ਆਖਰ ਉਮਰ ਦੀ ਡੋਰ ਨੇ ਟੁੱਟ ਜਾਣਾ!

ਗਾਰਗੀ-4
ਗੁਰਬਚਨ ਸਿੰਘ ਭੁੱਲਰ
1998 ਤੇ 1999 ਦੇ ਦੋ ਵਰ੍ਹੇ ਜਦੋਂ ਮੈਂ ਚੰਡੀਗੜ੍ਹ ਸੀ, ਗਾਰਗੀ ਵੀ ਡਿਗਦੀ ਸਿਹਤ ਕਾਰਨ ਉਸੇ ਸ਼ਹਿਰ ਆਪਣੇ ਭਤੀਜੇ ਦੇ ਘਰ ਆ ਗਿਆ ਸੀ। ਇਕ ਦਿਨ ਅਚਾਨਕ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਲੱਗਣ ਦੀ ਵਧਾਈ ਦਾ ਉਹਦਾ ਫੋਨ ਆਇਆ। ਆਵਾਜ਼ ਵਿਚ ਪਹਿਲਾਂ ਵਾਲਾ ਕਣ ਨਹੀਂ ਸੀ। ਪਹਿਲਾਂ ਤਾਂ ਮੈਂ ਫੋਨ ਬਾਰੇ ਹੈਰਾਨ ਹੋਇਆ, ਪਰ ਫੇਰ ਇਹ ਸੋਚ ਕੇ ਹੈਰਾਨੀ ਆਪੇ ਮੁੱਕ ਗਈ ਕਿ ਕਿਸੇ ਵੇਲੇ ਕੰਮ ਆ ਸਕਣ ਵਾਲੇ ਬੰਦੇ ਨਾਲ ਸਬੰਧ ਬਣਾ ਲੈਣ ਜਾਂ ਨਵਿਆ ਲੈਣ ਦਾ ਉਹ ਉਸਤਾਦ ਸੀ। ਗੁਲਜ਼ਾਰ ਸਿੰਘ ਸੰਧੂ ਦਿੱਲੀ ਵੇਲੇ ਦਾ ਪਿਆਰਾ ਦੋਸਤ ਹੈ, ਸੁਭਾਅ ਦਾ ਖੁੱਲ੍ਹਾ ਤੇ ਖੁੱਲ੍ਹੇ ਦਿਲ ਵਾਲਾ। ਇਕ ਦਿਨ ਕਹਿੰਦਾ, ਤੇਰੇ ਚੰਡੀਗੜ੍ਹ ਆਉਣ ਦੀ ਖੁਸ਼ੀ ਵਿਚ ਘਰੇ ਛੋਟੀ ਜਿਹੀ ਪਾਰਟੀ ਰੱਖੀ ਹੈ। ਮੈਂ ਗਿਆ ਤਾਂ ਉਹਦਾ ਘਰ ਦੋਸਤਾਂ ਨਾਲ ਭਰਿਆ ਪਿਆ ਸੀ ਤੇ ਮੋਢੇ ਨਾਲ ਮੋਢਾ ਖਹਿ ਰਿਹਾ ਸੀ। ਗਾਰਗੀ ਵੀ ਆ ਗਿਆ ਤੇ ਬੜੇ ਤਪਾਕ ਨਾਲ ਮਿਲਿਆ, ਪਰ ਕੁਛ ਹੀ ਲੋਕਾਂ ਨੂੰ ਮਿਲ ਕੇ ਥੱਕਿਆਂ ਵਾਂਗ ਵਿਹੜੇ ਵਿਚ ਮੂੜ੍ਹੇ ਉਤੇ ਬੈਠ ਗਿਆ। ਅੱਧ-ਵਿਚਾਲੇ ਉਹ ਇਕਦਮ ਖੜ੍ਹਾ ਹੋਇਆ ਤੇ ਘਬਰਾਇਆ ਜਿਹਾ ਜੇਬਾਂ ਵਿਚ ਹੱਥ ਮਾਰਦਾ ਬੋਲਿਆ, “ਗੁਲਜ਼ਾਰ, ਮੈਂ ਚਲਦਾ ਹਾਂ। ਮੇਰੀ ਦਵਾਈ ਘਰ ਰਹਿ ਗਈ। ਦਵਾਈ ਹੈ ਨਹੀਂæææਮੈਂ ਦਵਾਈæææਜੇ ਇਥੇ ਤਕਲੀਫ ਹੋ ਗਈæææਦਵਾਈ ਬਿਨਾਂæææਮੈਂ ਦਵਾਈæææਦਵਾਈ ਘਰੇæææਮੈਂæææ ਮੈਂæææ।” ਉਹ ਦਵਾਈ ਦੀ ਅਣਹੋਂਦ ਵਿਚ ਬੀਮਾਰੀ ਦਾ ਦੌਰਾ ਪੈ ਜਾਣ ਦੇ ਭੈ ਨਾਲ ਬਹੁਤ ਪ੍ਰੇਸ਼ਾਨ ਸੀ।
ਗੁਲਜ਼ਾਰ ਨੇ ਉਹਨੂੰ ਸ਼ਾਂਤ ਕਰਨ ਲਈ ਕਿਹਾ, “ਗਾਰਗੀ, ਚਿੰਤਾ ਨਾ ਕਰ। ਤੂੰ ਸ਼ਾਂਤੀ ਨਾਲ ਬੈਠ, ਦਵਾਈ ਹੁਣੇ ਆ ਜਾਂਦੀ ਐ। ਦਵਾਈ ਦਾ ਨਾਂ ਦੱਸ, ਹੁਣੇ ਬੰਦਾ ਭੇਜ ਕੇ ਕੈਮਿਸਟ ਤੋਂ ਮੰਗਵਾ ਲੈਂਦੇ ਹਾਂ।” ਪਰ ਉਹਨੂੰ ਦਵਾਈ ਦਾ ਨਾਂ ਪਤਾ ਨਹੀਂ ਸੀ। ਪਰਚੀ ਵੀ ਘਰ ਹੀ ਪਈ ਸੀ। ਗੁਲਜ਼ਾਰ ਕਹਿੰਦਾ, “ਤੂੰ ਬੇਫਿਕਰ ਬੈਠ। ਦਵਾਈ ਪੰਜ ਮਿੰਟਾਂ ਵਿਚ ਘਰੋਂ ਆਈ ਸਮਝ।” ਪਰ ਉਹ ਦਵਾਈ ਜੇਬ ਵਿਚ ਹੋਣ ਤੋਂ ਬਿਨਾਂ ਬਹੁਤ ਡਰਿਆ ਹੋਇਆ ਸੀ ਤੇ ਪੰਜ ਮਿੰਟ ਵੀ ਬੈਠਣ ਲਈ ਤਿਆਰ ਨਹੀਂ ਸੀ। ਆਖਰ ਉਹ ਸਭ ਦੇ ਰੋਕਦਿਆਂ ਰੋਕਦਿਆਂ ਕਾਹਲੀ ਨਾਲ ਚਲਿਆ ਗਿਆ।
ਇਕ ਮੰਗਲਵਾਰ ਧੀਰ ਜੀ ਦਾ ਫੋਨ ਆਇਆ। ਬੋਲੇ, “ਆਉਂਦੇ ਐਤਵਾਰ ਹੋਰ ਕੋਈ ਪ੍ਰੋਗਰਾਮ ਨਾ ਬਣਾਈਂ, ਸਿੱਧਾ ਘਰੇ ਆਈਂ। ਸਵੇਰੇ ਹੀ ਆ ਜਾਈਂ। ਦੁਪਹਿਰ ਦੀ ਰੋਟੀ ਗਾਰਗੀ ਨਾਲ ਮਿਲ ਕੇ ਖਾਵਾਂਗੇ। ਗਾਰਗੀ ਨੇ ਮੱਕੀ ਦੀਆਂ ਰੋਟੀਆਂ ਤੇ ਸਰ੍ਹੋਂ ਦਾ ਸਾਗ ਬਣਾਉਣ ਲਈ ਕਿਹਾ ਹੈ, ਡਡਹੇੜੀ ਵਰਗਾ। ਨਾਲੇ ਉਹਨੇ ਉਚੇਚਾ ਜ਼ੋਰ ਦੇ ਕੇ ਕਿਹਾ ਹੈ, ਭੁੱਲਰ ਨੂੰ ਕਹੀਂ, ਜ਼ਰੂਰ ਆਵੇ।” ਧੀਰ ਜੀ ਦੀ ਮਹਿਮਾਨਨਿਵਾਜ਼ੀ ਦਾ ਕੀ ਕਹਿਣਾ! ਇਹਨੂੰ ਸ਼ਬਦਾਂ ਵਿਚ ਬੰਨ੍ਹਣਾ ਅਸੰਭਵ ਹੈ। ਇਹਨੂੰ ਸਿਰਫ ਉਹ ਜਾਣ ਸਕੇ ਹਨ ਜਿਨ੍ਹਾਂ ਦਾ ਘਰ ਆਉਣਾ ਉਨ੍ਹਾਂ ਨੇ ਦਿਲੋਂ ਚਾਹਿਆ ਹੋਵੇ। ਫੇਰ ਪੈਰ ਤੁਹਾਡੇ ਹੁੰਦੇ ਤੇ ਪਲਕਾਂ ਧੀਰ ਜੀ ਦੀਆਂ। ਉਨ੍ਹਾਂ ਦੀ ਹਾਲਤ ਬਾਬੇ ਦੀ ਇਸ ਸਤਰ ਵਾਲੀ ਹੋ ਜਾਂਦੀ: ਸੀਸੁ ਵਢੇ ਕਰਿ ਬੈਸਣੁ ਦੀਜੇ ਵਿਣੁ ਸਿਰ ਸੇਵ ਕਰੀਜੈ!
ਪਿੰਡੋਂ ਆਉਂਦਾ ਦੁੱਧ ਪਾਉਣ ਵਾਲਾ ਆਪੇ ਹੀ ਕਈ ਵਾਰ ਮੂਲੀਆਂ, ਮੇਥੀ, ਸ਼ਲਗਮ, ਸਾਗ ਲੈ ਆਉਂਦਾ। ਸਬੱਬ ਨਾਲ ਉਹ ਸਾਗ ਦੇ ਗਿਆ। ਧੀਰ ਜੀ ਨੇ ਕੱਚੀਆਂ ਗੰਦਲਾਂ ਦੇਖੀਆਂ ਤਾਂ ਬਾਗੋਬਾਗ ਹੋ ਕੇ ਬੋਲੇ, “ਬਈ ਇਹੋ ਜਿਹਾ ਸਾਗ ਨਹੀਂ ਫੇਰ ਛੇਤੀ ਕੀਤਿਆਂ ਮਿਲਣਾ, ਗਾਰਗੀ ਵਾਸਤੇ ਰੱਖ ਲਓ।” ਬੀਬੀ ਉਨ੍ਹਾਂ ਨਾਲ ਕਦੇ ਬਹਿਸ ਵਿਚ ਨਹੀਂ ਸੀ ਪੈਂਦੀ, ਕਹਿਣ ਲੱਗੀ, “ਚੰਗਾ, ਗਾਰਗੀ ਵਾਸਤੇ ਰੱਖ ਲਵਾਂਗੇ, ਸਾਂਭ ਕੇ, ਸੰਦੂਖ ਵਿਚ।” ਅਗਲੇ ਦਿਨ ਬੀਬੀ ਦਾਤ ਲੈ ਕੇ ਸਾਗ ਚੀਰਨ ਬੈਠ ਗਈ ਤਾਂ ਧੀਰ ਜੀ ਬੋਲੇ, “ਇਹ ਤਾਂ ਆਪਾਂ ਗਾਰਗੀ ਵਾਸਤੇ ਰੱਖਣਾ ਸੀ?” ਬੀਬੀ ਕਹਿੰਦੀ, “ਐਤਵਾਰ ਤਾਂਈਂ ਇਹਦੇ ਵਿਚ ਗਾਰਗੀ ਵਾਸਤੇ ਕੀ ਰਹਿ ਜਾਂਦਾ? ਸੁੱਕ ਕੇ ਬੇਰਸਾ ਹੋ ਜਾਂਦਾ!” ਧੀਰ ਜੀ ਨੂੰ ਚਿੰਤਾ ਲੱਗ ਗਈ, “ਚੰਗਾ, ਉਹਨੂੰ ਕੱਲ੍ਹ ਹੀ ਪੱਕਾ ਕਰ ਦਿਉ, ਸਨਿਚਰ ਨੂੰ ਸਾਗ ਲਿਆਵੇ ਤੇ ਸਾਗ ਹੋਵੇ ਵੀ ਐਨ ਇਸੇ ਵਰਗਾ, ਕੱਚੀਆਂ ਗੰਦਲਾਂ ਦਾ।” ਪਹਿਲਾਂ ਉਹ ਉਥੋਂ ਤੁਰਨ ਲੱਗੇ, ਫੇਰ ਸੋਚਿਆ, ਅਜੇ ਕਿਤੇ ਸਮਝਾਉਣ ਵਿਚ ਕਸਰ ਨਾ ਰਹਿ ਗਈ ਹੋਵੇ। ਪਿਛੇ ਝਾਕ ਕੇ ਕਹਿੰਦੇ, “ਕਿਤੇ ਗਾਰਗੀ ਇਹ ਨਾ ਕਹੇ, ਧੀਰ, ਡਡਹੇੜੀ ਵਾਲੀ ਗੱਲ ਨਹੀਂ ਬਣੀ। ਬੱਸ ਉਹਨੂੰ ਜਾਣੀਂਦਾ ਸਮਝਾ ਦਿਉ, ਸਾਗ ਇਸੇ ਖੇਤ ਦਾ ਹੋਵੇ। ਗਾਰਗੀ ਨੇ ਮੂੰਹੋਂ ਮੰਗ ਕੀਤੀ ਐ, ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਦੀ।” ਬੀਬੀ ਮੁਸਕਰਾਈ, “ਬੰਦਾ ਭੇਜ ਕੇ ਡਡਹੇੜੀ ਤੋਂ ਹੀ ਨਾ ਮੰਗਵਾ ਲਈਏ ਗਾਰਗੀ ਵਾਸਤੇ ਸਾਗ?” ਧੀਰ ਜੀ ਨੇ ਅਧ-ਗੁੱਸੇ ਜਿਹੇ ਵਿਚ ਬੁੜਬੁੜ ਕੀਤੀ, “ਹੈ ਪੁੱਠੀ ਮੱਤ!” ਖਹਿੜਾ ਛੁਡਾਉਣ ਦੀ ਮਾਰੀ ਬੀਬੀ ਕਹਿੰਦੀ, “ਚੰਗਾ, ਕਹਿ ਦਿਆਂਗੇ, ਕਹਿ ਦਿਆਂਗੇ, ਜ਼ਰੂਰ ਕਹਿ ਦਿਆਂਗੇ, ਐਨ ਇਹਦੇ ਨਾਲ ਦਾ ਹੋਵੇ ਗਾਰਗੀ ਵਾਸਤੇ ਸਾਗ।”
ਐਤਵਾਰ ਦੁਪਹਿਰੇ ਵਿਹੜੇ ਵਿਚ ਧੁੱਪੇ ਬੈਠ ਕੇ ਰੋਟੀ ਖਾਧੀ। ਮੱਕੀ ਦੀਆਂ ਰੋਟੀਆਂ ਨਾਲ ਸਰ੍ਹੋਂ ਦਾ ਸਾਗ ਤੇ ਗਾਰਗੀ ਦੀ ਇਕ ਹੋਰ ਫਰਮਾਇਸ਼, ਡਡਹੇੜੀ ਵਾਲਾ ਅੰਬ ਦਾ ਅਚਾਰ। ਮਗਰੋਂ ਗੱਲਾਂ ਕਰਦਿਆਂ ਗਾਰਗੀ ਕਹਿੰਦਾ, “ਮੈਂ ਨਵਾਂ ਨਾਵਲ ਲਿਖਿਆ ਹੈ, ਕੁਛ ਕਾਂਡ ਟ੍ਰਿਬਿਊਨ ਵਿਚ ਛਾਪੀਏ।” ਮੈਂ ਕਿਹਾ, “ਸਾਰਾ ਹੀ ਦੇ ਦਿਉ, ਕਿਸ਼ਤਾਂ ਸ਼ੁਰੂ ਕਰ ਦਿੰਨੇ ਆਂ।” ਉਹ ਬੋਲਿਆ, “ਨਹੀਂ, ਸਾਰਾ ਨਹੀਂ। ਮੈਂ ਛੇਤੀ ਹੀ ਚਾਰ ਕਾਂਡ ਛਾਂਟ ਕੇ ਭੇਜੂੰਗਾ।” ਪਰ ਉਹ ਕਾਂਡ ਕਦੇ ਨਾ ਆਏ। ਪਹਿਲਾਂ ਰੋਟੀ ਖਾਣ ਵੇਲੇ ਥਾਲੀ ਵਿਚ ਬੇਅਨੁਪਾਤਾ ਸਾਗ, ਘਰ ਦਾ ਮੱਖਣ ਤੇ ਅਚਾਰ ਪਾਉਂਦਿਆਂ ਤੇ ਰਲਾਉਂਦਿਆਂ-ਮਧਦਿਆਂ ਖਾਣੇ ਦੀ ਮੇਜ਼ ਦੇ ਸ਼ਹੂਰ-ਸਲੀਕੇ ਲਈ ਜਾਣੇ ਜਾਂਦੇ ਗਾਰਗੀ ਦੀ ਬੇਧਿਆਨੀ ਜਿਹੀ ਤੋਂ ਤੇ ਹੁਣ ਉਹਦੀਆਂ ਬੇਤਰਤੀਬੀਆਂ ਜਿਹੀਆਂ ਗੱਲਾਂ ਤੋਂ ਸਾਫ ਦਿਸਦਾ ਸੀ ਕਿ ਤਨ ਦੇ ਨਾਲ ਨਾਲ ਮਨ ਵੀ ਬੁੱਢਾ ਹੋਣ ਲੱਗ ਪਿਆ ਸੀ! ਉਹਦੀ ਸੁਰਤ ਦੇ ਪੈਰ ਪਗਡੰਡੀ ਤੋਂ ਥੋੜ੍ਹਾ-ਥੋੜ੍ਹਾ ਸੱਜੇ-ਖੱਬੇ ਪੈਣੇ ਸ਼ੁਰੂ ਹੋ ਗਏ ਸਨ।
ਉਮਰ ਤਾਂ ਵੱਡੀ ਹੋ ਹੀ ਗਈ ਸੀ, ਪਰ ਦਿੱਲੀ ਵਾਲਾ ਘਰ ਛੱਡਣ ਦੀ ਪ੍ਰੇਸ਼ਾਨੀ ਵੀ ਕੋਈ ਘੱਟ ਨਹੀਂ ਸੀ। ਉਥੋਂ ਨਿਕਲ ਕੇ ਉਹ ਕਿੱਲੇ ਤੋਂ ਵਿਰਵੀ ਹੋਈ ਗਾਂ ਵਾਂਗ ਗੁਆਚਿਆ ਪਿਆ ਸੀ ਤੇ ਦਿੱਲੀ ਵਾਲੀ ਆਪਣੀ ਮਿੱਤਰ-ਮੰਡਲੀ ਦੀ ਮਨਚਾਹੀ ਸੰਗਤ ਦੀ ਥਾਂ ਓਪਰੀ ਭੀੜ ਵਿਚ ਇਕੱਲ ਭੋਗ ਰਿਹਾ ਸੀ। ਕਈ ਸ਼ਹਿਰਾਂ ਤੇ ਦੇਸ਼ਾਂ ਵਿਚ ਘੁੰਮੇ ਗਾਰਗੀ ਨੇ ਸਹੀ ਅਰਥਾਂ ਵਿਚ ਲੇਖਕਾਂ, ਐਕਟਰਾਂ, ਨਾਟ-ਨਿਰਦੇਸ਼ਕਾਂ, ਚਿੱਤਰਕਾਰਾਂ, ਨ੍ਰਿਤਕਾਰਾਂ, ਗਾਇਕਾਂ ਅਤੇ ਸਾਹਿਤ-ਸਭਿਆਚਾਰ ਦਾ ਮੱਸ ਰੱਖਣ ਵਾਲੇ ਸਿਆਸਤਦਾਨਾਂ ਨਾਲ ਡੂੰਘੀਆਂ ਸਾਂਝਾਂ ਦਿੱਲੀ ਵਿਚ ਹੀ ਪਾਈਆਂ ਤੇ ਪਾਲੀਆਂ। ਜੀਨੀ ਤਾਂ ਤਲਾਕ ਮਗਰੋਂ ਬੇਟੀ ਜੰਨਤ ਨੂੰ ਲੈ ਕੇ ਬਹੁਤ ਪਹਿਲਾਂ ਹੀ ਅਮਰੀਕਾ ਚਲੀ ਗਈ ਸੀ। ਫੇਰ ਮੰਨੂ ਵੀ ਕਈ ਸਾਲ ਪਹਿਲਾਂ ਫਿਲਮੀ ਦੁਨੀਆਂ ਵਿਚ ਕਿਸਮਤ ਅਜ਼ਮਾਉਣ ਮੁੰਬਈ ਚਲਿਆ ਗਿਆ ਸੀ। ਗਾਰਗੀ ਉਹਦਾ ਰਾਹ ਸਵਾਹਰਾ ਕਰਨ ਲਈ ਜੋ ਕੁਛ ਕਰ ਸਕਦਾ ਸੀ, ਆਪਣੀਆਂ ਦਿੱਲੀ ਤੇ ਮੁੰਬਈ ਦੀਆਂ ਦੋਸਤੀਆਂ ਦੀਆਂ ਤਾਰਾਂ ਹਿਲਾ ਕੇ ਉਹਨੇ ਕਰ ਦਿੱਤਾ, ਜਿਵੇਂ ਕਿਹਾ ਹੋਵੇ, ਲੜ ਬਖਤਾਵਰਾਂ ਦੇ ਲਾਈ, ਅੱਗੇ ਤੇਰੇ ਭਾਗ ਲੱਛੀਏ!
