ਯੂਰਪੀ ਮੁਲਕਾਂ ਦੇ ਸਕੂਲਾਂ ਵਿਚ ਲੱਗੇਗੀ ਧਾਰਮਿਕ ਚਿੰਨ੍ਹ ‘ਤੇ ਪਾਬੰਦੀ

ਚੰਡੀਗੜ੍ਹ: ਸਮਾਜ ਵਿਚੋਂ ਧਾਰਮਿਕ ਕੱਟੜਤਾ ਨੂੰ ਖਤਮ ਕਰਨ ਲਈ ਯੂਰਪੀ ਯੂਨੀਅਨ ਦੀ ਸੁਪਰੀਮ ਕੋਰਟ ਨੇ ਸਾਲ 2009 ਵਿਚ ਦਿੱਤੇ ਆਪਣੇ ਫ਼ੈਸਲੇ ਜਿਸ ਵਿਚ ਯੂਰਪੀ ਮੁਲਕਾਂ ਦੇ ਸਕੂਲਾਂ, ਕਾਲਜਾਂ ਵਿਚ ਧਾਰਮਿਕ ਚਿੰਨ੍ਹਾਂ ਪਹਿਨਣ ‘ਤੇ ਪਾਬੰਦੀ ਲਾਈ ਸੀ,  ਤਹਿਤ ਯੂਰਪੀ ਮੁਲਕਾਂ ਦੇ ਸਕੂਲਾਂ ਵਿਚੋਂ ਯਿਸੂ ਮਸੀਹ ਦੇ ਕਰਾਈਸ ਦੇ ਨਿਸ਼ਾਨ ਹਟਾਉਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਹਨ।
ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਮੱਦੇਨਜ਼ਰ ਜਿੱਥੇ ਮੁਸਲਮਾਨਾਂ ਦੇ ਬੁਰਕਾ ਪਹਿਨਣ ਤੇ ਸਿੱਖਾਂ ਦੇ ਦਸਤਾਰ ਬੰਨ੍ਹਣ ‘ਤੇ ਪਾਬੰਦੀ ਲੱਗਣੀ ਸੁਭਾਵਿਕ ਹੀ ਹੈ। ਸਾਰੇ ਯੂਰਪੀ ਮੁਲਕਾਂ ਦੇ ਸਰਕਾਰੀ ਸਕੂਲਾਂ ਵਿਚ ਧਾਰਮਿਕ ਤੇ ਦਾਰਸ਼ਨਿਕ ਚਿੰਨ੍ਹਾਂ ਉਪਰ ਪਾਬੰਦੀ ਇਸੇ ਸਾਲ ਦੇ ਸਤੰਬਰ ਤੋਂ ਲੱਗ ਰਹੀ ਹੈ। ਇਹ ਪਾਬੰਦੀ 2009 ਵਿਚ ਹੀ ਲੱਗ ਜਾਣੀ ਸੀ ਪਰ ਧਾਰਮਿਕ ਜਥੇਬੰਦੀਆਂ ਦੇ ਅਦਾਲਤ ਵਿਚ ਜਾਣ ਕਰਕੇ ਇਸ ਵਿਚ ਚਾਰ ਸਾਲ ਦੀ ਦੇਰੀ ਹੋ ਗਈ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਇਹ ਪਾਬੰਦੀ ਮੁਸਲਮਾਨਾਂ ਨਾਲ ਸਬੰਧਤ ਹੈ ਜੋ ਬੁਰਕਾ ਤੇ ਟੋਪੀ ‘ਤੇ ਅਧਾਰਤ ਹੈ ਪਰ ਸਿੱਖਾਂ ਦੀ ਦਸਤਾਰ ਵੀ ਇਸ ਦੇ ਘੇਰੇ ਵਿਚ ਆ ਰਹੀ ਹੈ। ਇਹ ਕਾਨੂੰਨ ਜਰਮਨ, ਫ਼ਰਾਂਸ ਤੇ ਬੈਲਜੀਅਮ ਆਦਿ ਦੇਸ਼ਾਂ ਵਿਚ ਸਖ਼ਤੀ ਨਾਲ ਲਾਗੂ ਹੋ ਰਹੇ ਹਨ। ਬੈਲਜੀਅਮ ਦੇ ਸੁਚੇਤ ਸਿੱਖਾਂ ਦੇ ਉੱਦਮ ਨਾਲ ਉਥੋਂ ਦੇ ਕੁਝ ਪ੍ਰਾਈਵੇਟ ਕੈਥੋਲਿਕ ਸਕੂਲਾਂ ਨੇ ਸਿੱਖਾਂ ਦੇ ਨੁਮਾਇੰਦਿਆਂ ਨੂੰ ਸਿੱਖ ਬੱਚਿਆਂ ਦੇ ਦਸਤਾਰ ਤੇ ਪੰਜ ਕਕਾਰ ਪਹਿਨਣ ਦੀ ਖੁੱਲ੍ਹ ਦਾ ਵਿਸ਼ਵਾਸ ਦਿੱਤਾ ਹੈ ਕਿਉਂਕਿ ਬੈਲਜੀਅਮ ਵਿਚ ਇਸ ਸੈਸ਼ਨ ਤੋਂ ਸਰਕਾਰੀ ਸਕੂਲਾਂ ਵਿਚ ਕਾਨੂੰਨ ਅਮਲੀ ਰੂਪ ਲੈਣ ਜਾ ਰਿਹਾ ਹੈ। ਸਰਕਾਰੀ ਛੁੱਟੀਆਂ ਕਾਰਨ ਇਟਲੀ ਵਿਚ ਇਸ ਕਾਨੂੰਨ ਦੇ ਲਾਗੂ ਹੋਣ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ।
ਹਾਸਲ ਜਾਣਕਾਰੀ ਅਨੁਸਾਰ ਯੂਰਪੀਅਨ ਸੁਪਰੀਮ ਕੋਰਟ ਨੇ 14 ਸਤੰਬਰ, 2010 ਨੂੰ ਜਨਹਿੱਤ ਦਾਇਰ ਪਟੀਸ਼ਨ ਦਾ ਫ਼ੈਸਲਾ ਦਿੰਦਿਆਂ ਸੱਤ ਅਕੂਤਬਰ, 2010 ਨੂੰ ਪੂਰੀ ਤਰ੍ਹਾਂ ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਦੇ ਆਦੇਸ਼ ਸੁਣਾਏ ਸਨ। ਸੁਪਰੀਮ ਕੋਰਟ ਨੇ ਇਸ ਫੈਸਲੇ ਦੇ ਹੱਕ ਵਿਚ ਕਿਹਾ ਕਿ ਇਸ ਨਾਲ ਕਿਸੇ ਵੀ ਤਰ੍ਹਾਂ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਕਾਨੂੰਨਾਂ ਦੀ ਕੋਈ ਉਲੰਘਣਾ ਨਹੀਂ ਸਗੋਂ ਮਾਨਵਤਾ ਦਾ ਝੰਡਾ ਬੁਲੰਦ ਕਰਨ ਹਿੱਤ ਸਭ ਨੂੰ ਇਕ ਸੂਤਰ ਵਿਚ ਬੱਝੇ ਦੇਖਣ ਦੀ ਇੱਛਾ ਹੈ।
ਇਟਲੀ ਨੇ ਵੀ ਆਪਣੇ ਸੰਵਿਧਾਨ ਵਿਚ ਦਰਜ ਕਾਨੂੰਨ ਧਾਰਮਿਕ ਸੁਤੰਤਰਤਾ ਵਿਚ ਸੋਧ ਕਰਕੇ ਇਸ ਨੂੰ 26 ਜੂਨ, 2013 ਤੋਂ ਲਾਗੂ ਕਰ ਦਿੱਤਾ ਹੈ। ਇਹ ਕਾਨੂੰਨ ਇਟਲੀ ਵਿਚ 22 ਮਈ, 1975 ਨੂੰ ਪਾਸ ਹੋਇਆ ਸੀ ਤੇ ਸਰਕਾਰ ਨੇ ਇਸ ਦੇ 152 ਨੰਬਰ ਕਾਨੂੰਨ ਦੇ ਆਰਟੀਕਲ ਨੰਬਰ ਪੰਜ ਵਿਚ ਸੋਧ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸਿੱਖ ਇਟਲੀ ਵਿਚ ਸਰਕਾਰੀ ਤੌਰ ‘ਤੇ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਦਾ ਕੇਸ ਤਾਂ ਪਹਿਲਾਂ ਹੀ ਹਾਰ ਚੁੱਕੇ ਹਨ ਜੋ ਇਟਲੀ ਵਿਚ ਪੰਜ ਕਕਾਰਾਂ ਦੇ ਪਹਿਨਣ ਉੱਤੇ ਪਾਬੰਦੀ ਲਾਉਂਦਾ ਹੈ ਪਰ ਸਰਕਾਰ ਕੋਲ ਮੁੜ ਵਿਚਾਰ ਦੀ ਅਪੀਲ ਜ਼ਰੂਰ ਕੀਤੀ ਹੋਈ ਹੈ ਉੱਥੇ ਹੁਣ ਇਸ ਕਾਨੂੰਨ ਦੇ ਲਾਗੂ ਹੋ ਜਾਣ ਨਾਲ ਉਸ ਕੇਸ ਉੱਤੇ ਇਹ ਨਵਾਂ ਆਇਆ ਕਾਨੂੰਨ ਹੋਰ ਵੀ ਮਾੜਾ ਅਸਰ ਪਾਵੇਗਾ।
