ਕਿਸਾਨੀ ਸੰਘਰਸ਼ ਅਤੇ ਮਾਅਰਕੇਬਾਜ਼ਾਂ ਦੀ ਕੋਝੀ ਸਿਆਸਤ

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਮੌਜੂਦਾ ਕਿਸਾਨੀ ਸੰਘਰਸ਼ ਲੰਮਾ ਹੋਣ ਦੇ ਬਾਵਜੂਦ ਅਜੇ ਵੀ ਕਿਸਾਨ ਜਥੇਬੰਦੀਆਂ ਵਲੋਂ ਉਸੇ ਜਜ਼ਬੇ ਨਾਲ ਲੜਿਆ ਜਾ ਰਿਹਾ ਹੈ, ਜਿਸ ਜੋਸ਼ ਨਾਲ ਸ਼ੁਰੂ ਹੋਇਆ ਸੀ। ਇਹ ਸੰਘਰਸ਼ ਦੁਨੀਆਂ ਭਰ ਵਿਚ ਸ਼ਾਂਤੀਪੂਰਵਕ ਢੰਗ ਨਾਲ ਲੜੇ ਗਏ ਵੱਡੇ ਲੋਕ ਸੰਘਰਸ਼ਾਂ ਵਿਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ। ਇਤਨੇ ਵੱਡੇ ਲੋਕਾਂ ਦੇ ਇਕੱਠ ਨੂੰ ਆਪਣੀ ਸਟੇਟ ਤੋਂ ਬਾਹਰ 4 ਮਹੀਨੇ ਤੋਂ ਪੂਰੇ ਜ਼ਾਬਤੇ ਵਿਚ ਰੱਖਣਾ ਤੇ ਸੜਕਾਂ ‘ਤੇ ਹੀ ਘਰ ਬਣਾ ਕੇ ਬੈਠ ਜਾਣਾ ਅਤੇ ਖਾਣ-ਪੀਣ ਜਾਂ ਰਹਿਣ ਦੀ ਕੋਈ ਦਿੱਕਤ ਨਾ ਆਉਣ ਦੇਣਾ, ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਜਿਥੇ ਮੋਦੀ ਸਰਕਾਰ ਪਹਿਲਾਂ ਪੂਰੇ ਦਬਾਅ ਵਿਚ ਸੀ ਤੇ ਕਿਸੇ ਵੀ ਕੀਮਤ ਤੇ ਮਸਲਾ ਲੈ ਦੇ ਕੇ ਹੱਲ ਕਰਨ ਦੇ ਰੌਂਅ ਵਿਚ ਸੀ

ਪਰ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ, ਲੋਕਾਂ ਵਿਚ ਭੜਕਾਹਟ ਪੈਦਾ ਕਰਨ, ਹਿੰਸਾ ਭੜਕਾਉਣ, ਬੇਚੈਨੀ ਪੈਦਾ ਕਰਨ ਦੇ ਨਾਲ-ਨਾਲ ਅਜਿਹਾ ਦਿਖਾਵਾ ਵੀ ਕਰ ਰਹੀ ਹੈ ਕਿ ਜਿਸ ਤਰ੍ਹਾਂ ਉਸਨੂੰ ਹੁਣ ਸੜਕਾਂ ਤੇ ਬੈਠੇ ਲੱਖਾਂ ਲੋਕ ਦਿਖਾਈ ਨਹੀਂ ਦਿੰਦੇ? ਅਜਿਹੇ ਤੱਤਾਂ ਨੂੰ ਉਭਾਰਿਆ ਜਾ ਰਿਹਾ ਹੈ, ਜੋ ਕਿਸੇ ਵੀ ਢੰਗ ਨਾਲ ਹਿੰਸਾ ਨੂੰ ਉਤਸ਼ਾਹਿਤ ਕਰਨ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਚ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਸੰਘਰਸ਼ ਨੂੰ ਬਿਲਕੁਲ ਅੱਖੋਂ ਪਰੋਖੇ ਕਰਨ ਦਾ ਡਰਾਮਾ ਵੀ ਕੀਤਾ ਜਾ ਰਿਹਾ ਹੈ। ਅਜਿਹੇ ਮੌਕੇ ਜਦੋਂ ਸੰਘਰਸ਼ ਵਿਚ ਜੋਸ਼ ਦੇ ਨਾਲ ਹੋਸ਼ ਦੀ ਵੱਧ ਜਰੂਰਤ ਹੈ ਤਾਂ ਕੁਝ ਸਿੱਖ ਬੁੱਧੀਜੀਵੀ ਤੇ ਉਨ੍ਹਾਂ ਦੇ ਦੇਸ਼-ਵਿਦੇਸ਼ ਵਿਚ ਬੈਠੇ ਭਗਤ, ਮੋਦੀ ਸਰਕਾਰ ਤੋਂ ਵੀ ਅੱਗੇ ਲੰਘ ਕੇ ਵੱਖ-ਵੱਖ ਢੰਗਾਂ ਨਾਲ ਸੰਘਰਸ਼ ਨੂੰ ਢਾਅ ਲਾਉਣ ਲਈ ਸੋਸ਼ਲ ਮੀਡੀਆ ਤੇ ਵੀ ਪੂਰੀ ਤਰ੍ਹਾਂ ਸਰਗਰਮ ਹਨ। ਉਹ ਕਿਸਾਨੀ ਸੰਘਰਸ਼ ਨੂੰ ਮਜ਼ਬੂਤੀ ਦੇਣ ਦੀ ਥਾਂ ਬਾਹਰੋਂ ਨਾਅਰਾ ਤਾਂ ਕਿਸਾਨੀ ਦੇ ਹੱਕ ਵਿਚ ਦੇ ਰਹੇ ਹਨ ਪਰ ਕਿਸਾਨ ਜਥੇਬੰਦੀਆਂ ਤੇ ਆਗੂਆਂ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਇਸ ਸਬੰਧੀ ਪਿਛਲੇ ਦਿਨਾਂ ਤੋਂ ਪੰਜਾਬ ਵਿਚ ਮਹਿਰਾਜ, ਮਸਤੂਆਣੇ ਤੇ ਹੁਣ ਜੰਡਿਆਲੇ ਕਾਨਫਰੰਸਾਂ ਵੀ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਇੱਕ ਹੀ ਰਾਗ ਅਲਾਪਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਨਾਲ ਲਉ, ਜਦਕਿ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਕੌਣ ਨੌਜਵਾਨ ਹਨ, ਜਿਨ੍ਹਾਂ ਨੂੰ ਨਾਲ ਲਿਆ ਜਾਵੇ ਜਾਂ ਉਹ ਅਜਿਹੇ ਕਿਹੜੇ ਖਾਸ ਨੌਜਵਾਨ ਹਨ ਜਿਨ੍ਹਾਂ ਨੂੰ ਪੈਰਾਸ਼ੂਟ ਰਾਹੀਂ ਲੀਡਰ ਬਣ ਕੇ ਹੀ ਸਟੇਜ ਕੇ ਉਤਾਰਿਆ ਜਾ ਸਕਦਾ ਹੈ? ਕੀ ਉਨ੍ਹਾਂ ਨੌਜਵਾਨਾਂ ਦੀ ਕੋਈ ਕਿਸਾਨ ਜਥੇਬੰਦੀ ਹੈ ਜਿਸ ਨੂੰ ਨਾਲ ਨਹੀਂ ਲਿਆ ਗਿਆ? ਜੇ ਉਹ ਨੌਜਵਾਨ ਲੀਡਰ ਲੋਕਾਂ ਲਈ ਜਾਂ ਕਿਸਾਨਾਂ ਲਈ ਕੰਮ ਕਰ ਰਹੇ ਹਨ ਤਾਂ ਲੋਕਾਂ ਨੂੰ ਸਟੇਜਾਂ ਤੋਂ ਬਿਨਾਂ ਕਿਉਂ ਨਜ਼ਰ ਨਹੀਂ ਆ ਰਹੇ? ਕਿਸਾਨੀ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਪੰਜਾਬ ਜਾਂ ਕਿਸਾਨਾਂ ਲਈ ਕੀ ਦੇਣ ਹੈ? ਪਰ ਸ. ਅਜਮੇਰ ਸਿੰਘ ਵਰਗੇ ਬੇਚੈਨ ਬੁੱਧੀਜੀਵੀ ਨੌਜਵਾਨੀ ਨੂੰ ਭਟਕਾਉਣ ਤੇ ਹਿੰਸਾ ਦੇ ਰਾਹ ਤੋਰਨ ਲਈ ਭੜਕਾਊ ਪ੍ਰਵਚਨ ਸਿਰਜ ਰਹੇ ਹਨ? ਬੇਸ਼ਕ ਉਨ੍ਹਾਂ ਨੂੰ ਸਭ ਪਤਾ ਹੈ ਕਿ ਇਹ ਸੰਘਰਸ਼, ਕਿਸਾਨ ਜਥੇਬੰਦੀਆਂ ਵਲੋਂ ਸਿਰਫ ਤੇ ਸਿਰਫ ਤਿੰਨ ਕਿਸਾਨ ਵਿਰੋਧੀ ਕਨੂੰਨ ਰੱਦ ਕਰਾਉਣ ਲਈ ਸ਼ੁਰੂ ਹੋਇਆ ਸੀ ਤੇ ਉਨ੍ਹਾਂ ਨੂੰ ਰੱਦ ਕਰਾਉਣ ਲਈ ਹੀ ਜਾਰੀ ਹੈ ਅਤੇ ਲੱਖਾਂ ਲੋਕ ਸੜਕਾਂ ਤੇ ਕਾਨੂੰਨ ਰੱਦ ਕਰਾਉਣ ਲਈ ਹੀ ਬੈਠੇ ਹਨ।
ਇਸ ਸੰਘਰਸ਼ ਦਾ ਕਿਸਾਨੀ ਤੋਂ ਇਲਾਵਾ ਕਿਸੇ ਵਰਗ, ਧਰਮ, ਕੌਮ, ਸੂਬੇ ਆਦਿ ਦੀਆਂ ਵੱਖਰੀਆਂ ਮੰਗਾਂ ਨਾਲ ਕੋਈ ਸਬੰਧ ਨਹੀਂ? ਪਰ ਇਹ ਧੜੇ ਹਰ ਯਤਨ ਨਾਲ ਕਿਸਾਨੀ ਸੰਘਰਸ਼ ਨੂੰ ਆਪਣੀਆਂ ਮੁੱਖ ਮੰਗਾਂ ਤੋਂ ਭਟਕਾ ਕੇ ਸਿੱਖ ਸੰਘਰਸ਼ ਬਣਾਉਣ, ਸਿੱਖ-ਕਾਮਰੇਡ ਮੁੱਦਾ ਬਣਾਉਣ ਜਾਂ ਆਪਣੀਆਂ ਰਾਜਨੀਤਕ ਇਛਾਵਾਂ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਨ। ਇਸ ਨਾਲ ਇਨ੍ਹਾਂ ਨੇ ਕਿਸਾਨ ਆਗੂਆਂ ਅੱਗੇ ਉਸੇ ਤਰ੍ਹਾਂ ਦਾ ਧਰਮ ਸੰਕਟ ਖੜ੍ਹਾ ਕਰ ਦਿੱਤਾ ਹੈ ਜਿਸ ਤਰ੍ਹਾਂ ਇਨ੍ਹਾਂ ਹੀ ਧਿਰਾਂ ਨੇ 80ਵਿਆਂ ਵਿਚ ਰਵਾਇਤੀ ਅਕਾਲੀਆਂ ਦੇ ਸ਼ਾਤੀਪੂਰਵਕ ਚੱਲ ਰਹੇ, ‘ਧਰਮ ਯੁੱਧ ਮੋਰਚੇ` ਮੌਕੇ ਅਕਾਲੀਆਂ ਅੱਗੇ ਖੜ੍ਹਾ ਕਰ ਦਿੱਤਾ ਸੀ ਜਿਸ ਦਾ ਨਤੀਜਾ ਜੂਨ 84, ਨਵੰਬਰ 84 ਤੇ ਫਿਰ 10 ਸਾਲ ਪੰਜਾਬ ਵਿਚ ਕਾਲਾ ਦੌਰ ਨਿਕਲਿਆ?
ਹੁਣ ਜਦੋਂ ਅਸੀਂ ਮੌਜੂਦਾ ਕਿਸਾਨੀ ਸੰਘਰਸ਼ ਵਿਚ ਚੱਲ ਰਹੇ ਇਸ ਧਰਮ ਸੰਕਟ ਨੂੰ ਸਮਝਣਾ ਹੈ ਤਾਂ ਜੇ ਇਸ ਨੂੰ ਵਕਤੀ ਵਰਤਾਰੇ ਦੇ ਤੌਰ ‘ਤੇ ਦੇਖਾਂਗੇ ਤਾਂ ਨਾ ਕਿਸੇ ਨਤੀਜੇ ਤੇ ਪਹੁੰਚ ਸਕਾਂਗੇ ਅਤੇ ਨਾ ਹੀ ਇਸ ਦੇ ਕਾਰਨਾਂ ਨੂੰ ਜਾਣ ਸਕਾਂਗੇ? ਕਿਸਾਨੀ ਸੰਘਰਸ਼ ਨਾ ਪੰਜਾਬ ਦਾ ਪਹਿਲਾ ਸੰਘਰਸ਼ ਹੈ ਤੇ ਨਾ ਇਹ ਕੋਈ ਆਖਰੀ ਸੰਘਰਸ਼ ਹੈ। ਮੌਜੂਦਾ ਕਿਸਾਨੀ ਸੰਘਰਸ਼ ਦੇ ਸੰਕਟ ਨੂੰ ਸਮਝਣ ਲਈ ਸਾਨੂੰ ਘੱਟੋ-ਘੱਟ ਪਿਛਲੇ 100 ਸਾਲਾਂ ਤੋਂ ਸਿੱਖਾਂ ਵਲੋਂ ਲਾਏ ਮੋਰਚਿਆਂ ਤੇ ਸੰਘਰਸ਼ਾਂ ਦੀ ਮਾਨਸਿਕਤਾ ਤੇ ਢੰਗ ਤਰੀਕਿਆਂ ਨੂੰ ਜਾਨਣਾ ਤੇ ਸਮਝਣਾ ਬੜਾ ਜ਼ਰੂਰੀ ਹੈ। ਜੇ ਅਸੀਂ ਬਹੁਤ ਜ਼ਿਆਦਾ ਪਿਛੇ ਨਾ ਵੀ ਜਾਈਏ ਤਾਂ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿਚ ਸਿੱਖਾਂ ਦੀ ਰਵਾਇਤੀ ਲੀਡਰਸ਼ਿਪ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਦਰਿਆਈ ਪਾਣੀਆਂ ਦੀ ਮੁਨਾਸਿਬ ਵੰਡ ਕਰਨ, ਚੰਡੀਗੜ੍ਹ ਸਮੇਤ ਪੰਜਾਬੀ ਸੂਬਾ ਬਣਾਉਣ ਵੇਲੇ ਪੰਜਾਬ ਤੋਂ ਬਾਹਰ ਰੱਖੇ ਗਏ ਪੰਜਾਬੀ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਨ, ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਕੁਝ ਧਾਰਮਿਕ ਮੰਗਾਂ ਅਧਾਰਿਤ ‘ਧਰਮ ਯੁੱਧ ਮੋਰਚਾ` ਲਗਾਇਆ ਗਿਆ ਸੀ ਜੋ ਬਿਲਕੁਲ ਸ਼ਾਂਤਮਈ ਸੀ ਪਰ ਹੌਲੀ-ਹੌਲੀ ਕਈ ਤਰ੍ਹਾਂ ਦੇ ਮਾਅਰਕੇਬਾਜ਼ਾਂ ਨੇ ਸੰਘਰਸ਼ ਨੂੰ ਹਿੰਸਾ ਦੇ ਰਾਹ ਤੋਰ ਦਿੱਤਾ ਜਿਸ ਦਾ ਸੰਤਾਪ ਸਾਰੇ ਪੰਜਾਬ ਨੇ ਤਕਰੀਬਨ 20-25 ਸਾਲ ਸਿੱਧੇ ਰੂਪ ਵਿਚ ਹੰਢਾਇਆ ਤੇ ਪਿਛਲੇ 20-25 ਸਾਲ ਤੋਂ ਅਸਿੱਧੇ ਰੂਪ ਵਿਚ ਹੰਢਾ ਰਿਹਾ ਹੈ। ਉਸ ਸਮੇਂ ਵੀ ਸ. ਦਲਬੀਰ ਸਿੰਘ ਤੇ ਸ. ਸੁਖਦੇਵ ਸਿੰਘ ਵਰਗੇ ਪੱਤਰਕਾਰਾਂ ਅਤੇ ਚੰਡੀਗੜ੍ਹ ਦੇ ਸ. ਗੁਰਤੇਜ ਸਿੰਘ ਵਰਗੇ ਬੁੱਧੀਜੀਵੀਆਂ, ਡਾ. ਸੋਹਣ ਸਿੰਘ ਵਰਗੇ ਸਾਬਕਾ ਨੌਕਰਸ਼ਾਹਾਂ, ਜਨਰਲ ਸੁਬੇਗ ਸਿੰਘ ਵਰਗੇ ਸਾਬਕਾ ਫੌਜੀਆਂ ਨੇ ਗਰਮ ਖਿਆਲੀ ਅੱਲੜ ਨੌਜਵਾਨਾਂ ਨੂੰ ਹਿੰਸਾ ਦੇ ਰਾਹ ਤੋਰ ਕੇ ਅਕਾਲੀਆਂ ਦੇ ਸ਼ਾਂਤਮਈ ਸੰਘਰਸ਼ ਨੂੰ ਵਿਨਾਸ਼ਕਾਰੀ ਮੋੜਾ ਦਿੱਤਾ ਸੀ ਜਿਸ ਦਾ ਪਹਿਲਾ ਵੱਡਾ ਟਰੇਲਰ ਲੋਕਾਂ ਨੇ 25 ਅਪਰੈਲ, 1983 ਨੂੰ ਦਰਬਾਰ ਸਾਹਿਬ ਅੰਦਰ ਮੱਥਾ ਟੇਕ ਕੇ ਬਾਹਰ ਨਿਕਲ ਰਹੇ ਪੰਜਾਬ ਪੁਲਿਸ ਦੇ ਡੀ. ਆਈ. ਜੀ. ਅਵਤਾਰ ਸਿੰਘ ਅਟਵਾਲ ਦੇ ਕਤਲ ਦੇ ਰੂਪ ਵਿਚ ਦੇਖਿਆ ਸੀ। ਇਸ ਤੋਂ ਬਾਅਦ ਹਿੰਸਾ ਤੇ ਹਤਿਆਵਾਂ ਦਾ ਅਜਿਹਾ ਦੌਰ ਚੱਲਿਆ ਜਿਸ ਨੇ ਸਰਕਾਰ ਨੂੰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦਾ ਮੌਕਾ ਦਿੱਤਾ? ਹੁਣ ਇਹੀ ਲੋਕ ਸ਼ਾਂਤਮਈ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਕੋਈ ਅਜਿਹਾ ਮੋੜਾ ਦੇਣ ਦੀ ਤਾਕ ਵਿਚ ਹਨ।
ਇਸ ਦਾ ਤਾਜ਼ਾ ਸਬੂਤ ਸਿੱਖ ਵਿਦਵਾਨ ਸ. ਅਜਮੇਰ ਸਿੰਘ ਵਲੋਂ ਮਸਤੂਆਣੇ ਅਤੇ ਜੰਡਿਆਲੇ ਕਾਨਫਰੰਸਾਂ ਵਿਚ ਦਿੱਤੀਆਂ ਤਕਰੀਰਾਂ ਹਨ ਜਿਨ੍ਹਾਂ ਵਿਚ ਉਹ ਕਹਿ ਰਹੇ ਹਨ ਕਿ ਸ਼ਹੀਦੀ ਪਾਉਣੀ ਤਾਂ ਬੜੇ ਸੁਭਾਗ ਦੀ ਗੱਲ ਹੈ, ਸਿੱਖ ਲਈ ਇਸ ਤੋਂ ਵੱਡੀ ਮਾਣ ਦੀ ਗੱਲ ਕੀ ਹੋ ਸਕਦੀ ਹੈ, ਕਿਉਂਕਿ ਉਹ ਸ਼ਹੀਦੀ ਪਾ ਕੇ ਗੁਰੂ ਦੀ ਗੋਦ ਵਿਚ ਜਾ ਬੈਠਦਾ ਹੈ! ਪਰ ਉਸ ਦੇ ਆਪਣੇ ਮਨ ਵਿਚ 70 ਸਾਲ ਤੋਂ ਵੱਧ ਉਮਰ ਹੰਢਾ ਕੇ ਵੀ ਪਤਾ ਨਹੀਂ ਕਿਉਂ ‘ਸ਼ਹੀਦੀ` ਪਾਉਣ ਦਾ ਚਾਅ ਨਹੀਂ ਉਮੜਦਾ, ਜਦਕਿ ਉਸ ਦੇ ਆਪਣੇ ਅਨੇਕਾਂ ਗੁਰੀਲਾ ਸਾਥੀ 90ਵਿਆਂ ਦੇ ਖਾੜਕੂ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਗਏ ਸਨ!!
ਕਿਸਾਨੀ ਸੰਘਰਸ਼ ਵਿਚ ਵੀ ਅਜਿਹਾ ਹੀ ਹੋ ਰਿਹਾ ਹੈ। ਕਿਸਾਨੀ ਸੰਘਰਸ਼ ਵਿਚ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਵਲੋਂ ਸ਼ੁਰੂ ਵਿਚ ਹੀ ਭਾਰਤੀ ਸਟੇਟ ਨਾਲ ਰਲ ਕੇ ਚੱਲਣ ਵਾਲੀਆਂ ਵੋਟ ਬਟੋਰੂ ਪਾਰਟੀਆਂ ਨੂੰ ਨਕਾਰ ਦਿੱਤਾ ਗਿਆ ਸੀ ਪਰ ਮਾਅਰਕੇਬਾਜ਼ ਧਿਰਾਂ ਜੋ 1984 ਤੋਂ 1994 ਤੱਕ ਚੱਲੇ ਖਾੜਕੂ ਸੰਘਰਸ਼ ਤੋਂ ਬਾਅਦ ਪਹਿਲਾਂ ਹੀ ਨਕਾਰੀਆਂ ਗਈਆਂ ਸਨ ਤੇ ਉਨ੍ਹਾਂ ਦੀ ਪਿਛਲੇ 25 ਸਾਲਾਂ ਤੋਂ ਕਿਸੇ ਵੀ ਮਸਲੇ ਤੇ ਕਾਰਗੁਜ਼ਾਰੀ ਨਾ-ਮਾਤਰ ਸੀ ਤੇ ਉਹ ਲੋਕਾਂ ਵਿਚ ਆਪਣਾ ਆਧਾਰ ਗੁਆ ਚੁੱਕੀਆਂ ਸਨ (ਬੇਸ਼ਕ ਉਹ ਛੋਟੇ-ਮੋਟੇ ਧਾਰਮਿਕ ਮੁੱਦਿਆਂ ਰਾਹੀਂ ਆਪਣੀ ਹੋਂਦ ਸਥਾਪਿਤ ਕਰਨ ਜਾਂ ਹੋਂਦ ਕਾਇਮ ਰੱਖਣ ਲਈ ਯਤਨਸ਼ੀਲ ਰਹੀਆਂ ਸਨ), ਉਹ ਇਸ ਕਿਸਾਨੀ ਸੰਘਰਸ਼ ਵਿਚ ਆਪਣੀ ਖੁਸ ਚੁੱਕੀ ਹੋਂਦ ਸਥਾਪਿਤ ਕਰਨ ਲਈ ਇੱਕਦਮ ਸਰਗਰਮ ਹੋ ਗਈਆਂ। ਉਨ੍ਹਾਂ ਨੂੰ ਲਗਦਾ ਸੀ ਕਿ ਪੰਜਾਬ ਦੇ ਲੋਕਾਂ (ਖਾਸ ਕਰ ਹਰ ਵਰਗ ਦੇ ਸਿੱਖਾਂ) ਦੀ ਸਮੂਹਿਕ ਚੇਤਨਾ ਵਿਚ ਜਜ਼ਬਾਤੀਪਨ ਤੇ ਜੁਝਾਰੂਪਨ ਦੇ ਜੋ ਅੰਸ਼ ਮੌਜੂਦ ਹਨ, ਉਨ੍ਹਾਂ ਨੂੰ ਉਭਾਰ ਕੇ ਉਹ ਆਪਣੇ ਮਕਸਦ ਵਿਚ ਕਾਮਯਾਬ ਹੋ ਸਕਦੀਆਂ ਹਨ।
ਇਸੇ ਰਾਜਨੀਤੀ ਤਹਿਤ ਇਨ੍ਹਾਂ ਧਿਰਾਂ ਦੀ ਤਰਜਮਾਨੀ ਕਰ ਰਹੇ ਸਿੱਖ ਵਿਦਵਾਨਾਂ ਸ. ਅਜਮੇਰ ਸਿੰਘ, ਪੱਤਰਕਾਰ ਸ. ਕਰਮਜੀਤ ਸਿੰਘ, ਪੱਤਰਕਾਰ ਸ. ਸੁਖਦੇਵ ਸਿੰਘ ਆਦਿ ਦੀ ਸਿੱਧੀ ਜਾਂ ਅਸਿੱਧੀ ਪ੍ਰੇਰਨਾ ਨਾਲ ਗਰਮ ਖਿਆਲੀ ਨੌਜਵਾਨਾਂ ਵਲੋਂ ਕਿਸਾਨ ਮੋਰਚੇ ਦੇ ਬਰਾਬਰ ਦੀਪ ਸਿੱਧੂ ਰਾਹੀਂ ਸ਼ੰਭੂ ਬਾਰਡਰ ‘ਤੇ ਮੋਰਚਾ ਲਗਾ ਲਿਆ ਸੀ। ਜਿਥੋਂ ਕਿਸਾਨੀ ਸੰਘਰਸ਼ ਦੀ ਆੜ ਵਿਚ ਪੰਜਾਬ ਦੀ ਹੋਂਦ, ਸਿੱਖੀ ਦੀ ਹੋਂਦ, ਸਿੱਖ ਹੋਣੀ, ਫੈਡਰਲ ਢਾਂਚਾ, ਆਨੰਦਪੁਰ ਦਾ ਮਤਾ, ਸਿੱਖ ਸੰਘਰਸ਼, ਵੱਖਰੇ ਸਿੱਖ ਰਾਜ, ਰਾਜਾਂ ਨੂੰ ਵੱਧ ਅਧਿਕਾਰ ਆਦਿ ਅਨੇਕਾਂ ਤਰ੍ਹਾਂ ਦੇ ਭੰਬਲਭੂਸੇ ਪਾ ਕੇ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਆਮ ਜਜ਼ਬਾਤੀ ਨੌਜਵਾਨਾਂ ਨੂੰ ਵਰਗਲਾਇਆ ਗਿਆ ਤਾਂ ਕਿ ਉਨ੍ਹਾਂ ਨੂੰ ਮੌਕਾ ਆਉਣ ‘ਤੇ ਕਿਸਾਨੀ ਸੰਘਰਸ਼ ਤੇ ਕਬਜ਼ਾ ਕਰਨ ਲਈ ਵਰਤਿਆ ਜਾ ਸਕੇ ਜਿਸ ਤਰ੍ਹਾਂ ਰਵਾਇਤੀ ਅਕਾਲੀਆਂ ਦੇ ‘ਧਰਮ ਯੁੱਧ ਮੋਰਚੇ` ਵੇਲੇ ਕੀਤਾ ਗਿਆ ਸੀ।
ਜਿਵੇਂ ਹੀ ਕਿਸਾਨੀ ਮੋਰਚਾ ਪੰਜਾਬ ਤੋਂ ਦਿੱਲੀ ਦੇ ਬਾਰਡਰਾਂ ‘ਤੇ ਪਹੁੰਚ ਗਿਆ ਤਾਂ ਬੜੀ ਚਲਾਕੀ ਨਾਲ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਚ ਪਾੜ ਪਾਉਣ ਲਈ ਸਿੱਖ-ਕਾਮਰੇਡ ਮੁੱਦਾ ਉਭਾਰਿਆ ਗਿਆ। ਸਿੱਖੀ ਦੇ ਜੁਝਾਰੂ ਜਜ਼ਬੇ, ਲੰਗਰਾਂ ਤੇ ਸੇਵਾ ਦੇ ਪੱਖ ਨੂੰ ਹਰ ਢੰਗ ਨਾਲ ਆਪਣੇ ਉਭਾਰ ਲਈ ਵਰਤਿਆ ਗਿਆ। ਉਨ੍ਹਾਂ ਸੋਚਿਆ ਸੀ ਕਿ ਅਕਾਲੀਆਂ ਵਾਂਗ ਕਾਮਰੇਡ ਵੀ ਭੱਜ ਜਾਣਗੇ ਜਾਂ ਸਾਡੀ ਅਗਵਾਈ ਮੰਨ ਲੈਣਗੇ ਪਰ ਕਿਸਾਨ ਜਥੇਬੰਦੀਆਂ ਨੇ ਅਜਿਹਾ ਹੋਣ ਨਹੀਂ ਦਿੱਤਾ ਤਾਂ ਪਹਿਲਾਂ 25 ਜਨਵਰੀ ਦੀ ਸ਼ਾਮ ਨੂੰ ਕਿਸਾਨ ਆਗੂਆਂ ਦੀ ਖਾਲੀ ਸਟੇਜ ‘ਤੇ ਕਬਜ਼ਾ ਕਰ ਕੇ ਨੌਜਵਾਨਾਂ ਨੂੰ ਦਿੱਲੀ ਲਾਲ ਕਿਲ੍ਹੇ ਜਾਣ ਲਈ ਭੜਕਾਇਆ ਗਿਆ ਅਤੇ ਫਿਰ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਝੰਡੇ ਝੁਲਾਉਣ ਦੀਆਂ ਘਟਨਾਵਾਂ ਕਰਵਾ ਕੇ ਸੰਘਰਸ਼ ਨੂੰ ਖਤਮ ਕਰਨ ਦਾ ਪੈਂਤੜਾ ਖੇਡਿਆ ਗਿਆ ਜਿਸ ਨੇ ਸੰਘਰਸ਼ ਨੂੰ ਵੱਡੀ ਢਾਹ ਤਾਂ ਜ਼ਰੂਰ ਲਗਾਈ ਸੀ ਪਰ ਲੀਡਰਾਂ ਦੀ ਸਿਆਣਪ ਤੇ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਸਥਿਤੀ ਸੰਭਾਲ ਲਈ। ਹੁਣ ਪਿਛਲੇ 2 ਮਹੀਨੇ ਤੋਂ ਕਿਸਾਨੀ ਸੰਘਰਸ਼ ਖਤਮ ਕਰਨ ਲਈ ਇਹ ਲੋਕ ਵੱਖ-ਵੱਖ ਪੈਂਤੜੇ ਬਦਲ ਰਹੇ ਹਨ, ਕਦੇ ਨੌਜਵਾਨਾਂ ਦੀ ਜੇਲ੍ਹਾਂ ਤੋਂ ਰਿਹਾਈ ਦਾ ਮੁੱਦਾ, ਕਦੇ ਮਹਿਰਾਜ ਤੇ ਮਸਤੂਆਣੇ ਦੀਆਂ ਕਾਨਫਰੰਸਾਂ ਰਾਹੀਂ ਨੌਜਵਾਨਾਂ ਨੂੰ ਅਗਵਾਈ ਸੌਂਪਣ, ਹੁਣ ਜੰਡਿਆਲਾ ਕਾਨਫਰੰਸ ਰਾਹੀਂ ਨਵਰੀਤ ਸਿੰਘ ਦੀ ਸ਼ਹੀਦੀ ਨੂੰ ਆਧਾਰ ਬਣਾ ਕੇ ਉਸ ਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਨੂੰ ਅੱਗੇ ਲਗਾ ਲਿਆ ਹੈ। ਸਾਨੂੰ ਡਿਬਡਿਬਾ ਸਾਹਿਬ ਦੀ ਸੁਹਿਰਦਤਾ ‘ਤੇ ਕੋਈ ਸ਼ੱਕ ਨਹੀਂ ਪਰ ਉਨ੍ਹਾਂ ਦੀ ਹਾਜ਼ਰੀ ਵਿਚ ਜੰਡਿਆਲਾ ਕਾਨਫਰੰਸ ਵਿਚ ਸਾਬਕਾ ਖਾੜਕੂ ਬਾਬਾ ਬਖਸ਼ੀਸ਼ ਸਿੰਘ ਅਤੇ ਸਾਬਕਾ ਖਾੜਕੂ ਭਾਈ ਨਰਾਇਣ ਸਿੰਘ ਚੌੜਾ ਵਲੋਂ ਸ਼ਬਦਾਂ ਦਾ ਜੋ ਗੱਤਕਾ ਖੇਡਿਆ ਗਿਆ ਹੈ, ਉਸ ਨੂੰ ਨਾ ਹੀ ਅੱਖੋਂ-ਪਰੋਖੇ ਕੀਤਾ ਜਾ ਸਕਦਾ ਹੈ ਤੇ ਨਾ ਹੀ ਉਸ ਵਿਚੋਂ ਨਿਕਲਣ ਵਾਲੇ ਨਤੀਜਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਜਦੋਂ ਬਾਬਾ ਬਖਸ਼ੀਸ਼ ਸਿੰਘ ਕਹਿੰਦਾ ਹੈ: ‘ਹੁਣ ਕਿਸਾਨ ਆਗੂਆਂ ਦੇ ਅੱਗੇ ਸਮੁੰਦਰ ਹੈ ਤੇ ਪਿਛੇ ਸਾਡੀ ਡਾਂਗ`, ਜਿਸ ਦੀ ਵਿਆਖਿਆ ਦੀ ਕਿਸੇ ਨੂੰ ਲੋੜ ਨਹੀਂ ਹੈ। ਸਿਰਫ ਇਹ ਕੁਝ ਵਿਅਕਤੀ ਹੀ ਨਹੀਂ ਸਗੋਂ ਖੱਬੇ ਪੱਖੀ ਕਿਸਾਨ ਆਗੂ ਸੁਰਜੀਤ ਫੂਲ ਅਤੇ ਕਨੂੰ ਪ੍ਰਿਯਾ ਤੇ ਰਮਨ ਦੇ ਨੌਜਵਾਨ ਧੜੇ ਦਾ ਰੋਲ, ਕਿਸਾਨ ਆਗੂਆਂ ਲਈ ਵੱਡਾ ਧਰਮ ਸੰਕਟ ਹੀ ਨਹੀਂ ਖੜ੍ਹਾ ਕਰ ਰਿਹਾ ਸਗੋਂ ਮੋਦੀ ਹਕੂਮਤ ਨੂੰ ਭਵਿੱਖ ਵਿਚ ਕਿਸਾਨੀ ਸੰਘਰਸ਼ ਸਖਤੀ ਨਾਲ ਖਤਮ ਕਰਨ ਲਈ ਬਹਾਨਾ ਮੁਹੱਈਆ ਕਰ ਰਿਹਾ ਹੈੈ।
ਦੂਜੇ ਪਾਸੇ ਪੱਤਰਕਾਰ ਸ. ਕਰਮਜੀਤ ਸਿੰਘ ਜੀ ਦਾ ‘ਪੰਜਾਬ ਟਾਈਮਜ਼’ ਦੇ 23 ਮਾਰਚ ਦੇ ਅੰਕ ਵਿਚ ਲੇਖ ਛਪਿਆ ਸੀ: ‘ਮਸਤੂਆਣਾ ਸਾਹਿਬ ਦੇ ਇਕੱਠ ਵਿਚ ਵਿਚਾਰਾਂ ਦੀ ਮੂਸਲਾਧਾਰ ਬਾਰਸ਼` ਜਿਸ ਵਿਚ ਕੁਝ ਬੁਲਾਰਿਆਂ ਦੀਆਂ ਤਾਰੀਫਾਂ ਕਰਦੇ ਉਹ ਇਤਨੇ ਜਜ਼ਬਾਤੀ ਹੋ ਜਾਂਦੇ ਹਨ ਕਿ ਆਪਣੀ ਸਾਰੀ ਉਮਰ ਦੀ ਪੱਤਰਕਾਰੀ ‘ਤੇ ਵੀ ਪੋਚਾ ਮਾਰ ਜਾਂਦੇ ਹਨ। ਉਨ੍ਹਾਂ ਨੂੰ ਸਤਿਕਾਰ ਸਹਿਤ ਸਵਾਲ ਪੁੱਛਣਾ ਬਣਦਾ ਹੈ ਕਿ ਉਸ ਕਾਨਫਰੰਸ ਵਿਚ ਅਜਮੇਰ ਸਿੰਘ ਤੇ ਸਾਥੀਆਂ ਨੇ ਜਿਸ ਤਰ੍ਹਾਂ ਦੀ ਜਜ਼ਬਾਤੀ ਭੜਕਾਹਟ ਅਤੇ ਇਤਿਹਾਸ ਬਾਰੇ ਗਲਤ ਬਿਆਨੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੀ ਉਹ ਘੱਟ ਸੀ ਕਿ ਹੁਣ ਕਰਮਜੀਤ ਸਿੰਘ ਜੀ ਨੂੰ ਇੱਕ ਹੋਰ ਆਰਟੀਕਲ ਲਿਖਣਾ ਪਿਆ। ਇਥੇ ਇਹ ਵੀ ਵਰਨਣਯੋਗ ਹੈ ਕਿ ਸੁਖਪ੍ਰੀਤ ਸਿੰਘ ਊਧੋਕੇ, ਦਿੱਲੀ ਵਿਚ ਨੌਜਵਾਨ ਨਵਰੀਤ ਸਿੰਘ ਦੇ ਸ਼ਹੀਦ ਹੋਣ ਬਾਰੇ ਬੋਲਦਿਆਂ ਸਿੱਖ ਇਤਿਹਾਸ ਵਿਚੋਂ ਹਵਾਲੇ ਨਾਲ ਕਹਿੰਦੇ ਹਨ ਕਿ ਜਦੋਂ 18ਵੀਂ ਸਦੀ ਵਿਚ ਮੁਗਲੀਆ ਹਕੂਮਤ ਦੇ ਅਹਿਲਕਾਰ ਲਖਪਤ ਰਾਏ ਦੇ ਭਰਾ ਸੂਬੇਦਾਰ ਜਸਪਤ ਰਾਏ ਦਾ ਨਿਗਾਹੂ ਸਿੰਘ ਵਲੋਂ ਹਾਥੀ ‘ਤੇ ਸਵਾਰ ਦਾ ਸਿਰ ਵੱਢ ਦਿੱਤਾ ਸੀ ਤਾਂ ਬੇਸ਼ਕ ਨਿਗਾਹੂ ਸਿੰਘ ਦੇ ਇਸ ਕੌਤਕ ਕਰ ਕੇ ਗੁੱਸੇ ਵਿਚ ਲੱਖਪਤ ਰਾਏ ਨੇ ‘ਪਹਿਲਾ ਵੱਡਾ ਘੱਲੂਘਾਰਾ` ਵਰਤਾਇਆ ਸੀ ਅਤੇ ਇੱਕੋ ਦਿਨ ਵਿਚ 15 ਹਜ਼ਾਰ ਸਿੱਖ ਮਾਰ ਦਿੱਤੇ ਸਨ, ਇਤਨੀ ਵੱਡੀ ਗਲਤੀ ਦੇ ਬਾਵਜੂਦ ਸਿੱਖ ਇਤਿਹਾਸ ਨੇ ਨਿਗਾਹੂ ਸਿੰਘ ਨੂੰ ਕਦੇ ਗਲਤ ਨਹੀਂ ਕਿਹਾ ਸਗੋਂ ਹੀਰੋ ਮੰਨਿਆ ਹੈ ਤਾਂ ਕਿਸਾਨ ਆਗੂ, ਦੀਪ ਸਿੱਧੂ ਤੇ ਸਾਥੀ ਨੌਜਵਾਨਾਂ ਨੂੰ ਲਾਲ ਕਿਲ੍ਹੇ ਝੰਡੇ ਝੁਲਾਉਣ ਲਈ ਗਲਤ ਕਿਵੇਂ ਕਹਿ ਰਹੇ ਹਨ?
ਇਥੇ ਤਾਂ ਸਿਰਫ ਇੱਕ ਨੌਜਵਾਨ ਹੀ ਸ਼ਹੀਦ ਹੋਇਆ ਹੈ? ਭਾਵ, ਅਸੀਂ ਨਾ ਇਤਿਹਾਸ ਤੋਂ ਸਬਕ ਸਿੱਖਣਾ ਹੈ ਤੇ ਨਾ ਹੀ ਗਲਤੀਆਂ ਤੋਂ ਕੁਝ ਸਿੱਖਣਾ ਹੈ? ਪਰ ਸ. ਕਰਮਜੀਤ ਸਿੰਘ ਜੀ ਨੂੰ ਪਤਾ ਨਹੀਂ ਕਿਉਂ ਪਹਿਲਾਂ ਮਸਤੂਆਣੇ ਵਿਚ ਤੇ ਹੁਣ ਜੰਡਿਆਲੇ ਕਾਨਫਰੰਸ ਵਿਚ ਸਿਰਜੇ ਗਏ ਵਿਨਾਸ਼ਕਾਰੀ ਬਿਰਤਾਂਤ ਨਹੀਂ ਦਿਸ ਰਹੇ। ਇਸੇ ਤਰ੍ਹਾਂ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਆਪਣੀ ਫੇਸਬੁੱਕ ‘ਤੇ ਪੋਸਟ ਪਾਈ ਹੈ ਜਿਸ ਵਿਚ ਉਹ ਆਪਣੇ ਪੁਰਾਣੇ ਸੀਨੀਅਰ ਪੱਤਰਕਾਰ ਸਾਥੀ ਜਸਪਾਲ ਸਿੰਘ ਸਿੱਧੂ ਵਲੋਂ ਉਠਾਏ ਸਵਾਲ ਕਿ ‘ਕਿਸਾਨ ਆਗੂਆਂ ਨੇ ਜਦੋਂ ਕੋਈ ਗਲਤੀ ਕੀਤੀ ਹੀ ਨਹੀਂ ਤਾਂ ਮੁਆਫੀ ਕਿਸ ਤੋਂ, ਕਿਸ ਗੱਲ ਲਈ ਮੰਗਣ` ਦੇ ਜਵਾਬ ਵਿਚ ਲਿਖਦੇ ਹਨ: ‘ਕਿਸਾਨ ਆਗੂ ਮੁਆਫੀ ਕਿਉਂ ਮੰਗਣ?` ਉਹ ਇਸ ਸਬੰਧੀ ਕੁਝ ਬੇਤੁਕੇ ਸਵਾਲ ਉਠਾਉਂਦੇ ਹਨ ਜਿਸ ਦੇ ਜਵਾਬ ਕਿਸਾਨ ਮੋਰਚੇ ਦੇ ਪ੍ਰਵਚਨੀ ਬਾਗ ਦੇ ਰਾਖੇ ਮਲਵਿੰਦਰ ਸਿੰਘ ਮਾਲੀ ਨੇ ਬਾਖੂਬੀ ਸਵਾਲ-ਦਰ-ਸਵਾਲ ਦਿੱਤੇ ਹਨ ਪਰ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਭਲੇਮਾਣਸਾਂ ‘ਤੇ ਕੋਈ ਅਸਰ ਨਹੀਂ ਹੋ ਰਿਹਾ? ਜਿਵੇਂ ਇਨ੍ਹਾਂ ਨੇ ਗਰਮ ਖਿਆਲੀ ਨੌਜਵਾਨਾਂ ਨੂੰ ਪੁੱਠੇ ਰਾਹ ਪਾਉਣ ਦੀ ਸਹੁੰ ਹੀ ਖਾਧੀ ਹੋਈ ਹੈ।
ਸਾਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਸਾਰੀ ਦੁਨੀਆ ਸੰਘਰਸ਼ ਦੀ ਬਿਨਾਂ ਸ਼ਰਤ ਹਮਾਇਤ ਕਰ ਰਹੀ ਹੈ ਤਾਂ ਸ. ਅਜਮੇਰ ਸਿੰਘ, ਸ. ਕਰਮਜੀਤ ਸਿੰਘ ਤੇ ਸ. ਸੁਖਦੇਵ ਸਿੰਘ ਵਰਗੇ ਹੰਢੇ ਵਰਤੇ ਅਤੇ ਸੰਘਰਸ਼ਾਂ ਵਿਚੋਂ ਲੰਘੇ ਬਜ਼ੁਰਗ ਵਿਦਵਾਨਾਂ ਵਲੋਂ ਸੰਘਰਸ਼ ਨੂੰ ਕਮਜ਼ੋਰ ਤੇ ਦਿਸ਼ਾਹੀਣ ਕਰ ਕੇ ਨੌਜਵਾਨੀ ਨੂੰ ਹਿੰਸਾ ਦੇ ਰਾਹ ਤੋਰਨ ਵੱਲ ਕਿਉਂ ਪ੍ਰੇਰਿਆ ਜਾ ਰਿਹਾ ਹੈ। ਕੀ ਪੰਜਾਬ ਦੀ ਪਹਿਲੀ ਤਬਾਹੀ ਸਾਨੂੰ ਭੁੱਲ ਗਈ ਹੈ? ਪਤਾ ਨਹੀਂ ਇਹ ਲੋਕ ਹਰ ਮਸਲੇ ਦਾ ਹੱਲ ਹਿੰਸਾ ਵਿਚੋਂ ਹੀ ਕਿਉਂ ਤਲਾਸ਼ਦੇ ਹਨ? ਇਨ੍ਹਾਂ ਨੂੰ ਕਿਉਂ ਭੁੱਲ ਜਾਂਦਾ ਹੈ ਕਿ ਹੁਣ ਸਿੱਖ 17ਵੀਂ-18ਵੀਂ ਸਦੀ ਵਿਚ ਨਹੀਂ ਸਗੋਂ 21ਵੀਂ ਸਦੀ ਵਿਚ ਸਾਰੀ ਦੁਨੀਆ ਵਿਚ ਵਸ ਰਹੇ ਹਨ। ਹਿੰਸਾ ਦੀ ਵਕਾਲਤ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਕੰਡੇ ਬੀਜ ਰਹੀ ਹੈ।
ਜੇ ਕੁਝ ਪਲ ਲਈ ਇਨ੍ਹਾਂ ਦੀ ਸੁਹਿਰਦਤਾ ਤੇ ਸ਼ੱਕ ਕੀਤੇ ਬਿਨਾਂ ਸੋਚਿਆ ਜਾਵੇ ਤਾਂ ਕੀ ਇਸ ਧਿਰ ਨੂੰ ਪ੍ਰੇਰਨ ਦੀ ਕੋਸ਼ਿਸ਼ ਕਰ ਰਹੇ ਵਿਦਵਾਨ ਸ. ਅਜਮੇਰ ਸਿੰਘ, ਪੱਤਰਕਾਰ ਸ. ਕਰਮਜੀਤ ਸਿੰਘ, ਪੱਤਰਕਾਰ ਸ. ਸੁਖਦੇਵ ਸਿੰਘ ਤੇ ਇਨ੍ਹਾਂ ਵਰਗੇ ਕੁਝ ਹੋਰ ਬੁੱਧੀਜੀਵੀ ਦੱਸ ਸਕਦੇ ਹਨ ਕਿ ਕਿਸਾਨ ਆਗੂ ਉਨ੍ਹਾਂ ਕਿਹੜੇ ਨੌਜਵਾਨਾਂ ਨੂੰ ਅਗਵਾਈ ਸੌਂਪਣ ਜੋ ਅਗਵਾਈ ਕਰਨ ਦੇ ਸਮਰੱਥ ਹਨ? ਕੀ ਉਹ ਕੁਝ ਨੌਜਵਾਨਾਂ ਦੇ ਨਾਮ ਦੱਸ ਸਕਦੇ ਹਨ ਜਿਨ੍ਹਾਂ ਕੋਲ ਇਨ੍ਹਾਂ ਦੇ ਆਪਣੇ ਪ੍ਰਵਚਨਾਂ ਅਨੁਸਾਰ ‘ਬਹੁਤ ਵੱਡੇ ਸੰਘਰਸ਼` ਦੀ ਅਗਵਾਈ ਕਰਨ ਦੀ ਸਮਰੱਥਾ ਤੇ ਯੋਗਤਾ ਹੈ ਜਾਂ ਫਿਰ ਉਪਰਲੇ 