ਸਿ਼ਵਚਰਨ ਜੱਗੀ ਕੁੱਸਾ
ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ, ਉਣੰਜਾ ਸਾਲਾਂ ਦਾ ਸਫਰ ਕਰਦੇ ਅਸੀਂ ਪੰਜਾਹਾਂ ‘ਤੇ ਆ ਗਏ। ਪੂਰਾ ਅੱਧੀ ਸਦੀ ਦਾ ਸਫਰ! ਬੱਚਿਆਂ ਨੂੰ ਬੜੀ ਖੁਸ਼ੀ ਹੋਈ, ਡੈਡ ਦਾ ਜਨਮ ਦਿਨ ਹੈ। ਖਾਣ-ਪੀਣ ਤੋਂ ਇਲਾਵਾ ਜਨਮ ਦਿਨ ਲਈ ‘ਕੇਕ’ ਵੀ ਬੱਚਿਆਂ ਨੇ ਹੀ ਆਰਡਰ ਕੀਤਾ। ਉਪਰ ਚਾਕਲੇਟ ਨਾਲ ‘ਡੈਡ’ ਲਿਖਵਾ ਕੇ 50 ਵੀ ਉੱਕਰਿਆ ਹੋਇਆ ਸੀ। ਗੋਲਧਾਰੇ ਵਿਚ ਮੋਮਬੱਤੀਆਂ ਵੀ ਗੱਡੀਆਂ ਗਈਆਂ ਸਨ! ਬੱਚਿਆਂ ਨੇ ਆਪਣੇ ਸਕੂਲ ਅਤੇ ਕਾਲਜ ਦੇ ਸਾਥੀਆਂ ਨੂੰ ਵੀ ਸੱਦਾ ਪੱਤਰ ਭੇਜਿਆ ਸੀ।
ਆਂਢੀ-ਗੁਆਂਢੀ ਵੀ ਬੁਲਾਏ ਹੋਏ ਸਨ। ਅਸੀਂ ਆਉਣ ਵਾਲੇ ਖਰਚੇ ਪ੍ਰਤੀ ਆਪਣੀ ਜੇਬ ਤੋਲ-ਤੋਲ ਕੇ ਦੇਖ ਰਹੇ ਸਾਂ। ਘਰਵਾਲੀ ਨੂੰ ਵੀ ਕੋਈ ਬਹੁਤਾ ਚਾਅ ਨਹੀਂ ਸੀ। ਉਸ ਦੀ ਧਰਨ ਵੀ ਮੇਰੇ ਵਾਂਗ ਹੀ ਡਿੱਕਡੋਲੇ ਜਿਹੇ ਖਾ ਰਹੀ ਸੀ। ਕਾਰਨ…? ਸਾਡੀ ਘਰਵਾਲੀ-ਸ਼੍ਰੀ ਨੇ ਸਾਡੇ ਨਾਲੋਂ ਪੂਰੇ ਦਸ ਸਾਲ ਪਹਿਲਾਂ ਅਵਤਾਰ ਧਾਰਿਆ ਸੀ। ਮੈਂ ਪੰਜਾਹਾਂ ਦਾ ਅਤੇ ਘਰਵਾਲੀ…? ਰੱਬ ਬਖਸ਼ੀ ਰੱਖੇ! ਉਹ ਮੱਝ ਦੇ ਮਗਰ ਕੱਟਾ ਫਿਰਨ ਵਾਂਗ ਮੇਰੇ ਪਿੱਛੇ-ਪਿੱਛੇ ਹੀ ਤੁਰੀ ਫਿਰਦੀ ਸੀ। ਮੈਨੂੰ ਕਾਰਨ ਸਮਝ ਨਾ ਆਇਆ ਕਿ ਪਤਨੀ-ਸ਼੍ਰੀ ਅੱਜ ਮੇਰਾ ਪਿੱਛਾ ਕਿਉਂ ਨਹੀਂ ਛੱਡ ਰਹੀ? ਅੱਗੇ ਤਾਂ ਉਸ ਦੀ ਇੱਕੋ ਹੀ ਰਟ ਹੁੰਦੀ ਸੀ, ‘ਜਾਓ ਜਿੱਥੇ ਜਾਣੈਂ..! ਖਾਓ ਧੱਕੇ, ਮਰੋ ਪਰ੍ਹੇ..!’ ਪਰ ਅੱਜ ਤਾਂ ਮੇਰਾ ਕੁਝ ਜਿ਼ਆਦਾ ਹੀ ‘ਮੋਹ’ ਜਿਹਾ ਕਰ ਰਹੀ ਸੀ?