ਮੰਨੂ ਨੇ ਮਾਡਲ ਵਜੋਂ ਤੇ ਐਕਟਰ ਵਜੋਂ ਸਫਲ ਹੋਣ ਵਾਸਤੇ ਉਥੇ ਜਤਨ ਤਾਂ ਬਹੁਤ ਕੀਤੇ, ਪਰ ਲੋਕਾਂ ਦੇ ਕਹਿਣ ਅਨੁਸਾਰ, ਸੁੰਦਰ ਅੱਖਾਂ, ਸੁਹਣੇ ਸਰੀਰ ਤੇ ‘ਸੈਕਸੀ’ ਦਿੱਖ ਦੇ ਬਾਵਜੂਦ ਕੋਈ ਖਾਸ ਗੱਲ ਬਣੀ ਨਾ। ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹਦੀ ਸ਼ੁਰੂਆਤ ਬਹੁਤ ਵਧੀਆ ਹੋ ਗਈ ਸੀ। ਦੇਵਾਨੰਦ ਨੇ ਨਿਰਦੇਸ਼ਕ-ਲੇਖਕ ਵਜੋਂ 1993 ਵਿਚ ਬਣਾਈ ਫਿਲਮ ‘ਪਿਆਰ ਕਾ ਤਰਾਨਾ’ ਦਾ ਅਤੇ ਫੇਰ 1994 ਵਿਚ ਬਣਾਈ ਫਿਲਮ ‘ਗੈਂਗਸਟਰ’ ਦਾ ਨਾਇਕ ਮੰਨੂ ਗਾਰਗੀ ਨੂੰ ਬਣਾਇਆ ਸੀ। ਆਪਣੀਆਂ ਫਿਲਮਾਂ ਦਾ ਆਪ ਨਾਇਕ ਹੋਣ ਦੀ ਰੀਤ ਤੋੜਦਿਆਂ ਆਪ ਉਹਨੇ ਸਹਾਇਕ ਭੂਮਿਕਾ ਨਾਲ ਸਾਰ ਲਿਆ ਸੀ। ‘ਪਿਆਰ ਕਾ ਤਰਾਨਾ’ ਦੀ ਨਾਇਕਾ ਉਸ ਸਮੇਂ ਦੀ ਚਰਚਿਤ ਸੁੰਦਰੀ ਅਨੀਤਾ ਅਯੂਬ ਤੇ ‘ਗੈਂਗਸਟਰ’ ਦੀ ਨਾਇਕਾ ਉਸ ਸਮੇਂ ਲਾਜਵਾਬ ਖ਼ੂਬਸੂਰਤੀ ਤੇ ‘ਬੋਲਡ’ ਐਕਟਿੰਗ ਲਈ ਮਸ਼ਹੂਰ ਮਮਤਾ ਕੁਲਕਰਨੀ ਸੀ; ਅਨੀਤਾ ਅਯੂਬ ਨੇ ਇਸ ਫਿਲਮ ਵਿਚ ਸਹਾਇਕ ਨਾਇਕਾ ਦੀ ਭੂਮਿਕਾ ਨਿਭਾਈ ਸੀ। ਪਿਛਲੇ ਲੰਮੇ ਸਮੇਂ ਤੋਂ ਫਲਾਪ ਹੁੰਦੀਆਂ ਆਈਆਂ ਦੇਵਾਨੰਦ ਦੀਆਂ ਫਿਲਮਾਂ ਦੀ ਲੜੀ ਵਿਚ ਇਹ ਦੋਵੇਂ ਫਿਲਮਾਂ ਵੀ ਫਲਾਪ ਰਹੀਆਂ ਤੇ ਨਾਲ ਹੀ ਮੰਨੂ ਦੇ ਸੁਫਨਿਆਂ ਨੂੰ ਤੋੜ ਗਈਆਂ!
ਆਖਰ ਗਾਰਗੀ ਦਾ ਪੁੱਤਰ ਸੀ, ਸਿਆਣਾ ਰਿਹਾ। ਗਾਰਗੀ ਦੇ ਪੂਰਾ ਹੋਣ ਤੋਂ ਛੇਤੀ ਹੀ ਮਗਰੋਂ ਤੜੀ-ਤਮਾਣੀ ਚੁੱਕ ਕੇ ਉਹ ਅਮਰੀਕਾ ਜਾ ਪਹੁੰਚਿਆ। ਸੁਣਿਆ ਹੈ, ਉਹਨੇ ਕੁਛ ਹੋਰ ਲੋਕਾਂ ਨਾਲ ਮਿਲ ਕੇ ਹਾਲੀਵੁੱਡ ਵਿਚ ਫਿਲਮ ਕੰਪਨੀ ਬਣਾਈ ਹੋਈ ਹੈ ਅਤੇ ਨਿਰਮਾਤਾ ਜਾਂ ਸਹਿ-ਨਿਰਮਾਤਾ ਵਜੋਂ ਫਿਲਮਾਂ ਤੇ ਵੀਡੀਓ ਬਣਾਉਂਦਾ ਹੈ। ਲੱਖਣ ਤਾਂ ਇਹੋ ਲਗਦਾ ਹੈ ਕਿ ਇਹ ਸਭ ਕੁਛ ਸਾਡੀਆਂ ਬੀ ਤੇ ਸੀ ਦਰਜੇ ਦੀਆਂ ਫਿਲਮਾਂ ਵਾਂਗ ਸਾਧਾਰਨ ਪੱਧਰ ਦਾ ਹੀ ਹੁੰਦਾ ਹੋਵੇਗਾ ਕਿਉਂਕਿ ਉਹਦਾ ਕੰਮ ਅਜੇ ਤੱਕ ਤਾਂ ਕਿਸੇ ਚਰਚਾ ਵਿਚ ਆ ਨਹੀਂ ਸਕਿਆ। ਦਿਲਚਸਪ ਗੱਲ ਇਹ ਹੈ ਕਿ ਗਾਰਗੀ ਦੀ ਬੇਟੀ ਜੰਨਤ ਨੇ ਵੀ ਹਾਲੀਵੁੱਡ ਵਿਚ ਇਕ ਫਿਲਮ ਦਾ ਨਿਰਮਾਣ ਕੀਤਾ ਹੈ। ਜੀਨੀ ਦਾ ਤਾਂ ਕੋਈ ਥਹੁ-ਪਤਾ ਮਿਲਿਆ ਨਹੀਂ।
ਗਾਰਗੀ ਲਈ ਹਾਲਾਤ ਹੀ ਅਜਿਹੇ ਬਣ ਗਏ ਕਿ ਆਖਰ ਦਿੱਲੀ ਵਾਲਾ ਉਹ ਕੁਆਰਟਰ ਛੱਡਣਾ ਪੈ ਗਿਆ, ਜੋ ਉਹਦੇ ਲਈ ਜਿਉਂਦਾ-ਜਾਗਦਾ ਸਾਥੀ ਸੀ, ਉਹਦੀਆਂ ਲਿਖਤਾਂ ਵਿਚ ਅਕਸਰ ਹੀ ਪਾਤਰ ਬਣ ਕੇ ਆਇਆ ਸੀ, ਜਿਥੇ ਪੰਜਾਬੀ ਤੋਂ ਇਲਾਵਾ ਅਨੇਕ ਪ੍ਰਸਿੱਧ ਦੇਸੀ-ਪਰਦੇਸੀ ਸਾਹਿਤਕ-ਸਭਿਆਚਾਰਕ ਹਸਤੀਆਂ ਦੇ ਚਰਨ ਪਏ ਸਨ, ਜਿਥੇ ਅਣਗਿਣਤ ਸਾਹਿਤਕ ਮਹਿਫਲਾਂ ਸਜੀਆਂ ਸਨ ਤੇ ਅਨੇਕ ਨਾਟਕਾਂ ਦੀਆਂ ਰੀਹਰਸਲਾਂ ਹੋਈਆਂ ਸਨ ਅਤੇ ਜਿਸ ਦਾ ਜ਼ਿਕਰ ਗਾਰਗੀ ਦੀਆਂ ਲਿਖਤਾਂ ਤੇ ਗੱਲਾਂ ਵਿਚ ਇਉਂ ਹੁੰਦਾ ਸੀ ਜਿਵੇਂ ਦਿੱਲੀ ਵਿਚ ਸਿਰਫ ਦੋ ਇਮਾਰਤਾਂ ਹੀ ਮਹੱਤਵਪੂਰਨ ਹੋਣ, ਇਕ ਰਾਸ਼ਟਰਪਤੀ ਭਵਨ ਤੇ ਦੂਜਾ ਉਹਦਾ ਕੁਆਰਟਰ!
