ਪਿਛਲੇ ਮੋਰਚੇ ਦੇ ਰੰਗ: ਕੌਣ ਹਰਾਊ ਇਨ੍ਹਾਂ ਨੂੰ?

ਜਗਮੀਤ ਸਿੰਘ ਪੰਧੇਰ
ਫੋਨ: 91-98783-37222
ਪੰਜਾਬ ਵਿਚ ਪਹਿਲੀ ਅਕਤੂਬਰ 2020 ਤੋਂ ਟੋਲ-ਪਲਾਜ਼ਿਆਂ, ਪੈਟਰੋਲ ਪੰਪਾਂ, ਰੇਲਵੇ ਸਟੇਸ਼ਨਾਂ ਤੋਂ ਸ਼ੁਰੂ ਹੋਇਆ ਕਿਸਾਨ ਘੋਲ ਆਪਣੀ ਨਿਰੰਤਰਤਾ ਪਿੱਛੇ ਛੱਡਦਾ ਹੋਇਆ 26 ਨਵੰਬਰ ਤੋਂ ਦਿੱਲੀ ਦੀ ਸਰਹੱਦ `ਤੇ ਪਹੁੰਚ ਗਿਆ। ਕੁਝ ਸੱਟ ਲੱਗਣ ਦੇ ਬਾਵਜੂਦ ਇਹ ਸੰਘਰਸ਼ ਮੁੜ ਸੰਭਲ ਕੇ ਫਿਰ ਪੂਰੇ ਜਲੌਅ ਨਾਲ ਚੜ੍ਹਦੀ ਕਲਾ ਵਿਚ ਠਾਠਾਂ ਮਾਰ ਰਿਹਾ ਹੈ। ਠੰਢੇ ਠਾਰ ਮੌਸਮ ਵਿਚ ਵੀ ਦਿਨੋਂ ਦਿਨ ਵਧ ਰਹੀ ਜਬਤ-ਬੱਦ ਗਿਣਤੀ, ਇਸ ਘੋਲ ਦੀ ਤਕੜਾਈ ਤੇ ਖੂਬਸੂਰਤੀ ਨੂੰ ਦਰਸਾਉਂਦੀ ਹੈ।

ਪੂਰੀ ਦੁਨੀਆਂ ਤੇ ਦੇਸ਼ ਦੇ ਹਰ ਸੂਬੇ ਅਤੇ ਹਰ ਵਰਗ ਦੇ ਲੋਕਾਂ ਦਾ ਦਿਲੋਂ ਮਿਲਿਆ ਭਰਪੂਰ ਸਹਿਯੋਗ ਮਿਸਾਲਾਂ ਪੈਦਾ ਕਰ ਰਿਹਾ ਹੈ। ਮੂਹਰਲੇ ਮੋਰਚੇ ਉੱਪਰ ਲੜ ਰਹੇ ਯੋਧਿਆਂ ਨੂੰ ਲਗਾਤਾਰ ਬਲ ਬਖਸ਼ ਰਹੇ ਨੇ ਪੰਜਾਬ ਵਿਚ ਸੌ ਤੋਂ ਵੱਧ ਥਾਂਵਾਂ ਉੱਪਰ ਨਿਰੰਤਰ ਚੱਲ ਰਹੇ ਪਿਛਲੇ ਕਿਸਾਨ ਮੋਰਚੇ। ਇਹ ਮੋਰਚੇ, ਮੁੱਖ ਮੋਰਚੇ ਦੀ ਸਪਲਾਈ ਲਾਈਨ ਨੂੰ ਹੀ ਜਾਰੀ ਨਹੀਂ ਰੱਖ ਰਹੇ, ਸਗੋਂ ਬੜੇ ਹੀ ਸੁਚੱਜੇ ਢੰਗ ਨਾਲ ਸਾਰੇ ਵਰਗਾਂ ਦੀ ਇੱਕ-ਜੁੱਟਤਾ ਦਾ ਮੁਜਾਹਰਾ ਕਰ ਰਹੇ ਹਨ। ਯਾਦਗਾਰੀ ਦਿਨ ਮਨਾ ਰਹੇ ਹਨ। ਕਿਸਾਨ ਘੋਲ ਦੇ ਸ਼ਹੀਦਾਂ ਦੇ ਪਿੰਡਾਂ ਵਿਚ ਸ਼ਰਧਾਂਜਲੀ ਭੇਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ। ਸਰਕਾਰ ਜਾਂ ਉਸ ਦੀ ਅਫਸਰਸ਼ਾਹੀ ਨੁੰ ਇਨ੍ਹਾਂ ਜਬਰੀ ਥੋਪੇ ਕਾਨੂੰਨਾਂ ਦੀ ਸਮਝ ਹੋਵੇ ਜਾਂ ਨਾ, ਪਰ ਕਿਸਾਨ ਜਥੇਬੰਦੀਆਂ ਦੀ ਯੋਗ ਅਗਵਾਈ ਸਦਕਾ ਪੰਜਾਬ ਦੇ ਬੱਚੇ ਬੱਚੇ ਨੂੰ ਇਨ੍ਹਾਂ ਕਾਨੂੰਨਾਂ ਦੀਆਂ ਜੜ੍ਹਾਂ ਦੀ ਜਾਣਕਾਰੀ ਹੈ। ਕਿਸੇ ਨਾਲ ਗੱਲ ਕਰਕੇ ਦੇਖ ਲਓ, ਪਟੱਕ ਪਟੱਕ ਜਵਾਬ ਮਿਲਦੇ ਨੇ।
ਪਿਛਲੇ ਮੋਰਚਿਆਂ (ਪੰਜਾਬ ਵਿਚਲੇ) ‘ਤੇ ਰੋਜ਼ਾਨਾ ਬਿਲਾਨਾਗਾ ਗਿਆਰਾਂ ਕੁ ਵਜੇ ਸਟੇਜ ਚਾਲੂ ਹੁੰਦੀ ਹੈ। ਰੋਜ਼ ਸਵੇਰੇ ਸਾਢੇ ਦਸ ਕੁ ਵਜੇ ਤੋਂ ਟਰੈਕਟਰਾਂ, ਟਰਾਲੀਆਂ, ਟੈਂਪੂਆਂ ਦੇ ਸ਼ੋਰ ਵਿਚ ਨਾਹਰਿਆਂ ਦੀ ਗੂੰਜ ਪੈਂਦੀ ਆਉਂਦੀ ਹੈ। ਬਜੁਰਗ, ਨੌਜੁਆਨ, ਔਰਤਾਂ, ਬੱਚੇ ਥੱਲੇ ਉੱਤਰਦੇ ਹਨ। ਤਿੰਨ-ਚਾਰ ਹੱਥ ਦੇ ਡੰਡਿਆਂ ਵਿਚ ਟੰਗੇ ਹਰੀ ਕਿਨਾਰੀ ਵਾਲੇ ਕਿਸਾਨੀ-ਝੰਡੇ ਨਾਹਰਿਆਂ ਦੇ ਨਾਲ ਹੀ ਉੱਪਰ ਥੱਲੇ ਹੁੰਦੇ ਹਨ। ਜੋਸ਼ ਠਾਠਾਂ ਮਾਰਦਾ ਹੈ। ਨਾਹਰੇ ਮਾਰਦੇ ਟੋਲੇ ਪੰਡਾਲ ਵਿਚ ਥਾਂ ਮੱਲ ਲੈਂਦੇ ਹਨ। ਸਭਨਾਂ ਦਾ ਧਿਆਨ ਸਟੇਜ ਤੋਂ ਚੱਲ ਰਹੀ ਕਾਰਵਾਈ ਵੱਲ ਖਿੱਚਿਆ ਜਾਂਦਾ ਹੈ। ਸੜਕ ਦਾ ਇੱਕ ਪਾਸਾ ਧਰਨਾਕਾਰੀਆਂ ਨੇ ਮੱਲਿਆ ਹੋਇਆ ਹੈ ਅਤੇ ਦੂਜਾ ਪਾਸਾ ਖਾਲੀ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਟ੍ਰੈਫਿਕ ਨੂੰ ਬਾਕਾਇਦਾ ਕੰਟਰੋਲ ਕਰ ਰਹੇ ਹਨ। ਲੰਘਣ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋ ਰਹੀ। ਹਾਦਸੇ ਦਾ ਕੋਈ ਖਤਰਾ ਨਹੀਂ।
“ਲਉ ਬਈ ਇਧਰ ਨੂੰ ਆਜੋ ਹੁਣ, ਚਾਹ ਵੱਲ ਨੂੰ ਨਾ ਜਾਉ, ਚਾਹ ਇੱਥੇ ਬੈਠਿਆਂ ਨੂੰ ਹੀ ਵਰਤਾਈ ਜਾਊ।” ਜਥੇਬੰਦੀ ਦੇ ਬੈਨਰਾਂ ਅਤੇ ਸ਼ਹੀਦ ਕਿਸਾਨਾਂ ਦੀਆਂ ਤਸਵੀਰਾਂ ਨਾਲ ਜੜੀ ਹੋਈ ਸਟੇਜ ਤੋਂ ਐਲਾਨ ਹੁੰਦਾ ਹੈ, ਜੈਕਾਰੇ ਤੇ ਨਾਹਰੇ ਲਗਦੇ ਹਨ, ਪੰਡਾਲ ਵਿਚ ਤਣੇ ਹੋਏ ਮੁੱਕੇ ਅਤੇ ਝੰਡੇ ਉੱਪਰ ਉੱਠਦੇ ਹਨ। ਦੋਹਾਂ ਹੱਥਾਂ ਵਿਚ ਫੜੇ ਹੋਏ ਗਰਮ ਚਾਹ ਵਾਲੇ ਗਲਾਸ ਠਰਦੇ ਹੱਥਾਂ ਨੂੰ ਨਿੱਘਾ ਕਰਦੇ ਹਨ। ਲੋਕ ਆਪ ਮੁਹਾਰੇ ਆ ਰਹੇ ਹਨ, ਇਕੱਠ ਵਧਦਾ ਜਾ ਰਿਹਾ ਹੈ। ਸ਼ਹੀਦ ਊਧਮ ਸਿੰਘ ਦੀ ਵਾਰ ਨਾਲ ਸ਼ੁਰੂਆਤ ਹੁੰਦੀ ਹੈ। ਵਾਰ ਦੇ ਸਮਾਪਤ ਹੋਣ `ਤੇ ਸਟੇਜ ਸਕੱਤਰ ਦੀ ਆਵਾਜ਼ ਆਉਂਦੀ ਹੈ, “ਹੁਣ ਇੱਕ ਛੋਟੀ ਬੱਚੀ ਗੀਤ ਪੇਸ਼ ਕਰੇਗੀ।” ਬੱਚੀ ਦੇ ਗਲ ਵਿਚ ਸੰਤ ਰਾਮ ਉਦਾਸੀ ਦੀ ਕਵਿਤਾ ਦੀਆਂ ਸਤਰਾਂ ਲਿਖ ਕੇ ਪੋਸਟਰ ਪਾਇਆ ਹੋਇਐ। ਛੋਟੀ ਬੱਚੀ ਦੀ ਬਰੀਕ ਤੇ ਤਿੱਖੀ ਆਵਾਜ਼ ਗੂੰਜਦੀ ਹੈ, “ਅਸੀਂ ਨਾਨਕ ਦੇ ਪੁੱਤ ਹਾਂ, ਖੇਤੀ ਨਹੀਂ ਛੱਡਾਂਗੇ।” ਨਾਹਰੇ ਤੇ ਜੈਕਾਰੇ ਫੇਰ ਗੂੰਜਦੇ ਨੇ।