ਦਿਮਾਗ ‘ਤੇ ਕਈ ਵਾਰ ਸੋਚਾਂ ਦਾ ਰੇਗਮਾਰ ਫੇਰਿਆ, ਪਰ ਜੰਗਾਲਿਆ ਦਿਮਾਗ ਕਦੋਂ ਛੇਤੀ ਕੀਤੇ ਲਿਸ਼ਕੋਰ ਫੜਦੈ? ਫੇਰ ਸਿਰ ਵਿਚ ਪੁਰਾਣੇ ਰੇਡੀਓ ਵਾਂਗ ਧੱਫੇ ਜਿਹੇ ਮਾਰੇ, ਕਿ ਕੀ ਐ ‘ਘਿਰੜ-ਘਿਰੜ’ ਕਰਦੇ ਰੇਡੀਓ ਵਾਂਗ ਸ਼ਾਇਦ ਕੋਈ ਸਟੇਸ਼ਨ ਫੜ ਹੀ ਲਵੇ? ਪਰ ਸਾਨੂੰ ਸਾਡੇ ਦਿਮਾਗ ‘ਤੇ ਅਥਾਹ ਮਾਣ ਸੀ ਕਿ ਸਾਡਾ ਦਿਮਾਗ ਸਾਨੂੰ ਲੋੜ ਪੈਣ ‘ਤੇ ਦਗਾ ਨਹੀਂ ਦੇਵੇਗਾ। ਵਿਸ਼ਵਾਸ ਆਸਰੇ ਹੀ ਧਰਤੀ ਖੜ੍ਹੀ ਹੈ! ਦਿਲ ਨੂੰ ਧਰਵਾਸ ਦਿੱਤਾ।
ਜਦ ਮੈਂ ਸਾਰੇ ਖਾਣ ਪੀਣ ਦਾ ਜਾਇਜ਼ਾ ਲੈਣ ਡਰਾਇੰਗ-ਰੂਮ ਵਿਚ ਆਇਆ ਤਾਂ ਮੇਰੇ ਲੜਕੇ ਕਬੀਰ ਦੇ ਸਕੂਲ ਦੇ ਜੋਟੀਦਾਰ ਨੇ ਮੈਨੂੰ ਪੁੱਛ ਹੀ ਲਿਆ, “ਅੰਕਲ, ਕਿੰਨੀ ਉਮਰ ਹੋ ਗਈ ਤੁਹਾਡੀ?” ਕੇਕ ਅਜੇ ਸਜਾਇਆ ਨਹੀਂ ਸੀ, ਜਿਸ ‘ਤੇ 50 ਲਿਖਿਆ ਹੋਇਆ ਸੀ। ਮੈਂ ਉੱਤਰ ਦੇਣ ਹੀ ਲੱਗਾ ਸਾਂ ਕਿ ਘਰਵਾਲੀ ਨੇ ਮੈਨੂੰ ਘੂਰੀ ਵੱਟੀ ਅਤੇ ਮੇਰੀ ਸੋਚ ਗਿੱਦੜਮਾਰਾਂ ਤੋਂ ਡਰਦੇ ਬਿੱਲੇ ਵਾਂਗ ਛਹਿ ਗਈ। ਮੈਂ ਮੁੜ੍ਹਕੋ-ਮੁੜ੍ਹਕੀ ਹੋਇਆ ਘਰਵਾਲੀ ਵੱਲ ਦੇਖੀ ਗਿਆ। ਘਰਵਾਲੀ ਦੀਆਂ ਤਿਊੜੀਆਂ ਭੋਲੇ-ਸ਼ੰਕਰ ਜੀ ਦੇ ਸ਼ੇਸ਼ਨਾਗ ਵਾਂਗ ਮੱਥੇ ਵਿਚ ਫਣ ਚੁੱਕੀ ਖੜ੍ਹੀਆਂ ਸਨ।
ਜਦ ਲੜਕੇ ਨੇ ਆਪਣਾ ਸੁਆਲ ਦੁਹਰਾਇਆ ਤਾਂ ਸਾਡੇ ਦਿਮਾਗ ਨੇ ਸਾਡਾ ਸਾਥ ਦਿੱਤਾ, ਭਲਾ ਹੋਵੇ ਬੇਚਾਰੇ ਦਾ! ਮੈਂ ਉੱਤਰ ਦਿੱਤਾ, “ਪੁੱਤਰ ਮੈਂ ਬਾਲਗ ਹੋ ਗਿਐਂ…!” ਸਾਰੇ ਬੱਚੇ ਹੱਸ ਪਏ। ਘਰਵਾਲੀ ਨੇ ਕੌੜਾ ਜਿਹਾ ਹਾਸਾ ਹੱਸ ਕੇ ਤੂੰਬੇ ਵਰਗਾ ਸਿਰ ਹਿਲਾਇਆ; ਪਰ ਮੂੰਹ ਉਸ ਦਾ ਕੌੜਤੁੰਮੇ ਵਾਂਗ ਸਕੋੜਿਆ ਹੀ ਰਿਹਾ। ਅਸੀਂ ਸੋਚਿਆ ਗਲਤੀ ਤਾਂ ਕੋਈ ਕੀਤੀ ਨਹੀਂ, ਪਰ ਘਰਵਾਲੀ ਫਿਰ ਵੀ ਨਰਾਜ਼ ਹੋ ਗਈ, ਜਾਂ ਸ਼ਾਇਦ ਗੁੱਸੇ ਹੋ ਗਈ? ਦਿਲ ਵਿਚ ਸੋਚਿਆ ਕਿ ਜਨਮ ਦਿਨ ‘ਤੇ ਮਹਿਮਾਨ ਬੁਲਾ ਕੇ ਘੋਰ ਗਲਤੀ ਕੀਤੀ। ਨਾ ਹੀ ਜਨਮ ਦਿਨ ਮਨਾਉਂਦੇ ਅਤੇ ਨਾ ਹੀ ਘਰਵਾਲੀ ਦੇ ਕਰੋਧ ਦਾ ਸਿ਼ਕਾਰ ਹੋਣਾ ਪੈਂਦਾ; ਪਰ ਮੈਂ ਕਦੋਂ ਆਖਿਆ ਸੀ ਜਨਮ ਦਿਨ ਮਨਾਉਣ ਨੂੰ? ਬੱਚਿਆਂ ਨੇ ਹੀ ਖਹਿੜਾ ਨਾ ਛੱਡਿਆ। ਘਰਵਾਲੀ ਨੇ ਵੀ ‘ਹਾਂ-ਪੱਖੀ’ ਹੁੰਗਾਰਾ ਹੀ ਭਰਿਆ ਸੀ। ਹੁਣ ਭੁਗਤੇ ਆਪ ਈ, ਮੈਂ ਕੀ ਕਰਾਂ? ਮੇਰਾ ਕੀ ਕਸੂਰ?
