ਪੂੰਜੀਵਾਦੀ ਪ੍ਰਬੰਧ ਦੀ ਨਾਰੀਵਾਦੀ ਆਲੋਚਨਾ ‘ਲਾ ਨੌਟੇ`

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ ਦੀ ਫਿਲਮ ‘ਲਾ ਨੌਟੇ` ਬਾਬਤ ਚਰਚਾ ਕੀਤੀ ਗਈ ਹੈ।

ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਆਪਣੀ ਇੱਕ ਇੰਟਰਵਿਊ ਵਿਚ ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ ਕਹਿੰਦਾ ਹੈ, “ਮੇਰੇ ਕੋਲੋਂ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਮੇਰੀਆਂ ਫਿਲਮਾਂ ਵਿਚ ਮਰਦਾਂ ਦੀ ਬਿਜਾਏ ਔਰਤਾਂ ਜ਼ਿਆਦਾ ਸਪਸ਼ਟ ਅਤੇ ਸਹੀ ਨਜ਼ਰੀਏ ਵਾਲੀਆਂ ਕਿਉਂ ਹੁੰਦੀਆਂ ਹਨ? ਮੇਰੀ ਪਰਵਰਿਸ਼ ਔਰਤਾਂ ਵਿਚ ਹੋਈ ਹੈ; ਮੇਰੀ ਮਾਂ, ਮਾਸੀ ਤੇ ਬਾਕੀ ਸਭ ਔਰਤਾਂ। ਫਿਰ ਮੇਰਾ ਵਿਆਹ ਹੋਇਆ ਤਾਂ ਮੇਰੀ ਪਤਨੀ ਦੀਆਂ ਪੰਜ ਭੈਣਾਂ ਸਨ। ਮੈਂ ਸਾਰੀ ਉਮਰ ਔਰਤਾਂ ਵਿਚ ਹੀ ਰਿਹਾ ਤੇ ਉਨ੍ਹਾਂ ਨੂੰ ਮੇਰੇ ਲਈ ਲੜਦਿਆਂ ਤੱਕਿਆ ਹੈ। ਇਸ ਤੋਂ ਬਿਨਾਂ ਮੈਂ ਫਿਲਮਸਾਜ਼ ਦੇ ਤੌਰ ‘ਤੇ ਜੋ ਕਹਿਣਾ ਚਾਹੁੰਦਾ ਹਾਂ, ਉਹ ਸਿਰਫ ਔਰਤਪੁਣੇ ਦੀ ਭਾਸ਼ਾ ਵਿਚ, ਔਰਤਾਂ ਦੇ ਮੂੰਹੋਂ ਕਿਹਾ ਜਾ ਸਕਦਾ ਹੈ। ਭਾਵਨਾਵਾਂ ਦੇ ਮਾਮਲੇ ਵਿਚ ਮਰਦ ਯਥਾਰਥ ਤੋਂ ਭੱਜਦਾ ਹੈ ਅਤੇ ਔਰਤਾਂ ਨਾਲ ਸਬੰਧਿਤ ਸੱਚਾਈਆਂ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਆਪਣੇ ਸੋਚੇ ਫਰੇਮ ਵਿਚੋਂ ਹੀ ਦੇਖਦਾ ਹੈ। ਹੋ ਸਕਦਾ, ਇਹ ਪੂਰਾ ਸੱਚ ਨਾ ਹੋਵੇ ਪਰ ਬਹੁਤੀ ਵਾਰ ਇਹੀ ਸੱਚ ਹੋ ਨਿਬੜਦਾ ਹੈ। ਔਰਤਾਂ ਨੇ ਸਭ ਤੋਂ ਵੱਧ ਮਾਰ ਪੂੰਜੀਵਾਦੀ ਵਿਵਸਥਾ ਦੁਆਰਾ ਉਨ੍ਹਾਂ ਬਾਰੇ ਘੜੀਆਂ ਧਾਰਨਾਵਾਂ ਹੱਥੋਂ ਖਾਧੀ ਹੈ।”
ਮਾਈਕਲਏਂਜਲੋ ਅੰਤੋਨੀਓਨੀ ਦੀ ਇਸ ਟਿੱਪਣੀ ਨੂੰ ਉਸ ਦੀ ਫਿਲਮ ‘ਲਾ ਨੌਟੇ` (ਰਾਤ) ਵਿਚ ਸਾਫ-ਸਾਫ ਪੜ੍ਹਿਆ ਜਾ ਸਕਦਾ ਹੈ। ਇਹ ਫਿਲਮ ਪੂੰਜੀਵਾਦੀ ਸਮਾਜ ਦੀ ਨਾਰੀਵਾਦੀ ਆਲੋਚਨਾ ਹੋ ਨਿਬੜਦੀ ਹੈ। ਇਹ ਆਲੋਚਨਾ ਖਪਤਵਾਦੀ ਸਭਿਆਚਾਰ ਦੀ ਆਲੋਚਨਾ ਤੋਂ ਲੈ ਕੇ ਪੂੰਜੀਵਾਦ ਦੁਆਰਾ ਵਾਤਾਵਰਨ ਦੀ ਬਰਬਾਦੀ ਖਿਲਾਫ ਦਲੀਲਾਂ ਤੇ ਲੋਕ ਪੱਖੀ ਸਿਆਸਤ ਦਾ ਖਾਕਾ ਤੈਅ ਕਰਦੀ ਹੈ। ਫਿਲਮ ਦੀ ਕਹਾਣੀ ਮੁਤਾਬਿਕ ਗਿਉਵਾਨੀ (ਮਾਰਸੈਲੋ ਮਾਸਤਰੋਆਇਨੀ) ਅਤੇ ਲੀਡੀਆ (ਜੀਨ ਮੌਰਿਉ) ਵਿਆਹ ਤੋਂ ਬਾਅਦ ਪਿਛਲੇ ਦਸ ਸਾਲਾਂ ਤੋਂ ਰੋਮ ਦੀ ਰਾਜਧਾਨੀ ਮਿਲਾਨ ਵਿਚ ਰਹਿ ਰਹੇ ਹਨ। ਗਿਉਵਾਨੀ ਸਫਲ ਨਾਵਲਕਾਰ ਹੈ ਅਤੇ ਉਸ ਦਾ ਨਵਾਂ ਨਾਵਲ ਛਪ ਕੇ ਤਾਜ਼ਾ-ਤਾਜ਼ਾ ਬਾਜ਼ਾਰਾਂ ਵਿਚ ਆਇਆ ਹੈ ਪਰ ਉਹ ਇਸ ਦੀ ਸਫਲਤਾ ਦੇ ਬਾਵਜੂਦ ਮਾਨਸਿਕ ਤੌਰ ‘ਤੇ ਇਸ ਨਾਵਲ ਨਾਲ ਖੁਦ ਨੂੰ ਇਮਾਨਦਾਰ ਮਹਿਸੂਸ ਨਹੀਂ ਕਰ ਰਿਹਾ। ਉਹ ਖੁਦ ਬਾਰੇ ਅਤੇ ਆਪਣੀਆਂ ਰਚਨਾਵਾਂ ਦੀ ਸਾਰਥਿਕਤਾ ਬਾਰੇ ਗਹਿਰੇ ਸੰਸਿਆਂ ਤੇ ਖਦਸ਼ਿਆਂ ਨਾਲ ਘਿਰਿਆ ਹੋਇਆ ਹੈ ਤੇ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਮੈਨੂੰ ਲਿਖਣਾ ਬੰਦ ਕਰ ਦੇਣਾ ਚਾਹੀਦਾ ਹੈ। ਦੂਜੇ ਪਾਸੇ, ਲੀਡੀਆ ਇਸ ਸਭ ਨੂੰ ਸਮਝਣ ਅਤੇ ਮਹਿਸੂਸ ਕਰਨ ਦੇ ਬਾਵਜੂਦ ਗਿਉਵਾਨੀ ਨੂੰ ਕਿਸੇ ਤਰ੍ਹਾਂ ਦੀ ਭਾਵਾਨਾਤਮਿਕ ਤੇ ਮਨੋਵਿਗਿਆਨਕ ਮਦਦ ਕਰਨ ਵਿਚ ਅਸਮਰੱਥ ਹੈ, ਕਿਉਂਕਿ ਉਸ ਨੂੰ ਜਾਪਦਾ ਹੈ ਕਿ ਉਸ ਕੋਲ ਉਹ ਸ਼ਬਦ ਜਾਂ ਸਮਰੱਥਾ ਹੀ ਨਹੀਂ ਜਿਸ ਨਾਲ ਉਹ ਗਿਉਵਾਨੀ ਦੀ ਮਾਨਸਿਕ ਦੁਵਿਧਾ ਅਤੇ ਉਸ ਦੇ ਸ਼ਬਦਾਂ ਨਾਲ ਪੈਦਾ ਹੋਏ ਟਕਰਾਉ ਨੂੰ ਸੰਬੋਧਿਤ ਹੋ ਸਕੇ। ਉਹ ਨੂੰ ਗਿਉਵਾਨੀ ਨਾਲ ਹਮਦਰਦੀ ਜ਼ਰੂਰ ਹੈ ਪਰ ਉਹ ਖੁਦ ਆਪਣੀ ਜ਼ਿੰਦਗੀ ਦੀ ਨਰਾਰਥਿਕਤਾ ਤੇ ਇਸ ਦੇ ਬੇਅਰਥ ਹੁੰਦੇ ਜਾਣ ਦੇ ਡਰ ਤੇ ਅਸੁਰੱਖਿਆ ਵਿਚ ਘਿਰੀ ਹੋਈ ਹੈ।
ਇਸ ਸਾਰੇ ਹਾਲਾਤ ਵਿਚ ਫਿਲਮਸਾਜ਼ ਦੇ ਤੌਰ ‘ਤੇ ਮਾਈਕਲਏਂਜਲੋ ਅੰਤੋਨੀਓਨੀ ਨੇ ਜੋ ਚਮਤਕਾਰ ਕੀਤਾ ਹੈ, ਉਹ ਇਹ ਹੈ ਕਿ ਇਹ ਕਿਰਦਾਰ ਇੱਕ-ਦੂਜੇ ਤੋਂ ਅਲੱਗ ਹੋ ਜਾਣ ਦੀ ਦਹਿਲੀਜ਼ ਤੇ ਖੜ੍ਹੇ ਵੀ ਤੇ ਬੇਵਸੀ ਦੀ ਹਾਲਤ ਵਿਚ ਵੀ ਇੱਕ-ਦੂਜੇ ਵਿਚੋਂ ਖੁਦ ਨੂੰ ਪੜ੍ਹ ਸਕਦੇ ਹਨ। ਫਿਲਮ ਦੇ ਮੁੱਢਲੇ ਦ੍ਰਿਸ਼ਾਂ ਵਿਚ ਹੀ ਉਹ ਜਦੋਂ ਆਪਣੇ ਇੱਕ ਲੇਖਕ ਦੋਸਤ ਦੀ ਮਿਜ਼ਾਜ-ਪੁਰਸ਼ੀ ਲਈ ਹਸਪਤਾਲ ਜਾਂਦੇ ਹਨ ਤਾਂ ਉਹ ਦੋਸਤ ਉਨ੍ਹਾਂ ਨੂੰ ਦੱਸਦਾ ਹੈ ਕਿ ਮੌਤ ਦੇ ਇੰਨਾ ਨਜ਼ਦੀਕ ਆਉਣ ‘ਤੇ ਮੈਨੂੰ ਇਸ ਗੱਲ ਦਾ ਭੈਅ ਆ ਰਿਹਾ ਕਿ ਹੁਣ ਤੱਕ ਜੋ ਵੀ ਮੈਂ ਰਚਿਆ ਹੈ, ਕੀ ਉਸ ਵਿਚੋਂ ਕੁਝ ਵੀ ਅਜਿਹਾ ਹੈ ਜਿਸ ਵਿਚ ਉਹ ਅਸਲੀਅਤ ਤੇ ਸੱਚਾਈ ਦੀਆਂ ਬਾਰੀਕੀਆਂ ਵਿਚ ਜਾਣ ਦੀ ਹਿੰਮਤ ਜੁਟਾ ਪਾਇਆ ਹੈ। ਉਸ ਦੋਸਤ ਨੂੰ ਇਹ ਡਰ ਹੈ ਕਿ ਉਸ ਨੇ ਸਾਰੀ ਉਮਰ ਸਤਹੀ ਕਿਸਮ ਦਾ ਲਿਖਿਆ ਹੈ ਜਿਸ ਕਰ ਕੇ ਉਹ ਹੁਣ ਆਪਣੀਆਂ ਹੀ ਰਚਨਾਵਾਂ ਤੋਂ ਮੂੰਹ ਛੁਪਾਉਣ ਦੀ ਕੋਸ਼ਿਸ ਕਰ ਰਿਹਾ ਹੈ, ਕਿਉਂਕਿ ਉਸ ਨੇ ਉਹ ਨਹੀਂ ਲਿਖਿਆ ਜੋ ਉਸ ਨੂੰ ਲੇਖਕ ਹੋਣ ਨਾਤੇ ਲਿਖਣਾ ਚਾਹੀਦਾ ਸੀ। ਮਾਈਕਲਏਂਜਲੋ ਅੰਤੋਨੀਓਨੀ ਦੀ ਖੂਬਸੂਰਤੀ ਇਹ ਹੈ ਕਿ ਆਪਣੇ ਲਿਖੇ ਬੇਅਰਥ ਸ਼ਬਦਾਂ ਬਾਰੇ ਝੂਰਦੇ ਹੋਏ ਉਹ ਮਨੁੱਖ ਲਈ ਵੀ ਤੇ ਬਾਕੀ ਫਿਲਮ ਵਿਚ ਕਿਰਦਾਰਾਂ ਦੀ ਕਸ਼ਮਕਸ਼ ਦਿਖਾਉਣ ਲਈ ਵੀ ਸ਼ਬਦ ਨਹੀਂ ਵਰਤਦਾ ਬਲਕਿ ‘ਚੁੱਪ` ਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਕਿਰਦਾਰਾਂ ਦੇ ਚਿਹਰੇ ਹੀ ਉਨ੍ਹਾਂ ਦੀ ਜ਼ੁਬਾਨ ਹਨ।
ਹਸਪਤਾਲ ਤੋਂ ਉਹ ਗਿਉਵਾਨੀ ਦੇ ਨਾਵਲ ਦੀ ਸਫਲਤਾ ਦੇ ਸਬੰਧ ਵਿਚ ਪਬਲੀਕੇਸ਼ਨ ਹਾਊਸ ਵੱਲੋਂ ਰੱਖੀ ਇੱਕ ਪਾਰਟੀ ਵਿਚ ਸ਼ਾਮਿਲ ਹੁੰਦੇ ਹਨ ਜਿੱਥੇ ਲੀਡੀਆ ਨੂੰ ਜਾਪਦਾ ਹੈ ਕਿ ੳਹ ‘ਗਲਤ ਜਗਾਹ` ‘ਤੇ ਆ ਗਈ ਹੈ। ਉਹ ਚੁੱਪ-ਚਾਪ ਸ਼ਹਿਰ ਵਿਚ ਪੈਦਲ ਹੀ ਲੰਮੀ ਸੜਕ ‘ਤੇ ਤੁਰ ਪੈਂਦੀ ਹੈ। ਇਸ ਸੜਕ ‘ਤੇ ਜ਼ਿੰਦਗੀ ਲਗਾਤਾਰ ਆਪਣੀ ਤੋਰ ਤੁਰ ਰਹੀ ਹੈ। ਇਸ ਸਾਧਾਰਨ ਸੜਕ ‘ਤੇ ਇਹ ਸਾਧਾਰਨ ਸਫਰ ਸਦੀਆਂ ਤੋਂ ਇੱਦਾਂ ਹੀ ਜਾਰੀ ਹੈ। ਲੋਕਾਂ ਦੇ ਚਿਹਰੇ ਬਦਲਦੇ ਹਨ, ਉਨ੍ਹਾਂ ਦੇ ਵਿਚਾਰਾਂ ਵਿਚ ਤਬਦੀਲੀ ਆਉਂਦੀ ਹੈ, ਉਹ ਖੁਸ਼ ਹੁੰਦੇ ਹਨ, ਉਦਾਸ ਹੁੰਦੇ ਹਨ, ਬੋਲਦੇ ਹਨ, ਸੋਚਦੇ ਹਨ, ਸੁਣਦੇ ਹਨ ਤੇ ਕਦੇ-ਕਦੇ ਇੱਕ-ਦੂਜੇ ਤੇ ਚੀਕਦੇ ਹਨ, ਇੱਕ-ਦੂਜੇ ਨੂੰ ਕੋਸਦੇ ਹਨ, ਇੱਕ-ਦੂਜੇ ਨਾਲ ਰੁੱਸਦੇ ਹਨ ਤੇ ਇੱਕ ਦਿਨ ਇਸ ਸੜਕ ਤੋਂ, ਇਸ ਜ਼ਿੰਦਗੀ ਦੇ ਦ੍ਰਿਸ਼ ਵਿਚੋਂ ਗਾਇਬ ਹੋ ਜਾਂਦੇ ਹਨ। ਇਸ ਦੇ ਬਾਵਜੂਦ ਇਸ ਸੜਕ ਦੀ ਆਵਾਜਾਈ ਜਾਂ ਗਤੀਵਿਧੀਆਂ ‘ਤੇ ਕੋਈ ਫਰਕ ਨਹੀਂ ਪੈਂਦਾ। ਇੱਕ ਮੁਸਾਫਿਰ ਦੀ ਜਗਾਹ ਦੂਜਾ ਲੈ ਲੈਂਦਾ ਹੈ। ਮਾਈਕਲਏਂਜਲੋ ਅੰਤੋਨੀਓਨੀ ਅਨੁਸਾਰ ਕੀ ਕੋਈ ਮੁਸਾਫਿਰ ਇਹ ਦਾਅਵਾ ਕਰਨ ਦੀ ਹਾਲਤ ਵਿਚ ਹੈ ਕਿ ਮੈਂ ਸਦਾ ਹੀ ਇਸੇ ਸੜਕ ‘ਤੇ ਤੁਰਨਾ ਹੈ? ਕੀ ਲੀਡੀਆ ਵਾਂਗ ਉਸ ਦੇ ਹੋਣ ਜਾਂ ਨਾ ਹੋਣ ਦਾ ਇਸ ਸਫਰ ਦੇ ਹਾਲਾਤ ਜਾਂ ਸ਼ਰਤਾਂ ‘ਤੇ ਕੋਈ ਅਸਰ ਪੈਂਦਾ ਹੈ? ਲੀਡੀਆ ਇਸ ਸੜਕ ‘ਤੇ ਤੁਰਦਿਆ ਇਹ ਜਾਣ ਜਾਂਦੀ ਹੈ ਕਿ ਇਹ ਸਭ ਮੇਰੇ ਬਿਨਾਂ ਵੀ ਇੱਦਾਂ ਹੀ ਚੱਲਦਾ ਰਹੇਗਾ।
ਉਸੇ ਸ਼ਾਮ ਇੱਕ ਹੋਰ ਪਾਰਟੀ ਵਿਚ ਗਿਉਵਾਨੀ ਦੀ ਮੁਲਾਕਾਤ ਵੈਲੇਨਟੀਨਾ ਨਾਲ ਹੁੰਦੀ ਹੈ। ਅਜਨਬੀ ਹੋਣ ਦੇ ਬਾਵਜੂਦ ਉਹ ਉਸ ਨੂੰ ਝੱਟ ਦੱਸ ਦਿੰਦਾ ਹੈ ਕਿ “ਅੱਜ ਕੱਲ੍ਹ ਮੈਥੋਂ ਕੁਝ ਲਿਖ ਨਹੀਂ ਹੋ ਰਿਹਾ। ਮੈਨੂੰ ਇਹ ਪਤਾ ਹੈ ਕਿ ਮੈਂ ਲਿਖਣਾ ਕੀ ਹੈ ਪਰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਲਿਖਣਾ ਕਿਵੇਂ ਹੈ?” ਮਾਈਕਲਏਂਜਲੋ ਅੰਤੋਨੀਓਨੀ ਦੀਆਂ ਫਿਲਮਾਂ ਦੇ ਬਹੁਤ ਸਾਰੇ ਕਿਰਦਾਰਾਂ ਵਾਂਗ ਪੂੰਜੀਵਾਦੀ ਨਿਜ਼ਾਮ ਦੇ ਨੇਮਾਂ ਮੁਤਾਬਿਕ ਗਿਉਵਾਨੀ ਸਿਰਫ ‘ਉਹ ਹੈ ਜੋ ਉਹ ਕਰਦਾ ਹੈ`, ਅਰਥਾਤ ਇਸ ਪ੍ਰਬੰਧ ਵਿਚ ‘ਤੁਸੀਂ ਕੰਮ ਹੋ`। ਉਤਪਾਦਕੀ ਰਿਸ਼ਤਿਆਂ ਦੀ ਇਸ ਵਿਆਕਰਨ ਵਿਚ ਹਰ ਬੰਦੇ ਨੂੰ ਇਨਸਾਨ ਹੋਣ ਦੀ ਪਰਿਭਾਸ਼ਾ ਦੀ ਥਾਂ ‘ਕੁਝ ਨਾ ਕੁਝ ਹੋਣ` ਦੀ ਸਮਾਜਕ ਮਜਬੂਰੀ ਦਾ ਵਜ਼ਨ ਝੱਲਣਾ ਹੀ ਪੈਂਦਾ ਹੈ, ਨਹੀਂ ਤਾਂ ਉਸ ਦੀ ਹੋਂਦ ਦੀ ਜ਼ਰੂਰਤ ‘ਤੇ ਹੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਗਿਉਵਾਨੀ ਖੁਦ ਨੂੰ ਇਹੀ ਸਵਾਲ ਵਾਰ-ਵਾਰ ਪੁੱਛ ਰਿਹਾ ਹੈ ਕਿ ਜੇ ਮੈਂ ਲੇਖਕ ਹਾਂ ਅਤੇ ਹੁਣ ਲਿਖਣ ਤੋਂ ਅਸਮਰੱਥ ਹਾਂ ਤਾਂ ਕੀ ਮੈਂ ਜ਼ਿੰਦਾ ਹਾਂ?
