ਚੋਣ ਘੁਲਾਟੀਏ ਬਨਾਮ ਕਿਸਾਨ ਮਜ਼ਦੂਰ ਅੰਦੋਲਨ

ਸੁਕੰਨਿਆਂ ਭਾਰਦਵਾਜ ਨਾਭਾ
ਭਾਰਤ ਦੇ ਪੰਜ ਰਾਜਾਂ ਵਿਚ ਚੋਣ ਸਰਗਰਮੀਆਂ ਜੋਰਾਂ `ਤੇ ਹਨ। ਸੰਯੁਕਤ ਕਿਸਾਨ ਮੋਰਚੇ ਵਲੋਂ ਸਾਰੇ ਥਾਂਵਾਂ `ਤੇ ਟੀਮਾਂ ਭੇਜ ਕੇ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਦਾ ਇਥੇ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਗੱਲ ਨੂੰ ਲੋਕ ਨਿੱਠ ਕੇ ਸੁਣਦੇ ਹਨ ਤੇ ਭਾਜਪਾ ਨੂੰ ਹਰਾਉਣ ਦਾ ਦਮ ਭਰਦੇ ਹਨ। ਸਾਰੇ ਦੇਸ਼ ਵਿਚ ਕਿਸਾਨ ਮਜ਼ਦੂਰ ਉਠ ਖੜੇ ਹਨ ਤੇ ਦਿੱਲੀ ਦੇ ਕਿਸਾਨ ਸੰਯੁਕਤ ਮੋਰਚਾ ਉਨ੍ਹਾਂ ਦੀ ਢਾਲ ਬਣ ਕੇ ਮਹਾਂ ਪੰਚਾਇਤਾਂ ਦੀ ਲੜੀ ਨੂੰ ਅੱਗੇ ਤੋਰ ਰਿਹਾ ਹੈ। ਪਰ ਹਕੂਮਤ ਅਜੇ ਤਕ ਸੱਤਾ ਦੇ ਨਸ਼ੇ ਤੋਂ ਬਾਹਰ ਨਹੀਂ ਆਈ। ਉਸ ਨੇ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ।

ਹਾਲ ਦੀ ਘੜੀ ਉਸ ਨੇ ਕਿਸਾਨਾਂ ਦੇ ਮਸਲੇ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਹੈ। ਦੂਜੇ ਪਾਸੇ ਪੰਜਾਬ ਵਿਚ ਅਜੇ ਚੋਣਾਂ ਫਰਵਰੀ 2022 ਵਿਚ ਹੋਣੀਆਂ ਨੇ, ਪਰ ਚੋਣ ਘੁਲਾਟੀਆਂ ਨੇ ਸੂਬੇ ਵਿਚ ਚੋਣ ਰੈਲੀਆਂ ਰਾਹੀਂ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਨੇ ਚੰਡੀਗੜ੍ਹ ਮੀਟਿੰਗ ਕਰਕੇ ਪੰਜਾਬ ਦੀਆਂ 117 ਸੀਟਾਂ `ਤੇ ਇਕੱਲਿਆਂ ਲੜਨ ਦਾ ਐਲਾਨ ਕੀਤਾ ਹੈ, ਭਾਵੇਂ ਅੱਜ ਉਸ ਦੀ ਹਾਲਤ ਇਹ ਹੈ ਕਿ ਲੋਕ ਉਨ੍ਹਾਂ ਨੂੰ ਘਰਾਂ ਤੋਂ ਨਹੀਂ ਨਿਕਲਣ ਦੇ ਰਹੇ। ਕਾਂਗਰਸ ਕਹਿੰਦੀ ਕਿ ਉਸ ਨੇ 86 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ, ਬਾਕੀ ਰਹਿੰਦੇ ਜਲਦੀ ਹੀ ਪੂਰੇ ਕਰ ਦਿੱਤੇ ਜਾਣਗੇ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਦਿੱਲੀ ਪੈਟਰਨ `ਤੇ ਜੋ ਵਾਅਦੇ ਲੋਕਾਂ ਨਾਲ ਕਰਨਗੇ, ਉਹ ਪੂਰੇ ਕੀਤੇ ਜਾਣਗੇ। ਇਸੇ ਤਰ੍ਹਾਂ ਅਕਾਲੀ ਦਲ ਦਾ ਵੀ ਇਹੋ ਜਿਹਾ ਹੀ ਪ੍ਰਸਤਾਵ ਹੈ। ਸਾਰੀਆਂ ਧਿਰਾਂ ਹੀ ‘ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ’ ਦਾ ਨਾਹਰਾ ਇੱਕ ਦੂਜੇ ਤੋਂ ਵਧ ਕੇ ਬੁਲੰਦ ਕਰ ਰਹੀਆਂ ਹਨ, ਪਰ ਕਿਸਾਨ ਦਿੱਲੀ ਦੀਆਂ ਬਰੂਹਾਂ `ਤੇ ਆਪਣੇ ਹੱਕ-ਸੱਚ ਦੀ ਲੜਾਈ ਵਿੱਢੀ ਬੈਠਾ ਹੈ। ਉਸ ਵੱਲ ਕਿਸੇ ਦਾ ਧਿਆਨ ਨਹੀਂ। ਉਸ ਨੂੰ ਇਸ ਜਿਲ੍ਹਣ ਵਿਚੋਂ ਕੱਢਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਇਨ੍ਹਾਂ ‘ਕੁਰਸੀ ਦੇ ਯੋਧਿਆਂ’ ਵਲੋਂ।
ਉਮਰ ਦੇ ਸਾਢੇ ਛੇ ਦਹਾਕੇ ਹੰਢਾਉਣ `ਤੇ ਵੀ ਨਹੀਂ ਚੇਤੇ ਕਿ ਕਦੇ ਕਿਸੇ ਨੇ ਅੰਨਦਾਤੇ ਦੀ ਭਲਾਈ ਤੇ ਉਸ ਦੀ ਖੂਨ ਪਸੀਨੇ ਨਾਲ ਪੈਦਾ ਕੀਤੀ ਜਿਣਸ ਦਾ ਕੋਈ ਗੁਜਾਰੇ ਜੋਗਾ ਵੀ ਮੁੱਲ ਪਾਇਆ ਹੋਵੇ। ਵਿਆਜਖੋਰਾਂ ਨੇ ਉਸ ਨੂੰ ਨਪੀੜ ਕੇ ਰੱਖ ਦਿੱਤਾ। ਭਾਖੜੇ ਦੇ ਪਾਣੀ `ਤੇ ਨਵੇਂ ਨਵੇਂ ਟਿਊਬਵੈਲਾਂ ਨੇ ਕੁਝ ਦੇਰ ਤਕ ਖੇਤਾਂ ਦੇ ਪੁੱਤਰ ਦਾ ਸਾਥ ਨਿਭਾਇਆ। ਹਰੀ ਕ੍ਰਾਂਤੀ ਨਾਲ ਵੀ ਕੁਝ ਸਮੇਂ ਲਈ ਪੰਜਾਬ ਵਿਚ ਲਹਿਰ ਬਹਿਰ ਆਈ ਸੀ। ਖੇਤੀਬਾੜੀ ਯੂਨੀਵਰਸਿਟੀਆਂ, ਖੇਤੀਬਾੜੀ ਵਿਭਾਗ ਤੇ ਖੇਤੀ ਮਾਹਰਾਂ ਨੇ ਵਿਸ਼ਵ ਵਪਾਰ ਸੰਸਥਾ ਅਤੇ ਭਾਰਤ ਸਰਕਾਰ ਦੀ ਇਸ ਕੂਟਨੀਤੀ ਵਿਚ ਪੂਰਾ ਸਾਥ ਦਿੱਤਾ। ਪੰਜਾਬ ਦਾ ਕਿਸਾਨ ਬਾਗੋਬਾਗ ਸੀ। ਚਾਰੇ ਪਾਸੇ ਪੈਸੇ ਦਾ ਵਹਾਅ ਦਿਖਾਈ ਦੇ ਰਿਹਾ ਸੀ। ਨਵੇਂ ਨਵੇਂ ਖਾਦ ਬੀਜ ਮਸ਼ੀਨਰੀ ਤੇ ਸਸਤੇ ਭਾਅ ਮਿਲਦੇ ਕਰਜ਼ਿਆਂ ਨੇ ਜਿਵੇਂ ਪੰਜਾਬ ਦੀ ਕਾਇਆ ਕਲਪ ਕਰ ਦਿੱਤੀ ਸੀ। ਭਾਰਤ ਦੀ ਦੋ ਪ੍ਰਤੀਸ਼ਤ ਵਾਲੇ ਸੂਬੇ ਨੇ 70 ਪ੍ਰਤੀਸ਼ਤ ਕਣਕ ਚਾਵਲ ਪੈਦਾ ਕਰਕੇ ਦੇਸ਼ ਦੇ ਅੰਨ ਭੰਡਾਰ ਭਰਪੂਰ ਕਰ ਦਿੱਤੇ। ਅੰਨਦਾਤੇ ਦੇ ਉਸ ਨਿਸ਼ਚੇ ਕਿ ‘ਅੱਧੀ ਖਾ ਕੇ ਗੁਜ਼ਾਰਾ ਕਰ ਲਵਾਂਗੇ, ਪਰ ਲਹਿਣੇਦਾਰ ਨੂੰ ਦਰਾਂ `ਤੇ ਨਹੀਂ ਆਉਣ ਦੇਣਾ’ ਨੂੰ ਵੀ ਦਰਕਿਨਾਰ ਕਰ ਦਿੱਤਾ। ਸ਼ਾਹੂਕਾਰਾਂ ਤੇ ਬੈਂਕਾਂ ਦੇ ਕਰਜ਼ਿਆਂ ਨੇ ਉਸ ਨੂੰ ਸਿਖਰ ਚੜ੍ਹਾ ਕੇ ਪੌੜੀ ਖਿੱਚ ਲਈ, ਉਹ ਧੜੰਮ ਹੇਠਾਂ ਆ ਡਿਗਿਆ। ਲੱਗਾ ਖੁਦਕਸ਼ੀਆਂ ਦੇ ਰਾਹ ਨਾਪਣ। ਨਹੀਂ ਸੀ ਪਤਾ ਕਿ ਇਸ ਕ੍ਰਾਂਤੀ ਦੀ ਇੰਨੀ ਵੱਡੀ ਕੀਮਤ ਚੁਕਾਉਣੀ ਪਵੇਗੀ।
