ਮਾਨਸਿਕ ਉਤੇਜਨਾ ਦੀ ਤੀਬਰਤਾ ਨੂੰ ਰੂਪਮਾਨ ਕਰਦਾ ਕਹਾਣੀ ਸੰਗ੍ਰਹਿ ‘ਆ ਆਪਾਂ ਘਰ ਬਣਾਈਏ’

ਨਿਰੰਜਣ ਬੋਹਾ
ਫੋਨ: 91-89682-82700
ਸਿਮਰਨ ਧਾਲੀਵਾਲ ਨਵੀਂ ਪੰਜਾਬੀ ਕਹਾਣੀ ਦੀਆਂ ਕਲਾਤਮਿਕ ਲੋੜਾਂ ਨੂੰ ਸੁਚੇਤ ਤੌਰ `ਤੇ ਪਛਾਣਨ ਵਾਲਾ ਨੌਜਵਾਨ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਬਾਹਰੀ ਤੌਰ `ਤੇ ਸਾਬਤ ਸਬੂਤੇ ਵਿਖਾਈ ਦੇਣ ਵਾਲੇ ਪਾਤਰਾਂ ਦੀ ਅੰਦਰਲੀ ਉਧੇੜ ਬੁਣ ਤੇ ਟੁੱਟ ਭੱਜ ਨੂੰ ਸਜੀਵ ਰੂਪ ਵਿਚ ਰੂਪਮਾਨ ਕਰਕੇ ਪੰਜਾਬੀ ਕਹਾਣੀ ਦੀ ਅਭਿਵਿਅਕਤੀਗਤ ਸਮਰੱਥਾ ਵਿਚ ਵਾਧਾ ਕਰਨ ਵਾਲੀਆਂ ਹਨ। ‘ਆ ਘਰ ਬਣਾਈਏ’ ਉਸ ਦਾ ਚੌਥਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 10 ਨਵੀਆਂ ਕਹਾਣੀਆਂ ਸ਼ਾਮਿਲ ਹਨ।

ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਤਰ ਆਰਥਿਕ, ਸਮਾਜਿਕ ਤੇ ਸਭਿਆਚਾਰਕ ਦਬਾਵਾਂ ਕਾਰਨ ਆਪਣੇ ਹਿੱਸੇ ਆਈ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਨਾਲ ਨਾ ਜਿਉਂ ਸਕਣ ਦੀ ਮਜਬੂਰੀ ਵਿਚੋਂ ਲੰਘਦਿਆਂ ਮਾਨਸਿਕ ਤੌਰ ‘ਤੇ ਬਹੁਤ ਬੇ-ਚੈਨ ਤੇ ਅਸ਼ਾਂਤ ਹਨ ਅਤੇ ਉਨ੍ਹਾਂ ਅੰਦਰਲੀ ਇਹ ਅਸ਼ਾਂਤੀ ਹੀ ਉਨ੍ਹਾਂ ਨੂੰ ਆਪਣੇ ਕਾਰਜ ਖੇਤਰ ਵਿਚ ਨਿਰੰਤਰ ਸਰਗਰਮ ਰੱਖਦੀ ਹੈ। ਉਸ ਦੀਆਂ ਕਹਾਣੀਆਂ ਵਿਅਕਤੀਗਤ ਪੱਧਰ `ਤੇ ਅਨੇਕਾਂ ਤਰ੍ਹਾਂ ਦੀਆਂ ਮਨੋ ਸਮਾਜਿਕ ਸਮੱਸਿਆਵਾਂ ਨਾਲ ਜੂਝ ਰਹੇ ਅਜੋਕੇ ਮਨੁੱਖ ਅੰਦਰਲੀ ਮਨੋ ਉਤੇਜਨਾ ਨੂੰ ਉਸ ਦੀ ਤੀਬਰਤਾ ਤੇ ਤੀਖਣਤਾ ਸਮੇਤ ਰੂਪਮਾਨ ਕਰਦੀਆਂ ਹਨ।