‘ਇਟਲੀ ਸਿੱਖ ਕਮਿਊਨਿਟੀ’ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਕਿਹਾ ਕਿ ਇਹ ਪੂਰੇ ਯੂਰਪ ਵਿਚ ਲਾਗੂ ਹੋਣ ਜਾ ਰਿਹਾ ਕਾਨੂੰਨ ਸਿੱਖ ਭਾਈਚਾਰੇ ਲਈ ਬਹੁਤ ਹੀ ਮੰਦਭਾਗਾ ਤੇ ਦੁਖੀ ਕਰਨ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਪ੍ਰਧਾਨ ਅਵਤਾਰ ਸਿੰਘ ਖਾਲਸਾ ਨੇ ਕਿਹਾ ਕਿ ਇਟਲੀ ਦੇ ਵੱਖ-ਵੱਖ ਧੜਿਆਂ ਵਿਚ ਪਾਟੇ ਹੋਏ ਸਿੱਖਾਂ ਨੂੰ ਇਕ ਹੋ ਕੇ ਪੂਰੇ ਯੂਰਪ ਵਿਚ ਇਸ ਕਾਨੂੰਨ ਦੇ ਵਿਰੋਧ ਵਿਚ ਖੜ੍ਹੇ ਹੋਣਾ ਚਾਹੀਦਾ ਹੈ।
________________________________
ਧਾਰਮਿਕ ਚਿੰਨ੍ਹ ਪਹਿਨਣ ਦੀ ਖੁੱਲ੍ਹ ਹੋਵੇ: ਮੱਕੜ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਯੂਰਪੀਅਨ ਯੂਨੀਅਨ ਦੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਯੂਨੀਅਨ ਹੇਠ ਆਉਣ ਵਾਲੇ ਮੁਲਕਾਂ ਦੇ ਵਿਦਿਅਕ ਅਦਾਰਿਆਂ ਵਿਚ ਧਾਰਮਿਕ ਚਿੰਨ੍ਹ ਪਹਿਨਣ ‘ਤੇ ਰੋਕ ਲਾਉਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਯੂਰਪੀ ਯੂਨੀਅਨ ਦੀ ਅਦਾਲਤ ਦੇ ਇਸ ਫੈਸਲੇ ਨਾਲ ਇਕੱਲੇ ਸਿੱਖ ਹੀ ਨਹੀਂ ਸਗੋਂ ਈਸਾਈ, ਮੁਸਲਿਮ ਤੇ ਹੋਰ ਕੌਮਾਂ ਦੇ ਲੋਕ ਵੀ ਪ੍ਰਭਾਵਿਤ ਹੋਣਗੇ। ਇਸ ਫੈਸਲੇ ਦੇ ਲਾਗੂ ਹੋਣ ‘ਤੇ ਜਿਥੇ ਧਰਮੀ ਲੋਕਾਂ ਦੇ ਬੱਚੇ ਆਪਣੇ ਧਰਮ ਤੇ ਵਿਰਸੇ ਨਾਲੋਂ ਟੁੱਟਣਗੇ, ਉੱਥੇ ਉਨ੍ਹਾਂ ਵਿਚੋਂ ਇਨਸਾਨੀਅਤ ਦੀ ਭਾਵਨਾ ਵੀ ਖਤਮ ਹੋਵੇਗੀ ਕਿਉਂਕਿ ਸਾਰੇ ਹੀ ਧਰਮ ਇਨਸਾਨ ਨੂੰ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੰਦੇ ਹਨ।  ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਅੰਮ੍ਰਿਤਧਾਰੀ ਸਿੰਘ ਲਈ ਪੰਜ ਕਕਾਰ ਅਨਿੱਖੜਵਾਂ ਅੰਗ ਹਨ।
