ ਜਾਂ ਦੋ ਤੋਂ ਵਧ ਵਾਰ ਦੁਹਰਾਉਣਾ ਪੈਂਦਾ ਹੈ। ਉਹ ਇਸ ਗੱਲ ਬਾਰੇ ਜਰਾ ਵੀ ਸੁਚੇਤ ਨਹੀਂ ਹੁੰਦੇ ਕਿ ਕੋਈ ਕੀ ਕਹਿ ਰਿਹਾ ਹੈ ਤੇ ਉਨ੍ਹਾਂ ਦੇ ਮਨ ਵਿਚ ਕੀ ਚਲ ਰਿਹਾ ਹੈ। ਜੇ ਉਹ ਕਦੇ ਸੁਚੇਤ ਹੋ ਵੀ ਜਾਣ ਤਾਂ ਝੱਟ ਆਪਣੀ ਪੁਰਾਣੀ ਅਵਸਥਾ ਵਿਚ ਚਲੇ ਜਾਂਦੇ ਹਨ। ਉਹ ਜਿੱਥੇ ਵੀ ਹੁੰਦੇ ਹਨ, ਦੁਖ-ਦਰਦ ਤੇ ਹਾਵ-ਭਾਵ ਤੋਂ ਉੱਪਰ ਹੁੰਦੇ ਹਨ ਭਾਵ ਉਹ ਉੱਥੇ ਮਾਨਸਿਕ ਤੌਰ `ਤੇ ਨਹੀਂ, ਸਰੀਰਕ ਤੌਰ `ਤੇ ਹੀ ਹਾਜ਼ਰ ਹੁੰਦੇ ਹਨ। ਉਹ ਆਪਣੇ ਆਪ ਨੂੰ ਦੁਨਿਆਵੀ ਕੰਮਾਂ ਦੀ ਦੌੜ ਤੋਂ ਪਰ੍ਹੇ ਰੱਖਦੇ ਹਨ ਤੇ ਇਸ ਵਿਚ ਪਿੱਛੇ ਪਿੱਛੇ ਪੈਰ ਘੜੀਸਦੇ ਚਲਦੇ ਹਨ। ਉਨ੍ਹਾਂ ਦੇ ਦਿਮਾਗ ਵਿਚ ਨਾ ਕੋਈ ਸਹੀ ਸਕੀਮ ਹੁੰਦੀ ਹੈ ਤੇ ਨਾ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਕੋਈ ਸਮਾਂ ਨਿਸ਼ਚਿਤ ਹੁੰਦਾ ਹੈ। ਉਨ੍ਹਾਂ ਤੋਂ ਕਿਸੇ ਕੰਮ ਨੂੰ ਸਮੇਂ ਸਿਰ ਕਰ ਕਰਨ ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਦਾ ਸੁਨਹਿਰਾ ਸੰਸਾਰ ਉਨ੍ਹਾਂ ਦੇ ਮਨ ਵਿਚ ਹੁੰਦਾ ਹੈ, ਜਿਸ ਨੂੰ ਉਹ ਲੋਚਦੇ ਰਹਿੰਦੇ ਹਨ। ਉਹ ਨਾ ਮਿਹਨਤ ਕਰਦੇ ਹਨ ਤੇ ਨਾ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸਿ਼ਸ਼ ਨਹੀਂ ਕਰਦੇ। ਉਹ ਕੇਵਲ ਮੂੰਗੇਰੀ ਲਾਲ ਵਾਂਗ ਆਪਣੇ ਸੁਪਨਮਈ ਸੰਸਾਰ ਨੂੰ ਨਿਹਾਰਦੇ ਰਹਿੰਦੇ ਹਨ।
ਕਲੀਮੈਟਿਸ ਗੁਣਾਂ ਵਾਲਾ ਵਿਅਕਤੀ ਅੰਦਰੋਂ ਭਾਵੁਕ ਹੁੰਦਾ ਹੈ, ਪਰ ਬਾਹਰੋ ਭਾਵੁਕਤਾਹੀਣ ਹੁੰਦਾ ਹੈ। ਅੰਦਰੋਂ ਉਹ ਬਹੁਤ ਕੁਝ ਮਹਿਸੂਸ ਕਰਦਾ ਹੈ, ਪਰ ਬਾਹਰੋਂ ਬਿਲਕੁਲ ਠੰਢਾ, ਆਪਚਾਰਿਕ ਤੇ ਮਕਾਨਕੀ ਪ੍ਰਵਿਰਤੀ ਦਾ ਹੁੰਦਾ ਹੈ। ਇਸੇ ਲਈ ਉਹ ਆਪਣੀ ਮਾਣ ਪ੍ਰਤਿਸ਼ਠਾ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ ਤੇ ਦੂਜਿਆਂ ਦੀ ਪ੍ਰਤੀ ਬਹੁਤ ਘੱਟ। ਉਸ ਦੀਆਂ ਸਭ ਇੰਦਰੀਆਂ ਸਹੀ ਕੰਮ ਕਰਦੀਆਂ ਹਨ, ਸਿਰਫ ਧਿਆਨ ਯਥਾਰਥ ਤੋਂ ਉਖੜਿਆ ਹੁੰਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਧਾਰਮਿਕ ਹੋ ਸਕਦੇ ਹਨ; ਕਦੇ ਤਾਂ ਬਹੁਤ ਹੀ ਧਾਰਮਿਕ ਹੋ ਕੇ ਆਪਣੀ ਮੁਕਤੀ ਦੇ ਵਿਚਾਰਾਂ ਵਿਚ ਡੁੱਬੇ ਰਹਿੰਦੇ ਹਨ। ਕਲੀਮੈਟਿਸ ਉਨ੍ਹਾਂ ਨੂੰ ਇਸ ਰਟਣ ਵਿਚੋਂ ਕੱਢ ਦਿੰਦੀ ਹੈ, ਭਾਵੇਂ ਸਮਾਂ ਕੁਝ ਵੱਧ ਲੱਗੇ।
ਕਲੀਮੈਟਿਸ ਦੇ ਮਰੀਜ਼ ਮਨਸੂਬੇ ਬਣਾਉਣ ਦੇ ਮਾਹਿਰ ਹੁੰਦੇ ਹਨ, ਵੱਡੀਆਂ ਵੱਡੀਆਂ ਚੀਜ਼ਾਂ ਕਰਨ ਦੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦੇ ਵੇਰਵਿਆਂ (਼ੋਗਸਿਟਚਿਸ) ਵਲ ਧਿਆਨ ਨਹੀਂ ਦਿੰਦੇ। ਉਹ ਵੱਡੀਆਂ ਵੱਡੀਆਂ ਯੋਜਨਾਵਾਂ ਕਲਪਦੇ ਹਨ, ਪਰ ਉਨ੍ਹਾਂ ਨੂੰ ਨੇਪਰੇ ਕਿਵੇਂ ਚਾੜ੍ਹਨਾ ਹੈ, ਵਲ ਬਿਲਕੁਲ ਧਿਆਨ ਨਹੀਂ ਦਿੰਦੇ। ਉਹ ਕੰਗਾਲ ਹੋਏ ਵੀ ਪਹਾੜ `ਤੇ ਘਰ ਬਣਾਉਣ ਦਾ ਜਾਂ ਸਾਲਾਨਾ ਛੁੱਟੀਆਂ ਯੂਰਪ ਵਿਚ ਮਨਾਉਣ ਦਾ ਮਨਸੂਬਾ ਬਣਾਈ ਫਿਰਦੇ ਹੁੰਦੇ ਹਨ, ਪਰ ਉਨ੍ਹਾਂ ਨੇ ਇਹ ਨਹੀਂ ਸੋਚਿਆ ਹੁੰਦਾ ਕਿ ਉਹ ਇਸ ਇੱਛਾ ਦੀ ਪੂਰਤੀ ਲਈ ਮਾਇਕ ਸਾਧਨ ਕਿੱਥੋਂ ਜੁਟਾਉਣਗੇ। ਉਹ ਦਿਮਾਗ ਨਾਲ ਸੋਚਣ ਤੇ ਮੂੰਹ ਨਾਲ ਗੱਲਾਂ ਬਣਾਉਣ ਜਾਣਦੇ ਹਨ, ਪਰ ਕਲਮ ਚੁੱਕ ਕੇ ਕਾਗਜ਼ `ਤੇ ਵਾਹੁਣਾ ਤੇ ਸਮਝਾਉਣਾ ਨਹੀਂ ਜਾਣਦੇ। ਉਹ ਜ਼ਮੀਨ `ਤੇ ਰਹਿ ਕੇ (ਧੋੱਨ ਟੋ ਟਹੲ ਓਅਰਟਹ) ਨਹੀਂ ਚਲਦੇ, ਭਾਵ ਉਨ੍ਹਾਂ ਦੇ ਪੈਰ ਜ਼ਮੀਨ `ਤੇ ਨਹੀਂ ਟਿਕੇ ਹੁੰਦੇ।
