ਮੰਜੇ ਦਾ ਜੀਅ ਤੇ ਸਾਈਨ ਥੀਟਾ

ਬਲਜੀਤ ਬਾਸੀ
ਤੁਹਾਡੇ ਵਿਚੋਂ ਬਹੁਤ ਸਾਰੇ ਪਾਠਕਾਂ ਨੇ ਵਾਣ, ਸਣ, ਮੁੰਜ ਜਾਂ ਸੂਤ ਦਾ ਮੰਜਾ ਤਾਂ ਜ਼ਰੂਰ ਦੇਖਿਆ ਹੋਵੇਗਾ, ਕਈ ਉਸ ‘ਤੇ ਲੰਮੇ ਵੀ ਪਏ ਹੋਣਗੇ ਪਰ ਸ਼ਾਇਦ ਇਹ ਗੱਲ ਘਟ ਹੀ ਜਾਣਦੇ ਹੋਣਗੇ ਕਿ ਮੰਜੇ ਦਾ ਇਕ ਜੀਅ ਵੀ ਹੁੰਦਾ ਹੈ। ਇਹ ਇਸੇ ਤਰ੍ਹਾਂ ਹੈ ਜਿਵੇਂ ਕੋਈ ਜਮੈਟਰੀ ਦੀਆਂ ਰੇਖਾਵਾਂ, ਕੋਣ, ਤਿਕੋਣ ਤਾਂ ਫੱਟ ਵਾਹ ਦੇਵੇ ਪਰ ਟ੍ਰਿਗਨੋਮੈਟਰੀ ਜਿਹੇ ਵਿਸ਼ੇ ਦਾ ਨਾਂ ਹੀ ਸੁਣ ਕੇ ਮੱਥੇ ‘ਤੇ ਵੱਟ ਪਾਉਣ ਲੱਗ ਜਾਵੇ। ਕਈ ਸ਼ਾਇਦ ਹੁਣੇ ਹੀ ਘਬਰਾ ਕੇ ਹਥਲਾ ਲੇਖ ਪੜ੍ਹਨਾ ਛੱਡ ਦੇਣ ਪਰ ਜੇ ਸਿਰੜ ਕਰਕੇ ਪੜ੍ਹਦੇ ਰਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਤੁਲਨਾ ਕਿੰਨੀ ਢੁਕਵੀਂ ਹੈ। ਟ੍ਰਿਗਨੋਮੈਟਰੀ ਦੀ ਗੱਲ ਛਿੜੀ ਹੈ ਤਾਂ ਏਨਾ ਦੱਸ ਦੇਵਾਂ ਕਿ ਇਸ ਔਖੇ ਜਿਹੇ ਵਿਸ਼ੇ ਨੂੰ ਦਰਸਾਉਂਦੇ ਅੰਗਰੇਜ਼ੀ ਸ਼ਬਦ ਦੇ ਸਾਰੇ ਅੰਸ਼ ਪੰਜਾਬੀ ਨਾਲ ਸਾਂਝੇ ਹਨ: ਟਰਗੋਨੋਮeਟਰੇ = ਟਰ ਿ(ਤ੍ਰੈ)+ ਗੋਨੋ (ਜਾਨੂ=ਗੋਡਾ, ਕੋਣ ਵਰਗਾ ਜੋੜ ਹੋਣ ਕਾਰਨ)+ ਮeਟਰੇ (ਮਾਤਰਾ)=ਤ੍ਰੈਜਾਨੂਮਾਤਰਾ। ਇਸ ਵਿਸ਼ੇ ਦਾ ਪੰਜਾਬੀ ਵਿਚ ਨਾਂ ਤ੍ਰਿਕੋਣਮਿਤੀ ਰੱਖਿਆ ਗਿਆ ਹੈ। ਹਾਲ ਦੀ ਘੜੀ ਹੋਰ ਅੱਗੇ ਇਸ ਸ਼ਬਦ ਬਾਰੇ ਚੁੱਪ ਭਲੀ ਹੈ।
ਮੰਜੇ ਦਾ ਜੀਅ ਮੰਜੇ ਦੀ ਜਿੰਦ ਜਾਨ ਹੈ, ਇਸ ਦਾ ਵਾਕਈ ਜੀਅ ਹੈ, ਭਾਵੇਂ ਜੀਵ-ਜੰਤੂ ਦੇ ਅਰਥਾਂ ਵਾਲੇ ਜੀਅ ਅਤੇ ਮੰਜੇ ਦੇ ਜੀਅ ਦਾ ਕੋਈ ਮੂਲਕ ਸਬੰਧ ਨਹੀਂ। ਮੰਜਾ ਬੁਣਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਦੰਦੀ ਬੰਨ੍ਹੀ ਜਾਂਦੀ ਹੈ। ਫਿਰ ਇਸ ਨੂੰ ਵੱਟ ਚਾੜ੍ਹ ਕੇ ਦੰਦੀ ਨੂੰ ਖੁਲ੍ਹਣ ਤੋਂ ਬਚਾਉਣ ਵਾਸਤੇ ਡੰਡਾ ਅੜਾ ਦਿੱਤਾ ਜਾਂਦਾ ਹੈ। ਇਸ ਡੰਡੇ ਨੂੰ ਫਿਰ ਸੇਰਵੇ ਦੇ ਉਪਰ ਰੱਖ ਦਿੱਤਾ ਜਾਂਦਾ ਹੈ। ਫਿਰ ਹੁੰਦਾ ਹੈ ਸੰਘਿਆਂ ਵਾਲਾ ਮੰਜਾ ਬੁਣਨ ਦਾ ਸ਼੍ਰੀ ਗਣੇਸ਼, ਯਾਨਿ ਜੀਅ ਪਾਉਣਾ। ਇਹ ਚਾਰ ਰੱਸੀਆਂ ਦਾ ਇੱਕ ਅਜਿਹਾ ਗੁੰਝਲਦਾਰ ਜਿਹਾ ਗੋਰਖਧੰਦਾ ਹੈ ਜੋ ਮੈਨੂੰ ਵੀ ਸਮਝਾਉਣਾ ਨਹੀਂ ਆਉਂਦਾ। ਮੰਜਾ ਬੁਣਨ ਤੋਂ ਪਹਿਲਾਂ ਇਸ ਦੇ ਸਿਰਹਾਣੇ ਵਲੋਂ ਖੱਬੇ ਪਾਸੇ ਦੇ ਪਾਵੇ ਤੋਂ ਦੰਦੀ ਵਾਲੇ ਸੱਜੇ ਪਾਸੇ ਤੱਕ ਚਾਰ ਲੜੀਆਂ ਆਡੇ ਰੁਖ ਪਾਈਆਂ ਜਾਂਦੀਆਂ ਹਨ। ਇਹ ਲੜੀਆਂ ਪਾਉਣਾ ਬੜੀ ਟੇਢੀ ਜਿਹੀ ਖੀਰ ਹੈ ਜੋ ਹਰ ਆਮ-ਖਾਸ ਬੁੜੀ ਦੇ ਵੱਸ ਦਾ ਰੋਗ ਨਹੀਂ। ਵੈਸੇ ਇਕ ਵਹਿਮ ਅਨੁਸਾਰ ਮੰਜੇ ਦਾ ਜੀਅ ਮਰਦ ਤੋਂ ਪੁਆਇਆ ਜਾਂਦਾ ਹੈ। ਮੈਨੂੰ ਯਾਦ ਹੈ ਕਿ ਮੇਰੀ ਮਾਂ ਜੀਅ ਪਾਉਣ ਲਈ ਇਕ ਗੁਆਂਢਣ ਨੂੰ ਸੱਦਦੀ ਹੁੰਦੀ ਸੀ ਤੇ ਨਾਲ ਹੀ ਹਦਾਇਤਾਂ ਦੇਈ ਜਾਂਦੀ ਸੀ ਕਿ ਆਹ ਰੱਸੀਆਂ ਐਧਰ ਨੂੰ ਕਰ, ਔਹ ਰੱਸੀਆਂ ਔਧਰ ਨੂੰ ਕਰ, ਹੁਣ ਇਨ੍ਹਾਂ ਨੂੰ ਪਾਵੇ ਦੇ ਹੇਠੋਂ ਦੀ ਲੰਘਾ ਆਦਿ।