“ਆਹ ਬਈ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਧਾਨ ਜੀ ਕਹਿੰਦੇ ਨੇ ਕਿ ਅੱਜ ਦੁੱਧ ‘ਚ ਹੀ ਪੱਤੀ ਪਾ ਲਿਓ, ਦੁੱਧ ਸੁੱਖ ਨਾਲ ਅੱਜ ਬਹੁਤਾ ‘ਕੱਠਾ ਹੋ ਗਿਆ।” ਸਟੇਜ ਤੋਂ ਆਵਾਜ਼ ਆਉਂਦੀ ਹੈ। ਫਿਰ ਪ੍ਰਧਾਨ ਜੀ ਦੀ ਵਾਰੀ ਲੱਗਦੀ ਹੈ ਅਤੇ ਉਹ ਘੋਲ ਬਾਰੇ ਤੇ ਜਥੇਬੰਦੀ ਦੇ ਅਗਲੇ ਪ੍ਰੋਗਰਾਮ ਬਾਰੇ ਦੱਸ ਕੇ ਇੱਕ ਤਾਕੀਦ ਕਰਦੇ ਹਨ, “ਤੁਹਾਡੇ ਸਾਰਿਆਂ ਨਾਲ ਇੱਕ ਸਭ ਤੋਂ ਜਰੂਰੀ ਗੱਲ ਕਰਨੀ ਹੈ ਕਿ ਜਿਹੜੇ ਬੰਦੇ ਦਿੱਲੀ ਨੂੰ ਜਾਂਦੇ ਨੇ, ਉਹ ਏਥੇ ਵਾਲੀ ਕਮੇਟੀ ਦੀ ਇਜਾਜ਼ਤ ਤੋਂ ਬਿਨਾ ਨਾ ਜਾਣ। ਕੋਈ ਵੀ ਬੰਦਾ ਇਕੱਲਾ-ਕਹਿਰਾ ਮੋਟਰ ਸਾਈਕਲ `ਤੇ ਨਾ ਜਾਵੇ। ਜਿਹੜੇ ਬੰਦੇ ਜਾਂਦੇ ਨੇ, ਉਹ ਪੂਰੇ ਜਬਤ ਵਿਚ ਰਹਿਣ। ਲੜਾਈ ਲੰਮੀ ਐ, ਜਿੱਤਣ ਵਾਸਤੇ ਸਬਰ, ਮੜਕ ਤੇ ਜਬਤ ਰੱਖਣੇ ਬਹੁਤ ਜਰੂਰੀ ਨੇ।”
ਸਟੇਜ ਸਕੱਤਰ ਫਿਰ ਮਾਈਕ `ਤੇ ਹੈ, “ਹਾਂ ਬਈ ਇਕ ਹੋਰ ਸੂਚਨਾ ਐ ਕਿ ਅੱਜ ਰੋਟੀ ਘੱਟ ਖਾਇਓ, ਕਿਉਂਕਿ ਅੱਜ ਲਾਗਲੇ ਪਿੰਡੋਂ ਪ੍ਰਸ਼ਾਦ ਤੇ ਪਕੌੜਿਆਂ ਦਾ ਲੰਗਰ ਵੀ ਪਹੁੰਚ ਗਿਐ, ਕੱਲ੍ਹ ਨੂੰ ਕਹਿੰਦੇ ਐ ਬਈ ਖੀਰ ਤੇ ਕੇਲੇ ਆਉਣੇ ਨੇ ਮੰਡੀ ਆਲਿਆਂ ਵੱਲੋਂ।” ਹੈ ਕੋਈ ਜਵਾਬ ਏਸ ਜਜ਼ਬੇ ਦਾ? ਕੌਣ ਹਰਾਊ ਇਨ੍ਹਾਂ ਨੂੰ? ਅੱਡ ਅੱਡ ਪਿੰਡਾਂ ਵਿਚੋਂ ਪਹੁੰਚੇ ਦੁੱਧ, ਚਾਹ-ਪੱਤੀ, ਗੁੜ, ਲੌਂਗ-ਇਲੈਚੀਆਂ, ਸਰਫ, ਪਾਣੀ ਦੀਆਂ ਬੋਤਲਾਂ, ਆਦਿ ਦਾ ਵੇਰਵਾ ਬੋਲਿਆ ਜਾਂਦਾ ਹੈ। ਮਾਇਆ ਦੇ ਰੂਪ ਵਿਚ ਇਕੱਠੇ ਹੋ ਰਹੇ ਦਾਨ ਦਾ ਵੇਰਵਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਦੱਸਿਆ ਜਾਂਦਾ ਹੈ।
ਸਟੇਜ ਤੋਂ ਫੇਰ ਆਵਾਜ਼ ਆਉਂਦੀ ਹੈ, “ਹਾਂ ਜੀ, ਇੱਕ ਜਰੂਰੀ ਬੇਨਤੀ ਐ ਕਿ ਅੱਜ ਬੁਲਾਰੇ ਬਹੁਤੇ ਹੋ`ਗੇ, ਏਸ ਕਰਕੇ ਸਮੇਂ ਦਾ ਧਿਆਨ ਰੱਖਿਆ ਜਾਵੇ। ਹੁਣ ਇੱਕ ਛੋਟਾ ਜਿਹਾ ਬੱਚਾ ਨਾਹਰੇ ਲਾਏਗਾ, ਗੱਜ ਵੱਜ ਕੇ ਜਵਾਬ ਦਿਓ।” ਨਾਹਰਿਆਂ ਦਾ ਜਵਾਬ ਦੇਣ ਲਈ ਸਾਰਾ ਪੰਡਾਲ ਸਤਰਕ ਹੋ ਜਾਂਦਾ ਹੈ। ਬਾਰੀਕ ਜਿਹੀ ਆਵਾਜ਼ ਨੁੰ ਗਰਜਵਾਂ ਹੁੰਗਾਰਾ ਮਿਲਦਾ ਹੈ। ਫਿਰ ਦਿੱਲੀ ਤੋਂ ਪਰਤੇ ਯੋਧੇ ਯੁੱਧ ਦੇ ਮੈਦਾਨ ਦੀਆਂ ਗੱਲਾਂ ਸਟੇਜ ਤੋਂ ਸੁਣਾਉਂਦੇ ਨੇ ਤਾਂ ਪੰਡਾਲ ਵਿਚ ਸੁੰਨ ਵਰਤ ਜਾਂਦੀ ਹੈ।
ਖੁਦ ਸਮਾਂ ਮੰਗ ਕੇ ਇੱਕ ਬਜੁਰਗ ਬੋਲਣ ਲੱਗਦਾ ਹੈ, “ਮੈਂ ਕਦੇ ਬੋਲਿਆ ਤਾਂ ਹੈ ਨ੍ਹੀਂ ਭਾਈ, ਪਰ ਅੱਜ ਰਿਹਾ ਨ੍ਹੀਂ ਗਿਆ। ਆਹ ਵੋਟਾਂ ਆਲਿਆਂ ਮਗਰ ਹੀ ਲੱਗਿਆ ਰਿਹਾਂ, ਸਾਰੀ ਉਮਰ ਕੱਢ`ਤੀ, ਪਰ ਹੁਣ ਨ੍ਹੀਂ। ਜਿੰਨੀ ਕੁ ਰਹਿੰਦੀ ਐ, ਉਹ ਥੋਡੇ ਨਾਲ ਕੱਢੂੰਗਾ।” ਤਜਰਬੇਕਾਰ, ਕੱਚ-ਘਰੜ ਤੇ ਬਿਲਕੁਲ ਅਣਜਾਣ ਬੁਲਾਰਿਆਂ ਦਾ ਸੁਮੇਲ, ਪ੍ਰੋਗਰਾਮ ਨੂੰ ਹੋਰ ਵੀ ਰੌਚਕ ਬਣਾਉਂਦਾ ਹੈ।
ਇੱਕ ਅੱਧਖੜ ਉਮਰ ਦਾ ਸਿੱਖੀ-ਸਰੂਪ ਵਿਅਕਤੀ ਮਾਈਕ ਸਾਹਮਣੇ ਆਉਂਦਾ ਹੈ, “ਮੈਂ ਭਾਈ ਕੀਰਤਨ ਤਾਂ ਹਰ ਰੋਜ਼ ਈ ਕਰਦਾਂ, ਪਰ ਖੜ੍ਹ ਕੇ ਪਹਿਲੀ ਵਾਰ ਬੋਲਣ ਲੱਗਿਆਂ। ਆਹ ਜਿਹੜੇ ਕੇਂਦਰ ਆਲੇ ਨੇ, ਇਹ ਭਾਈ ਪੰਜਾਬ ਦਾ ਖਾਤਮਾ ਈ ਲੋੜਦੇ ਐ। ਮੈਂ ਤਾਂ ਭਾਈ ਹਰ ਰੋਜ਼ ਸਵੇਰੇ ਸਪੀਕਰ ‘ਚ ਐਸ ਚਲਦੇ ਘੋਲ ਬਾਰੇ ਕੁਸ ਨਾ ਕੁਸ ਜਰੂਰ ਬੋਲਦਾਂ।”
