ਆਹ ਜਾਂਦੀ ਐ ਪੈੜ…

ਅੰਮ੍ਰਿਤ ਕੌਰ ਸ਼ੇਰਗਿੱਲ
ਬਡਰੁੱਖਾਂ, ਸੰਗਰੂਰ
ਫੋਨ: 91-98767-14004
ਜੈਲਾ ਸਾਰਾ ਦਿਨ ਤੁਰਿਆ ਰਹਿੰਦਾ। ਪਤਾ ਨਹੀਂ ਕਿਹੜੇ ਵੇਲੇ ਖਾਂਦਾ-ਪੀਂਦਾ, ਕੁਝ ਖਾਂਦਾ-ਪੀਂਦਾ ਵੀ ਜਾਂ ਨਹੀਂ। ਬਹੁਤੇ ਲੋਕ ਤਾਂ ਉਸ ਨੂੰ ਦੇਖ ਕੇ ਰਾਹ ਬਦਲ ਕੇ ਲੰਘ ਜਾਂਦੇ। ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ। ਉਹ ਆਪਣੇ ਕੋਲ ਇੱਕ ਝੋਲਾ ਰੱਖਦਾ। ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਰੱਖੇ ਸਨ। ਜੇ ਕੋਈ ਉਸ ਨੂੰ ਬੁਲਾ ਲੈਂਦਾ ਤਾਂ ਉਹ ਆਪਣੇ ਝੋਲੇ ਵਿਚੋਂ ਅਖਬਾਰ ਕੱਢਦਾ। ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ, ਦੂਜੀ ਨੂੰ ਰੱਖਦਾ;

ਦੂਜੀ ਨੂੰ ਚੁੱਕਦਾ, ਪਹਿਲੀ ਨੂੰ ਰੱਖਦਾ ਜਿਵੇਂ ਤੁਰਨ ਵੇਲੇ ਕਦਮ ਪੁੱਟੀਦੇ ਨੇ ਵਾਰ-ਵਾਰ ਇਹੀ ਬੋਲਦਾ, “ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ…।” ਫਿਰ ਇੱਕ ਥਾਂ `ਤੇ ਰੁਕ ਜਾਂਦਾ, ਅੱਗੇ ਕੁਝ ਵੀ ਨਾ ਬੋਲਦਾ, ਬੱਸ ਦੂਜੇ ਵਿਅਕਤੀ ਦੇ ਮੂੰਹ ਵੱਲ ਦੇਖਦਾ। ਗੱਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਤਾਂ ਉਸ ਦਾ ਜੀਅ ਕਾਹਲਾ ਪੈਂਦਾ ਅਤੇ ਉਹ ਇੱਕ ਹੱਥ ਨਾਲ ਝੋਲਾ ਸੰਭਾਲਦਾ ਅਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਭਰ ਲੈਂਦਾ ਬੁੜਬੁੜ ਕਰਦਾ ਅੱਗੇ ਲੰਘ ਜਾਂਦਾ।
ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਦਿਮਾਗ ਖਰਾਬ ਕਰ ਦਿੱਤਾ। ਕੋਈ ਆਖਦਾ ਨੌਕਰੀ ਨਹੀਂ ਮਿਲੀ, ਪਾਗਲ ਹੋ ਗਿਆ। ਵਿਚੋਂ ਹੀ ਕੋਈ ਸਿਆਣਾ ਬਜੁਰਗ ਦੱਸਦਾ, “ਨੌਕਰੀ ਤਾਂ ਮਿਲ ਗਈ ਸੀ, ਛੱਡ ਕੇ ਆ ਗਿਆ…ਏਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ, ਪਤਾ ਨਹੀਂ ਕੀਹਦੀ ਬੁਰੀ ਨਜ਼ਰ ਲੱਗ`ਗੀ, ਸਾਰੇ ਟੱਬਰ ਵਿਚੋਂ ਇਹੀ ਬਚਿਆ ਬੇਚਾਰਾ…ਠੋਕਰਾਂ ਖਾਂਦਾ ਫਿਰਦੈ ਮਾੜੇ ਕਰਮਾਂ ਆਲਾ।”
