ਕ੍ਰਿਤ੍ਰਿਮ ਬੁੱਧੀਮਤਾ ਦਾ ਯੁੱਗ ਅਤੇ ਬਦਲਦੀ ਕਾਵਿ-ਸੰਵੇਦਨਾ

‘ਇਬਾਰਤ ਚੁੱਪ ਕਿਉਂ ਹੈ?’ ਦੇ ਸੰਦਰਭ ਵਿਚ
ਸੁਖਪ੍ਰੀਤ ਸਿੰਘ ਸੰਧੂ
ਸੁਰਿੰਦਰ ਸੋਹਲ ਪੰਜਾਬੀ ਸਾਹਿਤ ਜਗਤ ਦਾ ਇਕ ਅਹਿਮ ਹਸਤਾਖਰ ਹੈ। ਉਸ ਦਾ ਰਚਨਾਤਮਕ ਸੰਸਾਰ ਬਹੁ-ਵਿਧਾਵੀ ਹੈ। ਕਵਿਤਾ, ਕਹਾਣੀ ਅਤੇ ਨਾਵਲ ਲਿਖਣ ਦੇ ਨਾਲ-ਨਾਲ ਹੋਰਾਂ ਭਾਸ਼ਾਵਾਂ ਤੋਂ ਸਾਹਿਤ ਅਨੁਵਾਦ ਕਰ ਕੇ ਉਸ ਨੇ ਪੰਜਾਬੀ ਸਾਹਿਤ ਨੂੰ ਵਧੇਰੇ ਪ੍ਰਫੁੱਲਤ ਕੀਤਾ ਹੈ। ਹਥਲੇ ਖੋਜ-ਪੇਪਰ ਦਾ ਸੰਬੰਧ ਉਸ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਇਬਾਰਤ ਚੁੱਪ ਕਿਉਂ ਹੈ?’ ਨਾਲ ਹੈ। ਇਹ ਖੋਜ-ਪੇਪਰ 21 ਫਰਵਰੀ 2021 ਨੂੰ ਪੰਜਾਬੀ ਸਾਹਿਤ ਸਭਾ, ਸਟਾਕਟਨ, ਕੈਲੀਫੋਰਨੀਆ (ਅਮਰੀਕਾ) ਵੱਲੋਂ ਕਰਵਾਏ ਗਏ ਵਰਚੁਅਲ ਸੈਮੀਨਾਰ ਵਿਚ ਕਾਵਿ-ਸੰਗ੍ਰਹਿ ਰਿਲੀਜ਼ ਕਰਨ ਸਮੇਂ ਪੜ੍ਹਿਆ ਗਿਆ।

‘ਇਬਾਰਤ ਚੁੱਪ ਕਿਉਂ ਹੈ?’ ਕਾਵਿ-ਸੰਗ੍ਰਹਿ ਉੱਪਰ ੀੰਭਂ ਦੀ ਗ਼ੈਰ-ਮੌਜੂਦਗੀ ਸੁਰਿੰਦਰ ਸੋਹਲ ਦੀ ਪੰਜਾਬੀ ਸਾਹਿਤ ਪ੍ਰਤੀ ਪ੍ਰਤਿਬੱਧਤਾ ਤੇ ਲਗਾਓ ਨੂੰ ਉਜਾਗਰ ਕਰਦੀ ਹੈ। ਸੁਰਿੰਦਰ ਸੋਹਲ ਦੇ ਖੁਦ ਲਿਖਣ ਅਨੁਸਾਰ ਭਾਵੇਂ ਉਸ ਦੀ ਕਾਵਿ-ਜਗਿਆਸਾ ਡਾ. ਜਗਤਾਰ ਦੀ ਰਹਿਨੁਮਾਈ ਹੇਠ ਵਿਕਸਿਤ ਹੋਈ, ਪਰ ਕਾਵਿ-ਪਾਠ ਦੇ ਅੰਤਰੀਵੀ ਅਧਿਐਨ ਤੋਂ ਜਾਹਰ ਹੈ ਕਿ ਸੁਰਿੰਦਰ ਸੋਹਲ ਦੀ ਜ਼ਿੰਦਗੀ ਦਾ ਸੰਘਰਸ਼, ਸ਼ਿੱਦਤ, ਸੰਵੇਦਨਾ, ਸਮਰਪਣ ਅਤੇ ਸੁਹਿਰਦਤਾ ਹੀ ਉਸ ਦੀ ਸਾਹਿਤ ਰਚਨਾਤਮਕਤਾ ਦੀ ਆਧਾਰਸ਼ਿਲਾ ਹੈ।
ਸੁਰਿੰਦਰ ਸੋਹਲ ਲਈ ਦੁਨੀਆਂ ਦੀ ਹਰ ਸ਼ੈਅ ਵਿਚ ਕਾਵਿਕਤਾ ਸਮੋਈ ਹੋਈ ਹੈ। ਘਰ ਤੋਂ ਕੰਮ ਤੇ ਕੰਮ ਤੋਂ ਘਰ ਵਿਚਲਾ ਪੈਂਡਾ ਹੀ ਉਸ ਦਾ ਕਾਵਿਕ-ਖੇਤਰ ਹੈ। ਇਹੀ ਵਜ੍ਹਾ ਹੈ ਕਿ ਉਸ ਨੂੰ ‘ਨਿਊ ਯਾਰਕ’ ਸ਼ਹਿਰ ਵੀ ‘ਨਿਊ ਯਾਰਕਵਿਤਾ’ ਜਾਪਦਾ ਹੈ। ਸੂਫੀਆਂ ਦੇ ਜ਼ੱਰੇ-ਜ਼ੱਰੇ ’ਚ ਰੱਬ ਵਾਂਗ ਦੁਨੀਆਂ ਦੀ ਹਰ ਵਸਤੂ ਸੋਹਲ ਲਈ ਕਵਿਤਾ ਹੈ। ਇਸ ਸੰਗ੍ਰਹਿ ਵਿਚਲੀਆਂ ਬਹੁਤੀਆਂ ਨਜ਼ਮਾਂ ਦਾ ਉਦਭਵ ਨਿਊ ਯਾਰਕ ਸ਼ਹਿਰ ਦੀਆਂ ਭੂਗੋਲਿਕ ਥਾਂਵਾਂ, ਨਦੀਆਂ, ਪਲੇਸਾਂ, ਪਾਰਕਾਂ, ਮਿਊਜ਼ੀਅਮਾਂ ਅਤੇ ਜੌਬ ਦੌਰਾਨ ਸਵਾਰੀਆਂ ਨਾਲ ਆਪਸੀ ਅੰਦਰੂਨੀ ਮਾਨਵੀ ਸਾਂਝ ਵਿਚੋਂ ਹੋਇਆ ਜਾਪਦਾ ਹੈ। ਦੁਨੀਆਂ ਦੇ ‘ਮੈੱਲਟਿੰਗ ਪੌਟ’ ਨਿਊ ਯਾਰਕ ਸ਼ਹਿਰ ਉੱਪਰ ਆਧਾਰਿਤ ਪੰਜਾਬੀ ਦਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ। ਸੁਰਿੰਦਰ ਸੋਹਲ ਕੋਲ ਐਂਥਰੋਪੋਲੋਜਿਸਟ ਵਾਂਗ ਬੰਦੇ ਦਾ ਦਿਲ ਪੜ੍ਹਨ ਅਤੇ ਸਮੇਂ ਦੀ ਰਮਜ਼ ਨੂੰ ਪਕੜਨ ਦੀ ਕਲਾ ਹੈ। ਇਸੇ ਕਾਰਨ ਉਹ ਸੰਜੀਵਾਂ-ਨਿਰਜੀਵਾਂ ਦਾ ਕਲਾਤਮਕ/ਸੁਹਜਾਤਮਕ ਚਿੱਤਰ ਬੜੇ ਸਹਿਜੇ ਉਲੀਕ ਜਾਂਦਾ ਹੈ।
‘ਇਬਾਰਤ ਚੁੱਪ ਕਿਉਂ ਹੈ?’ ਕਾਵਿ-ਸੰਗ੍ਰਹਿ ਵਿਚ ਦਰਜ 51 ਨਜ਼ਮਾਂ ਨੂੰ ਰਵਾਇਤੀ ਸਮੀਖਿਆ ਅਨੁਸਾਰ ਕਈ ਖਾਨਿਆਂ ਵਿਚ ਵਿਭਾਜਿਤ ਕੀਤਾ ਜਾ ਸਕਦਾ ਹੈ, ਪਰ ਮੈਂ ਇਸ ਕਵਿਤਾ ਦੇ ਜਿਸ ਅੰਗ ’ਤੇ ਫੋਕਸ ਕੀਤਾ ਹੈ, ਉਸ ਦਾ ਸੰਬੰਧ ਕ੍ਰਿਤ੍ਰਿਮ ਬੁੱਧੀਮਤਾ (ਆਰਟੀਫੀਸ਼ਲ ਇੰਟੈਲੀਜੈਂਸ) ਦੇ ਯੁੱਗ ਵਿਚ ਬਦਲਦੀ ਕਾਵਿ-ਸੰਵੇਦਨਾ ਨਾਲ ਹੈ।
ਇਹ ਕਾਵਿ-ਸੰਗ੍ਰਹਿ ਤਕਨਾਲੋਜੀ ਦੇ ਯੁੱਗ ਵਿਚ ਗ੍ਰਸਤ ਆਧੁਨਿਕ ਮਨੁੱਖ ਦੀਆਂ ਭਾਵਨਾਵਾਂ, ਸੰਵੇਦਨਾਵਾਂ ਅਤੇ ਇੱਛਾਵਾਂ ਦੀ ਖੂਬਸੂਰਤ ਤਰਜਮਾਨੀ ਕਰਦਾ ਹੈ। ਨਿਊ ਯਾਰਕ ਸ਼ਹਿਰ ਦੇ ਮੈਟਾਫਰ ਰਾਹੀਂ ਸੋਹਲ ਨੇ ਦੁਨੀਆਂ ਭਰ ਦੀਆਂ ਸਰਮਾਏਦਾਰ ਏਜੰਸੀਆਂ, ਵੱਡੀਆਂ ਡਾਟਾ ਆਧਾਰਿਤ ਕਾਰਪੋਰੇਟ ਕੰਪਨੀਆਂ ਦੇ ਵਧਦੇ ਪੂੰਜੀਵਾਦੀ ਮਕੜਜਾਲ ਦੀ ਪਛਾਣ ਹੀ ਨਹੀਂ ਕੀਤੀ, ਸਗੋਂ ਬੰਦੇ ਦੀ ਸਵਤੰਤਰਤਾ ਤੇ ਨਿੱਜਤਾ ਨੂੰ ਪੈਦਾ ਹੋ ਰਹੇ ਖਤਰੇ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਕ੍ਰਿਤ੍ਰਿਮ ਬੁੱਧੀਮਤਾ ਦੇ ਦੌਰ ਵਿਚ ਬੰਦੇ ਦੀ ਆਜ਼ਾਦੀ, ਨਿੱਜਤਾ ਅਤੇ ਖੁਦਮੁਖਤਾਰੀ ’ਤੇ ਸਵਾਲੀਆ ਚਿੰਨ੍ਹ ਲੱਗਣੇ ਸ਼ੁਰੂ ਹੋ ਗਏ ਹਨ। ਥਿੰਕਿੰਗ ਮਸ਼ੀਨੀਕਰਨ ਦੇ ਵਧਦੇ ਸ਼ੋਰ ਤੇ ਦਬਦਬੇ ਹੇਠ ਬੰਦੇ ਅੰਦਰ ਜੰਮ ਰਹੇ ਪਥਰਾਟ ਦੀ ਕਾਵਿਕ ਬਾਤ ਏਸ ਕਵਿਤਾ ਦਾ ਕਾਵਿ-ਪ੍ਰਵਚਨ ਹੈ।
ਮੌਜੂਦਾ ਸਮੇਂ ਦੌਰਾਨ ਅਸੀਂ ਦੁਨੀਆਂ ਦੀ ਚੌਥੀ ਕ੍ਰਾਂਤੀ (ਡਿਜੀਟਲ ਕ੍ਰਾਂਤੀ) ਦੇ ਰਫਤਾਰਮਈ ਦੌਰ ਵਿਚੋਂ ਗੁਜ਼ਰ ਰਹੇ ਹਾਂ। ਇਸ ਸਮਕਾਲੀ ਸਮੇਂ ਨੇ ਵਿਸ਼ਵ ਦੇ ਸਾਰੇ ਮਹਾਦੀਪਾਂ, ਦੇਸਾਂ ਅਤੇ ਬਾਸ਼ਿੰਦਿਆਂ ਨੂੰ ਤੁਲਨਾਵੀ ਅਨੁਪਾਤ ਵਿਚ ਪ੍ਰਭਾਵਿਤ ਕੀਤਾ ਹੈ। ਅੱਜ ਦੁਨੀਆਂ ਭਰ ਦੇ ਸਰਮਾਏਦਾਰਾਂ ਨੂੰ ਬਸਤੀਆਂ ਬਣਾਉਣ ਦੀ ਲੋੜ ਨਹੀਂ। ਅੱਜ ਸਕਰੀਨ ਦੇ ਇੱਕੋ ਟੱਚ ਨਾਲ ਵਿਭਿੰਨ ਦੇਸਾਂ ਦੀਆਂ ਆਰਥਿਕ, ਰਾਜਨੀਤਿਕ ਸਥਿਤੀਆਂ ਬਦਲ ਸਕਦੀਆਂ ਹਨ। ਇੱਕੋ ਟਵੀਟ ਨਾਲ ਕਰਿਪਟੋਕਰੰਸੀਆਂ ਵਿਚ ਉਤਾਰ-ਚੜ੍ਹਾਅ ਦੇਖੇ ਜਾ ਸਕਦੇ ਹਨ। ਇੱਕੋ ਝਟਕੇ ਨਾਲ ਦੁਨੀਆਂ ਦੇ ਮਹਾਨ ਥੰਮ ਹਿਲਾਏ ਜਾ ਸਕਦੇ ਹਨ।
