ਕੁਲਦੀਪ ਮਾਣਕ ਨਾਲ ਦੋਸਤੀ ਦੀ ਪਹਿਲੀ ਹੱਥ ਘੁਟਣੀ

ਪੰਜਾਬੀ ਗਾਇਕੀ ਦੇ ਅੰਦਰ ਬਾਹਰ
ਐਸ਼ ਅਸ਼ੋਕ ਭੌਰਾ
ਕਈ ਸੱਜਣ ਸੁਨੱਖੇ ਹੋਣ ਦੇ ਬਾਵਜੂਦ ਪਹਿਲੀ ਵਾਰ ਮਨ ਨੂੰ ਨਹੀਂ ਚੜ੍ਹਦੇ ਤੇ ਜਦੋਂ ਮਨ ‘ਚ ਵਸਦੇ ਹਨ ਤਾਂ ਬੰਦਾ ਅੰਗੂਰਾਂ ਦੀ ਵੇਲ ਵਾਂਗ ਕੰਧ ਟੱਪ ਕੇ ਵੀ ਅੰਦਰ ਜਾ ਵੜਦੈ। ਜਿਹੜਾ ਇਹ ਆਖੇ ਕਿ ਮੈਂ ਏਡਾ ਵੀ ਬੇਈਮਾਨ ਨਹੀਂ, ਉਹਨੂੰ ਪੂਰੇ ਦਾ ਪੂਰਾ ਇਮਾਨਦਾਰ ਸਮਝਣ ਦੀ ਗੁਸਤਾਖੀ ਵੀ ਨਹੀਂ ਕੀਤੀ ਜਾ ਸਕਦੀ।
ਜਿੰਨਾ ਕੁ ਮੈਂ ਜਾਣਦਾ ਹਾਂ, ਉਸ ਨਜ਼ਰੀਏ ਤੋਂ ਕਹਿ ਸਕਦਾ ਹਾਂ ਕਿ ਕਈ ਵਾਰ ਲੋਕਾਂ ਨੂੰ ਤਾਂ ਚੂਰੀ ਲੱਗਦੀ ਆ, ਪਰ ਵਿਚੋਂ ਲੂਣ ਦੀਆਂ ਡਲੀਆਂ ਵੀ ਨਿਕਲ ਸਕਦੀਆਂ ਹਨ। ਪੰਜਾਬੀ ਗਾਇਕਾਂ ਨਾਲੋਂ ਕਈ ਵਾਰ ਲੀਡਰ ਚੰਗੇ ਲਗਦੇ ਨੇ। ਫਰਕ ਸਿਰਫ਼ ਇੰਨਾ ਕੁ ਹੀ ਹੁੰਦਾ ਹੈ ਕਿ ਲੀਡਰ ਦਾ ਭਾਸ਼ਣ ਮਹਿਕਦਾ ਹੈ, ਦਾਅਵੇ ਤੇ ਵਾਅਦੇ ਮੁਸ਼ਕ ਮਾਰ ਰਹੇ ਹੁੰਦੇ ਹਨ ਤੇ ਗਾਇਕæææ? ਇਨ੍ਹਾਂ ‘ਚੋਂ ਬਹੁਤਿਆਂ ਦੇ ਸਿਰਫ਼ ਗੀਤ ਹੀ ਸੁਆਦਲੇ ਹਨ। ਕਈਆਂ ਨੇ ਕਲਾਤਮਿਕ ਜ਼ਿੰਦਗੀ ਤਾਂ ਬਹੁਤ ਲੰਬੀ ਹੰਢਾਈ, ਪਰ ਇਨਸਾਨੀਅਤ ਦੀ ਬੁਰਕੀ ਇਕ ਵੀ ਨਹੀਂ ਖਾਧੀ। ਜੇ ਗਾਇਕ ਸਟੇਜਾਂ ਜਾਂ ਅਖਾੜਿਆਂ ਤੋਂ ਬਾਹਰ ਵੀ ਸਰੋਤਿਆਂ ਨੂੰ ਰੱਬ ਵਰਗੇ ਸਮਝਦੇ ਹੁੰਦੇ, ਤਾਂ ਕਈ ਘਰਾਂ ਵਿਚ ਇਨ੍ਹਾਂ ਦੀਆਂ ਫੋਟੋਆਂ ਅੱਗੇ ਵੀ ਚੰਦਨ ਦੀ ਮਹਿਕ ਵਾਲਾ ਧੂਫ ਧੁਖਿਆ ਕਰਨਾ ਸੀ।
ਜਦੋਂ ਇਹ ਗਵੱਈਏ ਹੁੰਦੇ ਸਨ ਤਾਂ ਲੋਕ ਇਨ੍ਹਾਂ ਨੂੰ ਕੰਜਰਾਂ ਵਾਲਾ ਕੰਮ ਆਖਦੇ ਸਨ, ਪਰ ਸੱਚ ਇਹ ਹੈ ਕਿ ਉਦੋਂ ਲੋਕ ਭੁਲੇਖੇ ‘ਚ ਸਨ। ਇਹ ਗਵੱਈਏ ਬਾਅਦ ‘ਚ, ਪਹਿਲਾਂ ਕਾਫੀ ਹੱਦ ਤੱਕ ਇਨਸਾਨ ਸਨ। ਜਦੋਂ ਪੰਜਾਬੀ ਗਾਇਕੀ ਵਿਚ ਨੱਚਣ ਵਾਲੀਆਂ ਕੁੜੀਆਂ ਨੇ ਪ੍ਰਵੇਸ਼ ਕੀਤਾ ਤਾਂ ਬੀਬੇਪਣ ਨੂੰ ਜੰਗਾਲ ਖਾ ਗਿਆ। ਕਈ ਬਾਹਰ ਤਾਂ ਆਟੋਗ੍ਰਾਫ ਦਿੰਦੇ ਰਹੇ, ਘਰੇ ਪਤਨੀਆਂ ਨੇ ਆਟੇ ‘ਚ ਲੂਣ ਜਿੰਨਾ ਵੀ ਸਤਿਕਾਰ ਨਹੀਂ ਦਿੱਤਾ। ਜਿਸ ਯੁੱਗ ਵਿਚ ਰੱਬ ਨੂੰ ਮਿਲਾਉਣ ਵਾਲਿਆਂ ਉਤੇ, ਅਤੇ ਸੰਗੀਤ ਦੀਆਂ ਘੋੜੀਆਂ ਗਾਉਣ ਵਾਲਿਆਂ ਉਤੇ ਬਲਾਤਕਾਰ ਦੇ ਇਲਜ਼ਾਮ ਲੱਗ ਰਹੇ ਹੋਣ, ਮਨ ਹਾਮੀ ਭਰਦੈ ਕਿ ਰਿਸ਼ਤਿਆਂ ਵਿਚ ਬਦਨਾਮੀ ਦੀ ਚੂਲ ਢਿੱਲੀ ਹੋ ਰਹੀ ਹੈ। ਸੱਚ ਪੁੱਛੋ ਤਾਂ ਪੰਜਾਬੀ ਗਾਇਕੀ ਦਾ ਨੁਕਸਾਨ ਘੱਟ ਪੜ੍ਹੇ-ਲਿਖੇ ਗਾਇਕਾਂ ਨੇ ਨਹੀਂ ਸੀ ਕੀਤਾ, ਬਹੁਤੇ ਪੜ੍ਹੇ-ਲਿਖੇ ਹੀ ਸਰੋਤਿਆਂ ਨੂੰ ਮੁੰਡ੍ਹੀਰ ਸਮਝ ਕੇ ਸਤਿਆਨਾਸ ਕਰ ਗਏ। ਕਈਆਂ ਨੇ ਵਾਲ ਤਾਂ ਫਕੀਰਾਂ ਵਰਗੇ ਰੱਖ ਕੇ ਫ਼ੱਕਰ ਹੋਣ ਦਾ ਭੁਲੇਖਾ ਪਾਇਆ, ਪਰ ਭੋਲੀਆਂ ਸੂਰਤਾਂ ‘ਚੋਂ ਨਿਕਲਿਆ ਕੁਝ ਹੋਰ। ਕਈ ਸੀ ਤਾਂ ਸਿਰਫ ਗਾਉਣ ਵਾਲੇ, ਪਰ ਮੰਚ ਤੋਂ ਬਿਨਾਂ ਹੀ ਮੁਕੰਮਲ ਡਰਾਮਾ ਕਰਨ ਵਿਚ ਸਫ਼ਲ ਰਹੇ। ਜਦੋਂ ਕੁਲਦੀਪ ਮਾਣਕ ਵਰਗੇ ਗਾਇਕਾਂ ਨੇ ਪ੍ਰਵੇਸ਼ ਦੁਆਰ ਲੰਘਿਆ ਤਾਂ ਪੰਜਾਬੀ ਗਾਇਕੀ ਦੇ ਨਿੰਦਕਾਂ ਨੇ ਵੀ ਬਰੂਹਾਂ ‘ਤੇ ਸ਼ਗਨਾਂ ਦਾ ਤੇਲ ਚੋਅ ਦਿੱਤਾ ਸੀ।
ਲੁਧਿਆਣੇ ‘ਚ ਗੀਤਕਾਰ ਬਣਨ ਦੇ ਚੱਕਰ ਵਿਚ ਹੋਈ ਪਹਿਲੀ ਕੁਪੱਤ ਮੈਨੂੰ ਵੀ ਛੇਤੀ ਭੁੱਲ ਗਈ ਸੀ, ਕਿਉਂਕਿ ਜੁਆਨੀ ‘ਚ ਤਾਂ ਕਈ ਵਾਰ ਕਈ ਸੱਥਾਂ ਪੰਚਾਇਤਾਂ ਵਿਚ ਇਸ਼ਕ-ਮੁਸ਼ਕ ਦੀਆਂ ਹਰਕਤਾਂ ਕਰਕੇ ਛਿੱਤਰ ਖਾ ਕੇ ਹਿੜ ਹਿੜ ਕਰਦੇ ਨਿਕਲਦੇ ਹਨ। ਚਲੋ, ਮੇਰੇ ਨਾਲ ਤਾਂ ਹੇਠਾਂ ਉਤੇ ਸਿਰਫ ਗੀਤਾਂ ਕਰ ਕੇ ਹੋਈ ਸੀ, ਭਾਈ ਚਤਰ ਸਿੰਘ ਐਂਡ ਕੰਪਨੀ ਦੇ ਤੇਜਿੰਦਰ ਗਰੋਵਰ ਦੀ ਚਿੱਠੀ ਦਾ ਅਸਰ ਮੇਰੇ ਉਤੇ ਸਾਧ ਦੇ ਤਵੀਤਾਂ ਵਾਂਗ ਹੋਣ ਲੱਗ ਪਿਆ ਸੀ। ‘ਪੱਟੂ ਚਾਰ ਪੰਜ ਕੁੜੀਆਂ ਫਸਾਈ ਫਿਰਦਾæææ’ ਗੀਤ ਗਾਉਣ ਵਾਲੇ ਕਰਤਾਰ ਰਮਲੇ ਕੋਲ ਜੀਅ ਜਾਣ ਨੂੰ ਤਾਂ ਨਾ ਕੀਤਾ; ਕਿਉਂਕਿ ਜੇ ਮੇਰਾ ਇੱਦਾਂ ਦਾ ਕੋਈ ਗੀਤ ਰਿਕਾਰਡ ਹੋ ਜਾਂਦਾ ਤਾਂ ਬੇਬੇ ਨੇ ਫਿਰ ਮੇਰਾ ਪੱਕਾ ਸਿਰ ਪਾੜ ਦੇਣਾ ਸੀ! ਮੁਹੰਮਦ ਸਦੀਕ ਤੇ ਰਣਜੀਤ ਕੌਰ ਪੱਕੇ ਤੌਰ ‘ਤੇ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਨਾਲ ਜੁੜ ਚੁੱਕੇ ਸਨ ਤੇ ਕੁਲਦੀਪ ਮਾਣਕ ਤੇ ਦੇਵ ਥਰੀਕਿਆਂ ਵਾਲੇ ਦੀ ਯਾਰੀ ਪੱਕ ਚੁੱਕੀ ਸੀ। ਇਸ ਕਰ ਕੇ ਗਰੋਵਰ ਦੀ ਇਹ ਚਿੱਠੀ ਵੀ ਮੈਨੂੰ ਬਹੁਤੀ ਰਾਸ ਨਹੀਂ ਸੀ ਆਉਂਦੀ ਲਗਦੀ।
ਮੇਰੇ ਫਗਵਾੜੇ ਵਾਲੇ ਇੰਜੀਨੀਅਰਿੰਗ ਕਾਲਜ ਵਿਚ ਕੁਲਵੰਤ ਨਾਰਾ ਤੇ ਸਤਨਾਮ ਸੁਰੀਲਾ ਗਾਉਂਦੇ ਸਨ। ਸੀਗੇ ਤਾਂ ਜੁਲਾਹਿਆਂ ਦੇ ਮੁੰਡੇ, ਪਰ ਗਾਉਂਦੇ ਮਰਾਸੀਆਂ ਵਾਂਗ ਸਨ। ਉਨ੍ਹਾਂ ਦਾ ਵੱਡਾ ਭਰਾ ਤਰਸੇਮ ਗੀਤ ਲਿਖਦਾ ਹੁੰਦਾ ਸੀ। ਇਤਫਾਕ ਇਹ ਸੀ ਕਿ ਇਨ੍ਹਾਂ ਤਿੰਨਾਂ ਵਿਚੋਂ ਇਕ ਇਲੈਕਟਰੀਕਲ, ਇਕ ਸਿਵਲ ਤੇ ਇਕ ਮਕੈਨੀਕਲ ਟਰੇਡ ਵਿਚ ਕੋਰਸ ਕਰਦੇ ਸਨ। ਕਾਲਜ ਦੇ ਸਾਲਾਨਾ ਸਮਾਗਮ ‘ਤੇ ਇਹ ਆਪਣੇ ਇਕ ਬਜ਼ੁਰਗ, ਜਿਸ ਨੂੰ ਦਿਸਦਾ ਵੀ ਘੱਟ ਸੀ, ਨੂੰ ਢੋਲਕ ਵਜਾਉਣ ਲਈ ਸਟੇਜ ‘ਤੇ ਲੈ ਕੇ ਆਏ। ਗੀਤਾਂ ਨਾਲੋਂ ਵੀ ਧਿਆਨ ਢੋਲਕ ਵੱਲ ਵਧ ਗਿਆ, ਮੁੰਡਿਆਂ ਦਾ ਵੀ ਤੇ ਪ੍ਰੋਫੈਸਰਾਂ ਦਾ ਵੀ। ਬਾਅਦ ‘ਚ ਸਟੇਜ ਤੋਂ ਜਾਣ-ਪਛਾਣ ਵਿਚ ਪਤਾ ਲੱਗਾ ਕਿ ਇਹ ਬਜ਼ੁਰਗ ਸਾਧਾਰਨ ਨਹੀਂ ਹੈ। ਇਹ ਜਿਹੜਾ ਸਾਜ਼ ਵਜਾ ਕੇ ਹਟਿਆ ਹੈ, ਇਸ ਨੂੰ ਢੋਲਕ ਨਹੀਂ, ਮਰਦੰਗ ਆਖਦੇ ਹਨ। ਮਰਦੰਗ ਦਾ ਅਰਥ ਹੈ ਕਿ ਤਬਲੇ ਅਤੇ ਧਾਗੇ ਨੂੰ ‘ਕੱਠਿਆਂ ਕਰ ਦਿੱਤਾ ਗਿਆ ਹੈ। ਜਦੋਂ ਇਹ ਵੀ ਦੱਸਿਆ ਗਿਆ ਕਿ ਇਹ ਬਜ਼ੁਰਗ ਮਲਕਾ-ਏ-ਤਰੰਨੁਮ ਨੂਰ ਜਹਾਂ ਨਾਲ ਸੰਗਤ ਕਰਦਾ ਰਿਹਾ ਹੈ ਤੇ ਬਾਬੇ ਮਰਦਾਨੇ ਕਿਆਂ ਦੀ ਕੁੱਲ ‘ਚੋਂ ਹੈ, ਤਾਂ ਹਰ ਇਕ ਦਾ ਧਿਆਨ ਕਾਲਜ ਦੇ ਇਸ ਸਮਾਗਮ ਦੇ ਇਸ ਬਜ਼ੁਰਗ ਨੇ ਖਿੱਚ ਲਿਆ। ਇਹ ਕੁਲਵੰਤ ਤੇ ਸਤਨਾਮ ਦਾ ਉਸਤਾਦ ਸੀ ਤੇ ਤਬਲੇ ਤੇ ਧਾਮੇ ਨੂੰ ‘ਕੱਠਿਆਂ ਕਰ ਕੇ ਇਸ ਸਾਜ਼ ਦਾ ਨਿਰਮਾਣ ਵੀ ਇਸੇ ਦਾ ਸੀ। ਇਸ ਬਜ਼ੁਰਗ ਦਾ ਪਿੰਡ ਤਾਂ ਬਹਿਰਾਮ ਲਾਗੇ ਸਾਡੇ ਜ਼ਿਲ੍ਹੇ ਵਿਚ ਹੀ ਫਰਾਲਾ ਸੀ, ਪਰ ਉਂਜ ਇਹ ਆਪਣੇ ਸਹੁਰੇ ਪਿੰਡ ਨੂਰਪੁਰ ਨੇੜੇ ਸਰਹਾਲ ਕਾਜੀਆਂ ਰਹਿੰਦਾ ਸੀ। ਹੋਰ ਖੁਲਾਸਾ ਹੋਇਆ ਕਿ ਇਸ ਬਜ਼ੁਰਗ ਦਾ ਨਾਂ ਸੀ ਸਰਦਾਰ ਮੁਹੰਮਦ ਜਿਸ ਦੀ ਯਾਦ ਵਿਚ ਤੇਈ ਸਾਲਾਂ ਤੋਂ ਨੂਰਪੁਰ ਮੇਲਾ ਲੱਗਦਾ ਹੈ, ਤੇ ਇਸੇ ਮੇਲੇ ਵਿਚ ਦਿਲਸ਼ਾਦ ਅਖ਼ਤਰ ਸਮੇਤ ਵੱਡੇ ਵੱਡੇ ਗਾਇਕ ਮੇਰੇ ਮਿੱਤਰ ਬਣੇ। ਕੈਲੀਫੋਰਨੀਆ ਵਸਦਾ ਢੋਲਕ ਵਾਦਕ ਦਿਲਬਰ ਮੁਹੰਮਦ ਬੱਲੀ ਤੇ ਗਾਇਕ ਬੂਟਾ ਮੁਹੰਮਦ, ਇਸ ਬਜੁਰਗ ਸਰਦਾਰ ਮੁਹੰਮਦ ਦੇ ਦੋ ਫਰਜੰਦ ਹਨ।
ਹੌਲੀ ਹੌਲੀ ਤਰਸੇਮ, ਕੁਲਵੰਤ ਤੇ ਸਤਨਾਮ ਮੇਰੇ ਗੂੜ੍ਹੇ ਮਿੱਤਰ ਬਣ ਗਏ। ਉਨ੍ਹਾਂ ਦਾ ਪਿੰਡ ਮਾਂਗਟਾਂ ਡੀਂਗਰੀਆਂ ਸੀ ਤੇ ਇਨ੍ਹਾਂ ਨਾਲ ਮੈਂ ਸਰਦਾਰ ਮੁਹੰਮਦ ਕੋਲ ਆਉਣ ਜਾਣ ਲੱਗ ਪਿਆ। ‘ਅਜੀਤ’ ਵਿਚ ਜਦੋਂ ‘ਮੰਦਲ ਦਾ ਨਿਰਮਾਤਾ-ਸਰਦਾਰ ਮੁਹੰਮਦ’ ਮੈਂ ਲੇਖ ਲਿਖਿਆ ਤਾਂ ਛੋਟੀ ਜਿਹੀ ਸਾਂਝ ਮੁਹੱਬਤ ਤੇ ਪਿਆਰ ਵਿਚ ਬਦਲ ਗਈ। ਫਿਰ ਪਤਾ ਲੱਗਿਆ ਕਿ ਇਹ ਤਾਂ ਸਾਰਾ ਟੱਬਰ ਹੀ ਸੰਗੀਤ ਦੀਆਂ ਬਰੀਕੀਆਂ ਦਾ ਮਾਹਿਰ ਹੈ। ਸਰਦਾਰ ਮੁਹੰਮਦ ਦਾ ਛੋਟਾ ਭਰਾ ਗੁਲਜ਼ਾਰ ਮੁਹੰਮਦ ਨੋਗੀ ਕੁਲਦੀਪ ਮਾਣਕ ਨਾਲ ਢੋਲਕ (ਮਰਦੰਗ) ਵਜਾਉਂਦਾ ਹੈ। ਮਾਣਕ ਦੀ ਟੀਮ ਵਿਚ ਨੋਗੀ ਦਾ ਸਤਿਕਾਰ ਬਹੁਤ ਸੀ ਤੇ ਉਸ ਨੂੰ ਗੁਰੂ ਕਰ ਕੇ ਹੀ ਬੁਲਾਇਆ ਜਾਂਦਾ ਸੀ। ਐਚæਐਮæਵੀæ ਕੰਪਨੀ ਵਿਚ ਗੁਰੂ ਨੇ ਯੂਸਫ਼ ਨਾਲ ਮਾਣਕ ਦੇ ਕਈ ਗੀਤਾਂ ਵਿਚ ਮਰਦੰਗ ਵਜਾਈ ਸੀ। (ਮਨਮੋਹਨ ਵਾਰਿਸ ਦੀ ਟੀਮ ਵਿਚ ਵੀ ਨੋਗੀ ਦੇ ਬੇਟੇ ਤੇ ਇਸ ਪਰਿਵਾਰ ‘ਚੋਂ ਹੋਰ ਵੀ ਕਈ ਤਾਲ ਵਾਦਨ ਲਈ ਹਾਲੇ ਵੀ ਕੰਮ ਕਰ ਰਹੇ ਹਨ।)
