ਮਾਸਟਰ ਘੁੱਗ ਸੈਨ

ਚਰਨਜੀਤ ਸਿੰਘ ਪੰਨੂ
ਮਾਸਟਰ ਘੁੱਗ ਸੈਨ ਅੱਜ ਸਕੂਲ ਪਹੁੰਚਣ ਵਿਚ ਅੱਧਾ ਕੁ ਘੰਟਾ ਲੇਟ ਹੋ ਗਿਆ। ਸਕੂਲ ਦੇ ਹੋਰ ਬੱਚੇ ਆਪਣੀ ਆਪਣੀ ਕਲਾਸਾਂ ਵਿਚ ਮਗਨ ਸਨ, ਪਰ ਉਸ ਦੇ ਬੱਚੇ ਵਰਾਂਡੇ ਵਿਚ ਮਸਤੀ ਮਾਰ ਰਹੇ ਸਨ। ਸੈਕਸ਼ਨ ਇੰਚਾਰਜ ਮਾਸਟਰ ਮੋਹਣ ਸਿੰਘ ਨੂੰ ਹਵਾਈ ਫਤਿਹ ਬੁਲਾਉਂਦਾ ਉਹ ਦਫਤਰ ਵੜ ਗਿਆ। ਹਾਜ਼ਰੀ ਰਜਿਸਟਰ ਫੜ ਕੇ ਜਲਦੀ ਜਲਦੀ ਪੈੱਨ ਧਰ ਕੇ ਹਾਜ਼ਰੀ ਲਾਉਣ ਹੀ ਲੱਗਾ ਸੀ ਕਿ ਚਪੜਾਸੀ ਦੀ ਉਪਸਥਿਤੀ ਨਾਲ ਉਸ ਦੀ ਕਲਮ ਥਿੜਕ ਗਈ।

“ਪ੍ਰਿੰਸੀਪਲ ਸਾਹਿਬ ਨੇ ਬੁਲਾਇਆ ਹੈ ਜੀ।”
“ਹੈਂ! ਸੁੱਖ ਐ…?” ਘੁੱਗ ਸੈਨ ਦਾ ਮੂੰਹ ਅੱਡਿਆ ਰਹਿ ਗਿਆ। ਉਸ ਨੂੰ ਜਾਪਿਆ, ਜਿਵੇਂ ਅੱਜ ਉਹ ਚੋਰੀ ਕਰਦਾ ਸੰਨ੍ਹ ਤੋਂ ਪਕੜਿਆ ਗਿਆ ਹੋਵੇ। ਹਰ ਰੋਜ਼ ਪੰਜ ਦਸ ਮਿੰਟ ਦੇਰ ਨਾਲ ਆਉਣਾ ਉਸ ਦਾ ਨਿੱਤ ਦਾ ਰੁਟੀਨ ਬਣ ਗਿਆ ਸੀ। ਸੈਕਸ਼ਨ ਹੈੱਡ ਮੋਹਣ ਸਿੰਘ ਜਿਸ ਦੀ ਫਰਾਖ-ਦਿਲੀ ਕਾਰਨ ਇਸ ਊਣਤਾਈ `ਤੇ ਪੋਚਾ ਪੈਂਦਾ ਰਿਹਾ ਸੀ, ਵੀ ਮੁਸ਼ਕੜੀਆਂ ਵਿਚ ਹੱਸਦਾ ਨੇੜੇ ਪਹੁੰਚ ਗਿਆ। ਮੈਂ ਵੀ ਆਪਣੀ ਜਮਾਤ ਛੱਡ ਕੇ ਉਸ ਦੀ ਖੈਰ-ਸੁੱਖ ਪੁੱਛਣ ਵਾਸਤੇ ਪਹੁੰਚ ਗਿਆ। ਘੁੱਗ ਸੈਨ ਅੰਦਰ ਤੱਕ ਹਿੱਲ ਗਿਆ। ਪ੍ਰਿੰਸੀਪਲ ਮਾਹਣਾ ਸਿੰਘ ਉੱਪਰਲੀ ਦਿੱਖ ਤੇ ਸ਼ਖਸੀਅਤ ਤੋਂ ਜਿੰਨਾ ਸ਼ਰੀਫ ਤੇ ਸਾਊ ਲਗਦਾ ਸੀ, ਅਨੁਸ਼ਾਸਕ ਵੱਲੋਂ ਉਤਨਾ ਹੀ ਸਖਤ, ਗੁਸੈਲ ਤੇ ਕੌੜ-ਤੁੰਮੇ ਜਿਹਾ ਕਸੈਲਾ ਸੀ। ਘੁੱਗ ਸੈਨ ਉਸ ਦੇ ਮੂਹਰੇ ਜਾਣੋ ਹਮੇਸ਼ਾ ਕਤਰਾਉਂਦਾ ਸੀ…ਡਰਦਾ ਸੀ, ਜਿਵੇਂ ਕਾਂ ਗੁਲੇਲ ਕੋਲੋਂ।
“ਸਾਹਿਬ ਦੇ ਅਗਾੜੀ ਤੇ ਘੋੜੇ ਦੀ ਪਿਛਾੜੀ ਕਦੇ ਨਹੀਂ ਜਾਣਾ ਚਾਹੀਦਾ।” ਉਸ ਨੇ ਘਬਰਾਈਆਂ ਹੋਈਆਂ ਅੱਖਾਂ ਉੱਪਰ ਚੁੱਕੀਆਂ।