ਡਿਜੀਟਲੀਕਰਨ ਦੇ ਇਸ ਸਰਗਰਮ ਯੁੱਗ ਵਿਚ ਮਨੁੱਖ ਨਵੀਆਂ ਧਰਤੀਆਂ ਖੋਜ ਰਿਹਾ ਹੈ। ਪੁਲਾੜ ਯਾਤਰਾ ਦੇ ਅਗਲੇਰੇ ਮਿਸ਼ਨ ਵੱਲ ਵਧ ਰਿਹਾ ਹੈ। ਸਾਡੇ ਸੁਹਜ ਸਵਾਦ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਇਨ੍ਹਾਂ ਬਦਲ ਰਹੇ ਸੁਹਜ ਸਵਾਦਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਬੰਦੇ ਅੰਦਰਲੀ ਬੰਦਿਆਈ, ਨੈਤਿਕਤਾ ਨੂੰ ਵਧੇਰੇ ਪ੍ਰਫੁਲਿਤ ਕਰਨਾ ਹੀ ਸਾਹਿਤ ਦਾ ਪ੍ਰਯੋਜਨ ਹੈ। ਤਕਨਾਲੋਜੀ ਯੁੱਗ ਵਿਚ ਮਨੁੱਖ ਦੀਆਂ ਬਦਲ ਰਹੀਆਂ ਸੰਵੇਦਨਾਵਾਂ, ਭਾਵਨਾਵਾਂ ਅਤੇ ਧਾਰਨਾਵਾਂ ਨੂੰ ਸੋਹਲ ਨੇ ਕਵਿਤਾ ਜ਼ਰੀਏ ਭਰਵੇਂ ਰੂਪ ਵਿਚ ਪੇਸ਼ ਕੀਤਾ ਹੈ। ਅਜਿਹੇ ਸਮੇਂ ਪੰਜਾਬੀ ਸਮੀਖਿਆ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਾਹਿਤ ਵਿਚ ਪੇਸ਼ ਹੋ ਰਹੀਆਂ ਤਬਦੀਲੀਆਂ ਦੀ ਪਛਾਣ ਕਰੇ ਅਤੇ ਇਨ੍ਹਾਂ ਨੂੰ ਸਮਝਣ/ਸਮਝਾਉਣ ਲਈ ਨਵੇਂ ਸਿਧਾਂਤਾਂ ਵੱਲ ਪ੍ਰੇਰਿਤ ਹੋਵੇ।
ਮੌਜੂਦਾ ਸਮਾਂ ਕੁਆਂਟਿਮ ਕੰਪਿਊਟਿੰਗ, ਕ੍ਰਿਤ੍ਰਿਮ ਸਤ੍ਰਕ ਰਿਬੋਟਿਕਸ, ਬਿੱਗ ਡਾਟਾ, ਨੈਨੋ ਤਕਨਾਲੋਜੀ, ਬਲੌਕ ਚੇਨ ਅਤੇ ਜਨੈਟਿਕ ਇੰਜੀਨੀਅਰਿੰਗ ਵਰਗੀਆਂ ਅਤਿ ਵਿਕਸਿਤ ਤਕਨੀਕਾਂ ਹਨ। ਜਿਸ ਕੰਪਨੀ ਕੋਲ ਦੁਨੀਆਂ ਭਰ ਦਾ ਡਾਟਾ ਹੈ, ਉਸ ਕੋਲ ਤਾਕਤ ਹੈ। ਅਜਿਹੀ ਤਾਕਤ ਨੂੰ ਰੋਬੋਟ ਦੀ ਮਦਦ ਨਾਲ ਹੈਂਡਲ ਕੀਤਾ ਜਾਂਦਾ ਹੈ। ਅਮਾਲੀਆ, ਸੋਫੀਆ ਰੋਬੋ ਵੱਡੀਆਂ ਯੂਰਪੀ ਕੰਪਨੀਆਂ ਵਿਚ ਇੱਕੋ ਸਮੇਂ ਲਗਪਗ 100 ਭਾਸ਼ਾਵਾਂ ਦੀਆਂ ਫੋਨ ਕਾਲਜ਼ ਸੰਭਾਲ ਸਕਦੀਆਂ ਹਨ। ਜਨੈਟਿਕ ਇੰਜੀਨੀਅਰਿੰਗ ਜ਼ਰੀਏ ਡਿਜ਼ਾਈਨਰ ਬੇਬੀ ਤਿਆਰ ਕੀਤੇ ਜਾ ਰਹੇ ਹਨ। ਕ੍ਰਿਤ੍ਰਿਮ ਬੁੱਧੀਮਤਾ ਯੁਕਤ ਰੋਬੋ ਕਾਰਾਂ (ਵੇਅਮੋ) ਕੈਬਾਂ ਦੀ ਜਗ੍ਹਾ ਲੈ ਰਹੀਆਂ ਹਨ। ਮਨੁੱਖ ਦੇ ਵਧੇਰੇ ਐਡਵਾਂਸ ਹੋਣ ਨਾਲ ਪ੍ਰਕਿਰਤੀ, ਵਾਤਾਵਰਣ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ। ਡਾਟਾ ਆਧਾਰਿਤ ਇਨ੍ਹਾਂ ਵੱਡੀਆਂ ਕੰਪਨੀਆਂ ਦਾ ਸਰਮਾਇਆ ਇਸ ਪਾੜੇ ਨੂੰ ਵਧੇਰੇ ਤੀਬਰ ਕਰ ਰਿਹਾ ਹੈ। ‘ਇਨਕਵੈਲਟੀ ਇੰਡੈਕਸ’ ਮੁਤਾਬਿਕ ਅੱਜ ਦੁਨੀਆਂ ਦੀ ਸੰਪਤੀ ਦੇ 44 ਫੀਸਦੀ ਹਿੱਸੇ ’ਤੇ ਸਿਰਫ ਇਕ ਫੀਸਦੀ ਲੋਕਾਂ ਦਾ ਕਬਜ਼ਾ ਹੈ। ‘ਔਕਸਫੌਮ’ ਦੀ ਰਿਪੋਰਟ ਅਨੁਸਾਰ ‘ਕੋਵਿਡ-19’ ਦੌਰਾਨ ਭਾਰਤ ਦੇ 11 ਵੱਡੇ ਅਰਬਪਤੀਆਂ ਦੀ ਆਮਦਨ ਵਿਚ ਐਨਾ ਵਾਧਾ ਹੋਇਆ ਹੈ ਕਿ ਉਹ 10 ਸਾਲ ਤੱਕ ਮਨਰੇਗਾ ਸਕੀਮ ਅਤੇ ਪੂਰੇ ਦੇਸ਼ ਭਰ ਨੂੰ ਸਿਹਤ ਸਹੂਲਤਾਂ ਦੇ ਸਕਦੇ ਹਨ। ਸਪੱਸ਼ਟ ਹੈ ਕਿ ਲੌਕਡਾਊਨ ਸਮੇਂ ਜਦ ਆਮ ਮਜ਼ਦੂਰ ਰੋਜ਼ੀ-ਰੋਟੀ ਨੂੰ ਤਰਸਦਾ ਰਿਹਾ ਹੈ, ਵੱਡੀਆਂ ਕੰਪਨੀਆਂ ਤਕਨਾਲੋਜੀ ਜ਼ਰੀਏ ਮੁਨਾਫਾ ਕਮਾ ਰਹੀਆਂ ਹਨ। ਸਾਨੂੰ ਭਰਮ ’ਚ ਨਹੀਂ ਰਹਿਣਾ ਚਾਹੀਦਾ ਕਿ ਤਕਨਾਲੋਜੀ ਸਭ ਦਾ ਵਿਕਾਸ ਕਰ ਰਹੀ ਹੈ। ਤਕਨਾਲੋਜੀ ਦੇ ਇਸ ਮਾਤਰਾਤਮਕ ਵਿਕਾਸ ਕਾਰਨ ਇਸ ਨੂੰ ਰੱਦਣਾ ਇਸ ਲੇਖ ਦਾ ਮਕਸਦ ਨਹੀਂ ਹੈ। ਬਿਨਾ ਸ਼ੱਕ ਮਨੁੱਖੀ ਜ਼ਿੰਦਗੀ ਨੂੰ ਤਕਨਾਲੋਜੀ ਨੇ ਵਧੇਰੇ ਵਿਕਸਿਤ ਕੀਤਾ ਹੈ, ਪਰ ਵਿਕਾਸ ਦੇ ਅਨੁਪਾਤ ਵਿਚ ਫਰਕ ਹੈ। ਤਕਨਾਲੋਜੀ ‘ਸਮਾਵੇਸ਼ੀ ਵਿਕਾਸ’ ਨਹੀਂ ਕਰ ਰਹੀ, ਸਗੋਂ ਆਰਥਿਕ ਵਾਧੇ ਦਾ ਵਧੇਰੇ ਪ੍ਰੋਤੋਸਾਹਨ ਕਰ ਰਹੀ ਹੈ। ‘ਸਤਤ ਵਿਕਾਸ’ ਫਿਰ ਹੀ ਸੰਭਵ ਹੈ, ਜੇ ਮਾਤਰਾਤਮਕ ਵਿਕਾਸ ਦੇ ਨਾਲ-ਨਾਲ ਗੁਣਾਤਮਕ ਵਿਕਾਸ ਵੀ ਹੋਵੇ। ਤਕਨਾਲੋਜੀ ਦੇ ਦੌਰ ਵਿਚ ਗੁਣਾਤਮਕ ਵਿਕਾਸ ਪੱਛੜਦਾ ਜਾ ਰਿਹਾ ਹੈ। ਮਨੁੱਖੀ ਸੰਵੇਦਨਾਵਾਂ, ਭਾਵਨਾਵਾਂ, ਨੈਤਿਕਤਾ ਇਸ ਦੌਰ ਵਿਚ ਦੱਬੀਆਂ ਜਾ ਰਹੀਆਂ ਹਨ, ਜਿਹੜੀਆਂ ‘ਗਲੋਬਲ ਹੈਪੀਨੈੱਸ ਇੰਡੈਕਸ’ ਵਰਗੇ ਸੂਚਕ ਅੰਕ ਕੱਢਣ ਦਾ ਕਾਰਨ ਬਣਦੀਆਂ ਹਨ। ਕਵੀ ਦੀ ਚਿੰਤਾ ਦਾ ਪ੍ਰਮੁੱਖ ਸਰੋਕਾਰ ਹੀ ਮਾਤਰਾਤਮਕ ਵਾਧੇ ਅਤੇ ਗੁਣਾਤਮਕ ਵਿਕਾਸ ਨਾਲ ਹੈ।
ਕ੍ਰਿਤ੍ਰਿਮ ਬੁੱਧੀਮਤਾ (ਆਰਟੀਫੀਸ਼ਲ ਇੰਟੈਲੀਜੈਂਸ) ਦੇ ਦੌਰ ਨੇ ਮਨੁੱਖ ਅੰਦਰ ਅਜੀਬ ਤਰ੍ਹਾਂ ਦੀ ਕਾਹਲ ਪੈਦਾ ਕਰ ਦਿੱਤੀ ਹੈ। ਮਨੁੱਖ ਪ੍ਰਕਾਸ਼ ਦੀ ਸਪੀਡ ਨਾਲ ਸਫਰ ਕਰਨਾ ਲੋਚਦਾ ਹੈ। ਇਹੀ ਕਾਹਲ ਮਨੁੱਖ ਨੂੰ ਮਨੁੱਖ ਤੋਂ ਦੂਰ ਹੀ ਨਹੀਂ, ਸਗੋਂ ਆਪਣੇ-ਆਪ ਤੋਂ ਵੀ ਦੂਰ ਕਰ ਰਹੀ ਹੈ। ਪਰ ਕੀ ਇਹ ਥਿਕਿੰਗ ਮਸ਼ੀਨਾਂ ਬੰਦੇ ਦਾ ਤੋੜ ਹੋ ਸਕਦੀਆਂ ਹਨ? ਅਜਿਹੀਆਂ ਸਥਿਤੀਆਂ ਨੂੰ ਮੁਖਾਤਿਬ ਹੁੰਦਾ ਕਵੀ ਲਿਖਦਾ ਲਿਖਦਾ ਹੈ:
ਮਸ਼ੀਨ ਦੀਆਂ ਟਿਚ-ਬਟਨ ਅੱਖਾਂ ’ਚ
ਉਂਗਲੀਆਂ ਮਾਰਨ ਦੀ ਥਾਂ
ਜਿਊਂਦੀਆਂ ਅੱਖਾਂ ’ਚ ਅੱਖਾਂ ਪਾ
