ਵਿਛੀ ਪਈ ਪੰਜਾਬ ਪੁਲਿਸ ਲਈ ਲੜਾਈ!

ਰਿਬੇਰੋ ਦੀ ਆਪਬੀਤੀ-6
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ। ਇਸ ਕਿਸ਼ਤ ਵਿਚ ਖਾੜਕੂਆਂ ਅੱਗੇ ਹੰਭੀ-ਹਫੀ ਪੰਜਾਬ ਪੁਲਿਸ ਵਿਚ ਨਵੀਂ ਰੂਹ ਫੂਕਣ ਬਾਰੇ ਰਿਬੇਰੋ ਦੇ ਵਿਚਾਰ ਹਨ ਅਤੇ ਸਿਆਸੀ ਆਗੂਆਂ ਦੀਆਂ ‘ਮਜਬੂਰੀਆਂ’ ਦਾ ਖੁਲਾਸਾ ਹੈ। -ਸੰਪਾਦਕ
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਨਾ 288: ਕੇਂਦਰੀ ਸਕੱਤਰ ਤੋਂ ਨੀਵਾਂ ਰੁਤਬਾ ਦੇ ਕੇ ਮੈਨੂੰ ਪੰਜਾਬ ਪੁਲਿਸ ਚੀਫ ਲਾਇਆ ਗਿਆ, ਪਰ ਇਸ ਵਾਅਦੇ ਨਾਲ ਕਿ ਮੇਰੀ ਤਨਖਾਹ ਤੇ ਰੁਤਬਾ ਪਹਿਲਾਂ ਵਾਲਾ ਰਹੇਗਾ। ਜਦੋਂ ਮੈਂ ਪੂਰੀ ਤਨਦੇਹੀ ਨਾਲ ਖਾੜਕੂਵਾਦ ਵਿਰੁਧ ਜੂਝ ਰਿਹਾ ਸੀ, ਕੇਂਦਰੀ ਗ੍ਰਹਿ ਸਕੱਤਰ ਪ੍ਰਧਾਨ ਦਾ ਫੋਨ ਆਇਆ ਕਿ ਮੈਂ ਪੁਲਿਸ ਚੀਫ ਦੀ ਘੱਟ ਤਨਖਾਹ ਉਤੇ ਕੰਮ ਕਰਨਾ ਮਨਜ਼ੂਰ ਕਰਾਂ। ਪੰਜਾਬ ਦੀ ਬਿਊਰੋਕਰੇਸੀ ਨੇ ਉਸ ਉਪਰ ਅਜਿਹਾ ਕਰਨ ਲਈ ਦਬਾਉ ਪਾਇਆ। ਮੈਂ ਨਾਂਹ ਕਰ ਦਿੱਤੀ। ਫਿਰ ਉਸ ਨੇ ਕਿਹਾ-ਠੀਕ ਹੈ, ਤਨਖਾਹ ਸਕੱਤਰ ਜਿੰਨੀ ਰਹੇਗੀ, ਪਰ ਇਸ ਨੂੰ ਵਿਸ਼ੇਸ਼ ਤਨਖਾਹ ਵਜੋਂ ਕਰ ਦਿਆਂਗੇ। ਇਸ ਦਾ ਮਤਲਬ ਇਹ ਕਿ ਤਨਖਾਹ ਸਕੱਤਰ ਜਿੰਨੀ, ਪਰ ਸਕੱਤਰ ਦਾ ਰੁਤਬਾ ਵਾਪਸ। (ਆਈæਏæਐਸ਼ ਲਾਬੀ ਨੂੰ ਚੰਗਾ ਨਾ ਲੱਗਾ, ਆਈæਪੀæਐਸ਼ ਅਫਸਰ ਉਨ੍ਹਾਂ ਦੇ ਬਰਾਬਰ ਮਰਾਤਬਾ ਲਵੇ)। ਮੈਂ ਇਸ ਨੂੰ ਵੀ ਮਨਜ਼ੂਰ ਨਾ ਕੀਤਾ। ਫਿਰ ਇਕ ਹੋਰ ਹੱਲ ਕੱਢਿਆ ਗਿਆ, ਪੰਜਾਬ ਪੁਲਿਸ ਚੀਫ ਦੀ ਪੋਸਟ ਲਾਂਭੇ ਕਰ ਦਿੱਤੀ, ਤੇ ਕੇਂਦਰੀ ਸਕੱਤਰ ਦੀ ਨਵੀਂ ਆਸਾਮੀ ਘੜ ਦਿੱਤੀ ਜਿਹੜੀ ਪੰਜਾਬ ਦੇ ਚੀਫ ਸੈਕਟਰੀ ਬਰਾਬਰ ਸੀ। ਮੈਂ ਹੈਰਾਨ ਸਾਂ ਕਿ ਪ੍ਰਧਾਨ ਮੰਤਰੀ ਦੇ ਇੰਨੇ ਵੱਡੇ ਆਫਿਸ ਵਿਚ ਕੀਤੇ ਗਏ ਫੈਸਲੇ ਵਿਚ ਕਿਵੇਂ ਆਰਾਮ ਨਾਲ ਮਨਮਰਜ਼ੀ ਦੀ ਅਦਲਾ-ਬਦਲੀ ਹੋ ਰਹੀ ਸੀ। ਇਸ ਸਾਰੇ ਕਾਸੇ ਦੇ ਬਾਵਜੂਦ ਮੈਂ ਪੁਲਿਸ ਚੀਫ ਹੀ ਰਿਹਾ ਜੋ ਪੰਜਾਬ ਦੇ ਗ੍ਰਹਿ ਸਕੱਤਰ ਅੱਗੇ ਜਵਾਬਦੇਹ ਸੀ; ਉਸ ਗ੍ਰਹਿ ਸਕੱਤਰ ਅੱਗੇ ਜਿਸ ਦੀ ਤਨਖਾਹ ਅਤੇ ਰੁਤਬਾ ਮੇਰੇ ਤੋਂ ਘੱਟ ਸੀ।
ਪੁਲਿਸ ਚੀਫ ਦਾ ਰੁਤਬਾ ਚੀਫ ਸੈਕਟਰੀ ਦੇ ਬਰਾਬਰ ਹੋਵੇ, ਪੰਜਾਬ ਦੀ ਅਫਸਰਸ਼ਾਹੀ ਨੂੰ ਪਚਿਆ ਨਹੀਂ। ਬੁਰੇ ਹਾਲਾਤ ਵਿਚ ਮੈਨੂੰ ਖਾਸ ਕਾਰਨਾਂ ਕਰ ਕੇ ਪੰਜਾਬ ਭੇਜਿਆ ਗਿਆ ਸੀ, ਪਰ ਉਨ੍ਹਾਂ ਨੂੰ ਕੀ ਪ੍ਰਵਾਹ। ਉਨ੍ਹਾਂ ਦਾ ਰੁਤਬਾ ਪੁਲਿਸ ਅਫਸਰ ਤੋਂ ਉਚਾ ਹੋਣਾ ਜ਼ਰੂਰੀ ਸੀ। ‘ਮਾਈ ਯੀਅਰਜ਼ ਵਿਦ ਰਾਜੀਵ’ ਵਿਚ ਪ੍ਰਧਾਨ ਲਿਖਦਾ ਹੈ ਕਿ ਪੰਜਾਬ ਦੀ ਅਫਸਰਸ਼ਾਹੀ ਰਿਬੇਰੋ ਤੋਂ ਖੁਸ਼ ਨਹੀਂ।
