ਬੈਚ ਫੁੱਲ ਚਿਕੋਰੀ-ਮੈਂ ਹੀ ਮੈਂ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਦੋਂ ਦੀ ਦੁਨੀਆਂ ਬਣੀ ਹੈ। ਉਦੋਂ ਤੋਂ ਹੀ ਧਨ ਦੀ ਹਵਸ ਤੇ ਲੋਭ ਲਾਲਚ ਨੂੰ ਮਾੜਾ ਮੰਨਿਆ ਜਾਂਦਾ ਹੈ। ਪਲੈਟੋ ਅਨੁਸਾਰ ਦੌਲਤ, ਔਰਤ ਤੇ ਜਾਇਦਾਦ ਮਨੁੱਖ ਨੂੰ ਭ੍ਰਿਸ਼ਟ ਕਰਦੇ ਹਨ, ਇਸ ਲਈ ਮੁਲਕ ਦੇ ਸ਼ਾਸ਼ਕਾਂ ਨੂੰ ਇਨ੍ਹਾਂ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ। ਅਰਸਤੂ ਅਨੁਸਾਰ ਇਨ੍ਹਾਂ ਤਿੰਨਾਂ ਦੀ ਮਾਲਕੀਅਤ ਦਾ ਇਸਤੇਮਾਲ ਸਮਾਜ ਦੇ ਹਿੱਤ ਵਿਚ ਹੋਣਾ ਚਾਹੀਦਾ ਹੈ। ਐਪੀਕਿਊਰਸ (ਓਪਚਿੁਰੁਸ) ਅਨੁਸਾਰ ਇਨ੍ਹਾਂ ਦੀ ਮਨੁੱਖ ਨੂੰ ਲੋੜ ਹੀ ਨਹੀਂ, ਕਿਉਂਕਿ ਕੁਦਰਤ ਨੇ ਉਸ ਨੂੰ ਉਂਜ ਹੀ ਬਹੁਤ ਕੁਝ ਦਿੱਤਾ ਹੈ। ਰੂਸੋ ਕਹਿੰਦਾ ਹੈ ਕਿ ਜਿਸ ਮਨੁੱਖ ਨੇ ਸਭ ਤੋਂ ਪਹਿਲਾਂ ਥੋੜ੍ਹੀ ਥਾਂ ਘੇਰ ਕੇ ਕਿਹਾ ਕਿ ਇਹ ਮੇਰੀ ਹੈ, ਉਸ ਨੇ ਸਭ ਤੋਂ ਵੱਡਾ ਦੁਸ਼ਕਰਮ ਕੀਤਾ ਹੈ।

ਮਹਾਤਮਾ ਬੁੱਧ ਨੇ ਕਿਹਾ ਮਨੁੱਖੀ ਲੋੜਾਂ ਇਨਸਾਨ ਦੇ ਬੰਧਨ ਹਨ, ਇਨ੍ਹਾਂ ਨੂੰ ਤੋੜ ਕੇ ਲੋਕ ਹਿਤੈਸ਼ੀ ਕੰਮ ਕਰਨਾ ਹੀ ਨਿਰਵਾਣ ਦਾ ਰਸਤਾ ਹੈ। ਗੁਰੂ ਨਾਨਕ ਨੇ ਮਾਇਆ ਨੂੰ ਇੱਕਠਾ ਕਰਨਾ ਪਾਪ ਕਿਹਾ, ਕਿਉਂਕਿ ਪਾਪਾਂ ਤੋਂ ਬਿਨਾ ਇਹ ਇੱਕਠੀ ਨਹੀਂ ਹੋ ਸਕਦੀ। ਕੰਮ ਕਰਨਾ ਤੇ ਵੱਟਤ ਨੂੰ ਵੰਡ ਕੇ ਛਕਣਾ ਉਨ੍ਹਾਂ ਦੀ ਸਿੱਖਿਆ ਦਾ ਮੁੱਢਲਾ ਉਪਦੇਸ਼ ਸੀ। ਗੁਰੂ ਸਾਹਿਬ ਅਨੁਸਾਰ ਜੋ ਇਹ ਗੁਣ ਧਾਰ ਲੈਂਦੇ ਹਨ, ਉਹੀ ਅਸਲ ਰਾਹ ਪਛਾਣਨ ਵਾਲੇ ਹੁੰਦੇ ਹਨ। ਟਾਲਸਟਾਏ ਦੀ ਕਹਾਣੀ ‘ਮਨੁੱਖ ਨੂੰ ਕਿੰਨੀ ਕੁ ਜ਼ਮੀਨ ਦੀ ਲੋੜ ਹੈ’ ਦਾ ਹਵਸ ਵਿਰੋਧੀ ਸੰਦੇਸ਼ ਤਾਂ ਸਭ ਨੂੰ ਪਤਾ ਹੈ।
ਸੰਸਾਰ ਵਿਚ ਮੁੱਖ ਤੌਰ `ਤੇ ਦੋ ਹੀ ਵਿਚਾਰਧਾਰਾਵਾਂ ਹਨ, ਦੂਜਿਆਂ ਨੂੰ ਅਧੀਨ ਕਰ ਕੇ ਉਨ੍ਹਾਂ ਨੂੰ ਆਪਣੇ ਅਨੁਸਾਰ ਤੋਰਨਾ ਭਾਵ ਦੂਜਿਆਂ ਦਾ ਸੋਸ਼ਣ ਕਰਨਾ ਅਤੇ ਦੂਜਿਆਂ ਨੂੰ ਆਤਮ ਨਿਰਭਰ ਬਣਾ ਕੇ ਅਧੀਨੀਕਰਣ ਤੋਂ ਮੁਕਤ ਕਰਨਾ। ਇਕ ਰਾਹ ਸਾਮਰਾਜਵਾਦ, ਅਗਿਆਨਤਾ, ਮੁਥਾਜੀ ਤੇ ਅਸਮਾਨਤਾ ਦਾ ਹੈ। ਦੂਜੇ ਰਾਹ ਮਾਨਵਵਾਦ, ਸਾਂਝੀਵਾਲਤਾ, ਵਿਗਿਆਨ, ਸਵਾਧੀਨਤਾ ਤੇ ਸਮਾਨਤਾ ਹੈ। ਕਬਜ਼ੇ ਤੇ ਸੋਸ਼ਣ ਵਾਲੀ ਸਾਮਰਾਜੀ ਪਰੰਪਰਾ ਦੋਸ਼ ਭਰਪੂਰ ਭਾਵ ਰਿਣਆਤਮਿਕ (ਂੲਗਅਟਵਿੲ) ਹੈ ਤੇ ਮੁਕਤੀ ਤੇ ਵਿਕਾਸ ਦੀ ਮਾਨਵਵਾਦੀ ਪ੍ਰੰਪਰਾ ਧਨਆਤਮਿਕ (ਫੋਸਟਿਵਿੲ) ਮੰਨੀ ਜਾਂਦੀ ਹੈ। ਇਹ ਦੋ ਪਰੰਪਰਾਵਾਂ ਸੂਖਮ ਰੂਪ ਵਿਚ ਮਨੁੱਖ ਦੇ ਵਿਅਕਤੀਗਤ ਤੇ ਸਮਾਜਿਕ ਸੰਬੰਧਾਂ-ਦੋਵੇਂ ਥਾਂਈਂ ਪਾਈਆਂ ਜਾਂਦੀਆਂ ਹਨ। ਕੁਝ ਲੋਕ ਕੰਮ ਕਰਨ ਵਾਲੇ ਹੁੰਦੇ ਹਨ ਤੇ ਕੁਝ ਉਨ੍ਹਾਂ ਤੋਂ ਪਿਆਰ ਜਾਂ ਧੌਂਸ ਨਾਲ ਆਪਣੇ ਕੰਮ ਕਰਵਾਉਣ ਵਾਲੇ ਹੁੰਦੇ ਹਨ। ਇਸ ਤਰ੍ਹਾਂ ਦੇ ਅਸਾਵੇਂ ਮਾਹੌਲ ਵਿਚ ਸਮਾਜ ਤੇ ਪਰਿਵਾਰ ਦਾ ਪ੍ਰਬੰਧ ਉਲਾਰ ਰਹਿੰਦਾ ਹੈ, ਜਿਸ ਦਾ ਨੇਕ ਸਲਾਹਾਂ ਤੇ ਉਪਦੇਸ਼ਾਂ ਤੋਂ ਬਿਨਾ ਕਿਸੇ ਕੋਲ ਕੋਈ ਹੱਲ ਨਹੀਂ ਹੈ।
ਪਰ ਇਨ੍ਹਾਂ ਉਪਦੇਸ਼ਾਂ ਤੇ ਸਿਖਿਆਵਾਂ ਦੇ ਬਾਵਜੂਦ ਵੀ ਬਹੁਤੇ ਵਿਅਕਤੀ ਸਭ ਕੁਝ ਆਪਣੇ ਅਧੀਨ ਕਰਨ ਦੀ ਲਾਲਸਾ ਨੂੰ ਨਹੀਂ ਛੱਡਦੇ। ਕਈ ਅਜਿਹੇ ਵੀ ਹੁੰਦੇ ਹਨ, ਜੋ ਸੰਸਾਰ ਦੀ ਸਾਰੀ ਦੌਲਤ ਉੱਤੇ ਆਪਣਾ ਹੀ ਕਬਜ਼ਾ ਕਰਨਾ ਚਾਹੁੰਦੇ ਹਨ। ਸਭ ਕੁਝ ਪ੍ਰਾਪਤ ਕਰ ਕੇ ਵੀ ਉਨ੍ਹਾਂ ਦੀ ਪਦਾਰਥੀ ਭੁੱਖ ਨਹੀਂ ਉੱਤਰਦੀ। ਉਨ੍ਹਾਂ ਦਾ ਵਸ ਚਲੇ ਤਾਂ ਉਹ ਸਾਰੇ ਗਲੋਬ ਨੂੰ ਹੀ ਚੁੱਕ ਕੇ ਘਰ ਲੈ ਜਾਣ, ਭਾਵੇਂ ਇਸ ਵਿਚੋਂ ਸਿਰਫ ਮਰ ਮੁੱਕੇ ਮਾਇਆਧਾਰੀਆਂ ਦੀਆਂ ਕਬਰਾਂ ਤੇ ਕੰਕਾਲ ਹੀ ਮਿਲਣ। ਮਾਈਦਾਸ (ੰਦਿਅਸ) ਵਾਂਗ ਸਭ ਸੰਸਾਰਕ ਵਸਤਾਂ ਨੂੰ ਸੋਨਾ ਬਣਾਉਣ ਲਈ ਪਾਰਸ ਜਰੂਰ ਛੁਹਾਉਣਗੇ, ਭਾਵੇਂ ਇੰਜ ਕਰਦੇ ਉਹ ਆਪ ਵੀ ਸੋਨੇ ਦੇ ਬੁੱਤ ਕਿਉਂ ਨਾ ਬਣ ਜਾਣ। ਮੈਕੇਵਲੀ ਦੇ ਕਹਿਣ ਅਨੁਸਾਰ ਉਹ ਸਭ ਕੁਝ ਆਪਣੇ ਲਈ ਜਾਂ ਆਪਣੇ ਸਕੇ ਸਬੰਧੀਆਂ ਲਈ ਹੀ ਲੋਚਦੇ ਹਨ, ਦੂਜਿਆਂ ਲਈ ਕੁਝ ਨਹੀਂ। ਨਾ ਸਿਰਫ ਉਹ ਸਭ ਚੰਗੀਆਂ ਤੇ ਵਡਮੁੱਲੀਆਂ ਵਸਤਾਂ ਆਪਣੇ ਲਈ ਚਾਹੁੰਦੇ ਹਨ, ਸਗੋਂ ਇਹ ਵੀ ਚਾਹੁੰਦੇ ਹਨ ਕਿ ਇਹ ਵਸਤਾਂ ਸਿਰਫ ਉਨ੍ਹਾਂ ਕੋਲ ਹੀ ਹੋਣ। ਇਸ ਲਈ ਉਨ੍ਹਾਂ ਨੂੰ ਆਪਣੇ ਆਪ ਤੋਂ ਅੱਗੇ ਕੁਝ ਦਿਖਾਈ ਨਹੀਂ ਦਿੰਦਾ। ਸ਼ਾਇਦ ‘ਅੰਨ੍ਹਾਂ ਵੰਡੇ ਸੀਰਣੀ, ਮੁੜ ਮੁੜ ਆਪਣਿਆਂ ਨੂੰ’ ਵਾਲਾ ਅਖਾਣ ਉਨ੍ਹਾਂ ਲਈ ਹੀ ਬਣਿਆ ਹੈ। ਅਜਿਹੇ ਸਮਾਜ ਵਿਚ ਈਰਖਾ, ਆਪੋ-ਧਾਪੀ ਤੇ ਲੜਨ/ਲੜਾਉਣ ਤੋਂ ਬਿਨਾ ਕੁਝ ਨਹੀਂ ਹੁੰਦਾ। ਅਜੋਕੇ ਸਰਮਾਏਦਾਰ ਘਰਾਣੇ ਤੇ ਰਾਜਨੀਤਕ ਆਕਾ ਇਸ ਸਿਲਸਿਲੇ ਦੀ ਤਾਜ਼ਾ ਮਿਸਾਲ ਹਨ। ਬੇਲੋੜੇ ਵਸੀਲੇ ਇਕੱਤਰਤ ਕਰਨਾ ਉਨ੍ਹਾਂ ਦੀ ਲੋੜ ਦਾ ਸਵਾਲ ਨਹੀਂ, ਸਗੋਂ ਉਨ੍ਹਾਂ ਦੀ ਨੀਅਤ ਦਾ ਸਵਾਲ ਹੁੰਦਾ ਹੈ। ਇਹ ਲਾਲਚੀ ਨੀਅਤ ਇੰਨੀ ਚੀੜ੍ਹੀ ਹੁੰਦੀ ਹੈ ਕਿ ਇਸ ਨੂੰ ਲੱਖਾਂ-ਕਰੋੜਾਂ ਮਿਹਨਤਕਸ਼ੀਆਂ ਨੂੰ ਮਿਲ ਕੇ ਤੋੜਨਾ ਪੈਂਦਾ ਹੈ। ਬੈਚ ਫੁੱਲ ਦਵਾਈ ਚਿਕੋਰੀ (ਛਹਚਿੋਰੇ) ਅਜਿਹੇ ਲਾਲਚੀ ਅਨਸਰਾਂ ਦੀ ਨੀਅਤ ਨੂੰ ਇੱਕਲਿਆਂ ਹੀ ਸਿੱਧਾ ਕਰਨ ਦੀ ਸ਼ਕਤੀ ਰੱਖਦੀ ਹੈ।
ਚਿਕੋਰੀ ਦੇ ਪੌਦੇ ਦਾ ਬੂਟਾ-ਵਿਗਿਆਨੀ ਨਾਂ (ਛਚਿਹੋਰੁਿਮ ੀਨਟੇਬੁਸ) ਹੈ। ਇਸ ਦੇ ਮਰੀਜ਼ ਸਮਾਜ ਵਿਚ ਥਾਂ ਥਾਂ ਮਿਲਦੇ ਹਨ। ਡਾ. ਬੈਚ ਅਨੁਸਾਰ ਇਹ ਵਿਅਕਤੀ ਦੂਜਿਆਂ ਪ੍ਰਤੀ ਕਬਜ਼ੇ ਦੀ ਭਾਵਨਾ ਰੱਖਦੇ ਹਨ। ਭਾਵੇਂ ਮਨੁੱਖ ਹੋਣ ਜਾਂ ਵਸਤਾਂ ਉਨ੍ਹਾਂ ਨੂੰ ਇਨ੍ਹਾਂ ਨਾਲ ਅਤਿਅੰਤ ਲਗਾਓ ਹੁੰਦਾ ਹੈ। ਜੇ ਚੀਜ਼ਾਂ ਹੋਣ ਤਾਂ ਉਨ੍ਹਾਂ ਨੂੰ ਸਾਂਭ ਸਾਂਭ ਰੱਖਦੇ ਹਨ, ਆਪਣੇ ਤੋਂ ਵੱਖ ਨਹੀਂ ਕਰਦੇ ਤੇ ਕਿਸੇ ਨਾਲ ਸਾਂਝੀਆਂ ਨਹੀਂ ਕਰਦੇ। ਜੇ ਵਿਅਕਤੀ ਹੋਣ ਤਾਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਿਚ ਰੱਖਦੇ ਹਨ, ਪਿਆਰ ਕਰਦੇ ਹਨ ਤੇ ਉਨ੍ਹਾਂ ਦਾ ਖੱਟਿਆ ਖਾਂਦੇ ਹਨ। ਉਹ ਉਨ੍ਹਾਂ ਉੱਤੇ ਆਪਣਾ ਅਧਿਕਾਰ ਜਮਾਉਂਦੇ ਹਨ ਤੇ ਆਪਣੇ ਕੰਟਰੋਲ ਵਿਚ ਰੱਖਣਾ ਚਾਹੁੰਦੇ ਹਨ। ਉਹ ਉਨ੍ਹਾਂ ਦੇ ਜੀਵਨ ਦੇ ਹਰ ਮੋੜ ਤੇ ਹਰ ਗੱਲ ਵਿਚ ਮਾਰਗ ਦਰਸ਼ਨ ਕਰਦੇ ਹਨ। ਗੱਲ ਗੱਲ ਵਿਚ ਗਲਤੀ ਕੱਢ ਕੇ ਸਮਝਾਉਂਦੇ ਰਹਿੰਦੇ ਹਨ। ਜੇ ਕੋਈ ਗਲਤੀ ਨਾ ਵੀ ਹੋਵੇ ਤਾਂ ਖੋਜ ਖੋਜ ਕੇ ਕੱਢਦੇ ਹਨ। ਉਹ ਉਨ੍ਹਾਂ ਨੂੰ ਕਦੇ ਦੂਰ ਨਹੀਂ ਜਾਣ ਦਿੰਦੇ; ਆਪਣੇ ਨੇੜੇ ਆਪਣੀ ਨਿਗਰਾਨੀ ਵਿਚ ਰੱਖਦੇ ਹਨ। ਉਹ ਉਨ੍ਹਾਂ ਨੂੰ ਸਾਰਾ ਜਹਾਨ ਆਪਣੀਆਂ ਅੱਖਾਂ ਥਾਣੀ ਦਿਖਾਉਣਾ ਚਾਹੁੰਦੇ ਹਨ। ਉਹ ਸਮਝਦੇ ਹਨ ਕਿ ਆਪ ਮੁਹਾਰੇ ਛੱਡਿਆਂ ਉਨ੍ਹਾਂ ਦੇ ਅਧਿਕਾਰ ਵਾਲੇ ਇਹ ਵਿਅਕਤੀ ਉਨ੍ਹਾਂ ਦੇ ਹੱਥੋਂ ਨਿਕਲ ਜਾਣਗੇ ਤੇ ਉਨ੍ਹਾਂ ਨਾਲੋਂ ਵਿਚਾਰਧਾਰਕ ਸਾਂਝ ਤੋੜ ਲੈਣਗੇ। ਉਹ ਸੋਚਦੇ ਹਨ ਕਿ ਧਿਆਨ ਨਾ ਰੱਖਣ `ਤੇ ਉਨ੍ਹਾਂ ਦੇ ਇਹ ਨੇੜਲੇ ਵਿਅਕਤੀ ਦੂਜਿਆਂ ਦੇ ਪ੍ਰਭਾਵ ਵਿਚ ਆ ਜਾਣਗੇ ਤੇ ਉਨ੍ਹਾਂ ਤੋਂ ਦੂਰ ਹੋ ਜਾਣਗੇ। ਦੂਰ ਹੋ ਕੇ ਇਹ ਨਾ ਉਨ੍ਹਾਂ ਦੀ ਸੇਵਾ ਕਰਨਗੇ ਤੇ ਨਾ ਉਨ੍ਹਾਂ ਲਈ ਕਮਾਈ ਕਰਨਗੇ। ਫਿਰ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਨਗੇ ਤੇ ਕਿਸੇ ਕੰਮ ਦੇ ਨਾ ਰਹਿਣਗੇ। ਇਸ ਤਰ੍ਹਾਂ ਉਨ੍ਹਾਂ ਦਾ ਮਾਣ-ਸਨਮਾਨ ਤਾਂ ਮਿੱਟੀ ਵਿਚ ਮਿਲ ਹੀ ਜਾਵੇਗਾ, ਇਸ ਦੇ ਨਾਲ ਉਨ੍ਹਾਂ ਤੋਂ ਉਨ੍ਹਾਂ ਦਾ ਇਕ ਪਰੰਪਰਾਗਤ ਕਾਰਜ ਵੀ ਖੁੱਸ ਜਾਵੇਗਾ। ਉਹ ਬੇਕਾਰ ਹੋ ਕੇ ਰੁਲ ਜਾਣਗੇ। ਘਰ ਦੇ ਕਿਸੇ ਖੁੰਜੇ ਲਾ ਦਿੱਤੇ ਜਾਣਗੇ, ਜਿੱਥੇ ਇਕੱਲਪੁਣੇ ਵਿਚ ਉਨ੍ਹਾਂ `ਤੇ ਮੱਖੀਆਂ ਭਿਣਕਣਗੀਆਂ। ਜੇ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਾ ਰਹੀ ਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਮੰਤਵ ਨਹੀਂ ਰਹੇਗਾ। ਜੇ ਇਹ ਸਭ ਇਨ੍ਹਾਂ ਲੋਕਾਂ ਦੀਆਂ ਇਹ ਸੱਚੀਆਂ ਤੇ ਨਿਰਲੇਪ ਭਾਵਨਾਵਾਂ ਹੁੰਦੀਆਂ ਤਾਂ ਇਹ ਇਕ ਲਾਭਦਾਇਕ ਲੱਛਣ ਹੁੰਦਾ, ਕਿਉਂਕਿ ਕਿਸੇ ਨਾਲ ਹਮਦਰਦੀ ਕਰ ਕੇ ਉਸ ਦਾ ਭਲਾ ਸੋਚਣਾ ਇਕ ਸੱਚਾ ਇਨਸਾਨੀ ਕੰਮ ਹੈ; ਪਰ ਚਿਕੋਰੀ ਦੇ ਮਰੀਜ਼ਾਂ ਦੇ ਪਿਆਰ ਮੁਹੱਬਤ ਤੇ ਜਿ਼ੰਮੇਵਾਰੀ ਪਿੱਛੇ ਉਨ੍ਹਾਂ ਦਾ ਸਵਾਰਥ ਛਿਪਿਆ ਹੁੰਦਾ ਹੈ। ਉਹ ਇਹ ਸਭ ਕੁਝ ਆਪਣੇ ਲਈ ਕਰਦੇ ਹਨ, ਆਪਣੇ ਮਾਤਹਿਤਾਂ ਲਈ ਨਹੀਂ ਕਰਦੇ।
ਅਜਿਹੇ ਮੰਜ਼ਰ ਕਲਪ ਕੇ ਉਹ ਆਪਣੇ ਮਾਤਹਿਤਾਂ ਨੂੰ ਛੋਟੀਆਂ ਛੋਟੀਆਂ ਗੱਲਾਂ ਬਾਰੇ ਵੇਰਵੇ-ਸਹਿਤ ਮੱਤਾਂ ਦਿੰਦੇ ਰਹਿੰਦੇ ਹਨ। ਜੇ ਕੋਈ ਨਾ ਮੰਨੇ ਤਾਂ ਉਸ `ਤੇ ਕੜਕਦੇ ਹਨ। ਉਹ ਕੁੜ੍ਹਦੇ ਹਨ, ਲੜਦੇ ਹਨ, ਨੁਕਤਾਚੀਨੀ ਕਰਦੇ ਹਨ, ਝਾੜ-ਝੰਬ ਕਰਦੇ ਹਨ ਤੇ ਹਰ ਹੀਲੇ ਆਪਣਾ ਜਾਬਤਾ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਪੂਰੀ ਤਰ੍ਹਾਂ ਬਾਗੀ ਹੋਣ `ਤੇ ਉਹ ਉਸ ਨਾਲ ਦਵੈਸ਼ ਕਰਦੇ ਹਨ, ਘ੍ਰਿਣਾ ਕਰਦੇ ਹਨ ਤੇ ਵੱਖ ਵੱਖ ਢੰਗਾਂ ਨਾਲ ਉਸ ਨੂੰ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਆਪਣੇ ਵਲ ਭਰਮਾਉਣ ਲਈ ਉਹ ਹਰ ਗੱਲ ਵਿਚ ਉਨ੍ਹਾਂ ਦਾ ਧਿਆਨ ਆਪਣੀ ਵਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਮੰਤਵ ਲਈ ਉਹ ਉੱਚੀ ਆਵਾਜ਼ ਦਾ ਪ੍ਰਯੋਗ ਕਰਦੇ ਹਨ, ਦੂਜਿਆਂ ਦੀ ਗੱਲ ਖਾਹਮਖਾਹ ਟੋਕਦੇ ਹਨ ਤੇ ਉਨ੍ਹਾਂ ਦੀ ਬਾਂਹ ਖਿੱਚ ਕੇ ਆਪਣੀ ਗੱਲ ਸੁਣਾਉਂਦੇ ਹਨ। ਉਹ ਹਰ ਅਜਿਹਾ ਪਰਪੰਚ ਘੜ੍ਹ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਪ੍ਰਧਾਨਗੀ ਬਣੀ ਰਹੇ। ਕਹਿਣ ਨੂੰ ਉਹ ਦੂਜਿਆਂ ਦਾ ਆਪਣੀ ਜਾਨ ਤੋਂ ਵੱਧ ਧਿਆਨ ਰੱਖਦੇ ਹਨ, ਪਰ ਅਸਲ ਵਿਚ ਅਜਿਹਾ ਆਪਣੀ ਧੌਂਸ ਤੇ ਸਵਾਰਥ ਲਈ ਕਰਦੇ ਹਨ। ਅਜਿਹਾ ਕਰਦੇ ਹੋਏ ਉਹ ਉਸ ਵਿਅਕਤੀ ਦੀ ਜਾਤੀ ਖੁਲ੍ਹ ਤੇ ਉਸ ਦੇ ਜਜ਼ਬਾਤ ਦਾ ਵੀ ਧਿਆਨ ਨਹੀਂ ਰੱਖਦੇ। ਉਹ ਉਸ ਨੂੰ ਇੰਨਾ ਨਪੀੜਦੇ ਹਨ ਕਿ ਉਸ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਉਹ ਘੁਟ ਕੇ ਰਹਿ ਜਾਂਦਾ ਹੈ। ਉਨ੍ਹਾਂ ਨੂੰ ਸਭ ਪਾਸੇ ਆਪ ਹੀ ਆਪ ਦਿਖਾਈ ਦਿੰਦਾ ਹੈ ਤੇ ਦੂਜਿਆਂ ਨੂੰ ਉਹ ਆਪਣੀ ਚਾਕਰੀ ਲਈ ਬਣਿਆ ਸਮਝਦੇ ਹਨ। ਗੱਲ ਕੀ, ਇਨ੍ਹਾਂ ਵਿਚ ਲਾਲਚ, ਲਾਲਸਾ ਤੇ ਕਬ਼ੇ ਦੀ ਭਾਵਨਾ ਇਸ ਕਦਰ ਪ੍ਰਧਾਨ ਹੁੰਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਵਿਚੋਂ ‘ਮੈਂ’ ਹੀ ‘ਮੈਂ’ ਟਪਕਦੀ ਹੈ; ‘ਤੂੰ’ ਹੀ ‘ਤੂੰ’ ਬਿਲਕੁਲ ਅਲੋਪ ਹੋਈ ਹੁੰਦੀ ਹੈ। ਉਨ੍ਹਾਂ ਅਧੀਨ ਪਲੇ ਵਿਅਕਤੀ ਚਰਿਤਰ ਪੱਖੋਂ ਬੌਣੇ ਰਹਿ ਜਾਂਦੇ ਹਨ, ਤੇ ਉਨ੍ਹਾਂ ਦਾ ਸਾਇਆ ਉੱਠਣ ਤੋਂ ਬਾਅਦ ਉਹ ਮੁਸ਼ਕਿਲ ਨਾਲ ਹੀ ਸੰਭਲਦੇ ਹਨ। ਚਿਕੋਰੀ ਇਨ੍ਹਾਂ ਦੋਹਾਂ ਦੇ ਬੰਧਨ ਕੱਟਦੀ ਹੈ-ਪਹਿਲਿਆਂ ਨੂੰ ਬੰਦੇ ਬਣਾ ਕੇ ਤੇ ਦੂਜਿਆਂ ਨੂੰ ਉਨ੍ਹਾਂ ਦੇ ਤਸ਼ੱਦਦ ਤੋਂ ਛੁਟਕਾਰਾ ਦਿਵਾ ਕੇ।
ਚਿਕੋਰੀ ਕਿਰਦਾਰ ਦੇ ਲੋਕ ਪੰਜਾਬ ਦੇ ਪਿੰਡਾਂ ਵਿਚ ਆਮ ਮਿਲਦੇ ਹਨ। ਘਰ ਦੇ ਮੋਹਰੀ, ਖਾਸ ਤੌਰ `ਤੇ ਕਬ਼ਾਧਾਰੀ ਮਾਂਵਾਂ, ਆਪਣੀ ਔਲਾਦ ਨੂੰ ਇਵੇਂ ਹੀ ਆਪਣੇ ਵਸ ਵਿਚ ਰੱਖਦੇ ਹਨ। ਅੱਖਾਂ ਦੀ ਘੂਰ ਨਾਲ ਉਹ ਵੱਡੇ ਵੱਡੇ ਟੱਬਰਾਂ ਨੂੰ ਸੂਈ ਦੇ ਨੱਕੇ ਵਿਚੋਂ ਦੀ ਕੱਢਦੇ ਹਨ। ਵੱਡੇ ਘਰ ਬਣਾਉਣ ਤੇ ਵੱਡੀਆਂ ਜਮੀਨਾਂ ਖਰੀਦਣ ਦੇ ਝਾਂਸੇ ਦੇ ਕੇ ਸਭ ਨੂੰ ਇੱਕਠਾ ਰੱਖਦੇ ਹਨ। ਜੋ ਜਰਾ ਜਿੰਨੀ ਵਿਦਰੋਹੀ ਸੁਰ ਕੱਢਦਾ ਹੈ, ਉਸ ਉਤੇ ਅਲੀ ਅਲੀ ਕਰ ਕੇ ਪੈ ਜਾਂਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇ ਉਨ੍ਹਾਂ ਦੀ ਸੰਤਾਨ ਉਨ੍ਹਾਂ ਦੀ ਵਾਗਡੋਰ ਵਿਚ ਰਹੇਗੀ, ਤਦੇ ਹੀ ਉਹ ਬੁਢਾਪੇ ਵਿਚ ਉਨ੍ਹਾਂ ਦੀ ਸੇਵਾ ਸੰਭਾਲ ਕਰੇਗੀ। ਉਹ ਆਪਣੇ ਇਕਮੁਠ ਪਰਿਵਾਰ ਸਹਾਰੇ ਪਿੰਡ ਵਿਚ ਦਬਦਬਾ ਕਾਇਮ ਕਰ ਲੈਂਦੇ ਹਨ, ਸਰਪੰਚ ਬਣ ਜਾਂਦੇ ਹਨ ਤੇ ਰਾਜਨੀਤੀ ਵਿਚ ਅੱਗੇ ਪੈਰ ਧਰ ਲੈਂਦੇ ਹਨ। ਉਨ੍ਹਾਂ ਦੀ ਆਪਣੀ ਗੁੱਡੀ ਤਾਂ ਚਾਰੇ ਪਾਸੇ ਚੜ੍ਹ ਜਾਂਦੀ ਹੈ, ਪਰ ਉਨ੍ਹਾਂ ਦੇ ਪਾਲੇ ਪਲੋਸਿਆਂ ਨੂੰ ਕੋਈ ਨਹੀਂ ਜਾਣਦਾ ਹੁੰਦਾ। ਉਨ੍ਹਾਂ ਦੀ ਛਤਰ ਛਾਇਆ ਵਿਚ ਰਹਿਣ ਵਾਲੇ ਆਪਣੀ ਕੋਈ ਵੱਖਰੀ ਪਛਾਣ ਨਹੀਂ ਬਣਾ ਸਕਦੇ। ਆਗਿਆਕਾਰੀ ਹੋ ਕੇ ‘ਸਤਿ ਬਚਨ’ ਕਹਿਣਾ ਉਨ੍ਹਾਂ ਦੀ ਮੁੱਖ ਖਾਸੀਅਤ ਰਹਿ ਜਾਂਦੀ ਹੈ। ਬਜੁਰਗਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਜਾਨਸ਼ੀਨ ਆਪਸੀ ਗੁਟ-ਬੰਦੀਆਂ ਵਿਚ ਪੈ ਜਾਂਦੇ ਹਨ ਤੇ ਲੜ ਝਗੜ ਕੇ ਬਿਖਰ ਜਾਂਦੇ ਹਨ।