ਗੱਲਾਂ ਕਰਨ ਦਾ ਚਾਅ
ਅਜੇ ਮਰਿਆ ਨਹੀਂ। (ਪੰਨਾ 25)
ਡਿਜੀਟਲੀਕਰਨ ਦੇ ਅਜੋਕੇ ਦੌਰ ਵਿਚ ਮਨੁੱਖ ਆਜ਼ਾਦ ਹੋ ਕੇ ਵੀ ਸੰਪੂਰਨ ਆਜ਼ਾਦ ਨਹੀਂ ਹੈ। ਮੋਬਾਇਲ ਫੋਨ, ਨੈਵੀਗੇਸ਼ਨਾਂ, ਕੈਮਰਿਆਂ, ਸਕਰੀਨਾਂ, ਵ੍ਹੱਟਸਐਪ, ਇੰਸਟਾ ਵਰਗੇ ਵੱਡੇ ਪਲੇਟਫਾਰਮ ਦਿਨੋਂ-ਦਿਨ ਸਾਡੀ ਨਿੱਜਤਾ ’ਤੇ ਪ੍ਰਸ਼ਨ-ਚਿੰਨ੍ਹ ਲਾ ਰਹੇ ਹਨ। ਬੰਦੇ ਦੀਆਂ ਰੋਜ਼ ਮੱਰਾ ਐਕਟੀਵਿਟੀਆਂ ਨੂੰ ਡਾਟਾ ਦੇ ਰੂਪ ਵਿਚ ਇਕੱਤਰ ਕੀਤਾ ਜਾ ਰਿਹਾ ਹੈ। ਉਸ ਦੀਆਂ ਭਾਵਨਾਵਾਂ, ਖੁਸ਼ੀਆਂ, ਗਮੀਆਂ, ਸੰਵੇਦਨਾਵਾਂ ਆਦਿ ਨੂੰ ਬਾਜ਼ਾਰ ਦੀ ਵਸਤ ਵਜੋਂ ਵੇਖਿਆ ਜਾ ਰਿਹਾ ਹੈ। ਇਸ ਨਵੀਂ ਗੁਲਾਮੀ ਵੱਲ ਇਸ਼ਾਰਾ ਕਰਦਾ ਕਵੀ ਲਿਖਦਾ ਹੈ:
ਆਜ਼ਾਦੀ ਦੀ ਦੇਵੀ ਨੂੰ
ਦੇਖਣ ਜਾਣ ਲਈ
ਰਾਹ ’ਚ ਪੈਂਦਾ ਹੈ
ਸਿਕਿਉਰਿਟੀ ਕੈਮਰਿਆਂ ਦਾ ਪੁਲਸਰਾਤ
ਆਜ਼ਾਦੀ ਵੀ ਆਜ਼ਾਦ ਨਹੀਂ ਹੈ…। (ਪੰਨਾ 80)
ਕ੍ਰਿਤ੍ਰਿਮ ਬੁੱਧੀਮਤਾ ਦੀ ਜੁਗਤ ਰਾਹੀਂ ਆਪਣੇ ਟਿਕਾਣਿਆਂ ’ਤੇ ਬੈਠੇ ਮਨੁੱਖਾਂ ਨੂੰ ਅਦ੍ਰਿਸ਼ ਨਿਰਦੇਸ਼ ਦਿੱਤੇ ਜਾ ਰਹੇ ਹਨ ਅਤੇ ਉਸ ਨੂੰ ਸ਼ਤਰੰਜ ਦੇ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ, ਪਰ ਨਿਰਦੇਸ਼ਕ ਅਦ੍ਰਿਸ਼ ਰਹਿੰਦਾ ਹੈ। ਇਸ ਜੁਗਤ ਨੂੰ ਪਛਾਣਦਿਆਂ ਸ਼ਾਇਰ ਲਿਖਦਾ ਹੈ:
ਇਸ਼ਾਰੇ ਕਰਦਾ
ਨਿਰਦੇਸ਼ਕ ਦਿਸਦਾ ਨਹੀਂ
ਆਰਕੈਸਟਰਾ ਦੀ ਆਵਾਜ਼
ਸੁਣਦੀ ਨਹੀਂ
ਫਿਰ ਵੀ
‘ਮਾਟੀ ਕੋ ਪੁਤਰਾ ਕੈਸੇ ਨਚਤੁ ਹੈ
ਡੌਲਫਿਨ ਵਾਂਙ…। (ਪੰਨਾ 63)
ਤਕਨੀਕ ਦੇ ਇਸ ਯੁੱਗ ਵਿਚ ਕ੍ਰਿਤ੍ਰਿਮ ਬੁੱਧੀਮਤਾ ਅਦ੍ਰਿਸ਼ ਹੱਥਾਂ ਦਾ ਕਾਰਜ ਕਰਦੀ ਹੈ। ਸਰਚ ਇੰਜਣਾਂ ’ਤੇ ਟਾਈਪ ਕਰਨ ਦੌਰਾਨ ਸ਼ਬਦਾਂ ਦਾ ਪਹਿਲੋਂ ਹੀ ਹਾਜ਼ਰ ਹੋਣਾ, ਵੀਡੀਓ ਕਲਿੱਪ ਦੇਖਣ ਸਮੇਂ ਚਾਹਤ ਅਨੁਸਾਰ ਮਿਲਦੀਆਂ-ਜੁਲਦੀਆਂ ਕਲਿੱਪਾਂ ਦਾ ਸਾਹਮਣੇ ਆਉਣਾ, ਵਸਤਾਂ ਦਾ ਜ਼ੁਬਾਨ ’ਤੇ ਆਉਣ ਤੋਂ ਪਹਿਲਾਂ ‘ਮਸ਼ਹੂਰੀਆਂ’ ਜ਼ਰੀਏ ਸਕਰੀਨ ’ਤੇ ਹਾਜ਼ਰ ਹੋਣਾ, ਸਭ ਕ੍ਰਿਤ੍ਰਿਮ ਬੁੱਧੀਮਤਾ ਦੀ ਖੇਡ ਹੈ।
ਕ੍ਰਿਤ੍ਰਿਮ ਬੁੱਧੀਮਤਾ ਦੇ ਇਸ ਨਵੇਂ ਯੁੱਗ ਵਿਚ ਪੜ੍ਹਿਆ-ਲਿਖਿਆ ਚੇਤੰਨ ਵਰਗ ਵੀ ਵਧੇਰੇ ਪ੍ਰਭਾਵਿਤ ਹੈ। ਵੱਡੀਆਂ ਕੰਪਨੀਆਂ ਵੱਲੋਂ ਜੋ ਮਨੁੱਖ ਨੂੰ ਜੀਣ ਦੇ ਵਿਕਲਪ ਦਿੱਤੇ ਜਾ ਰਹੇ ਹਨ, ਬੰਦਾ ਉਨ੍ਹਾਂ ਉੱਪਰ ਨਿਰਭਰ ਹੋ ਕੇ ਸੀਮਤ ਜ਼ਿੰਦਗੀ ਜਿਊਂਦਾ ਹੈ ਅਤੇ ਇਸ ਸੀਮਤ ਜਿਹੀ ਜ਼ਿੰਦਗੀ ਨੂੰ ਅਸੀਮਤ ਸਮਝਣ ਦਾ ਭਰਮ ਪਾਲ ਰਿਹਾ ਹੈ। ਇਸ ਪ੍ਰਸੰਗ ਬਾਬਤ ਕਵੀ ਲਿਖਦਾ ਹੈ:
ਸੀਮਤ ਪਾਣੀ ਨੂੰ
ਅਥਾਹ ਸਮੁੰਦਰ ਸਮਝ
ਮਸਤ ਤੈਰ ਰਹੀਆਂ ਨੇ ਮੱਛੀਆਂ
ਸੀਮਤ ਜੀਵਨ ਨੂੰ
ਅਸੀਮ ਸਮਝ
ਮਸਤ ਹੋਏ ਲੋਕ
ਦੇਖ ਰਹੇ ਨੇ ਮੱਛੀਆਂ…। (ਪੰਨਾ 62)
ਇੰਜ ਸੀਮਤ ਜਿਹੀ ਜ਼ਿੰਦਗੀ ਜਿਊਂਦਾ ਮਨੁੱਖ ਦਿਨੋਂ-ਦਿਨ ਆਪਣੇ ਅੰਤਰੀਵੀ ਮਨ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜ਼ਿੰਦਗੀ ਦੇ ਕਠੋਰ ਯਥਾਰਥ ਨੂੰ ਭੁੱਲ ਫੋਨ ਦੀ ਕਾਲਪਨਿਕ, ਖਿਆਲੀ ਦੁਨੀਆਂ ਵਿਚ ਖੋਇਆ ਬੰਦਾ ਨਵੇਂ ਮਾਨਸਿਕ ਤਣਾਅ ਹੰਢਾਉਂਦਾ ਹੈ। ਇੰਟਰਨੈੱਟ ਦੀ 5ਜੀ ਸਪੀਡ ਵਾਂਗ ਹਮੇਸ਼ਾ ਕਾਹਲ ਦੀ ਪ੍ਰਵਿਰਤੀ ਬਣੀ ਰਹਿੰਦੀ ਹੈ। ਘਰਾਂ, ਦਫਤਰਾਂ, ਰੇਲਵੇ ਸਟੇਸ਼ਨਾਂ, ਸ਼ਾਪਿੰਗ ਮੌਲਾਂ, ਖੇਡ-ਸਟੇਡੀਅਮਾਂ ਆਦਿ ਸਥਾਨਾਂ ’ਤੇ ਫੋਨ ਵਿਚ ਡੁੱਬਿਆ ਮਨੁੱਖ ਖੁਦ ਮਸ਼ੀਨ ਬਣਿਆ ਸਹਿਜੇ ਹੀ ਦੇਖਿਆ ਜਾ ਸਕਦਾ ਹੈ:
ਰੂਜ਼ਵੈੱਲਟ ਟਰਾਮ ’ਚ
ਹਰ ਮੁਸਾਫਰ ਡੁੱਬਿਆ ਪਿਆ ਹੈ
ਹਥੇਲੀ ਭਰ ਫੋਨ ਦੇ
ਸਕਰੀਨ-ਸਾਗਰ ਵਿਚ
ਇਕ ਦੂਜੇ ਦੀਆਂ
ਅੱਖਾਂ ’ਚ ਅੱਖਾਂ ਪਾ ਦੇਖਣ ਲਈ ਬਣੀ
ਮੋਹ-ਤੱਕਣੀ ਪੰਗਡੰਡੀ
ਕਦੋਂ ਦੀ ਮਿਟ ਗਈ ਹੈ। (ਪੰਨਾ 40)
ਥਿੰਕਿੰਗ ਮਸ਼ੀਨੀਕਰਨ ’ਚ ਗ੍ਰਸਤ ਬੰਦਾ ਇੱਛਾ ਅਨੁਸਾਰ ਵੀ ਇਸ ਨੂੰ ਛੱਡ ਨਹੀਂ ਸਕਦਾ। ਮੋਬਾਇਲ, ਇੰਟਰਨੈੱਟ, ਮੀਡੀਆ, ਟੂਲਕਿੱਟਾਂ ਸਾਡੀ ਆਮ ਜ਼ਿੰਦਗੀ ਦੇ ਅੰਗ ਬਣ ਚੁੱਕੇ ਹਨ। ‘ਟੈਕਸੀ ’ਚ ਮਿਲੇ ਲੋਕ’ ਨਜ਼ਮ ਵਿਚ ਅਜਿਹੇ ਵਿਅਕਤੀ ਸਭ ਛੱਡ-ਛਡਾਅ ‘ਅਲਾਸਕਾ’ ਭੱਜਣਾ ਤਾਂ ਲੋਚਦੇ ਹਨ, ਪਰ ਸੀਮਤ ਸਮਾਂ ਅਵਧੀ ਲਈ:
ਅਲਾਸਕਾ ਜਾ ਰਿਹਾ ਹਾਂ
ਤਿੰਨ ਹਫਤਿਆਂ ਵਾਸਤੇ
ਓਥੇ ਨਿੱਕੀ ਜਿਹੀ ਝੌਂਪੜੀ ਹੋਵੇਗੀ
ਚੁਫੇਰੇ ਸਿਰਫ ਬਰਫ
ਅਨੰਤ ਖਾਮੋਸ਼ੀ ਤੇ ਮੈਂ…।

ਤਿੰਨ ਹਫਤਿਆਂ ਵਾਸਤੇ
ਫੋਨ, ਕੰਪਿਊਟਰ, ਇੰਟਰਨੈੱਟ ਸੌਂ ਜਾਣਗੇ
ਮੈਂ ਖਿਆਲਾਂ ਨਾਲ ਸੌਵਾਂਗਾ
ਸੁਪਨਿਆਂ ਨਾਲ ਜਾਗਾਂਗਾ
ਕਲਪਨਾ ਨਾਲ ਖੇਡਾਂਗਾ। (ਪੰਨਾ 31-32)