ਪੰਨਾ 289: ਲੀਡਰਾਂ, ਅਫਸਰਾਂ, ਜੱਜਾਂ ਨੂੰ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਦਾ ਖੌਫ ਸੀ। ਬੱਚਿਆਂ ਦੀ ਹਿਫਾਜ਼ਤ ਲਈ ਵੱਖ ਸੁਰੱਖਿਆ ਮੰਗੀ ਜਾ ਰਹੀ ਸੀ। ਜਿਉਂ-ਜਿਉਂ ਪਰਿਵਾਰਾਂ ਦੀ ਸੁਰੱਖਿਆ ਵਧਦੀ, ਇੱਧਰ ਖਾੜਕੂਆਂ ਦੇ ਮੁਕਾਬਲੇ ਤੇ ਫੋਰਸ ਘਟਦੀ ਗਈ। ਪੰਜਾਬ ਜਿਵੇਂ ਅਧਰੰਗ ਦੀ ਬਿਮਾਰੀ ਤੋਂ ਗ੍ਰਸਤ ਹੋਵੇ। ਇਹੋ ਜਿਹੇ ਹਾਲਾਤ ਵਿਚ ਜਿਸ ਦੀ ਲਾਠੀ ਉਸ ਦੀ ਭੈਂਸ। ਲਾਠੀ ਜਾਂ ਖਾੜਕੂਆਂ ਕੋਲ ਸੀ, ਜਾਂ ਪੁਲਿਸ ਕੋਲ; ਸੋ ਇਹੀ ਦੋ ਧਿਰਾਂ ਫੈਸਲਾ ਕਰਨਗੀਆਂ। ਇਹੀ ਗੱਲ ਅਫਸਰਸ਼ਾਹੀ ਨੂੰ ਰੜਕ ਰਹੀ ਸੀ।
ਅਜਿਹਾ ਇਕ ਅਫਸਰ ਵਿਦੇਸ਼ੀ ਡਿਊਟੀ ਨਿਭਾ ਕੇ ਦੇਸ਼ ਵਾਪਸ ਆਇਆ। ਉਸ ਨੂੰ ਇਕ ਅਹਿਮ ਵਿਭਾਗ ਦੇ ਦਿੱਤਾ ਗਿਆ। ਇਸ ਰੁਤਬੇ ਦਾ ਪੱਤਰਕਾਰਾਂ ਨਾਲ ਸਿੱਧਾ ਰਾਬਤਾ ਸੀ। ਪ੍ਰੈਸ ਰਾਹੀਂ ਉਹ ਮੇਰੇ ਉਤੇ ਨਜ਼ਲਾ ਝਾੜਦਾ ਤੇ ਹਮਲਾਵਰ ਰੁਖ ਅਪਨਾਉਂਦਾ। ਇਸ ਨਾਲ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ, ਗਵਰਨਰ ਰੇਅ ਫਿਕਰਮੰਦ ਹੋ ਗਿਆ। 31 ਜੁਲਾਈ 1987 ਦੇ ‘ਇੰਡੀਆ ਟੁਡੇ’ ਨੇ ਆਪਣੀ ਕਵਰ ਸਟੋਰੀ ਵਿਚ ਖਾੜਕੂਵਾਦ ਵਿਰੁਧ ਮੇਰੀ ਲੜਾਈ ਦੀ ਆਲੋਚਨਾ ਕੀਤੀ। ਅਜੇ ਆਰਟੀਕਲ ਛਪਿਆ ਨਹੀਂ ਸੀ ਜਦੋਂ ਮੇਰੀ ਇੰਟੈਲੀਜੈਂਸ ਨੇ ਮੈਨੂੰ ਇਸ ਦੀ ਸੂਚਨਾ ਦੇ ਦਿੱਤੀ। ਮੈਨੂੰ ਇਤਲਾਹ ਮਿਲੀ ਕਿ ਦੋ ਵੱਡੇ ਪੱਤਰਕਾਰ ਚੰਡੀਗੜ੍ਹ ਪੁੱਜ ਗਏ ਹਨ ਤੇ ਇਸ ਅਫਸਰ ਨਾਲ ਤਾਲਮੇਲ ਬਿਠਾ ਲਿਆ ਹੈ। ਇਹ ਅਫਸਰ ਜਦੋਂ ਵਿਦੇਸ਼ ਵਿਚ ਸੀ, ਦੋਹਾਂ ਵਿਚੋਂ ਇਕ ਉਦੋਂ ਵਿਦੇਸ਼ੀ ਪੱਤਰਕਾਰ ਰਿਹਾ ਸੀ।
ਪੰਨਾ 290: ਮੈਂ ਇਹ ਆਰਟੀਕਲ ਪੜ੍ਹਿਆ ਤੇ ਭੁੱਲ ਭੁਲਾ ਗਿਆ। ਪ੍ਰੈਸ ਤੁਹਾਡੀ ਆਲੋਚਨਾ ਕਰੇ, ਇਹ ਫਾਇਦੇਮੰਦ ਹੁੰਦੀ ਹੈ। ਅਫਸਰ ਨੂੰ ਆਪਣੀ ਕਦਮ-ਚਾਲ ਦਰੁਸਤ ਰੱਖਣੀ ਚਾਹੀਦੀ ਹੈ, ਪਰ ਰੇਅ ਘਬਰਾ ਗਿਆ। ਉਸ ਨੂੰ ਪਤਾ ਸੀ, ਕਿਸ ਅਫਸਰ ਦੀ ਕਰਤੂਤ ਹੈ। ਉਸ ਨੇ ਮੈਨੂੰ ਕਿਹਾ ਕਿ ਗ੍ਰਹਿ ਵਿਭਾਗ ਨੂੰ ਭੇਜਣ ਲਈ ਮੈਂ ਨੁਕਤਾ-ਦਰ-ਨੁਕਤਾ ਜਵਾਬ ਤਿਆਰ ਕਰਾਂ। ਮੈਂ ਇਸ ਵਾਸਤੇ ਜਵਾਬ ਤਿਆਰ ਕਰਨ ਲਈ ਮੰਨ ਗਿਆ, ਕਿਉਂਕਿ ਪਾਰਲੀਮੈਂਟ ਵਿਚ ਸਵਾਲ ਹੋ ਸਕਦਾ ਸੀ ਤੇ ਗ੍ਰਹਿ ਮੰਤਰਾਲੇ ਨੂੰ ਜਵਾਬ ਦੇਣਾ ਪੈਣਾ ਸੀ; ਮੈਗਜ਼ੀਨ ਵਿਚ ਛਪਵਾਉਣ ਵਾਸਤੇ ਨਹੀਂ, ਕਿਸੇ ਪ੍ਰਾਪੇਗੰਡੇ ਲਈ ਨਹੀਂ। ਵਿਅਰਥ ਚੁੰਜ-ਚਰਚਾ ਵਿਚ ਪੈ ਜਾਂਦਾ, ਤਾਂ ਮੈਂ ਦਿੱਤੀ ਗਈ ਡਿਊਟੀ ਕਿਵੇਂ ਨਿਭਾਉਂਦਾ? ਇਸ ਜਾਅਲਸਾਜ਼ੀ ਬਾਰੇ ‘ਟਾਈਮਜ਼ ਆਫ ਇੰਡੀਆ’ ਦੇ ਸੰਪਾਦਕ ਗਿਰੀ ਲਾਲ ਜੈਨ ਨਾਲ ਫੋਨ ਮਿਲਾਇਆ। ਸ਼ਰਾਰਤ ਲਈ ਜ਼ਿੰਮੇਵਾਰ ਇਸ ਅਫਸਰ ਦੀ ਜੈਨ ਨੇ ਸ਼ਨਾਖਤ ਕਰ ਲਈ ਤੇ ਮੈਨੂੰ ਕਿਹਾ-ਇਸ ਬਦਤਮੀਜ਼ ਦੀ ਕਰਤੂਤ ਨਜ਼ਰਅੰਦਾਜ਼ ਕਰਨੀ ਠੀਕ ਰਹੇਗੀ।
ਇਸ ਅਫਸਰ ਨੇ ਪਹਿਲਾਂ ਵੀ ਇਕ ਨਵੇਂ ਅੰਗਰੇਜ਼ੀ ਪੱਤਰਕਾਰ ਨੂੰ ਆਖ ਕੇ ਮੇਰੇ ਵਿਰੁਧ ਲਿਖਵਾਇਆ ਸੀ ਤੇ ਅੱਗਿਉਂ ਅਜਿਹਾ ਕਰਨ ਵਾਸਤੇ ਲਾਲਚ ਵੀ ਦਿੱਤਾ। ਦਰਅਸਲ ਇਸ ਪੱਤਰਕਾਰ ਨੇ ਆਪਣੀਆਂ ਲਿਖਤਾਂ ਵਿਚ ਪਹਿਲਾਂ ਪੁਲਿਸ ਦੇ ਕੰਮਕਾਜ ਦੀ ਨੁਕਤਾਚੀਨੀ ਕੀਤੀ ਸੀ, ਤੇ ਅਫਸਰ ਨੂੰ ਲੱਗਾ ਕਿ ਇਸ ਨੂੰ ਰਿਬੇਰੋ ਵਿਰੁਧ ਵਰਤਿਆ ਜਾ ਸਕਦਾ ਹੈ। ਇਤਫਾਕਨ ਇਹ ਇਮਾਨਦਾਰ ਪੱਤਰਕਾਰ ਸੀ, ਉਸ ਨੇ ਕੋਈ ਨਿੱਜੀ ਕਿੜ ਕੱਢਣ ਲਈ ਪੁਲਿਸ ਦੀ ਆਲੋਚਨਾ ਨਹੀਂ ਸੀ ਕੀਤੀ; ਜੋ ਉਸ ਨੂੰ ਗਲਤ ਲੱਗਾ, ਉਸ ਉਪਰ ਉਸ ਨੇ ਉਂਗਲ ਉਠਾਈ। ਪੁਲਿਸ ਵਿਰੁਧ ਜਾਂ ਮੇਰੇ ਵਿਰੁਧ ਨਹੀਂ ਸੀ ਉਹ।
ਮਈ 1987 ਵਿਚ ਮੇਰੀ ਰਿਟਾਇਰਮੈਂਟ ਨਜ਼ਦੀਕ ਆ ਗਈ। ਮੇਰੀ ਫਾਈਲ ਮੁੱਖ ਮੰਤਰੀ ਤੱਕ ਪੁੱਜ ਗਈ ਜਿਸ ਨੇ ਫੈਸਲਾ ਕਰਨਾ ਸੀ ਕਿ ਮੈਂ ਆਪਣੀਆਂ ਸੇਵਾਵਾਂ ਪੰਜਾਬ ਵਿਚ ਜਾਰੀ ਰੱਖਾਂਗਾ ਕਿ ਨਹੀਂ। ਇਸੇ ਅਫਸਰ ਨੇ ਮੇਰੇ ਵਿਰੁਧ ਚਾਰਜ ਸ਼ੀਟ ਤਿਆਰ ਕਰ ਕੇ ਖਜ਼ਾਨਾ ਮੰਤਰੀ ਬਲਵੰਤ ਸਿੰਘ ਦੇ ਦਸਤਖਤਾਂ ਵਾਸਤੇ ਭੇਜ ਦਿੱਤੀ। ਚਾਰਜ ਸ਼ੀਟ ਕਾਰਨ ਅਕਾਲੀ ਸਰਕਾਰ ਦਾ ਸੰਤੁਲਨ ਵਿਗੜ ਗਿਆ। ਮਈ 25 ਨੂੰ ‘ਟਾਈਮ’ ਵਿਚ ਲੇਖ ਛਪਿਆ ਜਿਸ ਵਿਚ ਕਿਹਾ ਗਿਆ ਕਿ ਅਕਾਲੀ ਸਰਕਾਰ ਕਿਉਂਕਿ ਰਿਬੇਰੋ ਨੂੰ ਸੇਵਾਮੁਕਤ ਕਰਨ ਤੋਂ ਹਿਚਕਚਾ ਰਹੀ ਹੈ, ਇਸ ਕਰ ਕੇ ਇਸ ਸਰਕਾਰ ਨੂੰ ਚਲਦੀ ਕਰ ਦਿੱਤਾ ਜਾਵੇ। ਜਦੋਂ ਅਕਾਲੀ ਸਰਕਾਰ ਟੁੱਟ ਗਈ, ਕਈ ਮਹੀਨਿਆਂ ਮਗਰੋਂ ਬਲਵੰਤ ਸਿੰਘ ਖਿਮਾ ਮੰਗਣ ਮੇਰੇ ਘਰ ਆਇਆ। ਉਸ ਨੇ ਦੱਸਿਆ-ਮੈਂ ਤਾਂ ਉਸ ਅਫਸਰ ਦੇ ਹੱਥ ਦਾ ਖਿਡੌਣਾ ਸਾਂ, ਮੈਂ ਉਸ ਦੀਆਂ ਸਾਜ਼ਿਸ਼ਾਂ ਵਿਚ ਆ ਗਿਆ, ਅਫਸੋਸ ਹੈ।
ਅਗਲੇ ਸਾਲ ਤਾਂ ਕਮਾਲ ਹੀ ਹੋ ਗਈ। ਮੈਨੂੰ ਸਕੱਤਰ ਪ੍ਰਫੁੱਲ ਵੈਸ਼ਨਵ ਨੇ ਬੁਲਾ ਕੇ ਉਸੇ ਅਫਸਰ ਵੱਲੋਂ ਉਸ ਨੂੰ ਲਿਖਿਆ ਖ਼ਤ ਪੜ੍ਹਨ ਲਈ ਦਿੱਤਾ। ਖ਼ਤ ਵਿਚ ਲਿਖਿਆ ਸੀ ਕਿ ਉਸ ਨੂੰ ਜਾਨ ਦਾ ਖਤਰਾ ਹੈ, ਕਿਉਂਕਿ ਰਿਬੇਰੋ ਨੇ ਉਸ ਨੂੰ ਮਾਰਨ ਲਈ ਸਕੀਮ ਘੜ ਲਈ ਹੈ। ਉਸ ਨੇ ਵੈਸ਼ਨਵ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਸਕੱਤਰ ਪੱਧਰ ਦਾ ਅਫਸਰ ਇਹੋ ਜਿਹਾ ਇਲਜ਼ਾਮ ਲਾ ਸਕਦਾ ਹੈ, ਮੈਂ ਦੰਗ ਰਹਿ ਗਿਆ। ਮੈਂ ਵੈਸ਼ਨਵ ਨੂੰ ਕਿਹਾ ਕਿ ਇਹ ਬੰਦਾ ਐਵੇਂ ਘਬਰਾ ਗਿਆ ਹੈ। ਇਹੋ ਜਿਹੇ ਮਾਮੂਲੀ ਬੰਦਿਆਂ ਵੱਲ ਤਾਂ ਮੇਰਾ ਧਿਆਨ ਹੀ ਨਹੀਂ ਗਿਆ ਕਦੀ। ਇਸ ਬਾਰੇ ਚੀਫ ਸੈਕਟਰੀ ਨੂੰ ਮੈਂ ਲਿਖਤੀ ਬਿਆਨ ਦਿੱਤਾ। ਇਹ ਘਟਨਾ ਮੈਂ ਇਸ ਲਈ ਲਿਖ ਦਿੱਤੀ ਹੈ ਕਿ ਕਿਵੇਂ ਬੰਦਾ ਆਪਣੇ ਜਾਲ ਵਿਚ ਅਕਾਰਨ ਉਲਝਦਾ ਚਲਿਆ ਜਾਂਦਾ ਹੈ। ਇਸ ਅਫਸਰ ਨੂੰ ਉਦੋਂ ਪੰਜਾਬ ਤੋਂ ਸ਼ੰਟਆਊਟ ਕਰ ਕੇ ਉਤਰ-ਪੂਰਬੀ ਪ੍ਰਾਂਤ ਵਿਚ ਭੇਜ ਦਿੱਤਾ ਗਿਆ ਸੀ, ਜਦੋਂ ਆਈæਬੀæ ਅਫਸਰਾਂ ਨੇ ਉਸ ਨੂੰ ਰਾਸ਼ਟਰਪਤੀ ਭਵਨ ਦੇ ਲਾਅਨ ਵਿਚ ਗਿਆਨੀ ਜ਼ੈਲ ਸਿੰਘ ਨਾਲ ਵਿਚਾਰ-ਵਟਾਂਦਰਾ ਕਰਦਿਆਂ ਦੇਖ ਲਿਆ ਸੀ। ਉਨ੍ਹਾਂ ਦਿਨਾਂ ਵਿਚ ਰਾਜੀਵ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਦੀ ਆਪਸ ਵਿਚ ਕਸ਼ਮਕਸ਼ ਚੱਲ ਰਹੀ ਸੀ। ਅਫਸਰ ਨੂੰ ਆਪਣੀ ਬਦਲੀ ਦੇ ਕਾਰਨ ਦਾ ਪਤਾ ਸੀ, ਪਰ ਹਰ ਇਕ ਨੂੰ ਦੱਸਦਾ ਇਹੋ ਸੀ ਕਿ ਰਿਬੇਰੋ ਨੇ ਕਰਵਾਈ ਹੈ। ਬਹੁਤ ਸਾਲਾਂ ਬਾਅਦ ਉਸ ਨੂੰ ਮੁੜ ਕੇਂਦਰ ਦੇ ਇਕ ਮੰਤਰਾਲੇ ਵਿਚ ਸਕੱਤਰ ਲਿਆਂਦਾ ਗਿਆ।
ਰਾਜ ਸਰਕਾਰ ਦੇ ਇਕ ਸਕੱਤਰ ਨੇ ਮੇਰੀ ਅਸਲ ਕਹਾਣੀ ਦਾ ਰੁਖ ਹੀ ਬਦਲ ਦਿੱਤਾ। ਇਹ ਗੱਲ ਇਸ ਕਰ ਕੇ ਵਿਚਕਾਰ ਆ ਗਈ, ਤਾਂ ਕਿ ਦੱਸ ਸਕਾਂ ਕਿ ਖਾੜਕੂਆਂ ਵਿਰੁਧ ਜੰਗ ਵਿਚ ਮਿਲਵਰਤਣ ਦੇਣ ਦੀ ਥਾਂ ਕੁੱਝ ਤਾਕਤਾਂ ਇਕ ਪੁਲਸੀਏ ਵਿਰੁਧ ਲੜਨ ਵਿਚ ਮਸ਼ਰੂਫ ਸਨ। ਬੇਸ਼ਕ ਇਸ ਘਟਨਾ ਨੇ ਮੇਰੀ ਨੀਂਦ ਹਰਾਮ ਨਹੀਂ ਕੀਤੀ, ਪਰ ਇਹ ਦੁੱਖਦਾਈ ਅਨੁਭਵ ਤਾਂ ਸੀ ਹੀ ਨਾ। ਜੀਵਨ ਦੇ ਹਰ ਪਥ ਉਪਰ ਅਜਿਹੇ ਲੋਕ ਮਿਲਣਗੇ ਜਿਨ੍ਹਾਂ ਨੂੰ ਬਰਦਾਸ਼ਤ ਕਰਨਾ ਪਏਗਾ।
ਅੰਮ੍ਰਿਤਸਰ ਦੇ ਐਸ਼ਐਸ਼ਪੀæ ਵਿਰਕ ਨੇ ਮੈਨੂੰ ਪੱਤਰ ਲਿਖਿਆ-ਫਲਾਣਾ ਮੰਤਰੀ ਉਸ ਉਪਰ ਦਬਾਉ ਪਾ ਰਿਹਾ ਹੈ ਕਿ ਫੜਿਆ ਸਮੱਗਲਰ ਛੱਡ ਦਿਆਂ। ਮੈਂ ਜਵਾਬ ਵਿਚ ਲਿਖਿਆ-ਉਹੀ ਕਰ ਜੋ ਕਾਨੂੰਨ ਅਨੁਸਾਰ ਸਹੀ ਹੋਵੇ। ਅਜਿਹੇ ਮਾਮਲਿਆਂ ਵਿਚ ਕਿਸੇ ਸਿਆਸੀ ਪ੍ਰੈਸ਼ਰ ਦੀ ਪ੍ਰਵਾਹ ਨਾ ਕਰ। ਹਾਲਾਤ ਅਜਿਹੇ ਸਨ ਕਿ ਮਜਬੂਰੀਵਸ ਸਮੱਗਲਰਾਂ ਨੂੰ ਖਾੜਕੂਆਂ ਦੀ ਮਾਇਕ ਮਦਦ ਕਰਨੀ ਪੈਂਦੀ ਸੀ। ਜੇ ਨਾਂਹ ਕਰਦੇ, ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਂਦਾ। ਬਾਰਡਰ ਏਰੀਆ ਖਾੜਕੂਆਂ ਦੇ ਕੰਟਰੋਲ ਵਿਚ ਸੀ ਤੇ ਸਮੱਗਲਿੰਗ ਭਾਰਤ-ਪਾਕਿ ਬਾਰਡਰ ਰਾਹੀਂ ਹੁੰਦੀ। ਖਾੜਕੂਵਾਦ ਖਤਮ ਕਰਨ ਦੇ ਨਾਲ ਨਾਲ ਸਮੱਗਲਿੰਗ ਰੋਕਣੀ ਜ਼ਰੂਰੀ ਸੀ।
ਪੰਨਾ 292: ਐਸ਼ਐਸ਼ਪੀ ਨੂੰ ਲਿਖਿਆ ਮੇਰਾ ਜਵਾਬ ਜਿਵੇਂ ਕਿਵੇਂ ਅਖਬਾਰਾਂ ਤੱਕ ਅੱਪੜ ਗਿਆ। ਸਿਆਸੀ ਖੇਤਰਾਂ ਵਿਚ ਇਸ ਨੇ ਹਲਚਲ ਮਚਾ ਦਿੱਤੀ। ਜਵਾਨ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਜਿਸ ਉਤੇ ਸ਼ੱਕ ਸੀ, ਖੁਦ ਦੀ ਸੁਰੱਖਿਆ ਵਾਸਤੇ ਖਾੜਕੂਆਂ ਨਾਲ ਗੰਢ-ਤੁੱਪ ਕਰ ਰਿਹਾ ਸੀ, ਇਸ ਬਹਿਸ ਵਿਚ ਸ਼ਾਮਲ ਹੋ ਗਿਆ। ਅਖਬਾਰਾਂ ਨੂੰ ਮਸਾਲਾ ਚਾਹੀਦਾ ਸੀ, ਉਨ੍ਹਾਂ ਗੱਲ ਚੁੱਕ ਲਈ। ਸਪਸ਼ਟ ਕਰ ਦਿਆਂ ਕਿ ਸਿਆਸਤ ਵਿਚ ਜਾਂ ਵਜ਼ੀਰਾਂ ਨੂੰ ਬਦਨਾਮ ਕਰਨ ਵਿਚ ਮੈਂ ਕਦੀ ਰੁਚੀ ਨਹੀਂ ਲਈ, ਪਰ ਜੇ ਉਨ੍ਹਾਂ ਦੀਆਂ ਗਤੀਵਿਧੀਆਂ ਖਾੜਕੂਵਾਦ ਵਿਰੁਧ ਵਿੱਢੀ ਜੰਗ ਵਿਚ ਰੁਕਾਵਟ ਬਣਦੀਆਂ ਸਨ, ਤਾਂ ਮੇਰਾ ਫਰਜ਼ ਬਣਦਾ ਸੀ ਕਿ ਮੈਂ ਲੋਕਾਂ ਦਾ ਹਿਤ ਦੇਖਾਂ ਅਤੇ ਕਾਨੂੰਨ ਦੀ ਪਾਲਣਾ ਕਰਾਂ।
