ਜ਼ਰਾ ਬਚ ਕੇ ਰੱਬ ਦੇ ਵਿਚੋਲਿਆਂ ਤੋਂ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮੇਰਾ ਸਾਰਾ ਸਰੀਰ ਪ੍ਰਾਇਮਰੀ ਸਕੂਲ ਦੀ ਛੱਤ ਵਾਂਗ ਥਾਂ ਥਾਂ ਤੋਂ ਟੁੱਟ-ਭੱਜ ਰਿਹਾ ਸੀ। ਸਰੀਰ ਦੇ ਅੰਗਾਂ ਦੀ ਕੜੀ ਨਾਲ ਕੜੀ ਜੁੜ ਨਹੀਂ ਸੀ ਰਹੀ। ਪੂਰੀ ਨੀਂਦ ਦਾ ਅਨੰਦ ਵੀ ਸਰੀਰ ਨੂੰ ਬੁਲੰਦ ਨਹੀਂ ਸੀ ਕਰ ਸਕਿਆ। ਚੰਗੇ ਪਰਿਵਾਰ ਦੇ ਮਾੜੇ ਇਤਫਾਕ ਵਾਂਗ ਮਨ ਟੁੱਟਦਾ ਜਾ ਰਿਹਾ ਸੀ। ਨਿੱਘੇ ਹੋਏ ਬਿਸਤਰੇ ਵਿਚ ਲੇਟੇ ਹੋਏ ਨੇ ਹੀ ਚੌਪਈ ਸਾਹਿਬ ਦੇ ਪਾਠ ਅਰੰਭ ਕਰ ਦਿੱਤੇ। ਬਾਣੀ ਦੇ ਚੁੰਬਕ ਨੇ ਟੁੱਟਿਆ ਮਨ ਜੋੜਦਿਆਂ ਸਰੀਰ ਵਿਚ ਵੀ ਤਾਕਤ ਦਾ ਬੁੱਲਾ ਲਿਆਉਂਦਿਆਂ ਮੈਨੂੰ ਚੁੱਲ੍ਹੇ ਅੱਗੇ ਖੜ੍ਹਾ ਕਰ ਦਿੱਤਾ। ਚਾਹ ਧਰਨ ਲੱਗਿਆ ਹੀ ਸੀ, ਫੋਨ ਖੜਕ ਪਿਆ। ਮੈਂ ਸਕਰੀਨ ‘ਤੇ ਨੰਬਰ ਅਤੇ ਨਾਂ ਪੜ੍ਹਦਿਆਂ ਹੈਲੋ ਦੀ ਥਾਂ ਸਿੱਧੀ ਫਤਿਹ ਬੁਲਾ ਦਿੱਤੀ।
“ਬਾਈ ਜੀ, ਕੰਮ ‘ਤੇ ਜਾਣ ਤੋਂ ਪਹਿਲਾਂ ਬਾਬਾ ਜੀ ਨੂੰ ਸ਼ਾਪਿੰਗ ਕਰਵਾ ਲਿਆਇਉ। ਜੋ ਕੁਝ ਵੀ ਲੈਣਾ ਹੋਵੇਗਾ, ਲੈਣ ਦਿਉ। ਤੁਸੀਂ ਪੇ ਕਰ ਦਿਉ। ਮੈਂ ਤੁਹਾਨੂੰ ਆ ਕੇ ਪੈਸੇ ਦੇ ਦੇਵਾਂਗਾ।” ਮੇਰੇ ਸੱਜਣ ਮਿੱਤਰ ਨੇ ਨਿਮਰਤਾ ਸਹਿਤ ਕਿਹਾ।
“ਸੱਤ ਬਚਨ ਜੀ”, ਮੈਂ ਚਾਹ ਵਾਲੇ ਪਾਣੀ ਵਿਚ ਖੰਡ ਪੱਤੀ ਪਾਉਂਦਿਆਂ ਕਿਹਾ।
ਬਾਬਾ ਜੀ ਨੂੰ ਗੁਰਦੁਆਰਿਉਂ ਚੁੱਕ, ਮੈਂ ਸ਼ਾਪਿੰਗ ਮਾਲ ਵੱਲ ਕਾਰ ਭਜਾ ਲਈ। ਬਾਬਾ ਜੀ ਪ੍ਰਤੀ ਮੇਰੀ ਕੋਈ ਸ਼ਰਧਾ ਨਹੀਂ ਸੀ, ਪਰ ਮੇਰਾ ਮਿੱਤਰ ਬਾਬਾ ਜੀ ਨੂੰ ਰੱਬ ਸਮਝੀ ਬੈਠਾ ਸੀ। ਉਹ ਚੌਵੀ ਘੰਟੇ ਟਰੱਕ ‘ਤੇ ਬਾਬਾ ਜੀ ਦੀ ਕਥਾ ਵਾਲੀਆਂ ਸੀਡੀਆਂ ਲਾਈ ਰੱਖਦਾ। ਹਰ ਗੱਲ ਬਾਬਾ ਜੀ ਤੋਂ ਪੁੱਛ ਕੇ ਕਰਦਾ ਸੀ। ਮੈਨੂੰ ਵੀ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਸੀ। ਜਿਥੇ ਜਿਸ ਦਾ ਮਨ ਮੰਨਦਾ ਹੈ, ਉਥੇ ਅਗਲੇ ਦੀ ਸ਼ਰਧਾ ਟਿਕ ਜਾਂਦੀ ਹੈ, ਪਰ ਅੰਮ੍ਰਿਤਧਾਰੀ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਹੋਰ ਕੋਈ ਵੱਡਾ ਦਿਖਾਈ ਦੇਣ ਲੱਗ ਜਾਵੇ ਤਾਂ ਉਸ ਸਿੱਖ ਨੂੰ ਸਮਝੋ ਅੰਮ੍ਰਿਤਪਾਨ ਦੀ ਸਮਝ ਨਹੀਂ ਆਈ। ਇਹੀ ਕੁਝ ਮੇਰੇ ਇਸ ਸੱਜਣ ਨਾਲ ਹੋ ਰਿਹਾ ਸੀ। ਖ਼ੈਰ! ਅਸੀਂ ਜਾ ਰਹੇ ਸੀ, ਅਚਾਨਕ ਹੋਏ ਐਕਸੀਡੈਂਟ ਨੇ ਹਾਈਵੇ ਉਪਰ ਟਰੈਫਿਕ ਰੋਕ ਦਿੱਤਾ। ਮੈਂ ਅਤੇ ਬਾਬਾ ਜੀ ਨੇ ਅਜੇ ਤੱਕ ਕੋਈ ਵੀ ਗੱਲ ਸਾਂਝੀ ਨਹੀਂ ਸੀ ਕੀਤੀ। ਕਾਰ ਵਿਚ ਚੱਲ ਰਹੇ ਸੁਖਮਨੀ ਸਾਹਿਬ ਦੇ ਪਾਠ ਦਾ ਅਨੰਦ ਕੋਈ ਵੀ ਗੱਲ ਕਰਨ ਤੋਂ ਰੋਕ ਰਿਹਾ ਸੀ।
ਬਾਬਾ ਜੀ ਨੇ ਚੁੱਪ ਤੋੜਦਿਆਂ ਪੁੱਛਿਆ, “ਸੁਖਮਨੀ ਸਾਹਿਬ ਦਾ ਪਾਠ ਸੁਣਦੇ ਹੀ ਹੋ ਕਿ ਆਪ ਪਾਠ ਕਰਦੇ ਵੀ ਹੋ।”
“ਬਾਬਾ ਜੀ, ਪਾਠ ਸੁਣੀਦਾ ਵੀ ਹੈ ਤੇ ਕਰੀਦਾ ਵੀ ਹੈ।” ਮੈਂ ਉਤਰ ਦਿੱਤਾ।
“ਮੈਂ ਦੇਖਿਆ ਵੀ ਹੈ, ਤੇ ਸੁਣਿਆ ਵੀ ਹੈ; ਇਥੇ ਦੇ ਲੋਕ ਪੰਜਾਬ ਨਾਲੋਂ ਵੱਧ ਬਾਣੀ ਪੜ੍ਹਦੇ ਆ।” ਬਾਬਾ ਜੀ ਨੇ ਆਪਣੇ ਦਿਲ ਦੀ ਕਹੀ।
“ਹਾਂ ਜੀ, ਬਾਬਾ ਜੀ।” ਮੈਂ ਸਹਿਜ ਸੁਭਾਅ ਕਹਿ ਗਿਆ। ਬਾਬਾ ਜੀ ਨੇ ਮੇਰੇ ਅਤੇ ਮੇਰੇ ਪਰਿਵਾਰ ਬਾਰੇ ਪੁੱਛਿਆ।
“ਬਾਣੀ ਤੋਂ ਸਵਾਏ ਕੋਈ ਹੋਰ ਵੀ ਸੁਣਦੇ ਹੋ, ਯਾਨਿ ਗੁਰਦਾਸ ਮਾਨ, ਨੁਸਰਤ ਫਤਿਹ ਅਲੀ ਜਾਂ ਕੋਈ ਹੋਰ?” ਬਾਬਾ ਜੀ ਨੇ ਫਿਰ ਪੁੱਛਿਆ।
“ਨਹੀਂ ਬਾਬਾ ਜੀ। ਗੁਰਬਾਣੀ ਤੇ ਕੀਰਤਨ ਦੀਆਂ ਹੀ ਸੀਡੀਆਂ ਨੇ। ਹੋਰ ਕੋਈ ਗਾਉਣ ਵਜਾਉਣ ਨਹੀਂ।” ਮੈਂ ਉਤਰ ਦਿੱਤਾ।
ਬਾਬਾ ਜੀ ਨੇ ਮੇਰਾ ਚਿਹਰਾ ਇਕ ਵਾਰ ਗਹੁ ਨਾਲ ਤੱਕਿਆ ਤੇ ਬੋਲੇ, “ਫਿਰ ਅੰਮ੍ਰਿਤਪਾਨ ਕਿਉਂ ਨਹੀਂ ਕਰਦੇ?”
“ਬਾਬਾ ਜੀ, ਇਹ ਵੀ ਵਾਹਿਗੁਰੂ ਦੀ ਦਾਤ ਹੈ। ਜਦੋਂ ਕਰਮਾਂ ਵਿਚ ਹੋਊ, ਉਸ ਵਕਤ ਹੀ ਮਿਲਦੀ ਹੈ।” ਮੈਂ ਉਤਰ ਦਿੱਤਾ।
“ਤੁਹਾਨੂੰ ਪਤਾ ਹੈ ਫਲਾਣੇ ਬਾਬਾ ਜੀ ਨੇ ਐਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਤੇ ਫਲਾਣੇ ਸਿਉਂ ਨੇ ਐਨਿਆਂ ਨੂੰ।” ਬਾਬਾ ਜੀ ਨੇ ਪੰਜ ਚਾਰ ਮਸ਼ਹੂਰ ਬਾਬਿਆਂ ਦੇ ਨਾਂ ਗਿਣਾਉਂਦਿਆਂ ਕਿਹਾ।
“ਬਾਬਾ ਜੀ, ਉਨ੍ਹਾਂ ਬਾਬਿਆਂ ਨੂੰ ਪੁੱਛਿਓ, ਕਿ ਜਿਹੜੇ ਨਗਰ ਵਿਚ ਅੰਮ੍ਰਿਤ ਛਕਾ ਕੇ ਆਏ ਨੇ, ਉਸ ਨਗਰ ਦਾ ਦੁਬਾਰਾ ਗੇੜਾ ਕੱਢਿਓ, ਫਿਰ ਦੇਖਿਓ ਕਿੰਨੇ ਬੰਦੇ ਚੜ੍ਹਦੀ ਕਲਾ ਵਿਚ ਰਹੇ ਨੇ ਤੇ ਕਿੰਨਿਆਂ ਨੇ ਸ੍ਰੀ ਸਾਹਿਬ ਕਿੱਲੀ ਉਪਰ ਟੰਗ ਦਿੱਤੀ ਹੈ। ਦੂਜੀ ਗੱਲ, ਜਿੰਨੀ ਗਿਣਤੀ ਬਾਬਿਆਂ ਦਾ ਕੰਪਿਊਟਰ ਦਿਮਾਗ ਕਰਦਾ ਹੈ, ਉਸ ਮੁਤਾਬਕ ਤਾਂ ਪੰਜਾਬ ਵਿਚ ਹਰ ਪ੍ਰਾਣੀ ਦਾ ਅੰਮ੍ਰਿਤਪਾਨ ਕੀਤਾ ਹੋਣਾ ਚਾਹੀਦਾ ਹੈ।” ਮੇਰੇ ਖੂਨ ਦੀ ਗਤੀ ਹੁਣ ਤੇਜ਼ ਹੋਣ ਲੱਗ ਪਈ ਸੀ। ਮੈਂ ਬਾਬਾ ਜੀ ਵੱਲ ਸਿੱਧਾ ਹੋ ਗਿਆ ਸਾਂ।