ਪਤਾ ਨਹੀਂ ਮੇਰੇ ਜੁੰਡੀ ਦੇ ਯਾਰਾਂ ਨੂੰ ਕਿੱਥੋਂ ਪਤਾ ਲੱਗ ਗਿਆ। ਉਹ ਵੀ ਭੂਤਾਂ ਵਾਂਗ ਘਰੇ ਆ ਵੱਜੇ। ਉਨ੍ਹਾਂ ਨੇ ਆਉਣ ਸਾਰ ਭੁੱਖੇ ਢਿੱਡ ਖੜਕਾਉਣੇ ਸ਼ੁਰੂ ਕਰ ਦਿੱਤੇ।
“ਤੁਸੀਂ ਸਾਨੂੰ ਸੱਦੋ ਨਾ ਸੱਦੋ, ਪਰ ਸਾਨੂੰ ਤਾਂ ਥੋਡੇ ਜਨਮ ਦਿਨ ਦਾ ਚਾਅ ਐ!” ਮੇਰੇ ਬੇਲੀ ਆਖ ਰਹੇ ਸਨ। ਦਿਲ ਨੂੰ ਹੋਰ ਹੌਲ ਪੈ ਗਿਆ। ਅਗਲਾ ਫਿਕਰ, ਘਰਵਾਲੀ ਕੀ ਸੋਚੇਗੀ? ਅਸੀਂ ਘਰਵਾਲੀ ਦੇ ਘੋਟਣੇ ਸਹਿ ਲਏ, ਵਾਰ ਜਰ ਲਏ, ਪਰ ਕਦੇ ਮੱਥੇ ਦਾ ਮੁੜ੍ਹਕਾ ਨਹੀਂ ਸਹਾਰਿਆ। ਘਰਵਾਲੀ ਆਈ ਅਤੇ ਚੋਰੀ ਜਿਹੇ ਦੇਖ ਕੇ ਮੁੜ ਗਈ। ਉਸ ਦੇ ਮੱਥੇ ਦੀ ਕਸੀਸ ਮੇਰਾ ਕਾਲਜਾ ਕੱਢੀ ਜਾ ਰਹੀ ਸੀ। ਮੈਂ ਮਗਰੇ ਹੀ ਚਲਾ ਗਿਆ। ਸਾਡੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਨੇ ਸੁਆਲ ਦਾ ਤੀਰ ਸਾਡੇ ਮੱਥੇ ਵਿਚ ਮਾਰਿਆ, “ਇਨ੍ਹਾਂ ਬੇਵਕੂਫਾਂ ਨੂੰ ਕੀਹਨੇ ਬੁਲਾਇਐ?”
ਮੈਂ ਸਪੱਸ਼ਟੀਕਰਨ ਦੇਣ ਹੀ ਲੱਗਾ ਸਾਂ ਕਿ ਘਰਵਾਲੀ ਜੀ ਨੇ ਫਿਰ ਕਿਹਾ, “ਇਨ੍ਹਾਂ ਨੂੰ ਚਾਹ-ਚੂਹ ਪਿਆ ਕੇ ਦਫਾ ਕਰੋ!” ਅਬਦਾਲੀ ਹੁਕਮ ਆਇਆ। ਮੇਰਾ ਕੁਝ ਕਹਿਣ ਦਾ ਹੀਆ ਹੀ ਨਾ ਪਿਆ। ਮੈਂ ਕੁੱਟੇ ਹੋਏ ਕੁੱਤੇ ਵਾਂਗ ਡਰਾਇੰਗ-ਰੂਮ ਵੱਲ ਤੁਰ ਪਿਆ। ਮੇਰੇ ਜੁੰਡੀ ਦੇ ਯਾਰ ਚੌੜੇ ਹੋਏ, ਲਾਚੜੇ ਬੈਠੇ ਸਨ। ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਇਸ ਹਨੂੰਮਾਨ ਦੀ ਸੈਨਾ ਨੂੰ ਕਿਵੇਂ ਗਲੋਂ ਲਾਹਿਆ ਜਾਵੇ?