ਇਨ੍ਹਾਂ ਸਵਾਰਥੀ ਤੇ ਸਖਤ-ਸੁਭਾਵੀ ਮਾਪਿਆਂ, ਦਾਦਿਆਂ, ਦਾਦੀਆਂ, ਪੰਚਾਂ, ਸਰਪੰਚਾਂ ਆਦਿ ਨੂੰ ਵੀ ਚਿਕੋਰੀ ਦੇਣੀ ਬਣਦੀ ਹੈ। ਇਸ ਦੇ ਸੇਵਨ ਨਾਲ ਉਹ ਆਪਣੇ ਬਾਲ ਬੱਚਿਆਂ ਦਾ ਨਿਸਵਾਰਥ ਪਾਲਣ ਪੋਸਣ ਕਰ ਸਕਣਗੇ ਤੇ ਉਨ੍ਹਾਂ ਨੂੰ ਸਹੀ-ਗਲਤ ਦੀ ਠੀਕ ਮੱਤ ਦੇ ਸਕਣਗੇ। ਇਸ ਨਾਲ ਉਹ ਆਪਣੇ ਨਿਖੇਧਾਤਮਿਕ ਸੁਭਾਅ `ਤੇ ਕਾਬੂ ਪਾ ਸਕਦੇ ਹਨ ਤੇ ਆਪਣੀ ਸੰਤਾਨ ਨੂੰ ਸੰਤੁਲਿਤ ਸਿੱਖਿਆ ਦੇ ਕੇ ਜਿ਼ੰਮੇਵਾਰ ਕਿਰਦਾਰਾਂ ਵਾਲੇ ਸ਼ਹਿਰੀ ਬਣਾ ਸਕਦੇ ਹਨ। ਇਸ ਦੇ ਸੇਵਨ ਨਾਲ ਉਹ ਉਸੇ ਕੁਦਰਤੀ ਨਿਯਮ ਦੀ ਪਾਲਣਾ ਕਰ ਸਕਦੇ ਹਨ, ਜਿਸ ਅਨੁਸਾਰ ਸਭ ਪੰਛੀ ਆਪਣੇ ਬੋਟਾਂ ਨੂੰ ਉਦੋਂ ਤੀਕ ਆਪਣੇ ਆਲ੍ਹਣਿਆਂ ਵਿਚ ਰੱਖਦੇ ਹਨ, ਜਦੋਂ ਤੀਕ ਉਹ ਆਪ ਉਡ ਕੇ ਆਪਣਾ ਭੋਜਨ ਚੁਗਣ ਦੇ ਕਾਬਲ ਹੋ ਜਾਣ। ਫਿਰ ਉਹ ਆਪਣੇ ਬੱਚਿਆਂ ਦੇ ਹਿੱਤ ਵਿਚ ਕਾਰਜ ਕਰਨ, ਉਨ੍ਹਾਂ ਵਿਚੋਂ ਆਪਣਾ ਸਹਾਰਾ ਨਾ ਭਾਲਣ।
ਕਦੇ ਕਦੇ ਤਾਂ ਇੰਜ ਲਗਦਾ ਹੈ ਜਿਵੇਂ ਕੁਝ ਸੰਤ ਮਹਾਤਮਾ ਤੇ ਗੁਰੂ ਸਾਹਿਬਾਨ ਨੂੰ ਛੱਡ ਕੇ ਪੂਰੇ ਦਾ ਪੂਰਾ ਪੰਜਾਬ ਹੀ ਸਵਾਰਥ ਦਾ ਮਰੀਜ਼ ਬਣਿਆ ਪਿਆ ਹੋਵੇ। ਇੱਥੇ ਹਰ ਮਾਂ ਆਪਣੇ ਪੁੱਤਰ ਨੂੰ ਧੀ ਨਾਲੋਂ ਵੱਧ ਪਿਆਰ ਕਰਦੀ ਹੈ। ਗਰਭ ਵਿਚ ਪਲ ਰਹੇ ਬੱਚਿਆਂ ਦੇ ਲਿੰਗ ਟੈਸਟ ਕਰਵਾਉਂਦੀ ਹੈ। ਲੜਕਾ ਹੋਵੇ ਤਾਂ ਰੱਖ ਲੈਂਦੀ ਹੈ, ਲੜਕੀ ਹੋਵੇ ਗਰਭਪਾਤ ਕਰਵਾ ਦਿੰਦੀ ਹੈ। ਪੁੱਤਰ ਨੂੰ ਉਹ ਲਾਡਾਂ ਨਾਲ ਪਾਲਦੀ ਹੈ ਤੇ ਮਲਾਈ ਦੀਆਂ ਚੂਰੀਆਂ ਖਵਾਉਂਦੀ ਹੈ, ਜਦੋਂ ਕਿ ਧੀ ਨੂੰ ਆਪਣੇ ਨਾਲ ਦੀ ਰੁੱਖੀ-ਮਿੱਸੀ ਦਿੰਦੀ ਹੈ। ਉਸ ਨੂੰ ਪਤਾ ਹੈ ਕਿ ਉਸ ਦਾ ਪੁੱਤਰ ਉਸ ਲਈ ਕਮਾਈ ਕਰੇਗਾ, ਜਦੋਂ ਕਿ ਧੀ ਵਿਆਹ ਕਰ ਕੇ ਹੋਰ ਘਰ ਭੇਜ ਦਿੱਤੀ ਜਾਵੇਗੀ। ਮਾਂ ਆਪਣੇ ਪੁੱਤਰ ਦਾ ਪਿਆਰ ਕਿਸੇ ਨਾਲ ਨਹੀਂ ਵੰਡਦੀ, ਉਸ ਦੀ ਵਹੁਟੀ ਨਾਲ ਵੀ ਨਹੀਂ। ਪੁੱਤਰ ਦੇ ਵਹੁਟੀ ਹੱਥ ਚੜ੍ਹ ਕੇ ਬਿਗਾਨਾ ਹੋਣ ਦੇ ਡਰੋਂ ਕਈ ਮਾਂਵਾਂ ਉਸ ਦਾ ਵਿਆਹ ਵੀ ਨਹੀਂ ਕਰਦੀਆਂ ਜਾਂ ਬੜਾ ਲੇਟ ਕਰਦੀਆਂ ਹਨ। ਸਭ ਮਾਂਵਾਂ ਆਪਣੇ ਪੁੱਤਰਾਂ ਦੇ ਵਿਆਹ ਤੋਂ ਬਾਅਦ ਆਪਣੀਆਂ ਨੂੰਹਾਂ ਨੂੰ ਵੀ ਆਪਣੇ ਕੰਟਰੋਲ ਵਿਚ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਉਨ੍ਹਾਂ ਨੂੰ ਆਪਣੇ ਅਨੁਸਾਰ ਚਲਾਉਂਦੀਆਂ ਹਨ ਤੇ ਆਪਣੀ ਸੇਵਾ ਵਿਚ ਲਾਉਂਦੀਆਂ ਹਨ। ਉਨ੍ਹਾਂ ਦੇ ਹਰ ਕੰਮ ਨੂੰ ਸਖਤਾਈ ਨਾਲ ਪੜਚੋਲਦੀਆਂ ਹਨ ਤੇ ਕੁਤਾਹੀ ਹੋਣ ਤੇ ਪੁੱਤਰਾਂ ਕੋਲ ਸ਼ਿਕਾਇਤਾਂ ਕਰਦੀਆਂ ਹਨ। ਉਨ੍ਹਾਂ ਦੇ ਇਸ਼ਾਰੇ `ਤੇ ਉਨ੍ਹਾਂ ਦੇ ਪੁੱਤਰ ਆਪਣੀਆਂ ਪਤਨੀਆਂ ਦੀ ਕੁਟਮਾਰ ਕਰਦੇ ਹਨ। ਮਾਂਵਾਂ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੀਆਂ ਤਾਂ ਜੋ ਉਹ ਗਵਾਂਢਣਾਂ ਦੇ ਟੇਟੇ ਨਾ ਚੜ੍ਹ ਜਾਣ। ਇੱਥੋਂ ਤੀਕ ਕਿ ਉਹ ਆਪਣੀਆਂ ਨੂੰਹਾਂ `ਤੇ ਕਸੂਤੇ ਦਾਅਵੇ ਵੀ ਕਸਦੀਆਂ ਉਸ `ਤੇ ਘਟ ਦਹੇਜ ਲਿਆਉਣ ਦੇ ਇਲਜ਼ਾਮ ਲਾਉਂਦੀਆਂ ਹਨ। ਇਸ ਕਰਕੇ ਬਹੁਤ ਵਾਰ ਉਹ ਆਪਣੇ ਪਿਆਰੇ ਨੂੰਹ-ਪੁੱਤਰਾਂ ਦੇ ਤਲਾਕ ਦਾ ਕਾਰਨ ਵੀ ਬਣਦੀਆਂ ਹਨ। ਅਜਿਹੇ ਸਵਾਰਥੀ ਕਾਰਨਾਂ ਕਰ ਕੇ ਹੀ ਕਈ ਨਵ-ਵਿਆਹੀਆਂ ਆਤਮ-ਹੱਤਿਆ ਕਰ ਲੈਂਦੀਆਂ ਹਨ ਤੇ ਸੱਸਾਂ ਦਾ ਨਾਂ ਇਸ ਜੁਰਮ-ਕਾਂਡ ਨਾਲ ਜੁੜਿਆ ਹੁੰਦਾ ਹੈ।
