ਵੈਰੋਕਿਆਂ ਦਾ ਪਹਿਲਾ ਆਦਮੀ

ਕਹਾਣੀ ਦੇ ਖੇਤਰ ਵਿਚ ਨਵੀਆਂ ਜੁਗਤਾਂ ਵਰਤਣ ਵਾਲੇ ਵਰਿਆਮ ਸਿੰਘ ਸੰਧੂ ਦੀਆਂ ਵਾਰਤਕ ਦਾ ਰੰਗ ਵੀ ਬਹੁਤ ਗੂੜ੍ਹਾ ਹੈ। ‘ਵੈਰੋਕਿਆਂ ਦਾ ਪਹਿਲਾ ਆਦਮੀ’ ਵਿਚ ਲਹਿੰਦੇ ਪੰਜਾਬ ਵਿਚ ਹੋਈ ਇਕ ਮਿਲਣੀ ਦਾ ਜ਼ਿਕਰ ਹੈ। ਇਹ ਲਿਖਤ ਪੜ੍ਹਦਿਆਂ ਲੇਖਕ ਦੀ ਵਰਿਆਮ ਲਿਖਣ-ਸਮਰਥਾ ਦੀ ਹੀ ਸੂਹ ਪੈਂਦੀ ਹੈ। ਇਹ ਉਹਦੀ ਲਿਖਤ ਵਿਚ ਵਾਰ-ਵਾਰ ਆਉਂਦੇ ਬਹੁ-ਪੱਖਾਂ ਦੀ ਹੀ ਕੋਈ ਬਾਤ ਹੈ ਕਿ ਉਹ ਸਰਦਾਰ ਅਹਿਮਦ ਦੀ ਕਥਾ ਨੂੰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ‘ਮੁਬੀਨਾ ਕਿ ਸੁਕੀਨਾ’ ਨਾਲ ਜੋੜ ਲੈਂਦਾ ਹੈ। ਉਹਦੀਆਂ ਲਿਖਤਾਂ ਦਾ ਇਹੀ ਪੱਖ ਪਾਠਕਾਂ ਨੂੰ ਆਪਣੇ ਵੱਲ ਖਿੱਚਦਾ ਲਈ ਜਾਂਦਾ ਹੈ। ਇਸ ਲਿਖਤ ਵਿਚ ਜ਼ਿਕਰ ਅਧੀਨ ਕਹਾਣੀ ‘ਮੁਬੀਨਾ ਕਿ ਸੁਕੀਨਾ’ ਅਸੀਂ ਆਪਣੇ ਪਾਠਕਾਂ ਲਈ ਪਰਚੇ ਦੇ ਇਸੇ ਅੰਕ ਵਿਚ ਛਾਪ ਰਹੇ ਹਾਂ। ਇਹ ਕਹਾਣੀ ਪੜ੍ਹ ਕੇ ਪਾਠਕਾਂ ਨੂੰ ਉਸ ਤੀਬਰਤਾ ਪਿੱਛੇ ਲੁਕੇ ਕਾਰਨ ਲੱਭਣ ਵਿਚ ਮੱਦਦ ਮਿਲੇਗੀ ਜੋ ਵਰਿਆਮ ਸੰਧੂ ਦੀ ਇਸ ਲਿਖਤ ਵਿਚ ਸਰਦਾਰ ਅਹਿਮਦ ਦੇ ਮੂੰਹੋਂ ਬਿਆਨ ਹੋਈ ਹੈ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 416-918-5212
ਸਾਡਾ ਦੁਪਹਿਰ ਦਾ ਖਾਣਾ ਡਾਕਟਰ ਸਰਦਾਰ ਅਹਿਮਦ ਵੱਲੋਂ ਲਾਹੌਰ ਦੇ ਕਿਸੇ ਚੀਨੀ ਰੈਸਟੋਰੈਂਟ ਵਿਚ ਸੀ। ਗੁਜਰਾਂਵਾਲੇ ਤੋਂ ਤੁਰਦਿਆਂ ਕਰਦਿਆਂ ਸਾਨੂੰ ਦੇਰ ਹੋ ਗਈ। ਵਾਰ ਵਾਰ ਫ਼ੋਨ ਆ ਰਹੇ ਸਨ। ਹਰਨੇਕ ਸਿੰਘ ਘੜੂੰਆਂ “ਹੁਣੇ ਪਹੁੰਚੇ ਲਓ” ਆਖ ਕੇ ਉਨ੍ਹਾਂ ਨੂੰ ਧਰਵਾਸ ਦੇ ਰਿਹਾ ਸੀ। ਉਹਦੀ ਪਤਨੀ ਅਤੇ ਬੱਚਿਆਂ ਨੇ ਰਾਹ ਵਿਚ ਪੈਂਦੇ ਕਸਬੇ ਮੁਰੀਦ ਕੇ ਦੇ ਸ਼ੋਅਰੂਮ ਤੋਂ ਜੁੱਤੀਆਂ ਖ਼ਰੀਦਦਿਆਂ ਹੋਰ ਵੀ ਦੇਰ ਕਰ ਦਿੱਤੀ।
ਜਦੋਂ ਅਸੀਂ ਲਾਹੌਰ ਪਹੁੰਚੇ ਤਾਂ ਸਾਰੇ ਜਣੇ ਸਾਡੇ ਇਸਤਕਬਾਲ ਲਈ ਰੈਸਟੋਰੈਂਟ ਤੋਂ ਬਾਹਰ ਖੜ੍ਹੇ ਸਨ। ਅਸੀਂ ਦਿੱਤੇ ਟਾਈਮ ਤੋਂ ਦੋ ਢਾਈ ਘੰਟੇ ਪਛੜ ਕੇ ਪਹੁੰਚੇ ਸਾਂ। ਜ਼ਾਹਿਰ ਹੈ ਕਿ ਸਾਰੇ ਜਣੇ ਇੰਨੇ ਚਿਰ ਤੋਂ ਬਾਹਰ ਖਲੋਤੇ ਸਾਡੀ ਉਡੀਕ ਕਰ ਰਹੇ ਸਨ। ਮੁੱਢਲੀ ਦੁਆ ਸਲਾਮ ਤੋਂ ਬਾਅਦ ਅਸੀਂ ਅੰਦਰ ਖਾਣੇ ਦੀ ਮੇਜ਼ ਉਤੇ ਜਾ ਬੈਠੇ। ਸਾਥੋਂ ਇਲਾਵਾ ਚੌਧਰੀ ਅਸ਼ਰਫ਼ ਅਤੇ ਡਾæ ਸਰਦਾਰ ਅਹਿਮਦ ਦੇ ਪਰਿਵਾਰ ਦੇ ਜੀਅ ਰਲਾ ਮਿਲਾ ਕੇ ਬਾਰਾਂ ਚੌਦਾਂ ਜਣੇ ਸਨ। ਉਹ ਤਾਂ ਸਾਰੇ ਈ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸਨ। ਸਿਰਫ਼ ਮੈਂ ਹੀ ਓਪਰਾ ਸਾਂ। ਹਰਨੇਕ ਸਿੰਘ ਘੜੂੰਆਂ ਨੇ ਹਰ ਵਾਰ ਵਾਂਗ ਇੱਥੇ ਵੀ ਮੇਰੀ ਚੰਗੇ ਸ਼ਬਦਾਂ ਵਿਚ ਲੇਖਕ ਵਜੋਂ ਜਾਣ ਪਛਾਣ ਕਰਵਾਈ।
ਮੇਰੇ ਸੱਜੇ ਹੱਥ ਕੁਰਸੀ ‘ਤੇ ਬੈਠੇ ਡਾæ ਸਰਦਾਰ ਅਹਿਮਦ ਨੇ ਬੜੇ ਉਤਸ਼ਾਹ ਨਾਲ ਆਖਿਆ, “ਲਓ ਜੀ! ਫ਼ਿਰ ਤਾਂ ਲਿਖਾਰੀ, ਪੁਕਾਰੀ ਤੇ ਖਿਡਾਰੀ ਇਕੱਠੇ ਹੋ ਗਏ।”
ਫ਼ਿਰ ਉਹਨੇ ਆਪ ਹੀ ਆਪਣੇ ਕਹੇ ਦੀ ਵਿਆਖਿਆ ਕੀਤੀ, “ਲਿਖਾਰੀ ਸੰਧੂ ਸਾਹਬ ਹੋ ਗਏ ਤੁਸੀਂ ਤੇ ਘੜੂੰਆਂ ਸਾਹਬ; ਤੇ ਪੁਕਾਰੀ ਹੋ ਗਏ ਤਕਰੀਰਾਂ ਕਰਨ ਵਾਲੇ ਲੀਡਰ, ਮੇਰੇ ਅਤੇ ਘੜੂੰਆਂ ਸਾਹਬ ਵਰਗੇ; ਤੇ ਖਿਡਾਰੀ ਆਪਾਂ ਉਂਜ ਬੜੇ ਵਧੀਆ ਰਹੇ ਆਂ। ਹਾਕੀ ਦੇ ਕਪਤਾਨ ਹੁੰਦੇ ਸਾਂ। ਜ਼ਿਲ੍ਹਾ ਕਿਹੜਾ ਏ ਤੁਹਾਡਾ ਸੰਧੂ ਸਾਹਬ?”
“ਸਾਡਾ ਪਿੰਡ ਸੁਰ ਸਿੰਘ ਪੁਰਾਣੇ ਜ਼ਿਲ੍ਹੇ ਲਾਹੌਰ ਦੀ ਤਹਿਸੀਲ ਕਸੂਰ ਦਾ ਹੀ ਪਿੰਡ ਸੀ। ਪਿੱਛੋਂ ਵੰਡ ਸਮੇਂ ਕਸੂਰ ਤਹਿਸੀਲ ਦੇ ਚਾਰ ਠਾਣੇ ਹਿੰਦੋਸਤਾਨ ਨੂੰ ਮਿਲ ਗਏ। ਉਨ੍ਹਾਂ ਨੂੰ ਮਿਲਾ ਕੇ ਵੱਖ਼ਰੀ ਤਹਿਸੀਲ ਪੱਟੀ ਬਣਾ ਦਿੱਤੀ ਗਈ ਹੈ। ਹੁਣ ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦਾ ਹੈ।
ਸਰਦਾਰ ਅਹਿਮਦ ਦੇ ਚਿਹਰੇ ਉਤੇ ਚਮਕ ਆਈ। ਜਿਹੜੇ ਆਪਸ ਵਿਚ ਛੋਟੀਆਂ ਛੋਟੀਆਂ ਗੱਲਾਂ ਕਰਨ ਵਿਚ ਰੁੱਝੇ ਹੋਏ ਸਨ, ਉਨ੍ਹਾਂ ਨੂੰ ਆਵਾਜ਼ ਦੇ ਕੇ ਕਹਿੰਦਾ, “ਲਓ ਸੁਣੋ ਬਈ! ਐਧਰ ਅੰਬਰਸਰੀਏ ਵੀ ਇਕੱਠੇ ਹੋ ਗਏ।”
“ਡਾਕਟਰ ਸਾਹਬ ਕਿਹੜਾ ਪਿੰਡ ਸੀ ਤੁਹਾਡਾ?”
“ਪਿੰਡ ਵੈਰੋਕੇ, ਥਾਣਾ ਲੋਪੋਕੇ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ! ਤੁਸੀਂ ਲਿਖਾਰੀ ਓ, ਸ਼ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਨਾਮ ਤਾਂ ਸੁਣਿਆ ਈ ਹੋਵੇਗਾ। ਉਨ੍ਹਾਂ ਦੇ ਵਸਾਏ ਪ੍ਰੀਤਨਗਰ ਦੇ ਗੁਆਂਢ ਵਿਚ ਸੀ ਸਾਡਾ ਪਿੰਡ। ਲੋਪੋਕੇ ਦੇ ਨੇੜੇ।”
ਐਤਕੀਂ ਜ਼ਰੂਰ ਮੇਰੇ ਚਿਹਰੇ ‘ਤੇ ਵੀ ਲਿਸ਼ਕ ਹੋਵੇਗੀ। ਅੰਮ੍ਰਿਤਸਰ ਤੋਂ ਸਾਂਝ ਦਾ ਪਰੁੱਚਾ ਧਾਗਾ ਜਦੋਂ ਪ੍ਰੀਤਨਗਰ ਦੇ ਮਣਕੇ ਵਿਚੋਂ ਲੰਘਿਆ ਤਾਂ ਉਸ ਦੀ ਜਗਮਗਾਹਟ ਨੇ ਰੂਹ ਨੂੰ ਰੁਸ਼ਨਾਉਣਾ ਹੀ ਸੀ।
ਸਰਦਾਰ ਅਹਿਮਦ ਮੈਨੂੰ ਪ੍ਰੀਤਨਗਰ ਤੋਂ ਚੁੱਕ ਕੇ ਲਾਹੌਰ ਦੇ ਲਾਰੰਸ ਗਾਰਡਨ ਜਿਸ ਨੂੰ ਅੱਜਕੱਲ੍ਹ ਬਾਗ਼-ਏ-ਜਿੱਨਾਹ ਕਿਹਾ ਜਾਂਦਾ ਹੈ, ਵਿਚ ਲੈ ਆਇਆ। ਦ੍ਰਿਸ਼ ਹਰਨੇਕ ਸਿੰਘ ਘੜੂੰਆਂ ਨਾਲ ਉਹਦੀ ਪਹਿਲੀ ਮਿਲਣੀ ਦਾ ਸੀ। ਸਵੇਰ ਦਾ ਵੇਲਾ ਸੀ। ਸੂਰਜ ਨੇ ਅਜੇ ਪੂਰਬ ਦੀ ਬੁੱਕਲ ਵਿਚੋਂ ਥੋੜ੍ਹਾ ਜਿਹਾ ਚਿਹਰਾ ਬਾਹਰ ਕੱਢ ਕੇ ਝਾਤ ਮਾਰੀ ਸੀ। ਬਾਗ਼-ਏ-ਜਿੱਨਾਹ ਵਿਚ ਇੱਕ ਬਣਦਾ ਤਣਦਾ ਸਰਦਾਰ ਆਪਣੇ ਵੱਲ ਤੁਰਿਆ ਆਉਂਦਾ ਵੇਖ ਕੇ ਸਰਦਾਰ ਅਹਿਮਦ ਨੇ ਕਿਹਾ, “ਸਰਦਾਰ ਜੀ, ਸਾਸਰੀਕਾਲ! ਕੀ ਹਾਲ ਚਾਲ ਨੇ? ਕਿੱਥੋਂ ਆਏ ਹੋ? ਕਿੱਥੇ ਰਹਿੰਦੇ ਹੋ?”
