ਨਰਿੰਦਰ ਮੋਦੀ ਦੇ ਦੌਰੇ ਤੋਂ ਬਾਅਦ ਬੰਗਲਾਦੇਸ਼ ‘ਚ ਵਿਆਪਕ ਹਿੰਸਾ

ਢਾਕਾ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੰਗਲਾਦੇਸ਼ ਦੌਰਾ ਖਤਮ ਹੁੰਦਿਆਂ ਹੀ ਉਥੇ ਹਿੰਸਾ ਭੜਕ ਗਈ ਹੈ। ਉਥੋਂ ਦੇ ਕੱਟੜਪੰਥੀ ਇਸਲਾਮਿਕ ਸੰਗਠਨਾਂ ਨੇ ਹਿੰਦੂ ਮੰਦਰਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ ਵੀ ਹੋਈਆਂ ਹਨ, ਜਿਸ `ਚ 12 ਲੋਕ ਮਾਰੇ ਗਏ। ਦੇਸ਼ ਦੇ ਪੂਰਬੀ ਇਲਾਕੇ ‘ਚ ਇਕ ਰੇਲ ਗੱਡੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਮੋਦੀ ਦੇ ਦੌਰੇ ਖਿਲਾਫ ਬੰਗਲਾਦੇਸ਼ ਦੇ ਕਈ ਹਿੱਸਿਆਂ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕੁਝ ਥਾਵਾਂ ਉਤੇ ਪ੍ਰਦਰਸ਼ਨਕਾਰੀ ਕਾਫੀ ਹਿੰਸਕ ਵੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵਿਰੋਧ ਪ੍ਰਦਰਸ਼ਨ ਕੱਟੜਵਾਦੀ ਇਸਲਾਮਿਕ ਸੰਗਠਨ ਕਰਵਾ ਰਹੇ ਹਨ। ਉਨ੍ਹਾਂ ਦਾ ਪ੍ਰਧਾਨ ਮੰਤਰੀ ਮੋਦੀ ‘ਤੇ ਦੋਸ਼ ਹੈ ਕਿ ਭਾਰਤ ‘ਚ ਮੁਸਲਮਾਨਾਂ ਨਾਲ ਭੇਦਭਾਵ ਹੁੰਦਾ ਹੈ। ਹਿਫਾਜ਼ਤ-ਏ-ਇਸਲਾਮ ਦੇ ਕਾਰਕੁਨਾਂ ਨੇ ਬ੍ਰਾਹਮਣਬਾਰੀਆ ‘ਚ ਇਕ ਰੇਲ ਗੱਡੀ `ਤੇ ਹਮਲਾ ਕਰ ਦਿੱਤਾ, ਜਿਸ ‘ਚ 10 ਲੋਕ ਜਖਮੀ ਹੋ ਗਏ। ਇਕ ਅਖਬਾਰ ਦੀ ਰਿਪਰੋਟ ਮੁਤਾਬਕ ਬ੍ਰਾਹਮਣਬਾਰੀਆ ‘ਚ ਹਾਲਾਤ ਕਾਫੀ ਚਿੰਤਾਜਨਕ ਹਨ। ਕਈ ਸਰਕਾਰੀ ਦਫਤਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਇਥੋਂ ਤੱਕ ਕਿ ਪ੍ਰੈੱਸ ਕਲੱਬ `ਤੇ ਵੀ ਹਮਲਾ ਕੀਤਾ ਗਿਆ ਹੈ, ਜਿਥੇ ਕਈ ਲੋਕ ਜਖਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਰਾਜਸ਼ਾਹੀ ਸ਼ਹਿਰ ‘ਚ 2 ਬੱਸਾਂ ਨੂੰ ਵੀ ਅੱਗ ਲਾ ਦਿੱਤੀ। ਨਰਾਇਣਗੰਜ ‘ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪੱਥਰਬਾਜੀ ਕੀਤੀ ਅਤੇ ਸੜਕਾਂ ਨੂੰ ਜਾਮ ਕਰ ਦਿੱਤਾ। ਦੂਜੇ ਪਾਸੇ ਹਿਫਾਜ਼ਤ-ਏ-ਇਸਲਾਮ ਦੇ ਸਕੱਤਰ ਅਜੀਜੁਲ ਹਾਕੀ ਨੇ ਚਿਟਗਾਓਂ ‘ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਗੋਲੀਆਂ ਚਲਾ ਰਹੀ ਹੈ, ਅਸੀਂ ਆਪਣੇ ਭਰਾਵਾਂ ਦਾ ਖੂਨ ਬੇਕਾਰ ਨਹੀਂ ਜਾਣ ਦੇਵਾਂਗੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਹਫਤੇ ਦੋ ਦਿਨਾਂ ਦੇ ਬੰਗਲਾਦੇਸ਼ ਦੌਰੇ ਉਤੇ ਗਏ ਸਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਸਥਿਰਤਾ, ਸਨੇਹ ਅਤੇ ਸ਼ਾਂਤੀ ਚਾਹੁੰਦੇ ਹਨ ਨਾ ਕਿ ਅਤਿਵਾਦ ਅਤੇ ਅਸ਼ਾਂਤੀ। ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਆਪਣੀ ਤਰੱਕੀ ਵਿਚੋਂ ਦੁਨੀਆਂ ਨੂੰ ਤਰੱਕੀ ਕਰਦਿਆਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਨੂੰ ਸਾਂਝੀਆਂ ਚੁਣੌਤੀਆਂ ਨਾਲ ਮਿਲ ਕੇ ਨਜਿੱਠਣਾ ਚਾਹੀਦਾ ਹੈ।
ਭਾਰਤੀ ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਬੰਗਲਾਦੇਸ਼ ਫਿਰਕੂ ਸਦਭਾਵਨਾ ਦੀ ਵੱਡੀ ਮਿਸਾਲ ਹੈ। ਮੋਦੀ ਨੇ ਗੋਪਾਲਗੰਜ ਦੇ ਤੁੰਗੀਪਾੜਾ ਵਿਚ ਬੰਗਲਾਦੇਸ਼ ਦੀ ਉੱਘੀ ਸ਼ਖਸੀਅਤ ਸ਼ੇਖ ਮੁਜੀਬੁਰ ਰਹਿਮਾਨ ਦੇ ਮਕਬਰੇ ਉਤੇ ਜਾ ਕੇ ਉਨ੍ਹਾਂ ਨੂੰ ਅਕੀਦਤ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਹਮਰੁਤਬਾ ਸ਼ੇਖ ਹਸੀਨਾ ‘ਬੰਗਬੰਧੂ-ਬਾਪੂ` ਡਿਜੀਟਲ ਪ੍ਰਦਰਸ਼ਨੀ ਵੀ ਦੇਖਣ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਮੁਲਕਾਂ ਨੇ ਸੰਪਰਕ, ਊਰਜਾ, ਵਪਾਰ, ਸਿਹਤ ਤੇ ਵਿਕਾਸ ਨਾਲ ਜੁੜੇ ਪੰਜ ਸਮਝੌਤੇ ਸਹੀਬੱਧ ਕੀਤੇ। ਮੋਦੀ ਤੇ ਹਸੀਨਾ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਫਦਾਂ ਦੀ ਬੈਠਕ ਹੋਈ। ਭਾਰਤ ਨੇ ਇਸ ਮੌਕੇ 109 ਐਂਬੂਲੈਂਸਾਂ ਬੰਗਲਾਦੇਸ਼ ਨੂੰ ਸੌਂਪੀਆਂ। ਮੋਦੀ ਵੱਲੋਂ ਸ਼ੇਖ ਹਸੀਨਾ ਨੂੰ ਇਕ ਡੱਬਾ ਵੀ ਸੌਂਪਿਆ ਗਿਆ ਜੋ ਕਿ ਭਾਰਤ ਵੱਲੋਂ ਬੰਗਲਾਦੇਸ਼ ਨੂੰ ਦਿੱਤੀਆਂ ਜਾਣ ਵਾਲੀਆਂ 12 ਲੱਖ ਕੋਵਿਡ ਡੋਜਾਂ ਨੂੰ ਤੋਹਫੇ ਵਜੋਂ ਦਰਸਾਉਣ ਲਈ ਦਿੱਤਾ ਗਿਆ।