ਲਹਿੰਦੇ ਪੰਜਾਬ ‘ਚ ਮਾਂ ਬੋਲੀ ਦੇ ਪ੍ਰਚਾਰਕ ਬਾਈ ਦਿਲ ਮੁਹੰਮਦ ਚੱਲ ਵਸੇ

ਬਾਬਰ ਜਲੰਧਰੀ
ਲਹਿੰਦੇ ਪੰਜਾਬ ‘ਚ ਮਾਂ ਬੋਲੀ ਦੇ ਪ੍ਰਚਾਰਕ ਤੇ ਬਾਬਾ ਬੁੱਲੇ ਸ਼ਾਹ ਪੰਜਾਬੀ ਸੱਥ ਕਸੂਰ ਦੇ ਮੁੱਖ ਸੇਵਾਦਾਰ ਬਾਈ ਦਿਲ ਮੁਹੰਮਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਲਹਿੰਦੇ ਪੰਜਾਬ ਵਿਚ ਸ਼ਾਇਦ ਉਹ ਇਕੋ ਇੱਕ ਅਜਿਹੇ ਸੱਜਣ ਸਨ, ਜਿਹੜੇ ਕਿਹਾ ਕਰਦੇ ਸਨ ਕਿ ਮਾਂ ਬੋਲੀ ਪੰਜਾਬੀ ਨੂੰ ਗੁਰਮੁਖੀ ਤੋਂ ਬਿਨਾ ਹੋਰ ਕਿਸ ਲਿਪੀ ਵਿਚ ਲਿਖਿਆ ਹੀ ਨਹੀਂ ਜਾ ਸਕਦਾ। ਆਪਣੇ ਪਿੰਡ ਚੱਕ 17 ‘ਚ ਖੋਲ੍ਹੇ ਸਕੂਲ ਵਿਚ ਉਹ ਨਿਆਣਿਆਂ ਨੂੰ ਗੁਰਮੁਖੀ ਪੜ੍ਹਾਇਆ ਕਰਦੇ ਸਨ।

ਉਨ੍ਹਾਂ ਦੇ ਇਸੇ ‘ਦੋਸ਼’ ਬਦਲੇ ਪੰਜਾਬ ਦੇ ਸਿੱਖਿਆ ਮਹਿਕਮੇ ਨੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਕਿ ਉਹ ਪਾਕਿਸਤਾਨ ਦੀ ਸਲਾਮਤੀ ਵਿਰੁੱਧ ਕੰਮ ਕਰ ਰਹੇ ਹਨ। ਜਦੋਂ ਵੀ ਕੋਈ ਉਨ੍ਹਾਂ ਸਾਹਮਣੇ ਆਪਣੇ ਨਿਆਣਿਆਂ ਨਾਲ ਉਰਦੂ ਬੋਲਦਾ ਸੀ ਤਾਂ ਉਹ ਕਿਹਾ ਕਰਦੇ ਸਨ, “ਉਏ ਇਹ ਕੀ ਕਹਿਰ ਕਮਾ ਰਿਹੈਂ? ਪੰਜਾਬੀ ਤੇਰੇ ਦਾਦਿਆਂ-ਪੜਦਾਦਿਆਂ, ਬਾਬਾ ਬੁੱਲੇ ਸ਼ਾਹ ਤੇ ਸੁਲਤਾਨ ਬਾਹੂ ਵਰਗੇ ਸੂਫੀਆਂ ਦੀ ਬੋਲੀ ਐ, ਤੂੰ ਕਿਉਂ ਉਰਦੂ ਦਾ ਮਰਿਆ ਹੋਇਆ ਸੱਪ ਆਪਣੇ ਨਿਆਣਿਆਂ ਦੇ ਗਲ ਵਿਚ ਪਾ ਕੇ ਆਪਣੀ ਮਾਂ ਬੋਲੀ ਦੀ ਜੱਖਣਾ ਪੱਟ ਰਿਹੈਂ।”