“ਸਿੰਘ ਜੀ, ਤੁਹਾਡੀ ਗੱਲ ਵੀ ਸਹੀ ਹੈ ਪਰ ਧਰਮ ਪ੍ਰਚਾਰ ਨਾਲ ਲੋਕਾਂ ਵਿਚ ਫਰਕ ਤਾਂ ਪੈਂਦਾ ਹੀ ਹੈ।” ਬਾਬਾ ਜੀ ਨੇ ਚਿੱਟੀ ਐਨਕ ‘ਤੇ ਫੂਕ ਮਾਰ ਕੇ ਉਸ ਦਾ ਸ਼ੀਸ਼ਾ ਸਾਫ ਕਰਦਿਆਂ ਕਿਹਾ।
“ਸੰਤ ਸੁੰਦਰ ਸਿੰਘ ਭਿੰਡਰਾਂਵਾਲੇ ਤੇ ਸੰਤ ਗੁਰਬਚਨ ਸਿੰਘ ਭਿੰਡਰਾਂਵਾਲੇ ਤੇ ਬਾਬਾ ਨੰਦ ਸਿੰਘ ਕਲੇਰਾਂਵਾਲਿਆਂ ਦੇ ਧਰਮ ਪ੍ਰਚਾਰ ਨਾਲ ਫਰਕ ਪੈਂਦਾ ਸੀ ਜਿਨ੍ਹਾਂ ਦਾ ਪ੍ਰਚਾਰ ਕਿਸੇ ਦੇ ਦਬਾਅ ਹੇਠ ਨਹੀਂ ਹੁੰਦਾ ਸੀ; ਜਿਨ੍ਹਾਂ ਨੇ ਮਾਇਆ ਨੂੰ ਖੀਸੇ ਵਿਚ ਨਹੀਂ ਸੀ ਪਾਇਆ, ਸਗੋਂ ਗੁਰੂ ਦਾ ਸਿੰਘ ਬਣਾ ਕੇ ਆਪਣੇ ਦਿਲ ਵਿਚ ਵਸਾਇਆ ਸੀ। ਉਨ੍ਹਾਂ ਦੇ ਦੀਵਾਨਾਂ ਦਾ ਇਕੱਠ ਛੱਤੀ ਪ੍ਰਕਾਰ ਦੇ ਲੰਗਰ ਕਰ ਕੇ ਨਹੀਂ, ਸਗੋਂ ਉਨ੍ਹਾਂ ਦੀ ਰਸਨਾ ਤੋਂ ਨਿਕਲਦੇ ਮਿਸਰੀ ਵਰਗੇ ਗੁਰਬਾਣੀ ਦੇ ਕਥਾ ਰੂਪੀ ਸ਼ਬਦ ਕਰ ਕੇ ਹੁੰਦਾ ਸੀ। ਉਨ੍ਹਾਂ ਤੋਂ ਅੰਮ੍ਰਿਤ ਛਕ ਕੇ ਪ੍ਰਾਣੀ ਮਰਦੇ ਦਮ ਤੱਕ ਸਿੱਖੀ ਦੇ ਗਾਡੀ ਰਾਹ ‘ਤੇ ਪਹਿਰਾ ਦਿੰਦਾ ਹੋਇਆ ਇਹੀ ਅਰਜ਼ ਕਰਦਾ ਸੀ ਕਿ ਮੇਰੀ ਸਿੱਖੀ ਆਖਰੀ ਸੁਆਸਾਂ ਤੱਕ ਨਿਭ ਜਾਵੇ। ਧੰਨ ਨੇ ਸਾਡੇ ਉਹ ਵਡੇਰੇ ਜਿਨ੍ਹਾਂ ਨੂੰ ਇਨ੍ਹਾਂ ਮਹਾਂ ਪੁਰਸ਼ਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸੰਤ ਸੁੰਦਰ ਸਿੰਘ ਭਿੰਡਰਾਂਵਾਲਿਆਂ ਨੇ ਡਾਕਟਰ ਅਤੇ ਸੰਗਤਾਂ ਨੂੰ ਦੱਸ ਦਿੱਤਾ ਸੀ ਕਿ ਫਲਾਣੀ ਘੜੀ ਅਸੀਂ ਚੋਲਾ ਤਿਆਗ ਦੇਣਾ ਹੈ। ਉਸੇ ਸਮੇਂ ਮੁਤਾਬਕ ਉਹ ਸੱਚਖੰਡ ਜਾ ਬਿਰਾਜੇ ਸਨ ਤੇ ਅੱਜ ਦੇ ਮਹਾਂ ਪੁਰਸ਼ ਆਪਣੇ ਨਾਲ ਬਾਡੀਗਾਰਡ ਲਈ ਫਿਰਦੇ ਨੇ, ਕਿਉਂ? ਇਨ੍ਹਾਂ ਨੂੰ ਮੌਤ ਤੋਂ ਐਨਾ ਡਰ ਕਿਉਂ ਲੱਗਦੈ? ਜਿਊਣ ਦੀ ਲਾਲਸਾ ਕਿਉਂ ਵਧ ਰਹੀ ਹੈ। ਇਨ੍ਹਾਂ ਨੂੰ ਅੰਤ ਸਮੇਂ ਦਾ ਕਿਉਂ ਨਹੀਂ ਪਤਾ? ਕਿਉਂ ਕਿਤਾਬੀ ਗਿਆਨ ਨਾਲ ਸੰਗਤ ਦੀ ਸ਼ਰਧਾ ਨਾਲ ਖਿਲਵਾੜ ਕਰਦੇ ਹਨ? ਬਾਬਾ ਜੀ, ਧਰਮ ਪ੍ਰਚਾਰ ਬਹੁਤ ਜ਼ਰੂਰੀ ਹੈ; ਇਹ ਪ੍ਰਚਾਰ ਪੈਸੇ ਜਾਂ ਡਾਲਰਾਂ ਲਈ ਨਹੀਂ, ਆਪਣੇ ਪੰਥ ਲਈ ਕਰੋ। ਪੰਜਾਬ ਵਿਚ ਗਰੀਬ ਲੋਕਾਂ ਨੂੰ ਮਕਾਨ ਬਣਾ ਕੇ ਦੇਵੋ। ਗਰੀਬਾਂ ਦੀ ਬਿਮਾਰੀ ਵਾਸਤੇ ਡਾਲਰ ਇਕੱਠੇ ਕਰੋ। ਸ਼ੁੱਧ ਪਾਣੀ ਦਾ ਪ੍ਰਬੰਧ ਕਰੋ। ਭੁੱਖਾ ਪੇਟ ਭਰ ਕੇ ਖਾਵੇਗਾ। ਤੰਦਰੁਸਤ ਸਰੀਰ ਹੋਵੇਗਾ। ਫਿਰ ਉਸ ਦਾ ਮਨ ਬਾਣੀ ਅਤੇ ਬਾਣੇ ਨਾਲ ਜੁੜ ਜਾਵੇਗਾ। ਤੁਹਾਨੂੰ ਆਪ ਜਾ ਕੇ ਕਹਿਣ ਦੀ ਲੋੜ ਨਹੀਂ ਪਵੇਗੀ ਅੰਮ੍ਰਿਤ ਛੱਕਣ ਲਈ। ਉਹ ਤੁਹਾਨੂੰ ਆਪ ਆ ਕੇ ਕਹਿਣਗੇ ਕਿ ਸਾਡਾ ਮਨ ਅੰਮ੍ਰਿਤ ਛਕਣ ਲਈ ਤਿਆਰ ਹੈ।” ਮੇਰੀਆਂ ਗੱਲਾਂ ਨੇ ਦੋ ਅਸ਼ਟਪਦੀਆਂ ਲੰਘਾ ਦਿੱਤੀਆਂ ਸਨ, ਪਰ ਬਾਬਾ ਜੀ ਨੂੰ ਕੋਈ ਸਮਝ ਆਈ ਜਾਂ ਨਹੀਂ, ਇਸ ਦਾ ਮੈਨੂੰ ਪਤਾ ਨਾ ਲੱਗਿਆ।
“ਸਿੰਘ ਜੀ, ਜੇ ਇਸ ਤਰ੍ਹਾਂ ਹੈ ਤਾਂ ਅਮੀਰ ਲੋਕ ਫਿਰ ਅੰਮ੍ਰਿਤ ਕਿਉਂ ਨਹੀਂ ਛਕਦੇ?” ਬਾਬਾ ਜੀ ਨੇ ਫਿਰ ਪੁੱਛਿਆ।
“ਬਾਬਾ ਜੀ, ਗਰੀਬ ਬੰਦੇ ਦੀਆਂ ਲੋੜਾਂ ਪੂਰੀਆਂ ਕਰ ਕੇ ਉਸ ਨੂੰ ਇਸ ਕਾਬਲ ਬਣਾਇਆ ਜਾ ਸਕਦਾ ਹੈ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਤਿਆਰ ਹੋ ਜਾਵੇ। ਅਮੀਰ ਬੰਦਾ ਪੈਸੇ ਨਾਲ ਤੰਦਰੁਸਤ ਨਹੀਂ ਹੁੰਦਾ। ਉਸ ਅੰਦਰ ਹੋਰ ਅਮੀਰ ਹੋਣ ਦੀ ਲਾਲਸਾ ਵਾਲੀ ਬਿਮਾਰੀ ਉਸ ਨੂੰ ਭਟਕਣ ਲਈ ਮਜਬੂਰ ਕਰੀ ਰੱਖਦੀ ਹੈ। ਦੁੱਖਾਂ ਵਾਲੀ ਸੇਜ ਉਤੇ ਲੇਟਿਆਂ ਹੀ ਦੋਵੇਂ ਹੱਥ ਜੁੜਦੇ ਨੇ, ਅਮੀਰੀ ਦੀ ਦੌੜ ਵਿਚ ਨਹੀਂ।” ਮੈਂ ਆਪਣੀ ਅਕਲ ਮੁਤਾਬਕ ਕਹਿ ਗਿਆ।
“ਸਿੰਘ ਜੀ! ਸਾਡੀ ਵਾਹਿਗੁਰੂ ਨੇ ਡਿਊਟੀ ਲਾਈ ਹੈ ਕਿ ਸੰਗਤ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਨਾ ਹੈ।” ਬਾਬਾ ਜੀ ਬੋਲੇ।
ਮੈਂ ਕੋਈ ਜਵਾਬ ਦਿੰਦਾ, ਉਸ ਤੋਂ ਪਹਿਲਾਂ ਟਰੈਫਿਕ ਚੱਲ ਪਿਆ। ਸ਼ਾਪਿੰਗ ਮਾਲ ਪਹੁੰਚ ਕੇ ਕਾਰ ਪਾਰਕਿੰਗ ਕਰ ਕੇ ਮੈਂ ਅਤੇ ਬਾਬਾ ਜੀ ਅੰਦਰ ਚਲੇ ਗਏ। ਮੈਂ ਬਾਬਾ ਜੀ ਨੂੰ ਕਿਹਾ, “ਬਾਬਾ ਜੀ, ਜੋ ਕੁਝ ਲੈਣਾ ਹੈ ਲੈ ਲਵੋ, ਬਿੱਲ ਮੈਂ ਉਤਾਰ ਦੇਵਾਂਗਾ।” ਬਾਬਾ ਜੀ ਮੇਰੇ ਵੱਲ ਦੇਖ ਕੇ ਥੋੜ੍ਹਾ ਜਿਹਾ ਮੁਸਕਰਾਏ, ਜਿਵੇਂ ਬਾਬਾ ਜੀ ਦੀ ਸ਼ਾਪਿੰਗ ਮੈਂ ਹੀ ਕਰਵਾਉਣੀ ਹੋਵੇ।
ਬਾਬਾ ਜੀ ਟੰਗੇ ਹੋਏ ਕੱਪੜਿਆਂ ਵਿਚ ਵੜ ਗਏ ਤੇ ਮੈਨੂੰ ਮੇਰੇ ਮਿੱਤਰ ਦਾ ਫੋਨ ਆ ਗਿਆ ਤੇ ਬੋਲਿਆ, “ਬਾਈ ਜੀ! ਬਾਬਾ ਜੀ ਸ਼ਾਪਿੰਗ ਕਰ ਰਹੇ ਨੇ?”