ਇੱਕ ਹੋਰ ਬੁਲਾਰਾ ਮਾਈਕ ਉੱਤੇ ਹੈ, “ਮੈਂ ਤਾਂ ਭਰਾਵੋ ਮਿਸਤਰੀ ਆਂ। ਦਿਹਾੜੀ ਕਰਦਾਂ। ਕਦੇ ਸਟੇਜ `ਤੇ ਬੋਲਿਆ ਵੀ ਨਹੀਂ, ਪਰ ਅਖਬਾਰ ਜਰੂਰ ਪੜ੍ਹ ਲੈਨਾਂ। ਜਿੰਨਾ ਪੰਜਾਬ ਨਾਲ ਧੱਕਾ ਹੋ ਰਿਹੈ, ਇਹ ਬਹੁਤ ਨਾਜਾਇਜ਼ ਐ। ਜੇ ਜੱਟ ਮਰ ਗਿਆ ਤਾਂ ਮੰਨੋ ਆਪਾਂ ਸਾਰੇ ਮਰ`ਗੇ।”
ਫਿਰ ਜਥੇਬੰਦੀ ਦੇ ਝੰਡਿਆਂ ਬਾਰੇ ਅਨਾੳਂੂਸਮੈਂਟ ਹੁੰਦੀ ਹੈ, “ਜਥੇਬੰਦੀ ਦੇ ਝੰਡਿਆਂ ਦੀ ਮੰਗ ਬਹੁਤ ਵਧ ਗਈ ਹੈ। ਭਰਾਵੋ, ਅਸੀਂ ਬਹੁਤ ਛੇਤੀ ਹੋਰ ਝੰਡੇ ਤਿਆਰ ਕਰਵਾ ਰਹੇ ਹਾਂ, ਪਰ ਬਣ ਚੱਕੀਆਂ ਪਿੰਡ ਇਕਾਈਆਂ ਦੇ ਜਿੰਮੇਵਾਰ ਆਗੂਆਂ ਨੂੰ ਹੀ ਝੰਡੇ ਤੇ ਬੈਜ ਦਿੱਤੇ ਜਾਣਗੇ। ਝੰਡਿਆਂ ਦੀ ਗਲਤ ਵਰਤੋਂ ਕਰਨ ਵਾਲਿਆਂ ਨਾਲ ਸਖਤ ਕਾਰਵਾਈ ਕੀਤੀ ਜਾਵੇਗੀ।”
ਪੌਣੇ ਤਿੰਨ ਕੁ ਵੱਜਣ ਲਗਦੇ ਨੇ ਤਾਂ ਤਿੰਨ ਜਾਂ ਚਾਰ ਪਿੰਡਾਂ ਦੇ ਨਾਂ ਬੋਲੇ ਜਾਂਦੇ ਹਨ, ਜਿਨ੍ਹਾਂ ਦੀ ਰਾਤ ਦੀ ਡਿਊਟੀ ਲਾਈ ਹੁੰਦੀ ਹੈ। ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਾਹਰੇ, ਜੈਕਾਰਿਆਂ ਨਾਲ ਸਮਾਪਤੀ ਕੀਤੀ ਤਾਂ ਜਾਂਦੀ ਹੈ, ਪਰ ਕਿਸੇ ਦਾ ਮਨ ਉਥੋਂ ਜਾਣ ਨੂੰ ਨਹੀਂ ਕਰਦਾ। ਤਾਂ ਵੀ “ਕੱਲ੍ਹ ਨੂੰ ਫੇਰ ਆਵਾਂਗੇ” ਧਾਰ ਕੇ ਸਾਰੇ ਤੁਰ ਪੈਂਦੇ ਹਨ। ‘ਨਹੀਂ ਰੀਸਾਂ’ ਕੌਣ ਹਰਾਊ ਇਨ੍ਹਾਂ ਨੂੰ?