ਹੁਣ ਪੰਜਾਬ ਦੇ ਵਿਦਿਆਰਥੀ ਵੀ ਹੋਏ ਕਰਜ਼ਾਈ

ਚੰਡੀਗੜ੍ਹ: ਬੈਂਕਾਂ ਤੋਂ ‘ਸਿੱਖਿਆ ਕਰਜ਼ਾ` ਲੈਣ ਵਾਲੇ ਪੰਜਾਬ ਦੇ 30 ਹਜ਼ਾਰ ਵਿਦਿਆਰਥੀ ਕਰਜ਼ਾਈ ਹੋ ਗਏ ਹਨ। ਇਨ੍ਹਾਂ ਸਿਰ 1748.48 ਕਰੋੜ ਦਾ ਕਰਜ਼ਾ ਖੜ੍ਹਾ ਹੈ। ਗਰੀਬ ਘਰਾਂ ਦੇ ਵਿਦਿਆਰਥੀ ‘ਸਿੱਖਿਆ ਲੋਨ` ਲੈ ਕੇ ਪੜ੍ਹਾਈ ਕਰਨ ਲਈ ਮਜਬੂਰ ਹੁੰਦੇ ਹਨ, ਜਿਨ੍ਹਾਂ ਨੂੰ ਮਗਰੋਂ ਕਰਜ਼ਾ ਮੋੜਨਾ ਮੁਸ਼ਕਲ ਹੋ ਜਾਂਦਾ ਹੈ।

ਪਿਛਲੇ ਕੁਝ ਵਰ੍ਹਿਆਂ ਤੋਂ ਬੈਂਕਾਂ ਨੇ ਵੀ ‘ਸਿੱਖਿਆ ਕਰਜ਼ਾ` ਦੇਣ ਤੋਂ ਹੱਥ ਪਿਛਾਂਹ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਦੀ ‘ਸਿੱਖਿਆ ਲੋਨ` ਸਕੀਮ ਤਹਿਤ ਕੁਝ ਨਿਸ਼ਚਿਤ ਮਾਤਰਾ ਦੇ ਕਰਜ਼ੇ ਲਈ ਬਿਨਾਂ ਸਕਿਓਰਿਟੀ ਤੋਂ ਲੋਨ ਦਿੱਤਾ ਜਾਂਦਾ ਹੈ। ਜਿਨ੍ਹਾਂ ਘਰਾਂ ਦੀ ਪਹੁੰਚ ਨਹੀਂ ਹੁੰਦੀ, ਉਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਕਰਜ਼ਾ ਚੁੱਕਦੇ ਹਨ। ਪੰਜਾਬ ਵਿਚ 1849 ਵਿਦਿਆਰਥੀ ਤਾਂ ਕਰਜ਼ਾ ਮੋੜ ਹੀ ਨਹੀਂ ਸਕੇ, ਜਿਸ ਕਰਕੇ ਉਨ੍ਹਾਂ ਦਾ 52.63 ਕਰੋੜ ਦਾ ਲੋਨ ਬੈਂਕਾਂ ਨੂੰ ਵੱਟੇ ਖਾਤੇ ਪਾਉਣਾ ਪਿਆ ਜੋ ਕਿ ਕੁੱਲ ਐਨ.ਪੀ.ਏ. ਦਾ 3.01 ਫੀਸਦੀ ਬਣਦਾ ਹੈ। ਕਿਸਾਨ ਆਗੂ ਜਸਵੀਰ ਬੁਰਜ ਸੇਮਾ ਅਨੁਸਾਰ ਕਿੰਨੇ ਹੀ ਕਿਸਾਨ ਅਜਿਹੇ ਹਨ ਜਿਨ੍ਹਾਂ ਸਿਰ ਖੇਤੀ ਕਰਜ਼ਾ ਹੈ ਅਤੇ ਪੁੱਤ ‘ਸਿੱਖਿਆ ਲੋਨ` ਵਿਚ ਡਿਫਾਲਟਰ ਹੋ ਗਏ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ 29,934 ਵਿਦਿਆਰਥੀਆਂ ਨੇ ਪੜ੍ਹਾਈ ਲਈ ਕਰਜ਼ਾ ਲਿਆ ਹੈ, ਜਿਨ੍ਹਾਂ ਨੇ ਹਾਲੇ ਰਕਮ ਵਾਪਸ ਕਰਨੀ ਹੈ। ਇਸੇ ਤਰ੍ਹਾਂ ਹਰਿਆਣਾ ਦੇ 33,517 ਵਿਦਿਆਰਥੀ ਹਨ, ਜਿਨ੍ਹਾਂ ਸਿਰ 1,644 ਕਰੋੜ ਦਾ ਕਰਜ਼ਾ ਹੈ। ਹਰਿਆਣਾ ਵਿਚ ਬੈਂਕਾਂ ਨੇ ਕਰੀਬ 100 ਕਰੋੜ ਦੇ ਸਿੱਖਿਆ ਲੋਨ ਦੀ ਰਾਸ਼ੀ ਵੱਟੇ ਖਾਤੇ ਪਾਈ ਹੈ, ਜੋ ਐਨ.ਪੀ.ਏ. ਦਾ 6.13 ਫੀਸਦੀ ਬਣਦੀ ਹੈ।
ਤੱਥਾਂ ਅਨੁਸਾਰ ਦੇਸ ਵਿਚ ਇਸ ਵੇਲੇ 24.84 ਲੱਖ ਵਿਦਿਆਰਥੀਆਂ ਨੇ ਕਰੀਬ 89,883 ਕਰੋੜ ਦਾ ਸਿੱਖਿਆ ਕਰਜ਼ਾ ਲਿਆ ਹੋਇਆ ਹੈ। ਵਰ੍ਹਾ 2015 ਵਿਚ ਸਿੱਖਿਆ ਕਰਜ਼ਾ ਹਾਸਲ ਕਰਨ ਵਾਲਿਆਂ ਦਾ ਅੰਕੜਾ 34 ਲੱਖ ਸੀ, ਜੋ ਕਿ 2019 ਵਿਚ ਘਟ ਕੇ 27 ਲੱਖ ਰਹਿ ਗਿਆ ਸੀ। ਹੁਣ ਇਹ ਅੰਕੜਾ 24.84 ਲੱਖ ‘ਤੇ ਹੀ ਸਿਮਟ ਗਿਆ ਹੈ। ਐਨ.ਪੀ.ਏ. (ਨਾਨ ਪਰਫਾਰਮਿੰਗ ਐਸੇਟਸ) ਦੀ ਦਰ ਦੇਖੀਏ ਤਾਂ 31 ਮਾਰਚ 2020 ਨੂੰ ਸਨਅਤੀ ਖੇਤਰ ਵਿਚ 13.60 ਫੀਸਦੀ ਸੀ ਜਦੋਂ ਕਿ ਖੇਤੀ ਅਤੇ ਅਲਾਇਡ ‘ਚ 10.33 ਫੀਸਦੀ ਰਹੀ। ਇਸੇ ਤਰ੍ਹਾਂ ਸਿੱਖਿਆ ਖੇਤਰ ਵਿਚ 7.61 ਫੀਸਦੀ ਅਤੇ ਹਾਊਸਿੰਗ ‘ਚ ਇਹ ਦਰ 1.61 ਫੀਸਦੀ ਰਹੀ।