ਅਜਿਹੇ ਵਿਅਕਤੀਆਂ ਦੀ ਇਕ ਮਿਸਾਲ ਯੂਨਾਨੀ ਫਿਲਾਸਫਰ ਅਫਲਾਤੂਨ ਹੈ, ਜਿਸ ਨੇ ਸਮਾਜ ਵਿਚ ਨਿਆਂ ਸਥਾਪਤ ਕਰਨ ਹਿੱਤ ਇਕ ਆਦਰਸ਼ ਸਾਸ਼ਕ ਦੀ ਕਲਪਨਾ ਕਰਦਿਆਂ ਸੰਪਤੀ ਤੇ ਪਤਨੀਆਂ ਦੇ ਸਾਂਝੇਕਰਣ ਦਾ ਸੁਝਾਉ ਦਿੱਤਾ। ਇਹ ਸੁਝਾਉ ਇੰਨਾ ਅਨੁਭਵ-ਰਹਿਤ ਸੀ ਕਿ ਉਸ ਦੇ ਹੀ ਇਕ ਸ਼ਾਗਿਰਦ ਅਰਸਤੂ ਨੇ ਇਸ ਦਾ ਭਰਵਾਂ ਖੰਡਨ ਕਰ ਦਿੱਤਾ। ਅਫਲਾਤੂਨ ਹੀ ਨਹੀਂ, ਸਾਰੇ ਹੀ ਆਦਰਸ਼ਵਾਦੀ ਚਿੰਤਕ ਇਸੇ ਸ਼੍ਰੇਣੀ ਦੇ ਹੁੰਦੇ ਹਨ। ਜ਼ਮੀਨੀ ਅਨੁਭਵ ਤੋਂ ਟੁੱਟੇ ਅਜਿਹੇ ਵਿਅਕਤੀ ਕਦੇ ਕਦੇ ਰਾਜਨੀਤੀ ਵਿਚ ਵੀ ਆ ਟਪਕਦੇ ਹਨ ਤੇ ਆਪਣੇ ਹਵਾਈ ਅਟਕਲ ਪੱਚੂਆਂ ਨਾਲ ਸਮਾਜ ਦਾ ਘਾਣ ਕਰਦੇ ਹਨ। ਭਾਰਤ ਦਾ ਸੁਲਤਾਨ ਮੁਹੰਮਦ ਤੁਗਲਕ ਅਜਿਹਾ ਹੀ ਸਾਸ਼ਕ ਸੀ, ਜਿਸ ਨੇ ਆਦਰਸ਼ਵਾਦੀ ਨੀਤੀਆਂ ਅਪਨਾ ਕੇ ਦੇਸ ਦੀ ਰਾਜਧਾਨੀ ਤੇ ਸਿੱਕੇ ਬਦਲ ਦਿੱਤੇ। ਇਸ ਨਾਲ ਖੁਸ਼ਹਾਲੀ ਦੀ ਥਾਂ ਜਨਤਾ ਦੀ ਬੜੀ ਮੰਦਹਾਲੀ ਹੋਈ ਸੀ। ਆਪਣੇ ਬੇ-ਸਿਰ ਪੈਰ ਕਾਰਨਾਮਿਆਂ ਕਰ ਕੇ ਉਹ ਇਤਿਹਾਸ ਵਿਚ ਮੂਰਖ ਬਾਦਸ਼ਾਹ ਕਰਕੇ ਜਾਣਿਆ ਜਾਂਦਾ ਹੈ। ਯੂਰਪ ਦੇ ਫਾਸ਼ੀਵਾਦੀ ਤੇ ਨਾਜ਼ੀਵਾਦੀ ਸਿਆਸਤਦਾਨ ਵੀ ਅਮਲੀ ਸੋਚ ਤੋਂ ਭਟਕੇ ਹੋਏ ਸਨ। ਜਿਨ੍ਹਾਂ ਫੁਖਰੀਆਂ ਨੀਤੀਆਂ ਕਾਰਨ ਉਨ੍ਹਾਂ ਨੇ ਸੰਸਾਰ ਨੂੰ ਜੰਗ ਦੇ ਮੂੰਹ ਵਿਚ ਸੁੱਟਿਆ, ਦੁਨੀਆਂ ਅੱਜ ਉਨ੍ਹਾਂ ਨੂੰ ਕਲੰਕ ਸਮਝਦੀ ਹੈ। ਅਫਸੋਸ ਦੀ ਗੱਲ ਹੈ ਕਿ ਅਜੋਕੀ ਭਾਰਤੀ ਰਾਜਨੀਤੀ ਵਿਚ ਵੀ ਜ਼ਮੀਨੋਂ ਉਖੜੀਆਂ ਕਾਰਵਾਈਆਂ ਚਲ ਰਹੀਆਂ ਹਨ, ਜਿਨ੍ਹਾਂ ਦੇ ਮਾਰੂ ਸਿੱਟੇ ਨਾਲ ਦੀ ਨਾਲ ਸਾਹਮਣੇ ਆ ਰਹੇ ਹਨ। ਇਨ੍ਹਾਂ ਸਾਰੇ ਫਿਲਾਸਫਰਾਂ ਤੇ ਸਾਸ਼ਕਾਂ ਵਿਚ ਜਿਸ ਕਿਸਮ ਦੇ ਮਾਨਸਿਕ ਝੁਕਾਉ ਹੁੰਦੇ ਹਨ, ਉਨ੍ਹਾਂ ਦਾ ਇਕੋ ਇਕ ਇਲਾਜ ਕਲੀਮੈਟਿਸ ਹੈ।