ਇਕ ਵਾਰੀ ਲਾਹੌਰ ਦੇ ਇੱਕ ਉਰਦੂ ਅਦਾਰੇ ਦੇ ਕਰਤਾ-ਧਰਤਾ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਰਦੂ ਦਾ ਪ੍ਰਚਾਰ ਕਰਿਆ ਕਰੋ, ਇਹ ਸਾਡੀ ਕੌਮੀ ਬੋਲੀ ਹੈ। ਤਾਂ ਬਾਈ ਦਿਲ ਮੁਹੰਮਦ ਦਾ ਜਵਾਬ ਸੀ ਕਿ ਕੌਮੀ ਬੋਲੀ ਤੁਹਾਡੀ ਹੋਵੇਗੀ, ਮੇਰੀ ਮਾਂ ਬੋਲੀ ਪੰਜਾਬੀ ਹੈ। ਮੇਰੇ ਲਈ ਦੁਨੀਆਂ ਵਿਚ ਇਸ ਤੋਂ ਵੱਧ ਮੁਕੱਦਸ ਸ਼ੈਅ ਕੋਈ ਨਹੀਂ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਰਦੂ ਜ਼ੁਬਾਨ ਵਿਚ ਇੱਕ ਵੀ ਅੱਖਰ ਉਰਦੂ ਦਾ ਨਹੀਂ, ਜੇ ਤੂੰ ਇਹ ਸਾਬਤ ਕਰਦੇਂ ਕਿ ਉਰਦੂ ਵਿਚ ਇਹ ਅੱਖਰ ਉਰਦੂ ਦੇ ਨੇ, ਤਾਂ ਮੈਂ ਤੈਨੂੰ ਇਕ-ਇਕ ਅੱਖਰ `ਤੇ ਇਕ ਇਕ ਲੱਖ ਰੁਪਏ ਇਨਾਮ ਦੇਵਾਂਗਾ। ਉਰਦੂ ਵਿਚ ਸਾਰੇ ਅੱਖਰ ਅਰਬੀ, ਫਾਰਸੀ, ਹਿੰਦੀ ਤੇ ਹੋਰ ਬੋਲੀਆਂ ਤੋਂ ਲਏ ਗਏ ਨੇ। ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ।
ਉਹ ਬੜੇ ਰੰਜ ਨਾਲ ਕਿਹਾ ਕਰਦੇ ਸਨ ਕਿ ਇਸ ਮੁਲਕ ‘ਚ ਅਸੀਂ ਆਪਣੀ ਜ਼ੁਬਾਨ ਤੇ ਪਛਾਣ ਸਭ ਕੁਝ ਗੁਆ ਚੁਕੇ ਹਾਂ। ਲੋਕ ਕਹਿੰਦੇ ਨੇ ਕਿ ਪਾਕਿਸਤਾਨ ਮੁਸਲਮਾਨਾਂ ਲਈ ਜੰਨਤ ਹੈ। ਇਹ ਕਿਹੋ ਜਿਹੀ ਜੰਨਤ ਹੈ ਕਿ ਸਾਨੂੰ ਆਪਣੀ ਬੋਲੀ ਵਿਚ ਲਿਖਣ-ਪੜ੍ਹਨ ਦੀ ਵੀ ਇਜਾਜ਼ਤ ਨਹੀਂ। ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਯਾਤਰੀਆਂ ਨੂੰ ਉਹ ਹਮੇਸ਼ਾ ਨਵੀਆਂ ਕਿਤਾਬਾਂ ਲੈ ਕੇ ਆਉਣ ਦੀ ਬਾਤ ਪਾਇਆ ਕਰਦੇ ਸਨ। ਉਨ੍ਹਾਂ ਦੇ ਆਪਣੇ ਘਰ ਵਿਚ ਵੀ ਕਿਤਾਬ ਘਰ ਬਣਿਆ ਹੋਇਆ ਹੈ।
