ਲਾਕ ਡਾਊਨ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ ਕਿ ਕਵਿਤਾ ਨੂੰ ਪੜ੍ਹਨ ਤੇ ਸਮਝਣ ਲਈ ਦਿੱਬ ਦ੍ਰਿਸ਼ਟੀ ਦੀ ਲੋੜ। ਕਵਿਤਾ ਨਾਲ ਕਵਿਤਾ ਕਵਿਤਾ ਹੋਣਾ ਹੀ ਮਨੁੱਖੀ ਯਾਤਰਾ ਦਾ ਸਭ ਤੋਂ ਅਹਿਮ ਸੁਭਾਅ ਤੇ ਸਰੋਕਾਰ।…ਕਵਿਤਾਵਾਂ ਤਾਂ ਬਹੁਤ ਹੁੰਦੀਆਂ, ਪਰ ਸਭ ਤੋਂ ਮੁਕੱਦਸ ਕਵਿਤਾ ਹੈ, ਅੰਦਰ ਵਿਚ ਉਗਦੀ ਕਵਿਤਾ।

ਅਵਾਜ਼ਾਰ, ਅਚਨਚੇਤੀ ਅਤੇ ਅਫਲਾਤੂਨੀ ਕਵਿਤਾ ਵਿਚੋਂ ਆਪਣੇ ਆਪ ਨੂੰ ਪੜ੍ਹਨਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਰੋਨਾ ਕਾਲ ਦੌਰਾਨ ਲੱਗੇ ਲਾਕ ਡਾਊਨ ਦੇ ਸੰਤਾਪ ਦੀ ਗੱਲ ਛੇੜਦਿਆਂ ਸੁਜੱਗ ਸੁਨੇਹਾ ਲਾਇਆ ਹੈ ਕਿ ਲਾਕ ਡਾਊਨ ਨਾਲ ਜੀਵਨ ਖਤਮ ਨਹੀਂ ਹੁੰਦਾ ਅਤੇ ਨਾ ਹੀ ਜਿ਼ੰਦਗੀ ਵਿਚ ਅਜਿਹੀ ਖੜੋਤ ਪੈਣੀ, ਜਿਸ ਨੇ ਇਸ ਨੂੰ ਅਪੰਗ ਬਣਾਉਣਾ। ਇਹ ਤਾਂ ਵਕਤੀ ਦੌਰ ਹੁੰਦੈ, ਜਲਦੀ ਬੀਤ ਜਾਂਦਾ।…ਕਦੇ ਵੀ ਉਨ੍ਹਾਂ ‘ਤੇ ਲਾਕ ਡਾਊਨ ਨਾ ਲਾਓ, ਜੋ ਜਿ਼ੰਦਗੀ ਨੂੰ ਸੁੰਦਰਤਾ, ਸਦੀਵਤਾ, ਸੁਖਨ, ਸਕੂਨ, ਸਾਦਗੀ, ਸਿਰੜ, ਸਿਦਕ, ਸਫਲਤਾ ਅਤੇ ਸਮਰਪਿਤਾ ਬਖਸ਼ਦੇ ਨੇ। ਉਹ ਕਹਿੰਦੇ ਹਨ, “ਲਾਕ ਡਾਊਨ ਸੋਚ ਵਿਚ ਨਾ ਹੋਵੇ ਤਾਂ ਸੋਚ ਦੇ ਦਾਇਰੇ ਸਦਾ ਵਿਸ਼ਾਲ ਹੁੰਦੇ। ਇਸ ‘ਚੋਂ ਉਗਮਦੇ ਨੇ ਨਿੱਤ ਨਵੇਂ ਸੂਰਜ। ਇਨ੍ਹਾਂ ਦੀ ਰੌਸ਼ਨੀ ਵਿਚ ਜੀਵਨ-ਰਾਹਾਂ ਨੂੰ ਨਵੇਂ ਦਿੱਸਹੱਦਿਆਂ ਅਤੇ ਮੰਜਿਲ਼ਾਂ ਦਾ ਸਿਰਨਾਵਾਂ ਮਿਲਦਾ।…ਜੀਵਨ-ਜਾਚ `ਤੇ ਕਦੇ ਵੀ ਲਾਕ ਡਾਊਨ ਨਾ ਲਾਓ, ਸਗੋਂ ਇਸ ਦੀ ਪ੍ਰਦਰਸ਼ਤਾ ਅਤੇ ਪਾਰਦਸ਼ਰਤ ਦੀ ਖੈਰੀਅਤ ਮੰਗੋ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਹਰ ਪਾਸੇ ਲਾਕ ਡਾਊਨ ਦਾ ਰੌਲਾ ਪਿਆ ਤਾਂ ਇਉਂ ਲੱਗਾ ਜੀਕੂੰ ਜਿ਼ੰਦਗੀ ਵਿਚ ਭੁਚਾਲ ਆ ਗਿਆ ਹੋਵੇ। ਅਚਨਚੇਤੀ ਠਹਿਰਾਓ ਤੋਂ ਤ੍ਰਬਕਿਆ ਬੰਦਾ, ਲਾਕ ਡਾਊਨ ਜਾਂ ਕਰਫਿਊ ਨੂੰ ਹਊਆ ਬਣਾ, ਸਾਹਾਂ ਨੂੰ ਸੁਲੀ `ਤੇ ਟੰਗਣ ਦੇ ਆਹਰ ਵਿਚ ਜੀਵਨ ਤੋਰ ਨੂੰ ਲੜਖੜਾ ਰਿਹਾ। ਜੀਵਨ ਦੇ ਉਜਿਆਰਿਆਂ ਨੂੰ ਵੀ ਧੁੰਦਲਾਉਣ ਵੰਨੀਂ ਰੁਚਿੱਤ।