ਡਾ. ਬੈਚ ਅਨੁਸਾਰ “ਇਸ ਦਵਾ ਦੇ ਮਰੀਜ਼ ਸੁਪਨਦੋਜ਼, ਉਨੀਂਦਰੇ, ਅੱਧ-ਜਗੇ ਤੇ ਜੀਵਨ ਵਿਚ ਕੋਈ ਦਿਲਚਸਪੀ ਨਾ ਰੱਖਣ ਵਾਲੇ ਹੁੰਦੇ ਹਨ। ਇਹ ਉਹ ਖਾਮੋਸ਼ ਜਿਹੇ ਲੋਕ ਹੁੰਦੇ ਹਨ, ਜੋ ਆਪਣੇ ਮੌਜੂਦਾ ਹਾਲਾਤ ਵਿਚ ਖੁਸ਼ੀ ਮਹਿਸੂਸ ਨਹੀਂ ਕਰਦੇ। ਉਹ ਵਧੇਰੇ ਉਸ ਸਮੇਂ ਦੀ ਆਸ ਵਿਚ ਰਹਿੰਦੇ ਹਨ, ਜਦੋਂ ਉਨ੍ਹਾਂ ਦੇ ਚੰਗੇ ਦਿਨ ਆਉਣਗੇ। ਬਿਮਾਰੀ ਦੀ ਅਵਸਥਾ ਵਿਚ ਉਹ ਠੀਕ ਹੋਣ ਦੀ ਨਾਮ-ਮਾਤਰ ਕੋਸਿ਼ਸ਼ ਕਰਦੇ ਹਨ; ਬਹੁਤਾ ਮੌਤ ਨੂੰ ਹੀ ਉਡੀਕਦੇ ਹਨ। ਉਹ ਸਮਝਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਮੁਕਤੀ ਮਿਲੇਗੀ ਤੇ ਉਹ ਆਪਣੇ ਵਿਛੜੇ ਮਿੱਤਰ ਪਿਆਰਿਆਂ ਨੂੰ ਮਿਲ ਸਕਣਗੇ।”
ਡਾ. ਬੈਚ ਦੇ ਇਸ ਵਰਣਨ ਨਾਲ ਕਲੀਮੈਟਿਸ ਨੂੰ ਬਿਮਾਰਾਂ `ਤੇ ਵਰਤਣ ਲਈ ਕਈ ਹੋਰ ਵਿਲੱਖਣ ਲੱਛਣ ਸਾਹਮਣੇ ਆਉਂਦੇ ਹਨ। ਜੇ ਇਨ੍ਹਾਂ ਨੂੰ ਗਿਣਤੀਵਾਰ ਲਿਖੀਏ ਤਾਂ ਇਹ ਹੇਠ ਲਿਖੇ ਅਨੁਸਾਰ ਬਣਦੇ ਹਨ:
1. ਵਰਤਮਾਨ ਵਿਚ ਦਿਲਚਸਪੀ ਦੀ ਕਮੀ।
2. ਮੌਜੂਦਾ ਯਥਾਰਥ ਤੋਂ ਅੱਖਾਂ ਮੀਟਣਾ।
3. ਮੌਜੂਦਾ ਜੀਵਨ ਨੂੰ ਅਸਲ ਨਾ ਮੰਨ ਕੇ ਇਸ ਨਾਲ ਖੁਸ਼ ਨਾ ਹੋਣਾ।
4. ਭਵਿੱਖ `ਤੇ ਆਸ ਰੱਖਣਾ।
5. ਕਾਰਨ ਤੇ ਸਿੱਟੇ ਵਿਚਕਾਰ ਸੰਬੰਧ ਨਾ ਸਥਾਪਤ ਕਰਨਾ।
6. ਸੁਪਨਿਆਂ ਦੇ ਸੰਸਾਰ ਵਿਚ ਖੋਏ ਰਹਿਣਾ।
7. ਬੇ-ਸਿਰ ਪੈਰ ਗੱਲਾਂ ਕਰਨੀਆਂ ਤੇ ਹਵਾਈ ਕਿਲੇ ਬਣਾਉਣਾ।
8. ਸੁਸਤੀ ਤੇ ਉਨੀਂਦਰੇ ਦੀ ਹਾਲਤ ਵਿਚ ਵਿਚਰਨਾ।
9. ਸੰਸਾਰ ਨਾਲ ਸਰੋਕਾਰ ਨਾ ਰੱਖਣਾ।
10. ਆਪਣੇ ਵਲੋਂ ਚੌਕੰਨੀ ਪਹਿਲ ਦੀ ਘਾਟ।
ਡਾ. ਬੈਚ ਦੀ ਇਸ ਪਰਿਭਾਸ਼ਾ ਨੇ ਕਲੀਮੈਟਿਸ ਦੀ ਵਰਤੋਂ ਦੀਆਂ ਅਣਗਿਣਤ ਸੰਭਾਵਨਾਵਾਂ ਸਾਹਮਣੇ ਲਿਆਂਦੀਆਂ ਹਨ। ਇਹ ਉਨ੍ਹਾਂ ਲੋਕਾਂ ਲਈ ਢੁਕਵੀਂ ਹੈ, ਜੋ ਬਿਨਾ ਕੁਝ ਉਦਮ ਕੀਤਿਆਂ ਕਹਿੰਦੇ ਹਨ ਕਿ ਇਕ ਦਿਨ ਉਹ ਬੜੇ ਵੱਡੇ ਆਦਮੀ ਬਣ ਕੇ ਦਿਖਾਉਣਗੇ। ਜਿਹੜੇ ਕਹਿੰਦੇ ਹਨ ਕਿ ਉਨ੍ਹਾਂ ਦੇ ਵੀ ਦਿਨ ਫਿਰਨਗੇ, ਸਮਾਂ ਪਾ ਕੇ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਪਰਮਾਤਮਾ ਕਦੇ ਉਨ੍ਹਾਂ ਦੀ ਵੀ ਸੁਣੇਗਾ, ਵੀ ਇਸ ਦਵਾ ਦੇ ਮਰੀਜ਼ ਹਨ। ਅਜਿਹੇ ਲੋਕ ਕੁਝ ਹੋਰ ਨਾ ਕਰਕੇ ਲਾਟਰੀਆਂ ਤੇ ਸਟਾਕਾਂ ਦੇ ਸਹਾਰੇ ਆਪਣੀ ਕਿਸਮਤ ਪਲਟਣਾ ਚਾਹੁੰਦੇ ਹਨ। ਉਹ ਬੱਚਿਆਂ ਨੂੰ ਉੱਚੇਰੀ ਸਿਖਿਆ ਦੇਣ ਦੇ ਹੱਕ ਵਿਚ ਨਹੀਂ ਹੁੰਦੇ, ਸਗੋਂ ਵੱਡੀਆਂ ਕਮਾਈਆਂ ਦੀ ਆਸ ਵਿਚ ਜ਼ਮੀਨ ਵੇਚ ਕੇ ਬਾਹਰ ਭੇਜ ਦਿੰਦੇ ਹਨ। ਉਹ ਆਮ ਤੌਰ `ਤੇ ਲੇਟ ਉੱਠਦੇ ਹਨ ਤੇ ਨੀਂਦ ਵਿਚ ਸੁਪਨੇ ਦੇਖਦੇ ਰਹਿੰਦੇ ਹਨ। ਉਹ ਲੋਕ ਫਿਲਮੀ ਅੰਦਾਜ਼ ਵਿਚ ਹਥੇਲੀਆਂ `ਤੇ ਠੋਡੀ ਧਰ ਕੇ ਕਾਫੀ ਸਮਾਂ ਉੱਪਰ ਵਲ ਦੇਖਦੇ ਰਹਿੰਦੇ ਹਨ। ਇਸ ਸਭ ਲੋਕ ਕਲੀਮੈਟਿਸ ਨਾਲ ਹੀ ਠੀਕ ਹੋਣ ਵਾਲੇ ਹੁੰਦੇ ਹਨ।
ਇਹ ਦਵਾ ਸਭ ਤੋਂ ਢੁਕਵੀਂ ਉਨ੍ਹਾਂ ਲੜਕੀਆਂ ਲਈ ਹੈ, ਜੋ ‘ਯੋਗ’ ਵਰ ਦੀ ਭਾਲ ਵਿਚ ਵਿਆਹ ਨਹੀਂ ਕਰਵਾ ਸਕਦੀਆਂ ਤੇ ਘਰੇ ਬੈਠਿਆਂ ਹੀ ਉਮਰ ਗਾਲ ਲੈਂਦੀਆਂ ਹਨ। ਜਿਹੜੀਆਂ ਵਿਆਹ ਤਾਂ ਕਰਵਾ ਲੈਂਦੀਆਂ ਹਨ, ਪਰ ਆਪਣੇ ਮੌਜੂਦਾ ਵਰ ਨੂੰ ‘ਯੋਗ’ ਨਾ ਸਮਝਦੀਆਂ ਹੋਈਆਂ ਕਿਸੇ ਹੋਰ ਨਾਲ ਉਧਲਣ ਦੀਆਂ ਸਕੀਮਾਂ ਬਣਾਉਂਦੀਆਂ ਹਨ, ਉਹ ਵੀ ਇਸ ਤੋਂ ਪੱਕਾ ਲਾਭ ਉਠਾ ਸਕਦੀਆਂ ਹਨ। ਜਿਹੜੀਆਂ ਔਰਤਾਂ ਇਸ ਫੁੱਲ ਦਵਾ ਦਾ ਸੇਵਨ ਕਰ ਲੈਂਦੀਆਂ ਹਨ, ਉਹ ਆਪਣੇ ਗੰਡਿਆਂ ਖੇੜੀ ਦੀ ਕੁਚੱਜੀ ਮਾਂ ਵਾਂਗ ਆਪਣੇ ਬੱਚਿਆਂ ਨੂੰ ਪ੍ਰੇਮੀ ਕੋਲੋਂ ਮਰਵਾ ਕੇ ਉਸ ਨਾਲ ਚੰਗੇ ਦਿਨ ਵਤੀਤ ਕਰਨ ਲਈ ਭੱਜਣ ਬਾਰੇ ਬਿਲਕੁਲ ਨਹੀਂ ਸੋਚਣਗੀਆਂ। ਉਨ੍ਹਾਂ ਦੀਆਂ ਨਜ਼ਰਾਂ ਅਸਮਾਨ ਤੋਂ ਉਤਰ ਆਉਣਗੀਆਂ ਤੇ ਉਹ ਆਪਣੇ ਘਰ ਨੂੰ ਹੀ ਸਵਰਗ ਸਮਝਣਗੀਆਂ; ਪਰ ਜੋ ਔਰਤਾਂ ਕਿਸੇ ਪੁਰਾਣੇ ਬੁਆਏ ਫਰੈਂਡ ਦੇ ਮੋਹ ਵਿਚ ਉਲਝੀਆਂ ਹੋਣ ਕਰਕੇ ਆਪਣਾ ਘਰ ਬਰਬਾਦ ਕਰਦੀਆਂ ਹਨ, ਉਹ ਇਸ ਤੋਂ ਫਾਇਦਾ ਨਹੀਂ ਉਠਾ ਸਕਦੀਆਂ। ਉਨ੍ਹਾਂ ਲਈ ਦਵਾ ਹੋਰ ਹੈ।