ਜੈਲੇ ਦੇ ਪਰਿਵਾਰ ਵਿਚ ਕੋਈ ਨਹੀਂ ਸੀ। ਉਹ ਇਕੱਲਾ ਹੀ ਇੱਕ ਬੈਠਕ ਵਿਚ ਰਹਿੰਦਾ ਸੀ। ਕੋਈ ਆਂਢੀ-ਗੁਆਂਢੀ ਵੇਲੇ-ਕੁਵੇਲੇ ਚਾਹ ਰੋਟੀ ਦੇ ਜਾਂਦਾ, ਆਮ ਕਰਕੇ ਗੁਰਦੁਆਰਾ ਸਾਹਿਬ ਵਾਲੇ ਭਾਈ ਜੀ ਉਸ ਨੂੰ ਰੋਟੀ-ਪਾਣੀ ਛਕਾ ਦਿੰਦੇ। ਚਾਚੇ-ਤਾਏ ਦੇ ਪਰਿਵਾਰ ਹੈ ਸਨ, ਉਹ ਨੇੜੇ ਨਹੀਂ ਸਨ ਲਾਉਂਦੇ। ਪਿਉ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ ਸੀ। ਇੱਕ ਛੋਟਾ ਭਰਾ ਸੀ, ਅੰਤਾਂ ਦਾ ਸਾਊ ਅਤੇ ਪਿਆਰਾ…ਕਾਲਜ ਪੜ੍ਹਦਾ ਸੀ। ਅਤਿਵਾਦ ਦੇ ਕਾਲੇ ਦੌਰ ਵਿਚ ਇੱਕ ਦਿਨ ਘਰੋਂ ਕਾਲਜ ਗਿਆ, ਮੁੜ ਘਰ ਨਹੀਂ ਪਰਤਿਆ। ਉਸ ਦੇ ਗਮ ਵਿਚ ਮਾਂ ਨੇ ਅਜਿਹਾ ਮੰਜਾ ਫੜਿਆ, ਮਰ ਕੇ ਹੀ ਮੰਜਾ ਛੁੱਟਿਆ। ਜੈਲਾ ਉਦੋਂ ਆਪ ਪੜ੍ਹਦਾ ਸੀ, ਭਰਾ ਨੂੰ ਲੱਭਣ ਲਈ ਉਸ ਨੇ ਦਿਨ-ਰਾਤ ਇੱਕ ਕਰ ਦਿੱਤਾ ਸੀ। ਦਰ ਦਰ ਦੀਆਂ ਠੋਕਰਾਂ ਖਾਧੀਆਂ। ਉਹ ਕਦੇ ਕਿਸੇ ਅਫਸਰ ਨੂੰ ਮਿਲਦਾ, ਕਦੇ ਕਿਸੇ ਨੂੰ।
ਇੱਕ ਦਿਨ ਸੁੰਨ-ਮਸੁੰਨ ਹੋ ਕੇ ਘਰ ਨੂੰ ਮੁੜ ਆਇਆ। ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ, ਨਾ ਹੀ ਕਦੇ ਬਹੁਤਾ ਬੋਲਿਆ। ਹਾਲਤ ਕਮਲਿਆਂ ਵਰਗੀ ਹੋ ਗਈ। ਨਾਨਕੇ ਆਪਣੇ ਕੋਲ ਲੈ ਗਏ ਸਨ। ਕਈ ਸਾਲ ਉੱਥੇ ਰਿਹਾ, ਜਦੋਂ ਨਾਨਾ-ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਿਆ ਉਸ ਨੂੰ। ਇਸ ਲਈ ਪਿੰਡ ਛੱਡ ਗਏ। ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ। ਸਿਰ ਅਤੇ ਦਾੜ੍ਹੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹੋ ਗਏ ਸਨ। ਹੁਣ ਵੀ ਸ਼ਹਿਰ ਵੱਲ ਜਾਂਦੇ ਰਾਹ ‘ਤੇ ਕਿੰਨੀ ਕਿੰਨੀ ਦੇਰ ਬੈਠਾ ਸੁੰਨੀਆਂ ਜਿਹੀਆਂ ਅੱਖਾਂ ਨਾਲ ਤੱਕਦਾ ਰਹਿੰਦਾ। ਫਿਰ ਜੀਅ ਕਾਹਲਾ ਪੈਂਦਾ, ਉੱਠ ਕੇ ਮੜ੍ਹੀਆਂ ਵੱਲ ਨੂੰ ਤੁਰ ਪੈਂਦਾ। ਆਖਦਾ ਸੀ, “ਮਾਂ ਓਦਰ ਜਾਂਦੀ ਐ, ਜੇ ਨਾ ਜਾਵਾਂ ਤਾਂ।”