“ਜੁਆਕਾਂ ਨੇ ਮਨਾਉਣੈਂ, ਆਪਾਂ ਕਦੇ ਫੇਰ ਮਨਾਲਾਂਗੇ।” ਮੈਂ ਉਨ੍ਹਾਂ ਨੂੰ ਤਰਲੇ ਭਰਿਆ ਬਹਾਨਾ ਜਿਹਾ ਮਾਰਿਆ।
“ਕੇਕ ਤਾਂ ਕੱਟ ਲਵੋ, ਫੇਰ ਚਲੇ ਜਾਵਾਂਗੇ; ਸਾਨੂੰ ਘਰੋਂ ਤਾਂ ਨ੍ਹੀਂ ਕੱਢਣਾ? ਘਰੇ ਆਏ ਤਾਂ ਕੋਈ ਕੁੱਤੇ ਨੂੰ ਨ੍ਹੀਂ ਦੁਰਕਾਰਦਾ, ਅਸੀਂ ਤਾਂ ਫੇਰ ਵੀ ਆਪ ਦੇ ਜਿਗਰੀ ਮਿੱਤਰ ਹਾਂ!” ਉਹ ਕੀਕਨਿਆਂ ਵਾਂਗ ਸ਼ੁਰੂ ਹੋ ਗਏ।
“ਹਮ ਪਿਆਲਾ-ਹਮ ਨਿਵਾਲਾ!” ਦੂਜੇ ਨੇ ਪੈੱਗ-ਸ਼ੈੱਗ ਵੱਲ ਇਸ਼ਾਰਾ ਕੀਤਾ।
“ਸੁੱਕੀ ਨ੍ਹੀਂ ਪੀਤੀ ਜਾਣੀ!” ਤੀਜੇ ਦੀ ਉਂਗਲ ਮੀਟ-ਮੁਰਗੇ ਵੱਲ ਸੀ। ਗਜ ਵਰਗੀ ਉਂਗਲ ਉਹ ਅਗਲੇ ਦੇ ਮੂੰਹ ‘ਚ ਦੇਣ ਤੱਕ ਜਾਂਦਾ ਸੀ।
ਮੇਰਾ ਧਿਆਨ ਘਰਵਾਲੀ ਤਰਫ ਸੀ, ਪਰ ਇੱਕ ਗੱਲੋਂ ਸਾਨੂੰ ਆਪਣੀ ਘਰਵਾਲੀ ‘ਤੇ ਪੂਰਾ ਮਾਣ ਹੈ। ਜੇ ਗਾਲ ਵੀ ਕੱਢੇਗੀ ਤਾਂ ਬੜੇ ਹੀ ਸਲੀਕੇ ਨਾਲ, “ਜਨਾਬ ਤੁਸੀਂ ਬਹੁਤ ਬੇਵਕੂਫ ਹੋ!” ਜਾਂ “ਜਨਾਬ ਤੁਹਾਡਾ ਦਿਮਾਗ ਖਰਾਬ ਹੋ ਗਿਐ!” ਪੜ੍ਹੀ-ਲਿਖੀ ਜੁ ਹੋਈ! ਹਿਸਟਰੀ ਅਤੇ ਇੰਗਲਿਸ਼ ਦੀ ਡਬਲ ਐੱਮ. ਏ., ਬੀ. ਐੱਡ! ਕਾਲਜ ਦੀ ਲੈਕਚਰਾਰ! ਪੜ੍ਹੇ-ਲਿਖੇ ਇਨਸਾਨ ਅਤੇ ਅਨਪੜ੍ਹ ਵਿਚ ਇਹੀ ਤਾਂ ਫਰਕ ਹੁੰਦੈ! ਇੱਕ ਵਾਰੀ ਘਰਵਾਲੀ ਤੋਂ ਸਾਡੇ ਮੌਰਾਂ ਵਿਚ ਪਤਾ ਨ੍ਹੀਂ ਕੀ ਵੱਜ ਗਿਆ, ਕਸੂਰ ਘਰਵਾਲੀ ਦਾ ਨਹੀਂ, ਕਸੂਰ ਸਰਾਸਰ ਉਸ ਦੇ ਗੁੱਸੇ ਦਾ! ਗੁੱਸਾ ਬੜੀ ਚੰਡਾਲ ਚੀਜ਼! ਖੈਰ, ਵੱਜ ਤਾਂ ਵਿਚਾਰੀ ਤੋਂ ਗਿਆ, ਅਸੀਂ ਵੀ ਸੀਲ ਬਲਦ ਵਾਂਗ ਖੜ੍ਹ ਕੇ ਹੀ ਖਾ ਲਿਆ। ਸੋਚਿਆ, ਚਲਾਵੇਂ ਘੋਟਣੇ ਦੀ ਸੱਟ ਵੱਧ ਵੱਜਦੀ ਐ। ਘਰਵਾਲੀ ਘੰਟਾ ਸਾਡੇ ਮਾਲਿਸ਼ ਵੀ ਕਰਦੀ ਰਹੀ, ਨਾਲੇ ਮੱਤਾਂ ਜਿਹੀਆਂ ਦਿੰਦੀ ਰਹੀ, “ਜਨਾਬ, ਜੇ ਤੁਹਾਨੂੰ ਉਸ ਕਮਾਂਡੋ ਵਾਲੀ ਕੁੱਤੀ ਨਾਲ ਮੈਂ ਕਦੇ ਮੁੜ ਕੇ ਦੇਖ ਲਿਆ, ਫੇਰ ਮਾਲਿਸ਼ ਮੈਂ ਨਹੀਂ, ਹਸਪਤਾਲ ਵਾਲੇ ਈ ਕਰਨਗੇ।”
ਅਸੀਂ ਵੀ ‘ਸੌਰੀ-ਸ਼ੁਕਰੀਆ’ ਕਰੀ ਗਏ, ਪਰ ਅਸੀਂ ਸੁਧਰਨ ਵਾਲੀ ਜੜੀ ਕਦੋਂ ਹਾਂ? ਸੋਚਿਆ ਇੱਕ ਮਾਲਿਸ਼ ਹੁਣ ਘਰਵਾਲੀ ਤੋਂ, ਤੇ ਦੂਜੀ ਕਮਾਂਡੋ ਵਾਲੀ ਗੋਰੀ ਮੇਮ ਤੋਂ ਕਰਵਾਵਾਂਗੇ ਤੇ ਨਾਲੇ ਆਖਾਂਗੇ, “ਦੇਖੋ ਤੁਹਾਡੇ ਕਰਕੇ ਅਸੀਂ ਕੀ-ਕੀ ਦੁਖੜੇ ਸਹਾਰਦੇ ਹਾਂ ਸੋਹਣਿਓਂ!”