ਕਲੀਮੈਟਿਸ ਉਨ੍ਹਾਂ ਨੌਜਵਾਨਾਂ ਨੂੰ ਵੀ ਦੇਣੀ ਬਣਦੀ ਹੈ, ਜੋ ਕੋਈ ਹੁਨਰ ਨਾ ਰੱਖਦੇ ਹੋਏ ਵੀ ਗੱਡੀ ਦੀ ਟਿਕਟ ਕਟਵਾ ਕੇ ਫਿਲਮ ਕਲਾਕਾਰ ਬਣਨ ਲਈ ਬੰਬੇ ਚਲੇ ਜਾਂਦੇ ਹਨ। ਫਿਰ ਇਹ ਕਲਾ ਦੇ ਪਰਵਾਨੇ ਅਕਸਰ ਆਪਣੀ ਸੁਪਨ-ਨਗਰੀ ਦੀਆਂ ਗੁਮਨਾਮ ਗਲੀਆਂ ਵਿਚ ਚੱਕਰ ਲਾਉਂਦੇ ਹੀ ਦਮ ਤੋੜ ਦਿੰਦੇ ਹਨ। ਹਾਂ, ਇਹ ਗੱਲ ਵੱਖਰੀ ਹੈ ਕਿ ਕੋਈ ਚੰਗਾ ਨੌਸ਼ਾਦ ਅਲੀ ਖਾਂ ਮਿਲ ਜਾਣ ਨਾਲ ਕੋਈ ਕੋਈ ਉਮਾ ਦੇਵੀ ਜਿਹੀ ਯਤੀਮ ਤੇ ਅਨਪੜ੍ਹ ਲੜਕੀ ‘ਉਮਾ ਦੇਵੀ ਖੱਤਰੀ’ ਦੇ ਨਾਂ ਨਾਲ ਉੱਘੀ ਗਾਇਕ ਕਲਾਕਾਰ ਬਣ ਜਾਵੇ ਤੇ ਫਿਰ ‘ਟੁਨ-ਟੁਨ’ ਬਣ ਕੇ ਚਾਂਦੀ ਦੇ ਪਰਦੇ `ਤੇ ਵੀ ਚਮਕਣ ਲੱਗੇ; ਪਰ ਅਜਿਹਾ ਮੌਕਾ ਮੇਲ ਸਭ ਦੇ ਹਿੱਸੇ ਨਹੀਂ ਆਉਂਦਾ।
ਕਲੀਮੈਟਿਸ ਦੇ ਕਈ ਬੀਮਾਰ ਬਜੁਰਗਾਂ ਵਿਚ ਵੀ ਮਿਲਦੇ ਹਨ। ਬਜੁਰਗਾਂ ਦਾ ਹਾਲਾਤ ਨਾਲੋਂ ਬਿਲਕੁਲ ਕਟ ਜਾਣਾ, ਗੁਮਨਾਮ ਹੋ ਜਾਣਾ ਤੇ ਠੀਕ ਹੋਣ ਦੀ ਆਸ ਨਾ ਰੱਖਣਾ, ਇਸ ਦੀਆਂ ਢੁਕਵੀਆਂ ਨਿਸ਼ਾਨੀਆਂ ਹਨ। ਬੁਢਾਪੇ ਵਿਚ ਮਨੁੱਖ ਨੂੰ ਆਪਣੀ ਸਾਫ-ਸਫਾਈ ਦਾ ਧਿਆਨ ਨਾ ਰਹਿਣਾ, ਇੱਜ਼ਤ ਬੇਇਜ਼ਤੀ ਬਰਾਬਰ ਲਗਣੇ ਤੇ ਊਚ ਨੀਚ ਦੇ ਖਿਆਲ ਤੋਂ ਮੁਕਤ ਹੋਣਾ, ਮਾਮੂਲੀ ਤਕਲੀਫ ਨਾਲ ਬੇਹੋਸ਼ ਹੋਣਾ, ਤੇ ਮਰ ਕੇ ਮੁਕਤ ਹੋਣ ਦਾ ਚਾਅ ਹੋਣਾ ਆਦਿ ਦੇ ਕੇਸ ਕਲੀਮੈਟਿਸ ਨਾਲ ਠੀਕ ਹੋ ਸਕਦੇ ਹਨ। ਜਦੋਂ ਬਿਮਾਰ ਦੋ ਤਿੰਨ ਵਾਰ ਬਲਾਉਣ ਤੋਂ ਪਹਿਲਾਂ ਨਾ ਬੋਲੇ, ਬੋਲ ਕੇ ਸਹੀ ਜਵਾਬ ਦੇ ਦੇਵੇ ਤੇ ਮੁੜ ਪਹਿਲਾਂ ਵਾਲੀ ਸੋਚਮਈ ਅਵਸਥਾ ਵਿਚ ਚਲਾ ਜਾਵੇ ਤਾਂ ਸਮਝੋ ਕਲੀਮੈਟਿਸ ਹੀ ਲਾਭ ਕਰੇਗੀ। ਹੋਮਿਉਪੈਥੀ ਵਿਚ ਇਹ ਨਿਸ਼ਾਨੀ ਬੈਪਟੀਸ਼ੀਆ ਨਾਮਕ ਦਵਾ ਵਿਚ ਪਾਈ ਜਾਂਦੀ ਹੈ, ਪਰ ਬੈਪਟੀਸ਼ੀਆ ਦੇ ਮਰੀਜ਼ ਦਾ ਦਿਮਾਗ ਬੁੱਜ ਹੁੰਦਾ ਹੈ ਤੇ ਕਲੀਮੈਟਿਸ ਦਾ ਮਰੀਜ਼ ਆਪਣੇ ਸੁਪਨਿਆਂ ਵਿਚ ਖੋਇਆ ਹੁੰਦਾ ਹੈ।
