ਸੁਹੇਲੇ ਦੀ ਪੁਸਤਕ ਰੁਸਤਮ-ਏ-ਕਬੱਡੀ ਬਲਵਿੰਦਰ ਫਿੱਡਾ

ਪ੍ਰਿੰ. ਸਰਵਣ ਸਿੰਘ
ਸਤਵਿੰਦਰ ਸਿੰਘ ਸੁਹੇਲਾ ਅਲਬੇਲਾ ਖੇਡ ਲੇਖਕ ਸੀ। ਅਲੋਕਾਰ ਕਾਰਜ ਕਰਨ ਵਾਲਾ। ਉਸ ਨੇ ਖੇਡ ਪੁਸਤਕ ਨਹੀਂ, ਕਬੱਡੀ ਦੇ ਧੱਕੜ ਧਾਵੀ ਬਲਵਿੰਦਰ ਫਿੱਡੇ ਦੀ ਖੇਡ ਐਲਬਮ ਛਾਪੀ, ਜਿਸ ਨੂੰ ਕੌਫੀ ਟੇਬਲ ਬੁੱਕ ਵੀ ਕਿਹਾ ਜਾ ਸਕਦੈ। ਹਰ ਸਫੇ ‘ਤੇ ਰੰਗੀਨ ਤਸਵੀਰਾਂ ਅਤੇ ਹਰ ਪੰਨੇ ‘ਤੇ ਗੁਰਬਾਣੀ ਦੀਆਂ ਤੁਕਾਂ। ਛਪਾਈ ਹਜ਼ਾਰਾਂ ‘ਚ ਨਹੀਂ, ਲੱਖਾਂ ‘ਚ ਪਈ ਹੋਵੇਗੀ। ਉਹ ਹਰ ਗੱਲ ਹੋਰਨਾਂ ਤੋਂ ਹਟਵੀਂ ਕਰਦਾ। ਖਾਲਸਾ ਰੂਪ ਵਿਚ ਸਭਨਾਂ ਤੋਂ ਨਿਆਰਾ ਦਿਸਦਾ। ਉਹਨੇ ਮਾੜੀ ਗੱਲ ਇਹ ਕੀਤੀ ਕਿ ਪੰਜਾਹ ਸਾਲ ਦਾ ਹੋਣ ਤੋਂ ਪਹਿਲਾਂ ਹੀ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਅੰਨ੍ਹੇ ਖੂਹ ‘ਚ ਛਾਲ ਮਾਰ ਗਿਆ। ਪਿੱਛੇ ਦੋ ਬੱਚੇ, ਖੇਡਾਂ ਦਾ ਸਮਾਨ, ਖੇਡ ਪੁਸਤਕਾਂ, ਵਰਦੀਆਂ ਤੇ ਟਰੈਕ ਸੂਟ, ਕੱਪ ਤੇ ਸ਼ੀਲਡਾਂ, ਚੋਖੀ ਜ਼ਮੀਨ ਜਾਇਦਾਦ ਅਤੇ ਬੰਗੇ ਵਿਚ ਮਾਲ ਮੱਤੇ ਨਾਲ ਭਰਿਆ ਸੁਹੇਲਾ ਸਟੋਰ ਸੁੰਨਾ ਛੱਡ ਗਿਆ। ਹੁਣ ਉਹਦੀਆਂ ਯਾਦਾਂ ਰਹਿ ਗਈਆਂ ਹਨ ਜਾਂ ਖੇਡ ਰਚਨਾਵਾਂ।

ਮੈਨੂੰ ਉਹ 2000 ਦੇ ਆਸ-ਪਾਸ ਗੁਰਜੀਤ ਸਿੰਘ ਪੁਰੇਵਾਲ ਨਾਲ ਹਕੀਮਪੁਰ ਮਿਲਿਆ ਸੀ। ਉੱਚਾ ਲੰਮਾ ਕੱਦ, ਕੇਸਰੀ ਫਿਫਟੀ ‘ਤੇ ਕਾਲੀ ਪੱਗ, ਮੋਟਾ ਕੜਾ, ਮੋਟੀਆਂ ਅੱਖਾਂ, ਭਰਵੀਆਂ ਮੁੱਛਾਂ ਤੇ ਲੰਮੀ ਝੂਲਦੀ ਦਾੜ੍ਹੀ। ਫਿਰ ਉਹ ਹਰ ਸਾਲ ਪੁਰੇਵਾਲ ਖੇਡ ਮੇਲੇ ਵਿਚ ਮਿਲਦਾ। ਪੁਰੇਵਾਲ ਖੇਡਾਂ ਦੀ ਉਹ ਰੂਹ ਸੀ। ਖੇਡ ਮੇਲੇ ਦੇ ਸੱਦਾ ਪੱਤਰ ਤੇ ਇਸ਼ਤਿਹਾਰ ਛਪਵਾਉਣ ਤੋਂ ਲੈ ਕੇ ਕੱਪ, ਟਰਾਫੀਆਂ ਤੇ ਗੁਰਜਾਂ ਖਰੀਦਣ ਅਤੇ ਖੇਡ ਸਮਾਨ ਦਾ ਸੁਹੇਲਾ ਹੀ ਕਾਰਮੁਖਤਾਰ ਹੁੰਦਾ ਸੀ। ਉਹ ਤੇ ਗੁਰਜੀਤ ਪੁਰੇਵਾਲ ਸਿੱਖ ਨੈਸ਼ਨਲ ਕਾਲਜ ਬੰਗੇ ਵਿਚ ‘ਕੱਠੇ ਪੜ੍ਹਦੇ ਤੇ ਖੇਡਦੇ ਰਹੇ ਸਨ। ਪੁਰਾਣੇ ਜਾਣੂੰ ਸਨ। ਉਹਦੇ ਹੱਥੀਂ ਮੇਲੇ ਦੇ ਲੱਖਾਂ ਰੁਪਏ ਖਰਚ ਹੁੰਦੇ।
ਬੱਸ ਉਦੋਂ ਕੁ ਹੀ ਉਸ ਨੇ ਆਪਣੀ ਐਲਬਮਨੁਮਾ ਪੋਥੀ ‘ਰੁਸਤਮ-ਏ-ਕਬੱਡੀ ਬਲਵਿੰਦਰ ਸਿੰਘ ਫਿੱਡਾ’ ਮੈਨੂੰ ਪਿਆਰ ਸਤਿਕਾਰ ਸਹਿਤ ਭੇਟ ਕੀਤੀ। ਮੈਨੂੰ ਉਸ ਪੋਥੀ ਵਿਚੋਂ ਉਹਦੀ ਲਿਖਤ, ਸ਼ੌਕ ਤੇ ਜਨੂੰਨ ਦੇ ਦਰਸ਼ਨ ਹੋਏ। ਬਲਵਿੰਦਰ ਫਿੱਡੇ ਬਾਰੇ ਕਾਫੀ ਕੁਝ ਪਤਾ ਲੱਗਾ, ਜੋ ਮੈਨੂੰ ਫਿੱਡੇ ਦਾ ਰੇਖਾ ਚਿੱਤਰ ਲਿਖਣ ਵਿਚ ਸਹਾਈ ਹੋਇਆ। ਮੋਟੇ ਮੋਮੀ ਕਾਗਜ਼ ਦੇ ਹਰ ਸਫੇ `ਤੇ ਛਪੀਆਂ ਰੰਗੀਨ ਤਸਵੀਰਾਂ ਵਾਲੀ ਇਸ ਪੋਥੀ ਦੇ 242 ਪੰਨੇ ਹਨ। ਜਿਲਦ ਵੀ ਮੋਟੀ ਹੈ। ਤੋਲੀ ਤਾਂ ਨਹੀਂ, ਪਰ ਇਸ ਦਾ ਭਾਰ ਦੋ ਕਿੱਲੋ ਦੇ ਕਰੀਬ ਹੋਵੇਗਾ। ਰੀਵੀਊ ਕਰਨ ਵੇਲੇ ਮੈਂ ਇਸ ਵੱਡਅਕਾਰੀ ਪੁਸਤਕ ਨੂੰ ‘ਕਬੱਡੀ ਦਾ ਗ੍ਰੰਥ’ ਕਹਿ ਕੇ ‘ਪੰਜਾਬੀ ਟ੍ਰਿਬਿਊਨ’ ਨੂੰ ਭੇਜ ਦਿੱਤਾ। ਜਦ ਰੀਵੀਊ ਛਪਿਆ ਤਾਂ ਫਿੱਡੂ ਦੇ ਫੈਨਾਂ ਨੇ ਉਹਦੀਆਂ ਸੈਂਕੜੇ ਫੋਟੋਸਟੈਟ ਕਾਪੀਆਂ ਕਬੱਡੀ ਖਿਡਾਰੀਆਂ, ਕਬੱਡੀ ਪ੍ਰੇਮੀਆਂ ਤੇ ਖੇਡ ਅਧਿਕਾਰੀਆਂ ਨੂੰ ਭੇਜੀਆਂ। ਸ. ਸੁਖਦੇਵ ਸਿੰਘ ਢੀਂਡਸਾ ਉਦੋਂ ਕੇਂਦਰੀ ਖੇਡ ਮੰਤਰੀ ਸਨ। ਉਹਦੇ ਤਕ ਵੀ ਬਲਵਿੰਦਰ ਫਿੱਡੂ ਦੀ ਸ਼ੋਭਾ ਜਾ ਪੁੱਜੀ। ਸਿੱਟੇ ਵਜੋਂ ਫਿੱਡੇ ਨੂੰ ਖੇਡਾਂ ਦਾ ਪੁਰਸਕਾਰ ਅਰਜਨਾ ਅਵਾਰਡ ਮਿਲ ਗਿਆ। ਉਸ ਤੋਂ ਪਹਿਲਾਂ ਕੁਝ ਸਮੇਂ ਤੋਂ ਫਿੱਡਾ ਬਿਮਾਰ ਚੱਲ ਰਿਹਾ ਸੀ। ਅਸਲ ਵਿਚ ਅਰਜਨਾ ਅਵਾਰਡ ਉਡੀਕਦਾ ਹੀ ਉਹ ਡਿਪਰੈਸ਼ਨ ਵਿਚ ਚਲਾ ਗਿਆ ਸੀ। ਅਵਾਰਡ ਮਿਲਣ ਨਾਲ ਫਿੱਡੂ ਦੀ ਬਿਮਾਰੀ ਆਪਣੇ ਆਪ ਠੀਕ ਹੋ ਗਈ ਤੇ ਉਹ ਸੁਹੇਲੇ ਵਾਂਗ ਖਾਲਸਾ ਸਜ ਕੇ ਮੁੜ ਚੜ੍ਹਦੀ ਕਲਾ ਵਿਚ ਵਿਚਰਨ ਲੱਗਾ।
ਪੁਸਤਕ ਭਾਰੀ ਹੋਣ ਦੇ ਬਾਵਜੂਦ ਮੈਂ ਇਸ ਨੂੰ ਆਪਣੇ ਨਾਲ ਹੀ ਕੈਨੇਡਾ ਲੈ ਆਇਆ ਸਾਂ, ਜੋ ਮੇਰੀ ਲਾਇਬ੍ਰੇਰੀ ਦਾ ਸਿ਼ੰਗਾਰ ਬਣੀ। ਪੰਜਾਬੀ ਖੇਡ ਸਾਹਿਤ ਦਾ ਕਾਲਮ ਲਿਖਦਿਆਂ ਇਹ ਮੇਰੀ ਨਿਗ੍ਹਾ ਚੜ੍ਹ ਗਈ। ਇਹਨੂੰ ਮੁੜ ਪੜ੍ਹ ਕੇ ਮੇਰਾ ਮਨ ਸਤਵਿੰਦਰ ਸਿੰਘ ਸੁਹੇਲਾ ਉਰਫ ‘ਸਿ਼ੰਦਾ’ ਅਤੇ ਬਲਵਿੰਦਰ ਸਿੰਘ ਉਰਫ ‘ਫਿੱਡਾ’ ਦੀਆਂ ਗੱਲਾਂ ਕਰਨ ਨੂੰ ਕਰ ਆਇਆ ਹੈ। ਸੁਹੇਲਾ ਆਪਣੇ ਆਪ ਨੂੰ ਦਾਸਨਿ-ਏ-ਦਾਸ ਕਹਿੰਦਾ ਸੀ। ਲਿਖਦਾ ਸੀ, ‘ਸਾਹਿਬ ਹੱਥ ਵਡਿਆਈਆ, ਜਿਸ ਭਾਵੈ ਤਿਸੁ ਦੇਇ।’ ਵੇਖਣ ਵਾਲੇ ਨੂੰ ਉਹ ਤਿਆਰ-ਬਰ-ਤਿਆਰ ਖਾਲਸਾ ਲੱਗਦਾ ਸੀ। ਛੇ ਫੁੱਟ ਤੋਂ ਉੱਚਾ ਕੱਦ, ਨਿੱਗਰ ਲੱਤਾਂ ਬਾਹਾਂ ਤੇ ਉੱਚਾ ਭਾਰਾ ਬੋਲ। ਸਰੀਰਕ ਭਾਰ ਵੀ ਸੁੱਖ ਨਾਲ ਕੁਇੰਟਲ ਤੋਂ ਉਪਰ ਸੀ। ਉਹਦਾ ਜਨਮ ਕਿਸਾਨੀ ਪਰਿਵਾਰ ਵਿਚ 1950ਵਿਆਂ `ਚ ਬੰਗੇ ਨੇੜਲੇ ਪਿੰਡ ਕਲੇਰਾਂ ਵਿਚ ਹੋਇਆ ਸੀ, ਜਿਥੋਂ ਦਾ ਗੁਰੂ ਨਾਨਕ ਹਸਪਤਾਲ ਢਾਹਾਂ ਕਲੇਰਾਂ ਪ੍ਰਸਿੱਧ ਹੈ। ਉਸ ਦਾ ਬਾਨੀ ਬਾਬਾ ਬੁੱਧ ਸਿੰਘ ਸੀ। ਬਾਬਾ ਬੁੱਧ ਸਿੰਘ ਦਾ ਸਪੁੱਤਰ ਬਰਜ ਸਿੰਘ ਢਾਹਾਂ, 2014 ਤੋਂ ਪੰਜਾਬੀ ਸਾਹਿਤ ਵਿਚ ਪੈਸਿਆਂ ਪੱਖੋਂ ਸਭ ਤੋਂ ਵੱਡੇ 25+10+10 ਪੰਤਾਲੀ ਹਜ਼ਾਰ ਡਾਲਰ ਦੇ ਤਿੰਨ ਪੁਰਸਕਾਰ ਹਰ ਸਾਲ ਪੰਜਾਬੀ ਨਾਵਲਕਾਰਾਂ ਤੇ ਕਹਾਣੀਕਾਰਾਂ ਨੂੰ ਦੇ ਰਿਹੈ।
ਸੁਹੇਲਾ ਮੁਢਲੀਆਂ ਜਮਾਤਾਂ ਪਿੰਡੋਂ ਪਾਸ ਕਰ ਕੇ ਸਿੱਖ ਨੈਸ਼ਨਲ ਕਾਲਜ ਬੰਗੇ ਵਿਚ ਪੜ੍ਹਾਈ ਨਾਲ ਖੇਡਾਂ ਵਿਚ ਵੀ ਭਾਗ ਲੈਣ ਲੱਗ ਪਿਆ ਸੀ। ਖੇਡਣ ਨੂੰ ਤਾਂ ਉਹ ਗੁਰਜੀਤ ਪੁਰੇਵਾਲ ਹੋਰਾਂ ਨਾਲ ਕਬੱਡੀ ਵੀ ਖੇਡ ਲੈਂਦਾ ਸੀ, ਪਰ ਹੈਮਰ ਥਰੋਅ ਕਰਨਾ ਉਹਦਾ ਮੁੱਖ ਈਵੈਂਟ ਸੀ। ਉਹ ਵੇਟਲਿਫਟਿੰਗ ਵੀ ਕਰਦਾ ਤੇ ਸਟੇਜ ‘ਤੇ ਵੀ ਚੜ੍ਹਦਾ। ਮਸ਼ਹੂਰੀ ਹੋਣੀ ਹੀ ਸੀ। ਫਿਰ ਉਹਦੀ ਲਵ-ਮੈਰਿਜ ਹੋ ਗਈ ਤੇ ਮੀਆਂ-ਬੀਵੀ ਦੋ ਬੱਚਿਆਂ ਦੇ ਮਾਪੇ ਬਣ ਗਏ। ਰੱਬ ਜਾਣੇ ਝਗੜਾ ਕਿਉਂ ਹੋਇਆ, ਪਰ ਜਿੰਨੇ ਮੂੰਹ ਉਨੀਆਂ ਗੱਲਾਂ ਜ਼ਰੂਰ ਹੋਈਆਂ। ਕੋਈ ਕਹੇ ਜਾਇਦਾਦ ਦਾ ਝਗੜਾ ਸੀ, ਕੋਈ ਕੁਝ ਕਹੇ, ਕੋਈ ਕੁਝ। ਅਖੀਰ ਸਾਰੇ ਇਹੋ ਕਹਿਣ ਬਈ ਬਹੁਤ ਮਾੜੀ ਹੋਈ।