ਮੈਨੂੰ ਲੱਗਿਆ ਕਿ ਰਾਹ ਹੁਣ ਮਾਣਕ ਤੱਕ ਅਪੜਨ ਲਈ ਪੱਧਰਾ ਹੁੰਦਾ ਜਾ ਰਿਹਾ ਹੈ। ਮਾੜੀ ਕਿਸਮਤ ਕਿ ਗੁਰੂ ਦੀ ਲੁਧਿਆਣੇ ਹੀ ਮੌਤ ਹੋ ਗਈ। ਸੁਪਨਾ ਮੇਰਾ ਵਿਚ ਵਿਚਾਲੇ ਟੁੱਟਣ ਲੱਗਾ। ਟੇਸ਼ਨ ਦਾ ਤਾਂ ਮੈਨੂੰ ਪਤਾ ਨਹੀਂ ਸੀ, ਪਰ ਮੈਂ ਟਰੇਨ ਸਹੀ ‘ਤੇ ਚੜ੍ਹ ਗਿਆ। ਮੈਂ ਗੁਰੂ ‘ਤੇ ਹੀ ਇਕ ਗੀਤ ਲਿਖਿਆ, ਸਰਦਾਰ ਮੁਹੰਮਦ ਨੂੰ ਸੁਣਾਇਆ ਤੇ ਨਾਲ ਹੀ ਇੱਛਾ ਜ਼ਾਹਿਰ ਕਰ ਦਿੱਤੀ ਕਿ ਮੈਂ ਚਾਹੁੰਦਾ ਹਾਂ, ਇਹ ਗੀਤ ਮਾਣਕ ਰਿਕਾਰਡ ਕਰਵਾ ਦੇਵੇ। ਬਚਪਨਾ ਸੀ ਤੇ ਅਕਲ ਮੋਟੀ ਸੀ। ਕਾਪੀ ‘ਚ ਦੋ ਤਿੰਨ ਹੋਰ ਗੀਤ ਲਿਖੇ, ਸਰਦਾਰ ਮੁਹੰਮਦ ਤੋਂ ਹੇਠਾਂ ਦਸਤਖ਼ਤ ਉਰਦੂ ‘ਚ ਕਰਵਾ ਕੇ ਬ-ਕਲਮ ਖੁਦ ਲਿਖਵਾਇਆ ਤੇ ਅਗਲੇ ਦਿਨ ਕਾਲਜੋਂ ਅੱਧੀ ਛੁੱਟੀ ਕਰ ਕੇ ਲੁਧਿਆਣੇ ਨੂੰ ਬੱਸੇ ਚੜ੍ਹ ਗਿਆ।
ਬੱਸ ਦੇ ਕੋਲ ਵ੍ਹਾਈਟ ਹਾਊਸ ਪੈਟਰੋਲ ਪੰਪ ਦੇ ਸਾਹਮਣੇ ਕੁਲਦੀਪ ਮਾਣਕ ਦਾ ਬੋਰਡ ਪੜ੍ਹਿਆ ਤੇ ਪਿੱਛੋਂ ਦੀ ਹੋ ਕੇ ਪੌੜੀਆਂ ਚੜ੍ਹ ਕੇ ਦਫ਼ਤਰ ਜਾ ਪਹੁੰਚਿਆ। ਚੰਗੀ ਕਿਸਮਤ ਮਾਣਕ ਅੱਗੇ ਕੁਰਸੀ ‘ਤੇ ਬੈਠਾ ਸੀ। ਮੂਹਰੇ ਗੁਰਚਰਨ ਪੋਹਲੀ ਬੈਠਾ ਸੀ। ਲੰਬਾ ਸਮਾਂ ਮਾਣਕ ਦੇ ਦਫ਼ਤਰੀ ਰਹੇ ਸੇਵਾ ਸਿੰਘ ਨੌਰਥ ਤੇ ਮੇਵਾ ਸਿੰਘ ਨੌਰਥ ਪੁੱਛਣ ਲੱਗੇ, “ਬਾਈ ਕਿਵੇਂ ਆਇਆਂ?”
“ਗੀਤ ਰਿਕਾਰਡ ਕਰਵਾਉਣੇ ਆਂ।”
“ਤੇਰਾ ਗੁਰੂ ਕੌਣ ਆਂ?”
“ਹਾਲੇ ਬਣਾਉਣੈ।”
“ਜਦੋਂ ਬਣ ਗਿਆ ਫੇਰ ਆ ਜਾਈਂ।”
“ਮੈਨੂੰ ਗੱਲ ਤਾਂ ਕਰ ਲੈਣ ਦਿਉ?”
“ਨਾਂ ਕੀ ਐ ਤੇਰਾ?”
“ਐਸ਼ ਅਸ਼ੋਕ ਭੌਰਾ।”
“ਅੱਛਾ ਤੂੰ ਆਂ ਭੌਰਾ।” ਉਹਨੇ ਮੇਜ਼ ‘ਤੇ ਮਾਣਕ ਅੱਗੇ ਪਈ ‘ਪੰਜਾਬੀ ਟ੍ਰਿਬਿਊਨ’ ਵਿਚ ਛਪੇ ਮੇਰੇ ਲੇਖ ‘ਔਰਤਾਂ ‘ਤੇ ਜ਼ੁਲਮ ਕਿਉਂ?’ ਮੇਰੇ ਅੱਗੇ ਕਰਦਿਆਂ ਕਿਹਾ, “ਆਹ ਤੂੰ ਲਿਖਿਆ?”
‘ਹਾਂ’ ਵਿਚ ਸਿਰ ਹਿਲਾਉਣ ‘ਤੇ ਉਹ ਦੋਵੇਂ ਕਹਿਣ ਲੱਗੇ, “ਬਲਬੀਰੋ ਭਾਬੀ ਫਿਲਮ ਦੀ ਗੱਲ ਚੱਲ ਰਹੀ ਐ। ਪੋਹਲੀ ਸਾਹਿਬ ਨੂੰ ਜਾ ਲੈਣ ਦੇ।” ਮੈਨੂੰ ਚਾਅ ਚੜ੍ਹ ਗਿਆ ਕਿ ਲੱਗੀਆਂ ਚੁਬਾਰੇ ਦੀਆਂ ਕੰਧਾਂ ਪੈਣ!
ਊਂ ਉਨ੍ਹਾਂ ਨੇ ਮੈਨੂੰ ਚਾਹ ਤਾਂ ਪਲਾਈ, ਪਰ ਮੈਂ ਜਿਵੇਂ ਰਾਂਝਾ ਗੋਰਖ ਦੇ ਟਿੱਲੇ ‘ਤੇ ਜੋਗ ਲੈਣ ਲਈ ਆਇਆ ਹੋਵੇ, ਡੂਢ ਘੰਟਾ ਬੈਂਚ ‘ਤੇ ਹੀ ਬੈਠਾ ਰਿਹਾ। ਉਧਰ ਪੰਜਾਬ ਦੇ ਹਾਲਾਤ ਖਰਾਬ ਤੇ ਉਪਰੋਂ ਹੋਵੇ ਹਨੇਰਾ।
ਪੋਹਲੀ ਹੇਠਾਂ ਉਤਰਿਆ ਤਾਂ ਮਾਣਕ ਨੇ ਸੇਵੇ ਨੂੰ ਪੁੱਛਿਆ, “ਇਹ ਬਲੂੰਗੜਾ ਕੌਣ ਐ?”
“ਜੀ ਗੀਤ ਲੈ ਕੇ ਅਇਐ।”
“ਬੁਲਾਓ ਉਰਾਂ ਨੂੰ।” ਤੇ ਮੈਂ ਮੇਜ਼ ਮੂਹਰੇ ਪਈ ਕੁਰਸੀ ‘ਤੇ ਬੈਠ ਗਿਆ।
“ਕਿੱਦਾਂ ਆਇਆਂ?”
“ਜੀ ਗਾਣੇ ਲਿਖਦਾ ਹੁੰਦਾਂ।”
“ਹੋਰ ਕੋਈ ਕੰਮ ਨ੍ਹੀਂ ਲੱਭਾ?”
ਮਾਣਕ ਦੇ ਟਿੱਚਰੀ ਤੇ ਅੱਖੜ ਸੁਭਾਅ ਬਾਰੇ ਤਾਂ ਮੈਂ ਸਟੇਜਾਂ ‘ਤੇ ਸੁਣਿਆ ਸੀ, ਪਰ ਨਿਸ਼ਾਨਾ ਸਿੱਧਾ ਸਹਿਣਾ ਔਖਾ ਸੀ। ਜੁਆਬ ਦੇਣ ਦੀ ਜੁਰਅਤ ਨਹੀਂ ਸੀ। ਛਿਥੇ ਜਿਹੇ ਪਏ ਨੇ ਮੈਂ ਬੁੱਲ੍ਹਾਂ ‘ਤੇ ਜੀਭ ਫੇਰਦਿਆਂ ਮਲਕੜੇ ਜਿਹੇ ਕਿਹਾ, “ਜੀ ਮੈਂ ਕਾਲਜ ਵਿਚ ਪੜ੍ਹਦਾਂ ਹਾਲੇ।”
“ਪੁੱਠੇ ਕੰਮੇ ਕਾਹਨੂੰ ਪੈਣ ਲੱਗਾਂ? ਹਾਂ, ਦੱਸ ਕੀ ਲਿਖਦੈਂ?” ਤੇ ਨਾਲ ਹੀ ਉਹਨੇ ਮੇਵੇ ਨੂੰ ਸੌ ਦਾ ਨੋਟ ਫੜਾ ਕੇ ਕਿਹਾ, “ਅੱਧਾ ਫੜ ਲਿਆ ਹੇਠੋਂ। ਦੋ ਸੰਤਰੇ ਦੀ ਵੀ ਲੈਂਦਾ ਆਈਂ।”
ਮੈਨੂੰ ਭਰਮ ਪੈ ਗਿਆ ਕਿ ਸ਼ਾਇਦ ਮੇਰੇ ਲਈ ਮੰਗਾ ਰਿਹੈ।
“ਮੈਂ ਪੀਂਦਾ ਨ੍ਹੀਂ ਜੀ।” ਕਿਹਾ ਤਾਂ ਹੌਲੀ ਦੇਣੀ ਸੀ, ਪਰ ਅੱਗਿਉਂ ਜਵਾਬ ਬੜਾ ਕੜਾਕੇਦਾਰ ਸੀ, “ਤੂੰ ਸਾਡੇ ਪ੍ਰਾਹੁਣਾ ਆਇਐਂæææਜਾਣ ਨਾ ਪਛਾਣ। ਇਹ ਤਾਂ ਮੈਂ ਆਪਣੇ ਲਈ ਮੰਗਾਈ ਐ।”
ਖਰਵੀਂ ਜਿਹੀ ਬੋਲੀ ਤੋਂ ਮੈਨੂੰ ਆਏਂ ਲੱਗਾ ਕਿ ਕੁੱਤਾ ਹੁਣ ਸੰਗਲ ਨਾਲ ਬੰਨ੍ਹ ਕੇ ਕੁੱਟਿਆ ਜਾਊ!