________________________________
ਸ਼੍ਰੋਮਣੀ ਕਮੇਟੀ ਨੂੰ ਕੇਸ ਕੇਂਦਰ ਕੋਲ ਉਠਾਉਣ ਦੀ ਹਦਾਇਤ
ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਯੂਰਪ ਦੇ ਮੁਲਕਾਂ ਵਿਚ ਧਾਰਮਿਕ ਚਿੰਨ੍ਹ ਪਹਿਨਣ ਤੇ ਦਸਤਾਰ ਸਜਾਉਣ ‘ਤੇ ਲਾਈ ਜਾ ਰਹੀ ਪਾਬੰਦੀ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਕੇਂਦਰ ਤੇ ਪੰਜਾਬ ਸਰਕਾਰ ਕੋਲ ਇਹ ਮਾਮਲਾ ਉੱਚ ਪੱਧਰ ‘ਤੇ ਉਠਾਉਣ ਲਈ ਆਦੇਸ਼ ਦਿੰਦਿਆਂ ਸਮੂਹ ਸਿੱਖ ਸੰਗਠਨਾਂ ਨੂੰ ਇਕ ਮੰਚ ‘ਤੇ ਆਵਾਜ਼ ਬੁਲੰਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਫੈਸਲਾ ਹੈ। ਸਿੰਘ ਸਾਹਿਬ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਜੋ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ। ਸਿੱਖੀ ਸਿਧਾਂਤ ਮੁਤਾਬਕ ਹਰ ਸਿੱਖ ਵੱਲੋਂ ਦਸਤਾਰ ਸਜਾਉਣੀ ਤੇ ਧਾਰਮਿਕ ਚਿੰਨ੍ਹ ਪਹਿਨਣੇ ਜਰੂਰੀ ਹਨ। ਉਨ੍ਹਾਂ ਵਿਦੇਸ਼ ਰਹਿ ਰਹੇ ਸਿੱਖ ਜਗਤ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਖ਼ਾਲਸਾ ਸਕੂਲ ਖੋਲ੍ਹਣ ਤੇ ਉਨ੍ਹਾਂ ਵਿਚ ਬਿਨਾ ਕਿਸੇ ਭੇਦ ਭਾਵ ਦੇ ਹਰ ਫਿਰਕੇ ਦੇ ਬੱਚਿਆਂ ਨੂੰ ਦਾਖ਼ਲ ਕਰਨ। ਸਿੰਘ ਸਾਹਿਬ ਨੇ ਕਾਨੂੰਨੀ ਲੜਾਈ ਲੜਨ ਲਈ ਵੀ ਸਿੱਖ ਕੌਮ ਨੂੰ ਆਦੇਸ਼ ਦਿੱਤਾ।

Be the first to comment

Leave a Reply

Your email address will not be published.