ਨੀਤੀ ਆਯੋਗ ਨੇ ਮੁੜ ਖੇਤੀ ਕਾਨੂੰਨਾਂ ਦਾ ਪੱਖ ਪੂਰਿਆ

ਨਵੀਂ ਦਿੱਲੀ: ਨੀਤੀ ਆਯੋਗ ਨੇ ਮੁੜ ਖੇਤੀ ਕਾਨੂੰਨਾਂ ਦਾ ਪੱਖ ਪੂਰਿਆ ਹੈ। ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਕਿਹਾ ਕਿ ਜੇਕਰ ਤਿੰਨੋਂ ਖੇਤੀ ਕਾਨੂੰਨ ਜਲਦੀ ਹੀ ਅਮਲ ‘ਚ ਨਾ ਲਿਆਂਦੇ ਗਏ ਤਾਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਦੀ ਇਨ੍ਹਾਂ ਕਾਨੂੰਨਾਂ ‘ਤੇ ਧਾਰਾ-ਦਰ-ਧਾਰਾ ਦੇ ਆਧਾਰ ‘ਤੇ ਵਿਚਾਰ ਚਰਚਾ ਦੀ ਪੇਸ਼ਕਸ਼ ਸਵੀਕਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੈਨੇਟੀਕਲ ਤੌਰ ‘ਤੇ ਸੋਧੇ ਹੋਏ ਬੀਜਾਂ ‘ਤੇ ਮੁਕੰਮਲ ਪਾਬੰਦੀ ਸਹੀ ਰਵੱਈਆ ਨਹੀਂ ਹੋਵੇਗਾ।

ਉਨ੍ਹਾਂ ਕਿਹਾ, ‘ਇਸ ਦਾ ਰਾਹ ਕੁਝ ਦੇਣ ਅਤੇ ਕੁਝ ਲੈਣ ਨਾਲ ਹੀ ਨਿਕਲ ਸਕਦਾ ਹੈ। ਜੇਕਰ ਤੁਸੀਂ ਆਪਣੀ ਮੰਗ `ਤੇ ਅੜੇ ਰਹਿੰਦੇ ਹੋ ਤਾਂ ਅੱਗੇ ਕੋਈ ਰਾਹ ਨਿਕਲਣਾ ਮੁਸ਼ਕਲ ਹੋਵੇਗਾ।` ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਇਕ ਚੰਗਾ ਬਦਲ ਦਿੱਤਾ ਹੈ। ਇਹ ਇਨ੍ਹਾਂ ਕਾਨੂੰਨਾਂ ਨੂੰ ਡੇਢ ਸਾਲ ਤੱਕ ਰੋਕਣ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਇਨ੍ਹਾਂ ਕਾਨੂੰਨਾਂ `ਤੇ ਧਾਰਾ-ਦਰ-ਧਾਰਾ ਵਿਚਾਰ ਚਰਚਾ ਕਰਨ ਲਈ ਤਿਆਰ ਹੈ। ਕਿਸਾਨ ਆਗੂਆਂ ਨੂੰ ਇਸ ਪੇਸ਼ਕਸ਼ `ਤੇ ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘ਠੰਢੇ ਦਿਮਾਗ ਤੇ ਤਾਲਮੇਲ ਨਾਲ ਵਿਚਾਰ ਲਈ ਕਾਫੀ ਸਮਾਂ ਹੈ। ਸ਼ੁਰੂਆਤੀ ਪ੍ਰਕਿਰਿਆ ਜਜ਼ਬਾਤੀ ਜਾਂ ਕਿਸੇ ਦਬਾਅ ਹੇਠ ਹੋ ਸਕਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਹੁਣ ਸਾਰੇ ਠੰਢੇ ਦਿਮਾਗ ਨਾਲ ਇਸ `ਤੇ ਵਿਚਾਰ ਕਰਨਗੇ।` ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਉਥੇ ਬਦਲਾਅ ਦੀ ਮੰਗ ਕਰਨੀ ਚਾਹੀਦੀ ਹੈ ਜਿਥੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੇ ਹਿੱਤ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣੀ ਗੱਲ ਖੁੱਲ੍ਹੇ ਦਿਲ ਨਾਲ ਸਾਹਮਣੇ ਰੱਖਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਦੀ ਚੁੱਪ ਉਨ੍ਹਾਂ ਦੇ ਖਿਲਾਫ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ `ਚ ਅਜਿਹਾ ਪ੍ਰਭਾਵ ਬਣ ਚੁੱਕਾ ਹੈ ਕਿ ਇਹ ਅੰਦੋਲਨ ਸਿਆਸੀ ਹੋ ਗਿਆ ਹੈ। ਅਜਿਹੇ `ਚ ਕਿਸਾਨਾਂ ਨੂੰ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਹੜੀਆਂ ਤਜਵੀਜ਼ਾਂ ਉਨ੍ਹਾਂ ਦੇ ਖਿਲਾਫ ਹਨ।
ਇਕ ਸਵਾਲ ਦੇ ਜਵਾਬ ‘ਚ ਰਮੇਸ਼ ਚੰਦ ਨੇ ਕਿਹਾ ਕਿ ਲੋਕਤੰਤਰ ‘ਚ ਕੋਈ ਵੀ ਸੁਧਾਰ ਮੁਸ਼ਕਲ ਹੈ। ਭਾਰਤ ‘ਚ ਤਾਂ ਇਹ ਹੋਰ ਵੀ ਮੁਸ਼ਕਲ ਹੈ। ਇਥੇ ਸਿਆਸਤ ਅਜਿਹੇ ਬਿੰਦੂ ਪਹੁੰਚ ਚੁੱਕੀ ਹੈ ਜਿਸ ‘ਚ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਫੈਸਲੇ ਦਾ ਵਿਰੋਧੀ ਧਿਰ ਫਿਰ ਭਾਵੇਂ ਉਹ ਕੋਈ ਵੀ ਹੋਵੇ, ਵਿਰੋਧ ਕਰਦੀ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਸਰਕਾਰ ਨੂੰ ਹੁਣ ਵੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਭਰੋਸਾ ਹੈ, ਬਾਰੇ ਉਨ੍ਹਾਂ ਕਿਹਾ ਕਿ ਇਹ ਟੀਚੇ ਹਾਸਲ ਕਰਨ ਲਈ ਇਹ ਤਿੰਨੋਂ ਖੇਤੀ ਕਾਨੂੰਨ ਕਾਫੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ, ‘ਮੈਂ ਕਹਾਂਗਾ ਕਿ ਜੇਕਰ ਇਹ ਤਿੰਨੋਂ ਖੇਤੀ ਕਾਨੂੰਨ ਤੁਰਤ ਅਮਲ ‘ਚ ਨਾ ਲਿਆਂਦੇ ਗਏ ਤਾਂ ਇਹ ਟੀਚਾ ਹਾਸਲ ਨਹੀਂ ਕੀਤਾ ਜਾ ਸਕੇਗਾ। ਸੁਪਰੀਮ ਕੋਰਟ ਨੇ ਵੀ ਇਹ ਕਾਨੂੰਨ ਲਾਗੂ ਕਰਨ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਪਹਿਲਾਂ ਤੋਂ ਚੱਲ ਰਹੇ ਸੁਧਾਰ ਵੀ ਰੁਕ ਗਏ ਹਨ।‘