ਕਮਾਂਡੋ ਵਾਲੀ ਗੋਰੀ ਬੇਚਾਰੀ ਸਾਡੇ ਨਾਲ ਕੰਮ ਕਰਦੀ ਹੈ ਅਤੇ ਕਦੇ-ਕਦੇ ਆਪਣੀ ਕਾਰ ਵਿਚ ਘਰੇ ਲਾਹ ਜਾਂਦੀ ਹੈ। ਗੱਲ ਹੋਰ ਵਿਚੋਂ ਕੁਝ ਵੀ ਨਹੀਂ! ਘਰਵਾਲੀ ਨੂੰ ਪਤਾ ਨਹੀਂ ਉਸ ‘ਤੇ ਕੀ ਖੁੰਧਕ ਐ? ਵਿਚਾਰੀ ਨੂੰ ‘ਕੁੱਤੀ-ਬਿੱਲੀ’ ਤੋਂ ਬਿਨਾ ਸੰਬੋਧਨ ਹੀ ਨਹੀਂ ਕਰਦੀ। ਅਸੀਂ ਘਰਵਾਲੀ ਨੂੰ ਬਥੇਰਾ ਸਮਝਾਇਆ ਕਿ ਜਦੋਂ ਦਾ ਲੰਡਨ ‘ਚ ‘ਮੰਦਵਾੜਾ’ ਆਇਐ, ਪੈਟਰੋਲ ਬਹੁਤ ਮਹਿੰਗਾ ਹੋ ਗਿਐ, ਜੇ ਇਹ ਮੈਨੂੰ ਘਰੇ ਛੱਡ ਜਾਂਦੀ ਐ ਤਾਂ ਆਪਣੇ ਪੈਟਰੋਲ ਦੀ ਬੱਚਤ ਹੁੰਦੀ ਐ। ਪਰ ਨਾ! ਘਰਵਾਲੀ ਕਿੱਥੇ ਮੰਨਣ ਵਾਲੀ ਜੜੀ ਸੀ? ਰੱਫੜ ਪਾ ਕੇ ਬੈਠ ਗਈ, “ਮੈਨੂੰ ਪਤੈ ਤੁਸੀਂ ਕਿੰਨੀ ਕੁ ਬੱਚਤ ਕਰਨ ਆਲੇ ਓਂ ਜਨਾਬ, ਬੱਸ ਚੁੱਪ ਰਹੋ, ਨਹੀਂ ਮੈਥੋਂ ਕੁਛ ਹੋਰ ਹੋ`ਜੂ!” ਖੈਰ, ਪਤਨੀ ਦਾ ਆਖਿਆ ਤਾਂ ਸਿ਼ਵ ਜੀ ਮਹਾਰਾਜ ਨਹੀਂ ਮੋੜਦੇ ਸੀ, ਅਸੀਂ ਕਿਹੜੇ ਬਾਗ ਦੀ ਮੂਲੀ ਹੋਏ?
ਸਾਡੇ ਸਾਰੇ ਜੁੰਡੀ ਦੇ ਯਾਰਾਂ ਨੂੰ ਪਤਾ ਹੈ ਕਿ ਘਰਵਾਲੀ ਸਾਥੋਂ ਦਸ ਸਾਲ ਵੱਡੀ ਹੈ। ਮੈਂ ਵਾਰ-ਵਾਰ ਕੁਝ ਸੋਚ ਕੇ, ਬਲੂੰਗੜੇ ਵਾਂਗ ਇਕੱਠਾ ਜਿਹਾ ਹੋਈ ਜਾ ਰਿਹਾ ਸੀ। ਮੈਂ ਪੂਰਾ ਦਿਲ ਕੱਢ ਕੇ ਅੰਦਰ ਘਰਵਾਲੀ ਕੋਲ ਗਿਆ।
“ਇਹ ਐਂਵੇਂ ਤੁਰਨ ਆਲੇ ਹੈਨ੍ਹੀ, ਇਨ੍ਹਾਂ ਨੂੰ ਪੈੱਗ ਸ਼ੈੱਗ ਲੁਆਉਣਾ ਪਊ। ਨਹੀਂ ਇਨ੍ਹਾਂ ਜਮਦੂਤਾਂ ਨੇ ਆਥਣ ਤੱਕ ਨ੍ਹੀਂ ਹਿੱਲਣਾ।” ਮੈਨੂੰ ਘਰਵਾਲੀ ਮੂਹਰੇ ਸੱਚਾ ਰਹਿਣ ਵਾਸਤੇ ਆਪਣੇ ਮਿੱਤਰਾਂ ਨੂੰ ‘ਜਮਦੂਤ’ ਕਹਿਣਾ ਪਿਆ, ਹਾਲਾਂ ਕਿ ਉਹ ਮੈਥੋਂ ਜਾਨ ਵਾਰਦੇ ਹਨ। ਜਦੋਂ ਸਾਡੀ ਕਿਸੇ ਨਾਲ ‘ਜੰਗ’ ਹੋ ਜਾਂਦੀ ਹੈ, ਤਾਂ ਮੇਰੇ ਇਹ ਮਿੱਤਰ ਮੇਰੇ ਨਾਲੋਂ ਵੱਧ ਅਗਲੇ ਦੀ ‘ਸੇਵਾ’ ਕਰਦੇ ਹਨ। ਭਾਵਨਾ ਦਿਖਾਉਂਦੇ ਹਨ, ਪਰ ਰੱਬ ਨੇੜੇ ਕਿ ਘਸੁੰਨ? ਘਰਵਾਲੀ ਤਾਂ ਮਗਰਮੱਛ ਵਾਂਗ ਮੂੰਹ ਅੱਡੀ ਖੜ੍ਹੀ ਸੀ। ਅਸੀਂ ਮਾੜੇ ਕਬੂਤਰ ਵਾਂਗ ਆਪਣੇ ਖੰਭ ਬਚਾ ਰਹੇ ਸਾਂ। ਜਦੋਂ ਸਾਡੀ ਘਰਵਾਲੀ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਵਿਚ ‘ਭੀਮ-ਸੈਨ’ ਜਿੰਨਾ ਬਲ ਆ ਜਾਂਦਾ ਹੈ। ਭਾਵੇਂ ਅਸੀਂ ਕਬੱਡੀ ਦੇ ਘਾਗ ਖਿਡਾਰੀ ਰਹੇ ਹਾਂ, ਪਰ ਹੁਣ ਤੱਕ ਘਰਵਾਲੀ ਨੂੰ ‘ਜੱਫਾ’ ਨਹੀਂ ਲਾ ਸਕੇ। ਦਿਲ ਹੀ ਨਹੀਂ ਪੈਂਦਾ। ਜਦੋਂ ਮਨ ਕਮਜ਼ੋਰ ਹੋਵੇ, ਤਨ ਆਪੇ ਕਮਜ਼ੋਰ ਹੋ ਜਾਂਦਾ ਹੈ!
ਖੈਰ! ਘਰਵਾਲੀ ਦੀ ਅੱਧੀ ਕੁ ਸਹਿਮਤੀ ਲੈ ਕੇ ਮੈਂ ਮਿੱਤਰਾਂ ਅੱਗੇ ਵਿਸਕੀ ਦੀ ਬੋਤਲ ਰੱਖ ਦਿੱਤੀ। ਨਾਲ ਦੀ ਨਾਲ ਮੈਨੂੰ ਡਰ ਵੀ ਖਾਈ ਜਾ ਰਿਹਾ ਸੀ ਕਿ ਮੁਫਤ ਦੀ ਚੜ੍ਹਦੀ ਵੀ ਬਹੁਤ ਛੇਤੀ ਹੈ। ਕਿਤੇ ਕੋਈ ਅਵਲੀ-ਸਵਲੀ ਗੱਲ ਨਾ ਮੂੰਹੋਂ ਕੱਢ ਮਾਰਨ, ਜਿਸ ਕਾਰਨ ਸਾਨੂੰ ਘਰਵਾਲੀ ਦੇ ਗੁੱਸੇ ਦਾ ਸਿ਼ਕਾਰ ਹੋਣਾ ਪਵੇ! ਮਿੱਤਰਾਂ ਨੇ ਪੈੱਗ-ਸ਼ੈੱਗ ਲਾ ਕੇ ਮੇਰੇ ਜਨਮ ਦਿਨ ਦੇ ‘ਸੋਹਿਲੇ’ ਗਾਉਣੇ ਸ਼ੁਰੂ ਕਰ ਦਿੱਤੇ, “ਸਾਡੇ ਬਾਈ ਜੀ ਪੰਜਾਹਾਂ ਸਾਲਾਂ ਦੇ ਹੋ ਗਏ, ਹੈਪੀ ਬਰਥ ਡੇ ਟੂ ਯੂ…! ਰੱਬ ਬਾਈ ਜੀ ਦੀ ਉਮਰ ਲੰਮੀ ਕਰੇ, ਅਗਲੇ ਸਾਲ ਫੇਰ ਆਈਏ!” ਉਹ ਮੀਰਜਾਦਿਆਂ ਵਾਂਗ ਅਸੀਸਾਂ ਜਿਹੀਆਂ ਦੇ ਰਹੇ ਸਨ। ਇੱਕ ਪੀ ਕੇ ਆਖੀ ਜਾ ਰਿਹਾ ਸੀ, “ਸੱਚੇ ਪਾਤਸ਼ਾਹ, ਸਾਡੇ ਬਾਈ ਜੀ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੀਂ।”
ਕਿਸੇ ਨੂੰ ਕਿਸੇ ਦੀ ਗੱਲ ਪੂਰੀ ਸਮਝ ਨਹੀਂ ਆ ਰਹੀ ਸੀ। ਫੇਰ ਇਕ ਉੱਭੜਵਾਹੇ ਬੋਲਿਆ, “ਬਾਈ ਜੀ ਪੰਜਾਹਾਂ ਦੇ, ਤੇ ਸਾਡੇ ਭਰਜਾਈ ਜੀ ਤਾਂ ਫੇਰ ਸੱਠ ਨੂੰ ਟੱਪਗੇ ਹੋਣੇ ਐਂ?” ਅਸੀਂ ਉਸ ਦੇ ਮੂੰਹ ਅੱਗੇ ਹੱਥ ਦੇ ਕੇ ਮਸਾਂ ਹੀ ਰੋਕਿਆ, ਪਰ ਫਿਰ ਵੀ ਉਹ ਬਲਦ ਵਾਂਗ ਉਗਾਲਾ ਜਿਹਾ ਕਰਦਾ ਹੋਇਆ, ਗੱਲ ਪੂਰੀ ਕਰ ਗਿਆ। ਤੀਜਾ ਬੋਲਿਆ, “ਚਲੋ ਰੱਬ ਉਨ੍ਹਾਂ ਦੀ ਆਤਮਾ ਨੂੰ ਵੀ ਸ਼ਾਂਤੀ ਬਖਸ਼ੇ!” ਸ਼ੁਕਰ ਕੀਤਾ ਪਤਨੀ ਜੀ ਰਸੋਈ ਵਿਚ ਸਨ। ਮੌਕਾ ਸਾਂਭਦਿਆਂ ਅਸੀਂ ਕਿਹਾ, “ਚਲੋ ਬਈ ਹੁਣ ਬੱਚਿਆਂ ਦੀ ਵਾਰੀ ਐ।”
ਮੇਰੇ ਆਖਣ ਦੀ ਦੇਰ ਸੀ ਕਿ ਉਨ੍ਹਾਂ ਨੇ ‘ਕਵੀਸ਼ਰੀ’ ਕਰਨੀ ਸ਼ੁਰੂ ਕਰ ਦਿੱਤੀ, “ਬਾਈ ਹੋਇਆ ਪੰਜਾਹਾਂ ਦਾ, ਸੱਠ ਸਾਲਾਂ ਤੋਂ ਟੱਪ`ਗੀ ਭਾਬੀ….ਡੱਬ ਪੈਗੇ ਮੁਖੜੇ ‘ਤੇ, ਪਹਿਲਾਂ ਸ੍ਹੀਗਾ ਰੰਗ ਗੁਲਾਬੀ…!” ਬੋਲੀ ਸੁਣ ਕੇ ਮੇਰਾ ਸਰੀਰ ‘ਥਰ-ਥਰ’ ਕੰਬਣ ਲੱਗ ਪਿਆ; ਪਰ ਸ਼ਾਇਦ ਘਰਵਾਲੀ ਨੂੰ ਕਿਚਨ ਵਿਚ ਸੁਣਿਆ ਨਹੀਂ ਸੀ, ਸ਼ੁਕਰ ਰੱਬ ਦਾ! ਪਰ ਖੋਟੇ ਕਰਮ ਮੇਰੇ, ਬੋਲੀ ਦੂਜੇ ਭਾਈਬੰਦ ਨੇ ਚੁੱਕ ਲਈ, “ਹੁਣ ਬੁੱਢੜੀ ਹੋ ਗਈ ਐ, ਮੁਸ਼ਕੀ ਰੰਗ ਜਾਵੇ ਪਿਆ ਖੁਰਦਾ…ਸੈਂਡਲ ਪਾ ਤੁਰਦੀ ਐ, ਕੁੱਕੜ ਜਿਉਂ ਸੂਲਾਂ ‘ਤੇ ਤੁਰਦਾ…!”