“ਪਰ ਅੱਜ ਤਾਂ ਜਾਣਾ ਹੀ ਪਵੇਗਾ।” ਮਾਸਟਰ ਮੋਹਣ ਸਿੰਘ ਨੇ ਸ਼ਾਹਦੀ ਭਰਦੇ ਉਸ ਦੀਆਂ ਖਾਮੋਸ਼ ਨਜ਼ਰਾਂ ਦਾ ਜੁਆਬ ਦਿੱਤਾ। ਇਸ ਦੇ ਨਿੱਤ ਪੁਆੜੇ `ਤੇ ਪੋਚਾ ਪਾਉਣ ਕਾਰਨ ਸੈਕਸ਼ਨ ਇੰਚਾਰਜ ਵੀ ਤਾਂ ਕੁੜਿੱਕੀ ਵਿਚ ਫਸਣਾ ਸੀ।
“ਤੁਹਾਨੂੰ ਵੀ ਬੁਲਾਇਆ ਹੈ ਜੀ।” ਆਖਦਿਆਂ ਚਪੜਾਸੀ ਨੇ ਮੈਨੂੰ ਵੀ ਪੈਰਾਂ ਤੋਂ ਉਖਾੜ ਦਿੱਤਾ।
ਮੈਂ ਘੜੀ ਵੇਖੀ, ਠੀਕ ਟਾਈਮ ਹੀ ਤਾਂ ਸੀ। ਮੈਂ ਤਾਂ ਪੂਰੇ ਅੱਠ ਵਜੇ ਸਕੂਲ ਦਾਖਲ ਹੋ ਗਿਆ ਸੀ ਤੇ ਉਹ ਥੋੜ੍ਹੀ ਦੇਰ ਬਾਅਦ। ਇਹ ਲੇਟ ਆਉਣ ਦੀ ਸ਼ਿਕਾਇਤ ਤਾਂ ਹੋ ਨਹੀਂ ਸਕਦੀ। ਮੈਨੂੰ ਮਨ ਹੀ ਮਨ ਵਿਚ ਤਸੱਲੀ ਜਿਹੀ ਹੋ ਗਈ, ਪਰ ਪੀ. ਟੀ. ਏ. ਫੰਡ ਵਿਚੋਂ ਉਡਾਏ ਗੁਲਛੱਰੇ ਯਾਦ ਆਉਂਦੇ ਹੀ ਮੇਰੇ ਗਲੇ ‘ਚ ਹੱਡੀ ਵਾਂਗ ਚੁਭਣ ਲੱਗੇ। ਬੱਚਿਆਂ ਤੋਂ ਉਗਰਾਹੀਆਂ ਚੁਆਨੀਆਂ, ਅਠਿਆਨੀਆਂ, ਰੁਪਏ ਇਕੱਠੇ ਕਰਕੇ ਠੇਕੇ ਤੋਂ ਪੀਤੇ ਪਊਏ, ਅਧੀਏ ਬਦਹਜ਼ਮੀ ਪੈਦਾ ਕਰਦੇ ਭਸਮ-ਡੱਕਾਰ ਬਣ ਗਏ। ਫਟਾਫਟ ਕਲਾਸ ਕਮਰੇ ਵਿਚ ਜਾ ਕੇ ਦਰਾਜ਼ ‘ਚ ਪਿਆ ਅਧੀਆ ਬਿਲੇ ਲਾਉਂਦਾ ਹਾਂ। ਅਜੇ ਪਿਛਲੇ ਹਫਤੇ ਹੀ ਪ੍ਰਿੰਸੀਪਲ ਨੇ ਕਿਹਾ ਸੀ ਕਿ ਇਸ ਰਕਮ ਨੂੰ ਫਸਟ-ਏਡ ਬਕਸੇ ਅਤੇ ਦਵਾਈਆਂ `ਤੇ ਖਰਚ ਕਰ ਕੇ ਦਫਤਰ ਨੂੰ ਸੂਚਿਤ ਕੀਤਾ ਜਾਵੇ, ਪਰ ਇਹ ਕੰਮ ਵੀ ਅਧੂਰਾ ਹੀ ਰਿਹਾ। ਖੌਰੇ ਇਸ ਦਾ ਵੀ ਅੱਜ ਲੇਖਾ-ਜੋਖਾ ਦੇਣਾ ਪਵੇਗਾ…ਫਿਰ ਗਬਨ ਦਾ ਇਲਜ਼ਾਮ ਤੇ ਦੋਸ਼-ਪੱਤਰ! ਇਕ ਦਮ ਮੇਰੇ ਜ਼ਿਹਨ ਵਿਚੋਂ ਗੁਜ਼ਰ ਗਏ।
ਮਾਸਟਰ ਘੁੱਗ ਸੈਨ ਮੇਰਾ ਕੁਲੀਗ ਸੀ ਤੇ ਸੀਨੀਅਰ ਹੋਣ ਦੇ ਨਾਤੇ ਵੇਲੇ-ਕੁਵੇਲੇ ਮੇਰੇ ਪੜਦੇ ਵੀ ਢਕਦਾ ਸੀ। ਉਸ ਦੇ ਚਿਹਰੇ `ਤੇ ਛਾਈ ਬੱਦਲਵਾਈ ਨੇ ਮੈਨੂੰ ਹੋਰ ਚਿੰਤਾ ਦੇ ਚਲ੍ਹੇ ‘ਚ ਧਕੇਲ ਦਿੱਤਾ। ਉਹ ਬੇਹੱਦ ਸ਼ਰੀਫ, ਵਫਾਦਾਰ ਤੇ ਮਿਹਨਤੀ ਅਧਿਆਪਕ ਸੀ ਤੇ ਬੱਚਿਆਂ ਦੇ ਢਿੱਡੀਂ ‘ਊਆ-ਐੜਾ…, ਇੱਕ-ਦੋ…’ ਪਾਉਣ ਲਈ ਉਹ ਅਣਥੱਕ ਮਿਹਨਤ ਕਰਦਾ ਸੀ। ਘਰ ਦੀ ਗੁਰਬਤ ਦਾ ਭੰਨਿਆ ਹੋਇਆ ਬੇਚਾਰਾ ਕਈ ਵੇਰਾਂ ਬੱਚਿਆਂ ਨਾਲ ਸਿਰ ਖਪਾਉਂਦਾ ਮੂੰਹ ਪਿੱਛੇ ਕਰਕੇ ਰੋ ਪੈਂਦਾ ਸੀ।
