ਪੰਜਾਬ ਸਰਕਾਰ ਗੁਰੂ ਗੋਬਿੰਦ ਸਿੰਘ ਦੀਆਂ ਨਿਸ਼ਾਨੀਆਂ ਸੰਭਾਲਣ ਤੋਂ ਇਨਕਾਰੀ

ਪਟਿਆਲਾ: ਗੁਰੂ ਗੋਬਿੰਦ ਸਿੰਘ ਦੇ ਕੇਸ ਤੇ ਹੋਰ ਛੋਹ ਪ੍ਰਾਪਤ ਨਿਸ਼ਾਨੀਆਂ ਪਿਛਲੇ ਤਕਰੀਬਨ ਚਾਰ ਸਾਲ ਤੋਂ ਬਿਨਾਂ ਧਾਰਮਿਕ ਸ਼ਰਧਾ ਤੇ ਅਦਾਲਤੀ ਹੁਕਮਾਂ ਦੀ ਪ੍ਰਵਾਹ ਕੀਤਿਆਂ ਕਿਲ੍ਹਾ ਮੁਬਾਰਕ ਦੀ ਅਸੁਰੱਖਿਅਤ ਇਮਾਰਤ ਵਿਚ ਸੀਲਬੰਦ ਕਰਕੇ ਰੱਖੀਆਂ ਹੋਈਆਂ ਹਨ। ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਇਨ੍ਹਾਂ ਵਿਚ ਕੁਝ ਨਿਸ਼ਾਨੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਦੀ ਖਰਾਬ ਹਾਲਤ ਕਾਰਨ ਹੋਂਦ ਨੂੰ ਖਤਰਾ ਹੈ। ਇਸ ਅਣਦੇਖੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ।
ਦਸਮ ਪਿਤਾ ਦੀਆਂ ਇਨ੍ਹਾਂ ਨਿਸ਼ਾਨੀਆਂ ਵਿਚ ਉਨ੍ਹਾਂ ਦੇ ਕੇਸ, ਕੰਘਾ, ਚੋਲਾ, ਦਸਤਾਰ, ਹੱਥ ਲਿਖਤ ਖਰੜੇ ਤੇ ਸ਼ਸਤਰ ਕਿਲ੍ਹੇ ਦੀ ਅੰਦਰੂਨੀ ਇਮਾਰਤ, ਬੁਰਜ ਬਾਬਾ ਆਲਾ ਵਿਚ ਸੀਲਬੰਦ ਸੰਗਤਾਂ ਦੇ ਦਰਸ਼ਨ ਦੀਦਾਰੇ ਤੋਂ ਦੂਰ ਰੱਖੇ ਹੋਏ ਹਨ। ਸੂਤਰਾਂ ਮੁਤਾਬਕ ਬਿਰਧ ਉਮਰ, ਰਸਾਇਣਕ ਪ੍ਰਬੰਧ ਦੀ ਘਾਟ ਤੇ ਸਿੱਲ ਭਰਪੂਰ ਕਮਰੇ ਵਿਚ ਪਏ ਇਨ੍ਹਾਂ ਚਿੰਨ੍ਹਾਂ ਵਿਚ ਗੁਰੂ ਸਾਹਿਬ ਦਾ ਚੋਲਾ, ਕੇਸ ਤੇ ਦਸਤਾਰ ਖਰਾਬ ਹਾਲਤ ਕਾਰਨ ਲੁਪਤ ਹੋਣ ਦੀ ਕਗਾਰ ‘ਤੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਜੋ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਇਨ੍ਹਾਂ ਨਿਸ਼ਾਨੀਆਂ ਨੂੰ ਸੁਰੱਖਿਅਤ ਰੱਖਣ ਦੇ ਨਾਂ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਕਿਸਮ ਦੇ ਰਸਾਇਣਕ ਢਾਂਚਾ ਬਣਾਉਣ ਦੀ ਤਿਆਰੀ ਦਾ ਬਹਾਨਾ ਲਾ ਰਹੀ ਹੈ, ਉਸ ਵੱਲੋਂ ਅਸੁਰੱਖਿਅਤ ਇਮਾਰਤ ਵਿਚ ਬਿਨਾਂ ਕਿਸੇ ਰਸਾਇਣਕ ਪ੍ਰਯੋਗ ਜਾਂ ਹੋਰ ਖਾਸ ਪ੍ਰਬੰਧਾਂ ਦੀ ਥਾਂ ਸਿਰਫ ਬੰਦ ਬਕਸਿਆਂ ਵਿਚ ਇਹ ਨਿਸ਼ਾਨੀਆਂ ਜਿਉਂ ਦੀਆਂ ਤਿਉਂ ਰੱਖੀਆਂ ਹੋਈਆਂ ਹਨ। ਇਸ ਤੋਂ ਇਲਾਵਾ ਰਹਿਤ ਮਰਿਆਦਾ ਤਾਂ ਦੂਰ ਦੀ ਗੱਲ, ਚਾਰ ਸਾਲਾਂ ਵਿਚ ਸਿਰਫ ਇਕ ਜਾਂ ਦੋ ਵਾਰ ਉਚ ਅਧਿਕਾਰੀਆਂ ਨੇ ਰਸਮੀ ਤੌਰ ‘ਤੇ ਹੀ ਇਨ੍ਹਾਂ ਦੀ ਸਾਰ ਲਈ ਹੈ। ਇਨ੍ਹਾਂ ਮਹੱਤਵਪੂਰਨ ਨਿਸ਼ਾਨੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ੁਰੂਆਤੀ ਸਮੇਂ ਤੋਂ ਬਾਅਦ ਅਦਾਲਤੀ ਹੁਕਮਾਂ ਤਹਿਤ ਲਾਈ ਗਾਰਦ ਵੀ ਹੁਣ ਕਦੀ ਨਜ਼ਰ ਨਹੀਂ ਆਈ।
ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਦੇ ਇਹ ਚਿੰਨ੍ਹ ਨਾਭਾ ਰਿਆਸਤ ਦੇ ਮਹਾਰਾਜਾ ਪ੍ਰਤਾਪ ਸਿੰਘ ਦੇ ਘਰਾਣੇ ਕੋਲੋਂ ਹੁੰਦੇ ਹੋਏ ਆਖਰ ਇਕ ਸ਼ੁਭਚਿੰਤਕ ਐਲ਼ ਡੀ ਗੁਪਤਾ ਦੀ ਪਟੀਸ਼ਨ ‘ਤੇ ਹਾਈ ਕੋਰਟ ਦੇ ਹੁਕਮਾਂ ਤਹਿਤ ਸ੍ਰੀ ਅਨੰਦਪੁਰ ਸਾਹਿਬ ਸੁਸ਼ੋਭਿਤ ਕਰਨ ਲਈ ਪੰਜਾਬ ਪੁੱਜੇ ਪਰ ਇਥੋਂ ਦੀ ਪੰਜਾਬ ਸਰਕਾਰ ਨੇ ਲੋੜੀਂਦੇ ਪ੍ਰਬੰਧਾਂ ਦੀ ਤਿਆਰੀ ਦੇ ਨਾਂ ਹੇਠ ਇਨ੍ਹਾਂ ਨੂੰ 6 ਨਵੰਬਰ, 2009 ਤੋਂ ਕਿਲ੍ਹਾ ਮੁਬਾਰਕ ਪਟਿਆਲਾ ਵਿਖੇ ਆਰਜ਼ੀ ਤੌਰ ‘ਤੇ ਮਰਜ਼ੀ ਨਾਲ ਕੁਝ ਸਮੇਂ ਲਈ ਰੱਖਿਆ ਸੀ ਜੋ ਅਜੇ ਤੱਕ ਇਥੇ ਕਿਸੇ ਆਮ ਵਸਤੂ ਵਾਂਗ ਪਏ ਹਨ।
ਪੁਰਾਤਤਵ ਤੇ ਸਭਿਆਚਾਰ ਮਾਮਲੇ ਮੰਤਰੀ ਸਰਵਣ ਸਿੰਘ ਫਿਲੌਰ ਦਾ ਇਸ ਬਾਰੇ ਕਹਿਣਾ ਹੈ ਇਸ ਮਸਲੇ ਨੂੰ ਲੈ ਕੇ ਮੀਟਿੰਗ ਹੋਈ ਹੈ ਤੇ ਮੁਢਲੇ ਸਲਾਹ ਮਸ਼ਵਰੇ ਵਿਚ ਇਨ੍ਹਾਂ ਨਿਸ਼ਾਨੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਬਾਰੇ ਗੱਲ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦਾ ਕਹਿਣਾ ਹੈ ਕਿ ਇੰਨੀਆਂ ਮਹੱਤਵਪੂਰਨ ਨਿਸ਼ਾਨੀਆਂ ਤਖਤਾਂ ‘ਤੇ ਹੀ ਸ਼ੋਭਦੀਆਂ ਹਨ ਤੇ ਇਹ ਇਕ ਖਾਸ ਰਹਿਤ ਮਰਿਆਦਾ, ਸੇਵਾ ਸੰਭਾਲ ਤੇ ਸੰਗਤਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਨਾਲ ਸੁਸ਼ੋਭਿਤ ਹੋਣੀਆਂ ਚਾਹੀਦੀਆਂ ਹਨ।
_______________________________
ਇਤਿਹਾਸਕ ਸ਼ਸਤਰਾਂ ਦਾ ਸਥਾਨ ਬਦਲਿਆ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਲੀ ਮੰਜ਼ਲ ‘ਤੇ ਬਣੇ ਆਧੁਨਿਕ ਕਮਰਿਆਂ ਵਿਚ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰ ਸੁਸ਼ੋਭਿਤ ਕੀਤੇ ਗਏ ਹਨ। ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤੇ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰ ਜੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ਦੇ ਕੋਲ ਸੁਨਹਿਰੀ ਚਬੂਤਰੇ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਜਾਂਦੇ ਹਨ, ਹੁਣ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜ਼ਲ ‘ਤੇ ਆਧੁਨਿਕ ਸਹੂਲਤਾਂ ਵਾਲਾ ਕਮਰਾ ਤਿਆਰ ਕੀਤਾ ਹੈ ਜਿਸ ਵਿਚ ਸ਼ਸਤਰ ਮਰਯਾਦਾ ਅਨੁਸਾਰ ਸੁਸ਼ੋਭਿਤ ਕੀਤੇ ਗਏ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਮੀਰੀ ਤੇ ਪੀਰੀ ਦੀਆਂ ਦੋਵੇਂ ਕਿਰਪਾਨਾਂ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਦੀ ਸ੍ਰੀ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਨੇ ਭਾਈ ਸਾਹਿਬ ਭਾਈ ਬਿਧੀ ਚੰਦ ਵਾਲਿਆਂ ਦੀ ਸ੍ਰੀ ਸਾਹਿਬ, ਜਥੇਦਾਰ ਅਵਤਾਰ ਸਿੰਘ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸ੍ਰੀ ਸਾਹਿਬ, ਬਾਬਾ ਜਗਤਾਰ ਸਿੰਘ ਨੇ ਭਾਈ ਜੇਠਾ ਦੀ ਸ੍ਰੀ ਸਾਹਿਬ ਤੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਖੰਡਾ ਨਵੇਂ ਤਿਆਰ ਕੀਤੇ ਕਮਰੇ ਵਿਚ ਸੁਸ਼ੋਭਿਤ ਕੀਤੇ।
_______________________________
ਏæਐਸ਼ਆਈæ ਕਰੇਗੀ ਸਰਵੇਖਣ
ਪਟਿਆਲਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦੇ ਰੱਖ-ਰਖਾਵ ਬਾਰੇ ਉੱਠੇ ਮਸਲੇ ਪਿੱਛੋਂ ਵਿਭਾਗ ਦੀ ਟੀਮ ਨੇ ਕਿਲ੍ਹਾ ਮੁਬਾਰਕ ਪਟਿਆਲਾ ਦਾ ਦੌਰਾ ਕੀਤਾ। ਇਸ ਟੀਮ ਵਿਚ ਸਭਿਆਚਾਰਕ ਮਾਮਲੇ ਤੇ ਪੁਰਾਤਤਵ ਤੇ ਅਜਾਇਬ ਘਰ ਵਿਭਾਗ ਪੰਜਾਬ ਦੇ ਡਾਇਰੈਕਟਰ ਐਨæਐਸ ਰੰਧਾਵਾ ਤੇ ਕੁਰੇਟਰ ਮਾਲਵਿੰਦਰ ਕੌਰ ਨੇ ਬੁਰਜ ਬਾਬਾ ਆਲਾ ਜੀ ਦਾ ਸਰਵੇਖਣ ਕੀਤਾ। ਇਸ ਬਾਰੇ ਡਾਇਰੈਕਟਰ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਨਿਸ਼ਾਨੀਆਂ ਵਿਚ ਕੁਝ ਦੀ ਹਾਲਤ ਤਸੱਲੀਬਖਸ਼ ਨਹੀਂ। ਇਸ ਲਈ ਵਿਰਾਸਤੀ ਚੀਜ਼ਾਂ ਦੀ ਸੰਭਾਲ ਲਈ ਬਣੇ ਸੰਗਠਨ ‘ਭਾਰਤੀ ਪੁਰਾਤਤਵ ਸਰਵੇਖਣ’ (ਏæਐਸ਼ਆਈ) ਵਿਭਾਗ ਦੀ ਟੀਮ ਦਿੱਲੀ ਤੋਂ ਕੁਝ ਦਿਨਾਂ ਵਿਚ ਪਟਿਆਲਾ ਸਰਵੇਖਣ ਕਰਨ ਆ ਰਹੀ ਹੈ।

Be the first to comment

Leave a Reply

Your email address will not be published.