“ਹਾਂ ਜੀ! ਬਾਈ ਜੀ!! ਬਾਬਾ ਜੀ ਲੇਡੀ ਸੈਕਸ਼ਨ ਵਿਚ ਵੜੇ ਹੋਏ ਨੇ।” ਮੈਂ ਜਵਾਬ ਦਿੱਤਾ।
“ਚਲੋ ਤੁਸੀਂ ਉਡੀਕ ਕਰ ਲਵੋ।” ਮਿੱਤਰ ਇਹ ਕਹਿ ਕੇ ਫੋਨ ਕੱਟ ਗਿਆ।
ਬਾਬਾ ਜੀ ਨੇ ਜੇਬ ਵਿਚੋਂ ਵੱਖ ਵੱਖ ਸਾਈਜ਼ਾਂ ਦੀ ਲਿਸਟ ਕੱਢ ਲਈ। ਲੇਡੀਜ਼ ਜੀਨ, ਲੇਡੀਜ਼ ਟਾਪ ਚੁੱਕ ਕੇ ਕਾਰਟ ਵਿਚ ਰੱਖ ਲਏ। ਫਿਰ ਬਾਬਾ ਜੀ ਦੀਆਂ ਅੱਖਾਂ ਕੁਝ ਲੱਭਣ ਲੱਗੀਆਂ। ਮੈਂ ਬਾਬਾ ਜੀ ਦੀ ਮਦਦ ਲਈ ਅਗਾਂਹ ਹੋ ਕੇ ਪੁੱਛਿਆ, “ਬਾਬਾ ਜੀ, ਕੀ ਲੱਭ ਰਹੇ ਹੋ?”
“ਸਿੰਘ ਜੀ, ਉਹ ਜ਼ਨਾਨੀਆਂ ਵਾਲਾ ਸਾਮਾਨ ਕਿੱਥੇ ਹੈ?”
ਮੈਂ ਬਾਬਾ ਜੀ ਨੂੰ ਜ਼ਨਾਨੀਆਂ ਵਾਲੇ ਅੰਡਰ-ਗਾਰਮੈਂਟਸ ਵੱਲ ਲੈ ਗਿਆ ਜਿਸ ਦੇ ਲਾਗੇ ਹੀ ਮੇਕਅੱਪ ਦਾ ਸਾਮਾਨ ਵੀ ਸਜਾਇਆ ਹੋਇਆ ਸੀ। ਬਾਬਾ ਜੀ ਨੇ ਲਿਸਟ ਤੋਂ ਸਾਈਜ਼ ਪੜ੍ਹਿਆ, ਪਰ ਰੇਟ ਲਿਸਟ ਤੋਂ ਰੇਟ ਨਹੀਂ ਪੜ੍ਹਿਆ। ਜੋ ਕੁਝ ਲਿਸਟ ‘ਤੇ ਲਿਖਿਆ ਸੀ, ਉਹ ਬਾਬਾ ਜੀ ਨੇ ਚੁੱਕਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਦੀ ਜ਼ਨਾਨੀਆਂ ਵਾਲੀ ਸ਼ਾਪਿੰਗ ਹੁੰਦੀ ਦੇਖ ਕੇ ਮੈਂ ਹੈਰਾਨ ਵੀ ਹੋ ਰਿਹਾ ਸੀ ਤੇ ਮੈਨੂੰ ਹਾਸਾ ਵੀ ਆ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਮੇਰੇ ਬਾਜ਼ਾਂ ਵਾਲੇ ਪਾਤਿਸ਼ਾਹ ਦੇ ਪੰਥ ਵਿਚੋਂ ਸ਼ਹੀਦ ਵੀ ਪੈਦਾ ਹੋਏ ਤੇ ਉਸੇ ਪੰਥ ਵਿਚ ਆਹ ਢੌਂਗੀ ਵੀ ਘੁਸਪੈਠ ਕਰੀ ਫਿਰਦੇ ਨੇ। ਸਟੇਜ ਤੋਂ ਬੀਬੀਆਂ ਦੇ ਫੈਸ਼ਨ ਵਿਰੁਧ ਬੋਲਣ ਵਾਲਾ ਬਾਬਾ ਹੁਣ ਖੁਦ ਆਪਣੇ ਹੱਥਾਂ ਨਾਲ ਫੈਸ਼ਨ ਦਾ ਸਾਮਾਨ ਟਰਾਲੀ ਵਿਚ ਰੱਖ ਨਹੀਂ, ਲੱਦ ਰਿਹਾ ਸੀ। ਬਾਬਾ ਜੀ ਜਦੋਂ ਸੈਂਟ ਵਗੈਰਾ ਦੇਖਣ ਲੱਗੇ ਤਾਂ ਉਨ੍ਹਾਂ ਨੇ ਮੈਨੂੰ ਸੱਦਿਆ ਤੇ ਵਧੀਆ ਸੈਂਟ ਬਾਰੇ ਪੁੱਛਿਆ। ਮੈਂ ਅਗਾਂਹ ਕੈਸ਼ੀਅਰ ਦੀ ਮਦਦ ਲੈ ਕੇ ਬਾਬਾ ਜੀ ਨੂੰ ਟਾਪ ਦਾ ਸੈਂਟ ਦਿਖਾ ਦਿੱਤਾ। ਬਾਬਾ ਜੀ ਨੇ ਸੈਂਟ ਦੀ ਖੁਸ਼ਬੋ ਲੈਂਦਿਆਂ ਝੱਟ ਆਖ ਦਿੱਤਾ, “ਸਿੰਘ ਜੀ, ਬੱਸ ਆਹੀ ਐ।” ਬਾਬਾ ਜੀ ਨੇ ਸ਼ਾਇਦ ਸੈਂਟ ਦੀ ਉਚੀ ਕੀਮਤ ਕਰ ਕੇ ਹੀ ‘ਹਾਂ’ ਕਰ ਦਿੱਤੀ ਹੋਵੇਗੀ।
ਬਾਬਾ ਜੀ ਜਦੋਂ ਥੋੜ੍ਹਾ ਜਿਹਾ ਵਿਹਲੇ ਹੋਏ ਤਾਂ ਮੈਂ ਪੁੱਛਿਆ, “ਬਾਬਾ ਜੀ, ਆਪ ਜੀ ਦੇ ਪਰਿਵਾਰ ਵਿਚ ਹੋਰ ਕੌਣ ਕੌਣ ਐ?”
