ਮਸਤੂਆਣਾ ਸਾਹਿਬ ਦੇ ਇਕੱਠ ਵਿਚ ਵਿਚਾਰਾਂ ਦੀ ਮੂਸਲਾਧਾਰ ਬਾਰਸ਼

ਇਕ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਚੱਲ ਰਿਹਾ ਹੈ, ਦੂਜੇ ਪਾਸੇ ਇਸ ਸੰਘਰਸ਼ ਨੂੰ ਪੰਜਾਬ ਦੀ ਵੱਖਰੀ ਹਸਤੀ ਲਈ ਲੜੀ ਜਾ ਰਹੀ ਲੜਾਈ ਨਾਲ ਜੋੜਨ ਲਈ ਜ਼ੋਰ-ਅਜ਼ਮਾਈ ਚੱਲ ਰਹੀ ਹੈ। ਇਸ ਬਾਰੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੀਆਂ ਕਈ ਟਿੱਪਣੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚੋਂ ਕੁਝ ਅਸੀਂ ਪਾਠਕਾਂ ਨਾਲ ਵੀ ਸਾਂਝੀਆਂ ਕੀਤੀਆਂ ਹਨ।

ਹੁਣ ਉਨ੍ਹਾਂ ਮਸਤੂਆਣਾ ਸਾਹਿਬ ਰੈਲੀ ਬਾਰੇ ਟਿੱਪਣੀ ਕੀਤੀ ਹੈ। ਅਸਲ ਵਿਚ ਪੰਜਾਬ ਜਾਂ ਸਿੱਖਾਂ ਦੀ ਵੱਖਰੀ ਹਸਤੀ ਬਾਰੇ ਟਿੱਪਣੀ ਕਰਦਿਆਂ ਉਹ ਇੰਨੇ ਜਜ਼ਬਾਤੀ ਹੋ ਜਾਂਦੇ ਹਨ ਕਿ ਆਪਣੀ ਸੁਘੜ ਪੱਤਰਕਾਰੀ ਦਾ ਲੜ ਵੀ ਉਨ੍ਹਾਂ ਤੋਂ ਛੁੱਟ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਇਕ ਹੋਰ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਡਾ. ਸਾਧੂ ਸਿੰਘ ਦੀਆਂ ਟਿੱਪਣੀਆਂ ਵੀ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ, ਜਿਸ ਵਿਚ ਉਹ ਕਿਸਾਨ ਅੰਦੋਲਨ ਨੂੰ ਸਿਰਫ ਕਿਸਾਨ ਅੰਦੋਲਨ ਤੱਕ ਸੀਮਤ ਰੱਖਣ ਦੀ ਤਾਕੀਦ ਕਰਦੇ ਵੱਖਰੀ ਹਸਤੀ ਦੀ ਗੱਲ ਕਰਨ ਵਾਲਿਆਂ ਲਈ ਕੁਝ ਸਵਾਲ ਵੀ ਛੱਡੇ ਹਨ। -ਸੰਪਾਦਕ

ਕਰਮਜੀਤ ਸਿੰਘ
ਫੋਨ: +91-99150-9106