ਸਮੇਂ ਸਮੇਂ `ਤੇ ਇਸ ਖੇਤਾਂ ਦੇ ਪੁੱਤਰ ਨੂੰ ਜ਼ਮੀਨ ਖੇਤ ਬਚਾਉਣ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਿੰਘ ਦੀ ਜ਼ਮੀਨ ਵੰਡ, ਜ਼ਗੀਰਦਾਰੀ ਪ੍ਰਥਾ, ਸਰ ਛੋਟੂ ਰਾਮ ਦੀ ਜਾਟ ਸਭਾ, ਮੁਜਾਰਾ ਲਹਿਰ, ਪ੍ਰਜਾਤੰਤਰ ਲਹਿਰ, ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ, ਚੌਧਰੀ ਦੇਵੀ ਲਾਲ, ਚੌਧਰੀ ਮਹਿੰਦਰ ਸਿੰਘ ਟਿਕੈਤ, ਚੌਧਰੀ ਚਰਨ ਸਿੰਘ ਦੇ ਕਿਸਾਨ ਅੰਦੋਲਨ ਸਮੇਤ ਅਨੇਕਾਂ ਘੋਲ ਲੜੇ ਗਏ, ਪਰ ਖੇਤਾਂ ਦੇ ਪੁੱਤਰ ਨੂੰ ਆਪਣੀ ਜਿਣਸ ਦਾ ਵਾਜਬ ਮੁੱਲ ਤੇ ਘੱਟੋ-ਘੱਟ ਜਿਊਣ ਹਾਲਤ ਨਸੀਬ ਨਾ ਹੋਏ। ਉਹ ਹਕੂਮਤਾਂ ਦੇ ਰਹਿਮੋ-ਕਰਮ `ਤੇ ਹੀ ਜਿਊਣ ਲਈ ਮਜਬੂਰ ਰਿਹਾ।
ਇਥੇ ਮੈਂ ਆਪਣੇ ਬਚਪਨ ਦੀ ਇੱਕ ਵਿਆਜਖੋਰੀ ਦੀ ਘਟਨਾ, ਜਿਸ ਦੀ ਮੈਂ ਚਸ਼ਮਦੀਦ ਗਵਾਹ ਹਾਂ, ਬਿਆਨ ਕਰਨ ਲੱਗੀ ਹਾਂ, ਜੋ ਚੇਤਿਆਂ ਵਿਚ ਜਿਉਂ ਦੀ ਤਿਉਂ ਪਈ ਹੈ ਤੇ ਅੱਜ ਵੀ ਉਸੇ ਤਰ੍ਹਾਂ ਬਦਲੇ ਹੋਏ ਰੂਪ ਵਿਚ ਵਾਪਰਦੀ ਵਿਖਾਈ ਦਿੰਦੀ ਹੈ। ਮੇਰਾ ਬਚਪਨ ਨਾਨਕੇ ਪਿੰਡ ਬ੍ਰਾਹਮਣਮਾਜਰੇ ਉਰਫ ਜੁਆਲਾਪੁਰ ਵਿਖੇ ਬੀਤਿਆ ਹੈ। ਇਹ ਪਿੰਡ ਪਟਿਆਲਾ-ਪਾਤੜਾਂ ਸੜਕ ਸਥਿਤ ਪਿੰਡ ਘੱਗਾ ਤੋਂ ਕੋਈ ਚਾਰ ਕੁ ਕਿਲੋਮੀਟਰ `ਤੇ ਨਿਰੋਲ ਖੇਤੀ ਕਰੂ ਬ੍ਰਾਹਮਣਾਂ ਦਾ ਪਿੰਡ ਹੈ। ਮੇਰੇ ਦਾਦਕੇ ਖੇਤੀ ਨਹੀਂ ਸਨ ਕਰਦੇ।
ਨਾਲ ਦੇ ਪਿੰਡ ਸਿਹਾਲ ਦਾ ਇੱਕ ਵਿਆਜਖੋਰ ਸੀ, ਜਿਸ ਕੋਲ ਮੇਰੇ ਨਾਨਾ, ਜੋ ਕੋਈ ਨਸ਼ਾ ਕਰਦਾ ਸੀ, ਨੇ ਜ਼ਮੀਨ ਗਹਿਣੇ ਕਰ ਦਿੱਤੀ ਸੀ। ਜਦੋਂ ਵੱਡਾ ਮਾਮਾ ਥੋੜ੍ਹਾ ਵੱਡਾ ਹੋਇਆ ਤਾਂ ਨਾਨੀ ਤੇ ਮਾਮੇ ਨੇ ਉਸ ਦਾ ਮਿੰਨਤ ਤਰਲਾ ਕੀਤਾ ਕਿ ਜੇ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ `ਤੇ ਖੇਤੀ ਕਰਨ ਦੀ ਇਜਾਜ਼ਤ ਦੇ ਦੇਵੇ ਤਾਂ ਉਹ ਰਕਮ ਦਾ ਵਿਆਜ ਤਾਂ ਅਦਾ ਕਰਨਗੇ ਹੀ, ਨਾਲ ਮੂਲ ਨੂੰ ਵੀ ਵਾਪਸ ਕਰਨ ਦਾ ਉਪਰਾਲਾ ਕਰਨਗੇ। ਕਿਉਂਕਿ ਹੋਰ ਕੋਈ ਵਸੀਲਾ ਨਹੀਂ ਸੀ ਉਸ ਨੂੰ ਮੂਲ ਜਾਂ ਵਿਆਜ ਮੋੜਨ ਦਾ, ਉਹਨੇ ਹਾਂ ਕਰ ਦਿੱਤੀ। ਸਿਹਾਲ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਉਹਦਾ ਜ਼ਮੀਨਾਂ ਗਹਿਣੇ ਤੇ ਵਿਆਜ ਦਾ ਕਾਰੋਬਾਰ ਚਲਦਾ ਸੀ। ਵਿਆਜ ਉਗਰਾਹੁਣ ਦਾ ਉਸ ਦਾ ਤਰੀਕਾ ਬਹੁਤ ਕੁਰੱਖਤ ਸੀ। ਹਾੜੀ-ਸਾਉਣੀ ਆਉਣ ਤੋਂ ਪਹਿਲਾਂ ਹੀ ਉਹ ਕਰਜ਼ਦਾਰਾਂ ਦੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੰਦਾ। ਜੇ ਉਸ ਨੂੰ ਅਗਲੇ ਦੇ ਘਰ ਚੰਗਾ ਪਸ਼ੂ ਇਥੋਂ ਤਕ ਕਿ ਪੀਹਣਾ, ਪਸ਼ੂਆਂ ਦਾ ਦਾਣਾ ਨੀਰਾ ਚਾਰਾ ਪਿਆ ਨਜ਼ਰੀ ਪੈ ਜਾਂਦਾ, ਉਹ ਵੀ ਉਹ ਚੁਕਾ ਕੇ ਲੈ ਜਾਂਦਾ। ਇੱਕ ਦਿਨ ਉਹ ਮਾਮੇ ਦੇ ਬਾਹਰਲੇ ਘਰ ਆਇਆ ਤੇ ਵਿਆਜ ਦੀ ਮੰਗ ਕੀਤੀ। ਮਾਮੇ ਦੇ ਬੱਚੇ ਅੰਦਰਲੇ ਹਵੇਲੀ ਵਾਲੇ ਘਰੋਂ ਨਾਨੀ ਨੂੰ ਬੁਲਾ ਕੇ ਲੈ ਗਏ, ਜਿਸ ਨੂੰ ਸਾਰੇ ਬੇਬੇ ਕਹਿੰਦੇ ਸਨ; ਤੇ ਮੈਂ ਵੀ ਨਾਲੇ ਚਲੀ ਗਈ। ਬੇਬੇ ਨੇ ਤਿੰਨ ਗਜ਼ ਦੀ ਡੰਡੀ ਵਾਲੀ ਖੱਦਰ ਦੀ ਚਾਦਰ ਵਿਚ ਆਪਣੇ ਆਪ ਨੂੰ ਲਪੇਟ ਕੇ ਮਾਮੇ ਦੇ ਵਿਹੜੇ ਵਿਚ ਬੈਠੇ ਉਸ ਸੂਦਖੋਰ ਦੇ ਜਾ ਪੈਰੀਂ ਹੱਥ ਲਾਇਆ।
“ਭਾਈ ਖਾਨੇਆਲੀਏ ਅਜੇ ਤਕ ਛੇ ਮਹੀਨਿਆਂ ਦਾ ਬਣਦਾ ਸੂਦ ਨਹੀਂ ਪਹੁੰਚਿਆ, ਫਸਲ ਤੁਸੀਂ ਭੜੋਲੇ ਪਾ ਲਈ ਹੈ।” ਉਸ ਪਿੰਡ ਵਿਚ ਰਿਵਾਜ ਸੀ ਕਿ ਔਰਤਾਂ ਨੂੰ ਨਾਂ ਦੀ ਥਾਂ ਉਸ ਦੇ ਪੇਕੇ ਪਿੰਡ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਕੋਈ ਅਸੀਸ ਦੇਣ ਦੀ ਥਾਂ ਉਹਨੇ ਪੈਂਦੀ ਸੱਟੇ ਇਹ ਪ੍ਰਸ਼ਨ ਦਾਗ ਦਿੱਤਾ।
ਬੇਬੇ ਨੇ ਧਰਤੀ `ਤੇ ਬੈਠਦਿਆਂ ਕਿਹਾ, “ਜੀ ਐਤਕੀਂ ਮਾਰੂ ਫਸਲ ਨੂੰ ਚਾਨਣੀ ਮਾਰ ਗਈ, ਜਿਸ ਕਾਰਨ ਝਾੜ ਘਟ ਗਿਆ, ਮਸੀਂ ਖਾਣ ਜੋਗੇ ਦਾਣੇ ਹੋਏ ਨੇ।”
“ਐਂ ਟਾਲੇ ਨਾ ਲਾਓ ਸੂਦ `ਤੇ ਸੂਦ ਲੱਗ ਰਿਹਾ ਹੈ, ਜਿਹੜੇ ਘਰੇ ਰੱਖੇ ਨੇ ਉਨ੍ਹਾਂ ਵਿਚੋਂ ਅੱਧ ਪਚੱਧ ਤਾਂ ਮੋੜੋ। ਮੈਂ ਰਕਮ ਦਿੱਤੀ ਹੋਈ ਹੈ, ਕੋਈ ਸੀਂਦ (ਮੁਫਤ) ਵਿਚ ਨੀ ਮੰਗ ਰਿਹਾ। ਪਹਿਲੀ ਛਿਮਾਹੀ ਦਾ ਵੀ ਅਜੇ ਖੜ੍ਹਾ ਹੈ, ਜੇ ਕੱਲ ਤਕ ਨਾ ਪਹੁੰਚਿਆ, ਮੈਂ ਸਰਕਾਰੇ ਦਰਬਾਰੇ ਅਰਜੀ ਪਰਚਾ ਕਰਾਂਗਾ।” ਤੇ ਚਿਤਾਵਨੀ ਦਿੱਤੀ, “ਅੱਗੋਂ ਲਈ ਵਾਹਣ ਵਿਚ ਪੈਰ ਨਾ ਧਰਿਓ, ਮੈਂ ਕਿਸੇ ਹੋਰ ਨੂੰ ਵਟਾਈ `ਤੇ ਦੇਵਾਂਗਾ।” ਪੈਂਦੇ ਸਟੇ ਸਾਰੇ ਫੈਸਲੇ ਸੁਣਾ ਦਿੱਤੇ।