ਛੋਟੇ ਬੱਚੇ ਉਸ ਕੋਲੋਂ ਡਰਦੇ ਸਨ। ਕਦੇ ਕੋਈ ਬੱਚਾ ਉਸ ਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਦੀ ਬਾਂਹ ਫੜ ਲੈਂਦਾ ਅਤੇ ਉਸ ਨੂੰ ਕੋਈ ਮੈਲਾ ਜਿਹਾ ਅਖਬਾਰ ਫੜਾ ਦਿੰਦਾ ਜਾਂ ਕੋਈ ਫਟੀ ਮੈਲੀ ਕਿਤਾਬ ਖੋਲ੍ਹ ਕੇ ਦਿੰਦਾ ਤੇ ਪੜ੍ਹਨ ਲਈ ਆਖਦਾ। ਜਿੰਨਾ ਚਿਰ ਬੱਚਾ ਉਸ ਦੇ ਕਹੇ `ਤੇ ਇੱਕ ਅੱਧ ਪੰਨਾ ਪੜ੍ਹ ਕੇ ਨਾ ਸੁਣਾਉਂਦਾ, ਓਨਾ ਚਿਰ ਬੱਚੇ ਦੀ ਬਾਂਹ ਨਾ ਛੱਡਦਾ। ਬੱਚੇ ਉਸ ਦੀ ਇਸ ਸਜ਼ਾ ਤੋਂ ਡਰਦੇ ਉਸ ਨੂੰ ਤੰਗ ਪ੍ਰੇਸ਼ਾਨ ਨਹੀਂ ਸਨ ਕਰਦੇ। ਕਈ ਲੋਕਾਂ ਨੇ ਦੇਖਿਆ ਸੀ, ਉਹ ਇੱਕ ਤਸਵੀਰ ਨੂੰ ਦੋਹਾਂ ਹੱਥਾਂ ਵਿਚ ਫੜ ਕੇ ਕਿੰਨੀ ਕਿੰਨੀ ਦੇਰ ਵੇਖਦਾ ਰਹਿੰਦਾ। ਉਹ ਤਸਵੀਰ ਹੈ ਕਿਸ ਦੀ ਸੀ, ਇਹ ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਕੋਈ ਨੇੜੇ ਜਾਂਦਾ, ਉਹ ਲੁਕੋ ਲੈਂਦਾ।
ਆਮ ਕਰਕੇ ਬੋਹੜ ਹੇਠਾਂ ਬੈਠੇ ਬਜੁਰਗ ਉਸ ਨੂੰ ਆਪਣੇ ਕੋਲ ਬੁਲਾ ਲੈਂਦੇ ਸਨ। ਕਈ ਉਸ ਦਾ ਮਖੌਲ ਉਡਾਉਂਦੇ, ਕਈ ਹਮਦਰਦੀ ਜਤਾਉਂਦੇ। ਉਸ ਨੂੰ ਇੱਕੋ ਧੁਨ ਸੀ, ਅਖਬਾਰ ਇਕੱਠੇ ਕਰਨ ਦੀ। ਭਾਵੇਂ ਕੂੜੇ ਵਿਚ ਡਿੱਗਿਆ ਮਿਲ ਜਾਂਦਾ, ਉਹ ਚੁੱਕ ਲੈਂਦਾ ਸੀ। ਉਸ ਨੂੰ ਅੱਖਾਂ ਦੇ ਨੇੜੇ ਕਰ ਕੇ ਦੇਖਦਾ। ਕਦੇ ਉੱਥੇ ਹੀ ਸੁੱਟ ਦਿੰਦਾ, ਕਦੇ ਕਦੇ ਝੋਲੇ ਵਿਚ ਪਾ ਲੈਂਦਾ।
ਇੱਕ ਦਿਨ ਬੋਹੜ ਹੇਠ ਬੈਠੇ ਪਿਆਰਾ ਸਿਉਂ ਪੰਚ ਨੇ ਬੜੇ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਕਿਹਾ, “ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿਨਾ ਏਂ, ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ…ਅਗਾਂਹ ਵੀ ਕੁਸ਼ ਦੱਸਿਆ ਕਰ।”