ਮੁਢਲੇ ਕੁੱਝ ਮਹੀਨਿਆਂ ਦੌਰਾਨ ਮੈਨੂੰ ਸਿਆਸਤਦਾਨਾਂ, ਵਜ਼ੀਰਾਂ ਕਾਰਨ ਕੁੱਝ ਮੁਸ਼ਕਿਲਾਂ ਆਈਆਂ। ਸਾਰੀ ਅਉਧ ਦੌਰਾਨ ਮੈਂ ਇਸ ਨਸਲ ਵਿਰੁਧ ਕਦੀ ਨਹੀਂ ਲੜਿਆ। ਮੇਰਾ ਰਵੱਈਆ ਇਹ ਹੁੰਦਾ-ਉਨ੍ਹਾਂ ਦੀ ਆਪਣੀ ਡਿਊਟੀ ਹੈ, ਮੇਰੀ ਆਪਣੀ। ਉਨ੍ਹਾਂ ਦੀ ਰੁਚੀ ਤਾਕਤ ਹਾਸਲ ਕਰਨ ਵਿਚ ਹੈ, ਮੇਰਾ ਕੰਮ ਕਾਨੂੰਨ ਲਾਗੂ ਕਰਨਾ। ਜਦੋਂ ਇਨ੍ਹਾਂ ਦੋਵਾਂ ਧਿਰਾਂ ਦੇ ਹਿਤਾਂ ਵਿਚ ਟਕਰਾਉ ਆ ਜਾਂਦਾ ਹੈ, ਤਦ ਮੁਸੀਬਤ ਬਣਦੀ ਹੈ। ਤਾਕਤ ਬਣਾਈ ਰੱਖਣ ਲਈ ਲੀਡਰ, ਪੁਲਿਸ ਪਾਸੋਂ ਆਸ ਕਰਦੇ ਹਨ ਕਿ ਲੋੜ ਪੈਣ ‘ਤੇ ਕਾਨੂੰਨ ਦੀ ਪ੍ਰਵਾਹ ਨਾ ਕਰੋ। ਇਥੇ ਹੀ ਟੱਕਰ ਦੇ ਬੀਜ ਬੀਜੇ ਜਾਂਦੇ ਹਨ। ਹੈਨ ਇਹੋ ਜਿਹੇ ਪੁਲਿਸ ਅਫਸਰ ਜਿਹੜੇ ਮੰਨ ਜਾਂਦੇ ਹਨ। ਮੈਂ ਨਹੀਂ ਕਦੀ ਮੰਨਿਆ। ਬੱਸ ਅਸੂਲ ਹੈ ਮੇਰਾ। ਮਹਾਰਾਸ਼ਟਰ ਨਾਲੋਂ ਪੰਜਾਬ ਵਿਚ ਇਹ ਸਮੱਸਿਆ ਵੱਡੀ ਸੀ। ਪੰਜਾਬ ਵਿਚ ਲੋਕਾਂ ਦਾ ਜੀਵਨ ਦਾਅ ‘ਤੇ ਲੱਗਾ ਹੋਇਆ ਸੀ। ਹਰ ਨਾਗਰਿਕ ਨਿਰੰਤਰ ਮੌਤ ਦੇ ਸਾਏ ਹੇਠ ਸਹਿਮਿਆ ਦਿਨ ਕਟੀ ਕਰ ਰਿਹਾ ਸੀ। ਲੀਡਰਾਂ ਅਤੇ ਮੰਤਰੀਆਂ ਦੇ ਹਿਤਾਂ ਨਾਲੋਂ ਇਨ੍ਹਾਂ ਲੋਕਾਂ ਦੇ ਹਿਤਾਂ ਦੀ, ਆਸਾਂ ਦੀ ਚਿੰਤਾ ਮੈਨੂੰ ਵਧੀਕ ਸੀ।
ਜੁਲਾਈ ਅਗਸਤ 1986 ਦੇ ਅਖਬਾਰਾਂ ਵਿਚ ਬਰਨਾਲਾ ਸਰਕਾਰ ਦੇ ਮੰਤਰੀਆਂ ਵਿਰੁਧ ਮੇਰੀ ਲੜਾਈ ਦੀਆਂ ਖਬਰਾਂ ਨਿਰੰਤਰ ਛਪਦੀਆਂ। ਨਿੱਜੀ ਤੌਰ ‘ਤੇ ਮੇਰੇ ਮਨ ਵਿਚ ਇਨ੍ਹਾਂ ਵਿਰੁਧ ਕੁੱਝ ਨਹੀਂ ਸੀ, ਪਰ ਉਨ੍ਹਾਂ ਨੂੰ ਲਗਦਾ, ਮੇਰੇ ਬਿਆਨ ਅਤੇ ਮੇਰੇ ਕੰਮ ਉਨ੍ਹਾਂ ਦੇ ਅਕਸ ਅਤੇ ਸ਼ਾਨ ਨੂੰ ਧੁੰਦਲਾ ਕਰ ਰਹੇ ਹਨ। ਉਨ੍ਹਾਂ ਨੇ ਬਰਨਾਲਾ ਨੂੰ ਘੇਰ ਕੇ ਕਿਹਾ ਕਿ ਰਿਬੇਰੋ ਦਾ ਰੱਸਾ ਵੱਢ ਤੇ ਖਹਿੜਾ ਛੁਡਾ। ਬਰਨਾਲਾ ਜਾਣਦਾ ਸੀ ਕਿ ਲੋਕ ਰਿਬੇਰੋ ਨੂੰ ਪਸੰਦ ਕਰਦੇ ਹਨ ਤੇ ਮੰਤਰੀ ਨਾ-ਪਸੰਦ। ਉਹ ਭਲਾ ਮਾਣਸ ਸੀ, ਮੈਨੂੰ ਉਸ ਦੀ ਪੁਜੀਸ਼ਨ ਦਾ ਪਤਾ ਸੀ।
ਸਤੰਬਰ 1986 ਵਿਚ ਮੈਨੂੰ ਬੜੀ ਅਫਸੋਸਜਨਕ ਸ਼ਿਕਾਇਤ ਦਾ ਸਾਹਮਣਾ ਕਰਨਾ ਪਿਆ। ਸਿਵਿਲ ਲਾਈਨਜ਼ ਠਾਣੇ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਦੀ ਸ਼ਿਕਾਇਤ ਮਿਲੀ ਕਿ ਸੀਨੀਅਰ ਮੰਤਰੀ ਹਰਭਜਨ ਸਿੰਘ ਸੰਧੂ ਨੇ ਉਸ ਪਾਸੋਂ ਉਸ ਦਾ ਸਰਵਿਸ ਰਿਵਾਲਵਰ ਖੋਹ ਲਿਆ ਤੇ ਵਰਦੀ ਪਾੜ ਦਿੱਤੀ ਹੈ। ਪੁਲਿਸ ਅਫਸਰ ਦੇ ਦੱਸਣ ਮੁਤਾਬਕ, ਮੰਤਰੀ ਇਸ ਗੱਲੋਂ ਨਾਰਾਜ਼ ਸੀ ਕਿ ਉਸ ਦੇ ਮਿੱਤਰ, ਜੂਏਬਾਜ਼ ਦੇ ਟਿਕਾਣੇ ‘ਤੇ ਪੁਲਿਸ ਨੇ ਰੇਡ ਕਿਉਂ ਕੀਤਾ। ਮੰਤਰੀ ਨੇ ਦੱਸਿਆ ਕਿ ਉਸ ਨੇ ਟੈਲੀਫੋਨ ਉਤੇ ਠਾਣਾ ਮੁਖੀ ਨੂੰ ਕਿਹਾ ਸੀ ਕਿ ਅਰਜ਼ੀਨਵੀਸ ਸਰਦਾਰੀ ਲਾਲ ਨੂੰ ਜ਼ਿਲ੍ਹਾ ਕਚਹਿਰੀ ਵਿਚੋਂ ਕਿਉਂ ਚੁੱਕ ਲਿਆ? ਮੰਤਰੀ ਨੇ ਕਿਹਾ-ਠਾਣਾ ਮੁਖੀ ਨਸ਼ੇ ਵਿਚ ਧੁੱਤ ਸੀ ਤੇ ਟੈਲੀਫੋਨ ‘ਤੇ ਮੈਨੂੰ ਗਾਲ੍ਹਾਂ ਕੱਢੀਆਂ। ਪੁਲਿਸ ਮੈਸ ਜਲੰਧਰ ਵਿਖੇ ਜੂਨੀਅਰ ਅਤੇ ਸੀਨੀਅਰ ਪੁਲਿਸ ਅਫਸਰ ਮੇਰੇ ਨਾਲ ਗੱਲ ਕਰਨ ਆਏ ਤਾਂ ਮੈਂ ਦੇਖਿਆ, ਸਾਰੇ ਤਲਖੀ ਵਿਚ ਸਨ। ਮੰਤਰੀ ਵਿਰੁਧ ਕੇਸ ਦਰਜ ਕਰਨ ਦਾ ਮੈਂ ਹੁਕਮ ਦੇ ਦਿੱਤਾ। ਇਸ ਨੇ ਸਨਸਨੀ ਮਚਾ ਦਿੱਤੀ। ਕੁਦਰਤੀ, ਮੁੱਖ ਮੰਤਰੀ ਮੇਰੇ ਐਕਸ਼ਨ ਕਾਰਨ ਬੌਂਦਲ ਗਿਆ। ਮੇਰੀ ਸਮੱਸਿਆ ਸੀ ਕਿ ਸਾਹ-ਸਤਹੀਣ ਹੋਈ ਪੁਲਿਸ ਦਾ ਹੌਸਲਾ ਬੁਲੰਦ ਰੱਖ ਕੇ ਖਾੜਕੂਆਂ ਵਿਰੁਧ ਛਿੜੀ ਜੰਗ ਜਿੱਤ ਸਕਦਾ ਸਾਂ। ਮੈਂ ਮੁੱਖ ਮੰਤਰੀ ਨੂੰ ਸਾਰੀ ਗੱਲ ਦੱਸੀ, ਉਸ ਨੂੰ ਮੇਰੀ ਗੱਲ ਬੁਰੀ ਲੱਗੀ ਕਿਉਂਕਿ ਉਸ ਦੀ ਪਾਰਟੀ ਦੀਆਂ ਆਪਣੀਆਂ ਸਮੱਸਿਆਵਾਂ ਸਨ।
ਪੰਨਾ 293: ਮੰਤਰੀ ਖਿਲਾਫ ਕੇਸ ਦਰਜ ਹੋ ਗਿਆ ਤਾਂ ਸਾਰੇ ਰਾਜਨੀਤੀਵਾਨ ਚੌਕਸ ਹੋ ਗਏ। ਪੁਲਿਸ ਫੋਰਸ ਦਾ ਮਨੋਬਲ ਉਚਾ ਹੋਇਆ। ਹਰਭਜਨ ਸਿੰਘ ਸੰਧੂ ਖਾਸ ਹਰਮਨ ਪਿਆਰਾ ਲੀਡਰ ਨਹੀਂ ਸੀ। ਇਹ ਉਹੀ ਮੰਤਰੀ ਸੀ ਜਿਸ ਨੇ ਅੰਮ੍ਰਿਤਸਰ ਦੇ ਐਸ਼ਐਸ਼ਪੀæ ਨੂੰ ਕਿਹਾ ਸੀ ਕਿ ਗ੍ਰਿਫਤਾਰ ਕੀਤੇ ਸਮੱਗਲਰ ਨੂੰ ਛੱਡ ਦੇਹ।
ਖਾੜਕੂਆਂ ਦੀ ਨੀਤੀ ਹਿੰਦੂ ਸਿੱਖਾਂ ਵਿਚ ਪਾੜਾ ਪਾਉਣ ਦੀ ਸੀ। ਉਨ੍ਹਾਂ ਦਾ ਹਿਸਾਬ ਇਹ ਸੀ ਕਿ ਨਿਰੰਤਰ ਹਿੰਦੂਆਂ ਨੂੰ ਮਾਰਦੇ ਰਹੋ ਤਾਂ ਉਹ ਹੌਲੀ-ਹੌਲੀ ਪੰਜਾਬੋਂ ਬਾਹਰ ਚਲੇ ਜਾਣਗੇ। ਇਸ ਦੇ ਫਲਸਰੂਪ ਪੰਜਾਬੋਂ ਬਾਹਰਲੇ ਸਿੱਖ ਡਰਦੇ ਮਾਰੇ ਪੰਜਾਬ ਆ ਜਾਣਗੇ, ਪਰ ਇਹ ਅੰਦਾਜ਼ੇ ਸਹੀ ਸਾਬਤ ਨਾ ਹੋਏ। ਕਾਫੀ ਹਿੰਦੂ ਪੰਜਾਬ ਵਿਚੋਂ ਚਲੇ ਗਏ ਪਰ ਸਿੱਖ ਪੰਜਾਬ ਵਿਚ ਨਾ ਆਏ; ਕਿਉਂਕਿ ਹਿੰਦੂਆਂ ਨੂੰ ਹਮੇਸ਼ਾਂ ਇਉਂ ਲਗਦਾ ਹੁੰਦਾ ਸੀ ਕਿ ਸਿੱਖ ਸਾਡੇ ਵਿਚੋਂ ਹੀ ਹਨ, ਸਾਡਾ ਵਿਰਸਾ ਸਾਂਝਾ ਹੈ, ਇਸ ਕਰ ਕੇ ਸਿੱਖਾਂ ਵਿਚ ਬੇਗਾਨਗੀ ਦੀ ਭਾਵਨਾ ਨਹੀਂ ਪਣਪੀ। ਜਦੋਂ ਪਿੰਡਾਂ ਵਿਚ ਕਤਲ ਹੋਣੇ ਸ਼ੁਰੂ ਹੋਏ, ਉਦੋਂ ਡਰ ਕੇ ਹਿੰਦੂ ਪੰਜਾਬ ਤੋਂ ਬਾਹਰ ਗਏ।
ਮੈਂ ਇਥੇ ਇਕ ਕਤਲੇਆਮ ਦਾ ਜ਼ਿਕਰ ਕਰਨਾ ਹੈ। ਜਿਸ ਪਿੰਡ ਵਿਚ ਕਤਲੇਆਮ ਹੋਇਆ, ਗਿਆ ਤਾਂ ਦੇਖਿਆ, ਕੇਵਲ ਹਿੰਦੂ ਨਹੀਂ, ਸਿੱਖ ਵੀ ਰੋ ਰਹੇ ਸਨ। ਹਿੰਦੂਆਂ ਨੇ ਦੱਸਿਆ ਕਿ ਸਿੱਖਾਂ ਨੇ ਲਾਸ਼ਾਂ ਚੁੱਕੀਆਂ ਤੇ ਪੋਸਟਮਾਰਟਮ ਕਰਵਾਏ। ਸਿੱਖਾਂ ਨੇ ਹਿੰਦੂਆਂ ਨੂੰ ਪਿੰਡੋਂ ਨਾ ਜਾਣ ਲਈ ਮਿੰਨਤਾਂ ਕੀਤੀਆਂ, ਪਰ ਉਹ ਚਲੇ ਗਏ। ਕੁਝ ਸ਼ਹਿਰਾਂ ਵਿਚ ਜਾ ਵਸੇ। ਪੰਜਾਬ ਛੱਡ ਕੇ ਬਹੁਤੇ ਦਿੱਲੀ ਵੱਸ ਗਏ। ਇਨ੍ਹਾਂ ਸ਼ਰਨਾਰਥੀਆਂ ਵਾਸਤੇ ਕੈਂਪ ਲਾ ਕੇ ਸਰਕਾਰ ਨੂੰ ਖਾਣ-ਪੀਣ ਦਾ ਪ੍ਰਬੰਧ ਕਰਨਾ ਪਿਆ। ਇਹ 1947 ਦੀ ਦੇਸ਼ ਵੰਡ ਵਰਗਾ ਦੁਹਰਾਇਆ ਗਿਆ ਸੀਨ ਸੀ ਪਰ ਛੋਟੇ ਦਰਜੇ ਦਾ। ਇਨ੍ਹਾਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਵਾਸਤੇ ਪੰਜਾਬ ਸਰਕਾਰ ਨੇ ਵੀ ਵਿਭਾਗ ਖੋਲ੍ਹਿਆ।