ਬੇਬੇ ਨੇ ਨਿਆਣੇ ਬੱਚਿਆਂ ਦਾ ਵਾਸਤਾ ਪਾਇਆ। ਬੇਬੇ ਦੀ ਅਧੀਨਗੀ ਦਾ ਉਸ ਉਤੇ ਕੋਈ ਅਸਰ ਨਹੀਂ ਸੀ। ਉਹ ਤਾਂ ਆਪਣਾ ਵਿਆਜ ਹਰ ਹੀਲੇ ਉਗਰਾਹੁਣ ਦੇ ਮੂਡ ਵਿਚ ਸੀ। ਬੇਬੇ ਨੇ ਮਿੰਨਤ ਤਰਲਾ ਕਰਦਿਆਂ ਕਿਹਾ, “ਪੰਡਿਤ ਜੀ ਤੁਹਾਡੇ ਦੇਣਦਾਰ ਹਾਂ। ਸਾਨੂੰ ਦੋ ਦਿਨ ਦੀ ਮੋਹਲਤ ਦਿਓ, ਮੁੰਡਾ ਲਾਂਭੇ ਗਿਆ ਹੋਇਆ ਹੈ, ਜਿਉਂ ਹੀ ਆਇਆ, ਘਰੇ ਤੁਹਾਡੇ ਕੋਲ ਭੇਜਦੀ ਹਾਂ।”
ਬੇਬੇ ਦੀਆਂ ਅਰਜੋਈਆਂ ਦਾ ਉਹਦੇ `ਤੇ ਕੋਈ ਅਸਰ ਨਹੀਂ ਸੀ। ਉਹਨੇ ਆਪਣੇ ਨਾਲ ਦੇ ਬੰਦੇ ਨੂੰ ਟੋਕਾ ਮਸ਼ੀਨ ਕੋਲ ਪਈ ਗਿੱਲੀ ਸੁੱਕੀ ਲੂਸਣ ਦੀ ਭਰੀ ਨੂੰ ਚੁੱਕਣ ਦਾ ਇਸ਼ਾਰਾ ਕੀਤਾ ਤੇ ਪੈਰ ਪਟਕਦਾ ਚਲਾ ਗਿਆ। ਬੇਬੇ ਨੇ ਸੁਖ ਦਾ ਸਾਹ ਲਿਆ, ਪਰ ਡੰਗਰਾਂ ਨੂੰ ਸੁੱਕੀ ਤੂੜੀ ਨਾਲ ਸਬਰ ਕਰਨਾ ਪਿਆ। ਦੂਜੇ ਦਿਨ ਹੀ ਭੜੋਲੇ ਵਿਚ ਖਾਣ ਲਈ ਰੱਖੇ ਦਾਣੇ ਉਹਦੇ ਕੋਲ ਪੁਜਦਾ ਕੀਤੇ। ਆਪ ਪਤਾ ਨਹੀਂ ਕਿਵੇਂ ਗੁਜ਼ਾਰਾ ਕੀਤਾ, ਕਿਵੇਂ ਨਹੀਂ? ਭਾਵੇਂ ਮੈਂ ਛੋਟੀ ਸਾਂ ਤੇ ਘਰ ਵਿਚੋਂ ਕੋਈ ਵੀ ਮੇਰੇ ਨਾਲ ਗੱਲ ਨਹੀਂ ਸੀ ਕਰਦਾ, ਪਰ ਮੈਂ ਸਮਝ ਰਹੀ ਸਾਂ ਕਿ ਕੁਝ ਗਲਤ ਹੋ ਰਿਹਾ ਹੈ, ਬੇਬੇ ਤੇ ਮਾਮੇ ਨਾਲ। ਪਿਛੋ ਨਕਸਲਵਾਦੀ ਲਹਿਰ ਦੇ ਪ੍ਰਭਾਵ ਹੇਠ ਨਾਲ ਦੇ ਪਿੰਡ ਬੁਰਾਸ ਦੇ ਇਕ ਨੌਜਵਾਨ ਨੇ ਉਸ ਸੂਦ ਖੋਰ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਉਸ ਨੂੰ ਕਤਲ ਕਰ ਦਿੱਤਾ ਸੀ।
ਅੱਜ ਭਾਵੇਂ ਸੂਦ ਤੇ ਸੂਦਖੋਰਾਂ ਦਾ ਸਰੂਪ ਬਦਲ ਗਿਆ ਹੈ, ਪਰ ਛੋਟੇ ਤੇ ਸੀਮਾਂਤ ਕਿਸਾਨ ਦੀ ਹੋਣੀ ਵਿਚ ਕੋਈ ਫਰਕ ਨਹੀਂ ਪਿਆ। ਕੁਦਰਤੀ ਖੇਤੀ ਦੀ ਥਾਂ ਕੈਮੀਕਲ ਖੇਤੀ ਨੇ ਲੈ ਲਈ ਹੈ। ਪਿੰਡ ਦੇ ਸੂਦਖੋਰਾਂ ਤੋਂ ਨਿਕਲ ਕੇ ਸਰਮਾਏਦਾਰੀ ਦੇ ਵਿਛਾਏ ਜਾਲ ਵਿਚ ਉਹ ਬੈਂਕਾਂ ਆੜਤੀਆਂ ਦਾ ਕਰਜ਼ਈ ਹੋ ਗਿਆ ਹੈ। ਗੱਲ ਕੀ, ਉਹਦੀ ਖੇਤੀ ਉਸ ਨੂੰ ਕਦੇ ਵੀ ਵਧੀਆ ਜਿਊਣ ਹਾਲਤਾਂ ਮੁਹੱਈਆ ਨਹੀਂ ਕਰਵਾ ਸਕੀ, ਪਰ ਫਿਰ ਵੀ ਉਹ ਜ਼ਮੀਨ ਨੂੰ ਆਪਣੇ ਤੋਂ ਜੁਦਾ ਨਹੀਂ ਕਰ ਸਕਿਆ। ਆਪਣੇ ਧੀਆਂ ਪੁੱਤਰਾਂ ਦੇ ਸਾਹੇ ਉਹ ਇਸ ਜ਼ਮੀਨ ਤੋਂ ਹੀ ਕਰਦਾ ਹੈ। ਧੀ ਦਾ ਰਿਸ਼ਤਾ ਕਰਨ `ਤੇ ਉਹ ਚਾਰ ਵਿੱਘੇ ਜਰੂਰ ਦੇਖਦਾ ਹੈ। ਇਹੋ ਕਾਰਨ ਹੈ ਕਿ ਉਹ ਪਰਿਵਾਰਾਂ ਸਣੇ ਇਨ੍ਹਾਂ ਤਿੰਨੋ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ਨੂੰ ਜਾਮ ਕਰੀ ਬੈਠਾ ਹੈ। ਜ਼ਮੀਨ ਤੋਂ ਬਿਨਾ ਉਹ ਆਪਣੀ ਹੋਣੀ ਨੂੰ ਤਸੱਵਰ ਨਹੀਂ ਕਰ ਸਕਦਾ। ਆਪਣੀ ਜ਼ਮੀਨ ਨੂੰ ਧਰਤੀ ਮਾਂ ਦਾ ਦਰਜਾ ਦੇਣ ਵਾਲੇ ਇਸ ਧਰਤੀ ਪੁੱਤਰ ਕੋਲ ਰੋਟੀ ਰੋਜ਼ੀ ਦਾ ਹੋਰ ਕੋਈ ਵਸੀਲਾ ਨਹੀਂ। ਥੋੜ੍ਹੀ ਜ਼ਮੀਨ ਵਾਲਾ ਇਸ ਦੇ ਆਸਰੇ ਬਹੁਤ ਸਾਰੇ ਸਹਾਇਕ ਧੰਦੇ ਵੀ ਕਰਦਾ ਹੈ, ਜਿਵੇਂ ਡੇਅਰੀ, ਸੂਰ, ਮੁਰਗੀਆਂ ਪਾਲਣ, ਖੁੰਬਾਂ, ਸਬਜੀਆਂ, ਫਲਾਂ ਦੀ ਖੇਤੀ ਨੂੰ ਵੀ ਅਪਨਾਉਂਦਾ ਹੈ ਤਾਂ ਜੋ ਘਰ ਦਾ ਗੁਜ਼ਾਰਾ ਚਲ ਸਕੇ, ਪਰ ਉਸ ਦੀ ਇਹ ਥੋੜ੍ਹੀ ਬਹੁਤੀ ਜ਼ਮੀਨ ਹੀ ਉਸ ਦਾ ਸਹਾਰਾ ਬਣਦੀ ਹੈ, ਜਿਸ `ਤੇ ਉਹ ਕਰਜ਼ ਲੈ ਕੇ ਜਾਂ ਵਿਭਿੰਨ ਤਰ੍ਹਾਂ ਦੀ ਫਸਲ ਬਾੜੀ ਕਰਕੇ ਆਪਣਾ ਗੁਜਰ-ਬਸਰ ਕਰ ਸਕਦਾ ਹੈ।
ਕੇਂਦਰੀ ਹਕੂਮਤ ਨੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਕਈ ਤਰ੍ਹਾਂ ਦੇ ਨਵੇਂ ਫੁਰਮਾਨ ਜਾਰੀ ਕੀਤੇ ਹਨ। ਇਕ ਦਮ ਫੈਸਲਾ ਕਰ ਦਿੱਤਾ ਕਿ ਵਿਟਾਮਿਨ-ਯੁਕਤ ਚਾਵਲ ਹੀ ਕੇਂਦਰ ਨੂੰ ਭੇਜਿਆ ਜਾਵੇ, ਜਦੋਂ ਕਿ ਪੰਜਾਬ ਦੀਆਂ ਮਿਲਾਂ ਇਹ ਚਾਵਲ ਬਣਾਉਂਦੀਆਂ ਹੀ ਨਹੀਂ। ਜਦੋਂ ਉਨ੍ਹਾਂ ਦੇਸ਼ ਦੇ ਦੂਸਰੇ ਭਾਗਾਂ ਵਿਚ ਵਿਟਾਮਿਨ-ਯੁਕਤ ਚਾਵਲ ਬਣਾਉਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਜੁਆਬ ਸੀ ਕਿ ਉਹ ਜੂਨ ਤੋਂ ਪਹਿਲਾਂ ਇਹ ਚਾਵਲ ਨਹੀਂ ਦੇ ਸਕਦੇ। ਕੇਂਦਰ ਨੇ ਕਿਹਾ ਕਿ ਆਂਗਣਵਾੜੀ ਬੱਚਿਆਂ ਵਾਸਤੇ ਸਾਨੂੰ ਇਹ ਚਾਵਲ ਚਾਹੀਦਾ ਹੈ। ਜਦੋਂ ਕਿ ਪਿਛਲੇ ਸਾਲ ਇਹ ਦੱਸਿਆ ਜਾਣਾ ਚਾਹੀਦਾ ਸੀ, ਕਿਉਂਕਿ ਰਾਤੋ ਰਾਤ ਇਹ ਚਾਵਲ ਤਿਆਰ ਨਹੀਂ ਹੋ ਸਕਦਾ। ਹੁਣ ਇਸ ਬਹਾਨੇ ਕੇਂਦਰ ਪੰਜਾਬ ਦਾ ਚਾਵਲ ਨਹੀਂ ਚੁਕਣਗੇ ਤਾਂ ਅੱਗੋਂ ਜਿਹੜੀ ਫਸਲ ਆਉਣੀ ਹੈ, ਕਣਕ/ਝੋਨੇ ਦੀ ਉਸ ਲਈ ਜਿਹੜੀ ਕੈਸ਼ ਕਰੈਡਿਟ ਲਿਮਟ (ਸੀ. ਸੀ. ਐਲ.) ਹੈ, ਉਹ ਵੀ ਰੋਕ ਲੈਣਗੇ। ਵੱਡੀ ਸਮੱਸਿਆ ਨਾ ਸਿਰਫ ਸੈਲਰ ਮਾਲਕਾਂ ਲਈ ਹੈ, ਸਗੋਂ ਇਹ ਕਿਸਾਨਾਂ ਤੇ ਮੰਡੀਆਂ ਲਈ ਵੀ ਪੈਦਾ ਹੋਵੇਗੀ। ਜਦੋਂ ਨਵਾਂ ਮਾਲ ਰੱਖਣ-ਖਰੀਦਣ ਲਈ ਸਪੇਸ ਦਾ ਰੇੜਕਾ ਪਵੇਗਾ।