ਬਾਲ ਬੱਚੇਦਾਰ ਬਣ ਕੇ ਸਤਵਿੰਦਰ ਸਿ਼ੰਦੇ ਨੇ ਆਪਣੇ ਨਾਂ ਨਾਲੋਂ ਸਿ਼ੰਦਾ ਲਾਹ ਕੇ ਤਖੱਲਸ ‘ਸੁਹੇਲਾ’ ਜੋੜ ਲਿਆ ਅਤੇ ਬੰਗੇ ਦੀ ਮੇਨ ਸੜਕ `ਤੇ ‘ਸੁਹੇਲਾ ਸਟੋਰ’ ਖੋਲ੍ਹ ਲਿਆ। ਮੈਂ ਢੁੱਡੀਕੇ ਕਾਲਜ ਤੋਂ ਅਮਰਦੀਪ ਕਾਲਜ ਮੁਕੰਦਪੁਰ ਚਲਾ ਗਿਆ। ਮੈਨੂੰ ਵੀ ਸੁਹੇਲਾ ਸਟੋਰ `ਚ ਜਾਣ ਦਾ ਮੌਕਾ ਮਿਲਿਆ। ਉਹਦੀਆਂ ਕੰਧਾਂ `ਤੇ ਖਿਡਾਰੀਆਂ `ਤੇ ਪਹਿਲਵਾਨਾਂ ਦੀਆਂ ਤਸਵੀਰਾਂ ਜੜਾ ਕੇ ਲਾਈਆਂ ਹੋਈਆਂ ਸਨ। ਵਿਚੇ ਕਿੱਕਰ ਸਿੰਘ, ਵਿਚੇ ਗਾਮਾ ਤੇ ਵਿਚੇ ਮਿਲਖਾ ਸਿੰਘ। ਵਿਚੇ ਬਲਬੀਰ ਸਿੰਘ ਕੰਵਲ ਤੇ ਹੋਰ ਖੇਡ ਲੇਖਕ। ਉਥੇ ਖੇਡ ਸਾਹਿਤ ਦੀਆਂ ਕਿਤਾਬਾਂ ਸਿ਼ੰਗਾਰ ਕੇ ਰੱਖੀਆਂ ਹੋਈਆਂ ਸਨ। ਮੇਰੀਆਂ ਕਿਤਾਬਾਂ ਵੀ ਪਈਆਂ ਸਨ। ਸੁਹੇਲੇ ਨੇ ਮੇਰੀ ਮੇਜ਼ ਕੁਰਸੀ `ਤੇ ਬਹਾ ਕੇ ਫੋਟੋ ਲੁਹਾਈ ਤੇ ਸ਼ੀਸ਼ੇ ਵਿਚ ਜੜਾ ਕੇ ਹੋਰਨਾਂ ਤਸਵੀਰਾਂ ਵਿਚ ਲਾਈ। ਕਾਜੂ ਬਦਾਮ ਖੁਆਏ ਤੇ ਜੂਸ ਪਿਲਾਇਆ। ਆਏ ਗਏ ਦੀ ਸੇਵਾ ਕਰ ਕੇ ਉਹ ਬਹੁਤ ਖੁਸ਼ ਹੁੰਦਾ ਸੀ। ਉਹਦਾ ਸਟੋਰ ਉਪਰਲੀ ਛੱਤ `ਤੇ ਸੀ। ਚੁਬਾਰੇ ਦੀ ਬਾਰੀ `ਚੋਂ ਜੇ ਕਿਸੇ ਖਿਡਾਰੀ ਜਾਂ ਖੇਡ ਪ੍ਰੋਮੋਟਰ ਨੂੰ ਸੜਕ `ਤੇ ਵੇਖ ਲੈਂਦਾ ਤਾਂ ਥੱਲੇ ਉੱਤਰ ਕੇ ਉਪਰ ਲੈ ਜਾਂਦਾ ਅਤੇ ਦੁਕਾਨਦਾਰ ਨੂੰ ਦੁੱਧ ਜਾਂ ਜੂਸ ਦਾ ਆਰਡਰ ਕਰ ਜਾਂਦਾ। ਆਮ ਗੱਲਾਂ ਕਰਦਾ ਅਗਮ ਨਿਗਮ ਦੀਆਂ ਗੱਲਾਂ ਤੋਰ ਲੈਂਦਾ। ਉਹਦਾ ਭੇਤ ਪਾਉਣਾ ਸੌਖਾ ਨਹੀਂ ਸੀ।
ਉਹਦੀ ਰੁਸਤਮ-ਏ-ਕਬੱਡੀ ਐਲਬਮ ਦੇ ਟਾਈਟਲ ਦੀ ਪਹਿਲੀ ਸਤਰ ਹੈ, ‘ਜਿਸ ਨੋ ਬਖਸੇ ਸਿਫਤਿ ਸਾਲਾਹ ਨਾਨਕ ਪਾਤਿਸਾਹੀ ਪਾਤਿਸਾਹ।’ ਪਹਿਲੇ ਪੰਨੇ `ਤੇ ਛਪਿਆ ਹੈ, ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।’ ਵਾਹਿਗੁਰੂ ਤੇਰਾ ਸ਼ਕਰ-ਸ਼ੁਕਰ ਏ। ਸੱਜੇ ਹਾਸ਼ੀਏ `ਤੇ ਪੰਜਾਬੀ ਤੇ ਅੰਗਰੇਜ਼ੀ `ਚ ਛਪਿਐ: ‘ਪ੍ਰਮਾਤਮਾ ਇਕ ਏ’, ‘ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ।’ ਖੱਬੇ ਹਾਸ਼ੀਏ `ਤੇ ਛਪਿਐ: ‘ਪੰਜਾਬੀਆਂ ਦੀ ਮਾਂ ਖੇਡ ਕਬੱਡੀ-ਕਬੱਡੀ-ਕਬੱਡੀ’ ਤੇ ‘ਨਸ਼ੇ ਛੱਡੋ-ਕਸਰਤ ਕਰੋ।’ ਪੁਸਤਕ ਦੇ ਟਾਈਟਲ ਉਤੇ ਫਿੱਡਾ ਘੋਨੇ ਸਿਰ ਨਾਲ ਕਬੱਡੀ ਪਾ ਰਿਹੈ ਤੇ ਪਹਿਲੇ ਪੰਨੇ ਉਤੇ ਉਹ ‘ਖਾਲਸਾ ਮੇਰੋ ਰੂਪ ਹੈ ਖਾਸ’ ਬਣਿਆ ਖੁੱਲ੍ਹੇ ਦਾੜ੍ਹੇ ਨਾਲ ਸਿਰੋਪਾਓ ਪਾਈ ਚੌਕੜਾ ਮਾਰੀ ਬੈਠੈ। ਅਗਾਂਹ ਏਨਾ ਕੁਛ ਹੈ ਕਿ ਐਲਬਮ ਵੇਖਿਆ ਹੀ ਅਨੰਦ ਮਾਣਿਆ ਜਾ ਸਕਦੈ। ਵਿਚੇ ਫਿੱਡੇ ਦੇ ਮਾਂ-ਪਿਉ, ਭੈਣ-ਭਰਾਵਾਂ, ਦੋਸਤਾਂ-ਮਿੱਤਰਾਂ, ਸਕੇ-ਸੰਬੰਧੀਆਂ, ਖੇਡ ਪ੍ਰੋਮੋਟਰਾਂ ਤੇ ਖੇਡ ਅਧਿਅਕਾਰੀਆਂ ਦੀਆਂ ਤਸਵੀਰਾਂ ਹਨ ਅਤੇ ਵਿਚੇ ਫਿੱਡੇ ਦੀ ਬਰਾਤ, ਸਰਬਾਲੇ ਤੇ ਭੈਣਾਂ ਭਰਜਾਈਆਂ ਦੀਆਂ। ਵਿਚੇ ਅਰਜਨਾ ਅਵਾਰਡ ਲੈਂਦੇ ਤੇ ਪੁਰੇਵਾਲ ਖੇਡ ਮੇਲੇ ਦੀਆਂ। ਜਾਪਦੈ ਪੁਰੇਵਾਲ ਭਰਾਵਾਂ ਨੇ ਇਸ ਐਲਬਮਨੁਮਾ ਪੁਸਤਕ ਦੀ ਛਪਾਈ ਵਿਚ ਯੋਗਦਾਨ ਪਾਇਆ ਹੋਵੇਗਾ। ਐਲਬਮ ਵੇਖਣ ਤੇ ਪੜ੍ਹਨ ਅਤੇ ਬਲਵਿੰਦਰ ਸਿੰਘ ਨੂੰ ਮਿਲਣ ਪਿਛੋਂ ਮੈਂ ਫਿੱਡੇ ਬਾਰੇ ਲਿਖਿਆ:
ਕਬੱਡੀ ਦਾ ਧੱਕੜ ਧਾਵੀ
ਬਲਵਿੰਦਰ ਫਿੱਡਾ ਕਬੱਡੀ ਦਾ ਅੱਵਲ ਨੰਬਰ ਧਾਵੀ ਰਿਹਾ। ਉਸ ਨੇ ਕਬੱਡੀ ਸਿਰੋਂ ਕਰੋੜਾਂ ਰੁਪਏ ਕਮਾਏ ਤੇ ਨਾਮਣਾ ਉਸ ਤੋਂ ਵੀ ਵੱਧ ਖੱਟਿਆ। ‘ਫਿੱਡਾ’ ਨਾਂ ਲੱਖਾਂ ਵਾਰ ਹਵਾਵਾਂ ਦੀਆਂ ਤਰੰਗਾਂ ਵਿਚ ਗੂੰਜਿਆ ਤੇ ਹਜ਼ਾਰਾਂ ਵਾਰ ਲਿਖਿਆ ਗਿਆ। ਪੰਜਾਬੀ ਖੇਡ ਜਗਤ ਵਿਚ ਉਹਦੀ ਮਸ਼ਹੂਰੀ ਦਾ ਕੋਈ ਲੇਖਾ ਨਾ ਰਿਹਾ। 2000 ਦੇ ਆਸ-ਪਾਸ ਮੈਂ ਇੰਗਲੈਂਡ ਗਿਆ ਤਾਂ ਸਾਊਥਾਲ ਦਾ ਇਕ ਕਬੱਡੀ ਪ੍ਰੇਮੀ ਪੁੱਛਣ ਲੱਗਾ, “ਫਿੱਡੇ ਦਾ ਕੀ ਹਾਲ ਐ? ਪਤਾ ਲੱਗੈ ਬਿਮਾਰ ਐ, ਮਰਦਾ-ਮਰਦਾ ਮਸੀਂ ਬਚਿਐ!” ਟੋਰਾਂਟੋ ਗਿਆ ਤਾਂ ਇਕ ਸੱਜਣ ਕਹਿਣ ਲੱਗਾ, “ਮੈਂ ਸੁਣਿਐਂ, ਫਿੱਡਾ ਸਾਧ ਬਣ ਗਿਐ!” ਵੈਨਕੂਵਰ ਵਿਚ ਇਕ ਹੋਰ ਨੇ ਹੋਰ ਈ ਕੱਢ ਮਾਰੀ, ਅਖੇ ਫਿੱਡੇ ਦੇ ਤਾਂ ਸੰਗਲ ਲੱਗਾ ਹੋਇਐ! ਕੈਲੀਫੋਰਨੀਆਂ `ਚ ਖਬਰ ਮਿਲੀ ਕਿ ਫਿੱਡਾ ਸਿੰਘ ਸਜ ਗਿਐ। ਮੈਂ ਫਿੱਡੇ ਦੇ ਬਿਮਾਰ ਹੋਣ ਬਾਰੇ ਤਾਂ ਸੁਣਿਆਂ ਸੀ, ਪਰ ਬਾਹਰ ਜਿੰਨੇ ਮੂੰਹ ਓਨੀਆਂ ਗੱਲਾਂ ਸਨ। ਗੱਲਾਂ ਹੋਣ ਵੀ ਕਿਉਂ ਨਾ? ਪੰਜਾਬੀਆਂ ਦੀ ਧੱਕੜ ਖੇਡ ਕਬੱਡੀ ਵਿਚ ਉਸ ਨੇ ਧੱਕੜ ਧਾਵੀ ਦਾ ਮੁਕਾਮ ਜੁ ਹਾਸਲ ਕਰ ਲਿਆ ਹੋਇਆ ਸੀ। ਉਹ ਲੱਖਾਂ ਦਿਲਾਂ ਦੀ ਧੜਕਣ ਸੀ। ਉਹ ਪਹਿਲਾ ਖਿਡਾਰੀ ਸੀ, ਜਿਸ ਨੇ ਕਬੱਡੀ ਨੂੰ ਡਾਲਰਾਂ/ਪੌਂਡਾਂ ਦੇ ਰਾਹ ਪਾਇਆ ਤੇ ਪੇਸ਼ਾਵਰ ਖੇਡ ਬਣਾਇਆ।
ਪੰਜਾਬ ਪਰਤ ਕੇ ਮੈਂ ਪੁਰੇਵਾਲ ਖੇਡ ਮੇਲੇ ‘ਚ ਫਿੱਡੇ ਨੂੰ ਮਿਲਿਆ। ਮੈਨੂੰ ਉਹ ਸੱਚੀਮੁੱਚੀਂ ਉਦਾਸ ਤੇ ਉਪਰਾਮ ਲੱਗਾ। ਛੇ ਕੁ ਮਹੀਨਿਆਂ ਵਿਚ ਈ ਕਾਫੀ ਬਦਲ ਗਿਆ ਸੀ। ਪੀਲੇ ਚਿਹਰੇ ਉਤੇ ਲੰਮੀਆਂ ਮੁੱਛਾਂ ਤੇ ਲੰਮੀ ਦਾੜ੍ਹੀ ਨਾਲ ਮਸੀਂ ਸਿਆਣਿਆ ਗਿਆ। ਉਹਦੇ ਬੋਲਾਂ ਵਿਚਲਾ ਗੜ੍ਹਕਾ ਗਾਇਬ ਸੀ ਤੇ ਉਹ ਬੜੀ ਹਲੀਮੀ ਨਾਲ ਧੀਮੀ ‘ਵਾਜ਼ ਵਿਚ ਬੋਲ ਰਿਹਾ ਸੀ। ਮੂੰਹ ਉਤੋਂ ਗੁੱਸੇ ਗਿਲੇ ਦੀ ਝਲਕ ਸਾਫ ਪੜ੍ਹੀ ਜਾ ਸਕਦੀ ਸੀ। ਉਸ ਨੂੰ ਰੰਜ ਸੀ ਕਿ ਅਰਜਨਾ ਅਵਾਰਡ ਨਾ ਦੇ ਕੇ ਉਸ ਨਾਲ ਨੰਗਾ ਚਿੱਟਾ ਵਿਤਕਰਾ ਕੀਤਾ ਜਾ ਰਿਹਾ ਸੀ। ਕੋਈ ਹਾਅ ਦਾ ਨਾਹਰਾ ਵੀ ਨਹੀਂ ਸੀ ਮਾਰ ਰਿਹਾ, ਸਗੋਂ ਸ਼ਰੀਕ ਚਹੇਡਾਂ ਕਰ ਰਹੇ ਸਨ। ਉਹ ਡਿਪਰੈਸ਼ਨ ਦਾ ਸਿ਼ਕਾਰ ਹੋ ਗਿਆ ਸੀ।