“ਆ ਕੇ ਦੱਸਦਾਂ।” ਕਹਿ ਉਹ ਕਾਹਲੇ ਕਦਮੀਂ ਸਿਰ ਖੁਰਕਦਾ ਆਪਣੇ ਘਰ ਵੱਲ ਚਲਾ ਗਿਆ।
“ਓ ਰਹਿਣ ਦੇ ਜੈਲਿਆ ਫੇਰ ਕਦੇ ਦੱਸ ਦੇਈਂ, ਸਾਡੀ ਟਰਾਲੀ ਆਉਣ ਆਲ਼ੀ ਐ, ਅਸੀਂ ਧਰਨੇ `ਤੇ ਜਾਣੈ।” ਪਿਆਰਾ ਸਿਉਂ ਨੇ ਬਥੇਰੀਆਂ ਆਵਾਜ਼ਾਂ ਮਾਰੀਆਂ, ਪਰ ਉਸ ਨੇ ਇੱਕ ਨਾ ਸੁਣੀ। ਉਸ ਦੀ ਬੈਠਕ ਵਿਚ ਕੁਝ ਕੁ ਪੁਰਾਣੀਆਂ ਕਿਤਾਬਾਂ ਅਤੇ ਅਖਬਾਰਾਂ ਤੋਂ ਬਿਨਾ ਕੋਈ ਬਹੁਤਾ ਸਮਾਨ ਨਹੀਂ ਸੀ। ਉਸ ਨੇ ਥੋੜ੍ਹੇ ਕੁ ਅਖਬਾਰ ਝੋਲੇ ਵਿਚ ਪਾਏ ਤੇ ਕਾਹਲੇ ਕਦਮੀਂ ਬੋਹੜ ਹੇਠਾਂ ਬੈਠੇ ਬਜੁਰਗਾਂ ਕੋਲ ਆ ਗਿਆ। ਉਧਰੋਂ ਸਕੂਲ ਨੂੰ ਛੁੱਟੀ ਹੋ ਚੁਕੀ ਸੀ ਅਤੇ ਮਾਸਟਰ ਜੀ ਵੀ ਬਜੁਰਗਾਂ ਕੋਲ ਆ ਕੇ ਬੈਠ ਗਏ। ਉਨ੍ਹਾਂ ਦਾ ਪਿੰਡ ਦੂਰ ਹੋਣ ਕਰਕੇ ਉਹ ਆਪਣੇ ਪਿੰਡ ਹਫਤੇ ਬਾਅਦ ਹੀ ਜਾਂਦੇ ਸਨ।
“ਲਓ ਬਈ ਆਪਣਾ ਜੈਲਾ ਅੱਜ ਦੱਸੂ ਪੈੜਾਂ ਕਿੱਧਰ ਨੂੰ ਜਾਂਦੀਆਂ ਨੇ।” ਆਖ ਕੇ ਵੱਡੇ ਲਾਣੇ ਦਾ ਘੁੱਕਰਾ ਉੱਚੀ ਦੇਣੇ ਹੱਸਿਆ। ਉਸ ਦੇ ਨਾਲ ਤਿੰਨ-ਚਾਰ ਜਣੇ ਹੋਰ ਵੀ ਹੱਸ ਪਏ।
ਜੈਲੇ ਨੇ ਇੱਕ ਇੱਕ ਕਰਕੇ ਅਖਬਾਰ ਕੱਢਣੇ ਸ਼ੁਰੂ ਕਰ ਦਿੱਤੇ। ਅਖਬਾਰ ‘ਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ “ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ।” ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਚੌਥਾ-ਇਸੇ ਤਰ੍ਹਾਂ ਅਖਬਾਰ ਕੱਢਦਾ ਉਂਗਲਾਂ ਰੱਖ ਕੇ ‘ਆਹ ਜਾਂਦੀ ਐ ਪੈੜ’ ਆਖਦਿਆਂ ਉਂਗਲਾਂ ਨੂੰ ਅੱਗੇ ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ‘ਤੇ ਰੁਕ ਜਾਂਦਾ।