ਬੰਦਾ ਜਦ ਆਪਣੇ ਆਪ ਤੋਂ ਬਹੁਤ ਦੂਰ ਚਲੇ ਜਾਂਦਾ ਤਾਂ ਉਸ ਲਈ ਅਜਿਹੀ ਸਥਿਤੀ ਨੂੰ ਦੇਖਣਾ, ਸਮਝਣਾ, ਸੰਭਲਣਾ ਅਤੇ ਇਸ ‘ਚੋਂ ਕੁਝ ਉਸਾਰੂ ਜਾਂ ਸਚਿਆਰਾ ਕਰਨਾ ਅਸੰਭਵ। ਉਹ ਜਿ਼ੰਦਗੀ ਦੀ ਭੱਜ-ਦੌੜ ਦਾ ਮੋਹਰਾ ਬਣ, ਇਸ ਅਮਾਨਵੀ ਭਟਕਣ ਨੂੰ ਸੱਚ ਸਮਝ, ਜਿ਼ੰਦਗੀ ਦੀ ਸੁੱਚਮਤਾ ਨੂੰ ਅਜਾਈਂ ਗਵਾਉਣ ਲਈ ਕਾਹਲਾ। ਤਾਂ ਹੀ ਉਹ ਜਿਉਂਦਾ ਬਹੁਤ ਘੱਟ ਅਤੇ ਮਰਦਾ ਜਿ਼ਆਦਾ।
ਜੀਵਨ ਦੀ ਇਬਾਰਤ ਨੂੰ ਉਕਰਨ, ਪੜ੍ਹਨ ਅਤੇ ਜਿ਼ੰਦਗੀ ਦੇ ਖਾਲੀ ਵਰਕਿਆਂ ‘ਤੇ ਯੁੱਗ-ਜਿਊਣੀ ਇਬਾਦਤ ਲਿਖਣ ਵਾਲੇ ਹੀ ਇਸ ਦੀ ਸੁੰਦਰਤਾ ਅਤੇ ਸਦੀਵਤਾ ਦਾ ਮਾਣ। ਉਨ੍ਹਾਂ ਲਈ ਲਾਕ ਡਾਊਨ ਬੇਮਾਅਨਾ। ਉਨ੍ਹਾਂ ਦੀ ਸੋਚ ਵਿਚ ਸਕਾਰਾਤਮਿਕਤਾ। ਨਾ ਕਿ ਨਕਾਰਤਮਿਕਤਾ ਵਿਚੋਂ ਆਪਣੀ ਕਬਰ ਪੁੱਟਣ ਅਤੇ ਮਰਸੀਆ ਪੜ੍ਹੇ ਜਾਣ ਲਈ ਉਤਾਵਲੇ।
ਲਾਕ ਡਾਊਨ ਨਾਲ ਜੀਵਨ ਖਤਮ ਨਹੀਂ ਹੁੰਦਾ ਅਤੇ ਨਾ ਹੀ ਜਿ਼ੰਦਗੀ ਵਿਚ ਅਜਿਹੀ ਖੜੋਤ ਪੈਣੀ, ਜਿਸ ਨੇ ਇਸ ਨੂੰ ਅਪੰਗ ਬਣਾਉਣਾ। ਇਹ ਤਾਂ ਵਕਤੀ ਦੌਰ ਹੁੰਦੈ, ਜਲਦੀ ਬੀਤ ਜਾਂਦਾ। ਸਿਰਫ ਯਾਦ ਰਹਿਣੀਆਂ ਇਸ ਸਮੇਂ ਦੌਰਾਨ ਜਿਊਣ-ਜੋਗੀਆਂ ਉਹ ਕਿਰਿਆਵਾਂ, ਜਿਨ੍ਹਾਂ ਵਿਚੋਂ ਜੀਵਨ ਦੇ ਸੁਰਖ ਮੁਹਾਂਦਰੇ ਨੂੰ ਨਵੀਂ ਆਭਾ ਅਤੇ ਰੁਸ਼ਨਾਈ ਮਿਲਣੀ। ਇਸ ਨੇ ਸਦੀਵਤਾ ਨੂੰ ਸੁਹੱਪਣ ਅਤੇ ਸੰਜੀਦਗੀ ਬਖਸ਼ਣੀ। ਸਾਹ-ਸੁਰੰਗੀ ਵਿਚੋਂ ਜਿ਼ੰਦਗੀ ਦਾ ਰਿਦਮ ਪੈਦਾ ਕਰੋਗੇ ਤਾਂ ਤਰੰਗਤਾ ਨੂੰ ਆਪਣੀ ਹੋਂਦ ਤੇ ਹਾਸਲ ‘ਤੇ ਨਾਜ਼ ਹੋਵੇਗਾ। ਤਾਂ ਹੀ ਕੁਝ ਲੋਕ ਸਾਹ ਪੂਰੇ ਕਰਦੇ, ਜਦ ਕਿ ਕੁਝ ਸਾਹਾਂ ਵਿਚੋਂ ਜਿ਼ੰਦਗੀ ਦਾ ਸੁੱਚਮ ਪੜ੍ਹਦੇ। ਉਨ੍ਹਾਂ ਲਈ ਸਾਹਾਂ ਦੀ ਅਮਾਨਤ ਸਭ ਤੋਂ ਵੱਡੀ ਇਬਾਦਤ ਅਤੇ ਇਸ ਦੀ ਅਕੀਦਤ ਵਿਚੋਂ ਹੀ ਸੁਖਨ ਤੇ ਸਕੂਨ, ਮਨੁੱਖ ਦਾ ਨਸੀਬ ਬਣਦਾ।
ਲਾਕ ਡਾਊਨ ਸੋਚ ਵਿਚ ਨਾ ਹੋਵੇ ਤਾਂ ਸੋਚ ਦੇ ਦਾਇਰੇ ਸਦਾ ਵਿਸ਼ਾਲ ਹੁੰਦੇ। ਇਸ ‘ਚੋਂ ਉਗਮਦੇ ਨੇ ਨਿੱਤ ਨਵੇਂ ਸੂਰਜ। ਇਨ੍ਹਾਂ ਦੀ ਰੌਸ਼ਨੀ ਵਿਚ ਜੀਵਨ-ਰਾਹਾਂ ਨੂੰ ਨਵੇਂ ਦਿੱਸਹੱਦਿਆਂ ਅਤੇ ਮੰਜਿਲ਼ਾਂ ਦਾ ਸਿਰਨਾਵਾਂ ਮਿਲਦਾ। ਸੋਚ ਵਿਚ ਸੰਵੇਦਨਸ਼ੀਲਤਾ, ਸੰਵੇਦਨਾ, ਸੁਹਜ ਅਤੇ ਸਹਿਜਤਾ ਹੋਵੇ ਤਾਂ ਇਸ ਨਾਲ ਸੰਜਮ, ਸੁਹਿਰਦਤਾ ਅਤੇ ਸਾਦਗੀ ਜੀਵਨ ਦੀ ਨਿਆਮਤ ਬਣਦੀ। ਜੀਵਨ ਨੂੰ ਨਰੋਈਆਂ ਪੈੜਾਂ ਦਾ ਹਮਸਫਰ ਬਣਾਇਆ ਜਾ ਸਕਦਾ। ਸੋਚ ਨੂੰ ਲਾਕ ਡਾਊਨ ਦੇ ਹਵਾਲੇ ਨਾ ਕਰੋ, ਸਗੋਂ ਇਸ ਦੀ ਵਸੀਹਤਾ ਨੂੰ ਹੋਰ ਵਿਸ਼ਾਲੋ। ਇਸ ਦੀ ਕਿਰਨਈ ਕਰਾਮਾਤ ਹਨੇਰਿਆਂ ਦੀ ਕੁੱਖ ਵਿਚ ਧਰੋ ਅਤੇ ਬੁਝੇ ਦੀਵਿਆਂ ਵਿਚ ਚਾਨਣ ਦਾ ਸਾਹ ਭਰੋ।
ਲਾਕ ਡਾਊਨ ਕਦੇ ਵੀ ਸੂਰਜ ‘ਤੇ ਲਾਗੂ ਨਹੀਂ ਹੁੰਦਾ। ਚੜ੍ਹਦਾ ਏ ਸੂਰਜ, ਉਗਦੀ ਏ ਸਰਘੀ, ਫੁੱਲਪੱਤੀਆਂ ਨੂੰ ਭਿਉਂਦੇ ਤ੍ਰੇਲ-ਤੁਪਕੇ `ਤੇ ਲਿਸ਼ਕਦੀ ਏ ਸਤਰੰਗੀ। ਪੰਛੀ ਭਰਦੇ ਲੰਬੀ ਉਡਾਰੀ ਅਤੇ ਬੋਟਾਂ ਦੇ ਹੋਠਾਂ `ਤੇ ਧਰ ਜਾਂਦੇ ਨੇ ਸੁੱਖਾਂ ਲੱਧੀ ਉਡੀਕ। ਧੁੱਪ ਨਿੱਤ ਵੰਡਦੀ ਏ ਜੀਵਨ-ਦਾਨ। ਦੁਪਹਿਰੇ ਸੂਰਜ ਜਵਾਨ ਹੁੰਦਾ ਅਤੇ ਫਿਰ ਢਲਦੀ ਸ਼ਾਮ ਦਾ ਰੂਪ ਵਟਾਉਂਦਾ, ਪੱਛਮ ਨੂੰ ਸੰਧੂਰੀ ਕਰ, ਆਪਣੀ ਰੁੱਖਸਤਗੀ ਦਾ ਜਸ਼ਨ ਮਨਾਉਂਦਾ ਅਤੇ ਫਿਰ ਪਰਤਣ ਦੀ ਆਸ ਕਾਇਨਾਤ ਦੀ ਕੁੱਖ ਵਿਚ ਧਰ ਜਾਂਦਾ। ਸੂਰਜੀ ਸਫਰ ਵਿਚ ਜੇ ਲਾਕ ਡਾਊਨ ਨਹੀਂ ਤਾਂ ਮਨੁੱਖੀ ਰਾਹਾਂ ਵਿਚ ਲਾਕ ਡਾਊਨ ਦਾ ਕੋਈ ਅਰਥ ਨਹੀਂ।
ਚੰਦਰਮਾ ‘ਤੇ ਕਿਹੜਾ ਲਾਕ ਡਾਊਨ ਲਾਵੋਗੇ, ਜਿਸ ਨੇ ਰਾਤ ਨੂੰ ਰੁਸ਼ਨਾਉਣਾ ਹੁੰਦਾ। ਹੌਲੀ ਹੌਲੀ ਵਧਦੇ ਅਕਾਰ ਵਿਚੋਂ ਪੁੰਨਿਆ ਦਾ ਜਨਮ ਅਤੇ ਘੱਟਦੇ ਅਕਾਰ ਨਾਲ ਮੱਸਿਆ ਨੂੰ ਧਰਤ ਦੇ ਨਾਮ ਕਰਨਾ। ਘਰ ਦੀ ਛੱਤ `ਤੇ ਚੰਨ ਚਾਨਣੀ ਵਿਚ ਨਹਾਉਣ ਤੋਂ ਕੋਈ ਨਹੀਂ ਹੋੜ ਸਕਦਾ ਅਤੇ ਨਾ ਹੀ ਚਾਨਣ ਦੀ ਅੰਗ-ਸੰਗਤਾ ਵਿਚ, ਪਿਆਰਿਆਂ ਨਾਲ ਮੋਹ-ਭਿੱਜੇ ਪਲ ਬਿਤਾਉਣ ਤੋਂ ਕੋਈ ਰੋਕ ਸਕਦਾ। ਚੰਦ-ਮਾਮੇ ਨਾਲ ਗੱਲਾਂ ਕਰਨ ਤੋਂ ਬੱਚਿਆਂ ਨੂੰ ਕਿਵੇਂ ਰੋਕੋਗੇ? ਕਿਵੇਂ ਚੰਦਰਮਾ ਦੀ ਥਾਲੀ ਵਿਚੋਂ ਦਾਦੀ ਮਾਂ ਦੇ ਤੁਸੱਵਰ ਨੂੰ ਸੋਚ ਵਿਚੋਂ ਮਨਫੀ ਕਰੋਗੇ? ਅੰਬਰ ਵਿਚ ਕਿਹੜੇ ਲਾਕ ਡਾਊਨ ਨਾਲ ਚਾਨਣ ਦੀਆਂ ਖਿੱਤੀਆਂ ਨੂੰ ਅਲੋਪ ਕਰੋਗੇ?
ਪਰਿੰਦਿਆਂ ਦੀ ਚਹਿਕਣੀ, ਉਨ੍ਹਾਂ ਦੀ ਪਰਵਾਜ਼, ਚੋਗ ਚੁਗਣ ਅਤੇ ਸੰਗੀਆਂ ਨਾਲ ਚੋਹਲ-ਮੋਹਲ ਕਰਦਿਆਂ ‘ਤੇ ਕਿਹੜਾ ਲਾਕ ਡਾਊਨ ਲਾਵੋਗੇ? ਉਨ੍ਹਾਂ ਦੀਆਂ ਲੋਟਣੀਆਂ ਨੂੰ ਸੀਮਤ ਦਾਇਰੇ ਅਤੇ ਸਮੇਂ ਵਿਚ ਕਿਵੇਂ ਕੈਦ ਕਰੋਗੇ? ਲਾਕ ਡਾਊਨ ਤਾਂ ਬੰਦੇ ਵਲੋਂ ਕੀਤੀਆਂ ਖੁਨਾਮੀਆਂ ਕਾਰਨ, ਸਿਰਫ ਬੰਦਿਆਂ ਲਈ, ਬੰਦਿਆਂ ਵਲੋਂ ਲਾਇਆ ਗਿਆ। ਇਸ ਦੇ ਮਰਨਹਾਰੇ ਸਿੱਟੇ ਵੀ ਮਨੁੱਖ ਨੂੰ ਹੀ ਭੁਗਤਣੇ ਪੈਣੇ। ਪਰਿੰਦੇ ਲਾਕ ਡਾਊਨ ਦੀ ਪੀੜਾ ਕਿਉਂ ਹੰਢਾਉਣ?