ਖੁੱਲ੍ਹ ਕੇ ਗੱਲਾਂ ਬਾਤਾਂ ਹੋਈਆਂ ਤਾਂ ਮਾਲੂਮ ਹੋਇਆ ਕਿ ਉਹ ਫਗਵਾੜੇ ਦੇ ਕਿਸੇ ਵੈਦ ਹਕੀਮ ਤੋਂ ਆਪਣਾ ਇਲਾਜ ਕਰਵਾ ਰਿਹਾ ਸੀ। ਗਰਮੀਆਂ ‘ਚ ਜਰਮਨੀ ਤੋਂ ਇਲਾਜ ਕਰਾਉਣ ਬਾਰੇ ਸੋਚ ਰਿਹਾ ਸੀ। ਉਸ ਨੇ ਗੋਡੇ ਦਾ ਇਲਾਜ ਵੀ ਜਰਮਨੀ ਤੋਂ ਕਰਾਇਆ ਸੀ, ਜੋ ਠੀਕ ਹੋ ਗਿਆ ਸੀ। ਅਸੀਂ ਘਰ-ਪਰਿਵਾਰ ਤੋਂ ਲੈ ਕੇ ਦੇਸ ਪਰਦੇਸ ਤਕ ਦੀਆਂ ਗੱਲਾਂ ਕਰਦੇ ਰਹੇ। ਮੇਰੀ ਮਨਸ਼ਾ ਉਸ ਨੂੰ ਮੁੜ ਚੜ੍ਹਦੀਆਂ ਕਲਾਂ ਵਿਚ ਵੇਖਣ ਦੀ ਸੀ। ਮੈਂ ਆਖਿਆ, “ਇਨਾਮਾਂ ਸ਼ਨਾਮਾਂ ਦੀਆਂ ਗੱਲਾਂ ਦਿਲ ‘ਤੇ ਨਹੀਂ ਲਾਈਦੀਆਂ। ਅਰਜਨਾ ਅਵਾਰਡ ਭਲਾ ਕਿੱਡੀ ਕੁ ਚੀਜ਼ ਐ? ਕਬੱਡੀ ਪ੍ਰੇਮੀਆਂ ਨੇ ਉਸ ਤੋਂ ਕਿਤੇ ਵੱਡੇ ਇਨਾਮ ਬਖਸ਼ੇ ਨੇ। ਤੁਹਾਡੀ ਰੀਸ ਕਿਹੜਾ ਕਰ-ਲੂ? ਚੜ੍ਹਦੀ ਕਲਾ ‘ਚ ਰਹੀਦੈ।” ਮੁਲਾਕਾਤ ਮੁੱਕਣ ਉਤੇ ਉਹ ਸੱਚਮੁੱਚ ਹੀ ਚੜ੍ਹਦੀ ਕਲਾ ਵਿਚ ਸੀ ਤੇ ਉਸ ਨੇ ਮੈਨੂੰ ਆਖ ਵੀ ਦਿੱਤਾ ਕਿ ਲਿਖ ਦਿਓ ਪਈ ਮੈਨੂੰ ਕੁਝ ਨਹੀਂ ਹੋਇਆ।
ਅਗਲੇ ਸਾਲ ਉਸ ਨੂੰ ਅਰਜਨਾ ਅਵਾਰਡ ਵੀ ਮਿਲ ਗਿਆ। ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਅਤੇ ਸੱਜਣਾਂ ਮਿੱਤਰਾਂ ਨਾਲ ਖੁਸ਼ੀ ਸਾਂਝੀ ਕੀਤੀ। ਉਸ ਨੇ ਕਬੱਡੀ ਖੇਡਣੀ ਛੱਡ ਦਿੱਤੀ, ਪਰ ਕਬੱਡੀ ਵੇਖਣੀ ਨਾ ਛੱਡੀ। ਉਹ ਕਬੱਡੀ ਟੂਰਨਾਮੈਂਟਾਂ ‘ਤੇ ਜਾਂਦਾ, ਜਿਥੇ ਫੁੱਲਾਂ ਦੇ ਹਾਰ ਪੈਂਦੇ। ਖੇਡ ਮੇਲਿਆਂ ‘ਚ ਸਿੱਕਿਆਂ ਨਾਲ ਤੋਲਿਆ ਜਾਂਦਾ। 2006 ‘ਚ ਕਪੂਰਥਲੇ ਦੇ ਕਬੱਡੀ ਟੂਰਨਾਮੈਂਟ ਵਿਚ ਉਸ ਨੂੰ ਮਹਿੰਗੀ ਕਾਰ ਨਾਲ ਸਨਮਾਨਿਆ ਗਿਆ। ਭਰਤੀ ਕਾਂਸਟੇਬਲ ਹੋਇਆ ਸੀ, ਰਿਟਾਇਰ ਸੁਪਰਡੰਟ ਪੁਲਿਸ ਬਣ ਕੇ ਹੋਇਆ। ਅੱਜ ਕੱਲ੍ਹ ਉਹ ਸਿਆਲ ‘ਚ ਜਲੰਧਰ ਤੇ ਗਰਮੀਆਂ ‘ਚ ਬਰੈਂਪਟਨ ਰਹਿੰਦੈ।
ਉਸ ਦਾ ਜਨਮ 23 ਮਾਰਚ 1956 ਨੂੰ ਪਿੰਡ ਟਾਂਡੀ ਜਿਲਾ ਕਪੂਰਥਲਾ ਵਿਚ ਲੁਬਾਣੇ ਕਿਸਾਨ ਬੰਤਾ ਸਿੰਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਹੋਇਆ। ਉਹ ਚਾਰ ਭੈਣਾਂ ਤੇ ਚਾਰ ਭਰਾਵਾਂ ਵਿਚਕਾਰ ਚੌਥੀ ਥਾਂ ਜੰਮਿਆ। ਬੀਬੀ ਰਾਜ ਕੌਰ ਨਾਲ ਵਿਆਹਿਆ ਗਿਆ, ਜਿਸ ਦੀ ਕੁੱਖੋਂ ਦੋ ਪੁੱਤਰ-ਸਤਿੰਦਰਜੀਤ ਸਿੰਘ ਤੇ ਬਲਰਾਜਵੀਰ ਸਿੰਘ ਅਤੇ ਦੋ ਧੀਆਂ-ਰਵਿੰਦਰ ਕੌਰ ਤੇ ਉਪਿੰਦਰ ਕੌਰ ਨੇ ਜਨਮ ਲਿਆ। ਫਿੱਡੇ ਨੇ ਕਬੱਡੀ ਨੂੰ ਕੱਲਰਾਂ ਦੀ ਖੇਡ ਤੋਂ ਖੇਡ ਭਵਨਾਂ ਦੀ ਖੇਡ ਬਣਾਇਆ ਤੇ ਕਬੱਡੀ ਨੇ ਵੀ ਉਸ ਨੂੰ ਮਾਲਾ ਮਾਲ ਕੀਤਾ। ਉਹ ਪੱਚੀ ਸਾਲ ਉੱਚ ਪੱਧਰੀ ਕਬੱਡੀ ਖੇਡਿਆ। ਖੁਦ ਪੇਸ਼ਾਵਰ ਖਿਡਾਰੀ ਬਣਿਆ ਤੇ ਕਬੱਡੀ ਨੂੰ ਪੇਸ਼ਾਵਰ ਖੇਡ ਬਣਾਇਆ। ਆਪਣੀ ਖੇਡ ਦੇ ਲੱਖਾਂ ਪ੍ਰਸ਼ੰਸਕ ਬਣਾਏ, ਨਾਲ ਸੈਂਕੜੇ ਨਿੰਦਕ ਵੀ ਸਹੇੜੇ। ਇਹ ਸਤਰਾਂ ਲਿਖਦਿਆਂ ਮੈਨੂੰ ਉਹਦੀ ਖੇਡ ਤੇ ਉਹਦੇ ਵਿਹਾਰ ਦੇ ਅਨੇਕਾਂ ਦ੍ਰਿਸ਼ ਯਾਦ ਆ ਰਹੇ ਹਨ, ਜਿਨ੍ਹਾਂ ‘ਚੋਂ ਕੁਝ ਇਕਨਾਂ ਦਾ ਜਿ਼ਕਰ ਕਰਨਾ ਵਾਜਬ ਹੋਵੇਗਾ।