“ਮੇਰਾ ਨਾਮ ਹਰਨੇਕ ਸਿੰਘ ਘੜੂੰਆਂ ਹੈ। ਮੈਂ ਪੰਜਾਬ ਸਰਕਾਰ ਦਾ ਵਜ਼ੀਰ-ਏ-ਮਾਲ ਰਹਿ ਚੁੱਕਾ ਹਾਂ ਅਤੇ ਅੱਜਕੱਲ੍ਹ ਚੰਡੀਗੜ੍ਹ ਰਹਿੰਦਾ ਹਾਂ।”
“ਵਾਹ ਜੀ ਵਾਹ!” ਸਰਦਾਰ ਅਹਿਮਦ ਨੇ ਆਪਣਾ ਹੱਥ ਗਰਮਜੋਸ਼ੀ ਨਾਲ ਘੜੂੰਏਂ ਨੂੰ ਮਿਲਾਇਆ ਅਤੇ ਜ਼ੋਰ ਦੀ ਹੱਥ ਘੁੱਟਦਿਆਂ ਖੁਸ਼ੀ ਸਾਂਝੀ ਕੀਤੀ, “ਜਨਾਬ! ਮੈਂ ਵੀ ਪੰਜਾਬ ਦਾ ਸਾਬਕਾ ਵਜ਼ੀਰ ਜੇ। ਇਸ ਵੇਲੇ ਇੱਕ ਸਾਬਕਾ ਵਜ਼ੀਰ ਦੂਜੇ ਸਾਬਕਾ ਵਜ਼ੀਰ ਨੂੰ ਮੁਖ਼ਾਤਬ ਹੋ ਰਿਹਾ ਹੈ।”
ਦੋਹਾਂ ਦੇ ਮਿਲਣ-ਚਾਅ ਵਿਚ ਚੜ੍ਹਦੇ ਸੂਰਜ ਦੀ ਲਾਲੀ ਘੁਲ ਗਈ।
“ਇੱਕ ਵਜ਼ੀਰ ਹੁਣ ਦੂਜੇ ਵਜ਼ੀਰ ਨੂੰ ਚਾਹ ਅਤੇ ਖਾਣੇ ਉਤੇ ਨਾ ਬੁਲਾਵੇ ਤਾਂ ਦੋਵਾਂ ਵਜ਼ੀਰਾਂ ਦੀ ਹੱਤਕ ਹੈ।”
ਘੜੂੰਏਂ ਨੇ ਉਹਦਾ ਚਾਹ ਅਤੇ ਖਾਣੇ ਦਾ ਸੱਦਾ ਪ੍ਰਵਾਨ ਕਰ ਲਿਆ। ਫ਼ਿਰ ਇਨ੍ਹਾਂ ਮੁਹੱਬਤੀ ਮਿਲਣੀਆਂ ਦੀ ਸ਼ੁਰੂਆਤ ਹੋ ਗਈ ਸੀ। ਹੁਣ ਜਦੋਂ ਵੀ ਘੜੂੰਆਂ ਲਾਹੌਰ ਆਉਂਦਾ, ਸਰਦਾਰ ਅਹਿਮਦ ਨੂੰ ਮਿਲੇ ਅਤੇ ਉਹਦੀ ਮਹਿਮਾਨ ਨਿਵਾਜ਼ੀ ਕਬੂਲੇ ਬਿਨਾਂ ਵਾਪਸ ਨਾ ਜਾਂਦਾ।
ਸਰਦਾਰ ਅਹਿਮਦ ਦੇ ਕਹੇ ਮੁਤਾਬਕ ਉਹ ਸਚਮੱਚ ਬਹੁਤ ਅੱਛਾ ‘ਪੁਕਾਰੀ’ ਭਾਵ ਬੁਲਾਰਾ ਸੀ। ਉਸ ਨੇ ਕੁੱਝ ਹੀ ਪਲਾਂ ਵਿਚ ਸਭ ਨੂੰ ਆਪਣੀ ਗੁਫ਼ਤਗੂ ਦੀ ਗ੍ਰਿਫ਼ਤ ਵਿਚ ਲੈ ਲਿਆ। ਹੁਣ ਤਾਂ ਬੱਸ ਮੇਰੇ ਨਿੱਕੇ ਨਿੱਕੇ ਸਵਾਲ ਸਨ ਅਤੇ ਸਰਦਾਰ ਅਹਿਮਦ ਦੇ ਤਰਲ ਤਿਲਕਦੇ ਬੋਲ। ਉਹਦੇ ਬੋਲ ਉਡਦੇ ਹੋਏ ਆਪਣੇ ਪਿਛੋਕੜ ਨਾਲ ਜੁੜੀਆਂ ਯਾਦਾਂ ਦੇ ਕਦੀ ਇਸ ਬਨੇਰੇ ਉਤੇ ਬੈਠਦੇ ਤੇ ਕਦੇ ਉਸ ਬਨੇਰੇ ‘ਤੇ। ਉਹਦਾ ਪਿੰਡ, ਉਹਦਾ ਇਲਾਕਾ, ਜਿਹੜਾ ਉਹਦੇ ਅੰਦਰ ਬੰਦ ਕਲੀ ਵਾਂਗ, ਛੇ ਦਹਾਕਿਆਂ ਤੋਂ ਸਿਮਟਿਆ ਹੋਇਆ ਸੀ, ਉਹ ਪੂਰੇ ਜਲੌ ਵਿਚ ਖੁਸ਼ਬੂ ਖਿੰਡਾਉਂਦਾ ਖਿੜ ਉਠਿਆ ਸੀ। ਉਹਨੇ ਆਪਣੇ ਵੈਰੋਕੇ ਪਿੰਡ ਅਤੇ ਉਸ ਨਾਲ ਜੁੜੀਆਂ ਯਾਦਾਂ ਨੂੰ ਫ਼ਿਲਮ ਵਾਂਗ ਸਾਡੀਆਂ ਨਜ਼ਰਾਂ ਸਾਹਵੇਂ ਵਿਛਾ ਕੇ ਰੱਖ ਦਿੱਤਾ। ਪਿੰਡਾਂ ਅਤੇ ਸ਼ਹਿਰਾਂ ਦੇ ਨਕਸ਼ੇ, ਰਾਹਾਂ ਦੇ ਮੋੜ, ਬੱਸਾਂ ਦੇ ਅੱਡੇ, ਬੰਦਿਆਂ ਦੇ ਬੋਲ ਅਤੇ ਉਨ੍ਹਾਂ ਦੇ ਨਕਸ਼ ਉਸ ਨੂੰ ਅਜੇ ਕੱਲ੍ਹ ਵਾਂਗ ਯਾਦ ਸਨ। ਵੈਰੋਕੇ ਪਿੰਡ ਨਿੱਕਾ ਜਿਹਾ ਸੰਸਾਰ ਬਣ ਗਿਆ ਸੀ ਅਤੇ ਅੱਜ ਦੇ ਪਾਕਿਸਤਾਨੀ ਪੰਜਾਬ ਦਾ ਇਹ ਮੰਨਿਆ ਪ੍ਰਮੰਨਿਆ ਸ਼ਖ਼ਸ ਬਾਲਾਂ ਵਾਂਗ ਵੈਰੋਕਿਆਂ ਦੀਆਂ ਗਲੀਆਂ ਵਿਚ ਫ਼ਿਰ ਰਿਹਾ ਸੀ। ਮੈਂ ਦੱਸਿਆ, “ਮੇਰੇ ਵੀ ਤਹਿਸੀਲ ਅਜਨਾਲੇ ਵਿਚ ਨਾਨਕੇ ਨੇ।”
“ਕਿਹੜੇ ਪਿੰਡ?”
“ਚਵਿੰਡਾ ਕਲਾਂ।”
“ਲੈ ਚਵਿੰਡਾ। ਆਹ ਆਪਣਾ ਚਵਿੰਡਾ! ਚਵਿੰਡੇ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਸਨ, ਤਿੱਲੇ ਵਾਲੀਆਂ। ਆਹੋ! ਅਟਾਰੀ ਤੋਂ ਅੱਗੇ ਖੱਬੇ ਹੱਥ ਰਣੀਕੇ ਰਣਗੜ੍ਹ ਵਾਲਾ ਮੋੜ ਮੁੜੀਏ, ਅੱਗੇ ਲਾਹੌਰ ਬਰਾਂਚ ਦਾ ਬਹਿੜਵਾਲ ਵਾਲਾ ਪੁਲ। ਬਹਿੜਵਾਲ ਤੋਂ ਜੇ ਨਹਿਰੇ ਨਹਿਰ ਜਾਣਾ ਹੋਵੇ ਤਾਂ ਅਗਲਾ ਪਿੰਡ ਚਵਿੰਡਾ, ਅੱਗੇ ਬਰਾੜ, ਅੱਗੇ ਕੁਹਾਲੀ ਦੇ ਘਰਾਟ। ਜੇ ਬਹਿੜਵਾਲੋਂ ਸੜਕੇ ਸੜਕ ਚੱਲੀਏ, ਅੱਗੇ ਖੱਬੇ ਹੱਥ ਵਣੀਏ ਕੇ, ਸਜੇ ਹੱਥ ਚਵਿੰਡਾ, ਅੱਗੇ ਕੁਹਾਲਾ, ਤੇ ਫ਼ਿਰ ਚੁਗਾਵੇਂ ਵਾਲਾ ਚੌਕ, ਚੁਗਾਵੇਂ ਤੋਂ ਸਿੱਧੀ ਸੜਕ ਅਜਨਾਲੇ ਨੂੰ, ਖੱਬੇ ਹੱਥ ਲੋਪੋਕੇ, ਪ੍ਰੀਤਨਗਰ, ਵੈਰੋਕੇ ਤੇ ਚੱਕ ਮਿਸ਼ਰੀ ਖਾਂ। ਚੁਗਾਵੇਂ ਵਾਲੇ ਚੌਕ ਤੋਂ ਸੱਜੇ ਹੱਥ ਕੁਹਾਲੀ, ਰਾਮ ਤੀਰਥ ਤੇ ਅੰਬਰਸਰ। ਰਾਮ ਤੀਰਥ ਰੋਡ ਤੇ ਅਟਾਰੀ ਰੋਡ ਦੇ ਪੁਤਲੀ ਘਰ ਤੋਂ ਅੱਗੇ ਜਾ ਮਿਲਦੇ ਤਿਕੋਣ ਦੇ ਵਿਚਕਾਰ ਥੋੜਾ ਪਿੱਛੇ ਕਰਕੇ ਖਾਲਸਾ ਕਾਲਜ ਦੀ ਸ਼ਾਹੀ ਇਮਾਰਤ। ਪਿੰਡੋਂ ਸਾਈਕਲ ‘ਤੇ ਚੱਲਣਾ, ਭਾਵੇਂ ਚੁਗਾਵੇਂ ਤੋਂ ਸੱਜੇ ਹੱਥ ਹੋ ਕੇ ਅੰਮ੍ਰਿਤਸਰ ਚਲੇ ਜਾਓ ਤੇ ਭਾਵੇਂ ਸਿੱਧੇ ਰਾਮ ਤੀਰਥ ਰੋਡ ਰਾਹੀਂ। ਮੈਂ ਸਾਰਾ ਪੈਂਡਾ ਸਾਈਕਲ ‘ਤੇ ਗਾਹਿਆ ਹੋਇਆ। ਕੀ ਘਰਿੰਡਾ, ਘਰਿੰਡੀ, ਕਾਓਂਕੇ, ਮੋਦੇ, ਧਨੋਏ, ਕੰਜਰੀ ਦਾ ਪੁਲ। ਰਾਮ ਤੀਰਥ ਦਾ ਮੇਲਾ ਵੇਖਣ ਜਾਣਾ, ਮੇਲੇ ‘ਤੇ ਮੰਡੀ ਵੀ ਲੱਗਦੀ ਸੀ। ਰਾਮ ਤਲਾਈ ਵਿਚ ਵੱਟੇ ਵੁੱਟੇ ਵੀ ਮਾਰਨੇ। ਆਹਾæææਹਾæææਹਾæææਆਹਾæææ।” ਉਹਨੇ ਆਨੰਦ ਵਿਚ ਸਰਸ਼ਾਰ ਹੋ ਕੇ ਅੱਖਾਂ ਮੀਟ ਲਈਆਂ।
ਉਸ ਨੂੰ ਸਮਝ ਨਹੀਂ ਸੀ ਆਉਂਦੀ ਪਈ ਕਿ ਉਹ ਕਿਹੜੀ ਗੱਲ ਕਰੇ ਤੇ ਕਿਹੜੀ ਨਾ ਕਰੇ। ਉਹ ਉਸ ਦੌਰ ਨੂੰ, ਉਸ ਇਲਾਕੇ ਨੂੰ, ਉਸ ਮਾਹੌਲ ਨੂੰ ਮੁੱਠੀ ਵਿਚ ਫੜਨਾ ਚਾਹੁੰਦਾ ਸੀ। ਯਾਦਾਂ ਦੇ ਇਕ ਕਬੂਤਰ ਨੂੰ ਫੜਨਾ ਲੋਚਦਾ ਤਾਂ ਦੂਜਾ ਉਹਦੀ ਤਲੀ ‘ਤੇ ਆ ਬੈਠਦਾ ਤੇ ਫ਼ਿਰ ਤੀਜਾ। ਉਸ ਦੇ ਅੰਦਰ ‘ਗੁਟਰ-ਗੂੰ, ਗੁਟਰ-ਗੂੰ’ ਹੋ ਰਹੀ ਸੀ। ਸਾਰੇ ਸਰੋਤੇ ਉਸ ਗੰਭੀਰ ਬੰਦੇ ਦੇ ਚਿਹਰੇ ਉਤੇ ਝਲਕ ਆਏ ਬਚਪਨ ਦੇ ਵੈਰਾਗ ਨੂੰ ਮਹਿਸੂਸ ਕਰ ਰਹੇ ਸਨ। ਉਹਦੇ ਬੋਲਾਂ ਵਿਚਲੇ ਉਤਸ਼ਾਹ ਨੇ ਤਾਂ ਮੈਨੂੰ ਇਹ ਦੱਸਣ ਦਾ ਮੌਕਾ ਹੀ ਨਹੀਂ ਸੀ ਦਿੱਤਾ ਕਿ ਪ੍ਰੀਤਨਗਰ ਅਤੇ ਪ੍ਰੀਤ ਲੜੀ ਜਾਂ ਪ੍ਰੀਤ ਪਰਿਵਾਰ ਦਾ ਮੇਰੇ ਸਮੇਤ ਪੂਰੇ ਪੰਜਾਬੀ ਪਾਠਕ ਵਰਗ ਨਾਲ ਕਿੰਨਾ ਨੇੜੇ ਦਾ ਰਿਸ਼ਤਾ ਸੀ। ਜਦੋਂ ਮੈਂ ਇਸ ਰਿਸ਼ਤੇ ਨੂੰ ਉਸ ਨਾਲ ਸਾਂਝਾ ਕਰਦਿਆਂ ਪ੍ਰੀਤਨਗਰ ਅਤੇ ਸ਼ ਗੁਰਬਖ਼ਸ਼ ਸਿੰਘ ਦੀ ਕੋਈ ਚੇਤੇ ਵਿਚ ਵੱਸੀ ਯਾਦ ਦੱਸਣ ਲਈ ਉਸ ਨੂੰ ਆਖਿਆ ਤਾਂ ਉਹ ਤਾਂ ਜਿਵੇਂ ਨਸ਼ਿਆਇਆ ਹੀ ਗਿਆ।
