ਖੇਡ ਸੰਸਾਰ ਵੱਲੋਂ ਮਲਕੀਤ ਸਿੰਘ ਪੁਰੇਵਾਲ ਨੂੰ ਸ਼ਰਧਾਂਜਲੀ

ਪ੍ਰਿੰ. ਸਰਵਣ ਸਿੰਘ
ਖੇਡ ਖੇਤਰ ‘ਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਵਿਚ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਦਾ ਨਾਂ ਮਾਣ ਨਾਲ ਲਿਆ ਜਾਂਦਾ ਹੈ। ਸਭ ਤੋਂ ਵੱਡੇ ਭਰਾ ਮਲਕੀਤ ਸਿੰਘ ਪੁਰੇਵਾਲ ਦਾ ਐਬਟਸਫੋਰਡ ਦੇ ਹਸਪਤਾਲ ਵਿਚ ਤਿੰਨ ਹਫਤੇ ਦਾਖਲ ਰਹਿਣ ਪਿੱਛੋਂ ਦੇਹਾਂਤ ਹੋ ਗਿਆ, ਜਿਸ ਨਾਲ ਖੇਡ ਹਲਕਿਆਂ ਵਿਚ ਸੋਗ ਦੀ ਲਹਿਰ ਪਸਰ ਗਈ ਹੈ। ਥੋੜ੍ਹਾ ਸਮਾਂ ਪਹਿਲਾਂ ਉਹਦੇ ਨੌਜੁਆਨ ਖਿਡਾਰੀ ਪੁੱਤਰ ਹਰਮਨ ਪੁਰੇਵਾਲ ਅਤੇ ਭਤੀਜੇ ਚਮਕੌਰ ਸਿੰਘ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦਾ ਗਮ ਅਜੇ ਤਾਜ਼ਾ ਸੀ। ਉਦੋਂ ਤੋਂ ਹੀ ਉਹ ਬੈੱਡ ‘ਤੇ ਸੀ। ਉਤੋਂ ਇਹ ਭਾਣਾ ਵਰਤ ਗਿਆ।

ਉਹ ਸ਼ਾਂਤ ਸੁਭਾਅ ਦਾ ਰੱਬੀ ਬੰਦਾ ਸੀ। ਪੁਰੇਵਾਲ ਪਰਿਵਾਰ ਨੂੰ ਕੈਨੇਡਾ ‘ਚ ਸਥਾਪਤ ਕਰਨ ਵਾਲਾ ਲਾਣੇਦਾਰ ਸੀ। ਪਿੱਛੇ ਉਹ ਪਤਨੀ, ਪੁੱਤਰ, ਦੋ ਨੂੰਹਾਂ, ਦੋ ਧੀਆਂ, ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਦਾ ਪਰਿਵਾਰ ਛੱਡ ਗਿਆ। ਛੋਟੇ ਭਰਾ ਚਰਨ ਸਿੰਘ ਤੇ ਗੁਰਜੀਤ ਸਿੰਘ ਦੀਆਂ ਬਾਹਾਂ ਭੱਜ ਗਈਆਂ। ਇਸ ਦੁੱਖ ਦੀ ਘੜੀ ਵਿਚ ਪੰਜਾਬੀ ਖੇਡ ਜਗਤ ਪੁਰੇਵਾਲ ਪਰਿਵਾਰ ਨਾਲ ਦੁੱਖ ਵੰਡਾਉਂਦਾ ਹੋਇਆ ਹਮਦਰਦੀ ਪ੍ਰਗਟ ਕਰਦਾ ਹੈ।
ਹਕੀਮਪੁਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਇਤਿਹਾਸਕ ਪਿੰਡ ਹੈ, ਜਿਸ ਨੂੰ ਸਿੱਖਾਂ ਦੇ ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਉਥੇ ਸਾਧਾਰਨ ਕਿਸਾਨ ਸੁੰਦਰ ਸਿੰਘ ਦੇ ਘਰ ਬਾਬਾ ਊਧਮ ਸਿੰਘ ਦਾ ਜਨਮ ਹੋਇਆ। ਊਧਮ ਸਿੰਘ ਵੱਡਾ ਹੋ ਕੇ ਮੂੰਗਲੀਆਂ ਫੇਰਨ ਲੱਗਾ। ਫਿਰ ਉਹ ਭਾਰੇ ਵੱਟਿਆਂ, ਵੇਲਣਿਆਂ ਤੇ ਬੋਰੀਆਂ ਦੇ ਬਾਲੇ ਕੱਢਣ ਲੱਗ ਪਿਆ। ਉਹਦੀ ਤਾਕਤ ਦੀਆਂ ਧੁੰਮਾਂ ਦੁਆਬੇ ਤੋਂ ਬਾਰ ਤਕ ਪੈ ਗਈਆਂ। ਉਹ ਗੱਡੇ ‘ਤੇ ਮੂੰਗਲੀਆਂ ਅਤੇ ਵੱਟੇ ਲੱਦਦਾ ਤੇ ਮੇਲਿਆਂ ਵਿਚ ਭਾਰ ਚੁੱਕਣ ਦੇ ਜੌਹਰ ਵਿਖਾਉਂਦਾ। ਕਿਹਾ ਜਾਂਦੈ, ਬਾਬਾ ਊਧਮ ਸਿੰਘ ਦੀਆਂ ਮੂੰਗਲੀਆਂ ਦਾ ਭਾਰ ਪੁਰਾਣੇ 21 ਮਣ 15 ਸੇਰ ਸੀ।
ਬਾਬਾ ਊਧਮ ਸਿੰਘ ਦੇ ਘਰ ਹਰਬੰਸ ਸਿੰਘ ਨੇ ਜਨਮ ਲਿਆ, ਜਿਸ ਨੇ ਟਰਾਂਸਪੋਰਟ ਦੇ ਕਾਰੋਬਾਰ ਵਿਚ ਚੰਗਾ ਨਾਮਣਾ ਖੱਟਿਆ। ਉਸ ਦਾ ਵਿਆਹ ਪਿੰਡ ਮਜਾਰੀ ਦੀ ਬੀਬੀ ਸੁਰਜੀਤ ਕੌਰ ਨਾਲ ਹੋਇਆ, ਜਿਸ ਦੀ ਕੁੱਖੋਂ 4 ਨਵੰਬਰ 1943 ਨੂੰ ਮਲਕੀਤ ਸਿੰਘ ਦਾ ਜਨਮ ਹੋਇਆ। ਉਸ ਦੇ ਪਿਤਾ ਤੇ ਬਾਬੇ ਨੇ ਉਸ ਨੂੰ ਪਹਿਲਵਾਨ ਬਣਾਉਣ ਦੀ ਠਾਣ ਲਈ। ਉਹ ਪੁਰੇਵਾਲ ਪਰਿਵਾਰ ਦਾ ਲਾਡਲਾ ਫਰਜ਼ੰਦ ਸੀ, ਜਿਸ ਨੂੰ ਖੁੱਲ੍ਹੀ ਡੁੱਲ੍ਹੀ ਖੁਰਾਕ ਨਾਲ ਪਾਲਿਆ ਗਿਆ। ਬਾਬਾ ਉਸ ਨੂੰ ਬਿਲਾਨਾਗਾ ਕਸਰਤ ਕਰਾਉਂਦਾ। ਵੱਡਾ ਹੋ ਕੇ ਉਹ ਘੋਲ ਘੁਲਣ ਤੇ ਕਬੱਡੀ ਖੇਡਣ ਲੱਗਾ। ਉਹ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਪੜ੍ਹਦਿਆਂ ਕੁਸ਼ਤੀ ਦਾ ਆਲ ਇੰਡੀਆ ਯੂਨੀਵਰਸਿਟੀਜ਼ ਚੈਂਪੀਅਨ ਬਣਿਆ। ਕਬੱਡੀ ਦੀ ਖੇਡ ਵਿਚ ਵੀ ਉਨ੍ਹਾਂ ਦੀ ਟੀਮ ਯੂਨੀਵਰਸਿਟੀ ਵਿਚ ਚੋਟੀ ‘ਤੇ ਰਹੀ। ਉਹ 1970 ਵਿਚ ਕੈਨੇਡਾ ਚਲਾ ਗਿਆ, ਜਿਥੇ ਕਬੱਡੀ ਖੇਡਦਾ ਤੇ ਕੁਸ਼ਤੀਆਂ ‘ਚ ਦਿਲਚਸਪੀ ਲੈਂਦਾ ਰਿਹਾ।
ਮਾਤਾ ਸੁਰਜੀਤ ਕੌਰ ਦੀ ਕੁੱਖੋਂ ਦੂਜੇ ਪੁੱਤਰ ਚਰਨ ਸਿੰਘ ਨੇ 1947 ਵਿਚ ਜਨਮ ਲਿਆ। ਉਹ ਜੁੱਸੇ ਦਾ ਨਿੱਗਰ ਸੀ ਤੇ ਵੱਡੇ ਭਰਾ ਦੀ ਰੀਸ ਨਾਲ ਕਬੱਡੀ ਖੇਡਣ ਲੱਗ ਪਿਆ ਸੀ। ਸਿੱਖ ਨੈਸ਼ਨਲ ਕਾਲਜ ਬੰਗਾ ਤੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿਚ ਪੜ੍ਹਦਿਆਂ ਉਹਦੀ ਟੀਮ ਨੇ ਯੂਨੀਵਰਸਿਟੀ ਦੀ ਕਬੱਡੀ ਚੈਂਪੀਅਨਸਿ਼ਪ ਜਿੱਤੀ। ਜਗਤਪੁਰ ਦੇ ਰਾਜ ਪੱਧਰੀ ਕਬੱਡੀ ਟੂਰਨਾਮੈਂਟ ‘ਚ ਉਸ ਨੂੰ ਮਾਲਵੇ ਦਾ ਮਸ਼ਹੂਰ ਜਾਫੀ ਨਛੱਤਰ ਢਾਂਡੀ ਵੀ ਨਾ ਡੱਕ ਸਕਿਆ। ਉਹ ਖੇਡ ਦੀ ਪੂਰੀ ਫਾਰਮ ਵਿਚ ਸੀ, ਜਦੋਂ 1970 ਵਿਚ ਕੈਨੇਡਾ ਚਲਾ ਗਿਆ ਤੇ ਉਥੇ ਵੱਡੇ ਵੀਰ ਮਲਕੀਤ ਸਿੰਘ ਨਾਲ ਜ਼ੋਰ ਅਜ਼ਮਾਈ ਕਰਨ ਲੱਗਾ। ਉਹ ਦੱਬ ਕੇ ਕੰਮ ਕਰਦੇ ਤੇ ਵਿਹਲੇ ਵੇਲੇ ਕਬੱਡੀ ਖੇਡਦੇ। 1975 ਵਿਚ ਕੈਨੇਡਾ ਦੇ ਪਹਿਲੇ ਕਬੱਡੀ ਟੂਰਨਾਮੈਂਟ ‘ਚ ਉਸ ਨੂੰ ਬੈੱਸਟ ਰੇਡਰ ਐਲਾਨਿਆ ਗਿਆ। ਉਸ ਨੇ 1983 ਤਕ ਕਬੱਡੀ ਖੇਡੀ।
ਗੁਰਜੀਤ ਸਿੰਘ ਪੁਰੇਵਾਲ ਦਾ ਜਨਮ 8 ਜੂਨ 1955 ਨੂੰ ਹੋਇਆ। ਮੁਕੰਦਪੁਰ ਦੇ ਹਾਈ ਸਕੂਲ ਵਿਚ ਪੜ੍ਹਦਿਆਂ ਉਹ ਕਬੱਡੀ ਦਾ ਤਕੜਾ ਖਿਡਾਰੀ ਬਣ ਗਿਆ ਤੇ ਸਕੂਲਾਂ ਦੀ ਸਟੇਟ ਚੈਂਪੀਅਨਸਿ਼ਪ ਖੇਡਿਆ। ਉਨ੍ਹਾਂ ਦੀ ਟੀਮ ਪੰਜਾਬ ਵਿਚ ਦੂਜੇ ਸਥਾਨ ਉਤੇ ਰਹੀ। ਪਹਿਲਾਂ ਉਹ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਕਬੱਡੀ ਖੇਡਿਆ ਤੇ ਫਿਰ ਉੱਚ ਪੱਧਰੀ ਕਬੱਡੀ ਖੇਡਣ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਜਾ ਦਾਖਲ ਹੋਇਆ। ਉਨ੍ਹਾਂ ਦੀ ਟੀਮ ਨੇ ਵੀ ਯੂਨੀਵਰਸਿਟੀ ਦੀ ਚੈਂਪੀਅਨਸਿ਼ਪ ਜਿੱਤੀ। ਉਹ ਦੋਹਾਂ ਕਾਲਜਾਂ ਦੀਆਂ ਟੀਮਾਂ ਦਾ ਕਪਤਾਨ ਸੀ। ਉਸ ਨੇ ਇੰਟਰ ਯੂਨੀਵਰਸਿਟੀ ਚੈਂਪੀਅਨਸਿ਼ਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ। 1977 ਵਿਚ ਉਹ ਵੀ ਆਪਣੇ ਵੱਡੇ ਭਰਾਵਾਂ ਕੋਲ ਕੈਨੇਡਾ ਚਲਾ ਗਿਆ। ਤਿੰਨੇ ਭਰਾ ਕਬੱਡੀ ਦੇ ਖਿਡਾਰੀ ਹੋਣ ਕਾਰਨ ਉਨ੍ਹਾਂ ਨੇ ਕੈਨੇਡਾ ਵਿਚ ਵੀ ਕਬੱਡੀ ਸ਼ੁਰੂ ਕਰ ਲਈ। ਅੱਜ ਕੈਨੇਡਾ ਵਿਚ ਕਬੱਡੀ ਦਾ ਜੋ ਮੁਕਾਮ ਹੈ, ਉਸ ਦੀਆਂ ਜੜ੍ਹਾਂ ਪੁਰੇਵਾਲ ਭਰਾਵਾਂ ਨੇ ਲਾਈਆਂ ਸਨ। ਜੇ ਉਨ੍ਹਾਂ ਨੂੰ ਕੈਨੇਡਾ ਦੀ ਕਬੱਡੀ ਦੇ ਪਿਤਾਮਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ। 1977-78 ਵਿਚ ਇੰਗਲੈਂਡ ਦੀ ਕਬੱਡੀ ਟੀਮ ਕੈਨੇਡਾ ਵਿਚ ਮੈਚ ਖੇਡਣ ਆਈ। ਏਧਰ ਕੈਨੇਡਾ ਦੀ ਟੀਮ ਵਿਚ ਤਿੰਨੇ ਭਰਾ ਖੇਡੇ ਤੇ ਗੁਰਜੀਤ ਨੂੰ ਬੈੱਸਟ ਰੇਡਰ ਐਲਾਨਿਆ ਗਿਆ। 1978-79 ਵਿਚ ਤਿੰਨੇ ਭਰਾ ਪੂਰੀ ਤਿਆਰੀ ਵਿਚ ਸਨ। ਕੈਨੇਡਾ ਦੀ ਟੀਮ ਨੇ ਇੰਗਲੈਂਡ ਵਿਚ ਖੇਡਣ ਜਾਣਾ ਸੀ, ਪਰ ਇੰਗਲੈਂਡ ਰਵਾਨਾ ਹੋਣ ਤੋਂ ਇਕ ਹਫਤਾ ਪਹਿਲਾਂ ਉਨ੍ਹਾਂ ਦੇ ਪਿਤਾ ਸ. ਹਰਬੰਸ ਸਿੰਘ ਪੁਰੇਵਾਲ ਦਾ ਦਿਹਾਂਤ ਹੋ ਗਿਆ, ਜਿਸ ਕਰਕੇ ਉਹ ਇੰਗਲੈਂਡ ਨਾ ਜਾ ਸਕੇ।
ਫਿਰ ਉਨ੍ਹਾਂ ਨੇ ਆਪਣੇ ਪਿਤਾ ਸਵਰਗੀ ਸ. ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿਚ ਬੜੇ ਵੱਡੇ ਇਨਾਮਾਂ ਵਾਲਾ ਪੇਂਡੂ ਓਲੰਪਿਕ ਖੇਡ ਮੇਲਾ ਕਰਾਉਣਾ ਸ਼ੁਰੂ ਕੀਤਾ। 1988 ਤੋਂ ਇਹ ਖੇਡ ਮੇਲਾ ਹਕੀਮਪੁਰ ਤੇ ਜਗਤਪੁਰ ਵਿਚਕਾਰ ਬਣੇ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਵਿਚ ਕਰਾਇਆ ਜਾਂਦਾ ਹੈ। ਪੁਰੇਵਾਲ ਆਪਣੀ ਕਿਰਤ ਕਮਾਈ ਦਾ ਦਸਵੰਧ ਖੇਡਾਂ ਉਤੇ ਹੀ ਖਰਚਦੇ ਆ ਰਹੇ ਹਨ। ਉਨ੍ਹਾਂ ਨੇ ਆਪਣੀ ਮਾਤਾ ਸੁਰਜੀਤ ਕੌਰ ਦੀ ਯਾਦ ਵਿਚ ਇਕ ਅਵਾਰਡ ਸਥਾਪਿਤ ਕੀਤਾ ਹੈ, ਜੋ ਹਰ ਸਾਲ ਕੌਮਾਂਤਰੀ ਪੱਧਰ ਦੀ ਪੰਜਾਬਣ ਖਿਡਾਰਨ ਨੂੰ ਦਿੱਤਾ ਜਾ ਰਿਹੈ। ਇਸ ਤੋਂ ਬਿਨਾ ਉਹ ਹਰ ਸਾਲ ਪੁਰੇਵਾਲ ਖੇਡ ਮੇਲੇ ‘ਤੇ ਪੁਰਾਣੇ ਖਿਡਾਰੀਆਂ, ਖੇਡ ਲੇਖਕਾਂ ਤੇ ਕਲਾਕਾਰਾਂ ਦਾ ਵੀ ਮਾਣ ਸਨਮਾਨ ਕਰਦੇ ਹਨ। ਵੈਨਕੂਵਰ ਦੇ ਨਾਲ ਹੀ ਪਿਟਮੀਡੋਜ਼ ਵਿਚ ਉਨ੍ਹਾਂ ਦਾ ਬਲਿਊ ਬੇਰੀ ਫਾਰਮ ਤੇ ਕੇਨਰੀ ਹੈ, ਜਿਥੇ ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬੀ ਕਾਮੇ ਕੰਮ ਕਰਦੇ ਹਨ। ਉਨ੍ਹਾਂ ਨੇ ਵਡੇਰੀ ਉਮਰ ਦੇ ਬੰਦਿਆਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਨੂੰ ਸਵੈਮਾਨ ਦੀ ਜਿ਼ੰਦਗੀ ਦਿੱਤੀ ਹੈ। ਉਨ੍ਹਾਂ ਦੇ ਫਾਰਮ ਉਤੇ ਲੰਗਰ ਚਲਦਾ ਰਹਿੰਦਾ ਹੈ। ਪੁਰੇਵਾਲ ਪਰਿਵਾਰ ਦੀਆਂ ਬੀਬੀਆਂ ਗਿਆਨ ਕੌਰ, ਗੁਰਦੇਵ ਕੌਰ ਤੇ ਬਲਵਿੰਦਰ ਕੌਰ ਸੇਵਾ ਭਾਵ ਵਾਲੀਆਂ ਘਰੇਲੂ ਸੁਆਣੀਆਂ ਹਨ। ਗੁਰੂ ਮਹਾਰਾਜ ਦੀ ਮਿਹਰ ਨਾਲ ਚੁੱਲ੍ਹੇ ਸਦਾ ਤਪਦੇ ਰਹਿੰਦੇ ਹਨ।