‘ਵਾ ਦੇ ਬੁੱਲਿਆਂ ‘ਤੇ ਕਿਹੜਾ ਲਾਕ ਡਾਊਨ ਲਾਵੋਗੇ? ਇਸ ਨੇ ਤਾਂ ਮਨੁੱਖ ਨੂੰ ਆਕਸੀਜਨ ਦੇ ਭਰੇ ਭੰਡਾਰ ਵਰਤਾਉਂਦੇ ਰਹਿਣਾ ਤੇ ਜੀਵਨ ਨੂੰ ਧੜਕਾਉਂਦੇ ਰਹਿਣਾ। ਕਾਰਬਨ-ਡਾਇਆਕਸਾਈਡ ਨਾਲ ਬੂਟਿਆਂ ਨੇ ਫੁਲਦੇ ਤੇ ਫਲਦੇ ਰਹਿਣਾ ਅਤੇ ਨਵੇਂ ਪੁੰਗਾਰਿਆਂ ਤੇ ਕਰੂੰਬਲਾਂ ਨੇ ਟਾਹਣੀਆਂ ਨੂੰ ਸਿ਼ੰਗਾਰਦੇ ਰਹਿਣਾ। ਵਗਦੀ ਹਵਾ ਨੇ ਮੁੜਕਾ ਵੀ ਸੁਕਾਉਣਾ, ਪੱਤਿਆਂ ਨੂੰ ਸਹਿਲਾਉਣਾ ਵੀ ਅਤੇ ਸੱਜਣਾਂ ਦਾ ਸੁਨੇਹਾ ਦੂਰ-ਦੇਸ਼ਾਂਤਰਾਂ ਤੀਕ ਵੀ ਪਹੁੰਚਾਣਾ। ਇਹ ਹਵਾ ਹੀ ਹੁੰਦੀ, ਜੋ ਹੰਝੂ ਚੂਸਦੀ, ਜਲਵਾਸ਼ਪਾਂ ਦੀ ਵਾਹਕ ਬਣ, ਮਾਰੂਥਲਾਂ ਨੂੰ ਸਿੰਜਦੀ, ਫਸਲਾਂ ਦੀਆਂ ਕਰੂਬਲਾਂ ਤਰ ਕਰਦੀ ਅਤੇ ਰੁੱਖੀ ਤੇ ਰੁਆਂਸੀ ਜਿ਼ੰਦਗੀ ਨੂੰ ਹਰਾ-ਭਰਾ ਕਰਦੀ। ਹਵਾ ਨਾ ਰਹੀ ਤਾਂ ਬੰਦਾ ਕਿੰਜ ਧੜਕੇਗਾ? ‘ਵਾ ਬਹੁਤ ਸਾਰੇ ਸੂਖਮ ਸੁਨੇਹੇ ਚੇਤਨਾ ਵਿਚ ਧਰਦੀ। ਕਦੇ ਲਿਖਿਆ ਸੀ:
ਹਵਾ ਬੰਦ ਹੈ
ਦਰਖਤਾਂ ਦੇ ਪੱਤੇ ਨਹੀਂ ਹਿੱਲਦੇ
ਪਹਿਆਂ `ਚੋਂ ਘੱਟਾ ਨਹੀਂ ਉਡਦਾ
ਇਸ ਦਾ ਇਹ ਮਤਲਬ ਨਹੀਂ
ਕਿ ਹਵਾ ਮਰ ਚੁਕੀ ਹੈ।
ਇਹ ਤਾਂ ਸਮੋ-ਸੂਚਕ ਏ
ਕਿਸੇ ਆਉਣ ਵਾਲੇ ਭਾਰੀ ਤੁਫਾਨ ਦੀ।
ਤੂਫਾਨ ਤੋਂ ਪਹਿਲਾਂ ਜੇ ਅਸੀਂ ਲਾਕ ਡਾਊਨ ਦੇ ਕਾਰਨਾਂ ਨੂੰ ਦੂਰ ਕਰਨ ਲਈ ਕੁਝ ਉਦਮ ਕਰਾਂਗੇ ਤਾਂ ਲਾਕ ਡਾਊਨ ਦੀ ਨੌਬਤ ਨਹੀਂ ਆਵੇਗੀ।
ਵਗਦੇ ਦਰਿਆਵਾਂ ਨੂੰ ਕਿਵੇਂ ਲਾਕ ਡਾਊਨ ਕਰੋਗੇ? ਇਨ੍ਹਾਂ ਦੀ ਰਵਾਨੀ ਤੇ ਲਹਿਰਾਂ ਦੇ ਵਿਸਮਾਦੀ ਸੰਗੀਤ ਨੂੰ ਜੀਵਨ ਦੇ ਸੰਦਲੀ ਰੰਗਾਂ ਦੀ ਨਿਸ਼ਾਨਦੇਹੀ ਕਰਨ ਤੋਂ ਕਿਵੇਂ ਹਟਕ ਸਕੋਗੇ? ਦੋ ਕੰਢਿਆਂ ਵਿਚਲੀ ਨਿਸ਼ਚਿਤਤਾ ਅਤੇ ਇਨ੍ਹਾਂ ਦੇ ਮਿਲਾਪ ਦੀ ਸਖੀ, ਬੇੜੀ ਨੂੰ ਆਪਣੇ ਸਫਰ ਤੋਂ ਕਿੰਜ ਰੋਕ ਸਕੋਗੇ? ਨਾ ਤਾਂ ਦਰਿਆਵਾਂ ਨੇ ਰੁਕਣਾ, ਨਾ ਹੀ ਇਨ੍ਹਾਂ ਦੇ ਮੁਹਾਣਾਂ ਨੇ ਅਤੇ ਨਾ ਹੀ ਪਾਣੀ ਦੀ ਬੰਦਿਆਈ ਨੇ, ਜੋ ਹਰ ਪਿਆਸੇ ਹੋਠ ਦੀ ਪਿਆਸ ਬੁਝਾਉਂਦੀ। ਖੇੜਿਆਂ ਭਰੇ ਅਤੇ ਹਸਾਸ ਪਲਾਂ ਨੂੰ ਹਰ ਪ੍ਰਾਣੀ ਦੇ ਨਾਮ ਕਰਦੀ।
ਫਰਜਾਂ, ਜਿੰ਼ਮੇਵਾਰੀਆਂ, ਨਸੀਹਤਾਂ ਅਤੇ ਦੇਣਦਾਰੀਆਂ ਨੂੰ ਕਿਵੇਂ ਲਾਕ ਡਾਊਨ ਕੀਤਾ ਜਾ ਸਕਦਾ? ਇਹ ਆਪਣੇ ਆਪ, ਪਰਿਵਾਰ, ਸਮਾਜ ਜਾਂ ਸੰਸਾਰ ਪ੍ਰਤੀ ਹੁੰਦੀਆਂ। ਆਪਣੇ ਅਕੀਦੇ, ਆਸਥਾ, ਅਰਾਧਨਾ ਜਾਂ ਆਤਮਿਕਤਾ ‘ਤੇ ਕਿਹੜਾ ਲਾਕ ਡਾਊਨ ਲਗੇਗਾ, ਜੋ ਸੁਖਨ ਲਈ ਹੁੰਦੇ। ਇਹ ਤਾਂ ਬੰਦੇ ਦੇ ਅੰਦਰ ਵੱਸਦੇ ਬੱਚੇ ਅਤੇ ਬੱਚੇ ਵਿਚ ਵੱਸਦੇ ਬੰਦੇ ਲਈ ਹੁੰਦੇ, ਜੋ ਤਰਜ਼ੀਹਾਂ ਤੇ ਤਮੰਨਾਵਾਂ ਨੂੰ ਨਿਰਧਾਰਤ ਕਰਦਾ ਤੇ ਜੀਵਨ ਨੂੰ ਜਿਊਣ ਜੋਗਾ ਕਰਦਾ।