“ਓ ਸੂਰ ਦਿਓ ਪੁੱਤੋ! ਪੜ੍ਹ ਲਓ ਜੇ ਚੰਗੀ ਕਿਸਮਤ ਹੈ ਤੁਹਾਡੀ। ਇਹ ਅੱਖਰ ਤੁਹਾਡੇ ਕੰਮ ਆਉਣਗੇ…ਨਹੀਂ ਤਾਂ ਮੇਰਿਆਂ ਵਾਂਗੂ ਨਾਲੇ ਆਪ ਮਿੱਟੀ ਵਿਚ ਰੁਲੋਗੇ, ਨਾਲੇ ਮਾਪਿਆਂ ਨੂੰ ਰੁਲਾਉਗੇ…।”
ਛੇ ਧੀਆਂ ਤੇ ਚਾਰ ਪੁੱਤਰਾਂ ਦਾ ਬਾਪ, ਜਿਸ ਦਾ ਕੋਈ ਵੀ ਬੱਚਾ ਦਸਵੀਂ ਨਾ ਟੱਪ ਸਕਿਆ, ਆਪਣੇ ਆਪ ਵਿਚ ਬੜੀ ਹੀਣਤਾ ਮੰਨਦਾ ਸੀ। ਜ਼ਿੰਦਗੀ ਦੇ ਬਿਹਤਰੀਨ ਸੁਪਨੇ ਸਿਰਜਣੇ ਹੁਣ ਉਸ ਲਈ ਅਪਹੁੰਚ ਤੇ ਨਾ-ਮੁਮਕਿਨ ਹੋ ਗਏ ਸਨ। ਉਸ ਦੀ ਨਿਪੁੰਨਤਾ ਨਿਪੁੰਸਕਤਾ ਬਣ ਗਈ ਸੀ। ਕਬੀਲਦਾਰੀ ਦੀਆਂ ਜ਼ਰੂਰਤਾਂ ਤੋਂ ਆਤੁਰ ਉਸ ਨੇ ਪਿੱਛੇ ਜਿਹੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਇਹੀ ਮਾਹਣਾ ਸਿੰਘ ਸੀ, ਜਿਸ ਨੇ ਉਸ ਡੁੱਬਦੇ ਨੂੰ ਸਹਾਰਾ ਦਿੱਤਾ ਸੀ। ਉਸ ਦਿਨ ਸਵੇਰੇ ਤੜਕਸਾਰ ਉਹ ਲਾਹੌਰ ਵਾਲੀ ਰੇਲਵੇ ਲਾਈਨ ਵੱਲ ਹੋ ਤੁਰਿਆ ਸੀ ਤੇ ਸਮਝੌਤਾ ਐਕਸਪ੍ਰੈੱਸ ਦੀ ਇੰਤਜ਼ਾਰ ਕਰ ਰਿਹਾ ਸੀ। ਉਸ ਦੇ ਤਣਾਓ ਭਰੇ ਚਿਹਰੇ ਤੇ ਸ਼ੱਕੀ ਹਰਕਤਾਂ ਤੋਂ ਪ੍ਰਿੰਸੀਪਲ ਮਾਹਣਾ ਸਿੰਘ, ਜੋ ਸੈਰ ਕਰਦਾ ਅਚਾਨਕ ਉੱਧਰ ਆ ਨਿਕਲਿਆ ਸੀ, ਦੀ ਦਿੱਬ-ਦ੍ਰਿਸ਼ਟੀ ਨੇ ਉਸ ਦੀਆਂ ਖਾਮੋਸ਼ ਨਜ਼ਰਾਂ `ਚੋਂ ਕਾਲੇ ਮਨਸੂਬੇ ਪੜ੍ਹ ਲਏ ਸਨ ਤੇ ਡਾਂਟ-ਡਪਟ ਕਰਕੇ ਉਸ ਦਾ ਫੈਸਲਾ ਬਦਲ ਦਿੱਤਾ ਸੀ।
“ਜ਼ਿੰਦਗੀ ਖੁਦਕੁਸ਼ੀ ਵਾਸਤੇ ਨਹੀਂ, ਇਹ ਜਿਊਣ ਲਈ ਹੈ, ਕੁਝ ਕਰਨ ਲਈ ਹੈ। ਤੁਸੀਂ ਆਪਣੀ ਵਖਤਾਂ ਭਰੀ ਦੇਹ ਦੀ ਖਲਾਸੀ ਤਾਂ ਕਰ ਲਉਗੇ ਇਸ ਤਰ੍ਹਾਂ, ਪਰ ਤੁਹਾਡੀ ਆਤਮਾ ਇਹ ਪਿਛਲੀਆਂ ਦਸ ਬਾਰਾਂ ਜਾਨਾਂ ਨੂੰ ਤਰਸਦਿਆਂ ਤੜਫਦਿਆਂ ਰੁਲਦਿਆਂ ਵੇਖ ਕੇ ਭਟਕਦੀ ਰਹੇਗੀ, ਹਮੇਸ਼ਾ ਵਾਸਤੇ ਭਟਕਦੀ ਰਹੇਗੀ…ਤੁਹਾਨੂੰ ਅੱਗੇ ਵੀ ਢੋਈ ਨ੍ਹੀਂ ਮਿਲਣੀ, ਕੁਝ ਹੋਸ਼ ਕਰੋ।”