“ਓ ਬੱਸ ਕਰ ਪਤੰਦਰਾ ਸਾਡਾ ਵੀ ਦਿਮਾਗ ਖਰਾਬ ਕਰੇਂਗਾ।” ਘੁੱਕਰੇ ਨੇ ਆਖਿਆ, ਪਰ ਮਾਸਟਰ ਜੀ ਗੰਭੀਰ ਸਨ। ਉਨ੍ਹਾਂ ਨੇ ਜੈਲੇ ਨੂੰ ਆਖਿਆ, “ਹਾਂ ਹਾਂ ਜਰਨੈਲ ਸਿੰਘ ਅੱਗੇ ਦੱਸੋ।”
“ਮਾਸਟਰ ਜੀ ਤੁਸੀਂ ਵੀ ਕੀਹਦੇ ਨਾਲ ਮੱਥਾ ਮਾਰਨ ਲੱਗੇ ਓ।” ਘੁੱਕਰੇ ਨੇ ਫੇਰ ਕਿਹਾ। ਜੈਲੇ ਨੇ ਉਦਾਸ ਜਿਹੀਆਂ ਅੱਖਾਂ ਨਾਲ ਉਸ ਵੱਲ ਦੇਖਿਆ ਅਤੇ ਅਖਬਾਰਾਂ ਨੂੰ ਇਕੱਠੇ ਕਰ ਕੇ ਝੋਲੇ ਵਿਚ ਪਾਉਣ ਲੱਗਿਆ।
“ਨਹੀਂ ਨਹੀਂ ਜਰਨੈਲ ਸਿਆਂ! ਤੂੰ ਦੱਸ, ਅਸੀਂ ਸਮਝ ਰਹੇ ਹਾਂ ਤੇਰੀ ਗੱਲ ਨੂੰ।” ਮਾਸਟਰ ਜੀ ਨੇ ਉਸ ਦੇ ਮੋਢੇ ‘ਤੇ ਹੱਥ ਰੱਖਦਿਆਂ ਆਖਿਆ। ਜੈਲਾ ਮਾਸਟਰ ਜੀ ਦੇ ਮੂੰਹ ਵੱਲ ਤੱਕਣ ਲੱਗਿਆ, ਉਨ੍ਹਾਂ ਹਾਂ ਵਿਚ ਸਿਰ ਹਿਲਾਇਆ ਤੇ ਆਖਿਆ, “ਸੱਚੀਂ ਸਮਝ ਰਹੇ ਆਂ, ਤੂੰ ਅੱਗੇ ਦੱਸ।” ਮਾਸਟਰ ਜੀ ਨੂੰ ਯਕੀਨ ਸੀ ਕਿ ਉਸ ਦੀਆਂ ਗੱਲਾਂ ਬੇਮਾਅਨੀਆਂ ਨਹੀਂ। ਉਹ ਫਿਰ ਝੋਲੇ ਵਿਚੋਂ ਅਖਬਾਰ ਕੱਢਣ ਲੱਗਾ। ਉਸ ਦੀਆਂ ਅੱਖਾਂ ਵਿਚ ਥੋੜ੍ਹੀ ਚਮਕ ਆ ਗਈ ਸੀ। ਉਸ ਨੇ ਫਿਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ, ਫਿਰ ਸ਼ੁਰੂ ਹੋ ਗਿਆ ‘ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ।’ ਉਸ ਨੇ ਇਸੇ ਤਰ੍ਹਾਂ ਕਈ ਅਖਬਾਰ ਕੱਢੇ ਬਸ ਉਹੀ ਗੱਲ ਦੁਹਰਾਉਂਦਾ ਰਿਹਾ। ਕਈਆਂ ਨੇ ਉੱਥੋਂ ਚੁੱਪ-ਚਾਪ ਖਿਸਕਣਾ ਚਾਹਿਆ, ਪਰ ਮਾਸਟਰ ਜੀ ਨੇ ਉਨ੍ਹਾਂ ਨੂੰ ਥੋੜ੍ਹੀ ਦੇਰ ਰੁਕਣ ਲਈ ਕਿਹਾ।
“ਲੱਗਦੈ ਮਾਸਟਰ ਵੀ ਕਮਲਾ ਹੋ ਗਿਆ ਅੱਜ।” ਘੁੱਕਰਾ ਬੁੜਬੁੜਾਇਆ। ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਜੈਲੇ ਨੇ ਝੋਲੇ ਵਿਚੋਂ ਇੱਕ ਕੱਪੜੇ ਦੀ ਪੋਟਲੀ ਕੱਢੀ, ਉਸ ਨੂੰ ਖੋਲ੍ਹਣ ਲੱਗਿਆ। ਕੱਪੜੇ ਅਤੇ ਕਾਗਜ਼ਾਂ ਵਿਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਨਾਲ ਲਾਈ। ਮਾਸਟਰ ਜੀ ਨੇ ਫੋਟੋ ਫੜੀ। ਪਿਆਰਾ ਸਿੰਘ ਨੂੰ ਪੁੱਛਿਆ, “ਇਹ ਫੋਟੋ ਕਿਸ ਦੀ ਹੈ ਜੀ?”