_____________________________________________
ਖੇਤੀ ਦਾ ਆਧੁਨਿਕੀਕਰਨ ਸਮੇਂ ਦੀ ਲੋੜ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀ ਖੇਤਰ ‘ਚ ਆਧੁਨਿਕੀਕਰਨ ਸਮੇਂ ਦੀ ਲੋੜ ਹੈ ਅਤੇ ਪਹਿਲਾਂ ਹੀ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ। ‘ਮਨ ਕੀ ਬਾਤ‘ ਪ੍ਰੋਗਰਾਮ ‘ਚ ਮੋਦੀ ਨੇ ਕੋਵਿਡ-19 ਖਿਲਾਫ ਭਾਰਤ ‘ਚ ਚਲਾਏ ਜਾ ਰਹੇ ਦੁਨੀਆਂ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ‘ਦਵਾਈ ਵੀ, ਕੜਾਈ ਵੀ‘ ‘ਤੇ ਜੋਰ ਦਿੱਤਾ। ਪ੍ਰਧਾਨ ਮੰਤਰੀ ਨੇ ਮਨ ਦੀ ਬਾਤ ਦੀ 75ਵੀਂ ਕੜੀ ‘ਚ ਕਿਹਾ, ‘ਭਾਰਤ ਦੇ ਖੇਤੀ ਖੇਤਰ ‘ਚ ਆਧੁਨਿਕੀਕਰਨ ਸਮੇਂ ਦੀ ਲੋੜ ਹੈ। ਇਸ ‘ਚ ਦੇਰੀ ਕੀਤੀ ਗਈ ਹੈ ਅਤੇ ਅਸੀਂ ਪਹਿਲਾਂ ਹੀ ਬਹੁਤ ਸਮਾਂ ਗੁਆ ਦਿੱਤਾ ਹੈ।‘ ਉਨ੍ਹਾਂ ਕਿਹਾ, ‘ਖੇਤੀ ਖੇਤਰ ‘ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਕਿਸਾਨਾਂ ਦੀ ਆਮਦਨ ਵਧਾਉਣ ਲਈ ਇਹ ਮਹੱਤਵਪੂਰਨ ਹੈ ਕਿ ਖੇਤੀ ਦੇ ਰਵਾਇਤੀ ਢੰਗਾਂ ਦੇ ਨਾਲ ਨਵੇਂ ਬਦਲਾਂ ਤੇ ਕਾਢਾਂ ਨੂੰ ਅਪਣਾਇਆ ਜਾਵੇ।‘
__________________________________________
ਜੇ ਕਿਸਾਨ ਯੂਨੀਅਨਾਂ ਚਾਹੁਣ ਤਾਂ ਜਮੂਦ ਟੁੱਟ ਸਕਦੈ: ਤੋਮਰ
ਗਵਾਲੀਅਰ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਸਬੰਧੀ ਬਣਿਆ ਜਮੂਦ ਉਸ ਦਿਨ ਟੁੱਟੇਗਾ, ਜਿਸ ਦਿਨ ਕਿਸਾਨ ਯੂਨੀਅਨਾਂ ਇਸ ਮਸਲੇ ਦਾ ਹੱਲ ਕੱਢਣ ਦਾ ਫੈਸਲਾ ਕਰਨਗੀਆਂ। ਉਨ੍ਹਾਂ ਕਿਹਾ,’ਸਰਕਾਰ ਵੀ ਕੋਈ ਰਾਹ ਕੱਢੇਗੀ। ਕੇਂਦਰ ਸਰਕਾਰ ਗੱਲਬਾਤ ਲਈ ਤਿਆਰ ਹੈ ਅਤੇ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ।‘ ਖੇਤੀ ਮੰਤਰੀ ਅਸਾਮ ਚੋਣਾਂ ਲਈ ਭਾਜਪਾ ਦੇ ਪੱਖ ‘ਚ ਪ੍ਰਚਾਰ ਕਰਨ ਮਗਰੋਂ ਇੱਥੇ ਪੁੱਜੇ ਸਨ। ਦੱਸਣਯੋਗ ਹੈ ਕਿ ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ, ਹਰਿਆਣਾ ਤੇ ਯੂਪੀ ਤੋਂ ਆਏ ਕਿਸਾਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਲਈ ਮੁਜ਼ਾਹਰੇ ਕਰ ਰਹੇ ਹਨ।