ਇਸ ਤਰ੍ਹਾਂ ਕੈੜਾ ਲਗਦਾ ਮਾਹਣਾ ਸਿੰਘ ਉਸ ਨੂੰ ਇਕ ਦਰਵੇਸ਼ ਰਹਿਬਰ ਮਹਾਂਪੁਰਸ਼ ਬਣ ਕੇ ਟੱਕਰਿਆ ਸੀ। ਉਸ ਦਿਨ ਤੋਂ ਬਾਅਦ ਉਸ ਦੀ ਨਸੀਹਤ ਅਨੁਸਾਰ ਹਰ ਮਹੀਨੇ ਤਨਖਾਹ ਵਾਲਾ ਬੱਝਾ ਲਿਫਾਫਾ ਉਹ ਪਤਨੀ ਨੂੰ ਫੜਾ ਦਿੰਦਾ ਤੇ ਸਵੇਰੇ ਅਖਬਾਰ ਦੀ ਫੇਰੀ ਲਾ ਕੇ ਆਪਣੇ ਉੱਪਰਲੇ ਖਰਚੇ ਲਈ ਆਪਣਾ ਜੇਬ ਖਰਚ ਬਣਾ ਲੈਂਦਾ ਸੀ।
ਇਸ ਘਟਨਾ ਨੇ ਉਸ ਦੀ ਪਤਨੀ ਨੂੰ ਧੰਨਵਾਦ ਕਰਨ ਲਈ ਸਾਹਿਬ ਦੇ ਘਰ ਪਹੁੰਚਾ ਦਿੱਤਾ ਤੇ ਫਿਰ ਕਦੇ ਦਿਨ ਦਿਆਰ ਵੇਲੇ ਪ੍ਰਿੰਸੀਪਲ ਦੀ ਪਤਨੀ ਦਾ ਹੱਥ ਵਟਾਉਂਦੀ ਤੇ ਘਰ ਦੇ ਦੁੱਖ ਸੁੱਖ ਉਸ ਨਾਲ ਸਾਂਝੇ ਕਰ ਆਉਂਦੀ। ਕੰਮ ਦੇ ਇਵਜ਼ ਵਿਚ ਹੈਡਮਾਸਟਰਨੀ ਉਸ ਨੂੰ ਕਈ ਪਦਾਰਥਾਂ ਨਾਲ ਨਿਵਾਜਦੀ।
“ਖੌਰੇ ਫਿਰ ਘਰਵਾਲੀ ਨੇ ਕੋਈ ਸ਼ਿਕਾਇਤ ਲਾ ਦਿੱਤੀ ਹੋਵੇਗੀ…।”
“ਭਵਿੱਖ-ਨਿਧੀ ਵਿਚੋਂ ਲਏ ਅਗਾਊਂ ਕਰਜ਼ੇ ਦੀਆਂ ਵੀ ਤਿੰਨ ਕਿਸ਼ਤਾਂ ਟੁੱਟ ਗਈਆਂ। ਜ਼ਰੂਰ ਇਸੇ ਬਾਰੇ ਹੀ ਜਵਾਬ ਤਲਬੀ ਕਰੂ।…ਮੈਂ ਕੀ ਸਮਝਦਾਂ! ਪੈਸੇ ਵੀ ਮੇਰੇ ਤੇ ਕਰਜ਼ਾ ਵੀ ਮੇਰਾ। ਇਹ ਮੈਨੂੰ ਕਹਿਣ ਵਾਲਾ ਕੌਣ ਹੋਇਆ? ਮੈਂ ਤਾਂ ਵਿਆਜ ਦੇਣਾ ਹੈ, ਇਸ ਦੇ ਕੀ ਢਿੱਡ ਪੀੜ ਹੋਈ? ਐਵੇਂ ਰੋਹਬ ਝਾੜਨ ਦਾ ਕੋਈ ਨਾ ਕੋਈ ਬਹਾਨਾ ਭਾਲਦਾ ਰਹਿੰਦਾ।”
ਕਈ ਤਰ੍ਹਾਂ ਦੇ ਖਿਆਲ ਉਸ ਦੇ ਮਨ `ਤੇ ਭਾਰੂ ਹੁੰਦੇ ਗਏ। ਕਈ ਉੱਚੀਆਂ ਨੀਵੀਂਆਂ ਸੋਚਾਂ ਚਿੱਥਦਾ ਮੇਰੀ ਅਗਵਾਈ ਕਰਦਾ ਉਹ ਸਾਹਿਬ ਦੇ ਕਮਰੇ ਦੇ ਸਾਹਮਣੇ ਪਹੁੰਚਿਆ। ਉਸ ਨੇ ਫਿਰ ਮੇਰੇ ਵੱਲ ਪਿੱਛਾ ਭੌਂ ਕੇ ਵੇਖਿਆ।
“ਚਲੋ… ਚਲੋ…।” ਮੈਂ ਡਰਦੇ ਜਿਹੇ ਉਸ ਦੀ ਹਾਂ ਵਿਚ ਹਾਂ ਮਿਲਾਈ।