ਇਸੇ ਪਾਰਟੀ ਵਿਚ ਲੀਡੀਆ ਹਸਪਤਾਲ ਫੋਨ ਕਰਦੀ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਦੋਸਤ ਦੀ ਮੌਤ ਹੋ ਗਈ ਹੈ। ਉਹ ਆਪਣੀ ਮੌਤ ਬਾਰੇ ਗਹਿਰੀ ਸੋਚ ਵਿਚ ਡੁੱਬ ਜਾਂਦੀ ਹੈ। ਉਹ ਜਦੋਂ ਇਹ ਖਬਰ ਗਿਉਵਾਨੀ ਨੂੰ ਦੇਣ ਜਾਂਦੀ ਹੈ ਤਾਂ ਉਸ ਨੂੰ ਵੈਲੇਨਟੀਨਾ ਨਾਲ ਦੇਖ ਕੇ ਚੁੱਪ ਹੋ ਜਾਂਦੀ ਹੈ। ਬਾਅਦ ਵਿਚ ਰਸਤੇ ਵਿਚ ਉਹ ਗਿਉਵਾਨੀ ਨੂੰ ਦੱਸਦੀ ਹੈ ਕਿ ਉਹ ਮਹਿਸੂਸ ਕਰਦੀ ਹੈ ਕਿ ਜੇ ਉਹ ਉਸ ਲਈ ਪਿਆਰ ਮਹਿਸੂਸ ਕਰਨ ਦੀ ਹਾਲਤ ਵਿਚ ਨਹੀਂ ਰਹੀ ਤਾਂ ਉਸ ਨੂੰ ਮਰ ਜਾਣਾ ਚਾਹੀਦਾ ਹੈ। ਗਿਉਵਾਨੀ ਉਸ ਦੀ ਹਾਲਤ ਨੂੰ ਮਹਿਸੂਸ ਕਰਦਿਆਂ ਦੱਸਦਾ ਹੈ ਕਿ ਅਸਲ ਵਿਚ ਉਸ ਨੇ ਹੀ ਲੀਡੀਆ ਨੂੰ ਇਸ ਖਾਲੀਪਣ ਨਾਲ ਭਰਿਆ ਹੈ, ਕਿਉਂਕਿ ਉਹ ਆਪ ਹੀ ਅੰਦਰੋਂ ਖਾਲੀ ਮਹਿਸੂਸ ਕਰਦਾ ਰਿਹਾ ਹੈ। ਹੁਣ ਉਸ ਨੂੰ ਉਹੀ ਵਾਪਸ ਮਿਲ ਰਿਹਾ ਹੈ ਜੋ ਉਸ ਨੇ ਦੂਜਿਆਂ ਨੂੰ ਦਿੱਤਾ ਹੈ।
ਇਸ ਫਿਲਮ ਨੂੰ ਇਟਲੀ ਅਤੇ ਇਟਲੀ ਤੋਂ ਬਾਹਰ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ। ਦਰਸ਼ਕਾਂ ਨੂੰ ਲੱਗਦਾ ਰਿਹਾ ਕਿ ਫਿਲਮ ਵਿਚ ਕੋਈ ਕਹਾਣੀ ਤੇ ਪਲਾਟ ਤਾਂ ਹੈ ਹੀ ਨਹੀਂ ਪਰ ਫਿਲਮਸਾਜ਼ ਪੁੱਛਦਾ ਹੈ: ਕੀ ਜ਼ਿੰਦਗੀ ਵਿਚ ਵੀ ਕੋਈ ਕਹਾਣੀ ਜਾਂ ਪਲਾਟ ਹੈ?