ਸੱਸ ਤੇ ਨੂੰਹ ਦਾ ਰਿਸ਼ਤਾ ਪੰਜਾਬੀ ਸਮਾਜਿਕ ਦਵੰਧ ਦਾ ਮਾਡਲ ਪ੍ਰਤੀਕ ਹੈ। ਬਹੁਤ ਸਾਰੇ ਲੇਖਕਾਂ, ਸਮਾਜ ਸੇਵੀਆਂ ਤੇ ਨਿਆਇਧੀਸ਼ਾਂ ਨੇ ਮਾਂ ਅਤੇ ਸੱਸ ਦੇ ਅਜ਼ਾਰੇਦਾਰੀ ਕਿਰਦਾਰ ਦਾ ਵਰਣਨ ਕੀਤਾ ਹੈ, ਪਰ ਵਰਣਨ ਕਰਨਾ ਹੋਰ ਗੱਲ ਹੈ ਤੇ ਇਲਾਜ ਕਰਨਾ ਹੋਰ। ਇਸ ਦਾ ਇਲਾਜ ਤਾਂ ਡਾ. ਨਰਿੰਦਰ ਸਿੰਘ ਕਪੂਰ ਨੇ ਆਪਣੀ ਬਹੁ-ਚਰਚਿਤ ਪੁਸਤਕ ‘ਮਾਲਾ ਮਣਕੇ’ ਵਿਚ ਵੀ ਨਹੀਂ ਦੱਸਿਆ। ਇਸ ਦਾ ਸਮਾਧਾਨ ਸਿਰਫ ਡਾ. ਬੈਚ ਦੀਆਂ ਫੁੱਲ ਦਵਾਈਆਂ ਵਿਚ ਹੈ। ਫੁੱਲ ਦਵਾਈ ਚਿਕੋਰੀ ਦੀਆਂ ਦਿਨ ਵਿਚ ਸਵੇਰੇ-ਸ਼ਾਮ ਦੋ ਖੁਰਾਕਾਂ ਦੇਣ ਨਾਲ ਇਕ ਮਹੀਨੇ ਵਿਚ ਹੀ ਸੱਸ ਆਪਣੀ ਨੂੰਹ ਨੂੰ ਬਣਦਾ ਇਨਸਾਨੀ ਸਤਿਕਾਰ ਦੇਣ ਲੱਗੇਗੀ। ਇਹ ਉਸ ਪ੍ਰਤੀ ਉਸ ਦੀ ਕਬਜ਼ੇ ਤੇ ਹਉਮੈ ਦੀ ਮਤਲਬੀ ਲਾਲਸਾ ਨੂੰ ਪਿਆਰ ਤੇ ਤਿਆਗ ਦੇ ਨਿਸਵਾਰਥ ਜਜ਼ਬੇ ਵਿਚ ਬਦਲ ਦੇਵੇਗੀ। ਇਸ ਨਾਲ ਉਹ ਸਵਾਰਥ, ਬਖੀਲੀ ਤੇ ਝਗੜਾ ਛੱਡ ਕੇ ਉਸ ਸੁਤੰਤਰਤਾ ਦਾ ਆਸ਼ੀਰਵਾਦ ਦੇਣ ਲਵੇਗੀ।
ਸੱਸ ਨੂੰਹ ਦੀ ਗੱਲ ਛੱਡੋ, ਅੱਜ ਕੱਲ੍ਹ ਤਾਂ ਨਿਜ-ਸਵਾਰਥ ਦੀ ਇਹ ਸੋਚ ਪਵਿਤਰ ਕਹੇ ਜਾਣ ਵਾਲੇ ਜਾਤੀ ਰਿਸ਼ਤਿਆਂ ਤੀਕ ਵੀ ਪਹੁੰਚ ਗਈ ਹੈ। ਦੋਸਤੀ ਪਾਉਣ ਤੋਂ ਪਹਿਲਾਂ ਅਕਸਰ ਮੁੰਡੇ-ਕੁੜੀਆਂ ਇਹ ਦੇਖਦੇ ਹਨ ਕਿ ਕਿਤੇ ਦੂਜਾ ਮਤਲਬੀ ਤਾਂ ਨਹੀਂ ਹੈ। ਮੇਰੀ ਇਕ ਤਲਾਕਸ਼ੁਦਾ ਮਰੀਜ਼ ਨੇ ਮੈਨੂੰ ਇਕ ਅਜੀਬ ਸਵਾਲ ਕੀਤਾ। ਕਹਿਣ ਲੱਗੀ, ‘ਡਾਕਟਰ ਸਾਹਿਬ, ਮੇਰਾ ਬੱਚਾ ਵੱਡਾ ਹੋ ਗਿਆ ਹੈ। ਹੁਣ ਮੈਂ ਮੁੜ ਵਿਆਹ ਕਰਵਾਉਣ ਦਾ ਮਨ ਬਣਾ ਰਹੀ ਹਾਂ। ਕੋਈ ਸਾਊ ਜਿਹਾ ਲੜਕਾ ਹੋਵੇ ਤਾਂ ਦੱਸਿਓ; ਕਮੀਨਾ ਨਾ ਹੋਵੇ ਕਿਤੇ ਗਰੀਨ ਕਾਰਡ ਲੈ ਕੇ ਚਲਦਾ ਬਣੇ।’ ਰਿਸ਼ਤਾ ਕਰਨ ਵੇਲੇ ਇਹ ਲਾਜ਼ਮੀ ਤੌਰ `ਤੇ ਦੇਖਿਆ ਜਾਂਦਾ ਹੈ ਕਿ ਲੜਕਾ ਕਿੰਨਾ ਕਮਾਊ, ਕਿੰਨਾ ਪੜ੍ਹਿਆ ਲਿਖਿਆ ਤੇ ਕਿੰਨੀ ਜਾਇਦਾਦ ਦਾ ਮਾਲਕ ਹੈ। ਉੱਧਰ ਲੜਕੇ ਵਾਲੇ ਲੜਕੀ ਦੇ ਅੰਦਰਲੇ ਇਨਸਾਨ ਨੂੰ ਵਿਸਾਰ ਕੇ ਉਸ ਦੀ ਨੌਕਰੀ ਤੇ ਚੰਗਾ ਦਹੇਜ ਲਿਆ ਸਕਣ ਦੀ ਸਮਰੱਥਾ ਨੂੰ ਦੇਖਦੇ ਹਨ। ਪਿਛਲੇ ਕੁਝ ਸਾਲਾਂ ਵਿਚ ਲੜਕਿਆਂ ਦੇ ਮਾਪੇ ਨਗਦੀ ਦਹੇਜ ਦੀ ਥਾਂ ਆਈਲੈਟਸ ਪਾਸ ਲੜਕੀਆਂ ਦੀ ਮੰਗ ਕਰਦੇ ਹਨ, ਜੋ ਉਨ੍ਹਾਂ ਦੇ ਘੱਟ ਪੜ੍ਹੇ-ਲਿਖੇ ਲੜਕਿਆਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਲੈ ਜਾਣ। ਦਹੇਜ ਮੁਕਤ ਸ਼ਾਦੀ ਤਾਂ ਹੁਣ ਕਦੇ ਕਦਾਈਂ ਅਖਬਾਰਾਂ ਵਿਚ ਹੀ ਪੜ੍ਹਨ ਨੂੰ ਮਿਲਦੀ ਹੈ। ਕੁੜੀਮਾਰਾਂ, ਨੂੰਹਮਾਰਾਂ, ਦਹੇਜ ਦੇ ਲਾਲਚੀਆਂ ਅਤੇ ਲੜਕੀਆਂ ਸਹਾਰੇ ਬਾਹਰ ਜਾਣ ਦੀ ਉਮੀਦ ਰੱਖਣ ਵਾਲੇ ਸਭ ਸਵਾਰਥੀਆਂ ਲਈ ਚਿਕੋਰੀ ਤੋਂ ਵੱਡੀ ਕੋਈ ਦਵਾਈ ਨਹੀਂ ਹੈ। ਇਹ ਉਨ੍ਹਾਂ ਦੇ ਮੂੰਹ ਤੀਕ ਕਿਵੇਂ ਪਹੁੰਚਾਉਣੀ ਹੈ, ਇਹ ਇਸ ਦੇ ਲਾਭਆਰਥੀ ਆਪ ਸੋਚਣ!