ਇਹ ਤ੍ਰਾਸਦੀ ਦੁਨੀਆਂ ਭਰ ਦੇ ਉਨ੍ਹਾਂ ਮਨੁੱਖਾਂ ਦੀ ਹੈ, ਜੋ ਦਿਨੋਂ-ਦਿਨ ਮਾਇਆ ਜਾਲ ’ਚ ਧੱਸਦੇ ਜਾ ਰਹੇ ਹਨ ਤੇ ਨਵੀਂ ਉਤਪੰਨ ਹੋ ਰਹੀ ਮਾਨਸਿਕ ਖੜੋਤ ਦਾ ਸ਼ਿਕਾਰ ਹੋ ਰਹੇ ਹਨ। ਮਨੁੱਖ ਦਾ ਮਨੁੱਖਤਾ ਤੋਂ ਲਾਂਭੇ ਹੋ ਮਸ਼ੀਨੀਕਰਨ ’ਤੇ ਨਿਰਭਰ ਹੋਣਾ ਇਸ ਕਵਿਤਾ ਦੇ ਫਿਕਰ ਦਾ ਕਾਵਿ-ਪ੍ਰਵਚਨ ਹੈ। ਸੁਰਿੰਦਰ ਸੋਹਲ ਦੀ ਕਵਿਤਾ ਦਾ ਕੇਂਦਰੀ ਧੁਰਾ ਤਕਨਾਲੋਜੀ ਯੁੱਗ ਦਾ ਗ੍ਰੱਸਿਆ ਆਧੁਨਿਕ ਮਨੁੱਖ ਹੈ, ਜਿਸ ਨੂੰ ਹਰ ਸਮੇਂ ਕਵੀ ਆਪਣੇ ਸੰਵੇਦਨਸ਼ੀਲ ਮਨ ਨਾਲ ਪਹਿਚਾਣਦਾ ਰਹਿੰਦਾ ਹੈ। ‘ਟੈਕਸੀ ’ਚ ਮਿਲੇ ਲੋਕ’ ਕਵਿਤਾਵਾਂ ਵਿਚ ਲੇਖਕ ਪ੍ਰਸਥਿਤੀਆਂ ਅਨੁਸਾਰ ਬਦਲ ਰਹੀ ਮਾਨਵੀ ਸੰਵੇਦਨਾ, ਇੱਛਾ ਸ਼ਕਤੀ, ਟੇਸਟ ਨੂੰ ਪਕੜਨ ਦਾ ਸਫਲ ਪਰੀਖਣ ਕਰਦਾ ਹੈ। ਘਰ ਦੀ ਇਕੱਲ ਤੋਂ ਉਕਾਈ ਸਵਾਰੀ ਜਿੱਥੇ ਭੀੜ ਵਿਚ ਖੋ ਜਾਣਾ ਲੋਚਦੀ ਹੈ, ਓਥੇ ਭੀੜ ਤੇ ਭੱਜ-ਦੌੜ ਦੀ ਜ਼ਿੰਦਗੀ ਤੋਂ ਤੰਗ ਆਈ ਸਵਾਰੀ ਇਕਾਂਤ ’ਚ ਜਾਣਾ ਲੋਚਦੀ ਹੈ। ਇਸ ਜ਼ਮਾਨੇ ਦੇ ਡੰਗੇ ਦੋਵੇਂ ਹੀ ਆਪਣੀ ਕਿਸਮ ਦੇ ਮਰੀਜ਼ ਹਨ। ਮਾਨਸਿਕ ਰੋਗੀਆਂ ਦੇ ਅੰਦਰ ਹੀ ਅੰਦਰ ਪਥਰਾਟ ਜੰਮ ਰਿਹਾ ਹੈ। ਇਸੇ ਪਥਰਾਟ ਦੀ ਇਬਾਰਤ ਨੂੰ ਲਿਖਣਾ ਸੋਹਲ ਬਾਖੂਬੀ ਜਾਣਦਾ ਹੈ:
ਮਰ ਰਿਹਾ ਹੈ ਬੰਦਾ
ਦਫਨ ਹੋ
ਮਨ-ਧਰਤੀ ’ਚ
ਬਣ ਰਿਹਾ ਹੈ ਪਥਰਾਟ
ਅੰਦਰੇ-ਅੰਦਰ
ਕਦੋਂ, ਕਿੱਥੇ ਬਣੇਗਾ?
ਕੌਣ ਬਣਾਏਗਾ?
ਇਸ ਪਥਰਾਟ ਨੂੰ
ਸਾਂਭਣ ਵਾਲਾ ਮਿਊਜ਼ੀਅਮ…? (ਪੰਨਾ 68)
ਸੁਰਿੰਦਰ ਸੋਹਲ ਮਨੁੱਖ ਅੰਦਰਲੇ ਪਥਰਾਟ ਨੂੰ ਮਹਿਸੂਸ ਕਰਨ ਦਾ ਹੁਨਰ ਰੱਖਦਾ ਹੈ। ਕਵਿਤਾ ਆਪਣੇ ਆਪ ਵਿਚ ਹੀ ਮਹਿਸੂਸ ਕਰਨ ਦੀ ਕਲਾ ਹੈ। ਕਵੀ ਕਿਸੇ ਘਟਨਾਕ੍ਰਮ ਨੂੰ ਹਜ਼ਾਰਾਂ ਸਾਲਾਂ ਬਾਅਦ ਵੀ ਮਹਿਸੂਸ ਕਰ ਸਕਣ ਦੀ ਕਾਬਲੀਅਤ ਰੱਖਦਾ ਹੈ। ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਪਾਸ਼ ਇਸ ਦੀ ਸਰਵੋਤਮ ਮਿਸਾਲ ਹੈ। ‘ਕੰਡੇ ਦਾ ਜ਼ਖਮ’ ਕਵਿਤਾ ਵਿਚ ਪਾਸ਼ ਸੜਕ ਹੇਠ ਦੱਬੇ ਰਾਹ ’ਤੇ ਛਪੀ ਪੈੜ ਵਿਚਲੇ ਕੰਡੇ ਦੇ ਜ਼ਖਮ ਨੂੰ ਮਹਿਸੂਸ ਕਰਨ ਦੀ ਸ਼ਕਤੀ ਰੱਖਦਾ ਸੀ। ਇਹੋ ਜਿਹੀ ਮਹਿਸੂਸਣ ਸ਼ਕਤੀ ਦਾ ਅਹਿਸਾਸ ਸੁਰਿੰਦਰ ਸੋਹਲ ਦੀ ਕਵਿਤਾ ਪੜ੍ਹਦਿਆਂ ਹੋਇਆ:
ਜੈਕਟਾਂ ਨਾਲ ਅਜੇ ਵੀ
ਚਿੰਬੜਿਆ ਹੋਇਆ ਨਿੱਘ।
ਅਤੇ
ਕਮੀਜ਼ਾਂ ’ਚ ਜਿਸਮਾਂ ਦੀ ਮਹਿਕ
ਘਸਮੈਲੀਆਂ ਪੈਂਟਾਂ ’ਚ
ਥੱਕੀਆਂ ਲੱਤਾਂ ਦਾ ਦਰਦ
ਟੱਸ-ਟੱਸ ਕਰਦਾ ਹੈ। (ਪੰਨਾ 72-73)