“ਸਿੰਘ ਜੀ! ਦੋ ਬੇਟੀਆਂ, ਇਕ ਬੇਟਾ ਤੇ ਇਕ ਮੇਰੀ ਮਿਸਿਜ਼ ਹੈ।” ਬਾਬਾ ਜੀ ਨੇ ਆਪਣੀ ਗੋਲ ਬੰਨ੍ਹੀ ਹੋਈ ਦਸਤਾਰ ‘ਤੇ ਹੱਥ ਫੇਰਦਿਆਂ ਕਿਹਾ।
“ਬਾਬਾ ਜੀ, ਉਨ੍ਹਾਂ ਵੀ ਅੰਮ੍ਰਿਤ ਛਕਿਆ ਹੋਇਆ ਜਾਂ ਨਹੀਂ?” ਮੇਰੇ ਅੰਦਰਲੀ ਕੁੜੱਤਣ ਬੁੱਲ੍ਹਾਂ ‘ਤੇ ਆ ਰਹੀ ਸੀ।
“ਸਿੰਘ ਜੀ! ਮੈਂ ਹੀ ਅੰਮ੍ਰਿਤ ਛਕਿਆ ਹੋਇਆ ਹੈ, ਬੱਚਿਆਂ ਨੇ ਨਹੀਂ।” ਬਾਬਾ ਜੀ ਥੋੜ੍ਹਾ ਸਹਿਜ ਨਾਲ ਬੋਲੇ।
ਫਿਰ ਬਾਬਾ ਜੀ ਬੰਦਿਆਂ ਵਾਲੇ ਸੈਕਸ਼ਨ ਵਿਚ ਵੜ ਗਏ ਤੇ ਮੈਂ ਆਪਣੀ ਕੁੜੱਤਣ ਉਗਲਣ ਲੱਗਿਆ। ਮਨ ਵਿਚ ਸੋਚਦਾ-ਬਾਬਾ ਜੀ ਐਨੀ ਦੂਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੀ ਪ੍ਰੇਰਨਾ ਦੇਣ ਆਏ ਨੇ, ਪਰ ਘਰੇ ਦੀਵੇ ਥੱਲੇ ਹਨੇਰਾ ਹੈ। ਗਿਆਨ ਦੇ ਸਾਗਰ ਵਿਚ ਰਹਿੰਦਾ ਪਰਿਵਾਰ ਜੀਨਾਂ ਤੇ ਟੌਪਾਂ ਵਿਚ ਫਸਿਆ ਪਿਆ ਹੈ। ਬੀਬੀਆਂ ਦੇ ਫੈਸ਼ਨ ਵਿਰੁਧ ਬੋਲਣ ਵਾਲੇ ਨੇ ਖੁਦ ਫੈਸ਼ਨ ਵਾਲੀਆਂ ਲੀਰਾਂ ਇਕੱਠੀਆਂ ਕੀਤੀਆਂ। ਅਸੀਂ ਆਪਣੀ ਹੱਡ ਭੰਨਵੀਂ ਕਮਾਈ ਵਿਚੋਂ ਇਨ੍ਹਾਂ ਨੂੰ ਦਸਵੰਧ ਦੇ ਨਾਂ ‘ਤੇ ਮਾਇਆ ਚੜ੍ਹਾਉਂਦੇ ਹਾਂ। ਗਰਮੀ ਦੇ ਦਿਨਾਂ ਵਿਚ ਇਹ ਇੱਥੇ ਆ ਜਾਂਦੇ ਹਨ, ਸਰਦੀਆਂ ਵਿਚ ਉਥੇ ਮਾਇਆ ਦਾ ਨਿੱਘ ਲਈ ਜਾਂਦੇ ਹਨ। ਉਲਟਾ ਸਾਨੂੰ ਕਹਿਣਗੇ, ਤੁਸੀਂ ਤਾਂ ਡਾਲਰਾਂ ਦੇ ਢੇਰ ‘ਤੇ ਬੈਠੇ ਹੋ। ਇਨ੍ਹਾਂ ਨੂੰ ਕੋਈ ਪੁੱਛੇ, ਕਿਸੇ ਦਿਨ ਦਸ ਘੰਟੇ ਲਾ ਕੇ ਤਾਂ ਦੇਖੋ, ਜਾਂ ਇਨ੍ਹਾਂ ਨੂੰ ਟਰੱਕ ‘ਤੇ ਚਾੜ੍ਹ ਲਏ! ਫਿਰ ਪਤਾ ਲੱਗੂ ਐਨ ਵਾਈ ਦਾ ਮਤਲਬ ਕੀ ਹੈ। ਖ਼ੈਰ! ਮੈਂ ਸਮਾਂ ਦੇਖ ਕੇ ਬਾਬਾ ਜੀ ਨੂੰ ਚੱਲਣ ਲਈ ਕਿਹਾ। ਬਾਬਾ ਜੀ ਨੇ ਕਾਊਂਟਰ ‘ਤੇ ਪੰਡ ਕੱਪੜਿਆਂ ਦੀ ਸਿੱਟ ਦਿੱਤੀ। ਦੋ ਫੁੱਟ ਲੰਮਾ ਬਿੱਲ ਬਣ ਗਿਆ 1129æ30 ਡਾਲਰ ਦਾ। ਮੈਂ ਕਰੈਡਿਟ ਕਾਰਡ ਨਾਲ ਰਕਮ ਉਤਾਰ ਕੇ ਦੋ ਲਿਫਾਫੇ ਫੜ ਲਏ ਤੇ ਦੋ ਲਿਫਾਫੇ ਬਾਬਾ ਜੀ ਨੇ ਫੜਦਿਆਂ ਖੱਚਰਾ ਜਿਹਾ ਹੱਸਦਿਆਂ ਕਿਹਾ, “ਸਿੰਘ ਜੀ! ਬਿੱਲ ਵੱਡਾ ਹੀ ਬਣ ਗਿਆ।”
“ਕੋਈ ਨਾ ਬਾਬਾ ਜੀ, ਤੁਹਾਡੀ ਤਾਂ ਸ਼ਾਪਿੰਗ ਪੂਰੀ ਹੋ ਗਈ ਨਾ! ਹੋਰ ਤਾਂ ਨਹੀਂ ਕੁਝ ਚਾਹੀਦਾ?” ਮੈਂ ਕਾਰ ਦੀ ਡਿੱਕੀ ਵਿਚ ਲਿਫਾਫੇ ਰੱਖਦਿਆਂ ਕਿਹਾ।
“ਸਿੰਘ ਜੀ, ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਇਕ ਗੱਲ ਕਰਨੀ ਐ। ਪਲੀਜ਼ ਬੁਰਾ ਨਾ ਮਨਾਇਓ।” ਬਾਬਾ ਜੀ ਨੇ ਸਾਰੀ ਨਿਮਰਤਾ ਇਕੱਠੀ ਕਰਦਿਆਂ ਕਿਹਾ।
“ਬਾਬਾ ਜੀ, ਜੋ ਕੁਝ ਮਰਜ਼ੀ ਕਹੋ ਤੇ ਪੁੱਛੋ।” ਮੈਂ ਸਾਵਧਾਨ ਹੁੰਦਿਆਂ ਕਿਹਾ।
“ਮੇਰਾ ਵੱਡਾ ਸਾਲਾ ਪੁਲਿਸ ਵਿਚ ਠਾਣੇਦਾਰ ਹੈ। ਉਨ੍ਹਾਂ ਵਾਸਤੇ ਇਕ ਗਿਫਟ ਖਰੀਦਣਾ ਸੀ।” ਬਾਬਾ ਜੀ ਨੇ ਸੱਜੇ ਹੱਥ ਦਾ ਅੰਗੂਠਾ ਨਾਲ ਵਾਲੀ ਉਂਗਲ ਦੇ ਅੱਧ ਵਿਚ ਰੱਖਦਿਆਂ ਕਿਹਾ।
“ਬਾਬਾ ਜੀ, ਤੁਸੀਂ ਗਿਫ਼ਟ ਉਥੋਂ ਹੀ ਖਰੀਦ ਲੈਂਦੇ।” ਮੈਂ ਅਣਭੋਲ ਬਣਦਿਆਂ ਕਿਹਾ।
“ਸਿੰਘ ਜੀ, ਮੈਂ ਉਥੇ ਧਿਆਨ ਮਾਰਿਆ ਸੀ, ਮੈਨੂੰ ਉਹ ਦਿਖਾਈ ਨਹੀਂ ਦਿੱਤਾ। ਸ਼ਾਇਦ ਆਪਾਂ ਨੂੰ ਦੂਜੇ ਸਟੋਰ ‘ਤੇ ਮਿਲੇ, ਜਿਹਨੂੰ ਲੀਕਰ ਕਹਿੰਦੇ ਨੇ!” ਬਾਬਾ ਜੀ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ।
“ਬਾਬਾ ਜੀ, ਤੁਹਾਡਾ ਮਤਲਬ ਕਿਤੇ ਦਾਰੂ ਦੇ ਘੜੇ ਤੋਂ ਤਾਂ ਨਹੀਂ?” ਮੈਂ ਠਾਣੇਦਾਰ ਅਤੇ ਅੰਗੂਠੇ ਤੇ ਉਂਗਲ ਦੇ ਇਸ਼ਾਰਾ ਤੋਂ ਲੀਕਰ ਸਟੋਰ ਦਾ ਅੰਦਾਜ਼ਾ ਲਾਉਂਦਿਆਂ ਕਿਹਾ।
“ਹਾਂ ਜੀ, ਸਿੰਘ ਜੀ!” ਬਾਬਾ ਜੀ ਪੂਰੇ ਖਿੜ ਗਏ।
ਮੈਂ ਗੱਡੀ ਬਾਹਰ ਕੱਢ ਕੇ ਪਾਰਕ ਕੀਤੀ ਤੇ ਆਪਣੇ ਸੱਜਣ ਨੂੰ ਥੋੜ੍ਹੀ ਦੂਰ ਜਾ ਕੇ ਫੋਨ ਲਾ ਲਿਆ ਤੇ ਬਾਬਾ ਜੀ ਦੇ ਗਿਫ਼ਟ ਵਾਲੀ ਗੱਲ ਸੁਣਾ ਦਿੱਤੀ।
“ਬਾਬਾ ਜੀ, ਦਾਰੂ ਦਾ ਘੜਾ ਗਿਫ਼ਟ ਵਿਚ ਲਿਜਾਣਾ ਚਾਹੁੰਦੇ ਨੇ।”
“ਤੇਰਾ ਦਿਮਾਗ ਸਹੀ ਹੈ?” ਬਾਈ ਦਾ ਪਾਰਾ ਇਕ ਦਮ ਚੜ੍ਹ ਗਿਆ ਸੀ। ਉਸ ਦੇ ਬੋਲ ਫਿਰ ਸੁਣੇ, “ਮੇਰੀ ਬਾਬਾ ਜੀ ਨਾਲ ਗੱਲ ਕਰਵਾ।” ਮੈਂ ਬਾਬਾ ਜੀ ਨੂੰ ਫੋਨ ਫੜਾ ਦਿੱਤਾ। ਬਾਬਾ ਜੀ ਦੀ ‘ਹਾਂ’ ‘ਹੂੰ’ ਹੀ ਸੁਣੀ। ਫੋਨ ਕੱਟਦਿਆਂ ਬਾਬਾ ਜੀ ਨੇ ਕਿਹਾ, “ਸਿੰਘ ਜੀ, ਉਨ੍ਹਾਂ ਨੂੰ ਪੁੱਛਣ ਦੱਸਣ ਦੀ ਕੀ ਲੋੜ ਸੀ, ਪੈਸੇ ਮੈਂ ਦੇ ਦੇਣੇ ਸਨ।” ਬਾਬਾ ਜੀ ਜਿਵੇਂ ਪਾੜ ਵਿਚ ਫਸ ਗਏ ਹੋਣ। ਮੈਂ ਕੋਈ ਜਵਾਬ ਨਾ ਦਿੱਤਾ।