ਖੇਡ ਮੇਲੇ ਭਾਵੇਂ ਪੰਜਾਬ ਵਿਚ ਬਹੁਤ ਲੱਗਣ ਲੱਗ ਪਏ ਹਨ, ਪਰ ਹਕੀਮਪੁਰ ਦਾ ਪੁਰੇਵਾਲ ਖੇਡ ਮੇਲਾ ਬੇਜੋੜ ਹੈ। ਉਥੇ ਚੋਟੀ ਦੀ ਕਬੱਡੀ ਤੇ ਕੁਸ਼ਤੀ ਦੇ ਨਾਲ ਵਿਰਾਸਤੀ ਤੇ ਆਧੁਨਿਕ ਖੇਡਾਂ ਦੇ ਮੁਕਾਬਲੇ ਵੀ ਹੁੰਦੇ ਹਨ। ਗਿੱਧੇ-ਭੰਗੜੇ ਪੈਂਦੇ ਹਨ ਤੇ ਨਿਹੰਗਾਂ ਦੀ ਨੇਜ਼ਾਬਾਜ਼ੀ ਨਜ਼ਾਰੇ ਬੰਨ੍ਹ ਦਿੰਦੀ ਹੈ। ਗਤਕਾ ਪਾਰਟੀਆਂ ਆਪਣੇ ਜੌਹਰ ਵਿਖਾਉਂਦੀਆਂ ਹਨ ਤੇ ਪਤੰਗਬਾਜ਼ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ। ਕਿਧਰੇ ਹਲਟ ਦੌੜਾਂ ਲੱਗਦੀਆਂ ਹਨ ਤੇ ਕਿਧਰੇ ਬੈਲ ਗੱਡੀਆਂ ਦੀਆਂ ਦੌੜਾਂ ਧੂੜਾਂ ਉਡਾਉਂਦੀਆਂ ਦਿਸਦੀਆਂ ਹਨ। ਕੁੱਤਿਆਂ ਦੀਆਂ ਦੌੜਾਂ ਦੀ ਆਪਣੀ ਰੇਲ ਬਣੀ ਹੁੰਦੀ ਹੈ। ਬਾਜ਼ੀਗਰਾਂ ਦੇ ਜਾਨ ਹੂਲਵੇਂ ਕਰਤਬ ਤਿੰਨੇ ਦਿਨ ਮੇਲੀਆਂ ਨੂੰ ਮੁਗਧ ਕਰੀ ਰੱਖਦੇ ਹਨ। ਮੀਡੀਏ ਨੇ ਪੁਰੇਵਾਲ ਮੇਲੇ ਨੂੰ ਲੱਖਾਂ ਦੇ ਇਨਾਮਾਂ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਇਨਾਮੀ ਪੇਂਡੂ ਖੇਡ ਮੇਲਾ ਕਹਿ ਕੇ ਵਡਿਆਇਆ ਹੈ। ਖੁਦ ਖਿਡਾਰੀ ਤੇ ਖੇਡ ਪ੍ਰੋਮੋਟਰ ਰਹੇ ਮਲਕੀਤ ਸਿੰਘ ਪੁਰੇਵਾਲ ਦਾ ਯੋਗਦਾਨ ਖੇਡ ਪ੍ਰੇਮੀਆਂ ਦੇ ਚੇਤਿਆਂ ਵਿਚ ਯਾਦ ਰਹੇਗਾ। ਵਾਹਿਗੁਰੂ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪੁਰੇਵਾਲ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।