“ਮੇਅ ਆਈ ਕਮ ਇਨ ਸਰ…।” ਉਸ ਨੇ ਡਰਦੇ ਡਰਦੇ ਬੋਲਾਂ ਨੂੰ ਅੱਗੇ ਲਾਇਆ।
“ਹਾਂ…ਹਾਂ, ਆਉ…ਜੀ ਆਇਆਂ ਨੂੰ…।” ਮਾਸਟਰ ਘੁੱਗ ਸੈਨ ਨਾਲ ਉੱਠ ਕੇ ਹੱਥ ਮਿਲਾਉਂਦੇ ਤੇ ਫਿਰ ਮੇਰੇ ਨਾਲ ਦਸਤ-ਪੰਜਾ ਕਰਦਿਆਂ, ਮਾਖਿਓਂ ਮਿੱਠੇ ਬੋਲ ਬੋਲ ਕੇ ਸਾਡੇ ਸਾਰੇ ਸ਼ੱਕ ਸ਼ੁਭਾ ਨਵਿਰਤ ਕਰ ਦਿੱਤੇ।
“ਬੈਠੋ! ਸ਼ੁਕਰੀਆ…।” ਉਸ ਦੇ ਸਲੀਕੇ ਵਿਚ ਕਿੰਨਾ ਮਿੱਠਾ ਨਿੱਘ ਤੇ ਪਿਆਰ ਸਤਿਕਾਰ ਸੀ, ਜੋ ਸਾਡੇ ਸਾਰੇ ਕੁਰੇਦੇ ਹੋਏ ਜਜ਼ਬਾਤ ‘ਤੇ ਲੇਪ ਕਰ ਗਿਆ।
“ਤੁਸੀਂ ਕੱਲ੍ਹ ਨਹੀਂ ਆਏ?” ਉਸ ਦੇ ਫਿਰ ਉਹੀ ਪੁਰਾਣੀ ਕਿਸਮ ਦੇ ਸਵਾਲ ਨੇ ਸਾਨੂੰ ਦੋਹਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ, ਪਰ ਉਸ ਦਾ ਲਹਿਜ਼ਾ ਪਹਿਲਾਂ ਵਾਲੇ ਜੱਟ-ਪੁਣੇ ਤੋਂ ਸੱਖਣਾ ਮੋਹ-ਭਿੱਜਾ ਸੀ।
“ਜੀ…ਜੀ…।”
“ਕੋਈ ਨਹੀਂ! ਤੁਹਾਨੂੰ ਪਤਾ! ਕੱਲ੍ਹ ਸਟਾਫ ਦੀ ਪਾਰਟੀ ਸੀ…? ਅਸੀਂ ਸੋਚਿਆ ਸਾਰੇ ਸਟਾਫ ਵਾਲੇ ਰਲ ਕੇ ਡਿਨਰ ਕਰਾਂਗੇ, ਡਾਂਸ-ਭੰਗੜਾ ਪਾਵਾਂਗੇ, ਕੁਝ ਸੁਣਾਂਗੇ-ਸੁਣਾਵਾਂਗੇ…ਇਕ ਦੂਜੇ ਨੂੰ ਜਾਣਾਂਗੇ…ਪਰ ਤੁਸੀਂ ਕੱਲ੍ਹ ਦੋਨੋਂ ਨਹੀਂ ਮਿਲੇ, ਤੁਹਾਡੀ ਗੈਰ-ਹਾਜ਼ਰੀ ਸਾਨੂੰ ਬਹੁਤ ਰੜਕਦੀ ਰਹੀ।”
“ਸੌਰੀ ਸਰ! ਮੈਨੂੰ ਪਤਾ ਨਹੀਂ ਲੱਗਾ।” ਮੈਂ ਆਪਣਾ ਖਹਿੜਾ ਛਡਾਉਂਦਿਆਂ ਕਿਹਾ। ਸ਼ੁਕਰ ਕੀਤਾ ਝਾੜ-ਝੰਬ ਤੋਂ ਬਿਨਾ ਹੀ ਖਲਾਸੀ ਹੋ ਗਈ।
“ਮੇਰੀ ਤਾਂ ਕੱਲ੍ਹ ਕਿਸੇ ਰਿਸ਼ਤੇਦਾਰ ਨੇ ਲੜਕੀ ਦੇ ਰਿਸ਼ਤੇ ਲਈ ਆਉਣਾ ਸੀ, ਉਹ ਵੀ ਨਹੀਂ ਆਏ, ਪਰ ਮੈਨੂੰ ਉਡੀਕਣਾ ਪਿਆ।”
ਇਕ ਡਿਨਰ ਮਿੱਸ ਹੋ ਜਾਣਾ ਮਾਸਟਰ ਘੁੱਗ ਸੈਨ ਲਈ ਨਾ-ਪੂਰਨ ਯੋਗ ਘਾਟਾ ਸੀ ਤੇ ਮੇਰੇ ਲਈ ਏਨੇ ਸਾਰੇ ਸੱਜਣਾਂ ਮਿੱਤਰਾਂ ਨੂੰ ਨਾ ਮਿਲ ਸਕਣ ਤੇ ਸੁਣਨ ਦਾ ਵਿਗੋਚਾ ਇਸ ਤੋਂ ਵੀ ਵੱਡਾ ਨੁਕਸਾਨ!
“ਬਾਬੂ ਜੀ…!”