ਬਾਬਾ ਜੀ ਨੂੰ ਮੈਂ ਕਿਸੇ ਦੇ ਘਰ ਅੱਗੇ ਉਤਾਰ ਕੇ ਆ ਗਿਆ ਜਿਥੋਂ ਉਨ੍ਹਾਂ ਦੀ ਦੋ ਦਿਨਾਂ ਬਾਅਦ ਇੰਡੀਆ ਦੀ ਫਲੈਟ ਸੀ। ਬਾਬਾ ਜੀ ਮੇਰੇ ਸੱਜਣ ਮਿੱਤਰ ਕੋਲ ਸਾਫ਼ ਮੁੱਕਰ ਗਏ ਕਿ ਮੈਂ ਦਾਰੂ ਦੇ ਘੜੇ ਦੇ ਗਿਫ਼ਟ ਦੀ ਕੋਈ ਗੱਲ ਵੀ ਕੀਤੀ ਸੀ। ਮੇਰੇ ਸੱਜਣ ਨੇ ਬਾਬਾ ਜੀ ਦਾ ਸੱਚ ਮੰਨਦਿਆਂ ਮੇਰੇ ਸ਼ਾਪਿੰਗ ਵਾਲੇ ਡਾਲਰ ਤਾਂ ਦੇ ਦਿੱਤੇ, ਪਰ ਬੋਲ-ਚਾਲ ਬੰਦ ਕਰ ਗਿਆ।
ਮੈਂ ਕੰਮ ‘ਤੇ ਆ ਕੇ ਸੋਚਣ ਲੱਗਿਆ ਕਿ ਜਿੰਨੀ ਬਾਬਾ ਜੀ ਨੇ ਇਕੱਲਿਆਂ (ਤਕਰੀਬਨ ਉਨ੍ਹਾਂ ਸਮਿਆਂ ਮੁਤਾਬਕ) 55 ਹਜ਼ਾਰ ਦੀ ਸ਼ਾਪਿੰਗ ਕੀਤੀ ਹੈ, ਇੰਨੇ ਪੈਸਿਆਂ ਨਾਲ ਕਈ ਗਰੀਬੜਿਆਂ ਦਾ ਤਨ ਢਕ ਹੋ ਜਾਣਾ ਸੀ। ਕਈਆਂ ਦੇ ਮੂੰਹ ਵਿਚ ਅੰਨ ਪੈ ਜਾਣਾ ਸੀ। ਕੀ ਮੇਰੇ ਸੱਜਣ ਦੇ ਭੁੱਖੇ ਰਹਿ ਕੇ ਜੋੜੇ ਡਾਲਰ ਬਾਬਾ ਜੀ ਨੇ ਆਪਣੇ ਬੱਚਿਆਂ ਨੂੰ ਫੈਸ਼ਨ ਰਾਹੀਂ ਉਜਾੜ ਦੇਣੇ ਹਨ? ਮੇਰੇ ਮਨ ਨੂੰ ਕੋਈ ਜਵਾਬ ਨਹੀਂ ਸੀ ਮਿਲ ਰਿਹਾ। ਤਕਰੀਬਨ ਚਾਰ ਸਾਲ ਬਾਅਦ ਉਸ ਸੱਜਣ ਦਾ ਫੋਨ ਆਇਆ, “ਬਾਈ ਜੀ, ਮੈਨੂੰ ਮੁਆਫ਼ ਕਰ ਦੇਵੋ। ਤੁਸੀਂ ਸੱਚੇ ਸੀ। ਬਾਬਾ ਝੂਠਾ ਸੀ।” ਮੇਰਾ ਸੱਜਣ ਬਾਬੇ ਦੀਆਂ ਊਣਤਾਈਆਂ ਦੇਖ ਆਇਆ ਸੀ। ਖ਼ੈਰ! ਮੈਨੂੰ ਮੇਰਾ ਸੱਜਣ ਹੀ ਨਹੀਂ ਮਿਲ ਗਿਆ, ਸਗੋਂ ਮੇਰਾ ਸੱਜਣ ਉਸ ਬਾਬੇ ਦੇ ਚੱਕਰਵਿਊ ਵਿਚੋਂ ਵੀ ਆਜ਼ਾਦ ਹੋ ਗਿਆ। ਸੱਜਣ ਦੇ ਆਪਣੇ ਕਹਿਣ ਮੁਤਾਬਕ, ‘ਉਹ ਹੁਣ ਤੱਕ ਬਾਬੇ ਨੂੰ ਚਾਰ ਲੱਖ ਰੁਪਏ ਦੇ ਚੁੱਕਿਆ ਸੀ।’
ਅਕਲ ਦੀ ਸੂਈ ਘਰ ਗੁਆ ਕੇ ਬਾਬਿਆਂ ਦੀ ਨਿਗ੍ਹਾ ਨਾਲ ਲੱਭਣ ਦੀ ਕੋਸ਼ਿਸ਼ ਨਾ ਕਰੋ।

Be the first to comment

Leave a Reply

Your email address will not be published.