ਸੰਗ੍ਰਹਿ ਦੀ ਪਹਿਲੀ ਕਹਾਣੀ ‘ਆ ਆਪਾਂ ਘਰ ਬਣਾਈਏ’ ਛੋਟੀ ਕਿਸਾਨੀ ਤੇ ਖੇਤ ਮਜਦੂਰ ਜਮਾਤ ਦੇ ਆਪਸੀ ਸਬੰਧਾਂ ਨੂੰ ਕੇਂਦਰ ਵਿਚ ਰੱਖ ਕੇ ਸਮੇਂ ਤੇ ਸਥਿਤੀਆਂ ਅਨੁਸਾਰ ਇਨ੍ਹਾਂ ਦੋਹਾਂ ਧਿਰਾਂ ਵਿਚਕਾਰ ਪੈਦਾ ਹੋਣ ਵਾਲੇ ਤਣਾਓ ਨੂੰ ਰੂਪਮਾਨ ਕਰਦੀ ਹੈ। ਇਸ ਤਣਾੳ ਦਾ ਕਾਰਨ ਦੋਹਾਂ ਧਿਰਾਂ ਵਿਚਕਾਰ ਪੈਦਾ ਹੋਇਆ ਨਵੇਂ ਰੂਪ ਦਾ ਆਰਥਿਕ ਪਾੜਾ ਹੈ। ਛੋਟੇ ਕਿਸਾਨ ਮੇਜਾ ਸਿੰਘ ਨਾਲ ਸੀਰ ਕਰਦਾ ਰਿਹਾ ਨਰੈਣਾ ਆਪਣੇ ਪੁੱਤਰਾਂ ਦੀ ਮਿਹਨਤ ਦੇ ਬਲਬੂਤੇ ‘ਤੇ ਤੱਰਕੀ ਕਰ ਰਿਹਾ ਹੈ, ਪਰ ਮੇਜੇ ਦਾ ਪੁੱਤਰ ਘਰ ਦੀ ਆਰਥਿਕ ਦਿਸ਼ਾ ਉਪਰ ਚੁੱਕਣ ਦੀ ਥਾਂ ਇਸ ਦੇ ਨਿਘਾਰ ਦਾ ਕਾਰਨ ਬਣ ਰਿਹਾ ਹੈ। ਨਰੈਣੇ ਦੀ ਆਰਥਿਕ ਹੈਸੀਅਤ ਵਿਚ ਵਾਧੇ ਕਾਰਨ ਮੇਜਾ ਸਿੰਘ ਅੰਦਰ ਪੈਦਾ ਹੋਈ ਹੀਣ ਭਾਵਨਾ ਤੇ ਸੂਖਮ ਈਰਖਾ ਉਸ ਲਈ ਮਾਨਸਿਕ ਤਣਾਓ ਦਾ ਕਾਰਨ ਤਾਂ ਬਣਦੀ ਹੈ, ਪਰ ਕਹਾਣੀਕਾਰ ਦੀ ਸੁਚੇਤਤਾ ਕਾਰਨ ਇਹ ਦੋ ਧਿਰੀ ਟਕਰਾਉ ਦਾ ਰੂਪ ਨਹੀਂ ਧਾਰਦੀ। ਜਮਾਤੀ ਦ੍ਰਿਸ਼ਟੀਕੋਣ ਤੋਂ ਇਸ ਸਾਂਝ ਦਾ ਟੁੱਟਣਾ ਦੋਹਾਂ ਲਈ ਹੀ ਘਾਤਕ ਹੈ, ਇਸ ਲਈ ਮੇਜਾ ਸਿੰਘ ਦੇ ਨਵੇਂ ਘਰ ਦੀ ਨੀਂਹ ਦੀ ਪੁਟਾਈ ਵੇਲੇ ਨਰੈਣੇ ਵੱਲੋਂ ਪੁਰਾਣੀ ਸਾਂਝ ਦੇ ਆਧਾਰ ਆਪ ਕਹੀ ਫੜਨੀ, ਇਸ ਸਾਝ ਨੂੰ ਬਰਕਰਾਰ ਰੱਖਣ ਵੱਲ ਪੁੱਟਿਆ ਇਕ ਸਹੀ ਤੇ ਸੁਚੇਤ ਕਦਮ ਹੈ।
ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਸੂਖਮ ਈਰਖਾ ਤੇ ਨਫਰਤ ਵਰਗੀਆਂ ਨਕਾਰਾਤਮਕ ਮਨੁੱਖੀ ਪ੍ਰਵਿਰਤੀਆਂ ਦੀ ਦਖਲਅੰਦਾਜ਼ੀ ਕਾਰਨ ਪਰਿਵਾਰਕ ਰਿਸ਼ਤਿਆਂ ਵਿਚ ਪੈਦਾ ਹੋਣ ਵਾਲੇ ਤਣਾਓ ਤੇ ਇਸ ਦੇ ਘਾਤਕ ਨਤੀਜਿਆਂ ਨੂੰ ਵਿਸ਼ੇਸ਼ ਤੌਰ ‘ਤੇ ਉਭਾਰਦੀਆਂ ਹਨ। ਕਹਾਣੀਆਂ ਖੁਲਾਸਾ ਕਰਦੀਆਂ ਹਨ ਕਿ ਇਨ੍ਹਾਂ ਪ੍ਰਵਿਰਤੀਆਂ ਦੀ ਕਾਰਜ਼ਸ਼ੀਲਤਾ ਰਿਸ਼ਤਿਆਂ ਵਿਚਲੀ ਨਿੱਘ ਨੂੰ ਖਤਮ ਕਰਕੇ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਬੇਚੈਨੀ ਦਾ ਸ਼ਿਕਾਰ ਬਣਾਉਣ ਦੇ ਸਮਰੱਥ ਹੈ। ਕਹਾਣੀ ‘ਧੂੰਆਂ’ ਦਾ ਮੁੱਖ ਪਾਤਰ ਰਵੀ ਆਪਣੀ ਪਤਨੀ ਤੇ ਆਪਣੇ ਮਸੇਰ ਭਰਾ ਸੋਨੀ ਵਿਚਕਾਰ ਜੁੜੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਭਾਰੀ ਮਾਨਸਿਕ ਤਣਾਓ ਵਿਚੋਂ ਲੰਘਦਾ ਹੈ ਤੇ ਅੰਤ ਇਨ੍ਹਾਂ ਨੇੜਲੇ ਰਿਸ਼ਤਿਆਂ ਪ੍ਰਤੀ ਉਸ ਦਾ ਪਿਆਰ ਘੋਰ ਨਫਰਤ ਵਿਚ ਬਦਲ ਜਾਂਦਾ ਹੈ। ਨਫਰਤ ਦੀ ਪ੍ਰਵਿਰਤੀ ਦਾ ਪ੍ਰਬਲ ਵੇਗ ਹੀ ਪਹਿਲਾਂ ਉਸ ਨੂੰ ਪਤਨੀ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨ ਅਤੇ ਫਿਰ ਸਮੇਰ ਭਰਾ ਨੂੰ ਜ਼ਹਿਰ ਦੇ ਕੇ ਮਾਰਨ ਲਈ ਉਕਸਾਉਂਦਾ ਹੈ।
ਕਹਾਣੀ ‘ਨਿਸ਼ਾਨ’ ਵਿਚਲੀ ਪਤਨੀ ਨੀਰੂ ਆਪਣੇ ਸ਼ਰਾਬੀ ਅੜਬੈਲ ਪਤੀ ਵੱਲੋਂ ਕੀਤੇ ਜਾਣ ਵਾਲੀ ਮਾਰ ਕੁੱਟ ਨੂੰ ਤਾਂ ਇਸ ਭਾਵਨਾ ਅਧੀਨ ਸਹਿਣ ਕਰਦੀ ਰਹਿੰਦੀ ਹੈ ਕਿ ਉਸ ਦਾ ਪਤੀ ਉਸ ਨੂੰ ਦਿਲੋਂ ਪਿਆਰ ਕਰਦਾ ਹੈ, ਪਰ ਜਦੋਂ ਉਸ ਨੂੰ ਪਤਾ ਚਲਦਾ ਹੈ ਕਿ ਉਸ ਦਾ ਪਤੀ ਬਿਗਾਨੀਆਂ ਖੁਰਲੀਆਂ ਵਿਚ ਵੀ ਮੂੰਹ ਮਾਰਦਾ ਹੈ ਤਾਂ ਉਹ ਆਪਣੇ ਪਤੀ ਦੀ ਪ੍ਰੇਮ ਨਿਸ਼ਾਨੀ ਛੱਲੇ ਨੂੰ ਨਫਰਤ ਨਾਲ ਪਰ੍ਹਾਂ ਵਗਾਹ ਮਾਰਦੀ ਹੈ।