ਮਸਤੂਆਣਾ ਸਾਹਿਬ ਦੀ ਰੈਲੀ ਨੂੰ ਵੀ ਅਖਬਾਰਾਂ ਨੇ ਮਿੱਥ ਕੇ ਨਜ਼ਰਅੰਦਾਜ਼ ਕੀਤਾ ਹੈ ਅਤੇ ਜਿਨ੍ਹਾਂ ਨੇ ਉਸ ਰੈਲੀ ਬਾਰੇ ਕੁਝ ਲਿਖਿਆ ਵੀ ਹੈ ਉਨ੍ਹਾਂ ਵਿਚ ‘ਉਹ ਗੱਲ’ ਸ਼ਾਮਲ ਨਹੀਂ ਜੋ ਸੁੱਚੇ ਇਤਿਹਾਸ ਦਾ ਪੰਨਾ ਬਣਦੀ ਹੈ। ਖਾਸਮ-ਖਾਸ ਗੱਲਾਂ ਵਿਚੋਂ ਲਿਖਣ ਤੇ ਸੋਚਣ ਵਾਲੀ ਗੱਲ ਇਹ ਸੀ ਕਿ ਉਸ ਇਕੱਠ ਵਿਚ ਵਿਚਾਰਾਂ ਦੀ ਬਾਰਿਸ਼ ਹੋ ਰਹੀ ਸੀ ਜਾਂ ਇਉਂ ਕਹਿ ਲਓ ਵਿਚਾਰਾਂ ਦੇ ਤੀਰ ਸਿੱਧੇ ਨਿਸ਼ਾਨੇ ਉੱਤੇ ਲੱਗ ਰਹੇ ਸਨ।
ਭਾਵੁਕਤਾ ਦੇ ਸੰਸਾਰ ਨੂੰ ਵਿਚਾਰਾਂ ਦੀ ਪੁੱਠ ਨਾਲ ਸਜਾਇਆ ਅਤੇ ਸ਼ਿੰਗਾਰਿਆ ਗਿਆ ਸੀ। ਮਹਿਰਾਜ ਦੀ ਰੈਲੀ ਅਤੇ ਮਸਤੂਆਣਾ ਸਾਹਿਬ ਦੀ ਰੈਲੀ ਵਿਚ ਬੁਨਿਆਦੀ ਫਰਕ ਇਹ ਸੀ ਕਿ ਜਿੱਥੇ ਮਹਿਰਾਜ ਦੀ ਇਕੱਤਰਤਾ ਨੇ ਕਿਸਾਨ ਮੋਰਚੇ ਨਾਲ ਜੁੜੇ ਹਰ ਹਮਾਇਤੀ ਤੇ ਵਿਰੋਧੀ ਨੂੰ ਇਹ ਯਾਦ ਕਰਾਇਆ ਕਿ ‘ਅਸੀਂ ਅਜੇ ਜਿਊਂਦੇ ਹਾਂ’, ਉੱਥੇ ਮਸਤੂਆਣਾ ਸਾਹਿਬ ਦੀ ਰੈਲੀ ਇਹ ਐਲਾਨ ਕਰ ਰਹੀ ਸੀ ਕਿ ‘ਅਸੀਂ ਜਾਗਦੇ ਵੀ ਹਾਂ’।
ਭਲਾ ਉਹ ਲੁਕੀ ਅਤੇ ਅਸਲ ਗੱਲ ਕਿਹੜੀ ਸੀ ਜੋ ਇਸ ਰੈਲੀ ਬਾਰੇ ਬੜੇ ਮਾਣ ਨਾਲ ਕਹੀ ਜਾ ਸਕਦੀ ਹੈ ਅਤੇ ਜਿਹੜੀ ਬੁਝਾਰਤ ਨੂੰ ਬਹੁਤੇ ਅਕਲਾਂ ਵਾਲੇ ਵੀ ਨਹੀਂ ਬੁੱਝ ਸਕੇ? ਉਹ ਇਹ ਸੀ ਕਿ ਸੰਤ ਅਤਰ ਸਿੰਘ ਜੀ ਦੀਆਂ ਯਾਦਾਂ ਨਾਲ ਜੁੜੀ ਇਸ ਸਰਜ਼ਮੀਨ ‘ਤੇ ‘ਸੁਣਾਉਣ ਵਾਲੇ’ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਬੈਠੇ ‘ਸੁਣਨ ਵਾਲਿਆਂ’ ਵਿਚ ਕੋਈ ਫਰਕ ਨਹੀਂ ਸੀ ਰਹਿ ਗਿਆ। ਤੁਸੀਂ ਇਹ ਐਲਾਨ ਕਰ ਸਕਦੇ ਹੋ ਕਿ ਸੱਚੀਮੁੱਚੀ ਹੀ ਉਸ ਰੈਲੀ ਵਿਚ ਸੰਗਤਾਂ ਦੇ ਮਨਾਂ ਅੰਦਰ ਵਿਦਵਤਾ ਦੀ ਨਦੀ ਵਗ ਰਹੀ ਸੀ- ਅਜਿਹੀ ਨਦੀ ਜੋ ਕਦੇ ਸ਼ਾਂਤ ਸੀ, ਕਦੇ ਤੇਜ਼ ਸੀ, ਕਦੇ ਅਸਮਾਨ ਵਾਂਗ ਵਿਸ਼ਾਲ ਸੀ ਅਤੇ ਕਦੇ ਬਹੁਤ ਹੀ ਡੂੰਘੀ। ਜੇ ਸੰਗਤ ਸ਼ਬਦ ਦੇ ਡੂੰਘੇ ਅਤੇ ਇਤਿਹਾਸਕ ਅਰਥਾਂ ਨੂੰ ਸਮਝਣਾ ਹੋਵੇ ਤਾਂ ਮਸਤੂਆਣਾ ਸਾਹਿਬ ਰੈਲੀ ਵਿਚ ਸ਼ਾਮਲ ਲੋਕ ਅਸਲ ਵਿਚ ਸੰਗਤ ਦਾ ਰੁਤਬਾ ਅਖਤਿਆਰ ਕਰ ਗਏ ਸਨ।
ਮਹਿਰਾਜ ਦੀ ਰੈਲੀ ਵਿਚ ਵੀ ਇਕੱਠ ‘ਢੋਇਆ’ ਹੋਇਆ ਨਹੀਂ ਸੀ ਅਤੇ ਇਸ ਰੈਲੀ ਵਿਚ ਵੀ ਆਪ ਮੁਹਾਰੇ ਹੀ ਲੋਕ ਆਏ ਸਨ ਪਰ ਇਸ ਰੈਲੀ ਦੇ ਖਤਮ ਹੋਣ ਪਿੱਛੋਂ ‘ਜਾਣ ਵਾਲੇ ਲੋਕ’ ਆਪਣੇ ਨਾਲ ‘ਕੁਝ ਇਹੋ ਜਿਹਾ’ ਲੈ ਕੇ ਗਏ ਸਨ ਜੋ ਨੌਜਵਾਨਾਂ ਨੂੰ ਹਰ ਹਾਲਤ ਵਿਚ ਇਕ ਥਾਂ ਇਕੱਠੇ ਹੋਣ ਤੇ ਜਥੇਬੰਦ ਹੋਣ ਦੀ ਪ੍ਰੇਰਨਾ ਦੇ ਰਿਹਾ ਸੀ।
ਤਕਰੀਰ ਕਰਨ ਵਾਲੇ ਜਿਨ੍ਹਾਂ ਚਾਰ ਬੁਲਾਰਿਆਂ ਨੇ ਜਜ਼ਬਿਆਂ ਤੇ ਵਿਚਾਰਾਂ ਦਾ ਉੱਚੀ ਪੱਧਰ ਤੇ ਸੁਮੇਲ ਕੀਤਾ ਅਤੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ, ਉਨ੍ਹਾਂ ਵਿਚ ਅਜਮੇਰ ਸਿੰਘ, ਸੁਖਪ੍ਰੀਤ ਸਿੰਘ ਉਦੋਕੇ, ਨਰਾਇਣ ਸਿੰਘ ਚੌੜਾ ਅਤੇ ਬਲਜੀਤ ਸਿੰਘ ਖਾਲਸਾ ਸ਼ਾਮਲ ਸਨ। ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਸਾਬਕਾ ਪ੍ਰਧਾਨ ਕੰਨੂ ਪ੍ਰਿਆ ਦੀ ਤਕਰੀਰ ਦਾ ਅੰਦਾਜ਼, ਪੇਸ਼ਕਾਰੀ ਅਤੇ ਸੁਰ ਵਿਚ ਗੁਰਾਂ ਦੇ ਨਾਂ ‘ਤੇ ਵੱਸਦੇ ਪੰਜਾਬ ਦੀ ਰੂਹਾਨੀ ਖੁਸ਼ਬੋ ਸ਼ਾਮਲ ਨਹੀਂ ਸੀ, ਕਿਉਂਕਿ ਅਜੇ ਉਸ ਨੂੰ ਇਸ ਖੂਬਸੂਰਤ ਵਹਿਮ ਨੇ ਘੇਰਾ ਪਾ ਰੱਖਿਆ ਹੈ ਕਿ ਕੋਈ ਖੱਬੇ ਪੱਖੀ ਵਿਚਾਰਾਂ ਦਾ ਦਰਿਆ ਇੱਕ ਨਾ ਇੱਕ ਦਿਨ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਵਹਾ ਕੇ ਲਿਜਾ ਸਕਦਾ ਹੈ। ਫਿਰ ਵੀ ਮਾਝੇ ਦੀ ਇਹ ਦਾਨਿਸ਼ਵਰ ਮੁਟਿਆਰ ਵਿਚ ਆਪਣੀ ਗੱਲ ਕਹਿਣ, ਜਚਾਉਣ ਅਤੇ ਮਨਾਉਣ ਦਾ ਹੁਨਰ, ਇਮਾਨਦਾਰੀ ਤੇ ਸੰਜੀਦਗੀ ਦੇ ਸਾਰੇ ਤੱਤ ਸੱਜਰੀ ਸਵੇਰ ਵਾਂਗ ਜਗਦੇ ਮਘਦੇ ਹਨ ਪਰ ਉਸ ਨੂੰ ਇਹ ਨਹੀਂ ਪਤਾ ਕਿ ‘ਲਾਲ ਸਲਾਮ’ ਤੇ ‘ਵਾਹਿਗੁਰੂ ਜੀ ਕੀ ਫਤਿਹ’ ਵਿਚ ਜੁੱਗਾਂ ਜੁਗਾਂਤਰਾਂ ਦਾ ਫਰਕ ਹੈ।
ਲੇਕਿਨ ਫਿਰ ਵੀ ਉਸ ਦੇ ਇਨ੍ਹਾਂ ਲਫਜ਼ਾਂ ਵਿਚ ਕਿੰਨੀਆਂ ਧਿਰਾਂ ਨੂੰ ਚਿਤਾਵਨੀ ਸੀ ਕਿ ‘ਏਕਾ ਰੱਖਣ ਤੇ ਏਕਾ ਬਚਾਉਣ ਦੀ ਲੋੜ ਹੈ, ਇਸ ਲੜਾਈ ਵਿਚ ਬਹੁਤ ਲੋਕਾਂ ਦੀ ਉਮੀਦ ਹੈ ਅਤੇ ਅਸਾਂ ਇਸ ਉਮੀਦ ਨੂੰ ਪੂਰਾ ਕਰਨਾ ਹੈ’। ਇਕ ਹੋਰ ਗੱਲ ਨਾਲ ਉਹ ਤੁਹਾਨੂੰ ਆਪਣੇ ਦਿਲ ਵੱਲ ਖਿੱਚਦੀ ਹੈ, ਜਦੋਂ ਉਹ ਕਾਰਪੋਰੇਟ ਘਰਾਣਿਆਂ ਦੀ ਨੀਅਤ ਅਤੇ ਭਿਆਨਕ ਦੂਰਅੰਦੇਸ਼ ਨੀਤੀ ਨੂੰ ਇਨ੍ਹਾਂ ਲਫਜ਼ਾਂ ਨਾਲ ਚੇਤੇ ਕਰਾਉਂਦੀ ਹੈ ਕਿ ‘ਅੰਬਾਨੀ ਤੇ ਅਡਾਨੀ ਚੀਜ਼ਾਂ ਹੀ ਨਹੀਂ ਵੇਚਦੇ ਸਗੋਂ ਵਿਚਾਰ ਵੀ ਵੇਚਦੇ ਹਨ’।
