23 ਮਾਰਚ ਦੀ ਵਿਰਾਸਤ ਅਤੇ ਅਜੋਕਾ ਮਹਾਂ ਅੰਦੋਲਨ

ਬੂਟਾ ਸਿੰਘ
ਫੋਨ: +91-94634-74342
ਮਾਰਚ ਦਾ ਮਹੀਨਾ ਲੋਕ ਮੁਕਤੀ ਸੰਘਰਸ਼ਾਂ ਦੇ ਇਤਿਹਾਸ ਵਿਚ ਖਾਸ ਮਹੱਤਵ ਰੱਖਦਾ ਹੈ। ਇਸ ਵਾਰ ਮਾਰਚ ਦੇ ਸ਼ਹੀਦਾਂ ਨੂੰ ਨਿਵੇਕਲੇ ਮਾਹੌਲ ਵਿਚ ਯਾਦ ਕੀਤਾ ਗਿਆ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੀ ਫਿਜ਼ਾ ਭਗਵੇਂ ਫਾਸ਼ੀਵਾਦ ਨਿਜ਼ਾਮ ਨਾਲ ਮੱਥਾ ਲਾਈ ਬੈਠੇ ਮਹਾਂ ਅੰਦੋਲਨ ਦੇ ਸੰਗਰਾਮੀ ਰੰਗ ਵਿਚ ਰੰਗੀ ਹੋਈ ਹੈ। ਘਰਾਂ, ਦੁਕਾਨਾਂ ਅਤੇ ਵਹੀਕਲਾਂ ਉਪਰ ਲਹਿਰਾਉਂਦੇ ਕਿਸਾਨੀ ਝੰਡੇ ਨਵੀਂ ਸਮਾਜੀ ਅੰਗੜਾਈ ਅਤੇ ਜਾਗਰੂਕਤਾ ਦੇ ਪ੍ਰਤੀਕ ਹਨ।

ਇਨ੍ਹਾਂ ਝੰਡਿਆਂ ਵਿਚ ਸਰਕਾਰਾਂ ਅਤੇ ਹਾਕਮ ਜਮਾਤੀ ਸਿਆਸਤ ਤੋਂ ਅੱਕੀ ਅਵਾਮ ਆਪਣਾ ਭਵਿੱਖ ਦੇਖ ਰਹੀ ਹੈ। ਇਸ ਸਮੂਹਿਕ ਖਵਾਇਸ਼, ਰੀਝ, ਬਦਲਾਓ ਦੀ ਤਾਂਘ ਅਤੇ ਸਵੈਮਾਣ ਵਾਲੀ ਜ਼ਿੰਦਗੀ ਦੇ ਸੁਪਨੇ ਦੇ ਸਾਕਾਰ ਹੋਣ ਲਈ ਇਹ ਲਾਜ਼ਮੀ ਹੈ ਕਿ ਆਰ.ਐਸ.ਐਸ.-ਭਾਜਪਾ ਹਕੂਮਤ ਵਿਰੁੱਧ ਅਵਾਮੀ ਗੁੱਸੇ ਅਤੇ ਨਫਰਤ ਨੂੰ ਸਾਮਰਾਜਵਾਦ-ਪੂੰਜੀਵਾਦ ਅਤੇ ਇਸ ਲੋਟੂ ਢਾਂਚੇ ਵਿਰੁੱਧ ਇਨਕਲਾਬੀ ਚੇਤਨਾ ਵਿਚ ਬਦਲਿਆ ਜਾਵੇ। ਇਸ ਲਈ ਲਾਜ਼ਮੀ ਹੈ ਕਿ ਅਵਾਮ ਲੋਕ ਦੁਸ਼ਮਣ ਰਾਜ ਢਾਂਚੇ ਨੂੰ ਖਤਮ ਕਰ ਕੇ ਇਸ ਦੀ ਜਗ੍ਹਾ ਸਰਬਪੱਖੀ ਬਰਾਬਰੀ, ਨਿਆਂ ਅਤੇ ਸਾਂਝੀਵਾਲਤਾ ‘ਤੇ ਆਧਾਰਿਤ ਸੱਚਾ ਲੋਕਤੰਤਰੀ ਸਮਾਜ ਉਸਾਰਨ ਅਤੇ ਇਸ ਲਈ ਜਾਨ-ਹੂਲਵੀਂ ਲੜਾਈ ਲੜਨ ਦੀ ਜ਼ਰੂਰਤ ਨੂੰ ਆਤਮਸਾਤ ਕਰਨ।