ਅਸਲ ਵਿਚ ਇਹ ਕੁਆਰਟਰ ਗਾਰਗੀ ਨੇ ਖਰੀਦਿਆ ਤਾਂ ਹੈ ਨਹੀਂ ਸੀ, ਬੱਸ ਇਸ ਉਤੇ ਏਨੇਂ ਚਿਰ ਤੋਂ ਉਹਦਾ ਰਿਹਾਇਸ਼ੀ ਕਬਜ਼ਾ ਸੀ ਕਿ ਮੁੱਦਤਾਂ ਤੋਂ ਉਹ ਕਿਰਾਇਆ ਦੇਣਾ ਵੀ ਵਾਜਬ ਨਹੀਂ ਸੀ ਸਮਝਦਾ। ਇਹ ਕਨਾਟ ਪਲੇਸ ਦੇ ਕਸਤੂਰਬਾ ਗਾਂਧੀ ਮਾਰਗ ਉਤੇ ਬਿੱਘਿਆਂ ਵਿਚ ਬਣੀਆਂ ਹੋਈਆਂ ਕੋਠੀਆਂ ਵਿਚੋਂ ਇਕ ਦੇ ਲੰਮੇ-ਚੌੜੇ ਪਿਛਲੇ ਵਿਹੜੇ ਦੇ ਪਿਛਵਾੜੇ ਨੌਕਰਾਂ ਲਈ ਬਣਾਇਆ ਗਿਆ ਰਸੋਈ, ਗੁਸਲਖਾਨੇ, ਕੰਮ-ਚਲਾਊ ਬਰਾਂਡੇ ਤੇ ਛੋਟੇ ਜਿਹੇ ਵਿਹੜੇ ਨਾਲ ਇਕ ਕਮਰਾ ਸੀ। ਚਾਰ-ਦੀਵਾਰੀ ਨੇ ਇਹਨੂੰ ਕੋਠੀ ਤੋਂ ਸੁਤੰਤਰ ਬਣਾਇਆ ਹੋਇਆ ਸੀ। ਕਿਸੇ ਜ਼ਮਾਨੇ ਵਿਚ ਇਹਨੂੰ ਕੋਠੀ ਨਾਲ ਜੋੜਨ ਵਾਲਾ ਜੋ ਬੂਹਾ ਹੁੰਦਾ ਹੋਵੇਗਾ, ਉਹ, ਜ਼ਾਹਿਰ ਹੈ, ਗਾਰਗੀ ਨੇ ਪਹਿਲਾਂ ਹੀ ਬੰਦ ਕਰ ਦਿੱਤਾ ਹੋਵੇਗਾ। æਇਹਦਾ ਬੂਹਾ ਪਿਛਲੇ ਪਾਸੇ ਛੋਟੀਆਂ ਛੋਟੀਆਂ ਦੁਕਾਨਾਂ, ਵਰਕਸ਼ਾਪਾਂ ਤੇ ਇਕ ਵੱਡੇ ਕੂੜੇਦਾਨ ਵੱਲ ਖੁਲ੍ਹਦਾ ਸੀ। ਗਾਰਗੀ ਨੇ ਉਸ ਉਤੇ ਸਭ ਬੂਹਿਆਂ ਨਾਲੋਂ ਵੱਖਰਾ, ਲੈਟਰ-ਬਾਕਸੀ ਲਾਲ ਰੰਗ ਕੀਤਾ ਹੋਇਆ ਸੀ। ਜਦੋਂ ਸ਼ਹਿਰੀ ਵਿਕਾਸ ਤੇ ਵਾਧੇ ਕਾਰਨ ਉਸ ਇਲਾਕੇ ਵਿਚ ਜ਼ਮੀਨ ਗਜ਼ ਤੇ ਫੇਰ ਫੁੱਟ ਦੀ ਥਾਂ ਇੰਚ ਦੇ ਲੱਖਾਂ ਦੇ ਭਾਅ ਹੋ ਗਈ ਅਤੇ ਕੋਠੀਆਂ ਢਾਹ ਕੇ ਵੀਹ-ਵੀਹ ਮੰਜ਼ਲੀਆਂ ਇਮਾਰਤਾਂ ਉਸਾਰੀਆਂ ਜਾਣ ਲੱਗੀਆਂ, ਗਾਰਗੀ ਵਾਲਾ ਕੁਆਰਟਰ ਰਾਹ ਦਾ ਰੋੜਾ ਬਣ ਗਿਆ। ਉਹਨੂੰ ਢਾਹਿਆਂ ਹੀ ਮਾਲਕ ਦੀ ਬਹੁਮੰਜ਼ਲੀ ਵਿਉਂਤ ਸੂਤ ਬੈਠਦੀ ਸੀ।
ਕੁਆਰਟਰ ਖਾਲੀ ਕਰਨ ਬਦਲੇ ਮੋਟੀ ਮਾਇਆ ਤੋਂ ਇਲਾਵਾ ਉਸਰਨ ਵਾਲੀ ਇਮਾਰਤ ਵਿਚ ਫਲੈਟ ਦੀ ਗਾਰਗੀ ਦੀ ਮੰਗ ਵਿਚੋਂ ਮਾਲਕ ਮਾਇਆ ਦੇਣੀ ਹੀ ਮੰਨਦਾ ਸੀ। ਸਾਲਾਂ ਦੇ ਲੰਮੇ ਰੇੜਕੇ ਮਗਰੋਂ ਮਾਲਕ ਨੇ ਜੁਗਤ ਚਲਾਈ ਅਤੇ ਆਪਣਾ ਇਕ ਆਦਮੀ ਗਾਹਕ ਬਣਾ ਕੇ ਭੇਜ ਦਿੱਤਾ। ਉਹ ਇਕ ਪਾਸੇ ਗਾਰਗੀ ਦੀ ਉਮਰ ਤੇ ਇਕੱਲ ਚਿਤਾਰਦਾ ਰਹਿੰਦਾ ਅਤੇ ਦੂਜੇ ਪਾਸੇ ਕੋਈ ਕਾਗ਼ਜ਼-ਪੱਤਰ, ਕੋਈ ਰਸੀਦ-ਪਰਚੀ ਨਾ ਹੋਣ ਦਾ ਉਹਦਾ ਕਮਜ਼ੋਰ ਕਾਨੂੰਨੀ ਪੱਖ ਦੁਹਰਾਉਂਦਾ ਰਹਿੰਦਾ। ਉਹ ਆਖਦਾ, “ਮਾਲਕ ਏਨੇਂ ਚਿਰ ਤੋਂ ਕਾਬੂ ਨਹੀਂ ਆਇਆ, ਅੱਗੇ ਨੂੰ ਵੀ ਨਹੀਂ ਆਉਣਾ। ਜਦੋਂ ਉਹਨੇ ਕੰਮ ਸ਼ੁਰੂ ਕਰਨਾ ਹੀ ਹੋਇਆ, ਪੈਸੇ ਦੇ ਜ਼ੋਰ ਚਾਰ ਬੰਦੇ ਭੇਜ ਕੇ ਜਾਂ ਕੋਈ ਹੋਰ ਢੰਗ-ਤਰੀਕਾ ਅਪਨਾ ਕੇ ਕੋਈ ਨਵੀਂ ਮੁਸੀਬਤ ਖੜ੍ਹੀ ਕਰੂ। ਬਜ਼ੁਰਗ ਹੋ, ਇਕੱਲੇ ਹੋ, ਕੀ ਪਤਾ ਕਿਹੜੇ ਵੇਲੇ ਕੀ ਲੋੜ ਪੈ ਜਾਵੇ, ਕੀ ਸੰਕਟ ਬਣ ਜਾਵੇ! ਇਨ੍ਹਾਂ ਝੰਜਟਾਂ ਨਾਲ ਨਿਬੜਨਾ ਕਿਤਾਬਾਂ ਲਿਖਣ ਜਿੰਨਾ ਸੌਖਾ ਨਹੀਂ। ਕਾਗਜ਼ ਨਾ ਪੱਤਰ, ਕਿਸੇ ਹੋਰ ਨੇ ਤਾਂ ਕੌਡੀਆਂ ਦੇ ਭਾਅ ਵੀ ਨਹੀਂ ਲੈਣਾ। ਝਗੜੇ ਵਾਲੇ ਮਕਾਨ ਖਰੀਦਣੇ-ਵੇਚਣੇ ਮੇਰਾ ਤਾਂ ਧੰਦਾ ਹੈ। ਕੋਈ ਕਾਗਜ਼-ਪੱਤਰ ਮੰਗੇ-ਲਏ ਤੋਂ ਬਿਨਾਂ ਮੂੰਹ-ਮੰਗੀ ਮਾਇਆ ਦੇ ਰਿਹਾ ਹਾਂ। ਲਉ ਤੇ ਪਾਰ ਬੋਲੋ। ਮਾਲਕ ਨਾਲ ਸੌਦੇਬਾਜ਼ੀ ਵਿਚ ਮੈਂ ਕਿੰਨੇ ਖਟਦਾ ਜਾਂ ਗੁਆਉਂਦਾ ਹਾਂ, ਇਹ ਮੇਰਾ ਨਸੀਬ!”
ਸਾਰੀ ਹਾਲਤ ਘੋਖਦਿਆਂ-ਪਰਖਦਿਆਂ ਗਾਹਕ ਦੀ ਗੱਲ ਗਾਰਗੀ ਨੂੰ ਜਚ ਗਈ। ਕੁਛ ਸਿਆਣੇ ਦੋਸਤਾਂ ਨੇ ਜਚਾ ਦਿੱਤੀ। ਆਖਰ ਸਾਡੇ ਪਿੰਡਾਂ ਦਾ ਮਹਾਜਨ-ਪੁੱਤ ਸੀ। ਉਹ ਦਸਦਾ ਸੀ ਕਿ ਮਾਂ ਨੇ ਚਾਰਾਂ ਪੁੱਤਾਂ ਨੂੰ ਡੇਰੇ ਵਾਲੇ ਸਾਧ ਆਤਮਾ ਨੰਦ ਸਾਹਮਣੇ ਖੜ੍ਹੇ ਕਰ ਕੇ ਪੁੱਛਿਆ ਸੀ, “ਮਹਾਰਾਜ, ਇਨ੍ਹਾਂ ਵਿਚੋਂ ਕਿਸ ਦੇ ਢਿੱਡ ਵਿਚ ਅੱਖਰ ਪੈਣਗੇ?” ਜਟਾਧਾਰੀ ਸਾਧ ਨੇ ਚਾਰਾਂ ਮੁੰਡਿਆਂ ਨੂੰ ਘੋਖਿਆ ਤੇ ਗਾਰਗੀ ਵੱਲ ਉਂਗਲ ਕਰ ਦਿੱਤੀ। ਉਹ ਲਿਖਦਾ ਹੈ, “ਜੇ ਸਾਧ ਦੀ ਉਂਗਲ ਕਿਸੇ ਦੂਜੇ ਉਤੇ ਟਿਕ ਜਾਂਦੀ ਤਾਂ ਬਲਵੰਤ ਗਾਰਗੀ ਹੁਣ ਲਾਲਾ ਬਲਵੰਤ ਰਾਏ ਐਂਡ ਸਨਜ਼ ਬਣ ਕੇ ਬਠਿੰਡੇ ਦੀ ਸੱਟਾ ਮੰਡੀ ਵਿਚ ਬੈਠਾ ਹੁੰਦਾ।” ਇਕ ਵਾਰ ਮੇਰੇ ਨਾਲ ਗੱਲਾਂ ਕਰਦਿਆਂ ਭਾਪਾ ਜੀ ਨੇ ਕਿਹਾ ਸੀ, “ਰਚਨਾ ਛਪਣ ਮਗਰੋਂ ਤਾਂ ਕਈ ਲੇਖਕ ਇੱਛਾ ਜਾਂ ਜਤਨ ਕਰਦੇ ਹਨ ਕਿ ਕੁਛ ਮਿਲ ਜਾਵੇ, ਪਰ ਬਲਵੰਤ ਇਕੋ ਪੰਜਾਬੀ ਲੇਖਕ ਹੈ ਜੋ ਰਚਨਾ ਕਰਨ ਤੋਂ ਪਹਿਲਾਂ ਜਾਣਦਾ ਹੁੰਦਾ ਹੈ ਕਿ ਉਹਨੂੰ ਕਿਥੇ ਛਪਵਾਉਣਾ ਹੈ ਤੇ ਉਥੋਂ ਕਿੰਨੇ ਪੈਸੇ ਲੈਣੇ ਹਨ ਤੇ ਕਿਵੇਂ ਲੈਣੇ ਹਨ!” ਗਾਹਕ ਦੀ ਗੱਲ ਸੁਣ-ਸਮਝ ਕੇ ਗਾਰਗੀ ਦੇ ਅੰਦਰਲਾ ਸਾਡੇ ਬਠਿੰਡੇ ਵਾਲਾ ‘ਲਾਲਾ ਬਲਵੰਤ ਰਾਏ’ ਜਾਗਿਆ ਤੇ ਮੋਟੀ ਮਾਇਆ ਬੋਝੇ ਪਾ ਕੇ ਉਹ ਉਥੋਂ ਤੁਰਦਾ ਬਣਿਆ।
ਕੁਛ ਚਿਰ ਕਿਰਾਏ ਦੀ ਕੋਠੀ ਲਈ, ਪਰ ਕਿਥੇ ਦਿੱਲੀ ਦੇ ਦਿਲ ਕਨਾਟ ਪਲੇਸ ਵਿਚ ਮੁਫ਼ਤ ਦੀ ਬਾਦਸ਼ਾਹੀ ਤੇ ਕਿਥੇ ਦੁਰੇਡੇ ਗਰੇਟਰ ਕੈਲਾਸ਼ ਵਿਚ ਹਰ ਮਹੀਨੇ ਨੋਟ ਗਿਣ ਕੇ ਦੇਣੇ! ਉਹ ਮਹਿਸੂਸ ਕਰਦਾ, ਜਿਵੇਂ ਉਹਨੂੰ ਉਹਦੀ ਆਪਣੀ ਜਨਮਜਾਤ ਮਿੱਟੀ ਵਿਚੋਂ ਪੁੱਟ ਕੇ ਓਪਰੀ ਧਰਤੀ ਵਿਚ ਗੱਡ ਦਿੱਤਾ ਗਿਆ ਹੋਵੇ ਜੋ ਉਹਦੀਆਂ ਜੜਾਂ ਨੂੰ ਰਾਸ ਨਾ ਆ ਰਹੀ ਹੋਵੇ, ਅਪਨਾ ਨਾ ਰਹੀ ਹੋਵੇ। ਆਦਿ-ਜੁਗਾਦੀ ਸੇਵਾਦਾਰ ਕਿਸ਼ੋਰੀ ਲਾਲ ਨੂੰ ਗੱਫਾ ਦੇ ਕੇ ਖੁਸ਼ ਖੁਸ਼ ਵਿਦਾ ਕੀਤਾ ਤੇ ਆਪ ਬੇਟੇ ਮੰਨੂ ਕੋਲ ਮੁੰਬਈ ਜਾਣ ਦੀ ਥਾਂ ਭਤੀਜੇ ਕੋਲ ਚੰਡੀਗੜ੍ਹ ਡੇਰੇ ਲਾ ਲਏ। ਮੇਰਾ ਲੱਖਣ ਹੈ ਕਿ ਇਹਦਾ ਇਕੋ-ਇਕ ਕਾਰਨ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿਚ ਟਿਕਾਣਾ ਲੱਭਣਾ ਸੀ ਤੇ ਆਖਰ ਅਜਿਹਾ ਟਿਕਾਣਾ ਮਿਲ ਹੀ ਗਿਆ। ਪੰਜਾਬੀ ਯੂਨੀਵਰਸਿਟੀ ਨੇ ਉਹਨੂੰ ਪ੍ਰੋਫੈਸਰ ਆਫ ਐਮੀਨੈਂਸ ਲਾ ਕੇ ਮੋਟੀ ਤਨਖਾਹ ਵੀ ਬੰਨ੍ਹ ਦਿੱਤੀ ਤੇ ਨਿਵਾਸ ਦੀਆਂ ਕੁੰਜੀਆਂ ਵੀ ਸੌਂਪ ਦਿੱਤੀਆਂ। ਇਹ ਮਿਆਦ ਮੁੱਕਣ ਮਗਰੋਂ ਹੀ ਉਹ ਮੰਨੂ ਕੋਲ ਮੁੰਬਈ ਪਹੁੰਚਿਆ।