ਭੁੱਖ, ਤ੍ਰੇਹ, ਤ੍ਰਿਸ਼ਨਾ, ਤੱਕਣੀ ਜਾਂ ਤਵੱਜੋਂ ‘ਤੇ ਕਿੰਜ ਲਾਕ ਡਾਊਨ ਨਾਜ਼ਲ ਕਰੋਗੇ, ਕਿਉਂਕਿ ਅਜਿਹਾ ਕਰਨ ‘ਤੇ ਖੁਦ ਹੀ ਮਰੋਗੇ। ਨੀਂਦ ਅਤੇ ਜਾਗ `ਤੇ ਲਾਕ ਡਾਊਨ ਲੱਗ ਹੀ ਨਹੀਂ ਸਕਦਾ। ਨਾ ਹੀ ਭਾਵਨਾਵਾਂ ਅਤੇ ਭਲਿਆਈ ਨੂੰ ਬੰਦਿਸ਼ ਵਿਚ ਰੱਖਿਆ ਜਾ ਸਕਦਾ। ਲਾਕ ਡਾਊਨ ਦੇ ਅਰਥਾਂ ਦੇ ਅਨਰਥ ਨਾ ਕਰੋ, ਸਗੋਂ ਸੀਮਤ ਸਾਧਨਾਂ, ਸਮੇਂ ਅਤੇ ਲੋੜਾਂ ਵਿਚੋਂ ਜੀਵਨ ਨੂੰ ਗਤੀ ਅਤੇ ਦਿਸ਼ਾ ਪ੍ਰਦਾਨ ਕਰੋਗੇ ਤਾਂ ਲਾਕ ਡਾਊਨ ਦੀ ਲੋੜ ਨਹੀਂ ਪਵੇਗੀ।
ਲਾਕ ਡਾਊਨ ਜਿਹੜਾ ਤੁਸੀਂ ਅਲਮਾਰੀ ਵਿਚ ਬੰਦ ਪਈਆਂ ਕਿਤਾਬਾਂ ‘ਤੇ ਲਾਇਆ, ਉਸ ਨੂੰ ਹਟਾਓ। ਕਿਤਾਬਾਂ ਨੂੰ ਖੋਲ੍ਹੋ, ਪੜ੍ਹੋ। ਉਹ ਪਾਠਕ ਉਡੀਕਦੀਆਂ। ਹਰਫਾਂ ਨਾਲ ਸੰਵਾਦ ਰਚਾਓ। ਇਕਾਂਤ ਵਿਚ ਰੂਹ ਦਾ ਆੜੀ ਬਣਾਓ। ਇਸ ਦੀ ਸੰਗਤਾ ਵਿਚੋਂ ਜੀਵਨ ਦੀਆਂ ਨਿਆਰੀਆਂ ਕਦਰਾਂ-ਕੀਮਤਾਂ ਅਤੇ ਸੁਹਾਣੀਆਂ ਸੁਮੱਤਾਂ ਨੂੰ ਜੀਵਨ-ਸ਼ੈਲੀ ਦਾ ਅੰਗ ਬਣਾਓ, ਜੀਵਨ ਦੀ ਤਰਕਸੰਗਤਾ ਹੀ ਬਦਲ ਜਾਵੇਗੀ।
ਲਾਕ ਡਾਊਨ ਜਿਹੜਾ ਨੈਣਾਂ ਦੇ ਨੀਰ ਵਿਚ ਡੁੱਬੇ ਸੁਪਨਿਆਂ ‘ਤੇ ਲਾਇਆ ਏ, ਉਸ ਵੱਲ ਤਵੱਜੋਂ ਦੇਵੋ। ਸੁਪਨਿਆਂ ਨੂੰ ਆਜ਼ਾਦ ਕਰੋ। ਉਚੀ ਤੇ ਖੁਲੀ ਪਰਵਾਜ਼ ਭਰਨ ਦਿਓ। ਇਨ੍ਹਾਂ ਦੇ ਅੰਦਾਜ਼ ਦੇ ਪਰ ਨਾ ਕੁਤਰੋ ਅਤੇ ਨਾ ਹੀ ਆਗਾਜ਼ ਵਿਚ ਰੁਕਾਵਟ ਬਣੋ। ਸੁਪਨੇ ਉਡਾਣ ਭਰਨਗੇ ਤਾਂ ਹੀ ਜੀਵਨ ਸੇਧ ਲਈ ਨਵੀਨਤਮ ਧਰਾਤਲ ਨੂੰ ਖੋਜਣ ਅਤੇ ਪ੍ਰਾਪਤ ਬਖਸਿ਼ਸ਼ਾਂ ਨੂੰ ਅਪਨਾਉਣ ਤੇ ਮਾਣਨ ਦਾ ਹੁਨਰ ਆਵੇਗਾ।
ਕੋਮਲ ਕਲਾਵਾਂ ਅਤੇ ਅਧੂਰੀਆਂ ਆਸ਼ਾਵਾਂ ਦੀ, ਲਾਕ ਡਾਊਨ ਤੋਂ ਬੰਦ-ਖਲਾਸੀ ਕਰਵਾਓ। ਇਨ੍ਹਾਂ ਕਲਾਵਾਂ ਦਾ ਦਮ ਘੁੱਟ ਰਿਹਾ ਏ। ਕੈਨਵਸ ਉਦਾਸ, ਕਲਮ/ਕਾਗਜ਼ ਹਤਾਸ਼ ਅਤੇ ਨਿਰਾਸ਼ ਨੇ ਕਲਾ-ਕਿਰਤਾਂ ਵਿਚ ਉਘੜਨ ਵਾਲੀ ਅਕ੍ਰਿਤੀ। ਸੁੰਨ ਏ ਸੰਦੇਸ਼ ਅਤੇ ਖਾਮੋਸ਼ ਏ ਮਾਨਸਿਕ ਪ੍ਰਭਾਵਾਂ ਦੀ ਜ਼ਰਾ-ਨਵਾਜ਼ੀ। ਅਪੂਰਨ ਖਾਬਾਂ ਨੂੰ ਮੁੜ ਤੋਂ ਮਨ ਦੀ ਮਿੱਟੀ ਵਿਚ ਪੁੰਗਰਨ ਦਿਓ। ਮਨ ਨੂੰ ਤਰ ਕਰੋ ਅਤੇ ਕਲਾ ਦੀਆਂ ਕਲਮਾਂ ਲਾਓ ਤਾਂ ਕਿ ਉਹ ਫੁੱਲ ਬਣ ਕੇ ਅੰਤਰੀਵ ਨੂੰ ਵੀ ਮਹਿਕਾਉਣ।
ਮੋਹ-ਮੁਹੱਬਤ ‘ਤੇ ਜਿਹੜਾ ਲਾਕ ਡਾਊਨ ਲਾਇਆ, ਉਸ ਤੋਂ ਪਰਦਾ ਉਠਾਓ। ਪਿਆਰ ਦੇ ਅਰਥਾਂ ਨੂੰ ਸੀਮਤ ਨਾ ਕਰੋ। ਪਿਆਰ ਕਰੋ ਖੁਦ ਨਾਲ, ਖੁਦਾਈ ਨਾਲ, ਮਨੁੱਖ ਨਾਲ, ਕੁਦਰਤ ਨਾਲ, ਜੀਵਾਂ ਨਾਲ, ਪਿਆਰਿਆਂ ਨਾਲ ਤੇ ਸਾਥੀਆਂ ਨਾਲ। ਬਚਪਨ ਦੇ ਸਾਥੀਆਂ ਨੂੰ ਯਾਦ ਕਰਨ ਤੇ ਤਾਂ ਕੋਈ ਲਾਕ ਡਾਊਨ ਨਾ ਲਾਓ। ਉਨ੍ਹਾਂ ਨੂੰ ਫੋਨ ਕਰੋ। ਬੀਤੇ ਪਲਾਂ ਨੂੰ ਯਾਦ ਕਰਕੇ ਹੱਸੋ। ਚਿੰਤਾਵਾਂ ਤੇ ਫਿਕਰ ਨੇੜੇ ਨਹੀਂ ਢੁੱਕਣਗੇ ਅਤੇ ਤੁਸੀਂ ਉਮਰ ਨੂੰ ਝਕਾਨੀ ਦੇਣ ਵਿਚ ਕਾਮਯਾਬ ਹੋਵੋਗੇ। ਆਪਣੇ ਅੰਦਰ ਜਿਊਂਦੇ ਬੱਚੇ ਨੂੰ ਹਾਕ ਮਾਰੋ, ਉਹ ਤੁਹਾਡੇ ਨਾਲ ਹੱਸੇਗਾ ਤੇ ਕੁਤਕੁਤਾੜੀਆਂ ਕੱਢੇਗਾ, ਕਿਉਂਕਿ ਬੱਚਾ ਸਭ ਕਾਸੇ ਤੋਂ ਬੇਪ੍ਰਵਾਹ ਹੁੰਦਾ ਅਤੇ ਇਸ ਬੇਪ੍ਰਵਾਹੀ ਨੂੰ ਜਿਊਣਾ, ਸ਼ੁਭ ਸ਼ਗਨ ਹੁੰਦਾ। ਅਜਿਹੇ ਜੀਵਨ ਵਰਤਾਰਿਆਂ ਤੇ ਕੌਣ ਲਾਕ ਡਾਊਨ ਲਾ ਸਕਦਾ?