ਪੰਜਾਬ ਅਤੇ ਪੂਰੇ ਮੁਲਕ ਵਿਚ ਮਾਰਚ ਦੇ ਮਹੀਨੇ ਗਦਰੀਆਂ, ਬੱਬਰ ਅਕਾਲੀਆਂ ਅਤੇ ਹੋਰ ਬਹੁਤ ਸਾਰੇ ਇਨਕਲਾਬੀ ਸੂਰਮਿਆਂ ਨੇ ਆਜ਼ਾਦੀ, ਮੁਕਤੀ ਅਤੇ ਮਨੁੱਖ ਦੇ ਜਿਊਣਯੋਗ ਸਮਾਜ ਦੀ ਸਿਰਜਣਾ ਲਈ ਸੰਗਰਾਮ ਵਿਚ ਆਪਣੀਆਂ ਜਾਨਾਂ ਵਾਰੀਆਂ ਸਨ। 23 ਮਾਰਚ ਦੇ ਦਿਨ ਅੰਗਰੇਜ਼ ਹਕੂਮਤ ਵੱਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਮਾਰਚ ਵਿਚ ਹੀ ਪੰਜਾਬ ਵਿਚ ਨਕਸਲਬਾੜੀ ਲਹਿਰ ਦੇ ਬਾਨੀ ਆਗੂ (ਅਤੇ ਸੀ.ਪੀ.ਆਈ.-ਐਮ.ਐਲ. ਦੇ ਪਹਿਲੇ ਸੂਬਾ ਸਕੱਤਰ) ਕਾਮਰੇਡ ਦਇਆ ਸਿੰਘ ਅਤੇ ਉਨ੍ਹਾਂ ਦੇ ਸਾਥੀ ਬਜ਼ੁਰਗ ਦੇਸ਼ਭਗਤ ਹਰੀ ਸਿੰਘ ਮਰਗਿੰਦ ਨੂੰ ਫਰਜ਼ੀ ਪੁਲਿਸ ਮੁਕਾਬਲੇ ਵਿਚ ਸ਼ਹੀਦ ਕੀਤਾ ਗਿਆ। ਇਸੇ ਮਹੀਨੇ ਇਨਕਲਾਬੀ ਆਗੂ ਅਤੇ ਲੋਕ ਕਵੀ ਜੈਮਲ ਸਿੰਘ ਪੱਡਾ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਨੂੰ ਉਸ ਦੇ ਸਾਥੀ ਹੰਸ ਰਾਜ ਸਮੇਤ ਖਾਲਿਸਤਾਨੀਆਂ ਵੱਲੋਂ ਸ਼ਹੀਦ ਕੀਤਾ ਗਿਆ। ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਦਾ ਮਹੱਤਵ ਮਹਿਜ਼ ਇਸ ਕਰ ਕੇ ਨਹੀਂ ਕਿ ਉਨ੍ਹਾਂ ਨੇ ਲੋਕ ਦੁਸ਼ਮਣ ਤਾਕਤਾਂ ਨਾਲ ਟੱਕਰ ਲੈਂਦਿਆਂ ਬਹਾਦਰੀ ਨਾਲ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਦੀ ਸ਼ਹਾਦਤ ਅਤੇ ਸੂਰਮਗਤੀ ਇਸ ਕਰ ਕੇ ਵਧੇਰੇ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਆਪਣੇ ਜ਼ਮਾਨੇ ਦੀ ਇਨਕਲਾਬੀ ਵਿਚਾਰਧਾਰਾ ਦੀ ਚੇਤਨਾ ਗ੍ਰਹਿਣ ਕਰ ਕੇ ਆਦਮਖੋਰ ਲੋਟੂ ਪ੍ਰਬੰਧ ਦੀ ਬੁਨਿਆਦ, ਇਸ ਦੇ ਮੂਲ ਕਾਰਨਾਂ ਨੂੰ ਕ੍ਰਮਵਾਰ ਇਨਕਲਾਬੀ ਅਤੇ ਵਿਗਿਆਨਕ ਨਜ਼ਰੀਏ ਨਾਲ ਸਮਝ ਕੇ ਇਨਕਲਾਬੀ ਸੰਘਰਸ਼ ਜ਼ਰੀਏ ਚੁਣੌਤੀ ਦਿੱਤੀ। ਇਸ ਦੇ ਆਧਾਰ `ਤੇ ਉਹ ਇਨਕਲਾਬੀ ਸੰਘਰਸ਼ਾਂ ਨੂੰ ਅੱਗੇ ਵਧਾਉਣ ਅਤੇ ਵਿਸ਼ਾਲ ਅਵਾਮ ਨੂੰ ਜਾਗਰੂਕ ਕਰਕੇ ਸੰਘਰਸ਼ਾਂ ਵਿਚ ਪਾਉਂਦਿਆਂ ਆਪੋ-ਆਪਣੀ ਕਰਮਭੂਮੀ ਵਿਚ ਆਖਰੀ ਦਮ ਤੱਕ ਦ੍ਰਿੜਤਾ ਨਾਲ ਡਟੇ ਰਹੇ।
ਹਾਕਮ ਜਮਾਤਾਂ ਗਦਰੀਆਂ, ਬੱਬਰ ਅਕਾਲੀਆਂ ਅਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਹਰਮਨਪਿਆਰਤਾ ਨੂੰ ਦੇਖਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਦਾ ਦੰਭ ਜ਼ਰੂਰ ਕਰਦੀਆਂ ਹਨ ਲੇਕਿਨ ਉਨ੍ਹਾਂ ਦੀ ਇਨਕਲਾਬੀ ਵਿਚਾਰਧਾਰਾ ਅਤੇ ਕੁਰਬਾਨੀ ਦੇ ਉਦੇਸ਼ ਉਪਰ ਚਲਾਕੀ ਨਾਲ ਪਰਦਾ ਪਾਉਂਦੀਆਂ ਹਨ। ਲਿਹਾਜ਼ਾ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਵਿਚਾਰਧਾਰਾ ਅਤੇ ਕੁਰਬਾਨੀ ਦੇ ਉਦੇਸ਼ ਨੂੰ ਲੋਕਾਂ ਦੀ ਸੂਝ ਅਤੇ ਚੇਤਨਾ ਦਾ ਹਿੱਸਾ ਬਣਾਉਣਾ ਸ਼ਹੀਦਾਂ ਦੇ ਸੱਚੇ ਵਾਰਿਸਾਂ ਅੱਗੇ ਬਹੁਤ ਬੜੀ ਚੁਣੌਤੀ ਹੈ।
ਅਤੀਤ ਵਿਚ ਹੋਏ ਸ਼ਹੀਦਾਂ, ਸੂਰਮਿਆਂ ਨੂੰ ਯਾਦ ਕਰ ਲੈਣਾ ਹੀ ਕਾਫੀ ਨਹੀਂ ਹੈ, ਉਨ੍ਹਾਂ ਵੱਲੋਂ ਲੜੇ ਜਾਨ-ਹੂਲਵੇਂ ਸੰਘਰਸ਼ ਨੂੰ ਅਜੋਕੇ ਸੰਘਰਸ਼ਾਂ ਦੀ ਪ੍ਰੇਰਣਾ ਦੇ ਰੂਪ `ਚ ਦੇਖਣਾ ਅਤੇ ਅਵਾਮ ਦੀ ਬਦਲਾਓ ਦੀ ਤਾਂਘ ਨੂੰ ਲੋਕ-ਮੁਕਤੀ ਲਈ ਸੰਘਰਸ਼ ਦੀ ਚੇਤਨਾ ਵਿਚ ਬਦਲਣਾ ਸਭ ਤੋਂ ਮਹੱਤਵਪੂਰਨ ਕਾਰਜਾਂ ਵਿਚੋਂ ਇਕ ਹੈ। ਇਹ ਕਾਰਜ ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਵਿਰੁੱਧ ਸੰਘਰਸ਼ ਨੇ ਮੁਕਾਬਲਤਨ ਸੁਖਾਲਾ ਬਣਾ ਦਿੱਤਾ ਹੈ। ਸਮਾਜ ਦੇ ਵੱਖ-ਵੱਖ ਹਿੱਸੇ ਇਹ ਚੇਤਨਾ ਗ੍ਰਹਿਣ ਕਰਨ ਲਈ ਰੁਚਿਤ ਹਨ। ਬੇਸ਼ੱਕ ਇਸ ਸੰਘਰਸ਼ ਦੇ ਕੇਂਦਰ ਵਿਚ ਕਿਸਾਨ ਲਾਮਬੰਦੀ ਹੈ ਲੇਕਿਨ ਇਹ ਸੰਘਰਸ਼ ਵਰਗਾਂ, ਧਰਮਾਂ ਅਤੇ ਹੋਰ ਸਮਾਜੀ ਵੰਡੀਆਂ ਤੋਂ ਪਾਰ ਜਾ ਕੇ ਸਮਾਜ ਦੇ ਵੱਖ-ਵੱਖ ਹਿੱਸਿਆਂ ਨੂੰ ਕਲਾਵੇ ਵਿਚ ਲੈਣ ਵਾਲਾ ਮਹਾਂ ਅੰਦੋਲਨ ਬਣ ਚੁੱਕਾ ਹੈ। ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਸੰਘਰਸ਼ ਨੇ ਪੰਜਾਬ ਦਾ ਸਿਆਸੀ ਮਾਹੌਲ ਅਸਲੋਂ ਹੀ ਬਦਲ ਦਿੱਤਾ ਹੈ। ਅਵਾਮ ਦੇ ਮਨ-ਮਸਤਕ ਉਪਰ ਇਸ ਅੰਦੋਲਨ ਦਾ ਜ਼ਬਰਦਸਤ ਪ੍ਰਭਾਵ ਸਪਸ਼ਟ ਦੇਖਿਆ ਜਾ ਸਕਦਾ ਹੈ। ਇਹ ਪ੍ਰਭਾਵ ਪੰਜਾਬ ਤੱਕ ਹੀ ਸੀਮਤ ਨਹੀਂ ਰਿਹਾ। ਮਹਾਂ ਅੰਦੋਲਨ ਦੇ ਦਿੱਲੀ ਵੱਲ ਕੂਚ ਤੋਂ ਬਾਅਦ ਹਰਿਆਣਾ ਅਤੇ ਇਸ ਤੋਂ ਅੱਗੇ ਹੋਰ ਬਹੁਤ ਸਾਰੇ ਰਾਜਾਂ ਵਿਚ ਵਿਸ਼ਾਲ ਕਿਸਾਨ ਉਭਾਰ ਅਤੇ ਲਾਮਬੰਦੀ ਇਸੇ ਮਹਾਂ ਅੰਦੋਲਨ ਦੀ ਬਦੌਲਤ ਹੀ ਸੰਭਵ ਹੋਈ ਹੈ। ਭਗਵੇਂ ਹੁਕਮਰਾਨਾਂ ਨੂੰ ਹਰ ਥਾਂ ਹੀ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਜ਼ ਭਾਰਤ ਵਿਚ ਹੀ ਨਹੀਂ, ਇਸ ਮਹਾਂ ਅੰਦੋਲਨ ਦਾ ਪ੍ਰਭਾਵ ਕੌਮਾਂਤਰੀ ਪੱਧਰ `ਤੇ ਵੀ ਦੇਖਿਆ ਜਾ ਸਕਦਾ ਹੈ ਅਤੇ ਇਹ ਹੋਰ ਮੁਲਕਾਂ ਦੇ ਲੋਕਾਂ ਨੂੰ ਕਾਰਪੋਰੇਟ ਸਰਮਾਏਦਾਰਾ ਗਲਬੇ ਵਾਲੀ ਆਰਥਕਤਾ ਵਿਰੁੱਧ ਉਠਣ ਅਤੇ ਚੁਣੌਤੀ ਦੇਣ ਲਈ ਪ੍ਰੇਰਨਾ ਬਣ ਰਿਹਾ ਹੈ।
ਭਾਰਤ ਵਿਚ ਇਸ ਬੇਮਿਸਾਲ ਅੰਦੋਲਨ ਨੇ ਹਾਕਮ ਜਮਾਤੀ ਸਿਆਸਤ ਨੂੰ ਪਾਸੇ ਧੱਕ ਕੇ ਅਤੇ ਉਨ੍ਹਾਂ ਨੂੰ ਵਕਤੀ ਤੌਰ `ਤੇ ਗੈਰ ਪ੍ਰਸੰਗਿਕ ਬਣਾ ਕੇ ਯੁਗ-ਪਲਟਾਊ ਬਦਲਾਓ ਦੇ ਪ੍ਰਫੁੱਲਤ ਹੋਣ ਲਈ ਮੁੱਢਲੇ ਹਾਲਾਤ ਪੈਦਾ ਕਰ ਦਿੱਤੇ ਹਨ। ਪੰਜਾਬ ਵਿਚ ਲੋਕ-ਦੁਸ਼ਮਣ ਤਾਕਤਾਂ ਇਸ ਬਦਲਾਓ ਦੀ ਸੰਭਾਵਨਾ ਦਾ ਬੀਜ-ਨਾਸ਼ ਕਰਨ ਲਈ ਅਤੇ ਆਪਣੀ ਖੁੱਸ ਚੁੱਕੀ ਚੌਧਰ ਅਤੇ ਗਲਬੇ ਨੂੰ ਮੁੜ-ਬਹਾਲ ਕਰਨ ਲਈ ਬੁਰੀ ਤਰ੍ਹਾਂ ਤਰਲੋਮੱਛੀ ਹੋ ਰਹੀਆਂ ਹਨ। ਉਹ ਮਹਾ-ਅੰਦੋਲਨ ਨੂੰ ਸੱਟ ਮਾਰਨ ਲਈ ਵੱਖ-ਵੱਖ ਤਰੀਕਿਆਂ ਨਾਲ ਸਰਗਰਮ ਹਨ। ਪਿਛਾਖੜੀ ਏਜੰਡਿਆਂ ਵਾਲੀਆਂ ਹੋਰ ਤਾਕਤਾਂ ਇਸ ਬੇਮਿਸਾਲ ਉਭਾਰ ਉਪਰ ਚਲਾਕੀ ਨਾਲ ਕਬਜ਼ਾ ਕਰ ਕੇ ਅਤੇ ਅਵਾਮ ਨੂੰ ਵਰਗਲਾ ਕੇ ਆਪਣੇ ਮਗਰ ਲਾਉਣ ਲਈ ਹਰ ਹਰਬਾ ਇਸਤੇਮਾਲ ਕਰ ਰਹੀਆਂ ਹਨ। ਇਨ੍ਹਾਂ ਹਾਲਾਤ ਵਿਚ ਅਵਾਮੀ ਉਭਾਰ ਨੂੰ ਯੁਗ-ਪਲਟਾਊ ਰਾਜਸੀ ਚੇਤਨਾ ਵਿਚ ਬਦਲਣ ਦੀ ਜ਼ਿੰਮੇਵਾਰੀ ਪੰਜਾਬ ਦੀਆਂ ਸੱਚੀਆਂ ਤਬਦੀਲੀਪਸੰਦ, ਸੱਚੀਆਂ ਇਨਕਲਾਬੀ ਤਾਕਤਾਂ ਉੱਪਰ ਹੈ। ਮਾਰਚ ਮਹੀਨੇ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਆਤਮਸਾਤ ਕਰਾਉਣ ਲਈ ਹੰਭਲਾ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਸਮੂਹ ਲੋਕਪੱਖੀ ਤਾਕਤਾਂ ਨੂੰ ਵਿਸ਼ੇਸ਼ ਯਤਨ ਜੁਟਾ ਕੇ ਅਵਾਮ ਨੂੰ ਸਿਖਿਅਤ ਕਰਨਾ ਹੋਵੇਗਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦਿੱਤੇ ਦੋ ਨਾਅਰਿਆਂ ‘ਇਨਕਲਾਬ ਜ਼ਿੰਦਾਬਾਦ` ਅਤੇ ‘ਸਾਮਰਾਜਵਾਦ ਮੁਰਦਾਬਾਦ` ਦੇ ਮਾਇਨੇ ਕੀ ਹਨ। ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਐਲਾਨ ਕੀਤਾ ਸੀ ਕਿ ‘ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।` ਭਾਰਤੀ ਹਾਕਮ ਜਮਾਤਾਂ ਵੱਲੋਂ ਅਪਣਾਇਆ ‘ਖੁੱਲ੍ਹੀ ਮੰਡੀ` ਦਾ ਮਾਡਲ ਕਿਰਤੀ ਲੋਕਾਂ ਦੀ ਧਾੜਵੀ ਲੁੱਟਖਸੁੱਟ ਨੂੰ ਹੋਰ ਬੇਕਿਰਕ ਬਣਾਉਣ ਅਤੇ ਕੁਦਰਤੀ ਵਸੀਲਿਆਂ ਨੂੰ ਆਪਣੇ ਸੁਪਰ-ਮੁਨਾਫੇ ਯਕੀਨੀਂ ਬਣਾਉਣ ਲਈ ਹੋਰ ਵੀ ਬੇਕਿਰਕੀ ਨਾਲ ਨਿਚੋੜਨ ਦਾ ਮਾਡਲ ਹੈ। ਖੇਤੀ ਖੇਤਰ ਉੱਪਰ ਮੁਕੰਮਲ ਕਬਜ਼ੇ ਦਾ ਸੰਦ ਮੌਜੂਦਾ ਕਾਲੇ ਕਾਨੂੰਨ ਕਾਰਪੋਰੇਟ ਸਰਮਾਏ ਦੀ ਜਕੜ ਨੂੰ ਹੋਰ ਪੀਡੀ ਕਰਨ ਲਈ ਬਣਾਏ ਗਏ ਹਨ ਜੋ ਅਮੀਰ-ਗਰੀਬ ਦਰਮਿਆਨ ਮੌਜੂਦਾ ਪਾੜੇ ਅਤੇ ਹਰ ਤਰ੍ਹਾਂ ਦੀ ਨਾਬਰਾਬਰੀ ਨੂੰ ਤੇਜ਼ੀ ਨਾਲ ਜ਼ਰਬਾਂ ਦੇਣਗੇ। ਲਿਹਾਜ਼ਾ, ਸਾਡੇ ਸਮਾਜ ਨੂੰ ਨਿਚੋੜ ਰਹੀ ਲੁੱਟਖਸੁੱਟ, ਦਾਬੇ ਅਤੇ ਹਰ ਤਰ੍ਹਾਂ ਦੇ ਵਿਤਕਰੇ ਤੋਂ ਮੁਕਤੀ ਲਈ ਅਤੇ ਸੱਚੀ ਤਰੱਕੀ ਲਈ ਆਲਮੀ ਅਤੇ ਦੇਸੀ ਕਾਰਪੋਰੇਟ ਸਰਮਾਏ ਦੇ ਇਸ ਗਲਬੇ ਨੂੰ ਤੋੜਨਾ ਪਵੇਗਾ ਅਤੇ ਸਮਾਜੀ ਪਾੜੇ ਅਤੇ ਡੂੰਘੀ ਨਾਬਰਾਬਰੀ ਦੀ ਜੜ੍ਹ ਵੱਢਣੀ ਪਵੇਗੀ। ਇਹ ਮੌਜੂਦਾ ਰਾਜ ਪ੍ਰਬੰਧ ਦਾ ਮੁਕੰਮਲ ਖਾਤਮਾ ਕਰ ਕੇ ਹੀ ਸੰਭਵ ਹੈ, ਨਹੀਂ ਤਾਂ ‘ਗੋਰੇ ਅੰਗਰੇਜ਼ ਦੀ ਥਾਂ ਆਏ ਕਾਲੇ ਅੰਗਰੇਜ਼` ਬਦਲ-ਬਦਲ ਕੇ ਭਾਰਤ ਉਪਰ ਰਾਜ ਕਰਦੇ ਰਹਿਣਗੇ ਅਤੇ ਲੋਟੂ ਢਾਂਚਾ ਸਰਕਾਰ-ਬਦਲੀ ਦੇ ਪਰਦੇ ਹੇਠ ਨਿਰਵਿਘਨ ਕੰਮ ਕਰਦਾ ਰਹੇਗਾ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀ, “ਸਾਮਰਾਜ ਡਾਕੇ ਮਾਰਨ ਦੀ ਸਾਜ਼ਿਸ਼ ਤੋਂ ਬਿਨਾ ਕੁਝ ਨਹੀਂ, ਇਹ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੀ ਸਿਖਰ ਹੈ।” ਉਨ੍ਹਾਂ ਸਪਸ਼ਟ ਕਿਹਾ ਸੀ, “ਇਨਕਲਾਬ ਦੇ ਇਸ ਸਦੀ ਵਿਚ ਇਕ ਹੀ ਮਤਲਬ ਹੋ ਸਕਦੇ ਹਨ -ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ ਤੇ ਕਬਜ਼ਾ। ਸਾਮਰਾਜਵਾਦੀਆਂ ਨੂੰ ਗੱਦੀਓਂ ਲਾਹੁਣ ਲਈ ਭਾਰਤ ਦਾ ਇਕੋ ਇਕ ਹਥਿਆਰ ਕਿਰਤੀ ਇਨਕਲਾਬ ਹੈ। ਕੋਈ ਹੋਰ ਚੀਜ਼ ਇਸ ਉਦੇਸ਼ ਦੀ ਪੂਰਤੀ ਨਹੀਂ ਕਰ ਸਕਦੀ।” ਉਹ ਇਸ ਬਾਬਤ ਪੂਰੇ ਸਪਸ਼ਟ ਸਨ ਕਿ ਇਨਕਲਾਬ ਨਿਰਾ ਸਿਆਸੀ ਰਾਜ-ਪਲਟਾ ਨਹੀਂ। ਇਹ ਸਮਾਜੀ ਪ੍ਰਬੰਧ ਦੇ ਹਰ ਪਹਿਲੂ ਦੀ ਕਾਇਆਪਲਟੀ ਹੈ।
ਕਾਲੇ ਕਾਨੂੰਨਾਂ ਵਿਰੁੱਧ ਮਹਾਂ ਅੰਦੋਲਨ ਦੀ ਕਾਮਯਾਬੀ ਲਈ ਅਤੇ ਭਾਰਤ ਦੇ ਲੋਕਾਂ ਦੇ ਮਹਿਫੂਜ਼ ਭਵਿੱਖ ਲਈ ਸ਼ਹੀਦੇ-ਆਜ਼ਮ ਦੇ ਵਿਚਾਰਾਂ ਦੀ ਚੇਤਨਾ ਦਾ ਵਸੀਹ ਪੈਮਾਨੇ `ਤੇ ਸੰਚਾਰ ਅਤੇ ਪਸਾਰਾ ਅੱਜ ਅਣਸਰਦੀ ਲੋੜ ਹੈ।