ਉਮਰ ਦੀ ਪੌਣੀ ਸਦੀ ਭੋਗ ਚੁੱਕਣ ਤੱਕ ਤੰਦਰੁਸਤ ਤੇ ਫੁਰਤੀਲਾ ਰਿਹਾ ਗਾਰਗੀ ਆਖਰ ਢਲਣ ਲੱਗ ਪਿਆ ਤੇ ਢਲਿਆ ਵੀ ਕੁਛ ਵਧੇਰੇ ਹੀ ਤੇਜ਼ੀ ਨਾਲ। ਉਹਦਾ ਭੁੱਲਣ-ਰੋਗ ਵਧਣ ਲੱਗਿਆ ਤੇ ਸਕੇ-ਸਨੇਹੀਆਂ ਨੂੰ ਪਛਾਣਨ ਵਿਚ ਉਹਨੂੰ ਮੁਸ਼ਕਿਲ ਹੋਣ ਲੱਗੀ। ਉਹਦੇ ਮੁੰਬਈ ਪੁੱਜਣ ਤੋਂ ਛੇਤੀ ਹੀ ਮਗਰੋਂ ਭਾਪਾ ਪ੍ਰੀਤਮ ਸਿੰਘ ਤੇ ਗੁਲਜ਼ਾਰ ਸਿੰਘ ਸੰਧੂ ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ ਤਿੰਨ-ਸਾਲਾ ਫੈਲੋਸ਼ਿਪ ਭੇਟ ਕਰਨ ਗਏ। ਉਥੋਂ ਇਨ੍ਹਾਂ ਨੇ ਗੁਲਜ਼ਾਰ, ਸੁਖਬੀਰ, ਬੂਟਾ ਸਿੰਘ ਸ਼ਾਦ ਤੇ ਅਮਰੀਕ ਗਿੱਲ ਨੂੰ ਨਾਲ ਲੈ ਲਿਆ। ਗਾਰਗੀ ਬਿਖਰੀ ਹੋਈ ਸੁਰਤ ਨੂੰ ਕੁਛ ਕੁਛ ਇਕਾਗਰ ਕਰਨ ਵਿਚ ਸਫਲ ਹੋਇਆ ਤੇ ਇਨ੍ਹਾਂ ਸਭਨਾਂ ਨੂੰ ਪਛਾਣ ਕੇ ਜਜ਼ਬਾਤੀ ਹੋ ਗਿਆ। ਉਹਨੇ ਧੰਨਵਾਦੀ ਬੋਲ ਬੋਲਣ ਦਾ ਜਤਨ ਕੀਤਾ ਤੇ ਉਹ ਬੋਲਿਆ ਵੀ, ਜੋ ਕਾਫੀ ਹੱਦ ਤੱਕ ਸਭ ਦੇ ਸਮਝ ਵੀ ਆ ਗਏ।
ਦਸਦੇ ਹਨ ਕਿ ਉਹਦੀ ਇਸ ਅਵਸਥਾ ਦੇ ਦੋ ਸਾਲਾਂ ਵਿਚ ਮੰਨੂ ਨੇ, ਪਰਵਰਿਸ਼ ਉਤੇ ਅਮਰੀਕੀ ਪ੍ਰਭਾਵ ਦੇ ਬਾਵਜੂਦ, ਦਿਨ-ਰਾਤ ਇਕ ਕਰ ਕੇ ਉਹਦੀ ਜੋ ਸਾਂਭ-ਸੰਭਾਲ ਕੀਤੀ, ਉਹ ਯਕੀਨਨ ਪ੍ਰਸੰæਸਾਯੋਗ ਸੀ। ਜਦੋਂ ਹਾਲਤ ਬਹੁਤੀ ਹੀ ਵਿਗੜ ਗਈ, ਉਹਨੇ ਡਾਕਟਰਾਂ ਤੋਂ ਪਿਤਾ ਨੂੰ ਜੀਵਨ-ਸਹਾਇਕ ਮਸ਼ੀਨੀ ਪ੍ਰਬੰਧ ਨਾਲ ਜੋੜਨ ਦੀ ਸਲਾਹ ਲਈ, ਪਰ ਉਨ੍ਹਾਂ ਦੀ ਰਾਇ ਸੀ ਕਿ ਉਮਰ ਨਾਲ ਸਰੀਰ ਜਿਸ ਅਵਸਥਾ ਨੂੰ ਪੁੱਜ ਚੁੱਕਿਆ ਹੈ, ਮਸ਼ੀਨਾਂ ਦਾ ਕਸ਼ਟਦਾਇਕ ਸਹਾਰਾ ਵੀ ਬੇਅਰਥ ਜੀਵਨ ਨੂੰ ਕੁਛ ਦਿਨ ਵਧਾ ਦੇਣ ਤੋਂ ਵੱਧ ਕੁਛ ਨਹੀਂ ਕਰ ਸਕੇਗਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਹਸਪਤਾਲ ਦੇ ਓਪਰੇ ਮਾਹੌਲ ਦੀ ਥਾਂ ਘਰ ਦੇ ਸ਼ਾਂਤ ਮਾਹੌਲ ਵਿਚ ਸੇਵਾ ਕਰ ਕੇ ਇਨ੍ਹਾਂ ਨੂੰ ਚੈਨ ਨਾਲ ਸੁਆਸ ਪੂਰੇ ਕਰਨ ਦਿੱਤੇ ਜਾਣ। ਇਕ ਮਹੀਨਾ ਇਸ ਅਵਸਥਾ ਵਿਚ ਪਿਆ ਰਹਿ ਕੇ 87 ਸਾਲ ਦੀ ਉਮਰ ਭੋਗਣ ਪਿਛੋਂ ਉਹ ਮੰਨੂ ਦੇ ਹੱਥਾਂ ਵਿਚ ਪੂਰਾ ਹੋ ਗਿਆ।
ਉਹਦੀ ਇੱਛਾ ਸੀ ਕਿ ਸਸਕਾਰ ਉਹਦੀ ਕਰਮਭੂਮੀ ਤੇ ਕਲਮਭੂਮੀ ਦਿੱਲੀ ਵਿਚ ਹੋਵੇ ਅਤੇ ਫੁੱਲ ਬਠਿੰਡੇ ਵਾਲੀ ਨਹਿਰ ਵਿਚ ਪਾਏ ਜਾਣ। ਉਹਦੇ ਪ੍ਰਸਿੱਧ ਸ਼ਾਗਿਰਦ ਅਨੂਪਮ ਖੇਰ ਤੇ ਅਮਰੀਕ ਗਿੱਲ ਅਰਥੀ ਸਿੱਧੀ ਦਿੱਲੀ ਦੇ ਲੋਧੀ ਰੋਡ ਵਾਲੇ ਸ਼ਮਸ਼ਾਨਘਾਟ ਵਿਚ ਲੈ ਆਏ। ਮਗਰੋਂ ਪਿਤਾ ਦੇ ਅੰਤ ਦੀ ਖਬਰ ਸੁਣ ਕੇ ਆਈ ਜੰਨਤ ਅਤੇ ਮੰਨੂ ਬਠਿੰਡੇ ਦੇ ਮੁਹਤਬਰ ਬੰਦਿਆਂ ਦੀ ਹਾਜ਼ਰੀ ਵਿਚ ਉਹਦੀ ਇੱਛਾ ਅਨੁਸਾਰ ਫੁੱਲ ਉਸ ਨਹਿਰ ਵਿਚ ਤਾਰ ਆਏ ਜਿਸ ਦੇ ਕਿਨਾਰੇ ਦੇ ਪਿੰਡ ਸ਼ਹਿਣਾ ਵਿਚ ਉਹ ਜਨਮਿਆ ਸੀ ਤੇ ਕਿਨਾਰੇ ਦੇ ਸ਼ਹਿਰ ਬਠਿੰਡਾ ਵਿਚ ਉਹਦੀ ਚੜ੍ਹਦੀ ਉਮਰ ਲੰਘੀ ਸੀ।