ਕੇਂਦਰ ਦੇ ਹਾੜੀ-ਸਾਉਣੀ ਦੀ ਫਸਲ ਦੀ ਅਦਾਇਗੀ ਦੀ ਰਕਮ ਸਿੱਧੀ ਕਿਸਾਨਾਂ ਦੇ ਖਾਤੇ ਵਿਚ ਪਾਉਣ ਦੇ ਫੁਰਮਾਨ ਨੇ ਵੀ ਨਵੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਨਾਲ ਜਿਥੇ ਆੜ੍ਹਤੀ-ਕਿਸਾਨ ਦਾ ਰੇੜਕਾ ਪਏਗਾ, ਉਥੇ ਠੇਕੇ ਵਟਾਈ `ਤੇ ਜ਼ਮੀਨ ਲੈਣ ਵਾਲਿਆਂ ਨੂੰ ਵੀ ਅੜਿੱਕੇ ਖੜ੍ਹੇ ਹੋਣ ਦਾ ਖਦਸ਼ਾ ਹੈ। ਉਧਰ ਪਾਵਰ ਹਾਊਸ ਪੰਜਾਬ ਨੂੰ ਸਰਕਾਰ ਨੇ ਆਇਡੀਆ, ਵੋਡਾਫੋਨ ਬੰਦ ਕਰਕੇ ਜੀਓ ਦਾ ਪੈਕੇਜ ਲੈਣ ਦੇ ਅਦੇਸ਼ ਦਿੱਤੇ ਹਨ। ਹਰਿਆਣਾ ਸਰਕਾਰ ਲਵ-ਜਿਹਾਦ ਕਾਨੂੰਨ, ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਦੀ ਭਰਪਾਈ ਅੰਦੋਲਨਕਾਰੀਆਂ ਤੋਂ ਕਰਾਉਣ ਵਰਗੇ ਕਾਨੂੰਨ ਲੈ ਕੇ ਆ ਰਹੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਸਾਰੇ ਅਧਿਕਾਰ ਖੋਹ ਕੇ ਲੈਫਟੀਨੈਂਟ ਗਵਰਨਰ ਨੂੰ ਦੇਣ ਤੇ ਉਸ ਨੂੰ ਹੀ ਅਸਲੀ ਸਰਕਾਰ ਬਣਾਉਣ ਦੇ ਲਈ ਵੀ ਸੰਸਦ ਵਿਚ ਬਿਲ ਲਿਆਂਦਾ ਗਿਆ ਹੈ। ਮੋਦੀ ਸਰਕਾਰ ਦੀਆਂ ਸਾਰੀਆਂ ਨੀਤੀਆਂ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀ ਤੇ ਆਮ ਲੋਕਾਂ ਦੇ ਵਿਰੁੱਧ ਹੀ ਜਾਂਦੀਆ ਹਨ, ਜੋ ਦੋ-ਚਾਰ ਲੋਕਾਂ ਨੂੰ ਹੀ ਮੁਖ ਰੱਖ ਕੇ ਬਣਾਈਆਂ ਜਾਂਦੀਆਂ ਹਨ।
ਹੁਣ ਕਿਸਾਨ ਜਿਵੇਂ ਸੰਘਰਸ਼ ਕਰ ਰਹੇ ਹਨ, ਉਸ ਨੂੰ ਸਲਾਮ ਹੈ। ਕਿਸਾਨਾਂ ਨੇ ਸੁਆਲ ਕੀਤਾ ਕਿ ਕਿਹੜੇ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਦੀ ਮੰਗ ਕੀਤੀ ਸੀ? ਤੇ ਬਣਾਉਣ ਸਮੇਂ ਕਿਹੜੀ ਕਿਸਾਨ ਜਥੇਬੰਦੀ ਸ਼ਾਮਲ ਸੀ? ਇਹ ਕਾਨੂੰਨ ਸਰਕਾਰ ਨੇ ਨਹੀਂ, ਸਗੋਂ ਇਨ੍ਹਾਂ ਕਾਰਪੋਰੇਟਾਂ ਨੇ ਬਣਵਾਏ ਹਨ। ਸੋ ਇਹ ਕਿਸਾਨਾਂ ਦੇ ਭਲੇ ਵਿਚ ਨਹੀਂ। ਸਾਫ ਪਤਾ ਲਗਦਾ ਹੈ ਕਿ ਇਹ ਕਾਨੂੰਨ ਕਿਸ ਨੇ ਕਿਸ ਲਈ ਬਣਾਏ ਹਨ। ਚੰਦ ਘਰਾਣੇ ਕਮਾਈ ਕਰ ਰਹੇ ਹਨ। ਲੋਕਾਂ ਨੂੰ ਰੁਜ਼ਗਾਰ ਨਹੀਂ। ਗਰੀਬ-ਅਮੀਰ ਦਾ ਪਾੜਾ ਵਧ ਰਿਹਾ ਹੈ। ਕਿਸਾਨਾਂ ਦੀ ਪਹਿਲੀ ਮੰਗ ਕਾਨੂੰਨ ਵਾਪਸ ਲੈਣ ਦੀ ਹੈ। ਔਕਸਫੈਮ ਦੀ ਇੰਟਰਨੈਸ਼ਨਲ ਰਿਪੋਰਟ (ਇੰਕੁਐਲਟੀ ਵਾਇਰਸ) ਵਰਲਡ ਇਕਨੌਮਿਕ ਅਨੁਸਾਰ ਕਿਵੇਂ ਕੋਵਿਡ ਵਾਇਰਸ ਨੇ ਵੱਡੇ-ਛੋਟੇ ਪਾੜੇ ਨੂੰ ਵਧਾਇਆ ਹੈ।