ਮਨੁੱਖ ਦਾ ਅਦਬ ਤੇ ਅਦਾਬ, ਆਦਰ ਤੇ ਸਤਿਕਾਰ, ਜੀ-ਹਜੂਰੀ ਅਤੇ ਆਗਿਆਕਾਰੀ `ਤੇ ਕਿਹੜਾ ਲਾਕ ਡਾਊਨ ਲਾਵੋਗੇ? ਆਪਣੇ ਆਪ ਨਾਲ ਜੁੜੋ। ਅੰਤਰੀਵੀ ਸੰਵਾਦ ਸੰਗ ਪਲਾਂ ਨੂੰ ਪਰਵਾਜ਼ ਦਿਓ। ਅਰਦਾਸ ਕਰੋ ਸਰਬੱਤ ਦੇ ਭਲੇ ਦੀ। ਮਾਨਵੀ ਭਲਾਈ ਦੀ, ਹਰੇਕ ਦੀ ਸਿਹਤਯਾਬੀ ਤੇ ਖੁਸ਼ਹਾਲੀ ਲਈ। ਤਲੀ `ਤੇ ਉਗ ਰਹੀ ਸ਼ਗਨਈ ਰੁੱਤ ਲਈ। ਧਾਰਮਿਕਤਾ ਤਾਂ ਜੀਵਨ-ਜਾਚ ਅਤੇ ਇਸ ਤੋਂ ਮੁਨਕਰੀ, ਖੁਦਕੁਸ਼ੀ। ਜੀਵਨ-ਜਾਚ `ਤੇ ਕਦੇ ਵੀ ਲਾਕ ਡਾਊਨ ਨਾ ਲਾਓ, ਸਗੋਂ ਇਸ ਦੀ ਪ੍ਰਦਰਸ਼ਤਾ ਅਤੇ ਪਾਰਦਸ਼ਰਤ ਦੀ ਖੈਰੀਅਤ ਮੰਗੋ। ਜੀਵਨ ਨੂੰ ਪੂਰਨਤਾ ਨਾਲ ਜਿਊਣਾ ਅਤੇ ਭਰਪੂਰਤਾ ਨੂੰ ਸਾਹ-ਸਾਰਥਿਕਤਾ ਦੇ ਨਾਮ ਲਾਉਣਾ ਹੀ ਅਸਲ ਵਿਚ ਜਿ਼ੰਦਗੀ। ਅਕੀਦਤ ਲਈ ਬਾਹਰੀ ਲਾਕ ਡਾਊਨ ਨੂੰ ਤੋੜਨ ਦੀ ਲੋੜ ਨਹੀਂ। ਬੰਦੇ ਦੇ ਅੰਦਰ ਵੱਸਦੇ ਸੱਚ ਨੂੰ ਭਾਲਣ ਅਤੇ ਇਸ ਦੇ ਰੂਬਰੂ ਹੋਣ ਲਈ ਕਿਸੇ ਲਾਕ ਡਾਊਨ ਦੀ ਅਵੱਗਿਆ ਨਹੀਂ। ਸਿਰਫ ਮਾਨਸਿਕਤਾ ਦੀਆਂ ਮੁਹਾਰਾਂ ਅੰਦਰ ਵੰਨੀਂ ਮੋੜਨ ਦੀ ਲੋਚਾ ਪੈਦਾ ਕਰੋ।
ਮਨੁੱਖੀ ਮਨ ਵਿਚ ਉਤਪੰਨ ਹੋ ਰਹੀ ਖੋਜਤਾਮਿਕਤਾ ਅਤੇ ਕਲਾ-ਦ੍ਰਿਸ਼ਟੀ ਨੂੰ ਲਾਕ ਡਾਊਨ ਦੇ ਹਵਾਲੇ ਨਾ ਕਰੋ, ਸਗੋਂ ਇਸ ਦੇ ਵਧਣ-ਫੁਲਣ ਲਈ ਅਜਿਹੇ ਮੌਕੇ ਜਿ਼ਆਦਾ ਮੁਅਫਿਕ ਹੁੰਦੇ। ਭਾਵੇਂ ਉਹ ਸੰਗੀਤ, ਨਾਚ, ਪੇਂਟਿੰਗ, ਬੁੱਤ-ਤਰਾਸ਼ੀ, ਪੜ੍ਹਨ-ਲਿਖਣ ਜਾਂ ਹੋਰ ਕਲਾਬਿਰਤੀਆਂ ਨੂੰ ਵਿਗਸਣ ਲਈ ਪ੍ਰੇਰਿਤ ਕਰਨਾ ਅਤੇ ਰਹਿਨੁਮਾਈ ਕਰਨਾ ਹੋਵੇ। ਇਨ੍ਹਾਂ `ਤੇ ਲਾਇਆ ਹੋਇਆ ਲਾਕ ਡਾਊਨ ਹੀ ਮਨੁੱਖ ਨੂੰ ਰੋਬੋਟ ਬਣਨ ਵੰਨੀਂ ਧਕੇਲਦਾ ਅਤੇ ਅਜੋਕਾ ਮਨੁੱਖ ਅਜਿਹੀ ਤ੍ਰਾਸਦੀ ਦਾ ਸਿਖਰ। ਤਾਂ ਹੀ ਮਨੁੱਖੀ ਭਾਵਨਾਵਾਂ ਜਿਊਂਦਿਆਂ ਵੀ ਨਿਰਜਿੰਦ ਹੀ ਰਹਿੰਦੀਆਂ। ਭਾਵਹੀਣ ਮਨੁੱਖ ਵਿਚੋਂ ਮਨੁੱਖੀ ਰਿਸ਼ਤਿਆਂ ਦੀ ਪਛਾਣ, ਸਬੰਧ-ਸੁਗੰਧ ਅਤੇ ਮਹਿਕ ਨੂੰ ਜੀਵਨ-ਤਰੰਗਤਾ ਦੇ ਨਾਮ ਕਿਵੇਂ ਕੀਤਾ ਜਾ ਸਕਦਾ? ਇਸ ਲਈ ਹੀ ਮਨੁੱਖ ਜਿ਼ੰਦਗੀ ਤੋਂ ਉਪਰਾਮ ਹੋਇਆ, ਵਿਆਹੁਤਾ ਜੀਵਨ ਤੋਂ ਕਿਨਾਰਾ-ਕਸ਼ੀ ਕਰਦਾ, ਇਕੱਲ ਭੋਗਦਾ, ਕਦੇ ਕਦਾਈਂ ਤਾਂ ਖੁਦਕੁਸ਼ੀ ਨੂੰ ਆਪਣੀ ਬੰਦ-ਖਲਾਸੀ ਦਾ ਸਾਧਨ ਸਮਝਣ ਤੀਕ ਗਿਰ ਜਾਂਦਾ। ਬੰਦੇ ਲਈ ਜਰੂਰੀ ਹੈ ਕਿ ਉਹ ਬੰਦਾ ਰਹੇ, ਬਿਰਖ ਬਣੇ ਪਰ ਕਦੇ ਵੀ ਧਾਤਾਂ ਅਤੇ ਇੱਟਾਂ ਪੱਥਰਾਂ ਦੇ ਜੰਗਲ ਦਾ ਰੂਪ ਨਾ ਧਾਰੇ, ਕਿਉਂਕਿ ਪੱਥਰਾਂ ਦੇ ਘਰਾਂ ਵਿਚੋਂ ਧੜਕਣ ਹਮੇਸ਼ਾ ਗਾਇਬ ਹੁੰਦੀ। ਇਸ ਵਿਚ ਤਾਂ ਸਿਰਫ ਲੋਥਾਂ ਦੀ ਗਿਣਤੀ ਹੀ ਕੀਤੀ ਜਾ ਸਕਦੀ।
ਲਾਕ ਡਾਊਨ ਦੀਆਂ ਪਰਤਾਂ ਕਲਮ ਦੀ ਨੋਕ `ਤੇ ਆਪਣਾ ਰੰਗ ਬਿਖੇਰਦੀਆਂ:
ਲਾਕ ਡਾਊਨ ਹੈ
ਸੜਕਾਂ ਸੁੰਨੀਆਂ
ਬਾਜ਼ਾਰ ਬੰਦ,
ਘਰ ਕੈਦਖਾਨਾ
ਤੇ ਸਕੂਲਾਂ ‘ਚ ਚੁੱਪ।

ਲਾਕ ਡਾਊਨ ਹੈ
ਬੱਚੇ ਦੀ ਹਾਸੀ ‘ਤੇ
ਬਾਪ ਦੀ ਸਿਸਕੀ ‘ਤੇ
ਮਰੀਜ਼ ਦੀ ਹੁੰਗਰ ‘ਤੇ
ਤੇ ਰੋਗੀ ਲਈ ਦਵਾਈ ‘ਤੇ।

ਪਰ
ਲਾਕ ਡਾਊਨ ਕੌਣ ਲਾਵੇਗਾ
ਤਿੱੜਕਦੀ ਆਸ ‘ਤੇ
ਥਿੜਕਦੇ ਧਰਵਾਸ ‘ਤੇ
ਟੁੱਟਦੇ ਵਿਸ਼ਵਾਸ ‘ਤੇ
ਅਤੇ ਅੱਖਰਦੀ ਅਰਦਾਸ ‘ਤੇ?

ਲਾਕ ਡਾਊਨ ਕਿੰਜ ਲੱਗੇਗਾ
ਭਟਕਦੇ ਭਾਵਾਂ ‘ਤੇ
ਸੱਖਣੀਆਂ ਇੱਛਾਵਾਂ ‘ਤੇ
ਹੂੰਗਰਦੀਆਂ ਹਵਾਵਾਂ ‘ਤੇ
ਤੇ ਸਹਿਕਦੇ ਸਾਹਾਂ ‘ਤੇ?

ਲਾਕ ਡਾਊਨ ਲਾਉਣਾ ਹੈ
ਤਾਂ ਲਾਓ
ਆਦਮ-ਖਾਣੀਆਂ ਸੋਚਾਂ ‘ਤੇ
ਹੈਵਾਨ ਜਿਹੀਆਂ ਲੋਚਾਂ ‘ਤੇ
ਹਉਕੇ ਵਰਗੇ ਹੋਸ਼ਾਂ ‘ਤੇ
ਤੇ ਖੂੰਘੇ ਦੀਆਂ ਖਰੋਚਾਂ ‘ਤੇ?

ਪਰ
ਕਦੇ ਵੀ ਲਾਕ ਡਾਊਨ ਨਾ ਲਾਓ
ਸੁਪਨਿਆਂ ਦੀ ਪਰਵਾਜ਼ ‘ਤੇ
ਜਿਊਣ-ਅੰਦਾਜ਼ ‘ਤੇ
ਰੂਹ-ਰੱਤੇ ਰਿਆਜ਼ ‘ਤੇ
ਅਤੇ ਗਾਉਂਦੇ ਜੀਵਨ-ਸਾਜ਼ `ਤੇ।
ਕਦੇ ਵੀ ਆਪਣੀ ਆਸ ਅਤੇ ਉਮੀਦ ‘ਤੇ ਲਾਕ ਡਾਊਨ ਨਾ ਲਾਇਓ, ਕਿਉਂਂਕਿ ਆਸ ਜਿਊਂਦੀ ਰਹੇ ਤਾਂ ਉਤਸ਼ਾਹ ਜਿਉਂਦਾ, ਉਮਾਹ ਨੂੰ ਜ਼ਰਬ ਮਿਲਦੀ, ਉਮੰਗਤਾ ਵਿਚ ਨਵੇਂ ਦਿੱਸਹੱਦਿਆਂ ਦੀ ਨਿਸ਼ਾਨਦੇਹੀ ਕਰਨ ਲਈ ਉਤਸੁਕਤਾ ਪੈਦਾ ਹੁੰਦੀ। ਆਸ ਨਾਲ ਹੀ ਜਹਾਨ ਹੁੰਦਾ। ਬੀਜ ਬੀਜਣ `ਤੇ ਹੀ ਭਰਵੀਂ ਫਸਲ ਹੁੰਦੀ, ਫੁੱਲਾਂ ਤੇ ਫਲਾਂ ਦੀ ਰੁੱਤ ਮੌਲਦੀ ਅਤੇ ਭੌਰਿਆਂ ਤੇ ਤਿੱਤਲੀਆਂ ਨੂੰ ਰੰਗਾਂ ਵਿਚ ਰੰਗੇ ਹੋਣ ਦਾ ਵਿਸਮਾਦ ਹੁੰਦਾ। ਆਸ ਦੇ ਲਾਕ ਡਾਊਨ ਹੋਣ ‘ਤੇ ਰੀਝਾਂ ਮਰਨਾਓ, ਸੂਲੀ `ਤੇ ਟੰਗੀਆਂ ਜਾਂਦੀਆਂ ਸੋਚਾਂ ਅਤੇ ਉਜੜ ਜਾਂਦਾ ਏ ਮਨ ਵਿਚ ਉਮੜਿਆ ਸੁਪਨ-ਸੰਸਾਰ।