ਹਿੰਦੂਆਂ ਦੇ ਉਜਾੜੇ ਕਾਰਨ ਪੁਲਿਸ ਦੀ ਬਦਨਾਮੀ ਹੋਣੀ ਹੀ ਸੀ, ਹੋਈ। ਸਰਕਾਰ ਨੇ ਉਵੇਂ ਕੀਤਾ ਜਿਵੇਂ ਸਰਕਾਰ ਕਰਿਆ ਕਰਦੀ ਹੈ-ਕੇਂਦਰ ਹੋਰ ਫੋਰਸ ਭੇਜੇ। ਇਸ ਸਾਰੇ ਕੁਝ ਦਾ ਕੋਈ ਅੰਤ ਨਹੀਂ ਸੀ ਤੇ ਇੱਧਰ ਹਿੰਦੂਆਂ ਦੀ ਮੰਗ ਸੀ-ਫੌਜ ਭੇਜੋ।
ਜਿਥੇ ਜਿਥੇ ਕਤਲਾਂ ਦੀਆਂ ਵਾਰਦਾਤਾਂ ਵਾਲੀ ਥਾਂ ‘ਤੇ ਪੁੱਜਦਾ, ਮਕਤੂਲਾਂ ਦੇ ਰਿਸ਼ਤੇਦਾਰ ਇਹੋ ਆਖਦੇ-ਸਰਕਾਰ ਫੌਜ ਕਿਉਂ ਤਾਇਨਾਤ ਨਹੀਂ ਕਰਦੀ? ਮੈਂ ਦੱਸਦਾ ਕਿ ਫੌਜ ਵੀ ਕੁੱਝ ਨਹੀਂ ਕਰ ਪਾਏਗੀ, ਕਿਉਂਕਿ ਖਾੜਕੂ ਹਮਲਾ ਕਰਦੇ ਹੀ ਉਸ ਥਾਂ ਹਨ, ਜਿਥੇ ਫੋਰਸ ਮੌਜੂਦ ਨਹੀਂ। ਕਦਮ ਕਦਮ ‘ਤੇ ਤਾਂ ਫੌਜ ਵੀ ਪਹਿਰਾ ਨਹੀਂ ਦੇ ਸਕਦੀ। ਇਨ੍ਹਾਂ ਦੁਖਿਆਰਿਆਂ ਦੇ ਘਰਾਂ ਵਿਚ ਜਾਂਦਾ ਤਾਂ ਦੇਖਦਾ, ਮੇਰੇ ਉਪਰ ਉਨ੍ਹਾਂ ਨੂੰ ਇਤਬਾਰ ਹੈ। ਮੈਨੂੰ ਇਸ ਕਰ ਕੇ ਮਨਜ਼ੂਰ ਕੀਤਾ ਗਿਆ, ਕਿਉਂਕਿ ਮੈਂ ਆਪਣੀ ਤਾਂ ਕੋਈ ਕਿੜ ਕੱਢਣੀ ਨਹੀਂ ਸੀ, ਜਾਨ ਦਾ ਖਤਰਾ ਸਹੇੜ ਕੇ ਮੈਂ ਉਨ੍ਹਾਂ ਦੇ ਘਰੀਂ ਧਰਵਾਸ ਦੇਣ ਜਾਂਦਾ। ਬੇਅੰਤ ਦੁੱਖ ਅਤੇ ਗੁੱਸੇ ਵਿਚ ਗ੍ਰਸਤ ਹੋਣ ਦੇ ਬਾਵਜੂਦ ਉਹ ਮੇਰੇ ਨਾਲ ਸਦਭਾਵਨਾ ਵਾਲਾ ਵਿਹਾਰ ਕਰਦੇ। ਗਵਰਨਰ ਰੇਅ ਪ੍ਰਤੀ ਲੋਕਾਂ ਦਾ ਵਿਹਾਰ ਕੁਰੱਖਤ ਹੁੰਦਾ। ਰੇਅ ਸਿਆਸੀ ਲੀਡਰ ਸੀ, ਕਾਂਗਰਸੀਆ ਸੀ। ਪੰਜਾਬ ਵਿਚ ਜੋ ਵਾਪਰ ਰਿਹਾ ਸੀ, ਇਹ ਕਂੇਦਰੀ ਸਰਕਾਰ ਦੀਆਂ ਕਰਤੂਤਾਂ ਦਾ ਨਤੀਜਾ ਸੀ। ਰੇਅ ਨੂੰ ਇਸ ਦਾ ਅਹਿਸਾਸ ਸੀ। ਸੋ, ਜਿਥੇ ਵਡੇਰਾ ਕਤਲੇਆਮ ਕਾਂਡ ਵਾਪਰਿਆ ਹੁੰਦਾ, ਉਹ ਮੈਨੂੰ ਨਾਲ ਜਾਣ ਲਈ ਆਖਦਾ। ਉਹਨੂੰ ਪਤਾ ਸੀ, ਮੇਰੀ ਹਾਜ਼ਰੀ ਸਦਕਾ ਲੋਕਾਂ ਦਾ ਕ੍ਰੋਧ ਘਟੇਗਾ।
ਇਕ ਮੌਕੇ ਮੋਗੇ ਵਿਚ ਆਰæਐਸ਼ਐਸ਼ ਦੇ 20 ਹਿੰਦੂ ਮੈਂਬਰ ਸ਼ਾਖਾ ਦੀ ਪ੍ਰੇਡ ਦੌਰਾਨ ਕਤਲ ਕਰ ਦਿੱਤੇ। ਰੇਅ ਤੇ ਮੈਂ ਮੋਗੇ ਗਏ, ਇਕੱਠੇ। ਸਮੇਂ ਦੀ ਘਾਟ ਕਾਰਨ ਰੇਅ ਨੇ ਕਿਹਾ-ਦਸ ਪਰਿਵਾਰਾਂ ਦੇ ਘਰੀਂ ਮੈਂ ਤੇ ਦਸ ਘਰੀਂ ਤੁਸੀਂ ਜਾ ਆਉ। ਕੁੱਝ ਘੰਟਿਆਂ ਬਾਅਦ ਅਸੀਂ ਮਿਲੇ ਤਾਂ ਵਿਚਾਰ-ਵਟਾਂਦਰਾ ਕੀਤਾ। ਜੋ ਬਦਸਲੂਕੀ ਉਸ ਨਾਲ ਹੋਈ, ਉਹ ਹਿੱਲ ਗਿਆ। ਮੇਰਾ ਅਨੁਭਵ ਉਲਟ ਸੀ। ਰੁਦਨ ਕਰਦੀਆਂ ਵਿਧਵਾਵਾਂ ਮੇਰੇ ਪੈਰਾਂ ਨੂੰ ਚੰਬੜ ਜਾਂਦੀਆਂ ਤੇ ਪੁੱਛਦੀਆਂ-ਇਹ ਕਤਲੋਗਾਰਤ ਕਦ ਬੰਦ ਹੋਏਗੀ? ਕਿਸੇ ਥਾਂ ਮੇਰਾ ਨਿਰਾਦਰ ਨਹੀਂ ਹੋਇਆ। ਕਿਸੇ ਮੈਨੂੰ ਮੰਦਾ ਨਹੀਂ ਬੋਲਿਆ, ਦੋਸ਼ੀ ਨਹੀਂ ਕਿਹਾ, ਜਿਵੇਂ ਰੇਅ ਨੂੰ ਕਿਹਾ ਸੀ।
6 ਮਹੀਨਿਆਂ ਵਿਚ ਮੈਂ ਪੂਰਾ ਪੰਜਾਬ ਦੇਖ ਲਿਆ ਸੀ। ਜ਼ਿਲ੍ਹਾ ਮੁਖੀਆਂ ਤੋਂ ਲੈ ਕੇ ਠਾਣੇ ਦੇ ਸਿਪਾਹੀਆਂ ਨੂੰ ਮਿਲ ਕੇ ਉੁਨ੍ਹਾਂ ਦੀ ਸਲਾਹ ਲੈਂਦਾ। ਮੈਂ ਉਨ੍ਹਾਂ ਨੂੰ ਦੱਸਣਾ ਸੀ, ਮੈਂ ਉਨ੍ਹਾਂ ਵਿਚੋਂ ਇਕ ਹਾਂ ਤੇ ਉਨ੍ਹਾਂ ਦੀ ਕਦਰ ਕਰਦਾ ਹਾਂ। ਉਨ੍ਹਾਂ ਦੀ ਸਲਾਹ ਲੈਣ ਦਾ ਮਕਸਦ ਸੀ, ਉਨ੍ਹਾਂ ਨੂੰ ਇਸ ਮਸਲੇ ਵਿਚ ਸ਼ਾਮਲ ਕਰਨਾ। ਫਲਸਰੂਪ ਰੇਅ ਨੇ ‘ਸੰਡੇ ਆਬਜ਼ਰਵਰ’ ਦੇ ਹਰਿੰਦਰ ਬਵੇਜਾ ਨੂੰ 21 ਸਤੰਬਰ 1986 ਨੂੰ ਦਿੱਤੀ ਇੰਟਰਵਿਊ ਵਿਚ ਕਿਹਾ-ਉਹੋ ਪੁਲਿਸ ਅਫਸਰ ਹੁਣ ਹਨ, ਇਨ੍ਹਾਂ ਵਿਚ ਇਕਦਮ ਤਬਦੀਲੀ ਆ ਗਈ ਹੈ। ਹੌਸਲਾ, ਵਿਸ਼ਵਾਸ। ਕੰਮ ਕਰਨ ਦਾ ਤਰੀਕਾ ਉਹ ਨਹੀਂ ਰਿਹਾ ਜਿਹੜਾ ਇਸ ਸਾਲ ਅਪਰੈਲ ਵਿਚ ਸੀ ਜਦੋਂ ਮੈਂ ਇਥੇ ਆਇਆ। ਇਸ ਵੱਡੇ ਪਰਿਵਰਤਨ ਵਾਸਤੇ ਮਿਸਟਰ ਰਿਬੇਰੋ ਨੂੰ ਵਧਾਈ।
ਇਹੋ ਪੱਤਰਕਾਰ ਬਰਨਾਲਾ ਸਾਹਿਬ ਨੂੰ ਮਿਲਿਆ, ਪੁੱਛਿਆ-ਰਿਬੇਰੋ ਦੇ ਕੰਮ ਸਦਕਾ ਕੋਈ ਫਰਕ ਪਿਆ? ਮੁੱਖ ਮੰਤਰੀ ਦਾ ਉਤਰ-ਜੋ ਮਹੱਤਵਪੂਰਨ ਅਤੇ ਲਾਭਦਾਇਕ ਭੂਮਿਕਾ ਉਸ ਨੇ ਨਿਭਾਈ, ਮੁਨਕਿਰ ਨਹੀਂ ਹੋ ਸਕਦਾ। ਪੰਜਾਬ ਪੁਲਿਸ ਨੂੰ ਉਸ ਨੇ ਸ਼ਾਨਦਾਰ ਲੀਡਰਸ਼ਿਪ ਦਿੱਤੀ ਹੈ। ਦੋਵਾਂ ਦੀਆਂ ਰਾਵਾਂ ਛਪੀਆਂ ਹੋਈਆਂ ਹਨ।
ਲੰਡਨ ਤੋਂ ‘ਦੀ ਇਕਾਨੋਮਿਸਟ’ ਨੇ 30-8-1986 ਨੂੰ ਲਿਖਿਆ-ਭਾਰਤ ਵਿਚ ਅਪਰਾਧ ਅਤੇ ਸਿਆਸਤ ਮਿਲ-ਜੁਲ ਕੇ ਚਲਦੇ ਹਨ। ਜਿਸ ਮਕਸਦ ਲਈ ਬੁਲਾਇਆ ਗਿਆ ਸੀ, ਰਿਬੇਰੋ ਪੁਲਿਸ ਚੀਫ, ਸਫਲਤਾ ਵੱਲ ਵਧ ਰਿਹਾ ਹੈ; ਪਰ ਜਿਹੜੇ ਕਾਨੂੰਨ ਬਣਾਉਂਦੇ ਹਨ ਤੇ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨਾ ਹੁੰਦਾ ਹੈ, ਇਕ ਉਹ; ਦੂਜੇ ਉਹ ਜਿਨ੍ਹਾਂ ਨੇ ਕਾਨੂੰਨ ਤੋੜਨਾ ਹੁੰਦਾ ਹੈ, ਦੋਵਾਂ ਨੇ ਪੁਲਿਸ ਨੂੰ ਵਖਤ ਪਾ ਰੱਖਿਐ। ਮਿਸਟਰ ਰਿਬੇਰੋ, ਗੋਆ ਦਾ ਕੈਥੋਲਿਕ ਈਸਾਈ ਮਾਰਚ ਵਿਚ ਆਇਆ ਤੇ 386 ਖਾੜਕੂਆਂ ਦੀ ਲਿਸਟ ਤਿਆਰ ਕੀਤੀ। ਪੁਲਿਸ ਅਨੁਸਾਰ ਇਨ੍ਹਾਂ ਵਿਚੋਂ 204 ਫੜੇ ਜਾਂ ਮਾਰੇ ਜਾ ਚੁੱਕੇ ਹਨ। ਵਾਰਦਾਤਾਂ (ਬੈਂਕ ਡਕੈਤੀਆਂ, ਹਥਿਆਰ ਖੋਹਣੇ, ਕਤਲੇਆਮ) ਮਈ ਵਿਚ 200, ਜੂਨ ਵਿਚ 175, ਜੁਲਾਈ ਵਿਚ 147, ਅਗਸਤ ਦੇ ਸਾਢੇ ਤਿੰਨ ਹਫਤਿਆਂ ਵਿਚ 74 ਰਹਿ ਗਈਆਂ। ਸਾਰੇ ਜਣੇ ਇਨ੍ਹਾਂ ਅੰਕੜਿਆਂ ਨੂੰ ਸਹੀ ਨਹੀਂ ਮੰਨਦੇ, ਪਰ ਮੰਨਦੇ ਹਨ ਕਿ ਪੁਲਿਸ ਦਾ ਰੋਲ ਸਹੀ ਹੈ। ਸੁਰੱਖਿਆ ਸੇਵਾਵਾਂ ਬੇਕਾਰ ਹੋ ਗਈਆਂ ਸਨ। ਇਸ ਵਾਸਤੇ ਕੁੱਝ ਜ਼ਿੰਮੇਵਾਰੀ ਸਿੱਖ ਸਿਆਸੀ ਪਾਰਟੀ ਅਕਾਲੀ ਦਲ ਦੇ ਸਿਰ ਵੀ ਹੈ। ਸਤੰਬਰ 1985 ਵਿਚ ਇਲੈਕਸ਼ਨ ਜਿੱਤਣ ਮਗਰੋਂ ਇਸ ਸਰਕਾਰ ਨੇ ਸਾਰੇ ਗੈਰ-ਪੰਜਾਬੀ, ਸਣੇ ਪੁਲਿਸ ਚੀਫ ਅਤੇ ਉਸ ਦੇ ਡਿਪਟੀਆਂ ਦੇ ਜਿਹੜੇ ਚੰਗੀ ਡਿਊਟੀ ਕਰ ਰਹੇ ਸਨ, ਬਦਲ ਕੇ ਲੋਕਲ ਅਫਸਰ ਲਾ ਦਿੱਤੇ ਜਿਹੜੇ ਆਪਣੇ ਮੇਜ਼ਾਂ ਉਹਲੇ ਲੁਕ ਕੇ ਬੈਠ ਗਏ। ਅਕਾਲੀ ਸਰਕਾਰ ਨੇ ਪਹਿਲੇ 6 ਮਹੀਨੇ ਕਦੀ ਖਾੜਕੂਆਂ ਨੂੰ ਖੁਸ਼ ਕਰਨ, ਕਦੀ ਖਤਮ ਕਰਨ ਦੀ ਪਾਲਿਸੀ ਵਿਚ ਲੰਘਾ ਦਿੱਤੇ। ਮੇਰੀ ਨਿਯੁਕਤੀ, ਸਖਤ ਸਟੈਂਡ ਲੈ ਕੇ ਉਸ ‘ਤੇ ਕਾਇਮ ਰਹਿਣ ਦਾ ਨਤੀਜਾ ਹੈ।
(ਚਲਦਾ)

Be the first to comment

Leave a Reply

Your email address will not be published.