ਕਹਾਣੀ ‘ਸਾਂਵਲੀ ਕੁੜੀ’ ਉਸ ਪਤਨੀ ਅੰਦਰਲੀ ਤੜਫ ਤੇ ਸੂਖਮ ਈਰਖਾ ਦੀ ਸ਼ਿੱਦਤ ਬਿਆਨੀ ਕਰਦੀ ਹੈ, ਜਿਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਸ ਦਾ ਪਤੀ ਉਸ ਨੂੰ ਦਿਮਾਗ ਤੋਂ ਉਸ ਨੂੰ ਮੁਹੱਬਤ ਕਰਦਾ ਹੈ, ਪਰ ਉਸ ਦੇ ਦਿਲ ਵਿਚ ਕਿਸੇ ਹੋਰ ਔਰਤ ਲਈ ਵੀ ਥਾਂ ਹੈ। ਉਸ ਦਾ ਪਤੀ ਵੀ ਭਾਵੇਂ ਸੁਚੇਤ ਤੌਰ `ਤੇ ਆਪਣੀ ਪਹਿਲੀ ਮੁਹੱਬਤ ਨੂੰ ਬੀਤੇ ਦੀ ਕਹਾਣੀ ਆਖਦਿਆਂ ਉਸ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਵਰਤਮਾਨ ਵਿਚ ਉਹ ਸਿਰਫ ਉਸ ਦਾ ਹੀ ਹੈ, ਪਰ ਉਸ ਦੇ ਅਵਚੇਤਨ ਵਿਚ ਪਈ ਪਹਿਲੀ ਮੁਹੱਬਤ ਆਪਣੇ ਬਾਹਰਮੁਖੀ ਪ੍ਰਗਟਾਅ ਲਈ ਮੌਕੇ ਤਲਾਸ਼ ਹੀ ਲੈਂਦੀ ਹੈ। ਪਤਨੀ ਅੰਦਰਲੀ ਤੜਫ ਤੇ ਈਰਖਾ ਨੂੰ ਪਛਾਣ ਕੇ ਉਹ ਉਸ ਨਾਲ ਵਾਅਦਾ ਕਰਦਾ ਹੈ ਕਿ ਉਹ ਆਪਣੇ ਅਤੀਤ ਨੂੰ ਕਦੇ ਵੀ ਵਰਤਮਾਨ ‘ਤੇ ਹਾਵੀ ਨਹੀਂ ਹੋਣ ਦੇਵੇਗਾ, ਪਰ ਐਕਸੀਡੈਂਟ ਕਾਰਨ ਅਰਧ ਬੇਹੋਸ਼ੀ ਦੀ ਹਾਲਤ ਵਿਚ ਉਸ ਦੇ ਮੂੰਹੋਂ ਪਤਨੀ ਦੀ ਥਾਂ ਆਪਣੀ ਪ੍ਰੇਮਿਕਾ ਰਿਸ਼ਮ ਦਾ ਨਾਂ ਹੀ ਨਿਕਲਦਾ ਹੈ। ਉਸ ਵੇਲੇ ਕਹਾਣੀ ਪ੍ਰੀਤਲੜੀ ਦੇ ਸਿਧਾਂਤ ‘ਪਿਆਰ ਕਬਜ਼ਾ ਨਹੀਂ ਪਹਿਚਾਣ ਹੈ’ ਦੀ ਪ੍ਰੋੜਤਾ ਕਰਦੀ ਜਾਪਦੀ ਹੈ, ਜਦੋਂ ਪਤਨੀ ਪੂਰਨ ਸਮਰਪਿਤ ਭਾਵਨਾ ਨਾਲ ਆਖਦੀ ਹੈ, “ਆਪਾ ਦੋਹੇ ਮਿਲ ਕੇ ਆਵਾਂਗੇ ਉਸ ਨੂੰ… ਕੁੰਵਰ ਤੂੰ ਠੀਕ ਹੋ ਕੇ ਘਰ ਤਾਂ ਚੱਲ।”
