ਨਸ਼ਾ ਤਸਕਰੀ: ਵੱਡੇ ਪੁਲਿਸ ਅਫਸਰਾਂ ਦੀ ਸ਼ਾਮਤ; ਉਮਰਾਨੰਗਲ ਸਣੇ ਪੰਜ ਮੁਅੱਤਲ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਚਰਚਿਤ ਤੇ ਵਿਵਾਦਿਤ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ, ਐਸ.ਪੀ. ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦੇ ਐਸ.ਪੀ.(ਡੀ) ਸੇਵਾ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਬਾਠ ਡੀ.ਐਸ.ਪੀ. ਤੇ ਕਰਨਸ਼ੇਰ ਸਿੰਘ ਡੀ.ਐਸ.ਪੀ. ਫਤਿਹਗੜ੍ਹ ਸਾਹਿਬ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬੇ ਦੇ ਡੀ.ਜੀ.ਪੀ. ਦਫਤਰ ਵੱਲੋਂ ਕੀਤੀ ਸਿਫਾਰਸ਼ ਦੇ ਆਧਾਰ ਉਤੇ ਗ੍ਰਹਿ ਵਿਭਾਗ ਨੇ ਉਕਤ ਪੁਲਿਸ ਅਫਸਰਾਂ ਦੀ ਮੁਅੱਤਲੀ ਦੇ ਹੁਕਮ ਦਿੱਤੇ ਹਨ। ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਂ ਪੁਲਿਸ ਅਫਸਰਾਂ ਨੂੰ ਦੋਸ਼ ਪੱਤਰ ਜਾਰੀ ਕੀਤੇ ਜਾ ਰਹੇ ਹਨ।

ਪੁਲਿਸ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਮੁਅੱਤਲ ਕੀਤੇ ਪੁਲਿਸ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਦੇ ਤੱਥ ਐਸ.ਟੀ.ਐਫ. ਵੱਲੋਂ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤੇ ਖੰਨਾ ਜ਼ਿਲ੍ਹੇ ਦੇ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਮਾਮਲੇ ‘ਚ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਐਸ.ਟੀ.ਐਫ. ਨੇ ਗੁਰਦੀਪ ਸਿੰਘ ਦੀ ਤਫਤੀਸ਼ ਦੇ ਅਧਾਰ ‘ਤੇ ਸਰਕਾਰ ਅਤੇ ਡੀ.ਜੀ.ਪੀ. ਦਫਤਰ ਨੂੰ ਜੋ ਰਿਪੋਰਟ ਭੇਜੀ ਸੀ, ਉਸ ਰਿਪੋਰਟ ‘ਚ ਉਕਤ ਪੁਲਿਸ ਅਫਸਰਾਂ ਦੇ ਗੁਰਦੀਪ ਸਿੰਘ ਨਾਲ ਨੇੜਲੇ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਸੀ। ਨਸ਼ਿਆਂ ਦੀ ਤਸਕਰੀ ਕਰਨ ਵਾਲੇ ਕਿਸੇ ਵਿਅਕਤੀ ਨਾਲ ਸਬੰਧ ਰੱਖਣ ਦੇ ਦੋਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਆਈ.ਜੀ, ਐਸ.ਪੀ. ਤੇ ਡੀ.ਐਸ.ਪੀ. ਰੈਂਕ ਦੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਗਠਿਤ ਵਿਸ਼ੇਸ਼ ਟਾਸਕ ਫੋਰਸ ਵੱਲੋਂ ਕੁਝ ਮਹੀਨੇ ਪਹਿਲਾਂ ਖੰਨਾ ਨੇੜਲੇ ਪਿੰਡ ਰਾਣੋ ਦੇ ਸਰਪੰਚ ਗੁਰਦੀਪ ਸਿੰਘ ਨੂੰ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀ.ਜੀ.ਪੀ. ਦਫਤਰ ਦੀਆਂ ਸਿਫਾਰਸ਼ਾਂ ‘ਤੇ ਗ੍ਰਹਿ ਵਿਭਾਗ ਦੀ ਤਾਜ਼ਾ ਕਾਰਵਾਈ 6 ਨਵੰਬਰ 2011 ਨੂੰ ਦਰਜ ਐਫ.ਆਈ.ਆਰ. ਨੰ. 147, ਜੋ ਕਿ ਐਨ.ਡੀ.ਪੀ.ਐਸ. ਐਕਟ ਤੇ ਅਸਲਾ ਐਕਟ ਅਧੀਨ ਦਰਜ ਕੀਤੀ ਗਈ ਸੀ, ਤਹਿਤ ਹੋਈ ਹੈ। ਇਸ ਲਈ ਮੁਕੰਮਲ ਤਫਤੀਸ਼ ਤੋਂ ਬਾਅਦ ਜੇ ਕਿਸੇ ਪੁਲਿਸ ਅਧਿਕਾਰੀ ਖਿਲਾਫ ਠੋਸ ਤੱਥ ਸਾਹਮਣੇ ਆਉਂਦੇ ਹਨ ਤਾਂ ਮਾਮਲੇ ਵਿਚ ਨਾਮਜ਼ਦ ਵੀ ਕੀਤਾ ਜਾ ਸਕਦਾ ਹੈ। ਐਸ.ਟੀ.ਐਫ. ਵੱਲੋਂ ਇਸ ਕਥਿਤ ਤਸਕਰ ਦੀ ਤਫਤੀਸ਼ ਮਗਰੋਂ ਰਿਪੋਰਟ ਤਿਆਰ ਕੀਤੀ ਗਈ ਸੀ, ਜਿਸ ਮੁਤਾਬਕ ਮੁਲਜ਼ਮ ਦੇ ਡੀ.ਐਸ.ਪੀ., ਐਸ.ਪੀ. ਅਤੇ ਆਈ.ਜੀ. ਰੈਂਕ ਦੇ ਪੁਲਿਸ ਅਧਿਕਾਰੀਆਂ ਨਾਲ ਗੂੜ੍ਹੇ ਸਬੰਧ ਸਨ। ਇਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਕੁਝ ਪੁਲਿਸ ਅਫਸਰਾਂ ਨੂੰ ਗੁਰਦੀਪ ਸਿੰਘ ਦੇ ਧੰਦਿਆਂ ਬਾਰੇ ਨਾ ਸਿਰਫ ਜਾਣਕਾਰੀ ਸੀ, ਬਲਕਿ ਉਨ੍ਹਾਂ ਦੀ ਸ਼ਮੂਲੀਅਤ ਦੇ ਤੱਥ ਵੀ ਸਾਹਮਣੇ ਆਏ ਹਨ।
ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਖਿਲਾਫ ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਸਬੰਧੀ ਵੀ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਦੋ ਸਾਲਾਂ ਤੋਂ ਮੁਅੱਤਲੀ ਅਧੀਨ ਹੀ ਚੱਲ ਰਿਹਾ ਹੈ। ਇਸ ਤਰ੍ਹਾਂ ਨਾਲ ਕੈਪਟਨ ਸਰਕਾਰ ਦੀ ਤਾਜ਼ਾ ਕਾਰਵਾਈ ਤੋਂ ਬਾਅਦ ਉਮਰਾਨੰਗਲ ਦੋਹਰੀ ਮੁਅੱਤਲੀ ਦੀ ਮਾਰ ਹੇਠ ਆ ਗਿਆ ਹੈ।