ਉਹ ਪੰਜਾਬੀ, ਹਿੰਦੀ, ਬੰਗਾਲੀ, ਰੂਸੀ, ਫਾਰਸੀ, ਅਰਬੀ, ਅੰਗਰੇਜ਼ੀ ਆਦਿ ਜ਼ੁਬਾਨਾਂ ਦੇ ਮਾਹਿਰ ਸਨ, ਪਰ ਕਿਹਾ ਕਰਦੇ ਸਨ ਕਿ ਜਿਹੜੀ ਤ੍ਰਿਪਤੀ ਮਾਂ ਬੋਲੀ ਵਿਚ ਗੱਲ ਕਰਕੇ ਹੁੰਦੀ ਹੈ, ਉਹ ਦੁਨੀਆਂ ਦੀ ਕਿਸੇ ਹੋਰ ਜ਼ੁਬਾਨ ਵਿਚ ਨਹੀਂ। ਵੰਡ ‘ਤੇ ਲਿਖੇ ਗਏ ਸੋਹਣ ਸਿੰਘ ਸ਼ੀਤਲ ਦੇ ਸ਼ਾਹਕਾਰ ਨਾਵਲ ‘ਤੂਤਾਂ ਵਾਲਾ ਖੂਹ’ ਨੂੰ ਪੜ੍ਹ ਕੇ ਉਨ੍ਹਾਂ ਨੇ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਇਹ ਨਾਵਲ ਪੜ੍ਹਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨਾਲ ਕਿੰਨੀ ਵੱਡੀ ਠੱਗੀ ਮਾਰੀ ਗਈ ਹੈ। ਉਹ ਸਦਾ ਕਹਿੰਦੇ ਸਨ ਕਿ ਜਿਸ ਦਿਨ ਵਾਘੇ ਵਾਲੀ ਕੰਧ ਟੁੱਟੇਗੀ, ਉਹ ਜਿ਼ੰਦਗੀ ਦਾ ਸੱਭ ਤੋਂ ਵਡਭਾਗਾ ਦਿਨ ਹੋਵੇਗਾ। ਤੂਤਾਂ ਵਾਲੇ ਖੂਹ ‘ਤੇ ਇੱਕ ਵਾਰੀ ਫਿਰ ਸਾਂਝੇ ਪੰਜਾਬ ਦੀਆਂ ਰੌਣਕਾਂ ਲੱਗਣਗੀਆਂ। ਉਨ੍ਹਾਂ ਨੇ ਕਈ ਵਾਰ ਚੜ੍ਹਦੇ ਪੰਜਾਬ ਆਉਣ ਲਈ ਵੀਜ਼ਾ ਲੈਣ ਦੀ ਕੋਸਿ਼ਸ਼ ਕੀਤੀ, ਪਰ ਸਮੇਂ ਦੇ ਲੋਟੂ ਹਾਕਮਾਂ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਕੰਵਰ ਇਮਤਿਆਜ਼ ਦੇ ਇਹ ਬੋਲ ਸਦਾ ਉਨ੍ਹਾਂ ਦੀ ਰੂਹ ਵਿਚ ਗੂੰਜਦੇ ਰਹਿੰਦੇ ਸਨ,
ਬਾਣੀ ਮੈਂ ਫਰੀਦ ਜੀ ਦੀ
ਸੁਖਨ ਮੀਆਂ ਵਾਰਸ ਦਾ,
ਬੁੱਲੇ ਦੀ ਸਾਰੰਗੀ ਦੀ
ਮਿੱਠੀ-ਮਿੱਠੀ ਤਾਨ ਹਾਂ।

ਮੈਂ ਹਾਂ ਸਿਹਰਾ ਬੋਲੀ
ਗਾਉਣ ਹਾਂ ਮੈਂ ਗਿੱਧਿਆਂ ਦਾ,
ਪੀੜ੍ਹੀ ਡਾਹ ਕੇ ਪਿੜ ਵਿਚ
ਬੈਠੀ ਮੈਂ ਰਕਾਨ ਹਾਂ।

ਸਹੁੰ ਮੈਨੂੰ ਲੱਗੇ ਮੀਆਂ
ਰਾਂਝਣੇ ਦੀ ਵੰਝਲੀ ਦੀ,
ਮੈਂ ਹਾਂ ਪੰਜਾਬੀ
ਜੋ ਪੰਜਾਬ ਦੀ ਜ਼ੁਬਾਨ ਹਾਂ।