ਫਿੱਡਾ ਦੱਸਦਾ ਹੈ ਕਿ ਉਹਦੀ ਟੀਮ ਨੂੰ ਪੰਜ ਹਜ਼ਾਰ ਰੁਪਏ ਦਾ ਪਹਿਲਾ ਵੱਡਾ ਇਨਾਮ ਮਹਿਦੀਆਣੇ ਦੇ ਮੈਚ ਵਿਚ ਮਿਲਿਆ ਸੀ। ਗੁਰਦੁਆਰਾ ਮਹਿਦੀਆਣਾ ਮੇਰੇ ਪਿੰਡ ਚਕਰ, ਲੱਖਾ, ਮਾਣੂੰਕੇ ਤੇ ਮੱਲ੍ਹੇ ਦੇ ਵਿਚਕਾਰ ਹੈ। ਮੈਂ ਉਸ ਮੈਚ ਦਾ ਚਸ਼ਮਦੀਦ ਗਵਾਹ ਹਾਂ, ਕਿਉਂਕਿ ਮਾਈਕ ਮੇਰੇ ਹੱਥ ਸੀ। ਇਕ ਪਾਸੇ ਕਪੂਰਥਲੇ ਦੀ ਟੀਮ ਸੀ, ਦੂਜੇ ਪਾਸੇ ਲੁਧਿਆਣੇ ਦੀ। ਸੱਤਰਵਿਆਂ ਵਿਚ ਅਸੀਂ ਫਿੱਡੂ ਨੂੰ ਪੰਜ ਸੌ ਦੀ ਸਾਈ ਦੇ ਕੇ ਪੰਜ ਹਜ਼ਾਰ ਦੇ ਇਨਾਮ ਵਾਲਾ ਮੈਚ ਖੇਡਣ ਲਈ ਲਿਆਏ ਸਾਂ। ਫਿੱਡੂ ਤੇ ਉਹਦੇ ਸਾਥੀਆਂ ਨੂੰ ਸੱਚ ਨਹੀਂ ਸੀ ਆ ਰਿਹਾ ਕਿ ਕਬੱਡੀ ਖੇਡਣ ਦੇ ਸੱਚਮੁੱਚ ਪੰਜ ਹਜ਼ਾਰ ਮਿਲਣਗੇ। ਇਹ ਇਤਿਹਾਸਕ ਤੱਥ ਹੈ ਕਿ ਕਬੱਡੀ ਮਹਿਦੇਆਣੇ ਤੋਂ ਪੇਸ਼ਾਵਰ ਖੇਡ ਬਣਨ ਦੇ ਰਾਹ ਪਈ। ਪੰਜ ਹਜ਼ਾਰ ਤੋਂ ਵਧਦਾ-ਵਧਦਾ ਫਿੱਡੂ ਦਾ ਭਾਅ ਵੈਨਕੂਵਰ ਵਿਚ ਇਕ ਪੁਆਇੰਟ ਉਤੇ ਇਕ ਲੱਖ ਰੁਪਏ ਤਕ ਜਾ ਪੁੱਜਾ!
ਲੱਖ ਰੁਪਏ ਦੀ ਗੱਲ ਵੀ ਸੁਣ ਲਓ। 6 ਅਗਸਤ 1995 ਦੇ ਦਿਨ ਵੈਨਕੂਵਰ ਦੇ ਬੀ. ਸੀ. ਪਲੇਸ ਵਿਚ ਕਬੱਡੀ ਦਾ ਵਰਲਡ ਕੱਪ ਖੇਡਿਆ ਜਾ ਰਿਹਾ ਸੀ। ਪੰਦਰਾਂ-ਸੌਲਾਂ ਹਜ਼ਾਰ ਦਰਸ਼ਕਾਂ ਦਾ ‘ਕੱਠ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੈਚ ਉਡੀਕ ਰਿਹਾ ਸੀ। ਜਦੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜੁਆਨ ਮੈਦਾਨ ਵਿਚ ਨਿੱਤਰੇ ਤਾਂ ਮੈਂ ਮਾਈਕ ਤੋਂ ਭੂਮਿਕਾ ਬੰਨ੍ਹੀ, “ਲਓ ਆ ਗਏ ਪੰਜਾਬ ਦੇ ਬੱਬਰ ਸ਼ੇਰ। ਮਾਂਵਾਂ ਦੇ ਬਲੀ ਪੁੱਤਰ। ਬਾਘੀਆਂ ਪਾਉਂਦੇ ਤੇ ਬੜ੍ਹਕਾਂ ਮਾਰਦੇ। ਸੋਹਣੇ ਸੁਡੌਲ ਜੁੱਸੇ, ਮੇਲ੍ਹਦੇ ਤੇ ਮਚਲਦੇ। ਨਿਗਾਹਾਂ ਤਿਲ੍ਹਕ ਤਿਲ੍ਹਕ ਪੈਂਦੀਆਂ। ਏਹਨਾਂ ਦੀ ਚੜ੍ਹਤ ਵੇਖੋ ਤੇ ਵੇਖਿਓ ਇਨ੍ਹਾਂ ਦੀਆਂ ਪਕੜਾਂ। ਇਕ ਇਕ ਕਬੱਡੀ ਲੱਖ-ਲੱਖ ਦੀ ਪਊ, ਜੋ ਸਭਨਾਂ ਦਾ ਸੇਰ-ਸੇਰ ਲਹੂ ਵਧਾਊ। ਲਓ ਟੇਕ`ਤਾ ਧਰਤੀ ਮਾਂ ਨੂੰ ਮੱਥਾ ਤੇ ਹੋਣ ਲੱਗੇ ਆ ਨਿਤਾਰੇ…।”
ਮੈਚ ਸ਼ੁਰੂ ਹੋਇਆ ਤਾਂ ਕੁਝ ਪਾਕਿਸਤਾਨੀ ਸੱਜਣ ਮੇਰੇ ਕੋਲ ਆਏ ਤੇ ਕਿਹਾ ਪਈ ਐਲਾਨ ਕਰ ਦਿਓ ਕਿ ਪਾਕਿਸਤਾਨ ਦਾ ਜਿਹੜਾ ਜਾਫੀ ਹਿੰਦੁਸਤਾਨ ਦੇ ਫਿੱਡੇ ਜਾਂ ਹਰਜੀਤ ਨੂੰ ਡੱਕ ਗਿਆ ਉਹਨੂੰ ਪਾਕਿਸਤਾਨੀ ਕਰੰਸੀ ਵਿਚ ਇਕ ਲੱਖ ਰੁਪਿਆ ਇਨਾਮ ਦਿੱਤਾ ਜਾਵੇਗਾ; ਪਰ ਨਾ ਫਿੱਡਾ ਡੱਕਿਆ ਜਾ ਸਕਿਆ ਤੇ ਨਾ ਹੀ ਹਰਜੀਤ ਬਰਾੜ। ਟੋਰਾਂਟੋ ਵਿਚ ਫਿੱਡੇ ਦੀ ਇਕ ਰੇਡ ਉਤੇ ਤਿੰਨ ਹਜ਼ਾਰ ਡਾਲਰ ਇਨਾਮ ਲੱਗ ਗਿਆ ਸੀ। ਇਕ ਮੈਚ ਵਿਚ ਫਿੱਡਾ ਕਬੱਡੀ ਨਹੀਂ ਸੀ ਪਾ ਰਿਹਾ। ਇਕ ਸੱਜਣ ਨੇ ਪੰਜ ਸੌ ਡਾਲਰ ਮੈਨੂੰ ਫੜਾਉਂਦਿਆਂ ਕਿਹਾ ਕਿ ਫਿੱਡੇ ਤੋਂ ਕਬੱਡੀ ਪੁਆ ਦਿਓ ਤਾਂ ਇਹ ਇਨਾਮ ਉਹਦਾ। ਫਿੱਡਾ ਕੱਛਾਂ ‘ਚ ਹੱਥ ਦੇਈ ਖੜ੍ਹਾ ਸੀ। ਜਦੋਂ ਮਾਈਕ ਤੋਂ ਡਾਲਰਾਂ ਦਾ ਐਲਾਨ ਹੋਇਆ ਤਾਂ ਫਿੱਡੇ ਨੇ ਖੜ੍ਹੇ ਖੜੋਤੇ ਛਾਲ ਮਾਰੀ ਤੇ ਥਾਪੀਆ ਮਾਰਦਾ ਕਬੱਡੀ ਪਾਉਣ ਲੱਗਾ। ਫਿੱਡਾ ਪੈਸੇ ਦਾ ਪੀਰ ਸੀ ਤੇ ਇਹ ਗੱਲ ਕਿਸੇ ਤੋਂ ਗੁੱਝੀ ਛਿਪੀ ਨਹੀਂ ਸੀ।