ਇਸ ਫਿਲਮ ਦੇ ਅੰਤ ਦੀ ਵੀ ਇਸ ਪੱਖੋਂ ਆਲੋਚਨਾ ਕੀਤੀ ਗਈ ਕਿ ਇਹ ਅੰਤ ਬੇਹੱਦ ਅਸੁਭਾਵਿਕ ਹੈ। ਫਿਲਮ ਦੇ ਅੰਤ ਵਿਚ ਦੋਵੇਂ ਪਤੀ-ਪਤਨੀ ਗੋਲਫ ਕੋਰਸ ਦੀ ਪਾਰਕ ਵਿਚ ਬੈਠੇ ਹਨ। ਲੀਡੀਆ ਗਿਉਵਾਨੀ ਨੂੰ ਪ੍ਰੇਮ ਪੱਤਰ ਪੜ੍ਹ ਕੇ ਸੁਣਾ ਰਹੀ ਹੈ। ਇਹ ਇੰਨਾ ਕਾਵਿਕ ਤੇ ਖੂਬਸੂਰਤ ਹੈ ਕਿ ਗਿਉਵਾਨੀ ਦੀਆਂ ਅੱਖਾਂ ਭਰ ਆਉਂਦੀਆਂ, ਤੇ ਉਹ ਅਚਾਨਕ ਹੀ ਪੁੱਛਦਾ ਹੈ, “ਕਿਸ ਨੇ ਲਿਖਿਆ ਹੈ ਇਹ?” ਲੀਡੀਆ ਇਹ ਸੁਣ ਕੇ ਸੁੰਨ ਰਹਿ ਜਾਂਦੀ ਹੈ। ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਦੱਸਦੀ ਹੈ ਕਿ ਇਹ ਤੂੰ ਹੀ ਮੈਨੂੰ ਲਿਖ ਕੇ ਭੇਜਿਆ ਸੀ। ਇਸ ਘਟਨਾ ਦਾ ਗਿਉਵਾਨੀ ‘ਤੇ ਅਜੀਬ ਅਸਰ ਹੁੰਦਾ ਹੈ। ਉਹ ਝੱਟ ਸੋਚਦਾ ਹੈ: ਕੀ ਮੈਂ ਇਸ ਕੁੜੀ ਦੇ ਪਿਆਰ ਦੀ ਕਮੀ ਹੁਣ ਨਹੀਂ ਪੂਰੀ ਕਰ ਸਕਦਾ? ਇਸ ਤੋਂ ਬਾਅਦ ਦਾ ਦ੍ਰਿਸ਼ ਸ਼ਾਇਦ ਸਿਨੇਮਾ ਦਾ ਸਭ ਤੋਂ ਵਿਵਾਦ ਵਾਲਾ ਦ੍ਰਿਸ਼ ਹੋ ਸਕਦਾ ਹੈ ਜਿਸ ਵਿਚ ਉਹ ਆਪਣੇ ਚੁੰਮਣਾਂ ਨਾਲ ਵਾਪਸ ਪਿਆਰ ਨਾ ਕਰ ਸਕਣ ਦੀ ਗਿਲਾਨੀ ਧੋ ਦੇਣ ਦੀ ਕੋਸ਼ਿਸ ਕਰਦਾ ਹੈ। ਇਸ ਦ੍ਰਿਸ਼ ਬਾਰੇ ਇੱਕ ਇੰਟਰਵਿਊ ਵਿਚ ਫਿਲਮਸਾਜ਼ ਦੱਸਦਾ ਹੈ, ਤੇ ਇਸੇ ਟਿੱਪਣੀ ‘ਤੇ ਆਪਣੀ ਫਿਲਮ ਖਤਮ ਕਰਦਾ ਹੈ: “ਇਹ ਇੱਕ ਤਰ੍ਹਾਂ ਦਾ ਜਾਨਵਰਾਂ ਵਾਲਾ ਜਨੂਨ ਹੈ ਜਿਹੜਾ ਮਹਿਜ਼ ਇੱਕ ਯਾਦ ਵਿਚੋਂ ਨਿਕਲਿਆ ਹੈ ਪਰ ਜਿਸ ਨੇ ਫਿਰ ਤੋਂ ਉਦਾਂ ਹਰਗਿਜ਼ ਨਹੀਂ ਵਾਪਰਨਾ, ਇਸ ਨੇ ਇਨ੍ਹਾਂ ਦੇ ਦਿਲਾਂ ਨੂੰ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ।” ਇੱਥੇ ਫਿਲਮ ਬਹੁਤ ਸਾਰੇ ਨਵੇਂ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਦਾ ਪਿਆਰ ਵਿਆਹ ਬਚ ਨਹੀ ਸਕਦਾ … ਫਿਰ ਉਹ ਇਸ ਦੀ ਪਰਛਾਈਂ ਬਣਾਉਣ ਦੀ ਕੋਸ਼ਿਸ ਕਿਉਂ ਕਰ ਰਹੇ ਹਨ?
