ਨੌਜਵਾਨੀ ਨਿਘਾਰ ਵੱਲ ਕਿਉਂ?

ਹਰਜੀਤ ਦਿਓਲ, ਬਰੈਂਪਟਨ
1963 ਦਾ ਸਮਾਂ। ਪਿਤਾ ਰੇਲਵੇ ‘ਚ ਸਨ ਤਾਂ ਬਦਲੀ ਹੁੰਦੀ ਰਹਿੰਦੀ ਸੀ। ਗਜਰੌਲਾ (ਯੂ. ਪੀ.) ਤੋਂ ਰਾਮਪੁਰ ਦਾ ਤਬਾਦਲਾ ਹੋਇਆ। ਗਜਰੌਲਾ ਕਵਾਟਰਾਂ ਵਿਚ ਬਿਜਲੀ ਨਹੀਂ ਸੀ, ਪਰ ਰਾਮਪੁਰ ਵਿਚ ਸੀ। ਸਾਨੂੰ ਅਪਾਰ ਖੁਸ਼ੀ ਸੀ ਕਿ ਚਲੋ ਲਾਲਟੈਨ/ਲੈਂਪ ਤੋਂ ਖਹਿੜਾ ਛੁੱਟਿਆ। ਬੜਾ ਚਾਅ ਸੀ, ਪਰ ਰਾਮਪੁਰ ਸਟੇਸ਼ਨ ‘ਤੇ ਅੱਪੜਦਿਆਂ ਹੀ ਜੋ ਦੇਖ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਉਹ ਸੀ ਸਟੇਸ਼ਨ ‘ਤੇ ਬੁਕ ਸਟਾਲ ਦਾ ਹੋਣਾ। ਉਨ੍ਹਾਂ ਦਿਨਾਂ ‘ਚ ਭਾਰਤ ਦੇ ਸਾਰੇ ਰੇਲਵੇ ਸਟੇਸ਼ਨਾਂ ‘ਤੇ ਬੁਕ ਸਟਾਲਾਂ ਦਾ ਠੇਕਾ ਏ. ਐਚ. ਵ੍ਹੀਲਰ ਨਾਮੀ ਕੰਪਨੀ ਕੋਲ ਹੁੰਦਾ ਸੀ।

ਅਕਸਰ ਸ਼ਾਮ ਨੂੰ ਸਟੇਸ਼ਨ ਚਲਾ ਜਾਂਦਾ ‘ਤੇ ਬੁਕ ਸਟਾਲ ਲਾਗੇ ਮੰਡਰਾਇਆ ਕਰਦਾ। ਸਟਾਲ ਦਾ ਸੰਚਾਲਕ ਸ਼ਬੀਰ ਨਾਂ ਦਾ ਇੱਕ ਮੁਸਲਮਾਨ ਸੀ। ਬਿਨਾ ਖਰੀਦੇ ਰਸਾਲਿਆਂ ਦੀ ਫਰੋਲਾ ਫਰਾਲੀ ਉਸ ਨੂੰ ਚੰਗੀ ਨਾ ਲੱਗਦੀ ਅਤੇ ਖਰੀਦਣ ਲਈ ਮਹੀਨੇ ‘ਚ ਇੱਕ ਤੋਂ ਵੱਧ ਦਾ ਬਜਟ ਨਾ ਹੁੰਦਾ। ਪਿਆਸਾ ਸਮੁੰਦਰ ਕੰਢੇ ਬੇਬਸ ਖੜਾ ਰਹਿੰਦਾ। ਆਖਰ ਇੱਕ ਤਰਕੀਬ ਸੁੱਝੀ। ਜੇਬ ਖਰਚ ਦੇ ਸਾਰੇ ਪੈਸੇ ਇਕੱਠੇ ਕਰ ਭਾਨ ਕੋਈ ਤਿੰਨ ਕੁ ਰੁਪਏ ਬਣੀ, ਜੋ ਮੈਂ ਸ਼ਬੀਰ ਦੇ ਹੱਥ ਜਾ ਧਰੀ। ਉਹ ਸਮਝ ਗਿਆ ਤੇ ਸਿਲਸਿਲਾ ਚਲ ਨਿਕਲਿਆ। ਉਹ ਸਾਹਿਤ ਦਾ ਸਵਰਨਯੁਗ ਸੀ। ਹਿੰਦੀ ‘ਚ ਸਾਰਿਕਾ, ਧਰਮਯੁਗ, ਸਪਤਾਹਕ ਹਿੰਦੁਸਤਾਨ, ਮਾਇਆ, ਨਈ ਕਹਾਨੀਆਂ, ਹੰਸ ਵਰਗੀਆਂ ਮਿਆਰੀ ਸਾਹਿਤ ਦੀਆਂ ਪਤ੍ਰਿਕਾਵਾਂ ਦੇ ਨਾਲ ਨਾਲ ਹਿੰਦੀ ਦੇ ਉੱਚ-ਕੋਟੀ ਦੇ ਲੇਖਕਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਤਿੰਨ ਕੁ ਰੁਪਏ ਦੀ ਭਾਨ ਬਦਲੇੇ ‘ਚ ਹਜਮ ਕਰ ਜਾਣੀਆਂ।
ਬਾਅਦ ਵਿਚ ਪੰਜਾਬ ਆਉਂਦੇ ਜਾਂਦੇ ਪੰਜਾਬੀ ਦੀਆਂ ਸਿਰਮੌਰ ਪਤ੍ਰਿਕਾਵਾਂ ਆਰਸੀ, ਨਾਗਮਣੀ ‘ਤੇ ਪ੍ਰੀਤਲੜੀ ਨਾਲ ਵਕਫੀਅਤ ਹੋਈ ਤਾਂ ਊੜੇ ਐੜੇ ਤੱਕ ਸੀਮਤ ਮੈਂ ਪੰਜਾਬੀ ਸਿੱਖਣ ਵੱਲ ਉਲਰਿਆ। ਚੰਗਾ ਸਾਹਿਤ ਮੈਨੂੰ ਕਿਸੇ ਹੋਰ ਹੀ ਦੁਨੀਆਂ ਵਿਚ ਲੈ ਜਾਂਦਾ। ਇੱਕ ਦੋਸਤ ਰਾਹੀਂ ਰੂਸੀ ਸਾਹਿਤ ਦੇ ਪੰਜਾਬੀ ਅਨੁਵਾਦ ਪੜ੍ਹਨ ਨੂੰ ਮਿਲੇ ਅਤੇ ਇਸੇ ਦੌਰਾਨ ਰਾਹੁਲ ਸਾਂਕ੍ਰਿਤਆਇਨ ਅਤੇ ਰਸੂਲ ਹਮਜਾਤੋਵ ਦੀਆਂ ਰਚਨਾਵਾਂ ਪੜ੍ਹੀਆਂ। ਇਸ ਉਪਰੰਤ ਚੰਗੇ ਸਾਹਿਤ ਦਾ ਸੂਰਜ ਢਲਣ ਲੱਗਾ। ਦੇਖਦਿਆਂ ਦੇਖਦਿਆਂ ਉਪਰੋਕਤ ਨਾਮੀ ਪਤ੍ਰਿਕਾਵਾਂ ਬੰਦ ਹੁੰਦੀਆਂ ਗਈਆਂ। ਲੋਕਾਂ ਦੀ ਪੜ੍ਹਨ ‘ਚ ਰੁਚੀ ਘਟਣ ਲੱਗੀ। ਇਸ ਦੀ ਥਾਂ ਇਲੈਕਟ੍ਰੌਨਿਕ ਮੀਡਿਆ ਲੈਂਦਾ ਗਿਆ।