ਮੈਂ ਛੇਤੀ ਨਾਲ ਡਰਾਇੰਗ-ਰੂਮ ਦਾ ਦਰਵਾਜਾ ਬੰਦ ਕੀਤਾ ਅਤੇ ਹੱਥ ਜੋੜ ਕੇ ਚੁੱਪ ਦਾ ਦਾਨ ਬਖਸ਼ਣ ਲਈ ਬੇਨਤੀ ਭਰਿਆ ਇਸ਼ਾਰਾ ਕੀਤਾ; ਪਰ ਤੀਜੇ ਮਾਈ ਦੇ ਲਾਲ ਨੇ ਕਸਰ ਹੀ ਪੂਰੀ ਕਰ ਦਿੱਤੀ, “ਚਾਹੇ ਮੌਲੀ ਹੋ`ਗੀ ਐ, ਮਿਰਚਾਂ ਨਾਲ ਨੈਣਾਂ ਦੇ ਭੋਰੇ…ਵਿਚ ਚੁੰਨ੍ਹੀਆਂ ਅੱਖੀਆਂ ਦੇ, ਖਿੱਚਦੀ ਅਜੇ ਕੱਜਲ ਦੇ ਡੋਰੇ…!” ਸੁਣ ਕੇ ਮੇਰਾ ਸੀਤ ਨਿਕਲ ਗਿਆ।
ਘਰਵਾਲੀ ਨੂੰ ਪਤਾ ਲੱਗ ਗਿਆ ਕਿ ਕਵੀਸ਼ਰੀ ਉਸ ਦੇ ਸਬੰਧ ਵਿਚ ਹੀ ਕੀਤੀ ਜਾ ਰਹੀ ਸੀ। ਉਹ ਹਨੇਰੀ ਵਾਂਗ ਡਰਾਇੰਗ-ਰੂਮ ਵਿਚ ਆਈ। ਉਸ ਦਾ ਜਾਹੋ-ਜਲਾਲ ਦੇਖ ਕੇ ਭਾਈਬੰਦਾਂ ਦੇ ਸਾਹ ਸੂਤੇ ਗਏ। ਇੱਕ ਦਮ ਚੁੱਪ ਛਾ ਗਈ। ਅਸੀਂ ਆਪਣੀ ਸ਼ਾਮਤ ਆਈ ਸਮਝੀ। ਮੈਂ ਮੌਕਾ ਸਾਂਭ ਕੇ ਆਖਿਆ, “ਚੱਲੋ ਬਈ ਆਪਾਂ ਹੁਣ ਬਾਗੋਬਾਗ ਹੋ ਗਏ ਆਂ। ਆਪਾਂ ਜਨਮ ਦਿਨ ਮਨਾ ਲਿਆ, ਹੁਣ ਬੱਚਿਆਂ ਦੀ ਵਾਰੀ ਐ।”
ਮੈਂ ਭਾਈਬੰਦਾਂ ਨੂੰ ਬਾਹੋਂ ਫੜ, ਆਲਸੀ ਕੱਟੇ ਵਾਂਗ ਬਾਹਰ ਧੂਹ ਲਿਆਇਆ। ਘਰਵਾਲੀ ਦੀਆਂ ਅੱਖਾਂ ਦਾ ਸੇਕ ਮੈਨੂੰ ਬਾਹਰ ਤੱਕ ਆ ਰਿਹਾ ਸੀ। ਜਦੋਂ ਮੈਂ ਉਨ੍ਹਾਂ ਨੂੰ ਬਾਹਰ ਛੱਡ ਕੇ ਮੁੜਿਆ ਤਾਂ ਘਰਵਾਲੀ ਜੀ ਮੇਰੇ ‘ਤੇ ‘ਰਾਸ਼ਣ-ਪਾਣੀ’ ਲੈ ਕੇ ਚੜ੍ਹ ਗਏ। ਭਾਈਬੰਦਾਂ ਨੂੰ ਬੇਵਕੂਫ, ਜੰਗਲੀ, ਬਦਮਗਜ, ਬਦਮਾਸ਼, ਗੁੰਡੇ ਅਤੇ ਹੋਰ ਪਤਾ ਨਹੀਂ ਕੀ-ਕੀ ਵਿਸੇ਼ਸ਼ਣ ਲਾ ਦਿੱਤੇ। ਘਰਵਾਲੀ ਦਾ ਪੱਖ ਪੂਰਨਾ ਤਾਂ ਮੇਰਾ ‘ਪਹਿਲਾ ਕਰਮ’ ਸੀ, ਕਿਉਂਕਿ ਮੈ ‘ਜਨਮ-ਦਿਨ’ ਅਤੇ ‘ਫੱਟੜ-ਦਿਨ’ ਇੱਕੋ ਦਿਨ ਹੀ ਨਹੀਂ ਚਾਹੁੰਦਾ ਸੀ। ਮੈਂ ਢਿੱਲੇ ਜਿਹੇ ਹੁੰਦੇ ਨੇ ਆਖਿਆ, “ਸੱਚੀਂ ਮੂਰਖ ਐ ਸਾਲੇ…! ਇਨ੍ਹਾਂ ਨੂੰ ਇਹ ਨ੍ਹੀਂ ਪਤਾ ਬਈ ਬੰਦੇ ਦਾ ਮਨ ਨਾ ਬੁੱਢਾ ਹੋਵੇ, ਬੰਦਾ ਬੁੱਢਾ ਨ੍ਹੀਂ ਹੁੰਦਾ…! ਪੰਜਾਹ-ਸੱਠ ਸਾਲ ਵੀ ਸਾਲੀ ਕੋਈ ਉਮਰ ਹੁੰਦੀ ਐ…?”
ਘਰਵਾਲੀ ਨੂੰ ਸਾਡੇ ‘ਤੀਸਰੇ ਬਚਨ’ ਤੋਂ ਸੰਤੁਸ਼ਟੀ ਹੋਈ ਅਤੇ ਆਖਣ ਲੱਗੀ, “ਗੋਲੀ ਮਾਰੋ ਉਨ੍ਹਾਂ ਦੇ! ਹੁਣ ਤੁਸੀਂ ਜੁਆਕਾਂ ਨਾਲ ਜਨਮ ਦਿਨ ਮਨਾਓ!” ਤਾਂ ਸਾਡੀ ਵੀ ਧੜਕਦੀ ਕੌਡੀ ਥਾਂ ਸਿਰ ਆਉਣ ਲੱਗੀ ਅਤੇ ਅਸੀਂ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਉਣ ਵਿਚ ਰੁੱਝ ਗਏ।