ਉਹਨੇ ਇੱਕ ਪਲ ਲਈ ਅੱਖਾਂ ਮੀਟੀਆਂ ਅਤੇ ਹੱਥ ਉਠਾ ਕੇ ਅੱਖਾਂ ਖੋਲ੍ਹਦਿਆਂ ਆਖਿਆ, “ਆਏ-ਹਾਏ-ਹਾਏ! ਉਥੋਂ ਦੀਆਂ ਯਾਦਾਂ! ਉਸ ਵੇਲੇ ਦੀਆਂ ਯਾਦਾਂ! ਬਾਬੇ ਸ਼ਾਹ ਬਖ਼ਤਿਆਰ ਦਾ ਮੇਲਾ ਲੱਗਣਾ। ਜਿਨ੍ਹਾਂ ਦੀ ਦੁਆ ਨਾਲ ਸ਼ਾਹ ਜਹਾਨ ਦੇ ਘਰ ਬੇਟਾ ਹੋਇਆ ਸੀ। ਇਹ ਪ੍ਰੀਤਨਗਰ ਵਾਲਾ ਥਾਂ ਉਨ੍ਹਾਂ ਬਣਾਇਆ। ਪਿੱਛੋਂ ਇਹ ਥਾਂ ਗੁਰਬਖ਼ਸ਼ ਸਿੰਘ ਹੁਰਾਂ ਨੇ ਲੈ ਲਿਆ। ਤੁਸੀਂ ਪ੍ਰੀਤਨਗਰ ਅਤੇ ਗੁਰਬਖ਼ਸ਼ ਸਿੰਘ ਹੁਰਾਂ ਦੀ ਕੀ ਪੁੱਛਦੇ ਓ? ਮੈਂ ਤਾਂ ਜੀ ਪ੍ਰੀਤ-ਪਰਿਵਾਰ ਦਾ ਬੜਾ ਨਜ਼ਦੀਕੀ ਹਿੱਸਾ ਰਿਹਾ ਹਾਂ। ਮੈਂ ਆਪਣੇ ਪਿੰਡ ਦਾ ਪਹਿਲਾ ਮੁਸਲਮਾਨ ਵਿਦਿਆਰਥੀ ਸਾਂ ਜੋ ਪ੍ਰੀਤਨਗਰ ਦੇ ਐਕਟੀਵਿਟੀ ਸਕੂਲ ਵਿਚ ਦਾਖ਼ਲ ਹੋਇਆ।”
ਤੇ ਫ਼ਿਰ ਉਹਨੂੰ ਆਪਣੇ ‘ਪਹਿਲਾ’ ਹੋਣ ਨਾਲ ਜੁੜੀ ਆਪਣੀ ਸ਼ਖ਼ਸੀਅਤ ਦੇ ਹੋਰ ਪਸਾਰ ਦਿੱਸਣੇ ਸ਼ੁਰੂ ਹੋ ਗਏ।
“ਆਪਣੇ ਪਿੰਡ ਵੈਰੋਕਿਆਂ ਦੇ ਐਕਟੀਵਿਟੀ ਸਕੂਲ ਦਾ ਪਹਿਲਾ ਮੁਸਲਮਾਨ ਵਿਦਿਆਰਥੀ ਮੈਂ ਸਾਂ। ਆਪਣੇ ਪਿੰਡ ਵੈਰੋਕਿਆਂ ਦਾ ਪਹਿਲਾ ਐਮæਬੀæਬੀæਐਸ਼ ਡਾਕਟਰ ਮੈਂ, ਆਪਣੇ ਪਿੰਡ ਵੈਰੋਕਿਆਂ ਦਾ ਪਰੋਵਿੰਸ਼ਲ ਅਸੈਂਬਲੀ ਦਾ ਦੋ ਵਾਰ ਬਣਿਆ ਪਹਿਲਾ ਮੈਂਬਰ ਮੈਂ। ਆਪਣੇ ਪਿੰਡ ਵੈਰੋਕਿਆਂ ਦਾ ਪਹਿਲਾ ਹੋਮ ਅਤੇ ਟਰਾਂਸਪੋਰਟ ਮਨਿਸਟਰ ਮੈਂ।” ਉਹ ਆਪਣੀਆਂ ਸਾਰੀਆਂ ‘ਪਹਿਲਾਂ’ ਨੂੰ ਅਜੇ ਵੀ ਆਪਣੇ ਪਿੰਡ ਵੈਰੋਕਿਆਂ ਨਾਲ ਜੋੜ ਕੇ ਮਾਣ ਮੱਤਾ ਮਹਿਸੂਸ ਕਰ ਰਿਹਾ ਸੀ। ਉਹ ਕਈ ਸੂਬਾਈ ਅਤੇ ਕੇਂਦਰੀ; ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਦਾ ਮੈਂਬਰ, ਵਾਈਸ ਪ੍ਰੈਜ਼ੀਡੈਂਟ ਅਤੇ ਪ੍ਰੈਜ਼ੀਡੈਂਟ ਸੀ ਪਰ ਇਸ ਵੇਲੇ ਉਹ ਇਹ ਸਾਰਾ ਕੁੱਝ ‘ਆਪ’ ਨਹੀਂ ਸੀ ਸਗੋਂ ਵੈਰੋਕਿਆਂ ਦਾ ‘ਪਹਿਲਾ’ ਆਦਮੀ ਸੀ। ਉਹ ਸਰਦਾਰ ਅਹਿਮਦ ਹੋ ਕੇ ਵੀ ਇਸ ਵੇਲੇ ‘ਵੈਰੋਕੇ’ ਬਣਿਆ ਹੋਇਆ ਸੀ। ਆਪਣੇ ਸਾਰੇ ਮਾਣ ਸਨਮਾਨ ਨੂੰ ਉਹ ‘ਵੈਰੋਕੇ’ ਦੇ ਸ਼ੀਸ਼ੇ ਵਿਚੋਂ ਨਿਹਾਰ ਰਿਹਾ ਸੀ। ਸਰਦਾਰ ਅਹਿਮਦ ਐਕਟੀਵਿਟੀ ਸਕੂਲ ‘ਚੋਂ ਨਿਕਲ ਕੇ ਆਪਣੇ ਆਪੇ ਅਤੇ ਆਪਣੇ ਪਿੰਡ ਨਾਲ ਜੁੜ ਗਿਆ ਸੀ।
“ਮੇਰੀ ਜਨਮ ਤਰੀਕ 24 ਜੁਲਾਈ 1929 ਦੀ ਹੈ। ਪੰਜ ਸਾਲਾਂ ਦਾ ਸਾਂ ਜਦੋਂ ਮੇਰਾ ਅੱਬਾ ਗੁਜ਼ਰ ਗਿਆ। ਅਸੀਂ ਨੰਬਰਦਾਰ ਹੁੰਦੇ ਸਾਂ। ਮੇਰਾ ਅੰਕਲ ਜ਼ਿਲ੍ਹੇਦਾਰ ਹੁੰਦਾ ਸੀ। ਮੇਰਾ ਮਾਮਾ ਪ੍ਰੀਤਨਗਰ ਦੇ ਬੈਂਕ ਦਾ ਡਾਇਰੈਕਟਰ ਸੀ। ਸਾਡਾ ਦਸ ਹਜ਼ਾਰ ਰੁਪਿਆ ਬੈਂਕ ਵਿਚ ਰਹਿ ਗਿਆ। ਲੈਣ ਵਾਲਾ ਰਹਿੰਦਾ ਤੁਹਾਡੇ ਕੋਲੋਂ।” ਉਹ ਹੱਸਿਆ।
“ਰਾਈਂ ਬਰਾਦਰੀ ਸੀ ਸਾਡੀ। ਦੋ ਮੁਰੱਬੇ ਜ਼ਮੀਨ। ਕਿੱਕਰਾਂ ਵਾਲਾ ਖੂਹ ਸੀ ਸਾਡਾ। ਇਹ ਜ਼ਮੀਨ ਅਸੀਂ ਕਿਸੇ ਜੱਟ ਸਿੱਖ ਤੋਂ ਮੁੱਲ ਲਈ ਸੀ। ਮੈਨੂੰ ਕੁੱਝ ਨਹੀਂ ਭੁੱਲਾ। ਸਭ ਯਾਦ ਨੇ। ਸਾਧੂ ਸਿੰਘ, ਲੱਖਾ ਸਿੰਘ, ਸਾਵਣ ਸਿੰਘ, ਤੇਜੋ, ਕੁਸ਼ੱਲਿਆ, ਪ੍ਰੀਤੋ। ਆਹ, ਮੇਰੇ ਸਾਹਮਣੇ ਖਲੋਤੇ ਨੇ ਅਜੇ ਵੀ। ਸ਼ ਗੁਰਬਖ਼ਸ਼ ਸਿੰਘ, ਨਵਤੇਜ, ਉਮਾ, ਉਰਮਿਲਾ। ਮਾਸਟਰ ਤਾਰਾ ਸਿੰਘ ਵੀ ਮੈਨੂੰ ਨਹੀਂ ਭੁੱਲਿਆ। ਪਹਿਲਾਂ ਮੈਂ ਐਕਟੀਵਿਟੀ ਸਕੂਲ ਪੜ੍ਹਿਆ। ਫ਼ਿਰ ਭੀਲੋਵਾਲ ਦੇ ਡੀæਬੀæ ਸਕੂਲ ਤੋਂ ਅੱਠਵੀਂ ਪਾਸ ਕੀਤੀ। ਜੂਨੀਅਰ, ਸੀਨੀਅਰ ਗੌਰਮੈਂਟ ਹਾਈ ਸਕੂਲ ਅਜਨਾਲੇ ਤੋਂ ਕੀਤੀ। ਵੈਰੋਕਿਆਂ ਦਾ ਪਹਿਲਾ ਮੁੰਡਾ ਜਿਹੜਾ ਹਰ ਜਮਾਤ ਵਿਚ ਵਜ਼ੀਫ਼ਾ ਲੈਂਦਾ ਰਿਹਾ। ਚੌਥੀ ਤੋਂ ਐਮæਬੀæਬੀæਐਸ਼ ਤੱਕ ਮੈਂ ਵਜ਼ੀਫ਼ਾ ਲਿਆ। ਸਾਰੀ ਉਮਰ ਜਿੰਨਾ ਚਿਰ ਪੜ੍ਹਿਆ, ਮੈਨੂੰ ਸਕਾਲਰਸ਼ਿੱਪ ਮਿਲਦਾ ਰਿਹਾ। ਹਾਕੀ ਦਾ ਖਿਡਾਰੀ ਮੈਂ ਬੜਾ ਆਹਲਾ ਸਾਂ। ਪ੍ਰੀਤਨਗਰ ਦੇ ਕੱਲਰਾਂ ਵਿਚ ਬੜੀ ਹਾਕੀ ਖੇਡੀ। ਇਨ੍ਹਾਂ ਕੱਲਰਾਂ ਵਿਚ ਨਵਤੇਜ ਸਿੰਘ ਵੀ ਸਾਡੇ ਨਾਲ ਹਾਕੀ ਖੇਡਦਾ ਹੁੰਦਾ ਸੀ। ਅਜਨਾਲੇ ਮੈਂ ਆਪਣੀ ਹਾਕੀ ਦੀ ਟੀਮ ਦਾ ਕਪਤਾਨ ਸਾਂ। 1944-45 ਦੀ ਗੱਲ ਹੈ। ਅਸੀਂ ਖੇਡ ਰਹੇ ਸਾਂ। ਇੱਕ ਬੰਦਾ ਡਾਂਗ ਫੜ ਕੇ ਆਇਆ, ਕਹਿੰਦਾ, “ਭਰਤੀ ਹੋ ਰਹੀ ਹੈ। ਆਓ ਤੁਹਾਨੂੰ ਭਰਤੀ ਕਰਵਾ ਦੇਈਏ। ਅਸੀਂ ਗਏ ਵੇਖਣ। ਮੈਂ ਤਾਂ ਭਰਤੀ ਨਾ ਹੋਇਆ, ਪਰ ਕੁੱਝ ਹੋਰ ਜਣੇ ਭਰਤੀ ਹੋ ਗਏ। ਉਨ੍ਹਾਂ ਵਿਚ ਜਸਤਰਵਾਲੀਏ ਪਠਾਣਾਂ ਦਾ ਮੁੰਡਾ ਵੀ ਸੀ ਜਿਹੜਾ ਮੈਥੋਂ ਦੋ ਸਾਲ ਅੱਗੇ ਪੜ੍ਹਦਾ ਸੀ। ਪਿੱਛੋਂ ਜਾ ਕੇ ਉਹੋ ਹੀ ਮੁੰਡਾ ਅਖ਼ਤਰ ਅਬਦੁੱਲਾ ਰਹਿਮਾਨ ਪਾਕਿਸਤਾਨ ਦਾ ਚੀਫ਼ ਆਫ਼ ਆਰਮੀ ਸਟਾਫ਼ ਵੀ ਬਣਿਆ।” ਉਹਦੇ ਭਰੇ ਅੰਦਰ ਵਿਚੋਂ ਯਾਦਾਂ ਬੇਤਰਤੀਬੀ ਨਾਲ ਛਲਕ ਰਹੀਆਂ ਸਨ।
