ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ

ਚੰਡੀਗੜ੍ਹ: ਕਾਂਗਰਸ ਹਾਈਕਮਾਨ ਨੇ ਇਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਲਈ ਕੋਸ਼ਿਸ਼ ਤੇਜ਼ ਕਰ ਦਿੱਤੀਆਂ ਹਨ। ਸੂਬੇ ਵਿਚ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਹਨ, ਉਤੋਂ ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਚੱਲ ਰਿਹਾ ਹੈ।

ਇਸੇ ਕਾਰਨ ਹੀ ਪਿਛਲੇ ਚਾਰ ਮਹੀਨਿਆਂ ਵਿਚ ਦੋ ਵਾਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਨੇੜਲੇ ਸਿਸਵਾਂ ਫਾਰਮ ਹਾਊਸ ਵਿਚ ਇਕੱਠਿਆਂ ਬੈਠ ਕੇ ਚਾਹ ਪੀਤੀ ਅਤੇ ਵਿਚਾਰ ਚਰਚਾ ਕੀਤੀ। ਹਾਲ ਹੀ ਵਿਚ ਹੋਈ ਮੀਟਿੰਗ ਤਕਰੀਬਨ 45 ਮਿੰਟ ਚੱਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿਚ ਟਵੀਟ ਕਰਦਿਆਂ ਕਿਹਾ, ‘ਆਜ਼ਾਦ ਰਹੋ ਵਿਚਾਰੋਂ ਸੇ ਲੇਕਿਨ ਰਹੋ ਸੰਸਕਾਰੋਂ ਸੇ, ਤਾਂ ਕਿ ਆਸ ਔਰ ਵਿਸ਼ਵਾਸ ਰਹੇ ਕਿਰਦਾਰੋਂ ਪੇ`।
ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦਰਮਿਆਨ ਸੁਖਾਵੇਂ ਮਾਹੌਲ ‘ਚ ਮੁਲਾਕਾਤ ਹੋਈ ਜਿਸ ਨਾਲ ਨਵਜੋਤ ਸਿੱਧੂ ਦੀ ਮੁੱਖ ਧਾਰਾ ‘ਚ ਵਾਪਸੀ ਨੂੰ ਅੰਤਿਮ ਛੋਹ ਮਿਲਣ ਲੱਗੀ ਹੈ। ਤਕਰੀਬਨ ਅੱਧਾ ਘੰਟਾ ਚੱਲੀ ਸਮੁੱਚੀ ਮੁਲਾਕਾਤ ‘ਚ ਹੋਈ ਗੱਲਬਾਤ ਦਾ ਪੂਰਾ ਭੇਤ ਬਣਿਆ ਹੋਇਆ ਪਰ ਇੰਨਾ ਸਾਫ ਹੋਣ ਲੱਗਾ ਹੈ ਕਿ ਨਵਜੋਤ ਸਿੱਧੂ ਦੀ ਕੈਬਨਿਟ ‘ਚ ਵਾਪਸੀ ਦੀ ਗੱਲ ਮੀਟਿੰਗ ਦਾ ਮੁੱਖ ਕੇਂਦਰ ਬਿੰਦੂ ਰਹੀ।
ਸੂਤਰ ਮੁਤਾਬਕ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਅੱਗੇ ਕੈਬਨਿਟ ਵਜ਼ੀਰ ਵਜੋਂ ਦੋ ਤਿੰਨ ਵਿਭਾਗਾਂ ਦਾ ਬਦਲ ਰੱਖਿਆ ਹੈ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਨੂੰ ਸ਼ਹਿਰੀ ਵਿਕਾਸ ਵਿਭਾਗ ਅਤੇ ਬਿਜਲੀ ਮਹਿਕਮੇ ਤੋਂ ਇਲਾਵਾ ਸੈਰ ਸਪਾਟਾ ਵਿਭਾਗ ਦੀ ਪੇਸ਼ਕਸ਼ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਂਡ ਨੂੰ ਪਹਿਲਾਂ ਹੀ ਭਰੋਸੇ ਵਿਚ ਲਿਆ ਹੋਇਆ ਹੈ। ਆਉਂਦੇ ਦਿਨਾਂ ‘ਚ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਦਰਮਿਆਨ ਹੋਰ ਮੀਟਿੰਗ ਹੋਣ ਦੀ ਵੀ ਸੰਭਾਵਨਾ ਹੈ। ਮੀਟਿੰਗ ‘ਚ ਅੰਤਿਮ ਛੋਹਾਂ ਵਾਲਾ ਖਾਕਾ ਉਲੀਕਿਆ ਗਿਆ ਹੈ ਜਿਸ ਨੂੰ ਅਮਲੀ ਰੂਪ ਦੇਣ ਲਈ ਹਾਲੇ ਗੱਲਬਾਤ ਚੱਲਣ ਦੇ ਆਸਾਰ ਜਾਪਦੇ ਹਨ ਪਰ ਨਵਜੋਤ ਸਿੱਧੂ ਦੀ ਵਾਪਸੀ ਦਾ ਮਾਮਲਾ ਹੁਣ ਬਹੁਤਾ ਨਹੀਂ ਲਟਕੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਹਰ ਕੋਈ ਚਾਹੁੰਦਾ ਹੈ ਕਿ ਨਵਜੋਤ ਉਨ੍ਹਾਂ ਦੀ ਟੀਮ ਦਾ ਹਿੱਸਾ ਬਣੇ। ਸੂਤਰਾਂ ਅਨੁਸਾਰ, ਨਵਜੋਤ ਸਿੰਘ ਪੰਜਾਬ ਕੈਬਨਿਟ ਵਿਚ ਕੋਈ ਪ੍ਰਮੁੱਖ ਸੀਟ ਲੈਣ ਦੇ ਇੱਛੁਕ ਹਨ ਜਦੋਂਕਿ ਕੈਪਟਨ ਪਹਿਲਾਂ ਹੀ ਉਨ੍ਹਾਂ ਨੂੰ ਬਿਜਲੀ ਮੰਤਰਾਲੇ ਦੀ ਪੇਸ਼ਕਸ਼ ਕਰ ਚੁੱਕੇ ਹਨ, ਜੋ ਕਿ ਸਿੱਧੂ ਵਲੋਂ ਜੁਲਾਈ 2019 ਵਿਚ ਦਿੱਤੇ ਅਸਤੀਫੇ ਤੋਂ ਖਾਲੀ ਹੈ। ਦੂਜੇ ਪਾਸੇ ਹਰੀਸ਼ ਰਾਵਤ ਦਾ ਦਾਅਵਾ ਹੈ ਕਿ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਜ਼ਿਕਰਯੋਗ ਹੈ ਕਿ ਸਿੱਧੂ ਦੇ ਰਾਹੁਲ ਅਤੇ ਪ੍ਰਿਅੰਕਾ ਨਾਲ ਚੰਗੇ ਸਬੰਧ ਹਨ ਅਤੇ ਇਹ ਗੱਲ ਉਨ੍ਹਾਂ ਦੇ ਹੱਕ ਵਿਚ ਭੁਗਤਦੀ ਹੈ। ਇਹ ਵੀ ਕਿ ਸਿੱਧੂ ਇਕ ਪ੍ਰਭਾਵਸ਼ਾਲੀ ਚੋਣ ਪ੍ਰਚਾਰਕ ਹਨ ਜੋ ਔਖੇ ਸਮੇਂ ਵਿਚ ਪਾਰਟੀ ਦੀ ਸਹਾਇਤਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਮਈ 2019 ਤੋਂ ਬਾਅਦ ਬੀਤੀ ਨਵੰਬਰ ਵਿਚ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਸਿੱਧੂ ਅਤੇ ਕੈਪਟਨ ਨੇ ਸਟੇਜ ਸਾਂਝੀ ਕੀਤੀ ਸੀ।
____________________________________
ਸਿੱਧੂ ਕਿਸੇ ਅਹੁਦੇ ਲਈ ਰਾਜਨੀਤੀ ‘ਚ ਨਹੀਂ: ਨਵਜੋਤ ਕੌਰ ਸਿੱਧੂ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਮੁਲਾਕਾਤ ਤੋਂ ਪਹਿਲਾਂ ਸਿੱਧੂ ਦੀ ਪਤਨੀ ਨੇ ਕਿਹਾ ਕਿ ਉਹ (ਸਿੱਧੂ) ਕੋਈ ਅਹੁਦਾ ਨਹੀਂ ਚਾਹੁੰਦੇ, ਸਗੋਂ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਇਸ ਕਾਰਨ ਰਾਜਨੀਤੀ ਵਿਚ ਨਹੀਂ ਹਨ। ਉਨ੍ਹਾਂ ਸਾਲ 2016 ਵਿਚ ਸਿੱਧੁੂ ਦੇ ਭਾਜਪਾ ਛੱਡਣ ਦੇ ਫੈਸਲੇ ਵੱਲ ਇਸ਼ਾਰਾ ਕਰਦਿਆਂ ਦਾਅਵਾ ਕੀਤਾ, ‘ਜੇ ਅਜਿਹਾ ਹੁੰਦਾ ਤਾਂ ਉਹ ਕੇਂਦਰੀ ਮੰਤਰੀ ਬਣ ਗਏ ਹੁੰਦੇ।“ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਸਿੱਧੂ ਦੀ ਪੰਜਾਬ ਮੰਤਰੀ ਮੰਡਲ ਵਿਚ ਵਾਪਸੀ ਹੋ ਸਕਦੀ ਹੈ।