ਕਹਾਣੀ ‘ਸਾਵਨ ਸਰਸੀ ਕਾਮਣੀ’ ਤੇ ‘ਗੂੜ੍ਹੇ ਰੰਗਾਂ ਦੀ ਤਸਵੀਰ’ ਭਾਰਤੀ ਔਰਤ ਦੀ ਆਪਣੇ ਘਰ ਪਰਿਵਾਰ ਤੇ ਪਤੀ ਪ੍ਰਤੀ ਸਮਰਪਿਤ ਭਾਵਨਾ ਨੂੰ ਸਤਿਕਾਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚਲੀਆਂ ਔਰਤ ਪਾਤਰ ਆਪਣੇ ਗ੍ਰਹਿਸਥੀ ਜੀਵਨ ਵਿਚ ਪਤੀ ਦਾ ਸਹਾਰਾ ਤੇ ਪੂਰਕ ਬਣ ਕੇ ਆਪਣੇ ਔਰਤ ਹੋਣ ਦੇ ਅਰਥਾਂ ਨੂੰ ਹੋਰ ਵਿਸਥਾਰਦੀਆਂ ਹਨ। ਕਹਾਣੀ ਸਾਵਨ ਸਰਸੀ ਕਾਮਣੀ ਦਾ ਕਹਾਣੀ ਦਾ ਦਲਿਤ ਮਜਦੂਰ ਜਮਾਤ ਨਾਲ ਸਬੰਧਤ ਪਾਤਰ ਬੀਰਾ ਗ੍ਰੰਥੀ ਬਿਮਾਰ ਹੋਣ ਦੇ ਬਾਵਜੂਦ ਇਹ ਨਹੀਂ ਚਾਹੁੰਦਾ ਕਿ ਉਸ ਦੀ ਪਤਨੀ ਲੋਕਾਂ ਦੇ ਘਰਾਂ ਵਿਚ ਗੋਹਾ ਕੂੜਾ ਕਰੇ, ਪਰ ਉਸ ਦੀ ਪਤਨੀ ਪਾਸ਼ੀ ਅਜਿਹਾ ਕਰਕੇ ਆਪਣੇ ਬੇ-ਸਹਾਰਾ ਪਤੀ ਦਾ ਸਹਾਰਾ ਬਣਦੀ ਹੈ।
ਕਹਾਣੀ ‘ਪਰਛਾਵਿਆਂ ਦੀ ਦੌੜ’ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਆਪਣੇ ਵਰਤਮਾਨ ਨੂੰ ਦਾਅ ‘ਤੇ ਲਾ ਦੇਣ ਦੀ ਦੌੜ ਵਿਚ ਸ਼ਾਮਿਲ ਲੋਕਾਂ ਦੀ ਮਾਨਸਿਕ ਬੇ-ਚੈਨੀ ਤੇ ਛਟਪਟਾਹਟ ਨੂੰ ਬਿਆਨਦੀ ਹੈ। ਕਹਾਣੀ ਵਿਚਲਾ ਤਨਵੀਰ ਕਹਿਣ ਨੂੰ ਸੂਖਮ ਭਾਵੀ ਕਵੀ ਹੈ, ਪਰ ਆਪਣੇ ਬੱਚੇ ਨੂੰ ਮਹਿੰਗੇ ਸਕੂਲ ਵਿਚ ਦਾਖਲਾ ਦੁਆ ਕੇ ਉਸ ਦਾ ਭਵਿੱਖ ਬਣਾਉਣ ਦੇ ਮਾਮਲੇ ਉਹ ਆਪਣੇ ਮਾਪਿਆਂ, ਪਤਨੀ ਤੇ ਬੱਚੇ ਦੀਆਂ ਭਾਵਨਾਵਾਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਦਾ। ਉਹ ਆਪਣੇ ਬੱਚੇ ਤੇ ਉਸ ਦੇ ਭਵਿੱਖ ਦੀਆਂ ਜਿ਼ੰਮੇਵਾਰੀਆਂ ਇਸ ਕਦਰ ਥੋਪਦਾ ਹੈ ਕਿ ਬੱਚੇ ਦੇ ਨਾਲ ਉਹ ਤੇ ਉਸ ਦੀ ਪਤਨੀ ਖੁਦ ਵੀ ਮਾਨਸਿਕ ਤਣਾਓ ਦੇ ਸ਼ਿਕਾਰ ਰਹਿਣ ਲੱਗ ਪੈਂਦੇ ਹਨ। ਅੰਤ ਕਹਾਣੀ ਆਪਣੇ ਇਸ ਉਦੇਸ਼ਮੁਖੀ ਪ੍ਰਗਟਾਵੇ ਨਾਲ ਸਮਾਪਤ ਹੁੰਦੀ ਹੈ ਕਿ ਆਪਣੇ ਬੱਚੇ ਨੂੰ ਉਹੀ ਕੁਝ ਬਣਨ ਦਿਉ, ਜੋ ਉਹ ਦਿਲੋਂ ਬਣਨਾ ਚਾਹੁੰਦਾ ਹੈ।
ਕਹਾਣੀ ‘ਉਦਾਸ ਨਦੀ ਦਾ ਅਧੂਰਾ ਖਤ’ ਜੀਵਨ ਦੀ ਕੁਦਰਤੀ ਧਾਰਾ ਨਾਲ ਟੁੱਟ ਕੇ ਮਸ਼ੀਨੀ ਤਰਜ਼ ਦੀ ਜ਼ਿੰਦਗੀ ਜਿਉਂ ਰਹੇ ਮਨੁੱਖ ਨੂੰ ਮੁੜ ਤੋਂ ਕੁਦਰਤ ਦੀਆਂ ਨਿਆਮਤਾਂ ਨਾਲ ਜੋੜਨ ਦੀ ਸੁਹਿਰਦ ਕੋਸਿ਼ਸ਼ ਕਰਦੀ ਹੈ। ਕਹਾਣੀ ਦੀ ਪਾਤਰ ਤਰੰਨੁਮ ਕਹਾਣੀ ਵਿਚਲੇ ਲੇਖਕ ਨੂੰ ਵੰਗਾਰ ਪਾਉਂਦੀ ਹੈ ਕਿ ਉਹ ਦਿਨੋ ਦਿਨ ਪ੍ਰਦੂਸ਼ਿਤ ਹੋ ਰਹੇ ਹਵਾ ਪਾਣੀ ਨੂੰ ਬਚਾਉਣ ਲਈ ਆਪਣੇ ਹਿੱਸੇ ਦਾ ਯੋਗਦਾਨ ਜ਼ਰੂਰ ਪਾਵੇ ਤੇ ਉਹ ਆਪਣੇ ਦਿਲੋਂ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਪਰ ਇਸ ਕਹਾਣੀ ਦਾ ਸੰਦੇਸ਼ ਪਾਤਰਾਂ ਦੀਆਂ ਮਾਨਸਿਕ ਕ੍ਰਿਆਤਮਿਕਤਾ ਵਿਚ ਸਹਿਜ ਰੂਪ ਵਿਚ ਨਹੀਂ ਉਘੜਦਾ, ਸਗੋਂ ਇਸ ਬਾਰੇ ਲੇਖਕ ਆਪ ਵੱਧ ਬੋਲਦਾ ਪ੍ਰਤੀਤ ਹੁੰਦਾ ਹੈ।
‘ਸੰਦੂਕ’ ਤੇ ‘ਸੋਹਣੀ ਪਹਿਲਵਾਨ’ ਆਪਣੀ ਜਨਮ ਭੋਇੰ ਨਾਲੋਂ ਟੁੱਟਣ ਦੇ ਹੇਰਵੇ ਨਾਲ ਸਬੰਧਤ ਕਹਾਣੀਆਂ ਹਨ। ਕਹਾਣੀ ਸੰਦੂਕ ਵਿਚ ਪਹਿਲਾਂ ਬਾਪੂ ਆਪਣੇ ਪਿੰਡ ਨਾਲ ਟੁੱਟਣ ਕਾਰਨ ਉਦਾਸ ਰਹਿੰਦਾ ਹੈ ਤੇ ਫਿਰ ਬਾਪੂ ਦੀ ਮੌਤ ਤੋਂ ਬਾਅਦ ਇਹ ਉਦਾਸੀ ਉਸ ਦੇ ਪੁੱਤਰ ਬੀਰੇ ਦੇ ਦਿਲ-ਦਿਮਾਗ ‘ਤੇ ਛਾ ਜਾਂਦੀ ਹੈ। ਕਹਾਣੀ ਸੋਹਣੀ ਪਹਿਲਵਾਨ ਦੇ ਅਵਚੇਤਨ ਵਿਚ ਉਸ ਦਾ ਪਿਛੋਕੜੀ ਪਿੰਡ ਤੇ ਉੱਥੋ ਦੇ ਮੋਹ-ਮੁਹੱਬਤੀ ਰਿਸ਼ਤੇ ਸਮੋਏ ਹੋਏ ਹਨ, ਜਿਸ ਕਾਰਨ ਉਹ ਆਪਣੇ ਇਕਲੌਤੇ ਪੁੱਤਰ ਦੇ ਵਿਆਹ ਸਮੇਂ ਪੇਂਡੂ ਭਾਈਚਾਰਕ ਅਪਣੱਤ ਨੂੰ ਫਿਰ ਤੋਂ ਮਾਣਨਾ ਚਾਹੁੰਦਾ ਹੈ, ਪਰ ਮਹਾਂ ਨਗਰੀ ਸਭਿਆਚਾਰ ਨਾਲ ਜੁੜ ਚੁਕੇ ਆਪਣੇ ਪੁੱਤਰ ਕਾਰਨ ਉਸ ਦੇ ਮਨ ਦੀਆਂ ਮਨ ਵਿਚ ਹੀ ਰਹਿ ਜਾਂਦੀਆਂ ਹਨ।
ਇਸ ਸੰਗ੍ਰਹਿ ਰਾਹੀਂ ਪੇਸ਼ ਹੋਈਆਂ ਮਨੋ ਸਮਾਜਿਕ ਸਮੱਸਿਆਵਾਂ ਭਾਵੇਂ ਸਾਡੀਆਂ ਜਾਣੀਆਂ-ਪਛਾਣੀਆਂ ਹਨ, ਪਰ ਇਨ੍ਹਾਂ ਦਾ ਹੱਲ ਕਹਾਣੀਕਾਰ ਨੇ ਆਪਣੇ ਮੌਲਿਕ ਵਿਚਾਰਧਾਰਕ ਨਜ਼ਰੀਏ ਤੇ ਬੁੱਧੀ ਵਿਵੇਕ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਪਾਤਰਾਂ ਦੇ ਮਨੋਵਿਗਿਆਨ ਦੀ ਡੂੰਘਾਈ ਵਿਚ ਜਾਣ ਦੇ ਉਦੇਸ਼ ਨਾਲ ਮੂਲ ਘਟਨਾ ਦੇ ਨਾਲ ਕੁਝ ਸਹਾਇਕ ਘਟਨਾਵਾਂ ਵੀ ਉਸ ਦੀਆਂ ਕਹਾਣੀਆਂ ਦਾ ਹਿੱਸਾ ਬਣੀਆਂ ਹਨ, ਫਿਰ ਵੀ ਉਸ ਕਹਾਣੀਆਂ ਵਿਚ ਵਿਚ ਪਾਤਰਾਂ ਤੇ ਘਟਨਾਵਾਂ ਦਾ ਵਾਧੂ ਖਿਲਾਰਾ ਨਹੀਂ ਪੈਣ ਦਿੱਤਾ। ਇਨ੍ਹਾਂ ਵਿਚਲਾ ਕਥਾ ਰਸ ਪਾਠਕ ਦਾਂ ਧਿਆਨ ਕਹਾਣੀ ਤੋਂ ਬਾਹਰ ਨਹੀਂ ਜਾਣ ਦਿੰਦਾ। ਕੁਲ ਮਿਲਾ ਕੇ ਉਸ ਦੀਆਂ ਕਹਾਣੀਆਂ ਵੱਲੋਂ ਸਿਰਜਿਆ ਗਿਆ ਪ੍ਰਵਚਨ ਮਾਨਵੀ ਰਿਸਤਿਆਂ ਨੂੰ ਨਿੱਘ ਪ੍ਰਦਾਨ ਕਰਨ ਵਾਲਾ ਹੈ। ਕਹਾਣੀਆਂ ਦੇ ਪਾਤਰਾਂ ਦੀ ਵਾਰਤਾਲਾਪੀ ਭਾਸ਼ਾ ਉਨ੍ਹਾਂ ਦੀਆਂ ਅੰਤਰਦਵੰਦੀ ਮਨੋ-ਸਥਿਤੀਆਂ ਦਾ ਸਜੀਵ ਵਰਣਨ ਪੇਸ਼ ਕਰ ਸਕਣ ਵਿਚ ਸਫਲ ਰਹੀ ਹੈ। ਗਰੇਸੀਅਸ ਬੁਕਸ, ਪਟਿਆਲਾ ਵਲੋਂ ਪ੍ਰਕਾਸਿ਼ਤ ਇਸ ਕਹਾਣੀ ਸੰਗ੍ਰਹਿ ਦੇ 120 ਪੰਨੇ ਹਨ ਅਤੇ ਮੁੱਲ 200 ਰੁਪਏ ਹੈ।