ਸੁਰਿੰਦਰ ਸੋਹਲ ਦਾ ਕਵਿਤਾ ਕਹਿਣ ਦਾ ਲਹਿਜਾ ਬੜਾ ਜੋਸ਼ੀਲਾ ਤੇ ਦਿਲ ਖਿੱਚਵਾਂ ਹੈ। ਛੋਟੇ-ਛੋਟੇ ਸਾਧਾਰਨ ਵਾਕਾਂ ਰਾਹੀਂ ਵਧੇਰੇ ਰਮਜ਼ਮਈ, ਵਿਅੰਗ ਭਰਪੂਰ ਅਤੇ ਕਟਾਖਸ਼ ਅਰਥਾਂ ਦਾ ਸੰਚਾਰ ਸਿਰਜਿਆ ਗਿਆ ਹੈ। ਕਵਿਤਾ ਦੀ ਭਾਸ਼ਾ ਸਰਲ ਹੈ। ਸਰਲ ਤੋਂ ਭਾਵ ਸਪੱਸ਼ਟ ਤੋਂ ਹੈ, ਨਾ ਕਿ ਸੌਖੀ। ਕਵਿਤਾ ਦੇ ਵਿਅੰਜਨਾਮਈ ਅਰਥਾਂ ਤਕ ਰਸਾਈ ਲਈ ਪਾਠਕ ਨੂੰ ਆਪਣੀ ਸਮਝ ਦਾ ਘੇਰਾ ਵਿਸ਼ਾਲ ਕਰਨਾ ਲੋੜੀਂਦਾ ਹੈ। ਵਧੇਰੇ ਕਵਿਤਾਵਾਂ ਭਾਵੇਂ ਨਿਊ ਯਾਰਕ ਸ਼ਹਿਰ ਦੀਆਂ ਥਾਂਵਾਂ, ਪਲੇਸਾਂ, ਨਦੀਆਂ, ਝੀਲਾਂ, ਮਿਊਜ਼ੀਅਮਾਂ ਨਾਲ ਸੰਬੰਧਿਤ ਹਨ, ਪਰ ਅਰਥ ਪਰਾਹਣ ਜੁਗਤ ਜ਼ਰੀਏ ਇਹ ਕਵਿਤਾਵਾਂ ਬਹੁ-ਪਾਸਾਰੀ ਬਣ ਜਾਂਦੀਆਂ ਹਨ। ਨਿਊ ਯਾਰਕ ਦੇ ਮੈਟਾਫਰ ਰਾਹੀਂ ਦੁਨੀਆਂ ਭਰ ਦੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ’ਤੇ ਤਨਜ਼ ਕੱਸਿਆ ਗਿਆ ਹੈ।
ਕਵਿਤਾ ਵਿਚਲੇ ਵਧੇਰੇ ਪਾਤਰ ਵਿਦੇਸ਼ੀ ਹੋਣ ਕਾਰਨ ਉਨ੍ਹਾਂ ਦੀ ਭਾਸ਼ਾ ਦਾ ਮਸਲਾ ਵੀ ਅਹਿਮ ਹੋ ਨਿਬੜਦਾ ਹੈ। ਪਾਠਕ ਦੀ ਭਾਸ਼ਾ ਤੋਂ ਸੁਚੇਤ ਸੋਹਲ ਪਾਤਰਾਂ ਦੀ ਭਾਸ਼ਾ ਬਾਬਤ ਵਧੇਰੇ ਚੇਤੰਨ ਹੈ। ਅੰਗਰੇਜ਼ੀ ਜ਼ਬਾਨ ਨੂੰ ਗੁਰਮੁਖੀ ’ਚ ਲਿਪੀਬੱਧ ਕਰ ਕਾਵਿ-ਭਾਸ਼ਾ ਵਿਚ ਵਧੇਰੇ ਸਹਿਜਤਾ ਦਾ ਅਹਿਸਾਸ ਹੁੰਦਾ ਹੈ। ਸੋਹਲ ਪੰਜਾਬੀ ਭਾਸ਼ਾ ਦੇ ਸਹੀ ਸ਼ਬਦ-ਜੋੜਾਂ ਪ੍ਰਤੀ ਬੇਹੱਦ ਚੇਤੰਨ ਹੈ। ‘ਞ’, ‘ਙ’ ਲਿਪਾਕਾਂ ਨੂੰ ਢੁਕਵੇਂ ਥਾਂ ਵਰਤਿਆ ਗਿਆ ਹੈ। ਖਾਸ ਕਰ ਪੈਰ ਬਿੰਦੀ ਵਾਲੇ ਲਿਪਾਕਾਂ ਦੀ ਅਹਿਮੀਅਤ ਨੂੰ ਅਧਿਕ ਤਵੱਜੋ ਦਿੱਤੀ ਹੈ। ‘ਸ਼’, ‘ਖ਼’, ‘ਗ਼’, ’ਜ਼’, ‘ਫ਼’, ‘ਲ਼’ ਲਿਪਾਕ ਦੀ ਵਰਤੋਂ ਦਰੁਸਤ ਹੈ।
ਇਸ ਸੰਗ੍ਰਹਿ ਵਿਚ ਦਰਜ ਮਨੋਭਾਵਾਂ ਨੂੰ ਕਵੀ ਨੇ ਖੁੱਲ੍ਹੀ ਕਵਿਤਾ ਦੇ ਰੂਪ ਵਿਚ ਪੇਸ਼ ਕੀਤਾ ਹੈ। ਕਵਿਤਾ ਵਿਚਲੀ ਲੈ ਤੇ ਰਵਾਨੀ ਕਾਵਿ-ਸੁਹਜ ਪੈਦਾ ਕਰਦੀ ਹੈ ਅਤੇ ਇਸ ਵਿਚਲੇ ਬਿਰਤਾਂਤਕ ਅਤੇ ਨਾਟਕੀ ਅੰਸ਼ ਕਵਿਤਾ ਨੂੰ ਵਧੇਰੇ ਪ੍ਰਭਾਵੀ ਬਣਾਉਂਦੇ ਹਨ। ਸ਼ਬਦਾਂ ਦੇ ਦੁਹਰਾਓ, ਦਬਾਓ, ਗੈਰ-ਨਿਰੰਤਰੀ ਤੁਕਾਂਤ ਅਤੇ ਸ਼ਬਦਾਂ ਨੂੰ ਸਮਰੂਪ ਜਾਂ ਸਮਧੁਨੀ ਵਿਚ ਢਾਲ ਕੇ ਕਵਿਤਾ ਦੇ ਰਿਦਮ ਨੂੰ ਪ੍ਰਚੰਡ ਕੀਤਾ ਗਿਆ ਹੈ। ਕਾਵਿਕ ਪਾਠ ਦਾ ਅੰਤਰੀਵੀ ਅਧਿਐਨ ਕਰਦਿਆਂ ਕਵੀ ਦੀ ਪਰਪੱਕਤਾ ਦਾ ਅਹਿਸਾਸ ਹੁੰਦਾ ਹੈ। ਇਹੀ ਪਰਪੱਕਤਾ ਸੁਰਿੰਦਰ ਸੋਹਲ ਨੂੰ ਪੰਜਾਬੀ ਕਾਵਿ-ਸੰਸਾਰ ਵਿਚ ਸਥਾਪਿਤ ਕਵੀ ਹੋਣ ਦਾ ਮਾਣ ਬਖਸ਼ਦੀ ਹੈ।