ਸ਼ਹਾਦਤਾਂ ਨੂੰ ਸਿਜਦਾ

ਜਦੋਂ ਦਾ ਕਿਸਾਨ ਮੋਰਚਾ ਦਿੱਲੀ ਦੀਆਂ ਬਰੂਹਾਂ ਉਤੇ ਪੁੱਜਾ ਹੈ, ਪੰਜਾਬ ਅਤੇ ਪੰਜਾਬੀਆਂ ਨਾਲ ਜੁੜੇ ਸਭ ਅਹਿਮ ਤਿੱਥ ਅਤੇ ਤਿਉਹਾਰ ਉਸ ਥਾਂ ਵੱਖਰੇ ਜਲੌਅ ਨਾਲ ਮਨਾਏ ਜਾ ਰਹੇ ਹਨ। ਇਸ ਪ੍ਰਸੰਗ ਵਿਚ ਐਤਕੀਂ 23 ਮਾਰਚ ਦਾ ਸ਼ਹਾਦਤ ਦਿਹਾੜਾ ਬਿਲਕੁੱਲ ਨਿਵੇਕਲੇ ਰੰਗ ਵਿਚ ਮਨਾਇਆ ਗਿਆ। ਦੇਸ਼ ਦੀ ਆਜ਼ਾਦੀ ਲਈ 23 ਮਾਰਚ 1931 ਨੂੰ ਫਾਂਸੀ ਉਤੇ ਚੜ੍ਹਨ ਵਾਲੇ ਨੌਜਵਾਨਾਂ- ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ, ਦਾ ਸ਼ਹਾਦਤ ਦਿਵਸ ਦਿੱਲੀ ਦੀਆਂ ਬਰੂਹਾਂ ਉਤੇ ਤਾਂ ਆਪਣੇ ਜਲੌਅ ਵਿਚ ਮਨਾਇਆ ਹੀ ਗਿਆ, ਪੰਜਾਬ ਅੰਦਰ ਇਸ ਦਾ ਜਲੌਅ ਦੇਖਣਾ ਹੀ ਬਣਦਾ ਸੀ। ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੜੇ ਜਾ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ ਪਹਿਲਕਦਮੀ ਨਾਲ ਐਤਕੀਂ ਬੰਗਾ ਵਿਖੇ ਹੋਇਆ ਸ਼ਹੀਦੀ ਸਮਾਗਮ ਮਿਸਾਲੀ ਹੋ ਨਿਬੜਿਆ।

ਪਹਿਲਾਂ ਇਹ ਸਮਾਗਮ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਜੋ ਬੰਗਾ ਦੇ ਐਨ ਨੇੜੇ ਪੈਂਦਾ ਹੈ, ਵਿਖੇ ਹੋਣਾ ਸੀ ਪਰ ਮੀਂਹ ਕਾਰਨ ਇਸ ਸਮਾਗਮ ਦਾ ਸਥਾਨ ਮੌਕੇ ਉਤੇ ਹੀ ਬਦਲਣਾ ਪੈ ਗਿਆ। ਉਂਜ, ਖਰਾਬ ਮੌਸਮ ਅਤੇ ਖੜ੍ਹੇ ਪੈਰ ਸਮਾਗਮ ਦਾ ਸਥਾਨ ਬਦਲੇ ਜਾਣ ਦਾ ਸਮਾਗਮ ਅਤੇ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਲੋਕਾਂ ਉਤੇ ਕੋਈ ਅਸਰ ਨਹੀਂ ਹੋਇਆ ਅਤੇ ਲੋਕ ਵੱਡੀ ਗਿਣਤੀ ਵਿਚ ਇਸ ਸਮਾਗਮ ਵਿਚ ਪੁੱਜੇ। ਇਉਂ ਇਸ ਸਮਾਗਮ ਦਾ ਜਿਹੜਾ ਸੁਨੇਹਾ ਗਿਆ, ਉਸ ਬਹੁਤ ਬੱਝਵਾਂ ਅਤੇ ਅਸਰਦਾਰ ਸੀ। ਇਸ ਸਮਾਗਮ ਦੀ ਅਹਿਮੀਅਤ ਇਸ ਕਰ ਕੇ ਵੀ ਸੀ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕੁਝ ਧਿਰਾਂ ਇਹ ਪ੍ਰਚਾਰ ਲਗਾਤਾਰ ਕਰ ਰਹੀਆਂ ਸਨ ਕਿ ਨੌਜਵਾਨਾਂ ਦਾ ਕਿਸਾਨ ਸੰਘਰਸ਼ ਤੋਂ ਮੋਹ-ਭੰਗ ਹੋ ਗਿਆ ਹੈ ਪਰ 23 ਮਾਰਚ ਦੇ ਸ਼ਹੀਦਾਂ ਦੇ ਇਸ ਦਿਵਸ ਮੌਕੇ ਸਾਫ ਜ਼ਾਹਿਰ ਹੋ ਗਿਆ ਕਿ ਪੰਜਾਬ ਦੇ ਨੌਜਵਾਨ, ਕਿਸਾਨ ਸੰਘਰਸ਼ ਦੇ ਨਾਲ ਹੀ ਨਹੀਂ ਸਗੋਂ ਹਰ ਤਰ੍ਹਾਂ ਦੀ ਸਰਗਰਮੀ ਲਈ ਵੀ ਤਿਆਰ-ਬਰ-ਤਿਆਰ ਹਨ।
ਅਸਲ ਵਿਚ 26 ਜਨਵਰੀ ਵਾਲੀਆਂ ਘਟਨਾਵਾਂ ਨੇ ਕਿਸਾਨ ਸੰਘਰਸ਼ ਅੰਦਰ ਬੜੀ ਉਥਲ-ਪੁਥਲ ਕੀਤੀ ਹੈ। ਇਕ ਤਾਂ ਮੋਦੀ ਸਰਕਾਰ ਨੇ ਕਿਸਾਨ ਲੀਡਰਸ਼ਿਪ ਨਾਲ ਗੱਲਬਾਤ ਬੰਦ ਕੀਤੀ ਹੋਈ ਹੈ; ਦੂਜੇ ਪਾਸੇ ਕੁਝ ਧਿਰਾਂ ਵੱਲੋਂ ਕਿਸਾਨ ਲੀਡਰਸ਼ਿਪ ਉਤੇ ਕੋਈ ਨਾ ਕੋਈ ਮੁੱਦਾ ਬਣਾ ਕੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸ ਕਾਰਜ ਵਿਚ ਪਹਿਲਾਂ-ਪਹਿਲ ਕੁਝ ਕਥਿਤ ਪੰਥਕ ਧਿਰਾਂ ਸ਼ਾਮਿਲ ਸਨ ਪਰ ਮਗਰੋਂ ਕਿਸਾਨ ਸੰਘਰਸ਼ ਦੀਆਂ ਕੁਝ ਹੋਰ ਗਿਣਤੀਆਂ-ਮਿਣਤੀਆਂ ਤੋਂ ਬਾਅਦ ਕੁਝ ਹੋਰ ਧਿਰਾਂ ਵੀ ਇਸ ਹਮਲੇ ਵਿਚ ਸ਼ਾਮਿਲ ਹੋ ਗਈਆਂ। ਇਨ੍ਹਾਂ ਸਾਰੀਆਂ ਧਿਰਾਂ ਦੇ ਹਮਲੇ ਦੀ ਸੁਰ ਇਕ ਹੀ ਹੈ ਕਿ ਕਿਸਾਨ ਲੀਡਰਸ਼ਿਪ ਨੇ ਸਰਕਾਰ ਨਾਲ ਸਮਝੌਤਾ ਕਰ ਲੈਣਾ ਹੈ ਹਾਲਾਂਕਿ ਕਿਸਾਨ ਲੀਡਰਸ਼ਿਪ ਵਿਚ ਸ਼ਾਮਿਲ ਕੁਝ ਧਿਰਾਂ ਦੀ ਨਰਮ ਸੁਰ ਦੇ ਬਾਵਜੂਦ ਇਕ ਵੀ ਕਿਸਾਨ ਧਿਰ ਨੇ ਅਜੇ ਤੱਕ ਇਹ ਨਹੀਂ ਕਿਹਾ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਉਨ੍ਹਾਂ ਨੂੰ ਕੁਝ ਮਨਜ਼ੂਰ ਹੋਵੇਗਾ। ਉਹ ਤਾਂ ਸਗੋਂ ਘੱਟ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਲਈ ਵੀ ਡਟ ਕੇ ਲਾਮਬੰਦੀ ਕਰ ਰਹੇ ਹਨ। ਇਸ ਕਾਰਜ ਤਹਿਤ ਕਿਸਾਨ ਸੰਘਰਸ਼ ਨੂੰ ਮੁਲਕ ਪੱਧਰ ਉਤੇ ਫੈਲਾਉਣ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਸਿਆਸੀ ਅਤੇ ਕਿਸਾਨ ਮਾਹਿਰ ਵੀ ਵਾਰ-ਵਾਰ ਇਹੀ ਕਹਿ ਰਹੇ ਹਨ ਕਿ ਹੁਣ ਇਸ ਕਿਸਾਨ ਸੰਘਰਸ਼ ਨੂੰ ਹਰ ਹਾਲ ਮੁਲਕ ਪੱਧਰੀ ਬਣਾਇਆ ਜਾਣਾ ਚਾਹੀਦਾ ਹੈ, ਇਉਂ ਕਰ ਕੇ ਹੀ ਮੋਦੀ ਸਰਕਾਰ ਉਤੇ ਵਧੇਰੇ ਦਬਾਅ ਪਾਇਆ ਜਾ ਸਕਦਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਇਸ ਪਾਸੇ ਉਚੇਚਾ ਧਿਆਨ ਦਿੰਦਿਆਂ ਮੁਲਕ ਦੇ ਵੱਖ-ਵੱਖ ਹਿੱਿਸਆਂ ਵਿਚ ਤਿੱਖੀ ਸਰਗਰਮੀ ਵੀ ਆਰੰਭੀ ਹੋਈ ਹੈ ਅਤੇ ਇਨ੍ਹਾਂ ਨੂੰ ਇਨ੍ਹਾਂ ਸੂਬਿਆਂ ਅੰਦਰ ਭਰਪੂਰ ਹੁੰਗਾਰਾ ਵੀ ਮਿਲ ਰਿਹਾ ਹੈ।
ਇਉਂ ਇਕ ਪਾਸੇ ਤਾਂ ਕਿਸਾਨ ਲੀਡਰਸ਼ਿਪ ਇਸ ਕਿਸਾਨ ਅੰਦੋਲਨ ਨੂੰ ਮੁਲਕ ਪੱਧਰੀ ਬਣਾ ਕੇ ਮੋਦੀ ਸਰਕਾਰ ਉਤੇ ਹੋਰ ਦਬਾਅ ਬਣਾ ਰਹੀ ਹੈ, ਦੂਜੇ ਪਾਸੇ ਲੀਡਰਸ਼ਿਪ ਦੀ ਨੁਕਤਾਚੀਨੀ ਕਰਨ ਵਾਲੇ ਇਸ ਅੰਦੋਲਨ ਨੂੰ ਖਿੱਚ-ਖਿੱਚ ਕੇ ਪੰਜਾਬ ਜਾਂ ਸਿੱਖਾਂ ਦਾ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਸਰਕਾਰ ਵੀ ਮੁੱਢ ਤੋਂ ਹੀ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਅੰਦੋਲਨ ਨੂੰ ਪੰਜਾਬ ਤੱਕ ਸੀਮਤ ਕਰ ਕੇ ਪ੍ਰਚਾਰਿਆ ਜਾਵੇ। ਇਸੇ ਕਰ ਕੇ ਹੀ ਇਸ ਨੇ ਪਹਿਲਾਂ-ਪਹਿਲ ਅੰਦੋਲਨਕਾਰੀਆਂ ਉਤੇ ਖਾਲਿਸਤਾਨੀ ਹੋਣ ਦੇ ਦੋਸ਼ ਲਾਏ ਸਨ। ਅਸਲ ਵਿਚ ਕਿਸਾਨ ਲੀਡਰਸ਼ਿਪ ਦੀ ਨੁਕਤਾਚੀਨੀ ਕਰਨ ਵਾਲੀਆਂ ਧਿਰਾਂ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੋਂ ਵੀ ਅਗਾਂਹ ਜਾ ਕੇ ਲੀਡਰਸ਼ਿਪ ਵਿਚ ਆਪਣੀ ਹਿੱਸੇਦਾਰੀ ਲਈ ਹੱਥ-ਪੈਰ ਮਾਰ ਰਹੀਆਂ ਹਨ। ਇਸੇ ਕਰ ਕੇ ਕਦੇ ਬੁੱਢੀ ਲੀਡਰਸ਼ਿਪ ਦਾ ਮਸਲਾ ਉਭਾਰਿਆ ਜਾਂਦਾ ਹੈ ਅਤੇ ਕਦੀ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਤਿੱਖਾ ਪ੍ਰੋਗਰਾਮ ਦਿੱਤੇ ਬਗੈਰ ਸਰਕਾਰ ਉਤੇ ਦਬਾਅ ਨਹੀਂ ਬਣਾਇਆ ਜਾ ਸਕਦਾ ਜਦਕਿ ਲੀਡਰਸ਼ਿਪ ਵਾਰ-ਵਾਰ ਸਪਸ਼ਟ ਕਰ ਚੁੱਕੀ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਘੱਟ ਕੋਈ ਵੀ ਫੈਸਲਾ ਇਸ ਨੂੰ ਮਨਜ਼ੂਰ ਨਹੀਂ ਹੋਵੇਗਾ। ਖੈਰ! ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹਾਦਤ ਦਿਵਸ ਨੇ ਸਭ ਨੂੰ ਇਕ ਮੌਕਾ ਮੁਹੱਈਆ ਕਰਵਾਇਆ ਹੈ ਕਿ ਸਾਰੀ ਤਾਕਤ ਸੰਘਰਸ਼ ਲੜ ਰਹੀ ਲੀਡਰਸ਼ਿਪ ਪਿੱਛੇ ਲਾ ਦਿੱਤੀ ਜਾਵੇ ਤਾਂ ਕਿ ਮੋਦੀ ਸਰਕਾਰ ਜੋ ਇਹ ਕਾਨੂੰਨ ਰੱਦ ਨਾ ਕਰਨ ਲਈ ਅੜੀ ਹੋਈ ਹੈ, ਉਤੇ ਇਹ ਕਾਨੂੰਨ ਰੱਦ ਕਰਵਾਉਣ ਲਈ ਹੋਰ ਦਬਾਅ ਪਾਇਆ ਜਾ ਸਕੇ। ਲੀਡਰਸ਼ਿਪ ਨੂੰ ਵੀ ਚਾਹੀਦਾ ਹੈ ਕਿ ਉਹ ਮੋਦੀ ਸਰਕਾਰ ਖਿਲਾਫ ਲੜਾਈ ਦੇ ਨਾਲ-ਨਾਲ ਇਸ ਗੱਲ ਦਾ ਵੀ ਖਿਆਲ ਰੱਖਣ ਕਿ ਮੋਰਚੇ ਅੰਦਟ ਪਾਟਕ ਪਾਉਣ ਵਾਲਿਆਂ ਦੀ ਚੱਲਣ ਨਾ ਦਿੱਤੀ ਜਾਵੇ। ਇਸ ਪੱਖ ਤੋਂ ਇਹ ਸੱਚਮੁੱਚ ਮੋਰਚੇ ਦੀ ਲੀਡਰਸ਼ਿਪ ਲਈ ਅਜ਼ਮਾਇਸ਼ ਦੀਆਂ ਘੜੀਆਂ ਹਨ। ਸਰਕਾਰ ਦੀ ਲਗਾਤਾਰ ਇਹ ਕੋਸ਼ਿਸ਼ ਰਹੀ ਹੈ ਕਿ ਅੰਦੋਲਨਕਾਰੀ ਕੋਈ ਗਲਤੀ ਕਰਨ ਅਤੇ ਇਹ ਬਹਾਨਾ ਬਣਾ ਕੇ ਇਸ ਨੂੰ ਕੁਚਲਣ ਲਈ ਆਪਣੀ ਤਾਕਤ ਦੀ ਵਰਤੋਂ ਕਰੇ। ਸਾਰੀਆਂ ਧਿਰਾਂ ਨੂੰ ਇਸ ਪ੍ਰਸੰਗ ਨੂੰ ਧਿਆਨ ਵਿਚ ਰੱਖ ਕੇ ਸੰਜਮ ਅਤੇ ਸਬਰ ਨਾਲ ਚੱਲਣਾ ਚਾਹੀਦਾ ਹੈ।