“ਤੂੰ ਕੰਮ ਨਬੇੜ ਆਪਣਾ, ਅਸੀਂ ਘੁੱਟ ਲਾਉਣੀ ਵੀ ਆ। ਦੱਸ ਕੀ ਲਿਖਦੈਂ?”
“ਜੀ ਗੁਲਜ਼ਾਰ ਮੁਹੰਮਦ ਨੋਗੀ ਸੀ ਜੀਹਨੂੰ ਤੁਸੀਂ ਗੁਰੂ ਆਖਦੇ ਸੀ।”
“ਉਹ ਤਾਂ ਕਈ ਮਹੀਨੇ ਹੋ ਗਏ ਪੂਰਾ ਹੋਏ ਨੂੰ। ਉਹਨੂੰ ਮਿਲਣਾ ਸੀ ਕਿ ਗੀਤ ਦਿਖਾਉਣੇ ਆਂ?”
“ਜੀ ਮੈਂ ਉਹਦੇ ‘ਤੇ ਗੀਤ ਲਿਖਿਆ। ਹੇਠਾਂ ਉਨ੍ਹਾਂ ਦੇ ਵੱਡੇ ਭਰਾ ਦੇ ਸਾਈਨ ਨੇ।”
“ਓ ਸੇਵਿਆ, ਇਹਨੂੰ ਕਮਲੇ ਨੂੰ ਹੇਠਾਂ ਛੱਡ ਕੇ ਆਓ। ਨੋਗੀ ਮੇਰੇ ਨਾਲ ਢੋਲਕ ਵਜਾਉਂਦਾ ਸੀ, ਉਹ ਸੁੱਚਾ ਸੂਰਮਾ ਨ੍ਹੀਂ ਸੀ ਜਿਹਦੇ ‘ਤੇ ਗੀਤ ਲਿਖ ਕੇ ਲਿਆਇਐਂ।”
“ਜੀ ਇਕ ਹੋਰ ਵੀ ਗੀਤ ਹੈਗਾ ‘ਦਿਲ ਦੀਆਂ ਬੁੱਝ ਲੈਣੀਏਂ, ਐਵੇਂ ਲੰਘਿਆ ਨਾ ਕਰ ਸ਼ਰਮਾ ਕੇæææ।” ਮੇਰੇ ਬੋਲਾਂ ‘ਚ ਰੱਜ ਕੇ ਤਰਲਾ ਸੀ।
“ਇਹ ਕਰਤਾਰ ਰਮਲੇ ਕੋਲ ਲੈ ਜਾ, ਇੱਦਾਂ ਦੇ ਉਹ ਗਾਉਂਦੈ। ਬੰਦਿਆਂ ਆਲੇ ਕੰਮ ਕਰ। ਘਰ ਦੇ ਕਹਿੰਦੇ ਹੋਣੇ ਆਂ ਮੁੰਡਾ ਪੜ੍ਹਦੈ।”
ਉਦਣ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਭਰਿੰਡਾਂ ਸੱਚੀਂ ਉਦਾਸ ਚਿਹਰਿਆਂ ‘ਤੇ ਹੀ ਲੜਦੀਆਂ ਹਨ।
ਬੇਰੰਗ ਚਿੱਠੀ ਜਿਵੇਂ ਡਾਕੀਏ ਨੇ ਅਲੱਗ ਕੱਢ ਕੇ ਰੱਖ ਦਿੱਤੀ ਹੋਵੇæææਜਿਵੇਂ ਲੀਡਰ ਗਰੀਬ ਦੀ ਅਰਜ਼ੀ ਵੀ ਕਈ ਵਾਰ ਨਹੀਂ ਫੜਦੇ; ਇਵੇਂ ਮੈਂ ਸ਼ਰਮ ‘ਚ ਨਿੰਬੂ ਵਾਂਗ ਨੁੱਚੜੇ ਨੇ ਆਪਣੀ ਕਾਪੀ ਚੁੱਕ ਕੇ ਤੁਰਨ ਲਈ ਪੈਰ ਹੀ ਪੁੱਟਿਆ ਸੀ ਕਿ ਜਦ ਨੂੰ ਮੇਵਾ ਸਿੰਘ ਵੀ ਆ ਗਿਆ ਅਧੀਆ ਲੈ ਕੇ।
ਸੇਵੇ ਨੇ ਉਹਦੇ ਕੰਨ ‘ਚ ਪਤਾ ਨ੍ਹੀਂ ਕੀ ਕਿਹਾ, ਪਰ ਮੈਨੂੰ ਆਏਂ ਲੱਗਾ ਕਿ ਇਹ ਬੱਸ ਅੱਡੇ ਤੱਕ ਮੇਰੇ ਮਗਰ ਜਾਣਗੇ ਕਿ ਬੱਸ ਚੜ੍ਹੇਗਾ ਕਿ ਨਹੀਂ। ਹੋਇਆ ਉਂਜ ਇਸ ਦੇ ਉਲਟ। ਮੇਵੇ ਨੇ ਉਹੀ ਅਖ਼ਬਾਰ ਮਾਣਕ ਮੂਹਰੇ ਕਰਦਿਆਂ ਕਿਹਾ, “ਭਾ ਜੀ, ਆਹ ਦੇਖੋ ਪੰਜਾਬੀ ਟ੍ਰਿਬਿਊਨ, ਇਹ ਅਖ਼ਬਾਰਾਂ ‘ਚ ਲਿਖਦੈ।”