ਵਿਵੇਕਸ਼ੀਲ ਅਧਿਆਤਮਵਾਦ ਫੁਕਰੇ ਪਦਾਰਥਵਾਦ ਅਤੇ ਝੂਠੀ ਹਉਮੈ ਵਿਚ ਤਬਦੀਲ ਹੁੰਦਾ ਗਿਆ। ਗੁਰੂਆਂ ਦਾ ਸਭੈ ਸਾਂਝੀਵਾਲਤਾ ਦਾ ਸੰਦੇਸ਼ ਸੁੰਗੜਦਾ ਹੋਇਆ ਸੰਕੀਰਨ ਸੋਚ ਵਿਚ ਢਲਣ ਲੱਗਾ। ਭਾਵੇਂ ਵਿਗਿਆਨਕ ਕਾਢਾਂ ਅਤੇ ਭੌਤਿਕ ਸਹੂਲਤਾਂ ਨੇ ਮਨੁੱਖ ਦੀ ਜਿ਼ੰਦਗੀ ਵਿਚ ਚਮਤਕਾਰਕ ਬਦਲਾਓ ਲਿਆਂਦਾ, ਪਰ ਮੈਨੂੰ ਜਾਪਿਆ ਜਿਵੇਂ ਦੁਨੀਆਂ ਚੰਨ ਦੀ ਸੀਤਲ ਚਾਨਣੀ ਵਿਚੋਂ ਸੂਰਜ ਦੀ ਤਪਸ਼ ਵੱਲ ਵਧ ਰਹੀ ਹੋਵੇ। ਇਨਸਾਨੀਅਤ ਧਾਰਮਿਕ ਕੱਟੜਤਾ ਹੱਥੋਂ ਹਾਰਦੀ ਨਜ਼ਰ ਆਈ। ਕਿਰਦਾਰਾਂ ਦਾ ਨਿਘਾਰ ਗੰਧਲੀ ਸਿਆਸਤ ਦਾ ਕਾਰਨ ਬਣਦਾ ਰਿਹਾ। ਅੱਜ ਦੀ ਨੌਜਵਾਨੀ ਵਿਚ ਵਿਵੇਕਸ਼ੀਲਤਾ ਅਤੇ ਸੰਤੁਲਿਤ ਸੋਚ ਦੀ ਘਾਟ ਅਤੇ ਫੁਕਰਾ ਉਲਾਰਪਨ ਜਿ਼ਆਦਾ ਨਜਰੀਂ ਪੈਂਦਾ ਹੈ।
ਕਿਸਾਨ ਅੰਦੋਲਨ ਹੋਵੇ ਭਾਵੇਂ ਕੋਈ ਹੋਰ ਸਮੱਸਿਆ, ਨੌਜਵਾਨਾਂ ਦਾ ਵਤੀਰਾ ਸਭਿਅਕ ਹੱਦਾਂ ਪਾਰ ਕਰ ਮਾਰ ਖੋਰਾ ਬਣਦਾ ਜਾ ਰਿਹਾ ਪ੍ਰਤੀਤ ਹੁੰਦਾ ਹੈ। ਇਸ ਬਿਰਤੀ ਨੂੰ ਸਿਆਸਤਦਾਨ ਆਪਣੇ ਸੌੜੇ ਹਿਤਾਂ ਲਈ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਨਤੀਜਾ ਚਿੰਤਾਜਨਕ ਜਾਪ ਰਿਹੈ। ਕਾਸ਼ ਧਰਮ ਸਥਾਨਾਂ ਨੂੰ ਪੁਸਤਕਾਲਯਾਂ ਵਿਚ ਬਦਲ ਨੌਜਵਾਨੀ ਨੂੰ ‘ਮਾਨਸ ਕੀ ਜਾਤ ਏਕ’ ਹੋਣ ਵੱਲ ਪ੍ਰੇਰਿਆ ਜਾ ਸਕੇ, ਪਰ ਨਿਕਟ ਭਵਿਖ ਵਿਚ ਇਹੋ ਜਿਹੀ ਤਬਦੀਲੀ ਦੀ ਆਸ ਨਿਰਰਥਕ ਹੀ ਜਾਪ ਰਹੀ ਹੈ।