ਉਸ ਨੇ ਘੰਟੀ ਮਾਰੀ। ਅੱਜ ਉਸ ਦੀ ਘੰਟੀ ਵੀ ਬੜੀ ਮਿੱਠੀ ਤੇ ਮਧੁਰ ਟੁਣਕਾਰ ਦੇ ਰਹੀ ਸੀ।
“ਉਹ ਕੱਲ੍ਹ ਇਨ੍ਹਾਂ ਲਈ ਜੋ ਕੂਪਨ ਬਚੇ ਆ…!”
“ਹਾਂ ਜੀ…, ਜੀ ਹਾਂ…।” ਬਾਬੂ ਨੇ ਅੱਗੇ ਨੂੰ ਸਿਰ ਹਿਲਾਇਆ।
“ਦੇ ਦਿਓ, ਚਲੋ ਚੰਗਾ ਹੋਇਆ…, ਵੇਖ ਲਓ…, ਅਸੀਂ ਤੁਹਾਡੀ ਗ਼ੈਰਹਾਜ਼ਰੀ ਵਿਚ ਵੀ ਤੁਹਾਡਾ ਕਿੰਨਾ ਖਿਆਲ ਰੱਖਦੇ ਹਾਂ।” ਪ੍ਰਿੰਸੀਪਲ ਸਾਹਿਬ ਦੀ ਜ਼ਬਾਨ ਅੱਜ ਅਤਿਅੰਤ ਮਿੱਠਾ ਰਾਗ ਅਲਾਪ ਰਹੀ ਸੀ।
“ਜਾਉ…ਪੰਨਾ ਰੈਸਟੋਰੈਂਟ ਵਿਚ! ਤੁਹਾਡੇ ਲਈ ਦੋ ਥਾਲੀਆਂ ਤੁਹਾਡੀ ਇੰਤਜ਼ਾਰ ਕਰ ਰਹੀਆਂ ਨੇ। ਇਹ ਦੋ ਕੂਪਨ ਉੱਥੇ ਮੈਨੇਜਰ ਨੂੰ ਦੇ ਦਿਓ।”
ਧਰਤੀ ‘ਤੇ ਪੈਰ ਨਹੀਂ ਸਨ ਲੱਗ ਰਹੇ ਉਸ ਦੇ ਤੇ ਮੇਰੇ ਵੀ ਕਿਹੜੇ ਘੱਟ ਸਨ, “ਅੱਛਾ ਜੀ ਸ਼ੁਕਰੀਆ ਬਹੁਤ-ਬਹੁਤ ਧੰਨਵਾਦ!”
ਉਸ ਨੇ ਉੱਠ ਕੇ ਫਿਰ ਹੱਥ ਮਿਲਾਏ ਤੇ ਦੋਹਾਂ ਦੇ ਮੋਢਿਆਂ `ਤੇ ਥਾਪੜਾ ਦਿੰਦੇ ਦਰਵਾਜ਼ੇ ਤੱਕ ਛੱਡਦੇ ਬਾਬੂ ਜੀ ਵੱਲ ਮੁਸਕਰਾਏ।
ਅੱਧੀ ਛੁੱਟੀ ਤੇ ਲੰਚ ਦਾ ਇਕੋ ਹੀ ਟਾਈਮ! ਲੰਚ ਟਾਈਮ ਤੱਕ ਦਾ ਵਰ੍ਹਿਆਂ ਜਿੱਡਾ ਲੰਮਾ ਸਮਾਂ ਬੜੀ ਬੇਸਬਰੀ ਨਾਲ ਗੁਜ਼ਰਿਆ।
ਮਾਸਟਰ ਘੁੱਗ ਸੈਨ ਦੇ ਖੜਖੜ ਕਰਦੇ ਪੁਰਾਣੇ ਸਾਈਕਲ ਦੇ ਪਿੱਛੇ ਬੈਠਾ ਮੈਂ ਬਹੁਤ ਸ਼ਰਮਸਾਰ ਹੋ ਰਿਹਾ ਸਾਂ। ਕੱਲ੍ਹ ਦੇ ਸਮਾਗਮ ਵਿਚ ਨਾ ਜਾਣ ਦੀ ਚਿਤਵਨੀ ਤੇ ਇਸ ਦਾ ਸਮਾਜਿਕ ਘਾਟਾ ਮੈਨੂੰ ਬਾਰ-ਬਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਪਰ ਹੁਣ ਪਛਤਾਏ ਕੀ ਹੋਵੇ, ਜਦ ਚਿੜੀਆ ਚੁਗ ਗਈ ਖੇਤ। ਮਾਸਟਰ ਘੁੱਗ ਸੈਨ ਦੇ ਪੈਡਲਾਂ ਦੀ ਚੂੰ-ਚੂੰ… ਚੀਂ-ਚੀਂ ਵੀ ਉਸ ਦੇ ਇਨ੍ਹਾਂ ਸਾਰੇ ਅਣਪਚੇ ਜਜ਼ਬਾਤ ਦੀ ਤਰਜਮਾਨੀ ਕਰ ਰਹੀ ਸੀ। ਅਪਰੈਲ ਮਹੀਨੇ ਦੀ ਪਹਿਲੀ ਧੁੱਪ, ਭਾਵੇਂ ਏਨੀ ਸਾੜੂ ਗਰਮੀ ਨਹੀਂ ਸੀ ਦੇ ਰਹੀ, ਪਰ ਮੇਰੇ ਵਰਗੀ ਇਕ ਭਾਰੀ ਸਵਾਰੀ ਬਿਠਾ ਕੇ ਛੇ ਮੀਲ ਦਾ ਸਫਰ, ਆਂਦਰਾਂ ਨੂੰ ਖਿੱਚ ਜ਼ਰੂਰ ਦੇ ਰਿਹਾ ਸੀ। ਇਸ ਨਾਲ ਉਸ ਦੇ ਵਗਦੇ ਪਸੀਨੇ ਨੇ ਉਸ ਦੇ ਪਤਲੇ ਜਿਹੇ ਮਾੜਕੂ ਕਮੀਜ਼ ਨੂੰ ਗੜੁੱਚ ਕਰਕੇ ਉਸ ਦੇ ਪਿੰਡੇ ਦੇ ਨਾਲ ਚੰਬੇੜ ਦਿੱਤਾ ਸੀ।
ਪੁੱਛਦੇ-ਪੁਛਾਉਂਦੇ, ਲੱਭਦੇ-ਲਭਾਉਂਦੇ…ਬੋਰਡ ਵੇਖਦੇ-ਵੇਖਦੇ, ਬਰੇਕਾਂ ਦੀਆਂ ਚੀਕਾਂ ਨਿਕਲੀਆਂ। ਸਾਈਕਲ ਦੀ ਰਫਤਾਰ ਕੁਝ ਮੱਧਮ ਹੋਈ। ਮੈਂ ਛਾਲ ਮਾਰ ਕੇ ਉੱਤਰਿਆ। ਉਸ ਨੇ ਹੌਂਕਦੇ ਹੋਏ ਉੱਤਰ ਕੇ ਮੱਥੇ `ਚੋਂ ਵਗਦੀਆਂ ਪਸੀਨੇ ਦੀਆਂ ਘਰਾਲ਼ਾਂ ਸੱਜੇ ਹੱਥ ਦੀ ਪਹਿਲੀ ਉਂਗਲ ਟੇਢੀ ਕਰਕੇ ਸਾਫ ਕੀਤੀਆਂ। ਆਸੇ-ਪਾਸੇ ਦੇਖਿਆ, ਸਾਨੂੰ ਸੁਖ ਦਾ ਸਾਹ ਆਇਆ, ਠੀਕ ਟਿਕਾਣੇ ‘ਤੇ ਪਹੁੰਚ ਗਏ ਸੀ। ਕਿੰਨਾ ਵੱਡਾ ਤਕੜਾ ਹੋਟਲ! ਵੰਨ-ਸੁਵੰਨੇ ਪਕਵਾਨਾਂ ਦੀ ਆਉਂਦੀ ਸੁਗੰਧ ਨਾਲ ਮੂੰਹ ਪਾਣੀ ਭਰ ਗਿਆ।
“ਅਸੀਂ ਇੱਥੇ ਖਾਣਾ ਨਹੀਂ ਖਾਵਾਂਗੇ, ਪੈਕ ਕਰਵਾ ਲਵਾਂਗੇ। ਹੁਣ ਖਾ ਕੇ ਅਸੀਂ ਕਿਹੜਾ ਭਲਵਾਨ ਬਣਨਾ। ਕਹਿੰਦੇ ਦੇਸੀ ਘਿਉ ਨਾਲ ਬਣਾਉਂਦੇ ਨੇ ਇਹ ਸਾਰੇ ਪਕਵਾਨ। ਬੱਚਿਆਂ ਦੇ ਮੂੰਹ ਪੈ ਜਾਊ ਭੋਰਾ ਚੰਗਾ ਥਿੰਧੇ ਤਰਾਈ ਵਾਲਾ ਖਾਣਾ।” ਇਕ ਕਬੀਲਦਾਰ ਬਾਪ ਦੀ ਬੱਚਿਆਂ ਤੱਕ ਲਲ੍ਹਕ ਉਸ ਦੇ ਜਜ਼ਬਾਤ ਵਿਚੋਂ ਆਪ ਮੁਹਾਰੇ ਨਿਕਲ ਤੁਰੀ।
“ਚਲੋ ਠੀਕ ਹੈ, ਜਿਵੇਂ ਠੀਕ ਸਮਝੋ। ਇੱਕ ਨੇ ਕਹੀ, ਦੂਜੇ ਨੇ ਮਾਨੀ-ਦੋਨੋ ਬ੍ਰਹਮ ਗਿਆਨੀ।” ਮੈਂ ਹੱਸ ਕੇ ਉਸ ਦੀ ਹਾਮੀ ਭਰ ਦਿੱਤੀ। ਛੇ ਸੱਤ ਫੁੱਟ ਲੰਬੇ ਇੱਕ ਲੰਬੀਆਂ ਲੰਬੀਆਂ ਮੁੱਛਾਂ ਵਾਲੇ ਰਾਜਸਥਾਨੀ ਪਹਿਰਾਵੇ ਵਾਲੇ ਗੇਟ-ਕੀਪਰ ਨੇ ਸਲੂਟ ਮਾਰਦੇ ਦਰਵਾਜਾ ਖੋਲ੍ਹਦੇ ਵੈੱਲਕਮ ਕਿਹਾ।
ਅੰਦਰ ਵੜੇ, ਬੜਾ ਸ਼ਾਂਤ ਵਾਤਾਵਰਨ! ਮਿੰਨ੍ਹੀਂ-ਮਿੰਨ੍ਹੀਂ ਮੱਧਮ ਰੌਸ਼ਨੀ! ਨਾਲ ਸਾਰਾ ਹਾਲ ਲਗਭਗ ਭਰਿਆ ਪਿਆ ਸੀ।