3-4 ਵਿਦਵਾਨ ਅਗਵਾਈ ਕਰਨਗੇ? ਸ. ਅਜਮੇਰ ਸਿੰਘ ਦੇ ਆਪਣੇ ਕਥਨਾਂ ਅਨੁਸਾਰ ਬੇਸ਼ਕ ਕਿਸਾਨ ਲੀਡਰ, ਛੋਟੇ-ਮੋਟੇ ਧਰਨੇ ਮੁਜ਼ਾਹਰੇ ਕਰਨ ਜੋਗੇ ਬੌਨੇ ਲੀਡਰ ਹਨ ਪਰ ਕੀ ਉਹ ਦੱਸ ਸਕਦੇ ਹਨ ਕਿ ਇਨ੍ਹਾਂ ਦੀਆਂ ਧਿਰਾਂ ਵਲੋਂ ਪਿਛਲੀ ਸਦੀ ਵਿਚ 1980-1994 ਤੱਕ ਲੜੇ ਸਭ ਤੋਂ ਵੱਡੇ ‘ਸਿੱਖ ਸੰਘਰਸ਼` ਦੀ ਕੀ ਪ੍ਰਾਪਤੀ ਹੈ? ਇਨ੍ਹਾਂ ਹੀ ਧਿਰਾਂ ਵਲੋਂ ਜੂਨ, 1991 ਦੀਆਂ ਚੋਣਾਂ ਤੋਂ ਪਹਿਲਾਂ ਵਿਸਾਖੀ ਮੌਕੇ ਅਪਰੈਲ 1991 ਵਿਚ ਤਖਤ ਦਮਦਮਾ ਸਾਹਿਬ ਵਿਖੇ ਸ. ਅਜਮੇਰ ਸਿੰਘ ਦਾ ਪੰਥਕ ਕਮੇਟੀ ਦੇ ਨਾਮ ਹੇਠ ਹੱਥ ਲਿਖਤ ਇਸ਼ਤਿਹਾਰ ਹਜ਼ਾਰਾਂ ਦੀ ਗਿਣਤੀ ਵਿਚ ਵੰਡਿਆ ਗਿਆ ਸੀ।
ਇਸੇ ਨੀਤੀ ਤਹਿਤ ਚੋਣਾਂ ਨੂੰ ਰੋਕਣ ਲਈ ਮਈ ਤੋਂ ਜੂਨ, 1991 ਤੱਕ ਖਾੜਕੂਆਂ ਨੇ ਇਨ੍ਹਾਂ ਚੋਣਾਂ ਵਿਚ ਖੜ੍ਹੇ ਅਕਾਲੀ ਅਤੇ ਫੈਡਰੇਸ਼ਨ ਦੇ ਦੋ ਦਰਜਨ ਉਮੀਦਵਾਰਾਂ ਸਮੇਤ ਲੁਧਿਆਣੇ ਨੇੜੇ ਦੋ ਗੱਡੀਆਂ ਵਿਚੋਂ 126 ਬੇਗੁਨਾਹ ਮੁਸਾਫਿਰ ਮਾਰ ਕੇ ਅਤੇ 100 ਤੋਂ ਵੱਧ ਜ਼ਖਮੀ ਕਰਕੇ ਜੂਨ, 1991 ਦੀ ਚੋਣ ਰੁਕਵਾਈ ਸੀ। ਇਸ ਤੋਂ ਬਾਅਦ ਹੀ ਕੇ. ਪੀ. ਐਸ. ਗਿੱਲ ਵਾਪਿਸ ਪੰਜਾਬ ਲਿਆਂਦਾ ਗਿਆ ਸੀ ਜੋ ਪਹਿਲਾਂ ਪੰਜਾਬ ਤੋਂ ਬਾਹਰ ਭੇਜ ਦਿੱਤਾ ਗਿਆ ਸੀ। ਕੀ ਉਸ ਵਕਤ ਅਜਮੇਰ ਸਿੰਘ ਨੂੰ ਕੇਂਦਰ ਸਰਕਾਰ ਦੇ ਮਨਸੂਬਿਆਂ ਜਾਂ ਇਰਾਦਿਆਂ ਦਾ ਗਿਆਨ ਨਹੀਂ ਹੋ ਜਾਣਾ ਚਾਹੀਦਾ ਸੀ? ਪਰ ਉਸ ਨੇ ਫਿਰ ਵੀ ਫਰਵਰੀ, 1992 ਦੀਆਂ ਚੋਣਾਂ ਦੇ ਬਾਈਕਾਟ ਵਰਗਾ ਆਤਮਘਾਤੀ ਰਾਗ ਅਲਾਪਣਾ ਨਹੀਂ ਛੱਡਿਆ ਸੀ ਜਿਸ ਤਹਿਤ ‘ਬੰਦੂਕ ਦੀ ਨੋਕ` ਤੇ 1992 ਦੀਆਂ ਚੋਣਾਂ ਦਾ ਬਾਈਕਾਟ ਕਰਾ ਕੇ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਲਈ ਰਾਹ ਪੱਧਰਾ ਹੋਇਆ ਸੀ ਜੋ ਸਿੱਖ ਸੰਘਰਸ਼ ਅਤੇ ਖਾੜਕੂ ਲਹਿਰ ਨੂੰ ਖਤਮ ਕਰਨ ਦਾ ਕਾਰਨ ਬਣਿਆ। ਇਸ ਦਾ ਸਬੂਤ ਉਸ ਵਕਤ ਅਜਮੇਰ ਸਿੰਘ ਗਰੁੱਪ ਵਲੋਂ ਕੱਢੇ ਜਾਂਦੇ ਮਾਸਿਕ ਪਰਚੇ ‘ਜਨਤਕ ਪੈਗਾਮ` ਵਿਚ ਅਜਮੇਰ ਸਿੰਘ ਦਾ ਹਰਦਿਆਲ ਸਿੰਘ ਦੇ ਨਾਮ ਹੇਠ ਲੇਖ ਛਪਿਆ ਸੀ ਜੋ ਇਸ ਨੇ ਅਕਾਲੀ ਦਲ (ਕਾਬਲ ਸਿੰਘ) ਦੇ ਜਨਰਲ ਸਕੱਤਰ ਕੈਪਟਨ ਕੰਵਲਜੀਤ ਸਿੰਘ ਵਲੋਂ ਖਾੜਕੂਆਂ ਦੇ 1992 ਦੇ ਚੋਣ ਬਾਈਕਾਟ ਤੋਂ ਪੈਦਾ ਹੋਣ ਵਾਲੇ ਨਤੀਜਿਆਂ ਸਬੰਧੀ ਵਾਰਨਿੰਗ ਰੂਪ ਵਿਚ ਸੀ।
ਇਸ ਲੇਖ ਵਿਚ ਅਜਮੇਰ ਸਿੰਘ ਅੱਡੀਆਂ ਚੁੱਕ-ਚੁੱਕ ਕੇ ਨੁਕਤਾ-ਦਰ-ਨੁਕਤਾ ਚੋਣਾਂ ਦੇ ਬਾਈਕਾਟ ਦੀ ਵਕਾਲਤ ਕਰਦਾ ਹੈ ਪਰ ਜਦੋਂ ਇਸ ਫੈਸਲੇ ਨਾਲ 1992-1994 ਤੱਕ ਸਾਰੀ ਖਾੜਕੂ ਲਹਿਰ ਖਤਮ ਹੋ ਗਈ ਤਾਂ ਪਿਛਲੇ 25 ਸਾਲਾਂ ਤੋਂ ਇਸ ਧੜੇ ਨੇ ਨਾ ਕਦੇ ਉਸ ਦੀ ਜ਼ਿੰਮੇਵਾਰੀ ਲਈ ਅਤੇ ਨਾ ਹੀ ਹਜ਼ਾਰਾਂ ਨੌਜਵਾਨਾਂ ਦੇ ਮਰਨ ਦਾ ਅਫਸੋਸ ਪ੍ਰਗਟ ਕੀਤਾ। ਹੋਰ ਤਾਂ ਹੋਰ, ਅੱਜ ਨੌਜਵਾਨਾਂ ਨੂੰ ਸ਼ਹੀਦੀਆਂ ਦਾ ਪਾਠ ਪੜ੍ਹਾ ਰਹੇ ਸ. ਅਜਮੇਰ ਸਿੰਘ ਵਲੋਂ ਚੋਣਾਂ ਦੇ ਬਾਈਕਾਟ ਤੋਂ ਪਹਿਲਾਂ ਬਣਾਏ ਖਾੜਕੂ ਗਰੁੱਪ ‘ਖਾਲਿਸਤਾਨ ਗੁਰੀਲਾ ਫੋਰਸ` ਦੇ ਕਮਾਂਡਰ ਭਾਈ ਕੇਸਰ ਸਿੰਘ ਛਾਜਲੀ ਅਤੇ ਉਸੇ ਗਰੁੱਪ ਦੇ ਮਾਰੇ ਗਏ ਹੋਰ ਅਨੇਕਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਅੱਜ ਤੱਕ ਇਨ੍ਹਾਂ ਨੇ ਕੋਈ ਸਾਰ ਨਹੀਂ ਲਈ, ਹੋਰ ਇਨ੍ਹਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸ. ਅਜਮੇਰ ਸਿੰਘ ਨੇ ‘ਜਨਤਕ ਪੈਗਾਮ` ਫਰਵਰੀ 1992 ਚੋਣਾਂ ਦੇ ਬਾਈਕਾਟ ਵਾਲੇ ਅੰਕ ਤੋਂ ਬਾਅਦ ਪਰਚਾ ਇੱਕਦਮ ਬੰਦ ਕਰ ਦਿੱਤਾ ਅਤੇ ਫਿਰ ਉਤਨਾ ਚਿਰ ਗੁਪਤਵਾਸ ਹੋ ਗਿਆ, ਜਦੋਂ ਤੱਕ ਖਾੜਕੂ ਸੰਘਰਸ਼ ਨੂੰ ਕੀ. ਪੀ. ਐਸ. ਗਿੱਲ ਨੇ 1992-94 ਤੱਕ ਖਤਮ ਨਹੀਂ ਕਰ ਦਿੱਤਾ; ਤੇ ਫਿਰ ਅਚਾਨਕ 1994 ਵਿਚ ਸਿੱਖ ਸਫਾਂ ਅੰਦਰ ਜੁਝਾਰੂ ਤੋਂ ਵਿਦਵਾਨ ਬਣ ਕੇ ਪ੍ਰਗਟ ਹੋ ਗਿਆ।
ਕੀ ਸ. ਅਜਮੇਰ ਸਿੰਘ ਜਾਂ ਕਿਸਾਨੀ ਸੰਘਰਸ਼ ‘ਤੇ ਕਾਬਿਜ਼ ਹੋਣ ਲਈ ਤਰਲੋਮੱਛੀ ਹੋ ਰਹੀਆਂ ਧਿਰਾਂ ਕਦੇ ਪਿਛਲੇ 25 ਸਾਲਾਂ ਦੀ ਸਿੱਖਾਂ ਜਾਂ ਪੰਜਾਬ ਲਈ ਕੋਈ ਕਾਰਗੁਜ਼ਾਰੀ ਜਾਂ ਕੋਈ ਕਾਮਯਾਬੀ ਬਾਰੇ ਚਾਨਣਾ ਪਾਉਣਗੀਆਂ? ਇਨ੍ਹਾਂ ਨੂੰ ਕਿਸ ਆਧਾਰ ‘ਤੇ ਇਤਨੇ ਵੱਡੇ ਲੋਕ ਸੰਘਰਸ਼ ਦੀ ਅਗਵਾਈ ਫੜਾ ਦਿੱਤੀ ਜਾਵੇ? ਸਿੱਖਾਂ ਅਤੇ ਪੰਜਾਬ ਉਪਰ ਆਪਣੀ ਸਰਦਾਰੀ ਸਥਾਪਿਤ ਕਰਨ ਦੀ ਦੌੜ ਵਿਚ ਲੱਗੀਆਂ ਹੋਈਆਂ ਇਨਾਂ ਧਿਰਾਂ ਨੇ ਪਿਛਲੇ 35-40 ਸਾਲਾਂ ਵਿਚ ਪੰਜਾਬ, ਪੰਜਾਬੀਆਂ ਤੇ ਸਿੱਖਾਂ ਦਾ ਆਪਣੀ ‘ਸਰਦਾਰੀ` ਦੀ ‘ਸੌੜੀ ਤੇ ਲੋਕ ਵਿਰੋਧੀ ਰਾਜਨੀਤੀ` ਵਿਚ ਮੋਰਚਿਆਂ, ਸੰਘਰਸ਼ਾਂ ਰਾਹੀਂ ਬੇਤਹਾਸ਼ਾ ਨੁਕਸਾਨ ਕਰਾਇਆ ਹੈ ਪਰ ਪ੍ਰਾਪਤੀ ਜ਼ੀਰੋ ਹੈ? ਜਦੋਂ ਤੱਕ ਪੰਜਾਬ ਦੀਆਂ ਸੈਕੂਲਰ, ਮਨੁੱਖਤਾਵਾਦੀ, ਲੋਕ ਪੱਖੀ ਧਿਰਾਂ ਪੰਜਾਬ ਵਿਚ ਲਾਮਬੰਦ ਹੋ ਕੇ ਇਨ੍ਹਾਂ ਹਿੰਸਕ, ਹਮਲਾਵਰ ਧਿਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਨਹੀਂ ਕਰਦੀਆਂ, ਆਮ ਪੰਜਾਬੀਆਂ ਦੀ ਸਮੂਹਿਕ ਚੇਤਨਾ ਵਿਚ ਪਏ ਹਿੰਸਾ ਤੇ ਜਜ਼ਬਾਤੀਪੁਣੇ ਦੇ ਲੱਛਣਾਂ ਨੂੰ ਪਛਾਣ ਕੇ ਸੋਚ ਨੂੰ ਨਹੀਂ ਬਦਲਦੀਆਂ, ਲੋਕਾਂ ਵਿਚ ਜਮਹੂਰੀ ਤੇ ਸੈਕੂਲਰ ਕਦਰਾਂ-ਕੀਮਤਾਂ ਵਿਕਸਤ ਨਹੀਂ ਕਰਦੀਆਂ, ਉਦੋਂ ਤੱਕ ਇਹ ਧਿਰਾਂ ਗਰਮ ਖਿਆਲੀ ਤੇ ਜਜ਼ਬਾਤੀ ਨੌਜਵਾਨਾਂ ਨੂੰ ਹਿੰਸਾ ਦੇ ਰਾਹ ਤੋਰ ਕੇ ਧਰਮ, ਜਾਤ, ਕੌਮ, ਨਸਲ, ਫਿਰਕੇ ਦੇ ਆਧਾਰ ‘ਤੇ ਵੰਡਦੀਆਂ ਰਹਿਣਗੀਆਂ ਅਤੇ ਪੰਜਾਬ, ਪੰਜਾਬੀਆਂ, ਸਿੱਖਾਂ ਦਾ ਦੁਨੀਆਂ ਭਰ ਵਿਚ ਨੁਕਸਾਨ ਕਰਦੀਆਂ ਰਹਿਣਗੀਆਂ। ਪੰਜਾਬ ਵਿਚ ਵੱਸਦੇ ਬਾਕੀ ਭਾਈਚਾਰਿਆਂ, ਜਾਤਾਂ, ਧਰਮਾਂ, ਕੌਮਾਂ, ਫਿਰਕਿਆਂ, ਵਰਗਾਂ ਦੇ ਚੇਤੰਨ ਲੋਕਾਂ ਨੂੰ ਪੰਜਾਬ ਵਿਚ ਇਨ੍ਹਾਂ ਧਿਰਾਂ ਵਲੋਂ ‘ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ` ਦੇ ਨਾਮ ਹੇਠ ਉਸਾਰੇ ਗਏ ਦਾਬੇ, ਉਲਾਰ, ਸਹਿਮ, ਫੁਕਰੇ, ਲੱਚਰ, ਹਿੰਸਕ ਸਭਿਆਚਾਰ ਵਿਚੋਂ ਕੱਢਣ ਤੇ ਲੋਕ ਪੱਖੀ, ਸੈਕੂਲਰ ਤੇ ਜਮਹੂਰੀ ਸਭਿਆਚਾਰ ਸਿਰਜਣ ਲਈ ਨਵੇਂ ਸਿਰਿਉਂ ਸੁਹਿਰਦ ਯਤਨ ਕਰਨੇ ਚਾਹੀਦੇ ਹਨ, ਜਨ ਚੇਤਨਾ ਲਹਿਰ ਚਲਾਉਣੀ ਚਾਹੀਦੀ ਹੈ ਤਾਂ ਹੀ ਅਸੀਂ ਮਾਣ ਨਾਲ ਕਹਿ ਸਕਾਂਗੇ ਕਿ ‘ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ`।