“ਇਸ ਅਖ਼ਬਾਰ ‘ਚ ਸ਼ਮਸ਼ੇਰ ਸੰਧੂ ਲੱਗਿਆ ਵੀ ਹੋਇਐ ਤੇ ਲਿਖਦਾ ਵੀ ਐ। ਸ਼ਰਾਰਤਾਂ ਵੀ ਕਰਦੈ ਸਾਡੇ ਨਾਲ।”
ਜਹਾਜ਼ ਜਿਵੇਂ ਐਮਰਜੈਂਸੀ ਲੈਂਡਿੰਗ ਕਰ ਗਿਆ ਹੋਵੇ। ਹਾਲਾਤ ਇੱਦਾਂ ਬਦਲ ਗਏ ਸਨ ਕਿ ਬੰਦਾ ਤਾਂ ਨਿਕੰਮਾ ਸੀ, ਡੋਲੀ ‘ਚੋਂ ਬਹੂ ਸੁਨੱਖੀ ਉਤਰ ਆਈ।
ਮਾਣਕ ਕਹਿਣ ਲੱਗਾ, “ਤੂੰ ਛੱਡ ਗੀਤਾਂ-ਗੂਤਾਂ ਨੂੰ, ਉਹ ਤੇਰੇ ਬਥੇਰੇ ਰਿਕਾਰਡ ਕਰਵਾ ਦਿਆਂਗੇ। ਤੂੰ ਗਾਇਕਾਂ ਬਾਰੇ ਲਿਖ। ਸ਼ਮਸ਼ੇਰ ਸੰਧੂ ‘ਕੱਲਾ ਈ ਲਿਖਦੈ, ਪਰ ਕਰਦੈ ਮਨ ਆਈਆਂ।”
ਮੈਨੂੰ ਲੱਗਾ ਕਿ ‘ਹਾ’ ਚੰਗੀ ਰਹੂ, ਤੇ ਜਿਸ ਮਾਣਕ ਨਾਲ ਉਨ੍ਹਾਂ ਦਿਨਾਂ ‘ਚ ਲੋਕ ਹੱਥ ਮਿਲਾਉਣ ਨੂੰ ਤਰਸਦੇ ਸਨ, ਉਹ ਮੇਰੇ ਨਾਲ ਸਾਹਮਣੇ ਦਰਪਣ ਸਟੂਡੀਓ ‘ਚ ਫੋਟੋ ਕਰਵਾਉਣ ਚੱਲ ਪਿਆ ਸੀ।
ਹਨ੍ਹੇਰਾ ਬਹੁਤ ਹੋ ਗਿਆ ਸੀ। ਮਾਣਕ ਕਹਿਣ ਲੱਗਾ, “ਤੂੰ ਸਾਡੇ ਨਾਲ ਅੱਜ ਥਰੀਕਿਆਂ ਨੂੰ ਈ ਚੱਲ। ਗੱਲਾਂ ਕਰਾਂਗੇ ਰਾਤ ਨੂੰ।”
ਅੰਨ੍ਹੇ ਨੂੰ ਜਿਵੇਂ ਬਿੱਲੀਆਂ ਅੱਖਾਂ ਮਿਲ ਗਈਆਂ ਹੋਣ! ਦਸ-ਗਿਆਰਾਂ ਵਜੇ ਤੱਕ ਸੁਆਲ-ਜੁਆਬ ਕਰਦਾ ਰਿਹਾ। ਪੰਜਵੇਂ ਦਿਨ ਇਹ ਲੰਬੀ ਮੁਲਾਕਾਤ ‘ਅਜੀਤ’ ਨੇ ਸ਼ਿੰਗਾਰ ਕੇ ਛਾਪ ਦਿੱਤੀ ਤੇ ਮੈਂ ਗੀਤ ਲਿਖਦਾ ਲਿਖਦਾ ਗਾਇਕਾਂ ਤੇ ਗਾਇਕੀ ਬਾਰੇ ਸੰਗੀਤ ਦੀ ਬੁੱਕਲ ਵਿਚ ਛਾਲ ਮਾਰ ਕੇ ਵੜ ਗਿਆ।
ਇਉਂ ਤਾਰੇ ਚੰਨ ਨੂੰ ਵੀ ਅੱਖਾਂ ਮਾਰਨ ਲੱਗ ਪਏ ਸਨ।

Be the first to comment

Leave a Reply

Your email address will not be published.