ਮਾਸਟਰ ਘੁੱਗ ਸੈਨ ਨੇ ਮੋਢੇ ਉੱਚੇ ਚੁੱਕ ਕੇ ਵਿਸ਼ੇਸ਼ ਮਹਿਮਾਨ ਵਾਂਗ ਆਪਣੇ ਡੂੰਘੇ ਆਤਮ-ਵਿਸ਼ਵਾਸ ਨਾਲ ਮੈਨੇਜਰ ਦੇ ਸਾਹਮਣੇ ਸਲਿੱਪ ਜਾ ਰੱਖੀ।
“ਜੀ ਇਹ ਸਾਡੇ ਦੋ ਖਾਣੇ ਨੇ।”
“ਖਾਣੇ? ਕਾਹਦੇ ਖਾਣੇ? ਕਿਹੜੇ ਖਾਣੇ?” ਮੈਨੇਜਰ ਅਚੰਭਿਤ ਜਿਹਾ ਹੋ ਗਿਆ।
“ਕੱਲ੍ਹ ਪਾਰਟੀ ਸੀ ਨਾ ਇੱਥੇ! ਸਾਡੇ ਡਿਨਰ ਬਾਕੀ ਨੇ, ਅਸੀਂ ਕੱਲ੍ਹ ਸ਼ਾਮਿਲ ਨਹੀਂ ਹੋ ਸਕੇ।” ਮੈਂ ਅੱਗੇ ਹੋ ਕੇ ਗੱਲ ਸਪਸ਼ਟ ਕੀਤੀ।
ਮੈਨੇਜਰ ਦੇ ਨਾਲ ਕਾਊਂਟਰ ‘ਤੇ ਬੈਠੀ ਇਕ ਸੁੰਦਰ ਲਗਰ ਜਿਹੀ ਮੁਟਿਆਰ ਨੇ ਆਪਣੇ ਮੱਥੇ ਦੀ ਲਿਟ ਉੱਪਰ ਸੁੱਟ ਕੇ ਮੈਨੇਜਰ ਵੱਲ ਰਮਜ਼ ਭਰੀ ਹਲਕੀ ਜਿਹੀ ਮੁਸਕਰਾਹਟ ਸੁੱਟੀ।
“ਹਾਂ ਜੀ…ਇਹ ਅਸੀਂ ਇੱਥੇ ਨਹੀਂ ਖਾਣੇ, ਸਾਨੂੰ ਪੈਕ ਹੀ ਕਰਾ ਦਿਓ।” ਉਨ੍ਹਾਂ ਦਾ ਪ੍ਰਤੀਕਰਮ ਉਡੀਕਣ ਤੋਂ ਬਿਨਾ ਹੀ ਮਾਸਟਰ ਘੁੱਗ ਸੈਨ ਪੱਗ ਦੇ ਪੇਚ ਸੰਵਾਰਦਾ ਹੋਰ ਨੇੜੇ ਹੋ ਗਿਆ।
ਮੈਨੇਜਰ ਤੇ ਉਸ ਦੀ ਪੀ. ਏ. ਦੀਆਂ ਨਜ਼ਰਾਂ ਫਿਰ ਮਿਲੀਆਂ। ਉਹ ਦੋਨੋਂ ਹੱਸਣ ਲੱਗੇ।
ਮੈਨੇਜਰ ਨੇ ਫੁਰਤੀ ਨਾਲ ਪੈੱਨ ਕੱਢਿਆ। ਸਾਹਮਣੇ ਪਈ ਨੋਟ ਬੁੱਕ ਚੁੱਕੀ ਤੇ ਕੁਝ ਲਿਖਿਆ ਵੇਖ ਕੇ ਸਾਡੀ ਤਮੰਨਾ ਨੂੰ ਫੁੱਲ ਖਿੜਦੇ ਜਾਪੇ।
“ਲਓ…।” ਮਾਸਟਰ ਘੁੱਗ ਸੈਨ ਵੱਲ ਵਧਾ ਦਿੱਤਾ।
“ਫਸਟ ਐਪਰਲ ਫੂਲ।”
ਸਲਿੱਪ ਲੈ ਕੇ ਮਾਸਟਰ ਘੁੱਗ ਸੈਨ ਛਿੱਥਾ ਜਿਹਾ ਹੋ ਗਿਆ। ਉਸ ਨੇ ਮੱਥੇ `ਤੇ ਅਚਨਚੇਤ ਉੱਭਰੀਆਂ ਪਸੀਨੇ ਦੀਆਂ ਬੂੰਦਾਂ ਝੱਗਾ ਉੱਪਰ ਚੁੱਕ ਕੇ ਝੱਗੇ ਨਾਲ ਸਾਫ ਕੀਤੀਆਂ।
“ਕੀ ਤਰੀਕ ਐ ਅੱਜ?” ਉਸ ਦਾ ਅਵਾਕਿਆ ਮੂੰਹ ਮੈਨੂੰ ਸੰਬੋਧਿਤ ਸੀ।
“ਅੱਜ ਪਹਿਲੀ ਅਪਰੈਲ।” ਮੈਂ ਘੜੀ ਵਿਚ ਨੀਝ ਲਾਉਂਦੇ ਕਿਹਾ।
“ਹਾਂ ਪਹਿਲੀ ਅਪਰੈਲ! ਯਾਨਿ ਫਸਟ ਐਪਰਲ!” ਮੈਨੇਜਰ ਨੇ ਇਹ ਗੱਲ ਜੋਰ ਦੇ ਕੇ ਦੁਹਰਾਈ।
ਮਾਸਟਰ ਨੇ ਉਹ ਪਰਚੀ ਮੇਰੇ ਵੱਲ ਵਧਾ ਦਿੱਤੀ।