ਜੀਅ ਸ਼ਬਦ ਦਾ ਸੰਸਕ੍ਰਿਤ ਰੂਪ ‘ਜਯਾ’ ਹੈ। ਇਸ ਦਾ ਪਰਾਕ੍ਰਿਤ ਰੂਪ ਜੀਵਾ ਅਤੇ ਪਾਲੀ ਜਿਆ ਹੈ। ਜਯਾ ਸ਼ਬਦ ਦੇ ਹੋਰ ਅਰਥ ਹਨ, ਧਨੁਖ ਦੀ ਡੋਰੀ ਜਾਂ ਰੱਸੀ ਅਤੇ ਚਾਪ ਦਾ ਵ੍ਰਿਤ ਜਾਂ ਵਤਰ। ਵਿਕਸਿਤ ਹੋ ਕੇ ਇਸ ਸ਼ਬਦ ਦਾ ਸਾਧਾਰਨ ਅਰਥ ਡੋਰੀ ਜਾਂ ਰੱਸੀ ਵੀ ਹੋ ਗਿਆ। ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਹੀ ਅਰਥਾਂ ਵਿਚ ਮਿਲਦੇ ਇਸ ਸ਼ਬਦ ਦੇ ਕਈ ਰੂਪ ਇਸ ਪ੍ਰਕਾਰ ਹਨ: ਜੇਵਡ, ਜੇਵੜਾ, ਜੇਵਰੀ, ਜੇਵੜੀ ਆਦਿ। “ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ॥” (ਗੁਰੂ ਨਾਨਕ ਦੇਵ) ਅਰਥਾਤ ਤੇਰੀਆਂ ਸੁੰਦਰ ਅੱਖਾਂ ਰੱਸੀ ਦੀ ਤਰ੍ਹਾਂ ਹਨ, ਜਿਨ੍ਹਾਂ ਵਿਚ ਜੀਵ-ਇਸਤਰੀ ਫਸ ਜਾਂਦੀ ਹੈ। ਇਥੇ ਰੱਸੀ ਨੂੰ ਫਾਹੀ ਵੀ ਕਹਿ ਸਕਦੇ ਹਾਂ। ਪਾਠਕਾਂ ਨੂੰ ਜੇ ਇਹ ਰੱਸੀ ਧਨੁਖ ਦੀ ਰੱਸੀ ਵਜੋਂ ਢੁਕਵੀਂ ਲਗਦੀ ਹੈ ਤਾਂ ਇਸ ਤਰ੍ਹਾਂ ਵੀ ਸਮਝ ਲੈਣ। ਆਖਰ ਨੈਣਾਂ ਦੇ ਤੀਰਾਂ ਦਾ ਧਨੁਖ ਨਾਲ ਹੀ ਸਬੰਧ ਹੈ। ਤੀਸਰੇ ਗੁਰੂ ਅਮਰ ਦਾਸ ਨੇ ਵੀ ਇਹ ਸ਼ਬਦ ਵਰਤਿਆ ਹੈ, “ਜਮ ਕਾ ਜੇਵੜਾ ਕਦੇ ਨ ਕਾਟੇ॥” ਅਰਥਾਤ ਮੌਤ ਰੂਪੀ ਰੱਸੀ ਤੋਂ ਕਦੇ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਦੇਵ, ਗੁਰੂ ਅਮਰ ਦਾਸ, ਗੁਰੂ ਅਰਜਨ ਦੇਵ, ਭਗਤ ਕਬੀਰ ਅਤੇ ਭਗਤ ਰਵਿਦਾਸ ਨੇ ਇਨ੍ਹਾਂ ਹੀ ਅਰਥਾਂ ਵਿਚ ਜੇਵਰੀ ਸ਼ਬਦ ਦੀ ਵਰਤੋਂ ਕੀਤੀ ਹੈ। ਅਸੀਂ ਭਗਤ ਰਵਿਦਾਸ ਦੀ ਇੱਕ ਪੰਕਤੀ ਲੈਂਦੇ ਹਾਂ, “ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ॥” ਕਬੀਰ ਨੇ ‘ਜਮ ਜੇਵਰਾ’ ਸਮਾਸ ਬਣਾ ਕੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ, “ਚਹੁ ਦਿਸ ਪਸਰਿਓ ਹੈ ਜਮ ਜੇਵਰਾ॥”
ਦਿਲਚਸਪ ਗੱਲ ਹੈ ਕਿ ਅੰਗਰੇਜ਼ੀ ਅਰਚਹ ਦਾ ਅਰਥ ਧਨੁਖ ਵੀ ਹੁੰਦਾ ਹੈ ਅਤੇ ਚਹੋਰਦ ਦਾ ਇਸ ਦੀ ਡੋਰੀ। ਛਹੋਰਦ ਦਾ ਅਰਥ ਤਾਰ ਵਾਲੇ ਵਾਜੇ ਦੀ ਤਾਰ ਵੀ ਹੁੰਦਾ ਹੈ। ਛੋਰਦ ਵੀ ਇਸੇ ਸ਼ਬਦ ਦਾ ਰੂਪਾਂਤਰ ਹੈ। ਮੰਜੇ ਦੇ ਜੀਅ, ਧਨੁਖ ਦੀ ਡੋਰੀ ਅਤੇ ਚਾਪ ਦੇ ਵਤਰ ਵਿਚ ਇਸ ਗੱਲ ਦੀ ਸਾਂਝ ਹੈ ਕਿ ਸਭ ਟੇਢੇ-ਟੇਢੇ ਹੀ ਹੁੰਦੇ ਹਨ। ਅੱਗੇ ਚੱਲਣ ਤੋਂ ਪਹਿਲਾਂ ‘ਸੋਨੇ ਦੀ ਚਿੜੀਆ’ ਰਹੇ ਭਾਰਤਵਰਸ਼ ਦੀ ਥੋੜ੍ਹੀ ਸਿਫਤ ਕਰ ਲਈਏ। ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਪੁਰਾਣੇ ਸਮਿਆਂ ਵਿਚ ਭਾਰਤ ਗਣਿਤ, ਜੋਤਿਸ਼ ਅਤੇ ਖਗੋਲ ਵਿਦਿਆ ਵਿਚ ਯੂਰਪ ਅਤੇ ਅਰਬ ਤੋਂ ਅੱਗੇ ਸੀ। ਸਿਫਰ ਭਾਰਤੀ ਗਣਿਤਕਾਰਾਂ ਦੀ ਹੀ ਕਾਢ ਹੈ ਜਿਸ ਨਾਲ ਨੌਂ ਤੋਂ ਅੱਗੇ ਲਿਖਣਾ ਆਸਾਨ ਹੋ ਗਿਆ ਤੇ ਢੇਰ ਚਿਰ ਪਿਛੋਂ ਕੰਪਿਊਟਰ ਦੀ ਕਾਢ ਸੰਭਵ ਹੋਈ। ਭਾਰਤੀ ਗਣਿਤ ਗੁਆਂਢੀ ਅਰਬਾਂ ਕੋਲ ਪੁੱਜਦਾ ਰਹਿੰਦਾ ਸੀ ਤੇ ਉਹ ਇਸ ਦਾ ਤਰਜਮਾ ਕਰਕੇ ਆਪਣੇ ਗਿਆਨ ਵਿਚ ਆਤਮਸਾਤ ਕਰ ਲੈਂਦੇ ਸਨ। ਗਿਆਨ ਦੀਆਂ ਬਹੁਤ ਸਾਰੀਆਂ ਕਾਢਾਂ ਬਾਰੇ ਰੱਫੜ ਪਿਆ ਰਹਿੰਦਾ ਹੈ ਕਿ ਇਹ ਭਾਰਤ ਤੋਂ ਸ਼ੁਰੂ ਹੋਈਆਂ ਜਾਂ ਅਰਬ ਦੇਸ਼ਾਂ ਤੋਂ। ਖੈਰ ਭਾਰਤੀ/ਅਰਬੀ ਗਿਆਨ ਅੱਗੇ ਫਿਰ ਯੂਰਪ ਦੇ ਦੇਸ਼ਾਂ ਵਿਚ ਅੱਪੜਦਾ ਸੀ। ਇਕ ਤਰ੍ਹਾਂ ਨਾਲ ਭਾਰਤੀ ਗਣਿਤਕਾਰਾਂ ਨੇ ਹੀ ਆਧੁਨਿਕ ਟ੍ਰਿਗਨੋਮੈਟਰੀ ਦੀ ਨੀਂਹ ਰੱਖੀ। 5ਵੀਂ-6ਵੀਂ ਸਦੀ ਦੀ ਰਚਨਾ ‘ਸੂਰਯਸਿਧਾਂਤ’ ਵਿਚ ਹੀ ਟ੍ਰਿਗਨੋਮੈਟਰੀ ਦੀਆਂ ਬੁਨਿਆਦੀ ਧਾਰਨਾਵਾਂ ਦੇ ਅੰਸ਼ ਸਾਹਮਣੇ ਆ ਗਏ ਸਨ। ਟ੍ਰਿਗਨੋਮੈਟਰੀ ਵਿਚ ਮੁਢਲੇ ਤੌਰ ‘ਤੇ ਇੱਕ ਸਮਕੋਣੀ ਤਿਕੋਣ ਦੇ ਕਿਸੇ ਕੋਣ ਦੇ ਮਾਪ ਨੂੰ ਦੋ ਭੁਜਾਵਾਂ ਦੇ ਅਨੁਪਾਤ ਵਜੋਂ ਦਰਸਾਇਆ ਜਾਂਦਾ ਹੈ। ਮਿਸਾਲ ਵਜੋਂ ਸਮਕੋਣੀ ਤਿਕੋਣ ਦੇ ਕਿਸੇ ਕੋਣ ਦਾ ਸਾਈਨ (ਸਨਿe) ਉਸ ਕੋਣ ਦੇ ਵਿਪਰੀਤ ਭੁਜਾ ਅਤੇ ਕਰਣ ਵਿਚਲੇ ਅਨੁਪਾਤ ਨੂੰ ਕਹਿੰਦੇ ਹਨ। ਭਾਰਤੀ ਗਣਿਤਕਾਰਾਂ ਨੇ ਦੇਖਿਆ ਕਿ ਜੇ ਕਿਸੇ ਚਾਪ ਦੇ ਅੱਧੇ ਭਾਗ ਦਾ ਅੱਧੀ ਵਤਰ ਚਹੋਰਦ ਨਾਲ ਸਬੰਧ ਦਰਸਾ ਕੇ ਪੇਸ਼ ਕੀਤਾ ਜਾਵੇ ਤਾਂ ਗਿਣਤੀਆਂ-ਮਿਣਤੀਆਂ ਆਸਾਨ ਹੋ ਜਾਂਦੀਆਂ ਹਨ। ਇਨ੍ਹਾਂ ਅੱਧੀਆਂ ਵਤਰਾਂ ਨੂੰ ਅਰਧ-ਜਯਾ ਜਾਂ ਜਯਾ-ਅਰਧ ਕਿਹਾ ਗਿਆ ਹੈ। ਬਾਅਦ ਵਿਚ ਮੁਖ-ਸੁੱਖ ਕਾਰਨ ‘ਅਰਧ’ ਉੜ ਗਿਆ ਤੇ ਸ਼ਬਦ ਰਹਿ ਗਿਆ ‘ਜਿਆ।’