“ਐਕਟੀਵਿਟੀ ਸਕੂਲ ਦੀ ਕੋਈ ਯਾਦ?” ਮੈਂ ਉਹਨੂੰ ਵਾਪਸ ਪ੍ਰੀਤਨਗਰ ਮੋੜ ਕੇ ਲਿਆਉਣਾ ਚਾਹੁੰਦਾ ਸਾਂ।
“ਮੈਂ ਦੱਸਿਆ ਤਾਂ ਹੈ ਕਿ ਐਕਟੀਵਿਟੀ ਸਕੂਲ ਦਾ ਮੈਂ ਪਹਿਲਾ ਮੁਸਲਮਾਨ ਵਿਦਿਆਰਥੀ ਸਾਂ, ਦੂਜਾ ਮੁਸਲਮਾਨ ਵਿਦਿਆਰਥੀ ਸੀ ਮੇਰਾ ਛੋਟਾ ਭਰਾ ਮੁਹੰਮਦ ਸਾਦਿਕ। ਉਹ ਵੀ ਪ੍ਰੀਤਨਗਰ ਤੋਂ ਪੜ੍ਹਿਆ। ਜਦੋਂ ਮੈਂ ਪ੍ਰੀਤਨਗਰ ਦਾਖ਼ਲ ਹੋਇਆ ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਇਸ ਮੁੰਡੇ ਨੂੰ ਉਥੇ ਦਾਖ਼ਲ ਕਰਾ ਕੇ ਚੰਗਾ ਨਹੀਂ ਕੀਤਾ। ਇਹ ਦਹਿਰੀਆ (ਨਾਸਤਕ ਜਾਂ ਰੱਬ ਨੂੰ ਨਾ ਮੰਨਣ ਵਾਲਾ) ਹੋ ਜਾਊ ਪਰ ਸਾਡਾ ਪਰਿਵਾਰ ਪ੍ਰੋਗਰੈਸਿਵ ਖ਼ਿਆਲਾਂ ਦਾ ਸੀ। ਮੇਰੇ ਨਾਨਾ ਚੌਧਰੀ ਚਿਰਾਗ਼ਦੀਨ ਤਾਂ ਉਰਦੂ ਪ੍ਰੀਤਲੜੀ ਵਿਚ ਲਿਖਦੇ ਵੀ ਹੁੰਦੇ ਸਨ।”
“ਅਸੀਂ ਆਪਣੇ ਉਸਤਾਦਾਂ ਨੂੰ ‘ਭਰਾ ਜੀ’ ਕਹਿੰਦੇ ਹੁੰਦੇ ਸਾਂ।” ਉਹ ਹੱਸਦਾ ਹੈ, “ਕੋਈ ਉਸਤਾਦ ਕਿਸੇ ਨੂੰ ਮਾਰਦਾ ਤਾਂ ਬਿਲਕੁਲ ਨਹੀਂ ਸੀ, ਸਭ ਪਿਆਰ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ, ਪਰ ਭਰਾ ਜੀ, ਸਾਡੀ ਓਨਾ ਚਿਰ ਤੱਕ ਜਾਨ ਨਹੀਂ ਸਨ ਛੱਡਦੇ ਜਿੰਨਾ ਚਿਰ ਤੱਕ ਸਾਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਸੀ ਪੈ ਜਾਂਦੀ। ਛੁੱਟੀ ਤੋਂ ਬਾਅਦ ਵੀ ਅਸੀਂ ਜਦੋਂ ਚਾਹੀਏ, ਕਿਸੇ ਵੀ ਭਰਾ ਜੀ ਦੇ ਘਰ ਐਂ ਆ ਜਾ ਸਕਦੇ ਸਾਂ ਜਿਵੇਂ ਆਪਣੇ ਘਰ ਜਾਈਦਾ ਹੈ। ਪ੍ਰੀਤਨਗਰ ਵਰਗੀ ਐਜੂਕੇਸ਼ਨ ਅਤੇ ਮਾਹੌਲ ਮੈਂ ਸਾਰੀ ਦੁਨੀਆਂ ਵਿਚ ਕਿਤੇ ਨਹੀਂ ਵੇਖੇ। ਸਾਡੀ ਸਵੇਰ ਦੀ ਪਰੇਅਰ ਹੁੰਦੀ ਸੀ,
ਜੈ ਜੈ ਜਨਨੀ ਭਾਰਤ ਮਾਂ!
ਕਸ਼ਟ-ਨਿਵਾਰਨੀ ਭਾਰਤ ਮਾਂ!”
“ਤੇ ਜਾਂ ਹੁੰਦੀ ਸੀ ਇਕਬਾਲ ਦੀ ‘ਉਠੋ ਮੇਰੀ ਦੁਨੀਆਂ ਕੇ ਗਰੀਬੋਂ ਕੋ ਜਗਾ ਦੋ।’ ਸ਼ ਗੁਰਬਖ਼ਸ਼ ਸਿੰਘ ਹਫ਼ਤੇ ਵਿਚ ਇੱਕ ਵਾਰ ਸਕੂਲ ਦਾ ਗੇੜਾ ਮਾਰਦੇ। ਉਸਤਾਦਾਂ ਅਤੇ ਤਾਲਬੇ-ਇਲਮਾਂ ਨੂੰ ਬੜੇ ਪਿਆਰ ਨਾਲ ਮਿਲਦੇ। ਸਾਨੂੰ ਲੈਕਚਰ ਵੀ ਦਿੰਦੇ। ਮੈਨੂੰ ਅਜੇ ਵੀ ਯਾਦ ਹੈ, ਉਹ ਸਪੇਸ ਨੂੰ ‘ਵਾਯੂ-ਮੰਡਲ’ ਕਹਿੰਦੇ ਹੁੰਦੇ ਸਨ। ਉਹ ਲਾਗੇ ਦੇ ਮੁਸਲਮਾਨ ਪਿੰਡਾਂ ਵਿਚ ਕਦੇ-ਕਦੇ ਸ਼ਾਮ ਨੂੰ ਜਾਂਦੇ ਅਤੇ ਜਾ ਕੇ ਪਿਆਰ ਦਾ ਦਰਸ ਦਿੰਦੇ। ਉਨ੍ਹਾਂ ਦੀ ਪਤਨੀ, ਜਿਨ੍ਹਾਂ ਨੂੰ ਮਾਤਾ ਜੀ ਕਹਿੰਦੇ ਸਨ, ਸਰੀਰ ਦੀ ਥੋੜ੍ਹੀ ਜਿਹੀ ਭਾਰੀ ਸੀ ਪਰ ਬੜੀ ਬਣਦੀ ਤਣਦੀ, ਸੁਨੱਖੀ ਜ਼ਨਾਨੀ ਸੀ। ਉਨ੍ਹਾਂ ਦੀ ਵੱਡੀ ਧੀ ਉਮਾ, ਬਹੁਤ ਅੱਛਾ ਗਾਉਂਦੀ ਸੀ, ਨਵਤੇਜ ਹਾਕੀ ਦਾ ਬੜਾ ਵਧੀਆ ਖਿਡਾਰੀ ਸੀ। ਸਕੂਲ ਦੀ ਇਮਾਰਤ ਦੇ ਸਾਹਮਣੇ ਸੜਕੋਂ ਪਾਰ ਸੁੱਕਾ ਤਲਾਬ ਸੀ, ਚੁਗੱਤਿਆਂ ਦੇ ਵੇਲੇ ਦਾ। ਇੱਥੇ ਅਸੀਂ ਡਰਾਮੇ ਵੇਖਦੇ ਸਾਂ। ਇਥੇ ਹੀ ਡਰਾਮਿਆਂ ਵਿਚ ਪਹਿਲੀ ਵਾਰ ਔਰਤਾਂ ਦਾ ਕਿਰਦਾਰ ਔਰਤਾਂ ਨੇ ਕੀਤਾ। ਇਸ ਤਲਾਅ ਦੇ ਕੰਢੇ ਤੋਂ ਅੰਬਰਸਰ ਨੂੰ ਜਾਣ ਵਾਲੀ ਮੋਟਰ ਚੱਲਦੀ ਹੁੰਦੀ ਸੀ।”
“ਆਪਣੀਆਂ ਈ ਗੱਲਾਂ ਸੁਣਾਈ ਜਾਂਦੇ ਓ। ਇਹ ਵੀ ਦੱਸੋ ਕਿ ਮੇਰੇ ਦਾਦਾ ਜੀ ਵੀ ਅੰਬਰਸਰ ਮਹਾਂ ਸਿੰਘ ਗੇਟ ਅੰਦਰ ਰਹਿੰਦੇ ਸਨ।” ਮੇਜ਼ ਦੇ ਪਰਲੇ ਪਾਰ ਸਾਹਮਣੇ ਬੈਠੀ ਉਹਦੀ ਦੂਜੇ ਵਿਆਹ ਦੀ ਖ਼ੂਬਸੂਰਤ ਜਵਾਨ ਪਤਨੀ ਜਿਹੜੀ ਲਾਹੌਰ ਦੇ ਗੌਰਮਿੰਟ ਕਾਲਜ ਵਿਚ ਸਾਈਕਲੋਜੀ ਦੀ ਪ੍ਰੋਫ਼ੈਸਰ ਸੀ, ਨੇ ਮੁਸਕਰਾ ਕੇ ਲਾਡ ਨਾਲ ਆਖਿਆ ਤਾਂ ਸਰਦਾਰ ਅਹਿਮਦ ਉਹਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਕੇ ਕਹਿੰਦਾ, “ਉਹ ਵੀ ਦੱਸਦਾਂ, ਉਹ ਵੀ ਦੱਸਦਾਂ। ਪਹਿਲਾਂ ਮੇਰੀ ਗੱਲ ਤਾਂ ਮੁੱਕ ਲੈਣ ਦੇ।”
ਉਹਦੀ ਬੇਗ਼ਮ ਦੀ ਵੱਖੀ ਨਾਲ ਬੈਠੀ ਉਨ੍ਹਾਂ ਦੀ ਸੋਲਾਂ-ਸਤਾਰਾਂ ਸਾਲਾਂ ਦੀ ਜਵਾਨ ਬੇਟੀ ਨੇ ਮੁਸਕਰਾ ਕੇ ਪਿਤਾ ਨੂੰ ਟਕੋਰ ਕੀਤੀ, “ਤੁਹਾਡੀ ਗੱਲ ਨਾ ਹੁਣ ਸ਼ਾਮ ਤੱਕ ਮੁੱਕੀ!” ਨੇੜੇ ਹੀ ਉਹਦਾ ਛੋਟਾ ਭਰਾ ਵੀ ਬੈਠਾ ਮੁਸਕੜੀਏਂ ਹੱਸ ਰਿਹਾ ਸੀ।
ਬੈਰੇ ਟੇਬਲਾਂ ਉਤੇ ਪਈਆਂ ਜੂਠੀਆਂ ਪਲੇਟਾਂ ਚੁੱਕ ਰਹੇ ਸਨ। ਅੱਗੇ ਪਿੱਛੇ ਹੋ ਰਹੇ ਬੈਰਿਆਂ ਦੀ ਹਾਜ਼ਰੀ ਦਾ ਲਾਭ ਲੈਂਦਿਆਂ ਸਰਦਾਰ ਅਹਿਮਦ ਨੇ ਹੌਲੀ ਜਿਹੀ ਮੇਰੇ ਕੰਨ ਵਿਚ ਕਿਹਾ, “ਮੈਂ ਇਸ ਵੇਲੇ 77 ਸਾਲ ਦਾ ਹਾਂ। ਇਹ ਮੇਰੀ ਦੂਜੀ ਬੀਵੀ ਹੈ। ਮੈਥੋਂ ਕਈ ਸਾਲ ਛੋਟੀ। ਮੈਂ ਵੇਖੋ ਅਜੇ ਵੀ ਕਾਇਮ ਹਾਂ।” ਉਹਦੀ ਦਿੱਖ ਤੋਂ ਅਜਿਹਾ ਹੀ ਲੱਗਦਾ ਸੀ। ਫਿਰ ਵੀ ਮੈਂ ਮਨ ਹੀ ਮਨ ਹਿਸਾਬ ਲਾ ਕੇ ਵੇਖਿਆ। ਦੋਹਾਂ ਦੀ ਉਮਰ ਦਾ ਫ਼ਰਕ ਘੱਟੋ ਘੱਟ 20-25 ਸਾਲ ਦਾ ਹੋਵੇਗਾ।
ਖਾਣਾ ਖ਼ਤਮ ਹੋ ਗਿਆ ਸੀ ਪਰ ਸਰਦਾਰ ਅਹਿਮਦ ਦਿਲ ਫੋਲਣ ਦਾ ਹੱਥ ਆਇਆ ਮੌਕਾ ਗਵਾਉਣਾ ਨਹੀਂ ਸੀ ਚਾਹੁੰਦਾ। ਉਹ ਹੁਣ ਸਭ ਨੂੰ ਨੇੜੇ ਹੀ ਆਪਣੇ ਪਹਿਲੇ ਵਿਆਹ ਦੇ ਡਾਕਟਰ ਪੁੱਤਰਾਂ ਦੀਆਂ ਅਲੱਗ ਅਲੱਗ ਬਣੀਆਂ ਆਲੀਸ਼ਾਨ ਕੋਠੀਆਂ ਵੀ ਵਿਖਾਉਣਾ ਚਾਹੁੰਦਾ ਸੀ ਅਤੇ ਉਥੋਂ ਹੀ ਚਾਹ ਪਿਆ ਕੇ ਵਿਦਾ ਕਰਨ ਦਾ ਇੱਛੁਕ ਸੀ। ਰਾਤ ਅਸੀਂ ਚੌਧਰੀ ਅਸ਼ਰਫ਼ ਦੇ ਮਹਿਮਾਨ ਸਾਂ।
ਅਸੀਂ ਉਹਦੇ ਇੱਕ ਡਾਕਟਰ ਪੁੱਤ ਦੇ ਘਰ ਗਏ। ਦੂਜੀ ਕੋਠੀ ਵੀ ਨਾਲ ਹੀ ਜੁੜਵੀਂ ਸੀ। ਉਹਦੀਆਂ ਨੂੰਹਾਂ ਅਤੇ ਪੋਤਰੇ ਪੋਤਰੀਆਂ ਇਕੱਠੇ ਹੋ ਗਏ। ਨੂੰਹਾਂ ਆਪਣੀ ਹਮ ਉਮਰ ਸੱਸ ਨੂੰ ਬੜੇ ਚਾਅ ਨਾਲ ਮਿਲੀਆਂ। ਸਾਰਾ ਪਰਿਵਾਰ ਰਲ ਕੇ ਬੈਠਾ ਸੀ। ਕਿਸੇ ਕਿਸਮ ਦੀ ਕੋਈ ਪਰਦਾਦਾਰੀ ਨਹੀਂ ਸੀ। ਜਿਵੇਂ ਇੱਕੋ ਪਰਿਵਾਰ ਦੇ ਜੀਅ ਮਿਲ ਬੈਠੇ ਹੋਈਏ।
ਸਰਦਾਰ ਅਹਿਮਦ ਦੇ ਹੋਠਾਂ ‘ਚੋਂ ਬੋਲ ਕਿਰ ਕਿਰ ਪੈ ਰਹੇ ਸਨ। “ਮੈਂ ਅੰਬਰਸਰ ਦੀ ਗਲੀ ਗਲੀ ਦਾ ਵਾਕਿਫ਼ ਸਾਂ। ਕੰਪਨੀ ਬਾਗ਼ ਵਿਚ ਅਸੀਂ ਸੈਰ ਕਰਿਆ ਕਰਦੇ। ਹਾਲ ਬਾਜ਼ਾਰ ਵਿਚ ਘੁੰਮਦੇ। ਇੱਕ ਦਿਨ ਮੈਂ ਅੰਬਰਸਰ ਵਿਚ ਸਾਂ; ਕਟੜਾਂ ਮਹਾਂ ਸਿੰਘ, ਚਾਹ ਮਹਿਰ ਖੀਵਾ, ਨਜ਼ਦੀਕ ਜ਼ਨਾਨਾ ਹਸਪਤਾਲ। ਉਥੋਂ ਮੈਂ ਤੁਰਦਾ ਤੁਰਦਾ ਹਾਲ ਬਾਜ਼ਾਰ ਗਿਆ। ਮੇਰੀਆਂ ਅੱਖਾਂ ਸਾਹਮਣੇ ਇੱਕ ਮੁਸਲਮਾਨ ਨੇ ਹੱਥ ਵਿਚ ਫੜਿਆ ਮੋਟਾ ਸਾਰਾ ਗੰਨਾ ਇੱਕ ਸਰਦਾਰ ਦੇ ਗੁੱਟ ‘ਤੇ ਮਾਰ ਕੇ ਉਹਦੀ ਤਲਵਾਰ ਖੋਹ ਕੇ ਉਹਨੂੰ ਕਤਲ ਕਰ ਦਿੱਤਾ। ਉਸ ਤੋਂ ਕਟੜਾ ਜੈਮਲ ਸਿੰਘ ਵਿਚ ਲੜਾਈ ਹੋਈ। ਫਿਰ ਤਾਂ ਚੱਲ ਸੋ ਚੱਲ। ਹਵਾ ਵਿਚ ਜਿਵੇਂ ਜ਼ਹਿਰ ਹੀ ਘੁਲ ਗਿਆ। ਮੁਸਲਮਾਨ ਛੁਰੇ ਮਾਰਦੇ ਅਤੇ ਸਿੱਖ ਤਲਵਾਰਾਂ ਵਰਤਦੇ। ਤੁਰਦੀ ਹੋਈ ਅੱਗ ਪਿੰਡਾਂ ਵਿਚ ਵੀ ਪਹੁੰਚ ਗਈ।”
ਮੇਰੇ ਆਖਣ ‘ਤੇ ਉਹ ਆਪਣੇ ਵੈਰੋਕਿਆਂ ਤੋਂ ਉਜੜਨ ਦੀ ਖਿੱਲਰੀ ਕਹਾਣੀ ਨੂੰ ਤਰਤੀਬ ਦੇਣ ਦੀ ਕੋਸ਼ਿਸ਼ ਕਰਦਾ ਹੈ।
“ਕੁਝ ਦਿਨ ਪਹਿਲਾਂ ਦਰਿਆਓਂ ਪਾਰ ਲਹਿੰਦੇ ਬਾਬੁਕ ਵਾਲੀਆਂ ਦਾ ਘਰ ਸੜਿਆ। ਉਨ੍ਹਾਂ ਇਸ਼ਤਿਆਲ ਮਚਾਇਆ। ਸਾਨੂੰ ਪਤਾ ਲੱਗਾ ਕਿ ਸਵੇਰੇ ਦਸ ਵਜੇ ਹਮਲਾ ਹੋਣਾ ਹੈ। ਮੇਰਾ ਖਾਲੂ ਚੱਕ ਮਿਸ਼ਰੀ ਖਾਂ ਦਾ ਨੰਬਰਦਾਰ ਸੀ। ਉਹਨੂੰ ਭੱਜ ਕੇ ਹਮਲਾ ਹੋਣ ਦੀ ਖ਼ਬਰ ਦੱਸੀ ਤਾਂ ਉਹ ਕਹਿੰਦਾ, “ਹੱਦ ਹੋ ਗਈ ਯਾਰ! ਸਾਰੇ ਸਿੱਖ ਇਸ ਇਲਾਕੇ ਦੇ ਆਪਣੇ ਯਾਰ ਨੇ। ਸਾਡੇ ਭਰਾ ਨੇ, ਸਾਨੂੰ ਕਿਸੇ ਨੇ ਕੀ ਕਹਿਣਾ?” ਪਾਕਿਸਤਾਨ ਤਾਂ ਬਣ ਗਿਆ ਸੀ ਪਰ ਸਾਡੀ ਕਿਸਮਤ ਦਾ ਫ਼ੈਸਲਾ ਅਜੇ ਹੋਣਾ ਸੀ। ਰੈਡ ਕਲਿੱਫ਼ ਮਿਸ਼ਨ ਨੇ 18 ਨੂੰ ਆਪਣਾ ਫ਼ੈਸਲਾ ਸੁਣਾਉਣਾ ਸੀ ਜਿਸ ਤੋਂ ਪਤਾ ਲੱਗਣਾ ਸੀ ਕਿ ਸਾਡਾ ਇਲਾਕਾ ਪਾਕਿਸਤਾਨ ਵਿਚ ਆਇਆ ਹੈ ਜਾਂ ਹਿੰਦੁਸਤਾਨ ਵਿਚ। ਸਾਨੂੰ ਸ਼ ਗੁਰਬਖ਼ਸ਼ ਸਿੰਘ ਦਾ ਬੜਾ ਆਸਰਾ ਸੀ। ਆਪਣੇ ਪਿੰਡ ਦੇ ਚਾਰ ਜਣੇ ਅਸੀਂ ਉਸ ਵੇਲੇ ਸ਼ ਗੁਰਬਖ਼ਸ਼ ਸਿੰਘ ਦੇ ਘਰ ਬੈਠੇ ਹੋਏ ਸਾਂ। ਉਨ੍ਹਾਂ ਦੇ ਘਰ ਹੀ ਸਾਂ ਕਿ ਰੈਡ ਕਲਿੱਫ਼ ਕਮਿਸ਼ਨ ਨੇ ਸਾਡੀ ਕਿਸਮਤ ਦਾ ਫ਼ੈਸਲਾ ਰੇਡੀਓ ਉਤੇ ਸੁਣਾ ਦਿੱਤਾ। ਗੁਰਬਖ਼ਸ਼ ਸਿੰਘ ਦੇ ਘਰ ਹੀ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਲੋਪੋਕੇ ਬਹੁਤ ਸਾਰੇ ਸਿੱਖ ਇਕੱਠੇ ਹੋ ਰਹੇ ਨੇ ਹਮਲਾ ਕਰਨ ਲਈ। ਗੁਰਬਖ਼ਸ਼ ਸਿੰਘ ਨੇ ਮੈਨੂੰ ਕਿਹਾ ਕਿ ਫ਼ਟਾ ਫ਼ਟ ਪਿੰਡ ਨੂੰ ਦੌੜ ਜਾਹ ਤੇ ਆਪਣੇ ਅੱਬੂ ਨੂੰ ਕਹਿ ਕਿ ਘਰ ਛੱਡ ਜਾਣ। ਅਸੀਂ ਮਾਰਦੇ ਛਾਲਾਂ ਪਿੰਡ ਨੂੰ ਆ ਗਏ। ਸੋਚਿਆ ਕਿ ਆਹ ਤਾਂ ਵਾਹਗਾ ਹੈ, ਆਪਾਂ ਹੁਣੇ ਟੱਪ ਜਾਣਾ ਹੈ।”
“ਮੈਨੂੰ ਅਜੇ ਵੀ ਯਾਦ ਹੈ, ਮੇਰੀ ਮਾਂ ਰੋਟੀਆਂ ਪਕਾ ਰਹੀ ਸੀ। ਨਾਨਾ ਹੁਣੇ ਮੱਝ ਚੋਅ ਕੇ ਲਿਆਇਆ ਸੀ ਤੇ ਉਹਨੇ ਦੁੱਧ ਵਾਲੀ ਬਾਲਟੀ ਚੌਂਤਰੇ ਵਿਚ ਰੱਖੀ ਸੀ। ਮੈਂ ਤਾਜ਼ੇ ਦੁੱਧ ਦਾ ਇੱਕ ਗਿਲਾਸ ਭਰ ਕੇ ਪੀਤਾ ਤੇ ਮਾਂ ਨੂੰ ਕਿਹਾ ਕਿ ਰੋਟੀਆਂ ਪਕਾਉਣੀਆਂ ਛੱਡੋ ਤੇ ਭੱਜਣ ਦੀ ਤਿਆਰੀ ਕਰੋ। ਕਾਹਲੀ ਅਤੇ ਘਬਰਹਾਟ ਵਿਚ ਘਰ ਦੇ ਸਾਰੇ ਜੀਅ ਪਿੰਡ ਛੱਡਣ ਨੂੰ ਤਿਆਰ ਹੋ ਗਏ। 1700 ਰੁਪਈਆ ਕੋਲ ਸੀ। ਉਹ ਅਸੀਂ ਲੱਕਾਂ ਨਾਲ ਬੰਨ੍ਹ ਲਿਆ। ਚਾਰ ਮੱਝਾਂ ਸਨ ਸਾਡੇ ਕੋਲ। ਉਨ੍ਹਾਂ ਦੇ ਸੰਗਲ ਲਪੇਟ ਦਿੱਤੇ ਅਤੇ ਅੱਲਾ ਦੇ ਹਵਾਲੇ ਕਰ ਦਿੱਤੀਆਂ। ਬਾਹਰ ਆ ਕੇ ਗਵਾਂਢੀ ਲੱਖਾ ਸਿੰਘ ਤਰਖਾਣ ਨੂੰ ਕਿਹਾ, “ਲੈ ਇਹ ਘਰ-ਬਾਰ ਹੁਣ ਤੇਰੇ ਹਵਾਲੇ।” ਦੋ ਕੋਠੇ ਕਣਕ ਨਾਲ ਭਰੇ ਸਨ। ਮਨ ਵਿਚ ਇਹ ਵੀ ਸੀ ਕਿ ਸ਼ਾਇਦ ਵਾਪਸ ਵੀ ਆ ਹੀ ਜਾਈਏ। ਭੀਲੋਵਾਲ ਦੇ ਕੱਲਰਾਂ ‘ਚ ਅਸੀਂ ਵੱਡੀ ਗਿਣਤੀ ‘ਚ ਇੱਕਠੇ ਹੋ ਗਏ। ਸਾਡੇ ਕੋਲ ਪੱਕੀ ਬੰਦੂਕ ਸੀ। ਰਾਣੀਆਂ ਕੋਲ ਹੇਤਮ ਦੇ ਕਿਲੇ ਕੋਲ ਪੁੱਜੇ ਤਾਂ ਸਾਡੇ ਉਤੇ ਹਮਲਾ ਹੋ ਗਿਆ। ਇੱਕ ਸਿੱਖ ਬਰਛੀ ਲੈ ਕੇ ਮੇਰੇ ਪਿੱਛੇ ਦੌੜਿਆ, ਅੱਗੇ ਮੱਝਾਂ ਚਰ ਰਹੀਆਂ ਸਨ। ਮੈਂ ਮੱਝਾਂ ਵਿਚ ਵੜ ਗਿਆ ਤੇ ਉਨ੍ਹਾਂ ਵਿਚੋਂ ਰਾਹ ਬਣਾ ਕੇ ਭੱਜਿਆ। ਮੈਂ ਲੰਘਿਆ ਤਾਂ ਮੱਝਾਂ ਆਪਸ ਵਿਚ ਜੁੜ ਗਈਆਂ ਅਤੇ ਉਨ੍ਹਾਂ ਨੇ ਅੱਲਾ ਪਾਕ ਦੇ ਹੁਕਮ ਮੁਤਾਬਕ ਉਸ ਬਰਛੀ ਵਾਲੇ ਦਾ ਰਾਹ ਰੋਕ ਦਿੱਤਾ। ਮੈਂ ਬਚ ਕੇ ਅੱਗੇ ਨਿਕਲ ਗਿਆ। ਓਦਣ ਜੁੰਮੇ ਦਾ ਦਿਨ ਸੀ।”
“ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਪਾਰ ਆ ਗਏ। ਡਰ, ਭੁੱਖ ਅਤੇ ਪਿਆਸ ਅੰਤਾਂ ਦੀ। ਮਰਲ ਮਾੜੀ ਇੱਕ ਬੀਬੀ ਰੋਟੀਆਂ ਲਾਉਂਦੀ ਸੀ ਤੰਦੂਰ ਉਤੇ। ਉਸ ਨੇ ਤੰਦੂਰ ਦੀ ਪੱਕੀ ਰੋਟੀ ਅਚਾਰ ਨਾਲ ਦਿੱਤੀ। ਉਸ ਰੋਟੀ ਦਾ ਜੋ ਸਵਾਦ ਆਇਆ, ਉਹ ਅੱਜ ਤੱਕ ਨਹੀਂ ਭੁੱਲਾ। ਈਚੋਗਿਲ ਅਜੇ ਤੱਕ ਸਿੱਖ ਬੈਠੇ ਹੋਏ ਸਨ। ਅਸੀਂ ਇੱਥੋਂ ਉਨ੍ਹਾਂ ਨੂੰ ਭਜਾਇਆ, ਪਰ ਆਪਣੀ ਬੰਦੂਕ ਨਾ ਚਲਾਈ। ਅਸੀਂ ਸਿੱਖਾਂ ਤੋਂ ਖਾਲੀ ਕਰਾਏ ਉਨ੍ਹਾਂ ਘਰਾਂ ਵਿਚ ਬਹਿ ਗਏ। ਇੱਥੇ ਅਸੀਂ ਸਾਰੇ ਟੱਬਰ ਨੇ ਚੌਲ ਬਣਾ ਕੇ ਖਾਧੇ। ਡੇਢ ਮਹੀਨਾ ਸਾਰੇ ਜੀਅ ਭੁੰਜੇ ਸੌਂਦੇ ਰਹੇ, ਫ਼ਿਰ ਇੱਥੇ ਆ ਕੇ ਬਾਗ਼ਬਾਨ ਪੁਰੇ ਲਾਹੌਰ ਸੈਟ ਹੋ ਗਏ।”
“ਮੈਂ ਛੇ ਮਹੀਨੇ ਨਹੀਂ ਸੁੱਤਾ। ਹਰ ਵੇਲੇ ਪਿੰਡ ਦੀਆਂ ਗਲੀਆਂ ਵਿਚ ਫਿਰਦਾ ਰਹਿੰਦਾ। ਕੱਲਰਾਂ ਵਿਚ ਯਾਰਾਂ ਨਾਲ ਹਾਕੀ ਖੇਡਦਾ ਰਹਿੰਦਾ। ਸਾਈਕਲ ‘ਤੇ ਚੜ੍ਹ ਕੇ ਕਦੀ ਅੰਬਰਸਰ ਦੇ ਬਾਜ਼ਾਰਾਂ ਵਿਚ ਫਿਰਦਾ ਅਤੇ ਕਦੀ ਅਜਨਾਲੇ ਦੇ ਸਕੂਲ ਵਿਚ ਮਾਸਟਰ ਦੇ ਕਹਿਣ ‘ਤੇ ਮੁੰਡਿਆਂ ਦਾ ਨੱਕ ਫੜ ਕੇ ਚਪੇੜਾਂ ਮਾਰਦਾ। ਹੁਣ ਆਪ ਦੇ ਐਸੀ ਚਪੇੜ ਵੱਜੀ ਸੀ ਕਿ ਹਰ ਵੇਲੇ ਆਪਣੀਆਂ ਦੁਖਦੀਆਂ ਗੱਲ੍ਹਾਂ ਪਲੋਸਦਾ ਰਹਿੰਦਾ। ਪਿਛਲੇ ਸੱਠ ਸਾਲਾਂ ਤੋਂ ਇਹ ਪੀੜ ਮੇਰੇ ਅੰਦਰ ਮੱਚ ਰਹੀ ਹੈ। ਗੱਲਾਂ ਕਰ ਰਿਹਾਂ ਤਾਂ ਲੱਗਦਾ ਹੈ ਜਿਵੇਂ ਪੀੜ ਦਾ ਸੇਕ ਘਟ ਰਿਹਾ ਹੈ।”
ਤੇ ਫ਼ਿਰ ਉਹਨੇ ਜਿਹੜਾ ਬਿਰਤਾਂਤ ਛੋਹਿਆ, ਉਹ ਮੈਨੂੰ ਬੜਾ ਜਾਣਿਆਂ ਪਛਾਣਿਆਂ ਲੱਗਾ। ਉਹ ਦੱਸ ਰਿਹਾ ਸੀ, “ਮੇਰੀ ਸਕੀ ਮਾਸੀ ਸਰਦਾਰ ਬੀਬੀ ਤੇ ਮਾਸੜ ਚੌਧਰੀ ਇਬਰਾਹੀਮ ਨੇੜਲੇ ਪਿੰਡ ਚੱਕ ਮਿਸ਼ਰੀ ਖਾਂ ਰਹਿੰਦੇ ਸਨ। ਇਹ ਉਹੋ ਚੌਧਰੀ ਇਬਰਾਹਿਮ ਸੀ ਜਿਹੜਾ ਕਹਿੰਦਾ ਸੀ ਕਿ ਸਾਰੇ ਸਿੱਖ ਸਾਡੇ ਯਾਰ ਨੇ, ਭਰਾ ਨੇ ਪਰ ਜਦੋਂ ਰਾਤੋ ਰਾਤ ਅਗਲਿਆਂ ਥਾਣੇਦਾਰ ਸਿਕੰਦਰ ਹਯਾਤ ਦੀ ਵਰਦੀ ਲੁਹਾ ਕੇ ਉਹਨੂੰ ਭਜਾ ਦਿੱਤਾ ਅਤੇ ਸਿੱਖ ਪੁਲਿਸ ਆ ਗਈ ਤਾਂ ਹਮਲਾ ਹੋਣਾ ਪੱਕ ਹੋ ਗਿਆ। ਸ਼ ਗੁਰਬਖ਼ਸ਼ ਸਿੰਘ ਵੱਲੋਂ ਪਹਿਲਾਂ ਤਾਂ ਸਭ ਨੂੰ ਬੜਾ ਹੌਸਲਾ ਦਿੱਤਾ ਜਾਂਦਾ ਰਿਹਾ ਅਤੇ ਉਹਨੇ ਇਹ ਵੀ ਕਿਹਾ ਹੋਇਆ ਸੀ ਕਿ ਜੇ ਤੁਹਾਨੂੰ ਇਤਬਾਰ ਨਹੀਂ ਆਉਂਦਾ ਤਾਂ ਮੈਂ ਆਪਣੇ ਬੱਚੇ ਤੁਹਾਡੇ ਘਰ ਸੁਆਉਣ ਲਈ ਤਿਆਰ ਹਾਂ ਪਰ ਜਦੋਂ ਨਵੇਂ ਬਣੇ ਪਾਕਿਸਤਾਨ ਵਿਚੋਂ ਉਜੜ ਕੇ ਆਏ ਲੋਕਾਂ ਨੇ ਜਥੇ ਬਣਾ ਕੇ ਲੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਰਦਾਰ ਹੁਰਾਂ ਵੀ ਆਪਣੀ ਬੇਵੱਸੀ ਜ਼ਾਹਿਰ ਕਰ ਦਿੱਤੀ। ਉਹ ਕਰ ਵੀ ਕੀ ਸਕਦੇ ਸਨ!”
“ਜਦੋਂ ਹਮਲਾ ਹੋਇਆ ਤਾਂ ਮੇਰੀ ਮਾਸੀ ਤੇ ਮਾਸੜ ਆਪਣੇ ਅੱਠਾਂ ਮਹੀਨਿਆਂ ਦੇ ਪੁੱਤ ਨੂੰ ਲੈ ਕੇ ਘਰੋਂ ਦੌੜ ਪਏ। ਹਮਲਾਵਰ ਉਨ੍ਹਾਂ ਦੀ ਹਵੇਲੀ ਵਿਚ ਉਨ੍ਹਾਂ ਨੂੰ ਲੱਭਦੇ ਫਿਰਦੇ ਸਨ। ਉਹ ਘਰ ਦੇ ਪਿਛਵਾੜੇ ਫ਼ਸਲਾਂ ਵਿਚ ਲੁਕ ਗਏ। ਅੱਠ ਮਹੀਨੇ ਦਾ ਮੁੰਡਾ ਮੁਹੰਮਦ ਨਵਾਜ਼ ਰੋਈ ਜਾਵੇ, ਉਹਦਾ ਰੋਣਾ ਮੌਤ ਨੂੰ ਸੱਦਾ ਦਿੰਦਾ ਪਿਆ ਸੀ। ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੇ ਮਿਰਚਾਂ ਦੇ ਖੇਤ ਵਿਚ ਇੱਕ ਵੱਟ ਉਤੇ ਆਪਣੇ ਅੱਠ ਮਹੀਨੇ ਦਾ ਪੁੱਤ ਲਿਟਾ ਦਿੱਤਾ ਅਤੇ ਆਪ ਬਚਦੇ ਬਚਾਉਂਦੇ ਦਰਿਆ ਪਾਰ ਕਰ ਕੇ ਲਾਹੌਰ ਮੇਰੇ ਮਾਮੂ ਐਮæਆਰæ ਸ਼ਰੀਫ਼ ਦੇ ਘਰ ਪਹੁੰਚ ਗਏ। ਉਹ ਕਹਿੰਦੇ ਹੁੰਦੇ ਨੇ ਨਾ ਕਿ ਆਪਣੀ ਜਾਨ ਬਚਾਉਣ ਲਈ ਮਾਂਵਾਂ ਨੇ ਉਦੋਂ ਪੁੱਤ ਨਹੀਂ ਸਨ ਸੰਭਾਲੇ। ਇਹਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ!”
ਉਹਦੀ ਗੱਲ ਸੁਣ ਕੇ ਮੈਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ‘ਮੁਬੀਨਾ ਕਿ ਸੁਕੀਨਾ’ ਦਾ ਦ੍ਰਿਸ਼ ਯਾਦ ਹੋ ਆਇਆ ਜਿਸ ਵਿਚ ਇੰਜ ਹੀ ਇੱਕ ਮੁਸਲਮਾਨ ਜੋੜਾ ਆਪਣੀ ਅੱਠ-ਨੌ ਮਹੀਨੇ ਦੀ ਬੱਚੀ ਨੂੰ ਖੇਤਾਂ ਵਿਚ ਛੱਡ ਕੇ ਦੌੜ ਗਿਆ ਸੀ। ਪਿੱਛੋਂ ਇਹ ਰੋਂਦੀ ਹੋਈ ਬੱਚੀ ਬੇਔਲਾਦ ਚੰਗੜ੍ਹ ਦੀ ਨਜ਼ਰੀਂ ਪੈ ਗਈ। ਉਹ ਉਹਨੂੰ ਚੁੱਕ ਕੇ ਘਰ ਲੈ ਆਇਆ ਜਿਸ ਨੂੰ ਚੰਗੜ੍ਹੀ ਨੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਉਹਨੂੰ ਉਹ ਆਪਣੀ ਧੀ ਬਣਾ ਕੇ ਪਾਕਿਸਤਾਨ ਲੈ ਆਏ। ਕਹਾਣੀ ਦੇ ਪਾਤਰ ਕਿਤੇ ਉਹਦੇ ਮਾਸੀ ਤੇ ਮਾਸੜ ਹੀ ਤਾਂ ਨਹੀਂ ਸਨ!