ਕਈ ਲੋਕ ਚਲਦੇ ਚਲਦੇ ਖਿਆਲਾਂ ਵਿਚ ਖੋ ਜਾਂਦੇ ਹਨ, ਕੰਧਾਂ ਜਾਂ ਖੰਭਿਆਂ ਵਿਚ ਟਕਰਾ ਜਾਂਦੇ ਹਨ, ਲਾਲਬੱਤੀ ਦਾ ਧਿਆਨ ਨਹੀਂ ਰੱਖਦੇ, ਸਟਾਪ-ਸਾਈਨ `ਤੇ ਰੁਕਣਾ ਭੁੱਲ ਜਾਂਦੇ ਹਨ ਤੇ ਬੇਧਿਆਨੀ ਵਿਚ ਐਕਸੀਡੈਂਟ ਕਰ ਬੈਠਦੇ ਹਨ। ਕਈ ਕਲਪਨਾ ਦੀ ਦੁਨੀਆਂ ਵਿਚ ਰਹਿਣ ਕਰ ਕੇ ਦੁਨਿਆਵੀ ਕੰਮ ਧੰਦਿਆਂ ਵਿਚ ਧਿਆਨ ਨਹੀਂ ਜਮਾ ਸਕਦੇ ਤੇ ਕਈ ਮੰਜਿ਼ਲ ਦੀ ਭਾਲ ਵਿਚ ਜੰਗਲਾਂ ਵਲ ਚਾਲੇ ਪਾ ਦਿੰਦੇ ਹਨ। ਅਜਿਹੀਆਂ ਸਭ ਭਟਕਦੀਆਂ ਰੂਹਾਂ ਦਾ ਇਲਾਜ ਕਲੀਮੈਟਿਸ ਵਿਚ ਹੈ।
ਅਚਨਚੇਤ ਐਕਸੀਡੈਂਟਾਂ ਵਿਚ ਕਲੀਮੈਟਿਸ ਦੀ ਮਹਾਨ ਭੂਮਿਕਾ ਹੈ। ਦੁਰਘਟਨਾ ਤੋਂ ਬਾਅਦ ਜਦੋਂ ਵਿਅਕਤੀ ਦੀ ਮਾਨਸਿਕ ਹਾਲਤ ਹਿੱਲੀ ਹੁੰਦੀ ਹੈ, ਉਸ ਨੂੰ ਅਸਲੀਅਤ ਦੀ ਥਾਂ ਭਵਿੱਖ ਨੇੜੇ ਲਗਦਾ ਹੈ, ਮੌਤ ਤੇ ਅਨਿਸ਼ਚਿਤਤਾ ਨਾਲ ਪੰਜਾ ਪਿਆ ਹੁੰਦਾ ਹੈ ਤਾਂ ਕਲੀਮੈਟਿਸ ਉਸ ਦੇ ਵਿਚਾਰਾਂ ਵਿਚ ਵਿਸ਼ਵਾਸ ਪੈਦਾ ਕਰ ਕੇ ਠੰਡਕ ਲਿਆਉਂਦੀ ਹੈ। ਇਹ ਮਰੀਜ਼ ਨੂੰ ਸਦਮੇ ਦੀ ਭੇਟ ਨਹੀਂ ਚੜ੍ਹਨ ਦਿੰਦੀ। ਇਸੇ ਕਰਕੇ ਇਹ ਸੁਪ੍ਰਸਿੱਧ ਰੈਸਕਿਊ ਰੈਮਿਡੀ ਦੀਆਂ ਪੰਜ ਦਵਾਈਆਂ ਵਿਚੋਂ ਇਕ ਹੈ।
ਕਲੀਮੈਟਿਸ ਕਿਸਮ ਦੇ ਲੋਕਾਂ ਨੂੰ ਆਮ ਤੌਰ `ਤੇ ਸਿਰ ਦਰਦ, ਚੱਕਰ, ਯਾਦਦਾਸ਼ਤ ਦੀ ਕਮਜ਼ੋਰੀ, ਸਿਰ ਦਾ ਹਿੱਲਣਾ, ਹੱਥਾਂ ਪੈਰਾਂ ਦੀ ਬੇਚੈਨੀ, ਝਉਲੇ ਪੈਣ, ਬੇਹੋਸ਼ੀ, ਥਕੇਵਾਂ, ਡਿਪ੍ਰੈਸ਼ਨ ਤੇ ਸਾਹ ਦੇ ਉੱਖੜਨ ਜਿਹੇ ਰੋਗ ਹੋ ਜਾਂਦੇ ਹਨ। ਜਿੱਥੇ ਅਜਿਹੇ ਲੱਛਣ ਪਾਏ ਜਾਣ, ਉੱਥੇ ਇਸ ਦਵਾ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ।
ਪਰ ਕਲੀਮੈਟਿਸ ਆਮ ਦਵਾਈਆਂ ਦੀ ਤਰ੍ਹਾਂ ਬਿਮਾਰੀਆਂ `ਤੇ ਸਿੱਧਾ ਵਾਰ ਨਹੀਂ ਕਰਦੀ। ਇਹ ਬੀਮਾਰ ਦੇ ਮਨ ਦਾ ਉਲਝਿਆ ਤਾਣਾ-ਬਾਣਾ ਸੁਲਝਾਉਂਦੀ ਹੈ। ਇਹ ਉਸ ਦੀ ਸੋਚ ਨੂੰ ਸਿੱਧਾ ਕਰ ਕੇ ਉਸ ਨੂੰ ਅਸਮਾਨੋਂ ਧਰਤੀ `ਤੇ ਲਿਆਉਂਦੀ ਹੈ ਤੇ ਵਰਤਮਾਨ ਵਿਚ ਰਹਿਣ ਦੇ ਯੋਗ ਬਣਾਉਂਦੀ ਹੈ। ਇਹ ਉਸ ਨੂੰ ਕਾਰਨ, ਫਲ ਤੇ ਇੱਛਾ ਦਾ ਸੰਬੰਧ ਸਿਖਾਉਂਦੀ ਹੈ। ਇਹ ਸਮਝਾਉਂਦੀ ਹੈ ਕਿ ਸਪਨੇ ਲੈਣੇ ਗੁਨਾਹ ਨਹੀਂ ਹਨ, ਪਰ ਇਨ੍ਹਾਂ ਤੀਕ ਛਾਲ ਮਾਰ ਕੇ ਨਹੀਂ ਪਹੁੰਚਿਆ ਜਾ ਸਕਦਾ। ਇਨ੍ਹਾਂ ਨੂੰ ਸਾਰਥਿਕ ਰੂਪ ਵਿਚ ਪ੍ਰਾਪਤ ਕਰਨ ਲਈ ਕਾਰਨਾਂ ਨਾਲ ਜੋੜਨਾ ਪੈਂਦਾ ਹੈ ਤੇ ਫਿਰ ਯਥਾ ਯੋਗ ਕਰਮ ਕਰ ਕੇ ਮਨਬਾਂਛਤ ਫਲਾਂ ਤੀਕ ਅਪੜਿਆ ਜਾ ਸਕਦਾ ਹੈ। ਇਹ ਉਸ ਨੂੰ ਆਪਣੇ ਆਦਰਸ਼ਵਾਦ ਤੀਕ ਯਥਾਰਥਵਾਦ ਦੀਆਂ ਪੌੜੀਆਂ ਲਾਉਣਾ ਸਿਖਾਉਂਦੀ ਹੈ ਤੇ ਉਸ ਦੀਆਂ ਅੱਖਾਂ ਤੋਂ ਦੂਰ ਦੀਆਂ ਰੰਗੀਨ ਐਨਕਾਂ ਉਤਾਰ ਕੇ ਨੇੜਲੀ ਨਜ਼ਰ ਦੇ ਸ਼ੀਸ਼ੇ ਫਿਟ ਕਰਦੀ ਹੈ। ਇਹ ਉਸ ਨੂੰ ਦੂਰ ਦੀ ਤਸਵੀਰ ਦੇਖਣ ਤੋਂ ਪਹਿਲਾਂ ਨਜ਼ਦੀਕ ਦੀ ਹਕੀਕਤ ਦੇਖਣ ਦਾ ਆਦੀ ਬਣਾਉਂਦੀ ਹੈ। ਇਹ ਉਸ ਵਿਚ ਇਸੇ ਜਿੰ਼ਦਗੀ ਨੂੰ ਜਿਊਣ ਦਾ ਜੋਸ਼ ਭਰਦੀ ਹੈ ਤੇ ਅਗਲੀ ਦਾ ਭਰਮ ਮਿਟਾਉਣ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਸੁਚੇਤ ਬਣ ਕੇ ਉਹ ਚੰਗਾ ਵਿਗਿਆਨੀ, ਲੇਖਕ, ਸਾਇੰਸ ਫਿਕਸ਼ਨ ਲਿਖਾਰੀ, ਕਲਾਕਾਰ, ਫੋਟੋਗਰਾਫਰ, ਫਿਲਮ ਕਹਾਣੀਕਾਰ, ਡਾਕਟਰ, ਡਿਜ਼ਾਇਨਰ ਤੇ ਨਵੀਨ ਕਾਢਾਂ ਕਢਣ ਵਾਲਾ ਬਣ ਸਕਦਾ ਹੈ। ਇਸ ਤਰ੍ਹਾਂ ਇਹ ਮਨੁੱਖ ਦੇ ਬਾਹਰ-ਅੰਦਰ ਦੇ ਦਵੰਧ ਮਿਟਾ ਕੇ ਉਸ ਨੂੰ ਸਰੀਰਕ ਪੱਖੋਂ ਤੰਦਰੁਸਤ ਕਰਦੀ ਹੈ।