ਜਿਵੇਂ ਉੱਤੇ ਦੇਖਿਆ ਹੈ, ਫੁੱਲ ਦਵਾਈ ਚਿਕੋਰੀ ਦਾ ਅਲਾਮਤੀ ਮੁੱਖੜਾ (ੰੇਨਦਰੋਮੲ) ਬੜਾ ਗੁੰਝਲਦਾਰ ਹੈ। ਇਸ ਵਿਚ ਵੱਖ ਵੱਖ ਰੰਗਾਂ ਦੇ ਭਾ ਮਾਰਦੇ ਹਨ। ਇਸ ਦਵਾ ਨੂੰ ਵਰਤਣ ਲਈ ਕੋਈ ਵੀ ਇਕ ਅਲਾਮਤ ਜਿਵੇਂ ਸਵਾਰਥ, ਲਾਲਸਾ, ਆਪਾ ਸਿਰਜਣ ਦੀ ਚਾਹ, ਤਾਨਾਸ਼ਾਹੀ, ਜਬਤ, ਬੇਸਬਰੀ ਆਦਿ ਪਛਾਣ ਲੈਣੀ ਜਰੂਰੀ ਹੈ। ਇਸ ਦੀਆਂ ਮੁੱਖ ਨਿਸ਼ਾਨੀਆਂ ਨੂੰ ਇਕ ਵਾਰ ਫਿਰ ਹੇਠਾਂ ਇੱਕਠਾ ਕੀਤਾ ਗਿਆ ਹੈ।
1. ਇਸ ਦੇ ਮਰੀਜ਼ ਬਾਹਰੋਂ ਪਰਮਾਰਥੀ ਤੇ ਅੰਦਰੋਂ ਸਵਾਰਥੀ ਹੁੰਦੇ ਹਨ। 2. ਉਹ ਸਖਤ ਸੁਭਾਅ ਤੇ ਕਰੜੇ ਅਸੂਲਾਂ ਵਾਲੇ ਹੁੰਦੇ ਹਨ। 3. ਉਹ ਦੂਜਿਆਂ ਦੇ ਕੰਮਾਂ ਵਿਚ ਨੁਕਸ ਕੱਢਦੇ ਰਹਿੰਦੇ ਹਨ। 4. ਉਹ ਦੂਜਿਆਂ ਨੂੰ ਬਿਨ ਮੰਗੀਆਂ ਸਲਾਹਾਂ ਦਿੰਦੇ ਹਨ। 5. ਉਹ ਕਿਸੇ ਦੀ ਤਾਰੀਫ ਨਹੀਂ ਕਰਦੇ। 6. ਉਹ ਇੱਕਲੇ ਰਹਿਣਾ ਪਸੰਦ ਨਹੀਂ ਕਰਦੇ ਭਾਵ ਆਪਣੇ ਘਰਾਂ, ਬੰਦਿਆਂ ਤੇ ਚੀਜ਼ਾਂ ਨਾਲ ਜੁੜ ਕੇ ਰਹਿੰਦੇ ਹਨ। 7. ਉਹ ਪਰਿਵਾਰਕ ਜੀਆਂ ਦੇ ਨੇੜੇ ਰਹਿਣਾ ਚਾਹੁੰਦੇ ਹਨ, ਕਿਸੇ ਨੂੰ ਦੂਰ ਹੋਸਟਲ ਜਾਂ ਦੂਜੇ ਦੇਸ ਵਿਚ ਨਹੀਂ ਭੇਜਦੇ। 8. ਉਹ ਆਪਣੇ ਸਭ ਕੰਮ ਦੂਜਿਆਂ ਤੋਂ ਕਰਵਾਉਂਦੇ ਹਨ। 9. ਉਹ ਉਨ੍ਹਾਂ ਤੋਂ ਆਸਾਂ ਰੱਖਦੇ ਹਨ ਤੇ ਮੰਗਾਂ ਪਾਉਂਦੇ ਹਨ। 10. ਉਹ ਆਪਣਾ ਰੋਟੀ ਪਾਣੀ, ਚਾਹ ਤੇ ਦਵਾਈ ਵੀ ਦੂਜਿਆਂ ਹੱਥੋਂ ਲੈ ਕੇ ਖਾਂਦੇ ਹਨ। 11. ਉਹ ਜਿੱਥੇ ਜਾਂਦੇ ਹਨ, ਕਿਸੇ ਨੂੰ ਨਾਲ ਲੈ ਕੇ ਜਾਂਦੇ ਹਨ। 12. ਉਹ ਆਪਣੇ ਪਰਿਵਾਰਕ ਜਨਾਂ `ਤੇ ਜਾਨ ਵਾਰਦੇ ਹਨ। 13. ਉਨ੍ਹਾਂ ਦਾ ਪਿਆਰ ਮੁਹੱਬਤ ਮਤਲਬੀ ਤੇ ਤੋਲਵਾਂ ਹੁੰਦਾ ਹੈ। 14. ਉਹ ਆਪਣਾ ਕੰਮ ਕੱਢਣ ਲਈ ਦੂਜਿਆਂ ਨੂੰ ਭਾਵਨਾਤਮਿਕ ਬਲੈਕ-ਮੇਲ ਕਰਦੇ ਹਨ। 15. ਉਹ ਹਮਦਰਦੀ ਖੱਟਣ ਲਈ ਆਪਣੀ ਤਕਲੀਫ ਵਧਾ-ਚੜ੍ਹਾ ਕੇ ਦੱਸਦੇ ਹਨ। 16. ਉਹ ਬਹਾਨੇਬਾਜ ਹੁੰਦੇ ਹਨ ਤੇ ਬਹਾਨੇ ਲਾ ਕੇ ਆਪਣਾ ਮਤਲਬ ਕੱਢਦੇ ਹਨ। 17. ਉਹ ਦੂਜਿਆਂ ਤੋਂ ਕੰਮ ਕਰਾਉਣ ਲਈ ਰੋ ਕੇ ਉਨ੍ਹਾਂ ਦਾ ਧਿਆਨ ਖਿਚਦੇ ਹਨ। 18. ਜੇ ਦੂਜੇ ਉਨ੍ਹਾਂ ਮੁਤਾਬਿਕ ਕੰਮ ਨਾ ਕਰਨ ਤਾਂ ਉਹ ਬੁਰਾ-ਭਲਾ ਬੋਲਦੇ ਹਨ। 19. ਉਹ ਟੋਕਾ ਟਾਕੀ ਕਰ ਕੇ ਦੂਜਿਆਂ `ਤੇ ਰੋਹਬ ਪਾਉਣ ਵਾਲੇ ਹੁੰਦੇ ਹਨ। 20. ਉਹ ਸੂਮ ਹੁੰਦੇ ਹਨ ਤੇ ਆਪਣੀ ਕੋਈ ਚੀਜ਼ ਕਿਸੇ ਨੂੰ ਨਹੀਂ ਦਿੰਦੇ। 21. ਉਹ ਆਪਣੇ ਹੁਕਮ ਦੀ ਪਾਲਣਾ ਲੋਚਦੇ ਹਨ। 22. ਉਹ ਜਖੀਰੇਬਾਜ਼ ਹੁੰਦੇ ਹਨ ਅਤੇ ਬਿਨਾ ਲੋੜ ਤੋਂ ਚੀਜ਼ਾਂ ਇੱਕਠੀਆਂ ਕਰਦੇ ਹਨ। 23. ਉਹ ਪਰਮਾਰਥੀ ਨਹੀਂ ਹੁੰਦੇ, ਸਗੋਂ ਦੂਜਿਆਂ ਦਾ ਸੋਸ਼ਣ ਕਰਨ ਵਾਲੇ ਹੁੰਦੇ ਹਨ। 24. ਉਹ ਆਪਣੀ ਮਾਇਆ ਤੇ ਮਾਨ ਸਨਮਾਨ ਲਈ ਆਪਣੇ ਬੱਚਿਆਂ ਦੇ ਭਵਿੱਖ ਦੀ ਪਰਵਾਹ ਵੀ ਨਹੀਂ ਕਰਦੇ। 25. ਉਹ ਵਿਆਹ ਸ਼ਾਦੀਆਂ ਵਿਚ ਭਾਰੀ ਦਹੇਜ ਤੇ ਬਰਾਤੀਆਂ ਦੀ ਸੇਵਾ ਚਾਹੁੰਦੇ ਹਨ।
ਇਹ ਫੁੱਲ ਦਵਾਈ ਝੂਠੇ ਵਾਅਦੇ ਕਰਨ ਵਾਲੇ ਰਾਜਨੀਤਕ ਲੀਡਰਾਂ, ਰਿਸ਼ਵਤਖੋਰੀ ਮੁਲਾਜ਼ਮਾਂ, ਨਾਜਾਇਜ਼ ਧੰਦੇ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ, ਬਿਨਾ ਵਜ੍ਹਾ ਖਾਤਰਦਾਰੀ ਕਰਨ ਵਾਲੇ ਪਾਖੰਡੀਆਂ ਤੇ ਘੜੀਮੁੜੀ ਚਾਹ ਪਾਣੀ ਪੁੱਛਣ ਵਾਲੇ ਦੂਹਰੇ ਅੰਦਾਜ਼ ਵਾਲੇ ਮੇਜ਼ਮਾਨਾਂ ਸਮੇਤ ਕਿਸੇ ਨੂੰ ਵੀ ਦਿੱਤੀ ਜਾ ਸਕਦੀ ਹੈ। ਕੋਈ ਵੀ ਅਜਿਹਾ ਵਿਅਕਤੀ, ਜਿਸ ਦੀ ਮੁੱਠੀ ਖੁੱਲ੍ਹੀ ਨਹੀਂ ਹੈ, ਭਾਵ ਜੋ ਸੂਮ ਹੈ ਤੇ ਸਭ ਕੁਝ ਆਪਣੇ ਵਲ ਨੂੰ ਖਿੱਚਦਾ ਹੈ ਅਤੇ ਦੂਜਿਆਂ ਨੂੰ ਕੁਝ ਵੀ ਦੇ ਕੇ ਰਾਜੀ ਨਹੀਂ ਹੈ, ਉਸ ਨੂੰ ਇਹ ਭਰੋਸੇ ਨਾਲ ਦਿੱਤੀ ਜਾ ਸਕਦੀ ਹੈ। ਰਿਕਸ਼ੇ ਵਾਲੇ ਤੇ ਰੇਹੜੀ ਵਾਲਿਆਂ ਨਾਲ ਤੋਲ ਭਾਅ ਲਈ ਬਹਿਸਣ ਵਾਲਿਆਂ, ਰਾਹ ਚਲਦੇ ਗਲੀ ਵਿਚ ਕੂੜਾ ਸੁੱਟਣ ਵਾਲਿਆਂ ਨੂੰ ਬੁਰਾ ਭਲਾ ਕਹਿਣ ਵਾਲਿਆਂ, ਕੰਧ ਬਣਾ ਰਹੇ ਰਾਜ ਮਿਸਤਰੀਆਂ ਨਾਲ ਟੋਕਾ ਟੋਕੀ ਕਰਨ ਵਾਲੀਆਂ ਤੇ ਸਫਾਈ ਵਾਲੀਆਂ ਬੀਬੀਆਂ ਨਾਲ ਪੰਗਾ ਲੈਣ ਵਾਲੀਆਂ ਤ੍ਰੀਮਤਾਂ ਲਈ ਇਹ ਬੇਹੱਦ ਜਰੂਰੀ ਹੈ। ਇਸ ਦੇ ਲੈਣ ਨਾਲ ਇਸ ਦੇ ਮਰੀਜ਼ਾਂ ਦੀ ਮਾਨਸਿਕ ਅਵਸਥਾ ਵਿਚ ਤਵਾਜਨ ਆ ਜਾਵੇਗਾ ਤੇ ਉਹ ਫਰਾਖ-ਦਿਲ ਇਨਸਾਨਾਂ ਵਜੋਂ ਜਾਣੇ ਜਾਣ ਲਗ ਪੈਣਗੇ।
ਅਜਿਹੇ ਵਿਅਕਤੀਆਂ ਨੂੰ ਜੇ ਮਾਨਸਿਕ ਪੱਖੋਂ ਠੀਕ ਨਾ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਤਕਲੀਫਾਂ ਹੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਮੁੱਖ ਬਿਮਾਰੀਆਂ, ਕਬਜ਼, ਬਵਾਸੀਰ, ਜਿਗਰ ਦੀ ਖਰਾਬੀ, ਪਿੱਤੇ ਦੇ ਪ੍ਰਕੋਪ, ਗਠੀਆ, ਸਾਹ ਚੜ੍ਹਨਾ, ਦਮਾ, ਭੁੱਖ ਨਾ ਲਗਣਾ, ਮਿਹਦੇ ਦੀ ਖਰਾਬੀ ਤੇ ਆਂਤੜੀਆਂ ਦੇ ਫੋੜੇ ਹਨ। ਇਸ ਦਵਾਈ ਦੇ ਲਗਾਤਾਰ ਸੇਵਨ ਨਾਲ ਇਹ ਮਰੀਜ਼ ਇਨ੍ਹਾਂ ਤਕਲੀਫਾਂ ਤੋਂ ਵੀ ਨਿਜ਼ਾਤ ਪਾ ਸਕਦੇ ਹਨ। ਫਿਰ ਵੀ ਕੋਈ ਇਹ ਨਾ ਸਮਝੇ ਕਿ ਇਹ ਕਿਸੇ ਮਰਜ਼ ਦੀ ਦਵਾਈ ਹੈ। ਇਹ ਤਾਂ ਸਿਰਫ ਪੁੱਠੀ ਤੇ ਘਟੀਆ ਸੋਚ ਨੂੰ ਚੜ੍ਹਦੀ ਕਲਾ ਵਾਲੀ ਕਰਦੀ ਹੈ!