ਫਿਲਮ ਵਿਚ ਵਿਚਾਰਧਾਰਕ ਤੌਰ ‘ਤੇ ਦੂਜਾ ਨੁਕਤਾ ਪੂੰਜੀਵਾਦ ਦੁਆਰਾ ਵਿਅਕਤੀਆਂ ਨੂੰ ਕੁਦਰਤ ਨਾਲੋਂ ਨਿਖੇੜ ਕੇ ਗੈਰ-ਕੁਦਰਤੀ ਜੀਵਨ ਢੰਗਾਂ ਵੱਲ ਧੱਕਣ ਦਾ ਹੈ। ਇਸ ਨੂੰ ਇਸ ਫਿਲਮ ਦੇ ਮੀਂਹ ਵਾਲੇ ਦ੍ਰਿਸ਼ ਰਾਹੀਂ ਸਮਝਿਆ ਜਾ ਸਕਦਾ ਹੈ। ਇੱਕ ਉਚ ਵਰਗੀ ਘਰ ਵਿਚ ਪਾਰਟੀ ਹੋ ਰਹੀ ਹੈ। ਘਰ ਦੇ ਐਨ ਵਿਚਕਾਰ ਨਹਾਉਣ ਲਈ ਤਲਾਅ ਦਾ ਪ੍ਰਬੰਧ ਹੈ ਪਰ ਇਹ ਸਾਫ-ਸਫਾਫ ਪਾਣੀ ਮਹਿਮਾਨਾਂ ਦੇ ਸਿਰਫ ਦੇਖਣ ਲਈ ਹੈ। ਅਚਾਨਕ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਪਾਰਟੀ ਦੀ ਮਨਸੂਈ ਸਜਾਵਟ ਵਿਗੜਨ ਲੱਗਦੀ ਹੈ। ਮੇਕਅੱਪ ਦੇ ਉਹਲਿਓਂ ਅਸਲੀ ਮੁਸਕਾਨਾਂ ਬਾਹਰ ਆਉਣ ਲੱਗਦੀਆਂ ਹਨ। ਹੁਣ ਉਨ੍ਹਾਂ ਨੂੰ ਖੁਸ਼ ਹੋਣ ਲਈ ਸ਼ਰਾਬ, ਸਿਗਰਟ ਜਾਂ ਫੈਸ਼ਨ ਦੀ ਜ਼ਰੂਰਤ ਨਹੀਂ। ਮੀਂਹ ਨੇ ਜਿਵੇਂ ਉਨ੍ਹਾਂ ਦੀ ਤਰਤੀਬਦਾਰ ਉਦਾਸੀ ਅਤੇ ਆਤਮ-ਮੁਗਧ ਹੋਣ ਦੀ ਹਾਲਤ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਉਹ ਸਾਰੇ ਮੇਲੇ ਵਿਚ ਗੁਆਚੇ ਬੱਚਿਆਂ ਵਾਂਗ ਮੀਂਹ ਤੋਂ ਬਚਣ ਲਈ ਭੱਜ ਰਹੇ ਹਨ, ਹੜਦੁੰਗ ਕਰ ਰਹੇ ਹਨ ਪਰ ਅੰਦਰੋਂ ਇਸੇ ਵਿਚ ਗੁੜੱਚ ਹੋਣਾ ਚਾਹੁੰਦੇ ਹਨ। ਮੀਂਹ ਨੇ ਕੁਝ ਦੇਰ ਲਈ ਉਨ੍ਹਾਂ ਦੇ ਜਮਾਤੀ ਲਕਬ ਅਤੇ ਨਕਾਬ ਨੋਚ ਸੁੱਟੇ ਹਨ। ਉਨ੍ਹਾਂ ਵਿਚੋਂ ਕੁਝ ਫਰਸ਼ਾਂ ‘ਤੇ ਹੀ ਲਿਟਣ ਲੱਗਦੇ ਹਨ ਤੇ ਕੁਝ ਇੱਕ-ਦੂਜੇ ਨੂੰ ਤਲਾਬ ਵਿਚ ਸੁੱਟਣ ਤੱਕ ਜਾਂਦੇ ਹਨ। ਇਹ ਅਰਾਜਕ ਹਾਲਤ ਹੈ ਪਰ ਸ਼ਾਇਦ ਇਹੀ ਆਦਰਸ਼ਕ ਹਾਲਤ ਵੀ ਹੈ।