ਕੈਪਟਨ ਅਮਰਿੰਦਰ ਸਿੰਘ ਵੱਲੋਂ 85 ਫੀਸਦੀ ਵਾਅਦੇ ਪੂਰੇ ਕਰਨ ਦਾ ਦਾਅਵਾ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਚਾਰ ਵਰ੍ਹਿਆਂ ਦਾ ਰਿਪੋਰਟ ਕਾਰਡ ਪੰਜਾਬ ਦੇ ਲੋਕਾਂ ਸਨਮੁਖ ਰੱਖਦਿਆਂ ਮੁੱਖ ਮੰਤਰੀ ਨੇ ਪ੍ਰਣ ਕੀਤਾ ਕਿ ਉਹ ਸਾਲ 2017 ਵਿਚ ਕੀਤੇ ਚੋਣ ਵਾਅਦੇ ਪੂਰੇ ਕਰਨ ਮਗਰੋਂ ਹੀ ਅਗਲੀਆਂ ਚੋਣਾਂ ‘ਚ ਲੋਕਾਂ ਕੋਲ ਜਾਣਗੇ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ 85 ਫੀਸਦੀ ਤੋਂ ਵੱਧ ਚੋਣ ਵਾਅਦੇ ਪੂਰੇ ਕਰਕੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦਾ 81 ਫੀਸਦੀ ਵਾਅਦੇ ਪੂਰੇ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਸਾਰੇ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਬੇਰੁਜ਼ਗਾਰੀ ਭੱਤਾ ਆਦਿ ਜਿਹੇ ਮੁੱਦਿਆਂ ਦੀ ਮੁਕੰਮਲ ਪੂਰਤੀ ਨਾ ਕਰਨ ਪਿੱਛੇ ਕੋਵਿਡ ਮਹਾਮਾਰੀ ਨੂੰ ਢਾਲ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਵਿੱਤੀ ਅੜਿੱਕਿਆਂ ਕਰ ਕੇ ਅਜਿਹਾ ਹੋਇਆ ਹੈ, ਪਰ ਹੁਣ ਆਰਥਿਕ ਸਥਿਤੀ ਸੰਭਲਣ ਲੱਗੀ ਹੈ ਤੇ ਛੇਤੀ ਹੀ ਬਕਾਇਆ ਵਾਅਦੇ ਵੀ ਪੂਰੇ ਕਰ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰਨ ਮੌਕੇ ਦੱਸਿਆ ਕਿ 5.64 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਚੁੱਕਾ ਹੈ ਜਦੋਂਕਿ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਕੈਪਟਨ ਨੇ ਪੰਜਾਬ ਦੀ ਖੇਤੀ ਨੀਤੀ, ਕੀਮਤ ਸਥਿਰਤਾ ਫੰਡ ਬਿੱਲ ਅਤੇ ਖੇਤੀ ਸੁਧਾਰਾਂ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਕੋਈ ਠੋਸ ਚਰਚਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਕੇਂਦਰ ਤੇ ਕਿਸਾਨਾਂ ਦਰਮਿਆਨ ਬਣੀ ਖੜੋਤ ਨੂੰ ਤੋੜਨ ਲਈ ਪੰਜਾਬ ਸਰਕਾਰ ਨੂੰ ਵੀ ਕੋਈ ਰਾਹ ਨਹੀਂ ਲੱਭ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ 112 ਕਿਸਾਨ ਫੌਤ ਹੋ ਚੁੱਕੇ ਹਨ ਅਤੇ ਕੇਂਦਰ ਹੋਰ ਕਿੰਨੇ ਕਿਸਾਨਾਂ ਦੀ ਮੌਤ ਉਡੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਖੇਤੀ ਸੈਕਟਰ ਨੂੰ ਖਤਮ ਕਰ ਦੇਣਗੇ। ਆੜ੍ਹਤੀਆਂ ਦੀ ਥਾਂ ਅਣਜਾਣ ਕਾਰਪੋਰੇਟਾਂ ਦੇ ਆਉਣ ਨਾਲ ਗਰੀਬ ਕਿਸਾਨ ਲੋੜ ਪੈਣ ‘ਤੇ ਕਿੱਥੇ ਜਾਣਗੇ? ਉਹ ਜਿਣਸਾਂ ਦੀ ਸਿੱਧੀ ਅਦਾਇਗੀ ‘ਦੇ ਹੱਕ ਵਿਚ ਨਹੀਂ ਹਨ, ਪਰ ਭਾਰਤ ਸਰਕਾਰ ਖੇਤੀ ਨੂੰ ਕੁਝ ਸਮਝ ਨਹੀਂ ਰਹੀ। ਨਵੇਂ ਖੇਤੀ ਕਾਨੂੰਨ ਬਣਾਏ ਜਾਣ ਨਾਲ ਸੰਘੀ ਢਾਂਚੇ ਨੂੰ ਵੀ ਸੱਟ ਵੱਜੀ ਹੈ। ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।
ਨਸ਼ਿਆਂ ਦੇ ਖਾਤਮੇ ਬਾਰੇ ਅੰਕੜੇ ਪੇਸ਼ ਕਰਦਿਆਂ ਅਮਰਿੰਦਰ ਨੇ ਕਿਹਾ ਕਿ ਨਕਲੀ ਸ਼ਰਾਬ ਦੇ ਦੁਖਾਂਤ ਦੇ ਸਾਰੇ ਦੋਸ਼ੀਆਂ ਅਤੇ ਖੰਨਾ ਗੈਰ-ਕਾਨੂੰਨੀ ਫੈਕਟਰੀ ਕੇਸ ਦੀ ਸ਼ਨਾਖ਼ਤ ਕਰ ਕੇ ਚਾਰਜਸ਼ੀਟ ਕਰਨ ਦੇ ਨਾਲ ਸਪਲਾਈ ਚੇਨ ਤੋੜੀ ਗਈ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਵੱਖ-ਵੱਖ ਮਾਫੀਆ (ਰੇਤ, ਸਰਾਬ, ਟਰਾਂਸਪੋਰਟ, ਨਸ਼ਾ ਆਦਿ) ਨੂੰ ਖਤਮ ਕਰਨ ਦਾ ਅਮਲ ਨਿਰੰਤਰ ਜਾਰੀ ਹੈ। ਉਨ੍ਹਾਂ ਨਸ਼ਾ ਤਸਕਰੀ ਬਾਰੇ ਪੁਲਿਸ ਅਫਸਰਾਂ ਦੀਆਂ ਬੰਦ ਰਿਪੋਰਟਾਂ ਬਾਰੇ ਵੀ ਕੋਈ ਗੱਲ ਨਹੀਂ ਕੀਤੀ। ਮੁੱਖ ਮੰਤਰੀ ਨੇ ਗੈਂਗਸਟਰ ਮੁਖਤਾਰ ਅੰਸਾਰੀ ਬਾਰੇ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਅਤੇ ਇਹ ਵੀ ਕਿਹਾ ਕਿ ਜੇ ਅੰਸਾਰੀ ਨੇ ਪੰਜਾਬ ਵਿਚ ਜੁਰਮ ਕੀਤਾ ਹੈ ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਹ ਇੱਥੇ ਹਨ, ਕਿਸੇ ਵੀ ਖਾਲਿਸਤਾਨੀ ਜਾਂ ਪਾਕਿਸਤਾਨੀ ਜਾਂ ਹੋਰ ਕਿਸੇ ਅਤਿਵਾਦੀ ਗਤੀਵਿਧੀ ਨੂੰ ਪੰਜਾਬ ਦੇ ਅਮਨ-ਚੈਨ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਖਾਲਿਸਤਾਨੀ ਸਫਾਂ ਨੂੰ ਸਰਗਰਮ ਕਰਨ ਲਈ ਡਰੋਨਾਂ ਜਰੀਏ ਹਥਿਆਰ ਦਿੱਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਕੁਝ ਸੂਬਿਆਂ ਵੱਲੋਂ ਹੱਦੋ-ਵੱਧ ਅਪਣਾਈ ਖੇਤਰੀਕਰਨ ਦੀ ਨੀਤੀ ਦਾ ਵਿਰੋਧ ਕਰਦੇ ਹਨ ਤੇ ਉਹ ਭਾਰਤ ਲਈ ਭਾਰਤੀਆਂ ਦੇ ਹੱਕ ਵਿਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਖੇਤਰੀਕਰਨ ਲਾਗੂ ਕਰਨ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਮੁੱਖ ਮੰਤਰੀ ਨੇ ਹਰਿਆਣਾ ਵੱਲੋਂ ਨਿੱਜੀ ਖੇਤਰ ਵਿਚ ਸਥਾਨਕ ਲੋਕਾਂ ਲਈ ਨੌਕਰੀਆਂ ਵਿੱਚ 75 ਫੀਸਦੀ ਰਾਖਵੇਂਕਰਨ ਸਬੰਧੀ ਕੀਤੇ ਐਲਾਨ ਦੇ ਹਵਾਲੇ ਨਾਲ ਇਹ ਗੱਲ ਕਹੀ।