ਰਿਪੋਰਟ ਅਨੁਸਾਰ ਇੰਡੀਆ ਵਿਚ ਕਰੋਨਾ ਦੀ ਆੜ ਵਿਚ ਸਿਰਫ 9 ਮਹੀਨਿਆਂ ਵਿਚ (ਮਾਰਚ ਤੋਂ ਦਸੰਬਰ) 11 ਅਰਬਪਤੀਆਂ ਦੀ ਵਧੀ ਇਨਕਮ 13 ਕਰੋੜ 80 ਲੱਖ ਰੁਪਿਆ ਜੇ 14 ਕਰੋੜ ਗਰੀਬ ਕਿਸਾਨਾਂ ਵਿਚ ਵੰਡ ਦਿੱਤਾ ਜਾਂਦਾ ਤਾਂ 94 ਹਜ਼ਾਰ ਰੁਪਿਆ ਹਰ ਕਿਸਾਨ ਦੀ ਜੇਬ ਵਿਚ ਪਾਇਆ ਜਾ ਸਕਦਾ ਸੀ। ਜਦ ਕਿ ਬਹੁਗਿਣਤੀ ਕਿਸਾਨਾਂ ਦੀ ਇਨਕਮ 6 ਹਜ਼ਾਰ ਰੁਪਏ ਮਹੀਨਾ ਤੇ 72 ਹਜ਼ਾਰ ਰੁਪਏ ਪ੍ਰਤੀ ਸਾਲ ਹੈ। ਕਰੋਨਾ ਕਾਲ ਸਮੇਂ ਭਾਰਤ ਨੂੰ ਇੰਟਰਨੈਸ਼ਨਲ ਮੌਨੈਟਰੀ ਫੰਡ (ਆਈ. ਐਮ. ਐਫ.) ਤੋਂ 21 ਬਿਲੀਅਨ ਡਾਲਰ ਮਦਦ ਮਿਲੀ, ਜਿਸ ਵਿਚ 16 ਬਿਲੀਅਨ ਡਾਲਰ ਕਰਜ਼ਾ ਹੈ ਤੇ ਪੰਜ ਬਿਲੀਅਨ ਗਰਾਂਟ ਕਰੋਨਾ ਲਈ ਹੈ। ਕੇਂਦਰ ਸਰਕਾਰ ਨੇ ਉਸ ਰਕਮ ਦਾ ਵੀ ਕੋਈ ਉਪਯੋਗ ਗਰੀਬ ਮਜ਼ਦੂਰਾਂ ਜਾਂ ਕਿਸਾਨਾਂ ਲਈ ਨਹੀਂ ਕੀਤਾ। ਪੈਰ ਪੈਰ `ਤੇ ਕਿਸਾਨੀ ਅੰਦੋਲਨ ਨੂੰ ਕੋਵਿਡ ਦੀ ਆੜ ਵਿਚ ਖਤਮ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ। ਆਪ ਭਾਵੇਂ ਚੋਣ ਵਾਲੇ ਰਾਜਾਂ ਵਿਚ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਸੋ, ਕਿਸੇ ਵੀ ਜੰਗ ਵਿਚੋਂ ਦੋ ਚੀਜਾਂ ਉਭਰ ਕੇ ਆਉਂਦੀਆਂ ਹਨ-ਜਿੱਤਣਾ ਤੇ ਸਿੱਖਣਾ। ਵਾਪਸ ਜਾ ਕੇ ਹੱਕ ਨਾ ਕਿਸੇ ਦਾ ਮਾਰਿਓ। ਏਕਾ ਇਸੇ ਤਰ੍ਹਾਂ ਬਣਾਈ ਰੱਖਿਓ। ਇਸ ਘੋਲ ਵਿਚੋਂ ਰਾਜਨੀਤਕ ਬਦਲਾਅ ਵੀ ਕੱਢਿਓ। ਵਾਤਾਵਰਣ ਪ੍ਰੇਮੀਆਂ ਦੀ ਗਰੀਨ ਪਾਰਟੀ ਬਣ ਸਕਦੀ ਹੈ ਤਾਂ ਸਾਡੀ ਕਿਉਂ ਨਹੀਂ ਬਣ ਸਕਦੀ। ਅਜਿਹਾ ਪਲੈਟਫਾਰਮ ਖੜ੍ਹਾ ਕਰਿਓ, ਅਜਿਹੀ ਕਾਬਲੀਅਤ ਆਪਣੇ ਵਿਚ ਪੈਦਾ ਕਰ ਲਿਓ, ਜਿਥੋਂ ਤੁਸੀਂ ਇਨ੍ਹਾਂ ਸਿਆਸੀ ਆਗੂਆਂ ਨੂੰ ਪੁੱਛ ਸਕੋਂ ਕਿ ਰਾਜ ਸਭਾ ਕਿਉਂ ਬਣਾਈ ਸੀ, ਜੇ ਪੇਸ਼ ਬਿਲਾਂ `ਤੇ ਉਨ੍ਹਾਂ ਦੀ ਰਾਇ ਹੀ ਨਹੀਂ ਸੀ ਲੈਣੀ?