ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਵਜਾਇਆ ਚੋਣ ਬਿਗਲ ਵਜਾ

ਬਾਘਾਪੁਰਾਣਾ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਤੋਂ ਦਾ ਬਿਗਲ ਵਜਾ ਦਿੱਤਾ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਥੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਸੂਬੇ ‘ਚ ਤੀਜੇ ਸਿਆਸੀ ਬਦਲ ਦਾ ਸੱਦਾ ਦਿੱਤਾ। ਇਸ ਮੌਕੇ ਵਾਅਦਿਆਂ ਦੀ ਝੜੀ ਲਗਾਉਂਦਿਆਂ ਉਨ੍ਹਾਂ ਕਿਹਾ ਕਿ ‘ਆਪ‘ ਦੀ ਸਰਕਾਰ ਬਣਨ ‘ਤੇ ਸੂਬੇ ਦੇ ਲੋਕਾਂ ਨੂੰ ਦਿੱਲੀ ਦੀ ਤਰਜ਼ ਉਤੇ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਦੌਰਾਨ ਕਿਸਾਨ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਦਿੱਤੀ ਗਈ। ਆਪਣੇ ਸੰਬੋਧਨ ‘ਚ ਸ੍ਰੀ ਕੇਜਰੀਵਾਲ ਨੇ ਕਿਹਾ,”ਸਾਡਾ ਕਿਸਾਨ ਦੇਸ਼ਧ੍ਰੋਹੀ ਨਹੀਂ ਹੋ ਸਕਦਾ ਹੈ। ਦੇਸ ਦਾ ਕਿਸਾਨ ਬਹੁਤ ਮੁਸ਼ਕਲ ਵਿਚ ਹੈ।“ ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਅੰਦਰ ਕੋਈ ਲਹਿਰ ਪੈਦਾ ਹੋਈ ਹੈ ਤਾਂ ਉਸ ਦੀ ਅਗਵਾਈ ਪੰਜਾਬ ਦੇ ਲੋਕਾਂ ਨੇ ਕੀਤੀ ਹੈ। ਕਿਸਾਨਾਂ ਦੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਖਿਲਾਫ ਵੀ ਪੰਜਾਬ ਤੋਂ ਹੀ ਆਵਾਜ਼ ਉਠੀ ਹੈ ਅਤੇ ਅੱਜ ਇਹ ਸੰਘਰਸ਼ ਪੂਰੇ ਦੇਸ਼ ‘ਚ ਫੈਲ ਗਿਆ ਹੈ। ‘ਇਹ ਸੰਘਰਸ਼ ਹੁਣ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਹਰ ਵਰਗ ਦਾ ਬਣ ਚੁੱਕਾ ਹੈ।‘ ਕਿਸਾਨਾਂ ਨਾਲ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਜੇਲ੍ਹਾਂ ਵਿਚ ਡੱਕਣ ਲਈ 9 ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹ ਬਣਾਉਣ ਦੀ ਮਨਜ਼ੂਰੀ ਮੰਗੀ ਸੀ। ‘ਮੋਦੀ ਸਰਕਾਰ ਕੋਲ ਸਟੇਡੀਅਮ ਨੂੰ ਜੇਲ੍ਹ ਬਣਾਉਣ ਦਾ ਅਧਿਕਾਰ ਨਾ ਹੋਣ ਕਾਰਨ ਅਤੇ ਮੇਰੀ ਸਰਕਾਰ ਵੱਲੋਂ ਇਨਕਾਰ ਕਰਨ ਉੱਤੇ ਮੋਦੀ ਸਰਕਾਰ ਹੁਣ ਮੇਰੇ ਤੋਂ ਖਫ਼ਾ ਹੈ।‘ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਾਨੂੰਨ ਪਾਸ ਕਰਵਾਏ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਮਗਰੋਂ ਕਿਸਾਨਾਂ ਦੀ ਬਚੀ ਹੋਈ ਖੇਤੀ ਕੇਂਦਰ ਸਰਕਾਰ ਤਿੰਨ-ਚਾਰ ਪੂੰਜੀਪਤੀ ਸਾਥੀਆਂ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੀ ਹੈ। ਰਵਾਇਤੀ ਪਾਰਟੀਆਂ ‘ਤੇ ਪਿਛਲੇ 70 ਸਾਲ ਤੋਂ ਕਿਸਾਨਾਂ ਨਾਲ ਧੋਖਾ ਕਰਨ ਦਾ ਦਾਅਵਾ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਜਰੂਰ ਸਫਲ ਹੋਵੇਗਾ। ਉਨ੍ਹਾਂ ਮੰਚ ਤੋਂ ਨਵਾਂ ਪੰਜਾਬ ਬਣਾਉਣ ਅਤੇ ਸੂਬੇ ਨੂੰ ਖੁਸ਼ਹਾਲ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕ ਪਾਰਟੀ ਹੈ ਜੋ ਕੀਤੇ ਹੋਏ ਵਾਅਦੇ ਪੂਰੀ ਕਰਦੀ ਹੈ ਅਤੇ ਪੰਜਾਬ ਵਿਚ ਵੀ ਉਹ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਇਕ ਚੈੱਨਲ ਵੱਲੋਂ ਕੀਤੇ ਗਏ ਸਰਵੇ ਦਾ ਵੀ ਜ਼ਿਕਰ ਕਰਦਿਆਂ ਦੱਸਿਆ ਕਿ ਸੂਬੇ ‘ਚ ਅਗਲੀ ਸਰਕਾਰ ‘ਆਪ‘ ਦੀ ਹੀ ਬਣੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਹੁਣ ਪੰਜਾਬੀਆਂ ਕੋਲ ਕਾਂਗਰਸ ਸਰਕਾਰ ਤੋਂ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਨਾ ਦੇਣ ਦੇ ਵਾਅਦਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਨੌਜਵਾਨਾਂ ਨੂੰ ਦਿੱਤੇ ਗਏ ਕਾਰਡ ਮੰਚ ਤੋਂ ਲਹਿਰਾਉਂਦੇ ਹੋਏ ਸੱਦਾ ਦਿੱਤਾ ਕਿ ਉਹ ਇਹ ਕਾਰਡ ਸੁੱਟ ਨਾ ਦੇਣ ਅਤੇ ਸੰਭਾਲ ਕੇ ਰੱਖਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਉਕਤ ਕਾਰਡ ਦਿੱਤੇ ਗਏ ਸਨ, ‘ਆਪ‘ ਦੀ ਸਰਕਾਰ ਬਣਨ ‘ਤੇ ਉਨ੍ਹਾਂ ਸਾਰਿਆਂ ਨੂੰ ਨੌਕਰੀ ਦਿੱਤੀ ਜਾਵੇਗੀ ਜਾਂ ਫਿਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਸਰਕਾਰ ਬਣਨ ‘ਤੇ ਆਮ ਲੋਕਾਂ ਨੂੰ ਮੁਫਤ ‘ਚ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਦਿੱਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਥੋਂ ਦੇ 73 ਪ੍ਰਤੀਸ਼ਤ ਲੋਕਾਂ ਨੂੰ ਬਿਜਲੀ ਦਾ ਬਿੱਲ ਦੇਣਾ ਨਹੀਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਇਹੀ ਮਾਡਲ ਲਾਗੂ ਕੀਤਾ ਜਾਵੇਗਾ।
__________________________________________
ਬਾਦਲ ਪਰਿਵਾਰ ਦੀ ਘੇਰਾਬੰਦੀ ਕੀਤੀ
ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਰੈਲੀ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਚੁਲ੍ਹਿਆਂ ਵਿਚ ਬਲਦੀ ਅੱਗ, ਕਿਸਾਨ ਤੇ ਸਾਡੀਆਂ ਨਸਲਾਂ ਖਤਰੇ ਵਿਚ ਹਨ। ਉਨ੍ਹਾਂ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜਦੋਂ ਵੀ ਇਨ੍ਹਾਂ ਉਤੇ ਕੋਈ ਸੰਕਟ ਆਇਆ, ਉਹ ਧਰਮ ਨੂੰ ਵਰਤਦੇ ਰਹੇ ਹਨ। ਉਨ੍ਹਾਂ ਕੈਪਟਨ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਅਜੇ ਤੱਕ ਬਰਗਾੜੀ ਮਾਮਲੇ ਵਿਚ ਇਨਸਾਫ ਨਹੀਂ ਮਿਲਿਆ। ਉਧਰ, ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਅਸੈਂਬਲੀ ਚੋਣਾਂ ਮੌਕੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ‘ਚੋਂ ਕੋਈ ਵਫ਼ਾ ਨਹੀਂ ਹੋਇਆ। ਹੁਣ ਜਦੋਂ ਚੋਣਾਂ ਨਜ਼ਦੀਕ ਹਨ ਤਾਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਆਏ, ਜਿਨ੍ਹਾਂ ਪਹਿਲਾਂ ਲੋਕਾਂ ਨਾਲ ਝੂਠੇ ਵਾਅਦੇ ਕਰਵਾਏ ਸਨ।