ਨਸ਼ਿਆਂ ਬਾਰੇ ਗੋਲ-ਮੋਲ ਜਵਾਬ: ਮੁੱਖ ਮੰਤਰੀ ਨੇ ਪੰਜਾਬ ‘ਚੋਂ ਨਸ਼ਿਆਂ ਦੇ ਖਾਤਮੇ ਬਾਰੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ‘ਨਸ਼ਿਆਂ ਦਾ ਲੱਕ ਤੋੜਨ‘ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਇਹ ਕਦੇ ਵੀ ਨਹੀਂ ਕਿਹਾ ਸੀ ਕਿ ਉਹ ਡਰੱਗ ਮਾਫੀਆ ਦਾ ਮੁਕੰਮਲ ਸਫਾਇਆ ਕਰ ਦੇਣਗੇ। ਉਨ੍ਹਾਂ ਕਿਹਾ, ‘ਮੈਂ ਸਪੱਸ਼ਟ ਰੂਪ ਵਿਚ ਨਸ਼ਿਆਂ ਦਾ ਲੱਕ ਤੋੜਨ ਬਾਰੇ ਕਿਹਾ ਸੀ, ਜੋ ਤੋੜ ਦਿੱਤਾ ਗਿਆ ਹੈ।‘
_____________________________________________
ਕੈਪਟਨ ਅਮਰਿੰਦਰ ਫੇਲ੍ਹ, ਅਸਤੀਫਾ ਦੇਵੇ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਹੁੰ ਖਾ ਕੇ ਵਾਅਦਿਆਂ ਤੋਂ ਮੁੱਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਦਾ ਅਸਤੀਫਾ ਮੰਗਿਆ ਹੈ। ਕੈਪਟਨ ਸਰਕਾਰ ਦੇ ਚਾਰ ਸਾਲ ਮੁਕੰਮਲ ਹੋਣ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਚਾਰ ਸਾਲਾਂ ਦੇ ਕਾਰਜ ਕਾਲ ਦੌਰਾਨ ਭ੍ਰਿਸ਼ਟਾਚਾਰ, ਘੁਟਾਲੇ, ਕੁਸ਼ਾਸਨ ਤੇ ਅਮਨ-ਕਾਨੂੰਨ ਪ੍ਰਬੰਧ ਢਹਿ ਢੇਰੀ ਹੋਣ ਲਈ ਮੁੱਖ ਮੰਤਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਨਸ਼ੇ ਖਤਮ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਫੇਲ੍ਹ ਹੋਣ ਦੀ ਗੱਲ ਕਬੂਲਣ ਮਗਰੋਂ ਨੈਤਿਕ ਤੌਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ।
__________________________________
‘ਨਾ ਕਰਜ਼ਾ ਮੁਆਫੀ, ਨਾ ਬੇਅਦਬੀ ਦੇ ਕਸੂਰਵਾਰਾਂ ਨੂੰ ਸਜ਼ਾ ਮਿਲੀ’
ਬੁਢਲਾਡਾ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੀ ਸਹੁੰ ਨਹੀਂ ਚੁੱਕਣੀ ਚਾਹੀਦੀ ਸੀ। ਜੇ ਚੁੱਕ ਵੀ ਲਈ ਸੀ ਤਾਂ ਸਹੁੰ ਚੁੱਕਣ ਵੇਲੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਅਤੇ ਨਾ ਹੀ ਬੇਅਦਬੀ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦਿੱਤੀਆਂ। ਉਪਰੋਂ ਮੋਦੀ ਸਰਕਾਰ ਅਜਿਹੀ ਆਈ, ਜਿਸ ਨੇ ਪੂਰੇ ਦੇਸ਼ ਦਾ ਹੀ ਬੇੜਾ ਗਰਕ ਕਰਕੇ ਰੱਖ ਦਿੱਤਾ। ਭਾਜਪਾ ਦੇ ‘ਅੱਛੇ ਦਿਨਾਂ` ਨੇ ਲੋਕ ਤਪਾ ਕੇ ਹੀ ਰੱਖ ਦਿੱਤੇ ਹਨ।