1990 ਵਿਚ ਅਮਰੀਕਾ ਜਾਂਦਿਆਂ ਸਾਡਾ ਜਹਾਜ ਬੈਂਕਾਕ ਦੇ ਹਵਾਈ ਅੱਡੇ ‘ਤੇ ਰੁਕਿਆ ਤਾਂ ਇਕ ਔਰਤ ਸਾਡੇ ਕੋਲ ਆਈ। ਉਸ ਨੇ ਮੇਰੀ ਪਤਨੀ ਨੂੰ ਬੇਨਤੀ ਕੀਤੀ ਕਿ ਟੋਕੀਓ ਤਕ ਭਰਾ ਜੀ ਉਹਦੇ ਵਾਲੀ ਸੀਟ ‘ਤੇ ਚਲੇ ਜਾਣ ਤਾਂ ਮਿਹਰਬਾਨੀ ਹੋਵੇਗੀ। ਮੈਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹਦੇ ਨਾਲ ਬੈਠਾ ਭਾਈ ਘੁਰਾੜੇ ਮਾਰੀ ਜਾਂਦੈ। ਮੈਂ ਘੁਰਾੜੇ ਮਾਰਦੇ ਭਾਈ ਕੋਲ ਗਿਆ ਤਾਂ ਉਹ ਬਲਵਿੰਦਰ ਫਿੱਡਾ ਨਿਕਲਿਆ। ਉਹ ਅਮਰੀਕਾ ਤੋਂ ਜਲੰਧਰ ਪੁੱਜਾ ਸੀ ਤੇ ਨੌਕਰੀ ਦੀ ਤਰੱਕੀ ਲੈ ਕੇ ਮੁੜ ਯੂਬਾ ਸਿਟੀ ਮੈਚ ਖੇਡਣ ਜਾ ਰਿਹਾ ਸੀ। ਉਹਦੇ ਸਾਥੀ ਨੱਠ-ਭੱਜ ਕਰ ਕੇ ਉਸ ਨੂੰ ਜਹਾਜ ਚੜ੍ਹਾ ਗਏ ਸਨ। ਦਾਰੂ ਦਾ ਡੱਕਿਆ ਉਹ ਜਹਾਜੇ ਚੜ੍ਹਦਿਆਂ ਹੀ ਸੌਂ ਗਿਆ ਸੀ।
ਪੰਜਾਬੀਆਂ ਦੇ ਗੜ੍ਹ ਯੂਬਾ ਸਿਟੀ ਵਿਚ ਦੀਦਾਰ ਸਿੰਘ ਬੈਂਸ ਨੇ ਮੈਨੂੰ ਮਾਈਕ ਦੀ ਥਾਂ ਵਿਸਲ ਫੜਾ ਦਿੱਤੀ। ਮੇਰੇ ਹੱਥ ਵਿਸਲ ਫੜੀ ਵੇਖ ਫਿੱਡੂ ਕਹਿਣ ਲੱਗਾ, “ਭਾਅ ਜੀ ਮੇਰੀ ਬਾਹਰ ਬੜੀ ਬਣੀ ਹੋਈ ਜੇ। ਮੇਰਾ ਖਿਆਲ ਰੱਖਣਾ।” ਮੈਂ ਆਖਿਆ, “ਮੈਂ ਸਭ ਦਾ ਖਿਆਲ ਰੱਖਾਂਗਾ। ਜੇ ਤੈਂ ਕਿਸੇ ਦੇ ਮੂੰਹ `ਤੇ ਹੱਥੜ ਮਾਰਿਆ ਤਾਂ ਤੇਰੇ ਖਿਲਾਫ ਵੀ ਪੁਆਇੰਟ ਦੇਵਾਂਗਾ। ਮੇਰੇ ਲਈ ਸਾਰੇ ਇਕੋ ਜਿਹੇ ਨੇ।” ਫਿੱਡੂ ਸਾਫ ਸੁਥਰੀ ਖੇਡ ਖੇਡਿਆ। ਜਦੋਂ ਉਹ ਕਬੱਡੀ ਪਾਉਣ ਜਾਂਦਾ ਤਾਂ ਦਰਸ਼ਕ ਕੂਕਦੇ, “ਫੜ-ਲੋ ਇਹਨੂੰ, ਪੈ-ਜੋ ਲੱਤੀਂ। ਜਾਵੇ ਨਾ ਐਤਕੀਂ, ਰੱਖ-ਲੋ `ਕੇਰਾਂ…।”
ਪਰ ਉਹ ਕਿਸੇ ਤੋਂ ਡੱਕਿਆ ਨਹੀਂ ਸੀ ਜਾ ਰਿਹਾ। ਮੈਚ ਦੇ ਅਖੀਰ ਵਿਚ ਉਹ ਇਕ ਵਾਰ ਰੁਕਿਆ ਤਾਂ ਦਰਸ਼ਕਾਂ ਨੇ ਡਾਢੀ ਖੁਸ਼ੀ ਮਨਾਈ। ਉਨ੍ਹਾਂ ਨੇ ਬੀਅਰ ਦੀਆਂ ਡੱਬੀਆਂ ਹਵਾ ‘ਚ ਚਲਾ ਮਾਰੀਆਂ ਤੇ ਪਾਣੀ ਪਿਆਉਣ ਵਾਲਿਆਂ ਨੇ ਜੱਗ ਉਛਾਲ ਦਿੱਤੇ। ਹਾਤ-ਹੂਤ ਕਰਦੇ ਕੈਲੀਫੋਰਨੀਆ ਦੇ ਪੰਜਾਬੀ ਮੁੰਡੇ ‘ਪੰਜਰੇਜ਼ੀ’ ਵਿਚ ਚੀਕਾਂ ਮਾਰਨ ਲੱਗੇ, ਜਿਵੇਂ ਦੋਗਲੇ ਵੱਛੜੇ ਰੰਭਦੇ ਹੋਣ! ਯੂਬਾ ਸਿਟੀ ਪਿੱਛੋਂ ਵੈਨਕੂਵਰ ਦਾ ਖੇਡ ਮੇਲਾ ਭਰਿਆ। ਉਥੇ ਫਿੱਡੂ ਇਕ ਵਾਰ ਵੀ ਡੱਕ ਨਾ ਹੋਇਆ। ਮੈਚ ਮੁੱਕੇ ਤਾਂ ਅਸੀਂ ਵੇਖਿਆ ਇਕ ਸ਼ਰਾਬੀ ਬਾਬਾ ਰੁੱਖ ਨੂੰ ਜੱਫਾ ਮਾਰੀ ਆਖੀ ਜਾਵੇ, “ਮੈਂ ਮਣ ਪੱਕਾ ਘਿਓ ਖੁਆ ਦੇਣਾ ਆਵਦੇ ਮੁੰਡੇ ਨੂੰ। ਫਿੱਡੂ ਨੂੰ ਜੱਫਾ ਲੁਆਉਣਾ!”
