ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਪਹੰੁਚ ਤੇ ਪ੍ਰਤੀਬੱਧਤਾ

ਗੁਲਜ਼ਾਰ ਸਿੰਘ ਸੰਧੂ
ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜ ਕਾਲ ਦੇ ਚਾਰ ਸਾਲ ਪੂਰੇ ਹੋਣ ਉਤੇ ਹੋਰਨਾਂ ਗੱਲਾਂ ਤੋਂ ਬਿਨਾ ਕਿਸਾਨਾਂ ਨਾਲ ਭਰਵੀਂ ਸਹਿਮਤੀ ਪ੍ਰਗਟ ਕੀਤੀ ਹੈ। ਇਥੋਂ ਤੱਕ ਕਿ ਜੇ ਪੰਜਾਬ ਦੇ ਰਾਜਪਾਲ ਪੰਜਾਬ ਸਰਕਾਰ ਵਲੋਂ ਸੁਝਾਈਆਂ ਤਜਵੀਜ਼ਾਂ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਨਹੀਂ ਭੇਜਦੇ ਤਾਂ ਉਹ ਸੁਪਰੀਮ ਕੋਰਟ ਦਾ ਬੂਹਾ ਖੜਕਾਉਣ ਤੋਂ ਪ੍ਰਹੇਜ਼ ਨਹੀਂ ਕਰਨਗੇ। ਦੇਸ਼ ਭਰਦੇ ਕਿਸਾਨ ਦਿੱਲੀ ਬਾਰਡਰ ਉੱਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਡਟੇ ਹੋਏ ਹਨ। ਇਹ ਗੱਲ ਜਗ ਜਾਹਰ ਹੈ ਕਿ ਅਜਿਹਾ ਬਾਨ੍ਹਣੂੰ ਬੰਨ੍ਹਣ ਵਿਚ ਵੀ ਪਹਿਲਕਦਮੀ ਪੰਜਾਬ ਦੇ ਕਿਸਾਨਾਂ ਹੀ ਕੀਤੀ ਸੀ।

ਹੁਣ ਮੱੁਖ ਮੰਤਰੀ ਦਾ ਸੱਜਰਾ ਫੈਸਲਾ ਦੇਸ਼ ਦੇ ਬਾਕੀ ਰਾਜਾਂ ਦੇ ਕਿਸਾਨਾਂ ਲਈ ਵੀ ਰਾਹ ਦਿਸੇਰਾ ਹੋ ਸਕਦਾ ਹੈ। ਸਾਡਾ ਦੇਸ਼ ਅਨੇਕਤਾ ਵਿਚ ਏਕਤਾ ਲਈ ਜਾਣਿਆ ਜਾਂਦਾ ਹੈ। ਸਾਰੇ ਦੇਸ਼ ਦੀ ਆਰਥਿਕਤਾ ਮੱੁਖ ਤੌਰ ’ਤੇ ਖੇਤੀ ਉੱਤੇ ਨਿਰਭਰ ਹੈ, ਪਰ ਸਾਰੇ ਰਾਜਾਂ ਦਾ ਪੌਣ ਪਾਣੀ ਤੇ ਮਿੱਟੀ ਵੱਖਰੇ ਹੋਣ ਕਾਰਨ ਕਿਸੇ ਰਾਜ ਵਿਚ ਧਾਨ ਬਹੁਤੇ ਹੰੁਦੇ ਹਨ, ਕਿਸੇ ਵਿਚ ਕਣਕ ਤੇ ਕਪਾਹ ਅਤੇ ਕਿਸੇ ਹੋਰ ਵਿਚ ਨਾਰੀਅਲ ਜਾਂ ਫਲ। ਸੰਵਿਧਾਨ ਵਿਚ ਵੀ ਖੇਤੀ ਦਾ ਵਿਸ਼ਾ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿਚ ਰੱਖਿਆ ਗਿਆ ਹੈ, ਤਾਂ ਕਿ ਹਰ ਰਾਜ ਆਪੋ ਆਪਣੀ ਫਸਲ ਵਿਚ ਵਾਧਾ ਕਰਕੇ ਦੇਸ਼ ਦੀ ਸਮੱੁਚੀ ਵਸੋਂ ਨੂੰ ਸੰਤੁਸ਼ਟ ਰਖਣ ਲਈ ਆਪੋ-ਆਪਣੇ ਢੰਗ ਤਰੀਕੇ ਵਰਤਣ। ਕੇਂਦਰ ਦਾ ਇਸ ਵਿਚ ਦਖਲ ਕਿਸੇ ਤਰ੍ਹਾਂ ਵੀ ਵਾਜਬ ਨਹੀਂ। ਸਭ ਧਿਰਾਂ ਨੂੰ ਇਸ ਉੱਤੇ ਪਹਿਰਾ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਮੱੁਖ ਮੰਤਰੀ ਪੰਜਾਬ ਦੀ ਪਹੰੁਚ ਸੰਵਿਧਾਨ ਦੀ ਪਾਲਣਾ ਕਰਨ ਦੇ ਨਾਲ ਨਾਲ ਬਾਕੀ ਰਾਜਾਂ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕਰਦੀ ਹੈ। ਇਹ ਗੱਲ ਦੁਹਰਾਉਣ ਦੀ ਲੋੜ ਨਹੀਂ ਕਿ ਕਿਸਾਨੀ ਹਿੱਤਾਂ ਨੂੰ ਵੱਡੇ ਧਨੀਆਂ ਜਾਂ ਕਾਰਪੋਰੇਟਾਂ ਦੇ ਪੱਲੇ ਪਾਉਣਾ ਕਿਸਾਨੀ ਤੇ ਇਹਦੇ ਨਾਲ ਸੰਬੰਧਤ ਬਾਕੀ ਕਾਰੋਬਾਰੀਆਂ ਤੇ ਕਿਰਤੀਆਂ ਨਾਲ ਅਨਿਆਂ ਕਰਨਾ ਹੈ। ਅਜੋਕੀ ਸਥਿਤੀ ਤਾਂ ਜਗਵਿੰਦਰ ਜੋਧਾ ਦੇ ਸ਼ਿਅਰ ਵਰਗੀ ਹੈ:
ਛਣਕ ਪਏ ਸਿੱਕੇ ਕਈ
ਸੌਦਾਗਰਾਂ ਦੀ ਜੇਬ ਵਿਚ,
ਤਾਕ `ਤੇ ਧਰਿਆ ਵਿਕਾਊ ਵੇਖ ਕੇ
ਮੁਫਲਸ ਦਾ ਮਾਲ।
ਇਥੇ ਸੌਦਾਗਰਾਂ ਦਾ ਭਾਵ ਅਡਾਨੀ-ਅੰਬਾਨੀ ਹਨ ਤੇ ਮੁਫਲਸ ਦਾ ਕਿਸਾਨ-ਮਜ਼ਦੂਰ। ਸਿਰਫ ਡੱਟੇ ਰਹਿਣ ਦੀ ਲੋੜ ਹੈ, ਜੇ ਇਕ ਸੌ ਦਸ ਸਾਲ ਪਹਿਲਾਂ ਗੋਰੀ ਸਰਕਾਰ ਵਲੋਂ ਪਾਸ ਕੀਤੇ ਅਜਿਹੇ ਕਾਨੂੰਨਾਂ ਨੂੰ ਖਟਕੜ ਕਲਾਂ ਦਾ ਅਜੀਤ ਸਿੰਘ ਕਿਸਾਨਾਂ ਦਾ ਮੋਰਚਾ ਲਵਾ ਕੇ ਰੱਦ ਕਰਵਾ ਸਕਦਾ ਸੀ ਤਾਂ ਅੱਜ ਦੇ ਕਿਸਾਨ ਕੁਰਾਹੇ ਤੁਰੀ ਆਪਣੀ ਸਰਕਾਰ ਤੋਂ ਕਿਉਂ ਨਹੀਂ ਕਰਵਾ ਸਕਦੇ? ਪੰਜਾਬ ਦੇ ਮੱੁਖ ਮੰਤਰੀ ਦਾ ਐਲਾਨ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਦਾ ਮਾਰਗ ਦਰਸ਼ਕ ਬਣੇਗਾ। ਪੰਜਾਬੀ ਪਹਿਲਕਦਮੀ ਜ਼ਿੰਦਾਬਾਦ।
ਮੋਟਰਕਾਰਾਂ ਵਿਚ ਜੀ. ਪੀ. ਐਸ. ਪ੍ਰਣਾਲੀ: ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਇਕ ਸਾਲ ਦੇ ਅੰਦਰ ਭਾਰਤ ਵਿਚ ਚਲ ਰਹੇ ਟੋਲ ਪਲਾਜ਼ਿਆਂ ਨੂੰ ਖਤਮ ਕਰਕੇ ਜੀ. ਪੀ. ਐਸ. ਪ੍ਰਣਾਲੀ ਦੁਆਰਾ ਟੋਲ ਕੱਟਣ ਦੀ ਵਿਧੀ ਚਾਲੂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਐਲਾਨ ਨੇ ਮੈਨੂੰ ਆਪਣੀ ਪੱਛਮੀ ਦੇਸ਼ਾਂ ਦੀ ਯਾਤਰਾ ਚੇਤੇ ਕਰਵਾ ਦਿੱਤੀ ਹੈ। ਮੈਂ 1980 ਵਿਚ ਅਮਰੀਕਾ ਫੇਰੀ ਉੱਤੇ ਗਿਆ ਤਾਂ ਕਾਰ ਡਰਾਈਵਰ ਦੀ ਆਗਿਆ ਨਾਲ ਆਪਣੀ ਸੀਟ ਉੱਤੇ ਸੌਂ ਗਿਆ। ਜਦ ਮੇਰੀ ਅੱਖ ਖੁੱਲ੍ਹੀ ਤਾਂ ਡਰਾਈਵਰ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਕਾਰ ਵਿਚ ਸਿਰਫ ਮੈਂ ਤੇ ਮੇਰਾ ਡਰਾਈਵਰ ਸਾਂ। ਮੈਂ ਭੁਚਲਾ ਗਿਆ। ਉਸ ਨੇ ਦੱਸਿਆ ਕਿ ਉਹ ਆਪਣੇ ਤੋਂ ਤਿੰਨ ਗੱਡੀਆਂ ਅੱਗੇ ਵਾਲੇ ਡਰਾਈਵਰ ਨਾਲ ਗੱਲਾਂ ਕਰ ਰਿਹਾ ਹੈ। ਉਨ੍ਹਾਂ ਦੀ ਗੱਲਬਾਤ ਖਤਮ ਹੋਣ ’ਤੇ ਮੈਨੂੰ ਆਪਣੀ ਗੰੁਝਲ ਦਾ ਉੱਤਰ ਮਿਲਿਆ। ਉਸ ਦੀ ਕਾਰ ਵਿਚ ਅਜਿਹਾ ਯੰਤਰ ਸੀ, ਜਿਸ ਨਾਲ ਉਹ ਕਿਸੇ ਅੱਧਾ ਮੀਲ ਅੱਗੇ ਜਾਂ ਪਿੱਛੇ ਵਾਲੀ ਕਾਰ ਦੇ ਡਰਾਈਵਰ ਨਾਲ ਵਾਰਤਾਲਾਪ ਕਰ ਸਕਦਾ ਸੀ। ਉਸ ਨੇ ਤਿੰਨ ਗੱਡੀਆਂ ਅੱਗੇ ਵਾਲਾ ਡਰਾਈਵਰ ਇਸ ਲਈ ਚੁਣਿਆ ਸੀ ਕਿ ਵਿਚਕਾਰਲੀਆਂ ਦੋ ਕਾਰਾਂ ਦੇ ਡਰਾਈਵਰ ਪਹਿਲਾਂ ਹੀ ਆਪਣੀ ਪਸੰਦ ਦੇ ਸੰਪਰਕ ਬਣਾ ਚੁਕੇ ਸਨ। ਅਜਿਹਾ ਸੰਪਰਕ ਇਸ ਲਈ ਬਣਾਇਆ ਜਾਂਦਾ ਹੈ ਕਿ ਕਾਰ ਚਲਾਉਂਦੇ ਸਮੇਂ ਨੀਂਦ ਨਾ ਆਵੇ ਤੇ ਗੱਲਾਂਬਾਤਾਂ ਵਿਚ ਦਿਲ ਵੀ ਲੱਗਾ ਰਹੇ। ਉਦੋਂ ਮੈਨੂੰ ਚੇਤੇ ਆਇਆ ਕਿ ਮੈਨੂੰ ਮੇਰੇ ਨਾਨਕਿਆਂ ਤੋਂ ਆਪਣੇ ਸਹੁਰੇ ਲਿਜਾਂਦੀ ਮੇਰੀ ਮਾਂ ਨੇ ਜਿੰਨਾ ਵੀ ਪੈਂਡਾ ਤੁਰ ਕੇ ਜਾਣਾ ਹੰੁਦਾ, ਕਿਸੇ ਨਾ ਕਿਸੇ ਰਾਹੀ ਨਾਲ ਗੱਲਾਂ ਕਰਨ ਦੀ ਵਿਧੀ ਬਣਾ ਲੈਂਦੀ ਸੀ। ਮੇਰੀ ਮਾਂ ਨੇ ਆਪਣੇ ਮਾਪਿਆਂ ਦੇ ਪਿੰਡ ਤੋਂ ਖੰਨਾ ਮੰਡੀ ਤੱਕ ਤੇ ਫਿਰ ਬੰਗਾ ਤੋਂ ਸਹੁਰੇ ਪਿੰਡ ਤੱਕ ਤੁਰ ਕੇ ਜਾਣਾ ਹੰੁਦਾ ਸੀ। ਅਮਰੀਕਾ ਵਾਲਿਆਂ ਨੇ ਸਾਡੇ ਦਾਦੇ-ਦਾਦੀਆਂ ਦੀ ਨਕਲ ਮਾਰੀ ਹੈ!
ਜੀ. ਪੀ. ਐਸ ਪ੍ਰਣਾਲੀ ਲੱਭਣ ਵਿਚ ਪੱਛਮੀ ਦੇਸ਼ ਹੋਰ ਅੱਗੇ ਵਧ ਰਹੇ ਹਨ। ਇਹ ਅਜਿਹੀ ਪ੍ਰਣਾਲੀ ਹੈ, ਜਿਸ ਦੇ ਕਾਰ ਵਿਚ ਲੱਗੀ ਹੋਣ ਨਾਲ ਲੰਮੇ ਪੈਂਡੇ ਜਾਂਦਿਆਂ ਡਰਾਈਵਰ ਨੂੰ ਕਿਸੇ ਤੋਂ ਰਸਤਾ ਪੱੁਛਣ ਦੀ ਲੋੜ ਨਹੀਂ ਪੈਂਦੀ। ਕਾਰ ਵਾਲਾ ਯੰਤਰ ਆਪਣੇ ਆਪ ਹੀ ਮਾਰਗ ਦਰਸ਼ਕ ਦਾ ਕੰਮ ਕਰਦਾ ਹੈ। ਇਹਦੇ ਰਾਹੀਂ ਟੋਲ ਕੱਟਣਾ ਨਵੀਂ ਵਿਧੀ ਹੈ। ਇਸ ਦਾ ਸਵਾਗਤ ਕਰਨਾ ਬਣਦਾ ਹੈ, ਕਿਉਂਕਿ ਇਸ ਨਾਲ ਟੋਲ ਪਲਾਜ਼ੇ ਉੱਤੇ ਇੰਤਜ਼ਾਰ ਕਰਨ ਦਾ ਸਮਾਂ ਤੇ ਖਜਾਲਤ ਨਹੀਂ ਹੰੁਦੀ। ਸਪਸ਼ਟ ਹੈ ਕਿ ਨਵੀਆਂ ਕਾਰਾਂ ਵਿਚ ਕੰਪਨੀਆਂ ਵਾਲੇ ਇਹ ਵਿਧੀ ਵੇਚਣ ਤੋਂ ਪਹਿਲਾਂ ਹੀ ਲਵਾ ਕੇ ਦੇਣਗੇ ਤੇ ਪੁਰਾਣੀਆਂ ਕਾਰਾਂ ਵਾਲਿਆਂ ਨੂੰ ਖੁਦ ਲਵਾਉਣੀ ਪਵੇਗੀ। ਇਹ ਵੀ ਹੋ ਸਕਦਾ ਹੈ ਕਿ ਭਾਰਤ ਦੀ ਸਰਕਾਰ ਨੂੰ ਇਸ ਵਿਧੀ ਦੇ ਰਾਹ ਤੋਰਨ ਵਾਲਾ ਅਜੋਕਾ ਕਿਸਾਨ ਅੰਦੋਲਨ ਹੋਵੇ, ਕਿਉਂਕਿ ਇਸ ਨੇ ਟੋਲ ਪਲਾਜ਼ੇ ਪਹਿਲਾਂ ਹੀ ਖਤਮ ਕਰਵਾ ਛੱਡੇ ਹਨ। ਕੱਲ ਨੂੰ ਇਹ ਵੀ ਸੰਭਵ ਹੈ ਕਿ ਕੇਂਦਰ ਦੀ ਸਰਕਾਰ ਨੂੰ ਜੀ. ਪੀ. ਐਸ. ਵਰਗੀ ਸੁਮੱਤ ਬਖਸ਼ਣ ਵਾਲਾ ਚਾਨਣ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਿਚ ਵੀ ਕੰਮ ਆਵੇ। ਕਿਸਾਨ ਅੰਦੋਲਨ ਜ਼ਿੰਦਾਬਾਦ!
ਅੰਤਿਕਾ: (ਦੀਵਾਨ ਸਿੰਘ)
ਜਦੋਂ ਤੱਕ ਦਮ ’ਚ ਦਮ ਬਾਕੀ ਰਹੇਗਾ,
ਮੇਰੇ ਨੈਣ ’ਚ ਨਮ ਬਾਕੀ ਰਹੇਗਾ।
ਮਿਲੇਗੀ ਲਾਸ਼ ਮੰਜ਼ਿਲ ਕੋਲ ਮੇਰੀ,
ਕੋਈ ਇੱਕ ਅੱਧ ਕਦਮ ਬਾਕੀ ਰਹੇਗਾ।