“ਲਾਲੀ ਐ ਇਹ ਤਾਂ…ਜੈਲੇ ਦਾ ਛੋਟਾ ਭਾਈ। ਬਹੁਤ ਸਿਆਣਾ ਤੇ ਸਾਊ ਮੁੰਡਾ ਸੀ। ਪੜ੍ਹਨ ਨੂੰ ਵੀ ਬਹੁਤ ਹੁਸ਼ਿਆਰ…ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ, ਇਹ ਮੁੰਡਾ ਪਿੰਡ ਦਾ ਨਾਂ ਰੌਸ਼ਨ ਕਰੂ। ਪਰ ਰੱਬ ਨੂੰ ਮਨਜ਼ੂਰ ਨਹੀਂ ਸੀ।” ਪਿਆਰਾ ਸਿੰਘ ਨੇ ਵੱਡਾ ਸਾਰਾ ਹਉਕਾ ਭਰਿਆ।
ਜੈਲੇ ਨੇ ਫੋਟੋ ਫੜੀ ਖੱਬੇ ਹੱਥ ਦੀ ਹਥੇਲੀ ‘ਤੇ ਰੱਖ ਕੇ ਕੁੜਤੇ ਨਾਲ ਸਾਫ ਕੀਤੀ। ਇੱਕ ਬਹੁਤ ਹੀ ਪੁਰਾਣਾ ਅਖਬਾਰ ਕੱਢਿਆ। ਲਾਲੀ ਦੀ ਫੋਟੋ ਅਖਬਾਰ ‘ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਵਿਚ ਬੋਲਿਆ, “ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ।” ਇੱਕ ਥਾਂ ਜਾ ਕੇ ਰੁਕ ਗਿਆ। ਜਿੱਥੇ ਜੈਲੇ ਦਾ ਹੱਥ ਰੁਕਿਆ, ਮਾਸਟਰ ਜੀ ਨੇ ਅਖਬਾਰ ਧਿਆਨ ਨਾਲ ਦੇਖਿਆ, ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ, ਜਿਸ `ਤੇ ਇਲਜ਼ਾਮ ਆਉਂਦਾ ਰਿਹਾ ਹੈ ਕਿ ਉਸ ਨੇ ਆਪਣੇ ਮੋਢਿਆਂ ‘ਤੇ ਸਟਾਰ ਵਧਾਉਣ ਲਈ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ।
ਇਸ ਤੋਂ ਬਾਅਦ ਮਾਸਟਰ ਜੀ ਸਾਰੇ ਅਖਬਾਰ ਧਿਆਨ ਨਾਲ ਦੇਖਣ ਲੱਗੇ। ਜੈਲੇ ਨੇ ਬੋਲਣਾ ਬੰਦ ਕਰ ਦਿੱਤਾ। ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਵੱਲ ਗਹੁ ਨਾਲ ਤੱਕਦਾ। ਮਾਸਟਰ ਜੀ ਨੇ ਦੇਖਿਆ ਜੈਲੇ ਨੇ ਇੱਕ ਅਖਬਾਰ ਤੇ ਉਂਗਲ ਰੱਖੀ, ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ, ਜਿਹੜੇ ਵੱਧ ਨਸ਼ਾ ਖਾਣ ਨਾਲ ਮਰ ਚੁਕੇ ਸਨ। ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ, ਜਿੱਥੇ ਉਸ ਰਾਜਸੀ ਨੇਤਾ ਦੀ ਫੋਟੋ ਸੀ, ਜਿਸ ਦਾ ਨਸ਼ੇ ਵੇਚਣ ਵਾਲਿਆਂ ਦੀ ਪਿੱਠ `ਤੇ ਹੱਥ ਦੱਸਿਆ ਜਾਂਦਾ ਰਿਹਾ ਸੀ। ਇੱਕ ਹੋਰ ਅਖਬਾਰ ‘ਤੇ ਫਸਲ ਨੂੰ ਲੱਗੀ ਬਿਮਾਰੀ ‘ਤੇ ਨਕਲੀ ਦਵਾਈਆਂ ਦੇਣ ਵਾਲੀ ਖਬਰ ਤੇ ਕਿਸਾਨ ਦੀ ਖੁਦਕੁਸ਼ੀ। ਸਾਰੇ ਅਖਬਾਰਾਂ ਵਿਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਸੀ, ਜੋ ਗੰਧਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ। ਕਿਤੇ ਬੱਚੀਆਂ ਨਾਲ ਹੁੰਦੇ ਜਬਰ ਦੀਆਂ ਖਬਰਾਂ ਇਨਸਾਫ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂ। ਕਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ-ਲੁਹਾਣ ਹੋਏ ਪੈਰ, ਕਿਤੇ ਰਾਹ ਵਿਚ ਹੀ ਦਮ ਤੋੜ ਚੁਕੇ ਮਜ਼ਦੂਰ…ਹਰ ਉਹ ਤਸਵੀਰ, ਜਿਸ ਨੂੰ ਦੇਖ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਮਾਸਟਰ ਜੀ ਜੈਲੇ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੁਨੀਆਂ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ।
ਅਖੀਰ ‘ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸ ਵਿਚ ਜਾਨ ਗਵਾ ਚੁਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ। ਉਸ ਲਈ ਦੋਸ਼ੀ ਸਰਕਾਰੀ ਨੇਤਾਵਾਂ ਦੀਆਂ ਤਸਵੀਰਾਂ। ਉਜੜੇ ਖੇਤਾਂ ਦੀਆਂ ਤਸਵੀਰਾਂ…ਇੱਕ ਵੱਡੇ ਸਾਰੇ ਕਾਗਜ਼ ਉੱਤੇ ਨਿੱਕੇ ਨਿੱਕੇ ਖੇਤ ਬਣਾ ਉਨ੍ਹਾਂ ਵੱਲ ਜਾਂਦੀਆਂ ਪੈੜਾਂ।
ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਿਲਾਂ ਨਾਲ ਬਣਾਏ ਖੇਤ…ਖੇਤ ਦੇ ਚਾਰੇ ਪਾਸੇ ਕੀਤੀ ਵਾੜ ਅਤੇ ਵਾੜ ਵਿਚੋਂ ਨਿਕਲਦੇ ਰਾਖਸ਼ਾਂ ਵਰਗੇ ਵੱਡੇ ਵੱਡੇ ਦੰਦਾਂ ਵਾਲੇ ਮੂੰਹ, ਜੋ ਖੇਤ ਨੂੰ ਖਾਂਦੇ ਪ੍ਰਤੀਤ ਹੋ ਰਹੇ ਸਨ। ਇੱਕ ਪਾਸੇ ਕਿਸਾਨ ਤੇ ਮਜ਼ਦੂਰ, ਜੋ ਫਸਲ ਨੂੰ ਬਚਾਉਣ ਲਈ ਉਸ ਖਤਰਨਾਕ ਵਾੜ ਨੂੰ ਪੁੱਟ ਰਹੇ ਸਨ। ਮਾਸਟਰ ਜੀ ਵੀ ਅੱਜ ਤੱਕ ਜੈਲੇ ਨੂੰ ਸ਼ੁਦਾਈ ਹੀ ਸਮਝਦੇ ਰਹੇ। ਜਿਵੇਂ ਬੱਚਿਆਂ ਨੇ ਅਤੇ ਪਿੰਡ ਵਾਲਿਆਂ ਨੇ ਦੱਸਿਆ ਸੀ, ਉਸੇ ਨੂੰ ਹੀ ਸੱਚ ਸਮਝ ਰਹੇ ਸਨ। ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ, ਉਹ ਉਨ੍ਹਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ।
“ਛੱਡੋ ਮਾਸਟਰ ਜੀ, ਇਸ ਨੂੰ ਸੋਝੀ ਨਹੀਂ ਬੇਚਾਰੇ ਨੂੰ, ਐਵੇਂ ਕੂੜਾ ਕਬਾੜਾ ‘ਕੱਠਾ ਕਰੀ ਫਿਰਦੈ।” ਖੜ੍ਹੇ ਲੋਕਾਂ ਵਿਚੋਂ ਕਿਸੇ ਨੇ ਆਖਿਆ।
“ਕੌਣ ਕਹਿੰਦੈ ਇਹਨੂੰ ਸੋਝੀ ਨਹੀਂ ਐ? ਇਹ ਬਹੁਤ ਸੂਝਵਾਨ ਹੈ, ਸਾਡੀ ਸਮਝ ਬਹੁਤ ਛੋਟੀ ਜਾਪਦੀ ਐ ਇਹਦੇ ਅੱਗੇ। ਕਿਸੇ ਨੇ ਕਦੇ ਇਸ ਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।”
“ਮਾਸਟਰ ਵੀ ਹਿੱਲ ਗਿਆ ਲੱਗਦੈ।” ਘੁੱਕਰੇ ਨੇ ਨਾਲ ਖੜ੍ਹੇ ਮੁੰਡੇ ਦੇ ਕੂਹਣੀ ਮਾਰ ਕੇ ਆਖਿਆ।
“ਸਾਡਾ ਇਹੀ ਦੁਖਾਂਤ ਐ, ਅਸੀਂ ਕਿਸੇ ਵੀ ਗੱਲ ਨੂੰ ਬਿਨਾ ਸਮਝੇ ਹੀ ਠਾਹ ਠਾਹ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ।” ਮਾਸਟਰ ਜੀ ਰੋਸ ਜਿਹੇ ਨਾਲ ਬੋਲੇ।
ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ `ਕੱਲੀ `ਕੱਲੀ ਗੱਲ ਸਮਝਾਈ। ਸਾਰੇ ਜਣੇ ਚੁੱਪ ਹੋ ਗਏ। ਜੈਲੇ ਨੂੰ ਮਖੌਲ ਕਰਨ ਵਾਲਿਆਂ ਦੀਆਂ ਧੌਣਾਂ ਝੁਕੀਆਂ ਹੋਈਆਂ ਸਨ। ਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆ। ਉਸ ਦੇ ਮੋਢੇ ਉੱਤੋਂ ਬਾਂਹ ਵਲਾਈ ਅਤੇ ਉਸ ਨੂੰ ਨਾਲ ਲੈ ਤੁਰੇ। ਉੱਥੇ ਖੜ੍ਹੇ ਲੋਕ ਉਨ੍ਹਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਸਨ। ਉਨ੍ਹਾਂ ਨੂੰ ਮਾਸਟਰ ਜੀ ਅਤੇ ਜੈਲੇ ਵਿਚਕਾਰ ਕੋਈ ਫਰਕ ਨਹੀਂ ਸੀ ਜਾਪਦਾ।