ਛੋਟੇ-ਮੋਟੇ ਦਿਖਾਵਿਆਂ ਤੇ ਸਵੈ-ਪੇਸ਼ਕਾਰੀ ਦੇ ਜਤਨਾਂ ਦੇ ਬਾਵਜੂਦ ਉਹ ਪੁਰਖਲੂਸ ਤੇ ਨਿੱਘਾ ਮਨੁੱਖ ਸੀ। ਬੋਲੀ ਦਾ ਉਸਤਾਦ ਤੇ ਕਲਮ ਦਾ ਧਨੀ। ਇਸੇ ਕਰਕੇ ਅਜਿਹੇ ਛੋਟੇ ਦਿਖਾਵੇ ਤੇ ਜਤਨ ਉਹਦੀ ਵੱਡੀ ਸਾਹਿਤਕ-ਸਭਿਆਚਾਰਕ ਪ੍ਰਤਿਭਾ ਤੇ ਦੇਣ ਸਾਹਮਣੇ ਤੁੱਛ ਬਣ ਕੇ ਰਹਿ ਜਾਂਦੇ ਹਨ। ਜਾਣ ਵਾਲਾ ਕੋਈ ਲੇਖਕ ਸਾਹਿਤ-ਸਭਿਆਚਾਰ ਦੇ ਇਤਿਹਾਸ ਦੀ ਪੁਸਤਕ ਵਿਚ ਬਿੰਦੀ ਹੁੰਦਾ ਹੈ, ਕੋਈ ਕੌਮਾ, ਕੋਈ ਵਾਕ ਹੁੰਦਾ ਹੈ, ਕੋਈ ਪੈਰਾ, ਪਰ ਗਾਰਗੀ ਉਨ੍ਹਾਂ ਵਿਰਲੇ-ਟਾਂਵਿਆਂ ਵਿਚੋਂ ਸੀ ਜੋ ਪੂਰਾ ਕਾਂਡ ਰਚ ਕੇ ਜਾਂਦੇ ਹਨ। ਉਸ ਦਾ ਇਹ ਕਾਂਡ 22 ਅਪਰੈਲ 2003 ਨੂੰ ਪੂਰਨ ਵਿਸਰਾਮ-ਚਿੰਨ੍ਹ ਲੱਗਣ ਨਾਲ ਸੰਪੂਰਨ ਹੋ ਗਿਆ!
ਗਾਰਗੀ ਦੇ ਰਚਨਾਤਮਕ ਜੀਵਨ ਦੇ ਦਿੱਲੀ ਵਾਲੇ ਅਸਲ ਟਿਕਾਣੇ ਦਾ ਤਾਂ ਖੁਰਾਖੋਜ ਹੀ ਮਿਟ ਗਿਆ ਤੇ ਮੁੰਬਈ ਦਾ ਨਿਵਾਸ ਐਵੇਂ ਜੋਗੀ ਵਾਲਾ ਗੈਰਜਜ਼ਬਾਤੀ ਫੇਰਾ ਸੀ। ਹਾਂ, ਸ਼ਹਿਣੇ ਦਾ ਉਹ ਨਹਿਰੀ ਨਿਵਾਸ, ਜਿਸ ਵਿਚ ਉਹਦਾ ਜਨਮ ਹੋਇਆ ਸੀ, ਅਜੇ ਵੀ ਖੜ੍ਹਾ ਹੈ, ਭਾਵੇਂ ਕਿ ਸੜਕਾਂ ਤੇ ਆਵਾਜਾਈ ਦੇ ਸਾਧਨਾਂ ਕਾਰਨ ਹੁਣ ਬੇਲੋੜੀਆਂ ਹੋ ਗਈਆਂ ਤੇ ਅਣਵਰਤੀਆਂ ਪਈਆਂ ਪੰਜਾਬ ਦੀਆਂ ਹੋਰ ਸਭ ਨਹਿਰੀ ਇਮਾਰਤਾਂ ਵਾਂਗ ਇਹਦੀ ਹਾਲਤ ਵੀ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ। ਪਿੰਡ ਦੀ ‘ਬਲਵੰਤ ਗਾਰਗੀ ਯਾਦਗਾਰੀ ਕਮੇਟੀ’ ਨੇ ਪੰਜਾਬ ਸਰਕਾਰ ਤੋਂ ਵਾਰ ਵਾਰ ਮੰਗ ਕੀਤੀ ਹੈ ਕਿ ਜੇ ਉਹਨੇ ਆਪ ਕੁਛ ਨਹੀਂ ਕਰਨਾ, ਇਹਨੂੰ ਕਮੇਟੀ ਦੇ ਹਵਾਲੇ ਕਰ ਦੇਵੇ। ਪਰ ਕੋਈ ਸਿੱਟਾ ਨਹੀਂ ਨਿਕਲਿਆ। ਡਰ ਹੈ, ਕਿਤੇ ਪਹੁੰਚ ਵਾਲਿਆਂ ਨੂੰ ਵਿਕ ਰਹੀਆਂ ਹੋਰ ਨਹਿਰੀ ਇਮਾਰਤਾਂ ਵਾਂਗ ਇਹਦਾ ਵੀ ਕਿਸੇ ਦਿਨ ਇਹੋ ਹਸ਼ਰ ਨਾ ਹੋਵੇ! ਸਰਕਾਰ ਨੂੰ ਚਾਹੀਦਾ ਹੈ, ਇਹ ਸਿਰਫ ਨਹਿਰੀ ਨਿਵਾਸ ਹੀ ਕਮੇਟੀ ਦੇ ਹਵਾਲੇ ਨਾ ਕਰੇ, ਸਗੋਂ ਬਠਿੰਡੇ ਵਿਚ ਵੀ ਕਿਸੇ ਢੁੱਕਵੀਂ ਥਾਂ ਉਹਦੀ ਅਜਿਹੀ ਯਾਦਗਾਰ ਕਾਇਮ ਕਰੇ ਜੋ ਸਾਹਿਤਕ-ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣ ਸਕੇ।
(ਸਮਾਪਤ)

Be the first to comment

Leave a Reply

Your email address will not be published.