ਫਿੱਡੂ ਨੂੰ ਲੋਕਾਂ ਨੇ ਪਿੰਡਾਂ ਦੇ ਛੋਟੇ ਟੂਰਨਾਮੈਂਟਾਂ ਵਿਚ ਵੀ ਖੇਡਦੇ ਵੇਖਿਆ ਤੇ ਦੇਸਾਂ ਪਰਦੇਸਾਂ ਦੇ ਵੱਡੇ ਖੇਡ ਮੇਲਿਆਂ ਨੂੰ ਰੰਗ ਭਾਗ ਲਾਉਂਦੇ ਵੀ ਤੱਕਿਆ। ਉਹ ਹਾਰਾਂ ਨਾਲ ਲੱਦਿਆ ਜਾਂਦਾ ਤੇ ਮੋਢਿਆਂ ‘ਤੇ ਚੁੱਕਿਆ ਜਾਂਦਾ। ਕਬੱਡੀ ਪ੍ਰੇਮੀ ਉਹਦੇ ਨਾਲ ਹੱਥ ਮਿਲਾਉਣ ਤੇ ਫੋਟੋ ਖਿਚਾਉਣ ਨੂੰ ਧੰਨਭਾਗ ਸਮਝਦੇ। ਇਕ ਸਮਾਂ ਸੀ, ਜਦੋਂ ਉਹ ‘ਕੱਲਾ ਬੋਤਲ ਪੀ ਜਾਂਦਾ ਸੀ ਤੇ ਤਿੰਨ-ਤਿੰਨ ਮੁਰਗੇ ਛਕ ਜਾਂਦਾ ਸੀ। ਉਹ ਰੱਜ ਕੇ ਖੇਡਦਾ, ਪੁੱਜ ਕੇ ਕਮਾਉਂਦਾ। ਫਿਰ ਗੂੜ੍ਹੀ ਨੀਂਦ ਸੌਂਦਾ। ਉਹਦੀ ਖੇਡ ਉਤੇ ਡਾਲਰਾਂ ਤੇ ਪੌਂਡਾਂ ਦਾ ਮੀਂਹ ਵਰ੍ਹਦਾ। ਕੋਈ ਉਹਨੂੰ ‘ਪੰਜਾਬ ਦਾ ਟਰੱਕ’ ਕਹਿੰਦਾ ਤੇ ਕੋਈ ‘ਹੀਰੋ ਆਫ ਫਾਈਵ ਰਿਵਰਜ਼’ ਆਖਦਾ। ਦਾਇਰੇ ਵਾਲੀ ਕਬੱਡੀ ਤੋਂ ਬਿਨਾ ਉਸ ਨੇ ਕਬੱਡੀ ਨੈਸ਼ਨਲ ਸਟਾਈਲ ਵਿਚ ਵੀ ਬਥੇਰੀਆਂ ਧੁੰਮਾਂ ਪਾਈਆਂ ਤੇ ਪੰਜਾਬ ਲਈ ਅਨੇਕਾਂ ਵਾਰ ਕਬੱਡੀ ਦੀ ਨੈਸ਼ਨਲ ਚੈਂਪੀਅਨਸਿ਼ਪ ਜਿੱਤੀ। ਪੁਲਿਸ ਦੀਆਂ ਖੇਡਾਂ ਵਿਚ ਉਹ ਹਮੇਸ਼ਾ ਹੀ ਕਬੱਡੀ ਦੀ ਖੇਡ ਦਾ ਸਰਵੋਤਮ ਖਿਡਾਰੀ ਸਿੱਧ ਹੋਇਆ।
ਜਦੋਂ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸੀ ਤਾਂ ਉਹ ਸਭ ਤੋਂ ਨਿੱਕੇ ਕੱਦ ਵਾਲਾ ਪੜ੍ਹਾਕੂ ਸੀ। ਇਕ ਮਾਸਟਰ ਨੇ ਉਸ ਨੂੰ ‘ਮਿੱਡਾ’ ਜਿਹਾ ਕਹਿ ਦਿੱਤਾ। ਨਾਲ ਦੇ ਜਮਾਤੀ ਉਸ ਨੂੰ ਮਿੱਡੇ ਤੋਂ ਫਿੱਡਾ ਕਹਿਣ ਲੱਗ ਪਏ ਤੇ ਉਹਦਾ ਨਾਂ ਹੀ ਫਿੱਡਾ ਪੱਕ ਗਿਆ। ਫਿੱਡੇ ਨੂੰ ਫਿੱਡੂ ਵੀ ਆਖ ਦਿੱਤਾ ਜਾਂਦਾ। ਹੁਣ ਉਸ ਨੇ ਸਾਰੇ ਐਬ ਛੱਡ ਦਿੱਤੇ ਹਨ ਤੇ ਅੰਮ੍ਰਿਤ ਛਕ ਕੇ ਸਿੰਘ ਸਜਿਆ ਹੋਇਆ ਹੈ। ਉਸ ਦੀ ਲੰਮੀ ਝੂਲਦੀ ਦਾੜ੍ਹੀ ਦੂਰੋਂ ਹੀ ਦਿਸ ਪੈਂਦੀ ਹੈ। ਮੀਟ ਸ਼ਰਾਬ ਤੋਂ ਉਸ ਨੇ ਤੋਬਾ ਕਰ ਲਈ ਹੈ ਤੇ ਗੁਰੂ ਮਹਾਰਾਜ ਤੋਂ ਭੁੱਲਾਂ ਬਖਸ਼ਾ ਲਈਆਂ ਹਨ। ਬੰਗਿਆਂ ਵਾਲੇ ‘ਸੁਹੇਲੇ’ ਨੇ ਖੁੱਲ੍ਹਾ ਖਰਚ ਉਹਦੇ ਬਾਰੇ ਸਚਿੱਤਰ ਪੁਸਤਕ ਛਾਪੀ, ਪਰ ਸੁਹੇਲਾ ਬਹੁਤੀ ਦੇਰ ਜਿਊਂਦਾ ਨਹੀਂ ਰਹਿ ਸਕਿਆ। ਫਿੱਡੇ ਨੂੰ ਕਿਸੇ ਨੇ ਵਹਿਮ ਪਾ ਦਿੱਤਾ ਸੀ ਕਿ ਉਸ ਨੂੰ ਕਿਸੇ ਨੇ ਉੱਲੂ ਦੀ ਰੱਤ ਚਖਾਈ ਤੇ ਮਸਾਣੀ ਪੀਹ ਕੇ ਖੁਆਈ ਸੀ। ਹੁਣ ਉਹ ਸਿੰਘ ਸਜ ਗਿਆ ਹੈ ਤਾਂ ਉਹਨੂੰ ਅਜਿਹੇ ਵਹਿਮ ਮਨ `ਚੋਂ ਕੱਢ ਦੇਣੇ ਚਾਹੀਦੇ ਹਨ। ਖਾਲਸਾ ਕਦੇ ਮਾਨਸਿਕ ਰੋਗੀ ਨਹੀਂ ਹੁੰਦਾ, ਉਹ ਸਦਾ ਚੜ੍ਹਦੀਆਂ ਕਲਾਂ ਵਿਚ ਰਹਿੰਦੈ।