ਸਭ ਤੋਂ ਅਹਿਮ ਅਤੇ ਖਾਸ ਹੈ ਕਿ ਆਪਣੇ ਸਾਹਾਂ ‘ਤੇ ਕਦੇ ਵੀ ਲਾਕ ਡਾਊਨ ਨਾ ਲਾਓ। ਜੇ ਸਾਹ ਹੀ ਲਾਕ ਡਾਊਨ ਹੋ ਗਏ ਤਾਂ ਕਿੰਜ ਧੜਕੇਗਾ ਜਿੰ਼ਦਗੀ ਦਾ ਸਾਜ਼? ਕਿਵੇਂ ਹੋਵੇਗਾ ਨਿਸਦਿਨ ਧੜਕਣ ਦਾ ਰਿਆਜ਼? ਕਿਵੇਂ ਦਿਲ ਦੀਆਂ ਧੜਕਣਾਂ ਜਿਉਂਦੇ ਹੋਣ ਦੀ ਹਾਮੀ ਭਰਨਗੀਆਂ? ਕਿਵੇਂ ਮਨ ਦੀਆਂ ਭਾਵਨਾਵਾਂ, ਨਵੀਆਂ ਸੰਭਾਵਨਾਵਾਂ ਦੇ ਨਾਮ ਹੋਣਗੀਆਂ? ਸਾਹ ਰਹੇ ਤਾਂ ਮਨੁੱਖ ਦੀਆਂ ਅਭਿਲਾਸ਼ਾ ਜਾਗਦੀ, ਸੁਪਨਿਆਂ ਵਿਚ ਤ੍ਰਿਸ਼ਨਗੀ ਅਤੇ ਤਾਜ਼ਗੀ ਦਾ ਵਸੇਬਾ। ਸਭ ਤੋਂ ਵਿਲੱਖਣ ਕਿ ਮਨੁੱਖ ਲਾਸ਼ ਨਹੀਂ, ਸਗੋਂ ਜਿਉਂਦਾ-ਜਾਗਦਾ, ਹੱਸਦਾ-ਹਸਾਉਂਦਾ, ਰੁੱਸਦਾ-ਰਸਾਉਂਦਾ, ਮੰਨਦਾ-ਮਨਾਉਂਦਾ, ਖੇਡਦਾ-ਖਿਡਾਉਂਦਾ ਅਤੇ ਮਨ ਦੀ ਪਰਵਾਜ਼ ਨੂੰ ਨਵੀਆਂ ਮੰਜਿ਼ਲਾਂ ਦੇ ਹਾਣ ਦਾ ਬਣਾਉਂਦਾ।
ਲਾਕ ਡਾਊਨ ਲਾਓ ਉਨ੍ਹਾਂ ਬੋਲਾਂ, ਸ਼ਬਦਾਂ, ਸਬੰਧਾਂ, ਸੁਪਨਿਆਂ, ਸਰੋਕਾਰਾਂ, ਸੋਚਾਂ, ਸਾਰਥਿਕਤਾਵਾਂ ‘ਤੇ, ਜੋ ਜਿ਼ੰਦਗੀ ਨੂੰ ਬਦਰੰਗ, ਬਦਸੂਰਤ, ਬੇਢੰਗਾ, ਬੇਢਬਾ, ਬਦਰੂਪ ਅਤੇ ਬਦਨੀਤ ਕਰਦੇ। ਕਦੇ ਵੀ ਉਨ੍ਹਾਂ ‘ਤੇ ਲਾਕ ਡਾਊਨ ਨਾ ਲਾਓ, ਜੋ ਜਿ਼ੰਦਗੀ ਨੂੰ ਸੁੰਦਰਤਾ, ਸਦੀਵਤਾ, ਸੁਖਨ, ਸਕੂਨ, ਸਾਦਗੀ, ਸਿਰੜ, ਸਿਦਕ, ਸਫਲਤਾ ਅਤੇ ਸਮਰਪਿਤਾ ਬਖਸ਼ਦੇ ਨੇ।
ਲਾਕ ਡਾਊਨ ਕਦੇ ਵੀ ਹੱਲ ਤੋਂ ਬਗੈਰ ਨਹੀਂ ਖੁੱਲ੍ਹਦਾ। ਇਸ ਦਾ ਹੱਲ ਜੀਵਨ-ਸ਼ੈਲੀ ਨੂੰ ਸੁਧਾਰ, ਸੋਚ ਨੂੰ ਪਾਕੀਜ਼ ਕਰ ਅਤੇ ਕੁਦਰਤ ਸੰਗ ਇਕਸਾਰਤਾ ਅਤੇ ਇਕਸੁਰਤਾ ਵਿਚੋਂ ਹੀ ਕਿਆਸਣਾ ਪੈਣਾ। ਬੰਦਾ, ਬੰਦੇ ਨੂੰ ਮੁਆਫ ਕਰ ਸਕਦਾ, ਪਰ ਕੁਦਰਤ ਕਦੇ ਵੀ ਮੁਆਫ ਨਹੀਂ ਕਰਦੀ। ਕੁਦਰਤ ਨਾਲ ਵੈਰ ਨਹੀਂ, ਸਗੋਂ ਪਿਆਰ ਕਰੋ।
ਲਾਕ ਡਾਊਨ ਦੇ ਸਮਿਆਂ ਵਿਚ ਬਾਹਰੀ ਲਾਕ ਡਾਊਨ ਲੱਗਣ `ਤੇ, ਆਪਣੇ ਅੰਦਰਲੇ ਲਾਕ ਡਾਊਨ ਨੂੰ ਹਟਾਉਣ, ਹਵਾ ਦੇ ਬੁੱਲਿਆਂ ਦੀ ਆਵਾਜਾਈ ‘ਚ ਨਿਰੰਤਰਤਾ ਉਪਜਾਉਣ, ਤਾਜੀ ਹਵਾ ਵਿਚ ਸਾਹ ਲੈਣ, ਅੰਤਰੀਵ ਨੂੰ ਖਿਲਾਉਣ ਅਤੇ ਰੂਹ-ਰੇਜ਼ਤਾ ਨੂੰ ਭਰਪੂਰ ਕਰਨ ਵੱਲ ਅਹੁਲੋਗੇ ਤਾਂ ਜੀਵਨ ਦੀਆਂ ਸੁੰਦਰ ਪੈੜਾਂ, ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ-ਦਰਸ਼ਕ ਬਣਨਗੀਆਂ। ਇਨ੍ਹਾਂ ਪੈੜਾਂ ਦੇ ਸੁੱਚੇ ਤੇ ਸੱਚੇ ਹਸਤਾਖਰ ਤਾਂ ਤੁਸੀਂ ਹੀ ਹੋ!