ਸਰਦਾਰ ਅਹਿਮਦ ਦੱਸ ਰਿਹਾ ਸੀ, “ਮਾਸੀ ਆਪਣੇ ਪੁੱਤ ਨੂੰ ਛੱਡ ਤਾਂ ਆਈ ਤੇ ਆਪਣੀ ਜਾਨ ਵੀ ਬਚਾ ਲਿਆਈ ਪਰ ਹੁਣ ਹਰ ਵੇਲੇ ਧਾਹਾਂ ਮਾਰਿਆ ਕਰੇ, ਦੁਹੱਥੜੀਂ ਪਿੱਟਿਆ ਕਰੇ। ਵਿਰਲਾਪ ਕਰੇ ਤੇ ਵਾਰ-ਵਾਰ ਆਪਣੇ ਪੁੱਤ ਦਾ ਨਾਮ ਲੈ ਲੈ ਕੇ ਕੀਰਨੇ ਪਾਵੇ। ਉਹਨੂੰ ਗਸ਼ਾਂ ਪੈ-ਪੈ ਜਾਣ। ਉਹਦੇ ਦੁੱਖ ਵੱਲ ਵੇਖ ਕੇ ਕੰਧਾਂ ਵੀ ਰੋਂਦੀਆਂ ਲੱਗਦੀਆਂ। ਆਪਣੇ ਵਾਲ ਖੋਂਹਦੀ ਉਹ ਆਖਦੀ, “ਮੈਂ ਪੁੱਤ ਨਾਲੋਂ ਜਾਨ ਪਿਆਰੀ ਕਿਉਂ ਕਰ ਲਈ! ਯਾ ਅੱਲਾ, ਮੈਂ ਉਥੇ ਮਰ ਕਿਓਂ ਨਾ ਗਈ! ਮੈਂ ਮਾਂ ਨਹੀਂ, ਡੈਣ ਆਂ। ਡੈਣ ਆਂ ਮੈਂ, ਮਾਂ ਨਹੀਂ। ਵੇ ਜਾਓ, ਮੇਰਾ ਲਾਲ ਲੱਭ ਕੇ ਲਿਆ ਦਿਓ ਕਿਤਿਓਂ!” ਉਹ ਛਾਤੀ ‘ਤੇ ਹੱਥ ਮਾਰਦੀ, ਸਿਰ ਦੇ ਵਾਲ ਖੋਂਹਦੀ।”
ਗੁਰਬਖ਼ਸ਼ ਸਿੰਘ ਦੀ ਕਹਾਣੀ ਵਿਚ ਵੀ ਮਾਂ ਕੁੱਝ ਇਸ ਤਰ੍ਹਾਂ ਹੀ ਆਖਦੀ ਹੈ, “ਮਾਂ ਨਹੀਂ, ਮੈਂ ਡੈਣ ਹਾਂ-ਮਤੇ ਰੋ ਪਏ-ਮਾਰੇ ਜਾਈਏ-ਮੈਂ ਜਿਉਂਦੀ ਨੂੰ ਸੁੱਟ ਆਈ-ਗਿੱਦੜ ਖਾ ਗਏ ਹੋਣਗੇ-ਘੋੜੀਆਂ ਦੇ ਪੈਰਾਂ ਹੇਠਾਂ ਨਿੱਕੇ ਨਿੱਕੇ ਖ਼ੁਸ਼ਬੂਦਾਰ ਹੱਥ ਚਿੱਥੇ ਗਏ ਹੋਣਗੇ-ਉਹ ਭੁੱਖੀ ਮਰ ਗਈ ਹੋਵੇਗੀ-ਉਹਨੂੰ ਕਿਸ ਦਫ਼ਨਾਇਆ ਹੋਣਾ ਏਂ!”
“ਮਾਸੜ ਸਾਡਾ ਕਮਲਿਆਂ ਵਾਂਗ ਡੌਰ ਭੌਰ ਹੋਇਆ ਚਾਰ ਚੁਫ਼ੇਰੇ ਖ਼ਿਲਾਅ ਵਿਚ ਵੇਖੀ ਜਾਂਦਾ। ਕਦੀ ਕਦੀ ਸਿਰ ਮਾਰ ਕੇ ਆਖਦਾ, ‘ਕੀ ਖੱਟ ਲਿਆ ਆਪਣੀ ਜਾਨ ਬਚਾ ਕੇ! ਹੁਣ ਤਾਂ ਰੋਜ਼ ਮਰਨਾ ਹੈ। ਹਰ ਪਲ ਆਪ, ਆਪਣੀਆਂ ਅੱਖਾਂ ਦੇ ਸਾਹਮਣੇ!’ ਸਾਥੋਂ ਉਨ੍ਹਾਂ ਦਾ ਦੁੱਖ ਵੇਖਿਆ ਨਾ ਜਾਂਦਾ। ਅਸੀਂ ਸੋਚਿਆ ਇੱਕ ਕੋਸ਼ਿਸ਼ ਤਾਂ ਕਰ ਕੇ ਵੇਖੀਏ, ਭਾਵੇਂ ਸਾਡੇ ਮਨ ਨੂੰ ਪਤਾ ਸੀ ਕਿ ਇਸ ਕੰਮ ਵਿਚ ਸੌ ਫ਼ੀਸਦੀ ਨਾਉਮੀਦੀ ਹੀ ਹੱਥ ਲੱਗਣੀ ਹੈ। ਫਿਰ ਵੀ ਅਸੀਂ ਪੁੱਛਦੇ ਪੁਛਾਉਂਦੇ, ਇੱਧਰੋਂ ਉਧਰੋਂ ਇੱਕ ਪਿੰਡ ਤੋਂ ਦੂਜੇ ਪਿੰਡ ਹੁੰਦੇ ਹੋਏ ਬਾਰਡਰ ਤੱਕ ਗਏ। ਉਧਰੋਂ ਆਉਣ ਵਾਲੇ ਪਰਿਵਾਰਾਂ ਨੂੰ ਲੱਭ ਲੱਭ ਕੇ ਮਿਲੇ। ਕੁੱਝ ਵੀ ਪੱਲੇ ਨਾ ਪਿਆ। ਅਸੀਂ ਫੌਜ ਦੀ ਹਿਫ਼ਾਜ਼ਤ ਵਿਚ ਟਰੱਕ ਲੈ ਕੇ ਆਪਣੇ ਪਿੰਡ ਵੀ ਗਏ। ਉਥੋਂ ਇੰਨਾ ਤਾਂ ਪਤਾ ਲੱਗ ਗਿਆ ਕਿ ਜਦੋਂ ਚੱਕ ਮਿਸ਼ਰੀ ਖਾਂ ‘ਤੇ ਹਮਲਾ ਕਰਨ ਵਾਲੇ ਪਿੰਡ ਨੂੰ ਲੁੱਟ ਪੁੱਟ ਕੇ ਚਲੇ ਗਏ ਤਾਂ ਬਚਦੇ ਬਚਾਉਂਦੇ ਇਕ ਚੰਗੜ੍ਹ ਤੇ ਚੰਗੜ੍ਹੀ ਜਦੋਂ ਮਿਰਚਾਂ ਦੀ ਪੈਲੀ ਕੋਲੋਂ ਲੰਘੇ ਤਾਂ ਮਿਰਚਾਂ ਵਿਚ ਪਏ ਮੁੰਡੇ ਦੀ ਰੋਣ ਦੀ ਆਵਾਜ਼ ਉਨ੍ਹਾਂ ਦੇ ਕੰਨੀ ਪਈ। ਰੱਬ ਦੀ ਦਿੱਤੀ ਦਾਤ ਸਮਝ ਕੇ ਚੰਗੜ੍ਹ ਅਤੇ ਚੰਗੜ੍ਹੀ ਨੇ ਉਹਨੂੰ ਚੁੱਕ ਲਿਆ ਸੀ। ਮਾਰਨ ਵਾਲੇ ਨਾਲੋਂ ਰੱਖਣ ਵਾਲੇ ਦੇ ਰਾਹ ਨਿਆਰੇ!”
ਚੰਗੜ੍ਹ ਅਤੇ ਚੰਗੜ੍ਹੀ ਇਹ ਕਹਾਣੀ ਤਾਂ ਐਨ ਗੁਰਬਖ਼ਸ਼ ਸਿੰਘ ਦੀ ਕਹਾਣੀ ਨਾਲ ਮੇਲ ਖਾ ਰਹੀ ਸੀ। ਮੈਂ ਉਹਨੂੰ ਕਿਹਾ, “ਹੋਰ ਵੀ ਦੱਸੋ! ਇਸ ਬਾਰੇ ਤਾਂ ਸ਼ ਗੁਰਬਖ਼ਸ਼ ਸਿੰਘ ਹੁਰਾਂ ਕਹਾਣੀ ਵੀ ਲਿਖੀ ਸੀ ‘ਮੁਬੀਨਾ ਕਿ ਸੁਕੀਨਾ’।”
“ਅੱਛਾ!” ਉਹ ਹੈਰਾਨ ਅਤੇ ਖ਼ੁਸ਼ ਹੋਇਆ।
“ਲਓ ਜੀ, ਹੁਣ ਅਸੀਂ ਚੰਗੜ੍ਹ ਅਤੇ ਚੰਗੜ੍ਹੀ ਦੀ ਤਲਾਸ਼ ਸ਼ੁਰੂ ਕੀਤੀ। ਇਹ ਤਾਂ ਪਤਾ ਲੱਗ ਗਿਆ ਕਿ ਉਹ ਮੁੰਡੇ ਨੂੰ ਚੱਕ ਮਿਸ਼ਰੀ ਖਾਂ ਤੋਂ ਆਪਣੇ ਨਾਲ ਲੈ ਆਏ ਨੇ ਪਰ ਹੁਣ ਉਨ੍ਹਾਂ ਨੂੰ ਲੱਭੀਏ ਕਿਵੇਂ? ਪਤਾ ਨਹੀਂ ਉਹ ਵੀ ਜਿਉਂਦੇ ਪਹੁੰਚੇ ਸਨ ਕਿ ਨਹੀਂ! ਜੇ ਬਚ ਵੀ ਗਏ ਹੋਏ ਤਾਂ ਪਤਾ ਨਹੀਂ ਕਿੱਥੇ ਹੋਣਗੇ? ਕਿਹੜੇ ਸ਼ਹਿਰ? ਕਿਹੜੇ ਪਿੰਡ? ਉਜੜ ਪੁੱਜੜ ਕੇ ਆਏ ਲੱਖਾਂ ਲੋਕ ਇਧਰ ਉਧਰ ਸਿਰ ਲੁਕਾਉਂਦੇ ਫਿਰਦੇ ਸਨ ਪਰ ਸਾਨੂੰ ਆਸ ਬੱਝ ਗਈ ਕਿ ਜੇ ਰੱਬ ਨੇ ਮੁੰਡੇ ਦੇ ਬਚਣ ਦੀ ਸੂਹ ਦੇ ਦਿੱਤੀ ਹੈ ਤਾਂ ਉਹ ਹੁਣ ਉਹਨੂੰ ਲਭਾ ਵੀ ਜ਼ਰੂਰ ਦੇਵੇਗਾ। ਇਸ ਸਾਰੀ ਮੁਹਿੰਮ ਵਿਚ ਮੈਂ ਅੱਗੇ ਅੱਗੇ ਸਾਂ। ਮਾਸੀ ਮਾਸੜ ਵਿਚਾਰੇ ਤਾਂ ਉਠ ਕੇ ਤੁਰਨ ਜੋਗੇ ਨਹੀਂ ਸਨ ਰਹਿ ਗਏ। ਹਰ ਵੇਲੇ ਗੁਨਾਹ ਦੇ ਪਹਾੜ ਹੇਠਾਂ ਦੱਬੇ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ। ਅਸੀਂ ਸਵੇਰੇ ਸੂਰਜ ਚੜ੍ਹਦਿਆਂ ਨਿਕਲ ਤੁਰਦੇ ਅਤੇ ਸੋਤੇ ਪਏ ਵਾਪਸ ਪਰਤਦੇ। ਮਾਸੀ ਬਰੂਹਾਂ ‘ਚ ਬੈਠੀ ਉਡੀਕ ਰਹੀ ਹੁੰਦੀ, “ਵੇ ਦੱਸੋ ਮੈਨੂੰ ਮੇਰੇ ਲਾਲ ਦੀ ਕੋਈ ਖ਼ਬਰ!” ਉਹ ਵਿਰੜ੍ਹੇ ਕਰਦੀ।”
“ਲੱਭਦਿਆਂ ਕਰਦਿਆਂ ਪਤਾ ਲੱਗਾ ਕਿ ਚੰਗੜ੍ਹ ਤੇ ਚੰਗੜ੍ਹੀ ਫਤਹਿਗੜ੍ਹ ਆ ਕੇ ਠਹਿਰੇ ਨੇ। ਅਸੀਂ ਉਥੇ ਗਏ। ਪਤਾ ਲੱਗਾ, ਉਹ ਤਾਂ ਕੁੱਝ ਦਿਨ ਪਹਿਲਾਂ ਹੀ ਇਹ ਥਾਂ ਛੱਡ ਗਏ ਨੇ। ਫ਼ਿਰ ਪਤਾ ਲੱਗਾ; ਉਹ ਸ਼ਾਹਦਰੇ ਚਲੇ ਗਏ ਨੇ। ਅਸੀਂ ਹਿੰਮਤ ਨਾ ਹਾਰੀ। ਲਓ ਜੀ, ਅਸੀਂ ਲੱਭਦਿਆਂ ਲੱਭਦਿਆਂ ਉਨ੍ਹਾਂ ਨੂੰ ਸ਼ਾਹਦਰਿਓਂ ਜਾ ਲੱਭਾ। ਮੈਂ ਆਪ ਉਸ ਵੇਲੇ ਨਾਲ ਸਾਂ। ਅਸੀਂ ਸ਼ਾਹਦਰੇ ਚੰਗੜ੍ਹ ਅਤੇ ਚੰਗੜ੍ਹੀ ਕੋਲ ਗਏ ਤਾਂ ਉਹ ਤਾਂ ਜੀ ਸਾਨੂੰ ਪੱਲਾ ਨਾ ਫੜਾਉਣ। ਆਖਣ ਇਹ ਤਾਂ ਸਾਡਾ ਮੁੰਡਾ ਹੈ। ਉਨ੍ਹਾਂ ਦਾ ਮੁੰਡੇ ਨਾਲ ਮੋਹ ਪੈ ਗਿਆ ਸੀ। ਉਂਜ ਵੀ ਬੇਔਲਾਦ ਸਨ। ਉਹ ਰੱਬ ਦੀ ਦਿੱਤੀ ਦੌਲਤ ਸਮਝ ਕੇ ਉਹਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਸਨ। ਉਹ ਕਹਿਣ ਲੱਗੇ, ਇਹ ਮੁੰਡਾ ਤੁਹਾਡਾ ਹੈ ਹੀ ਨਹੀਂ। ਤੁਹਾਡਾ ਹੈ ਤਾਂ ਉਹਦੀ ਕੋਈ ਪਛਾਣ ਦੱਸੋ। ਅਸੀਂ ਆਖਿਆ, “ਤੁਸੀਂ ਮੁੰਡਾ ਫੜਾਓ। ਅਸੀਂ ਝੱਟ ਪਛਾਣ ਕੇ ਦੱਸ ਦਿੰਦੇ ਹਾਂ। ਉਹਦਾ ਧੁੰਨ ਬਾਹਰ ਨਿਕਲਿਆ ਹੋਇਆ ਹੈ।” ਉਨ੍ਹਾਂ ਦੇ ਤਾਂ ਚਿਹਰੇ ਦਾ ਰੰਗ ਉਡ ਗਿਆ। ਅਸੀਂ ਪੁਲਿਸ ਨਾਲ ਲੈ ਕੇ ਗਏ ਸਾਂ। ਮਾਸੀ ਮਾਸੜ ਤਾਂ ਨਾਲ ਨਹੀਂ ਸਨ ਪਰ ਅਸੀਂ ਧੁੰਨ ਤੋਂ ਮੁੰਡਾ ਪਛਾਣ ਲਿਆ ਪਰ ਉਹ ਤਾਂ ਦੋਵੇਂ ਜੀਅ ਅੜ ਖਲੋਤੇ। ਮੁੰਡਾ ਸਾਨੂੰ ਦੇਣ ਹੀ ਨਾ। ਚੰਗੜ੍ਹੀ ਰੋਈ ਜਾਵੇ। ਆਖੇ-ਮੈਂ ਕਿਵੇਂ ਦੇ ਦਿਆਂ ਆਪਣਾ ਲਾਲ ਤੁਹਾਨੂੰ’!”