ਗੱਲ ਕੀ, ਗਣਿਤ ਦਾ ਇਹ ‘ਜਿਆ’ ਹੀ ਮੰਜੇ ‘ਤੇ ਚੜ੍ਹ ਕੇ ਜੀਅ ਬਣ ਗਿਆ। ਫਾਰਸੀ ਹਿੰਦ-ਆਰਿਆਈ ਭਾਸ਼ਾਵਾਂ ਦੀ ਸਕੀ ਹੈ। ਇਸ ਵਿਚ ‘ਜ਼ਹ’ ਸ਼ਬਦ ਮਿਲਦਾ ਹੈ ਜਿਸ ਦਾ ਅਰਥ ਕਮਾਨ ਦੀ ਡੋਰੀ, ਬੰਬਲ, ਲੇਸ, ਗੋਟਾ-ਕਿਨਾਰੀ ਹੈ। ਇਥੇ ਵੀ ਰੱਸੀ ਜਿਹੇ ਭਾਵ ਹੀ ਸਾਹਮਣੇ ਆਉਂਦੇ ਹਨ। ‘ਜ਼ਿਹਬੰਦ’ ਔਰਤਾਂ ਦੇ ਗਲੇ ਦਾ ਇਕ ਗਹਿਣਾ ਹੈ। ਇਹ ਸ਼ਬਦ ‘ਜ਼ੀਜ’ ਦੇ ਰੂਪ ਵਿਚ ਅਰਬੀ ਵਿਚ ਦਖਲ ਹੋਇਆ ਤਾਂ ਰਾਜ-ਮਿਸਤਰੀ ਦੀ ‘ਸਾਹਲ’ ਲਈ ਵਰਤਿਆ ਜਾਣ ਲੱਗਾ। ਅਰਬੀ ਵਿਚ ਇਸ ਤੋਂ ਬਣੇ ‘ਜ਼ੋਰਾਨਾਹ’ ਦਾ ਅਰਥ ਬੇੜੀਆਂ (ਪੈਰਾਂ ਦੀਆਂ ਕੜੀਆਂ) ਵੀ ਹੋ ਗਿਆ।
ਪੁਰਾਣੇ ਜ਼ਮਾਨੇ ਵਿਚ ਵੀ ਇਕ ਦੂਜੇ ਦੇਸ਼ ਅਤੇ ਇਕ ਦੂਜੀ ਭਾਸ਼ਾ ਵਿਚਕਾਰ ਨਵੇਂ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਸੀ। ਅਰਬ ਦੇਸ਼ ਦੇ ਵਿਦਵਾਨਾਂ ਨੇ ਭਾਰਤੀ ਗਣਿਤ ਦਾ ਤਰਜਮਾ ਅਰਬੀ ਵਿਚ ਕੀਤਾ। ਉਨ੍ਹਾਂ ਸੰਸਕ੍ਰਿਤ ਦੇ ਇਸ ਸ਼ਬਦ ‘ਜਯਾ’ ਨੂੰ ਆਪਣੀ ਜ਼ਬਾਨ ਦੇ ਧੁਨੀ ਅਤੇ ਲਿਪੀ ਪ੍ਰਬੰਧ ਅਨੁਸਾਰ ਢਾਲਦਿਆਂ ‘ਜਬ’ ਬਣਾ ਦਿੱਤਾ। ‘ਜਬ’ ਇਸ ਲਈ ਕਿ ਅਰਬੀ ਲਿਪੀ ਵਿਚ ਲਿਖਣ ਲੱਗਿਆਂ ਆਮ ਤੌਰ ‘ਤੇ ਸਵਰ-ਚਿੰਨ੍ਹ ਛੱਡ ਦਿੱਤੇ ਜਾਂਦੇ ਹਨ। ਉਹ ਲੋਕ ਤਾਂ ਪ੍ਰਸੰਗ ਅਨੁਸਾਰ ਸਮਝ ਜਾਂਦੇ ਹਨ ਪਰ ਗੈਰ-ਅਰਬੀਆਂ ਨੂੰ ਟਪਲਾ ਲੱਗ ਜਾਂਦਾ ਹੈ। ਹੁਣ ਵਾਰੀ ਆਈ ਅਰਬੀ ਗਿਆਨ ਨੂੰ ਯੂਰਪ ਵਿਚ ਲਿਜਾਣ ਦੀ। ਤਰਜਮਾ ਕਰਦੇ ਸਮੇਂ ਅਕਸਰ ਹੀ ਗਲਤੀਆਂ ਹੋ ਜਾਂਦੀਆਂ ਹਨ ਤੇ ਇਹ ਗਲਤੀਆਂ ਫੌਰੀ ਤੌਰ ‘ਤੇ ਨਾ ਪ੍ਰਤੀਤ ਕੀਤੀਆਂ ਜਾਣ ਕਾਰਨ ਭਾਸ਼ਾ ਦਾ ਬਾਕਾਇਦਾ ਹਿੱਸਾ ਬਣ ਜਾਂਦੀਆਂ ਹਨ ਜਿਨ੍ਹਾਂ ਨੂੰ ਫਿਰ ਭਾਸ਼ਾ-ਵਿਸ਼ੇਸ਼ ‘ਚੋਂ ਕੱਢਿਆ ਹੀ ਨਹੀਂ ਜਾ ਸਕਦਾ।
ਬਾਰ੍ਹਵੀਂ ਸਦੀ ਦੇ ਇਤਾਲਵੀ ਅਨੁਵਾਦਕ ਜੈਰਾਦਸ ਕਰੈਮੋਨੈਸਿਸ ਨੇ ਅਰਬੀ ਦੇ ਇਸ ‘ਜਬ’ ਨੂੰ ਗਰੀਕ (ਲਾਤੀਨੀ) ਵਿਚ ਅਨੁਵਾਦ ਕਰਦਿਆਂ ‘ਜੇਬ’ ਸਮਝ ਲਿਆ ਤੇ ਇਸੇ ਹਿਸਾਬ ਨਾਲ ਇਸ ਦਾ ਅਨੁਵਾਦ ਕਰ ਦਿੱਤਾ ਸਨੁਸ ਤੋਂ ਵਿਗਾੜ ਕੇ ਸਨਿe। ਸਾਈਨ ਤੋਂ ਹੀ ਅੱਗੇ ਕੋਸਾਈਨ ਬਣ ਗਿਆ ਅਰਥਾਤ ਸਾਈਨ ਦਾ ਸਾਥੀ, ਅੰਗਰੇਜ਼ੀ ਚੋ = ਪੰਜਾਬੀ ਸਮ ਜਾਂ ਸ। ਇਥੇ ਅਰਬੀ ‘ਜੇਬ’ ਅਤੇ ਲਾਤੀਨੀ ‘ਸਾਇਨਸ’ ਬਾਰੇ ਕੁਝ ਚਰਚਾ ਲੋੜੀਂਦੀ ਹੈ। ਅਸੀਂ ਪੰਜਾਬੀ ‘ਜੇਬ’ ਦਾ ਅਰਥ ਪਾਕਿਟ, ਗੀਝਾ, ਖੀਸਾ ਜਾਣਦੇ ਹੀ ਹਾਂ, ਇਹ ਇਹੀ ਅਰਬੀ ਲਫਜ਼ ਹੈ। ਪਰ ਅਰਬੀ ਵਿਚ ਇਸ ਦੇ ਮੁਢਲੇ ਅਰਥ ਗਲਮਾਂ, ਛਾਤੀ, ਦਿਲ; ਡੂੰਘ, ਟੋਆ, ਸੁਰਾਖ, ਤਹਿ ਆਦਿ ਹਨ। ਤੁਸੀਂ ਔਰਤਾਂ ਨੂੰ ਆਪਣੇ ਛਾਤੀ ਦੇ ਕੱਜਣ ਅਤੇ ਡੂੰਘ ਵਿਚਕਾਰ ਕੋਈ ਕੀਮਤੀ ਚੀਜ਼ ਜਿਵੇਂ ਨੋਟ, ਬਟੂਆ ਆਦਿ ਪਾਉਂਦੇ ਅਕਸਰ ਦੇਖਿਆ ਵੀ ਹੋਵੇਗਾ। ਬੱਸ ਇਥੋਂ ਹੀ ਇਸ ਸ਼ਬਦ ਦੇ ਕੱਪੜੇ ਵਿਚ ਚੀਜ਼ ਰੱਖਣ ਵਾਲੀ ਸੁਵਿਧਾ ਅਰਥਾਤ ਜੇਬ ਦੇ ਅਰਥ ਵਿਕਸਿਤ ਹੋਏ। ਪਰ ਸੰਸਕ੍ਰਿਤ ਵਲੋਂ ਜਯਾ ਤੋਂ ਵਿਗੜ ਕੇ ਬਣੇ ਜੇਬ ਦਾ ਇਸ ਖੀਸੇ ਵਾਲੀ ਜੇਬ ਨਾਲ ਕੋਈ ਮੂਲਕ ਸਬੰਧ ਨਹੀਂ। ਦੋਨੋਂ ਅਰਬੀ ਜੇਬਾਂ ਆਪਸ ਵਿਚ ਸਮਧੁਨੀ ਹਨ, ਸਮਾਨਅਰਥਕ ਨਹੀਂ।
ਲਾਤੀਨੀ ਸ਼ਬਦ ਸਨੁਸ ਦਾ ਅਰਥ ਹੁੰਦਾ ਹੈ ਡੂੰਘ, ਟੋਆ, ਸੁਰਾਖ, ਖੱਡਾ, ਖੋੜ, ਆਲਾ, ਮੋੜ। ਡਾਕਟਰੀ ਵਿਦਿਆ ਜਾਣਦੇ ਬਹੁਤੇ ਲੋਕ ਇਸ ਸ਼ਬਦ ਨੂੰ ਹੱਡੀ ਦੇ ਖੋਲ ਅਤੇ ਨਾਸਾਂ ਨੂੰ ਖੋਪੜੀ ਨਾਲ ਜੋੜਨ ਵਾਲੀ ਇੱਕ ਖੋੜ ਵਜੋਂ ਜਾਣਦੇ ਹੋਣਗੇ। ਇਸ ਹਿੱਸੇ ਦੀ ਸੋਜ਼ਿਸ਼ ਤੇ ਜਲਣ ਨੂੰ ਸਨੁਸਟਿਸਿ ਕਹਿੰਦੇ ਹਨ। ਇਸ ਦੇ ਲੱਛਣ ਹਨ-ਮੂੰਹ ਸਿਰ ਦਾ ਦਰਦ ਤੇ ਹਰੇ ਰੰਗ ਦੀ ਵਗਦੀ ਨਲੀ। ਖੈਰ! ਸਾਇਨਸ ਦੇ ਵੱਕਰੀ ਮੋੜ ਤੋਂ ਹੀ ਸਾਇਨ ਬਣਾ ਲਿਆ ਗਿਆ। ਹੁਣ ਦੇਖੋ ਸ਼ਬਦ ਦਾ ਤੀਰ ਧੁਨਖੀ ਦੀ ਡੋਰੀ ਤੋਂ ਚੱਲਿਆ, ਫਿਰ ਜੇਬ ਵਿਚੋਂ ਵੜ ਕੇ ਨਾਸਾਂ ਵਿਚੀਂ ਬਾਹਰ ਆਇਆ ਤੇ ਹਿਸਾਬ ਦੀ ਕਿਤਾਬ ਵਿਚ ਜਾ ਵੱਜਾ।

Be the first to comment

Leave a Reply

Your email address will not be published.