ਸਾਰੀ ਕਹਾਣੀ ‘ਮੁਬੀਨਾ ਕਿ ਸੁਕੀਨਾ’ ਨਾਲ ਹੀ ਮੇਲ ਖਾ ਰਹੀ ਸੀ। ਸਿਰਫ਼ ਕਹਾਣੀ ਵਿਚ ਪਾਤਰ ਮੁੰਡੇ ਦੀ ਥਾਂ ਕੁੜੀ ਨੂੰ ਬਣਾ ਦਿੱਤਾ ਗਿਆ ਸੀ।
“ਥਾਣੇਦਾਰ ਨੇ ਉਨ੍ਹਾਂ ਨੂੰ ਦਬਕਾਇਆ ਅਤੇ ਬਿਗਾਨਾ ਮੁੰਡਾ ਚੁਰਾਉਣ ਦੇ ਜੁਰਮ ਵਿਚ ਉਨ੍ਹਾਂ ਖ਼ਿਲਾਫ਼ ਕੇਸ ਹੋ ਜਾਣ ਦਾ ਡਰਾਵਾ ਦਿੱਤਾ ਤਾਂ ਉਹ ਦਹਿਲ ਗਏ। ਅਸੀਂ ਦੋ ਸੌ ਰੁਪਏ ਇਨਾਮ ਵਜੋਂ ਚੰਗੜ੍ਹ ਅਤੇ ਚੰਗੜ੍ਹੀ ਨੂੰ ਦਿੱਤੇ ਅਤੇ ਮੁੰਡਾ ਲਿਆ ਕੇ ਆਪਣੀ ਮਾਸੀ ਦੀ ਝੋਲੀ ਪਾਇਆ। ਅੱਜਕੱਲ੍ਹ ਉਹੋ ਈ ਮੁੰਡਾ ਮੁਹੰਮਦ ਨਵਾਜ਼ ਪਾਕਿਸਤਾਨ ਸੁਪੀਰੀਅਰ ਸਰਵਿਸ ਵਿਚ ਡਾਕਖਾਨੇ ਦਾ ਡਿਪਟੀ ਪੋਸਟ ਮਾਸਟਰ ਜਨਰਲ ਲੱਗਾ ਹੋਇਆ ਹੈ।”
‘ਮੁਬੀਨਾ ਤੇ ਸੁਕੀਨਾ’ ਕਹਾਣੀ ਦਾ ਅਸਲ ਮੁੱਖ ਪਾਤਰ ਲੱਭ ਗਿਆ ਸੀ। ਮੈਂ ਉਹਨੂੰ ਪੰਜਾਬੀ ਦੇ ਪਾਠਕਾਂ ਦੇ ਸਨਮੁੱਖ ਲਿਆਉਣਾ ਚਾਹੁੰਦਾ ਸਾਂ।
“ਤੁਸੀਂ ਮੈਨੂੰ ਉਹਦੀ ਫ਼ੋਟੋ ਮੰਗਵਾ ਦਿਓ।”
“ਨਾ, ਮੈਂ ਨਹੀਂ ਉਹਨੂੰ ਫੋਟੋ ਭੇਜਣ ਵਾਸਤੇ ਆਖਣਾ। ਲੜਿਆ ਹੋਇਆਂ ਓਸ ਨਾਲ। ਮੈਂ ਨਹੀਂ ਓਸ ਨਾਲ ਬੋਲਦਾ ਅੱਜਕੱਲ੍ਹ। ਨਰਾਜ਼ ਆਂ ਉਹਦੇ ਨਾਲ।”
ਸਾਰੇ ਉਹਦੀ ਗੱਲ ਸੁਣ ਕੇ ਹੱਸ ਪਏ।
ਜਿਸ ਨੂੰ ਉਹਨੇ ਇੰਨੇ ਵਖ਼ਤਾਂ ਨਾਲ ਲੱਭਿਆ ਸੀ, ਉਸੇ ਨੂੰ ਹੀ ਅੰਦਰਲੀ ਫੋਕੀ ਹਉਮੈ ਨੇ ਦੂਰ ਕਰ ਦਿੱਤਾ ਹੋਇਆ ਸੀ। ਇਹ ਹਉਮੈ ਕੇਡੀ ਭੈੜੀ ਸ਼ੈਅ ਹੈ, ਦੋ ਭਰਾਵਾਂ ਨੂੰ ਅੱਡ ਕਰ ਦਿੰਦੀ ਹੈ। ਉਨ੍ਹਾਂ ਦਾ ਬੋਲਣਾ ਬੰਦ ਕਰਾ ਦਿੰਦੀ ਹੈ। ਉਨ੍ਹਾਂ ਨੂੰ ਦੋ ਘਰਾਂ ਤੇ ਦੋ ਮੁਲਕਾਂ ਵਿਚ ਤਕਸੀਮ ਕਰ ਦਿੰਦੀ ਹੈ। ਇੱਕ ਪਲ ਰੁਕ ਕੇ ਉਹਨੇ ਸਾਹਮਣੇ ਆਣ ਖਲੋਤੇ ਆਪਣੇ ਪੋਤਰੇ ਨੂੰ ਬਾਹਾਂ ਖੋਲ੍ਹ ਕੇ ਕਿਹਾ, “ਆ, ਪਾ ਜੱਫੀ।” ਪੋਤਰਾ ਜੱਫੀ ਪਾਉਣ ਲਈ ਦੌੜਦਾ ਆਇਆ। ਉਹਦੇ ਪਿਛੋਂ ਪੋਤਰੀ ਗਲ ਨਾਲ ਆਣ ਚੰਬੜੀ। ਉਹਨੇ ਬਟੂਆ ਕੱਢਿਆ ਅਤੇ ਦੋ ਨੋਟ ਕੱਢ ਕੇ ਵਾਰੀ ਵਾਰੀ ਦੋਹਾਂ ਨੂੰ ਫੜਾਏ।
“ਇਹ ਸਾਡਾ ਜੱਫੀ ਟੈਕਸ ਹੈ।”
ਗੱਲ ਅੱਗੇ ਤੋਰ ਲਈ।
“ਜਦੋਂ ਮੈਂ ਪਹਿਲੀ ਵਾਰ ਵਾਘਾ ਬਾਰਡਰ ਵੇਖਣ ਗਿਆ ਤਾਂ ਮੈਂ ਬੜੀ ਹਸਰਤ ਨਾਲ ਆਪਣੇ ਕਿਸੇ ਅਫ਼ਸਰ ਨੂੰ ਕਿਹਾ, “ਯਾਰ! ਕਿਸੇ ਸਿੱਖ ਨੂੰ ਬੁਲਾ। ਮੇਰਾ ਬੜਾ ਜੀ ਕਰਦੈ ਮਿਲਣ ਨੂੰ। ਉਹ ਇੱਕ ਸਿੱਖ ਕਸਟਮ ਅਫ਼ਸਰ ਨੂੰ ਬੁਲਾ ਕੇ ਲਿਆਇਆ ਤਾਂ ਮੈਂ ਉਹਨੂੰ ਆਪਣੀ ਜੱਫੀ ਵਿਚ ਘੁੱਟ ਲਿਆ। ਘੁੱਟੀ ਰੱਖਿਆ। ਉਸ ਜੱਫੀ ‘ਤੇ ਕਿਹੜਾ ਟੈਕਸ ਸੀ!” ਉਹ ਖਿੜਖਿੜਾ ਕੇ ਹੱਸਿਆ।
ਮੈਂ ਸੋਚਣ ਲੱਗਾ; ‘ਟੈਕਸ’ ਤਾਂ ਸੀ! ‘ਟੈਕਸ’ ਤਾਂ ਹੈ, ਸਾਡੀਆਂ ਜੱਫੀਆਂ ‘ਤੇ! ਇਹ ਹੱਦਾਂ, ਇਹ ਕੰਡੇਦਾਰ ਤਾਰਾਂ, ਇਹ ਵੀਜ਼ੇ, ਇਹ ਲੜਾਈਆਂ, ਇਹ ਲਾਸ਼ਾਂ! ਇਹ ਕਿਉਂ ਖਲੋ ਜਾਂਦੀਆਂ ਨੇ ਇੱਕ ਦੂਜੇ ਨੂੰ ਗਲਵੱਕੜੀ ਪਾਉਣ ਲਈ ਉਠੀਆਂ ਸਾਡੀਆਂ ਬਾਹਾਂ ਦੇ ਦਰਮਿਆਨ!
ਸਰਦਾਰ ਅਹਿਮਦ ਕਹਿ ਰਿਹਾ ਸੀ, “ਉਸ ਦਿਨ ਉਹ ਜੱਫੀ ਪਾ ਕੇ ਮੈਨੂੰ ਲੱਗਾ; ਮੈਂ ਪੂਰੇ ਵੈਰੋਕਿਆਂ ਨੂੰ ਆਪਣੀ ਜੱਫੀ ਵਿਚ ਘੁੱਟ ਲਿਆ ਹੈ! ਮੈਂ ਲੱਖਾ ਸਿੰਘ ਅਤੇ ਸਾਧੂ ਸਿੰਘ ਨੂੰ ਜੱਫੀ ਵਿਚ ਘੁੱਟ ਲਿਆ ਹੈ ਜਿਹੜੇ 1948 ਵਿਚ ਬਾਰਡਰ ਖੁੱਲ੍ਹਣ ‘ਤੇ ਸਾਡੇ ਘਰ ਵਿਚ ਪਿਆ ਕੁਰਾਨ ਸ਼ਰੀਫ਼ ਦੋਸ਼ਾਲਿਆਂ ਵਿਚ ਲਪੇਟ ਕੇ ਅਤੇ ਆਪਣੇ ਗਲ ਨਾਲ ਲਾ ਕੇ ਸਾਨੂੰ ਸੌਂਪਣ ਲਈ ਲੈ ਕੇ ਆਏ ਸਨ। ਹੁਣ ਜਦੋਂ ਵੀ ਸਰਹੱਦ ਪਾਰੋਂ ਘੜੂੰਆਂ ਸਾਹਿਬ ਜਾਂ ਤੁਹਾਡੇ ਵਰਗਾ ਕੋਈ ਸੱਜਣ ਆਉਂਦਾ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਪਾਕ ਕੁਰਾਨ ਦਾ ਕੋਈ ਹਰਫ਼ ਮੇਰੇ ਅੰਦਰ ਨੂੰ ਰੋਸ਼ਨ ਕਰਨ ਤੁਰਿਆ ਆ ਰਿਹਾ ਹੈ।”
ਵਿਛੜਨ ਲੱਗਿਆਂ ਅਸੀਂ ਜੱਫੀ ਪਾਈ ਤਾਂ ਮੈਨੂੰ ਲੱਗਾ ਜਿਵੇਂ ਕੁਰਾਨੇ-ਪਾਕ ਦੇ ਪਵਿੱਤਰ ਹਰਫ਼ ਰੌਸ਼ਨੀ ਬਣ ਕੇ ਮੇਰੇ ਅੰਦਰ ਵੀ ਘੁਲ ਗਏ ਹੋਣ!
“ਵੈਰੋਕੇ ਨੂੰ ਮੇਰਾ ਸਲਾਮ ਆਖਣਾ।” ਉਹਨੇ ਕਿਹਾ ਤਾਂ ਮੈਨੂੰ ਲੱਗਾ ਲਾਹੌਰ ਵਰਗੇ ਸ਼ਹਿਰ ਵਿਚ ਰਹਿੰਦਾ, ਇੰਨੇ ਵੱਡੇ ਅਹੁਦਿਆਂ ਵਾਲਾ, ਕੋਠੀਆਂ ਵਾਲਾ, ਪੈਸੇ ਵਾਲਾ, ਇੰਨਾ ‘ਇੰਨਾ ਰੱਜਿਆ ਪੁੱਜਿਆ’ ਵੈਰੋਕਿਆਂ ਦਾ ਪਹਿਲਾ ਆਦਮੀ, ਵੈਰੋਕਿਆਂ ਤੋਂ ਬਿਨਾਂ ਕਿਵੇਂ ਅੱਧਾ ਅਧੂਰਾ, ਖਾਲੀ ਤੇ ਊਣਾ ਸੀ! ‘ਪਹਿਲਾ’ ਹੋ ਕੇ ਵੀ ਉਹ ਕਿਵੇਂ ਹੁਣ ਤੱਕ ‘ਦੂਜਾ’ ਬਣ ਕੇ ਜਿਉਂਦਾ ਆ ਰਿਹਾ ਸੀ!

Be the first to comment

Leave a Reply

Your email address will not be published.