ਮੇਰਾ ਖਿਆਲ ਹੈ ਕਿ ਜੇਕਰ ਉਸ ਦਿਨ ਸੰਗਤ ਨੂੰ ਆਪਣੇ ਨਾਲ-ਨਾਲ ਲਗਾਤਾਰ ਅਤੇ ਹਰ ਪਲ ਬੰਨ੍ਹ ਕੇ ਰੱਖਣ ਦੇ ਹੁਨਰ ਦਾ ਮੁਕਾਬਲਾ ਕਰਨਾ ਹੋਵੇ ਤਾਂ ਮੈਦਾਨ ਸ. ਅਜਮੇਰ ਸਿੰਘ ਦੇ ਹੱਥ ਵਿਚ ਰਿਹਾ। ਉਨ੍ਹਾਂ ਨੇ ‘ਜੋਸ਼ ਅਤੇ ਹੋਸ਼’ ਦੇ ਸੰਕਲਪ ਨੂੰ ਜਿਵੇਂ ਨਿਖੇੜ ਕੇ ਪੇਸ਼ ਕੀਤਾ ਅਤੇ ਜਿਵੇਂ ਮਿਸਾਲਾਂ ਦੇ ਦੇ ਕੇ ਜੋਸ਼ ਅਤੇ ਹੋਸ਼ ਨੂੰ ਨਵੇਂ ਅਰਥਾਂ ਨਾਲ ਸਜਾਇਆ, ਉਸ ਨਾਲ ਉਹ ਬਿਰਤਾਂਤ ਇੱਕ ਵਾਰ ਮੁੜ ਜਿਊਂਦਾ-ਜਾਗਦਾ ਹੋ ਗਿਆ ਜੋ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਯਤਨਾਂ ਨਾਲ ਕਿਸਾਨ ਮੋਰਚੇ ਵਿਚ ਲੋਕ ਮਨਾਂ ਦੇ ਅੰਦਰ ਸਥਾਪਤ ਕਰ ਦਿੱਤਾ ਗਿਆ ਸੀ, ਪਰ ਜਿਸ ਨੂੰ ਛੱਬੀ ਜਨਵਰੀ ਤੋਂ ਮਗਰੋਂ ਕਿਸਾਨ ਆਗੂਆਂ ਨੇ ਧੁੰਦਲਾ ਤੇ ਬਦਨਾਮ ਕਰਨ ਵਿਚ ਕੋਈ ਵੀ ਕਸਰ ਨਹੀਂ ਸੀ ਛੱਡੀ। ਅਜਮੇਰ ਸਿੰਘ ਨੇ ਉਸ ਝੂਠੇ ਬਿਰਤਾਂਤ ਨੂੰ ਉਲਟਾ ਕੇ ਰਖ ਦਿੱਤਾ। ਇਹ ਇਕੱਠ ਦੀ ਵੱਡੀ ਪ੍ਰਾਪਤੀ ਸੀ। ਉਨ੍ਹਾਂ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਨਿਤਨੇਮ ਦਾ ਜ਼ਿਕਰ ਕਰਦਿਆਂ ਮਿੱਠਾ ਮਜ਼ਾਕ ਕੀਤਾ ਕਿ ਇਹ ਕੈਸਾ ਨਿਤਨੇਮ ਹੈ ਜਿਥੇ ਕਥਨਾਂ ਅਤੇ ਅਮਲਾਂ ਵਿਚ ਫਰਕ ਹੈ।
ਸ. ਸੁਖਪ੍ਰੀਤ ਸਿੰਘ ਉਦੋਕੇ ਨੇ ‘ਸਰਦਾਰੀ ਤੇ ਗੱਦਾਰੀ’ ਦੇ ਅਰਥਾਂ ਨੂੰ ਇਤਿਹਾਸ ਦੀ ਰੌਸ਼ਨੀ ਵਿਚ ਪੇਸ਼ ਕਰਦਿਆਂ ਕਿਹਾ ਕਿ ਇਹੋ ਜਿਹੇ ਫੈਸਲੇ ਸੰਘਰਸ਼ਾਂ ਦੇ ਖਤਮ ਹੋਣ ਪਿੱਛੋਂ ਕੀਤੇ ਜਾਂਦੇ ਹਨ ਪਰ ਉਹ ਜਿਸ ਅੰਦਾਜ਼ ਵਿਚ ਆਪਣੀ ਗੱਲ ਕਹਿ ਰਹੇ ਸਨ, ਉਸ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਸੀ ਕਿ ਇਸ ਸਾਰੇ ਵਰਤਾਰੇ ਅੰਦਰ ਅਸਲ ਅਰਥਾਂ ਵਿਚ ਗੱਦਾਰ ਕੌਣ ਸਾਬਤ ਹੋ ਰਹੇ ਹਨ। ਅਸਲ ਵਿਚ ਇਸ ਵਿਦਵਾਨ ਨੂੰ ਇਤਿਹਾਸ ਨੂੰ ਵਰਤਮਾਨ ਦੀ ਰੌਸ਼ਨੀ ਵਿਚ ਰੌਸ਼ਨ ਕਰਨ ਵਿਚ ਕਮਾਲ ਦਾ ਹੁਨਰ ਅਤੇ ਕਾਬਲੀਅਤ ਹਾਸਲ ਹੈ।
ਪੁਰਾਤਨ ਅਤੇ ਵਰਤਮਾਨ ਇਤਿਹਾਸ ਦੇ ਜਜ਼ਬਿਆਂ ਤੇ ਸਿਧਾਂਤਾਂ ਨੂੰ ਪ੍ਰਣਾਏ ਉਘੇ ਮੈਗਜ਼ੀਨ ‘ਵੰਗਾਰ’ ਦੇ ਸੰਪਾਦਕ ਸ. ਬਲਜੀਤ ਸਿੰਘ ਖਾਲਸਾ ਦੀ ਤਕਰੀਰ ਨੇ ਕਿਸਾਨ ਆਗੂਆਂ ਦੇ ਇਸ ਬਿਰਤਾਂਤ ਦਾ ਮਖੌਲ ਉਡਾਇਆ ਕਿ ਇਸ ਕਿਸਾਨ ਮੋਰਚੇ ਨੂੰ ਧਰਮ ਤੋਂ ਵੱਖਰਾ ਕਰ ਕੇ ਦੇਖਿਆ ਜਾਵੇ। ਉਹ ਯਾਦ ਕਰਵਾ ਰਹੇ ਸਨ ਕਿ ਪੰਜਾਬ ਦੇ ਇਤਿਹਾਸ ਦੀ ਸ਼ਾਨ ਹੀ ਇਸ ਹਕੀਕਤ ਵਿਚ ਹੈ ਕਿ ਇੱਥੇ ਹਰ ਜੰਗ ਦੀ ਤਰਜ਼ੇ-ਜ਼ਿੰਦਗੀ ਵਿਚ ਧਰਮ ਦੀਆਂ ਕਦਰਾਂ ਕੀਮਤਾਂ ਅਟੁੱਟ ਤੌਰ ‘ਤੇ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੰਗ ਦੀ ਦਾਸਤਾਨ ਛੇਵੇਂ ਪਾਤਸ਼ਾਹ ਤੋਂ ਆਰੰਭ ਹੋ ਕੇ ਹੁਣ ਤਕ ਜਿਵੇਂ ਪਹੁੰਚੀ ਹੈ, ਉਸ ਦਾਸਤਾਨ ਵਿਚ ਹਰ ਪੜਾਅ ਤੇ ਧਰਮ ਨਾਲ ਨਾਲ ਸਫਰ ਕਰਦਾ ਰਿਹਾ ਹੈ।
ਸਾਰੀਆਂ ਤਕਰੀਰਾਂ ਵਿਚ ਸ. ਨਰੈਣ ਸਿੰਘ ਚੌੜਾ ਦੀਆਂ ਗੱਲਾਂ ਬਾਕੀ ਸਭਨਾਂ ਬੁਲਾਰਿਆਂ ਨਾਲੋਂ ਵੱਖਰੀਆਂ ਅਤੇ ਸ਼ਾਇਦ ਕੁਝ ਪਹਿਲੂਆਂ ਤੋਂ ਵਧੇਰੇ ਨਿਖਰਵੀਆਂ, ਵਧੇਰੇ ਖਰੀਆਂ-ਖਰੀਆਂ, ਵਧੇਰੇ ਬੇਬਾਕ ਅਤੇ ਸੱਚੀਆਂ ਅਤੇ ਸੰਗਤਾਂ ਦੀ ਸੋਚ ਨੂੰ ਡੂੰਘੀਆਂ ਵਾਦੀਆਂ ਵਿਚ ਲਿਜਾਣ ਵਾਲੀਆਂ ਸਨ ਜਿੱਥੇ ਬਾਕੀ ਬੁਲਾਰੇ ‘ਵਰਤਮਾਨ’ ਨੂੰ ਜਜ਼ਬਿਆਂ ਦਾ ਰੰਗ ਦੇ ਰਹੇ ਸਨ, ਉੱਥੇ ਨਰੈਣ ਸਿੰਘ ਵਰਤਮਾਨ ਨੂੰ ‘ਬਦਲਣ’ ਦੀ ਗੱਲ ਕਰ ਰਹੇ ਸਨ। ਮੌਜੂਦਾ ਕਿਸਾਨ ਸੰਘਰਸ਼ ਦੀ ਸਿਧਾਂਤਕ ਸਮਝ ਦੀ ਲੋੜ ਦਾ ਅਹਿਸਾਸ ਕਰਦਿਆਂ ਨਰਾਇਣ ਸਿੰਘ ਨੇ ਸਵਾਲ ਕੀਤਾ ਕਿ ਅਸਲ ਵਿਚ ਸਾਡੀ ਲੜਾਈ ਕਿਸ ਨਾਲ ਹੈ? ਫਿਰ ਆਪ ਹੀ ਜਵਾਬ ਦਿੱਤਾ ਕਿ ‘ਸਰਕਾਰਾਂ ਨਾਲ ਨਹੀਂ ਸਟੇਟ ਨਾਲ ਹੈ’। ਉਨ੍ਹਾਂ ਨੇ ਸਟੇਟ ਦੇ ਵੱਖ-ਵੱਖ ਅੰਗਾਂ ਉਤੇ ਟਿੱਪਣੀ ਕਰਦਿਆਂ ਜੋਸ਼ ਤੇ ਗੁੱਸੇ ਵਿਚ ਫਰਕ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਜੋਸ਼ ਹੁਲਾਸ ਪੈਦਾ ਕਰਦਾ ਹੈ, ਜਿੱਥੇ ਜੋਸ਼ ਗੁਰੂ ਦੀ ਬਖਸ਼ਿਸ਼ ਹੈ, ਉੱਥੇ ਗੁੱਸਾ ਭੈੜਾ ਅਤੇ ਦਿਸ਼ਾਹੀਣ ਹੁੰਦਾ ਹੈ। ਸ. ਨਰੈਣ ਸਿੰਘ ਨੇ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਦੀ ਘਟਨਾ ਵਿਚ ਦੀਪ ਸਿੱਧੂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਘਟਨਾ ਗੁਰੂ ਵੱਲੋਂ ਵਰਤਾਈ ਗਈ ਸੀ। ਉਹ ਗੁਰੂ ਦੀ ਬਖਸ਼ਿਸ਼ ਸੀ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਦਾ ਰੋਲ ਮਾਡਲ ਵੀ ਗੁਰੂ ਨਾਨਕ ਸਾਹਿਬ ਦੀ ਸਿਰਜਣਾ ਹੈ। ਉਨ੍ਹਾਂ ਨੇ ਦੇਸ਼ ਭਗਤੀ ਦਾ ਜਨੂਨ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਵਿਚ ਬੁਨਿਆਦੀ ਫਰਕ ਨੂੰ ਵੀ ਸਪਸ਼ਟ ਕੀਤਾ। ਉਨ੍ਹਾਂ ਦੀ ਤਕਰੀਰ ਵਿਚ ਇਹ ਸੁਝਾਅ ਵੀ ਸ਼ਾਮਲ ਸੀ ਕਿ ਸਾਨੂੰ ਹੜਤਾਲਾਂ ਮੁਜ਼ਾਹਰਿਆਂ ਦੀ ਥਾਂ ਨਵੇਂ ਸਿਰੇ ਤੋਂ ਸੰਘਰਸ਼ ਦੇ ਪੈਂਤੜੇ ਉਲੀਕਣੇ ਪੈਣਗੇ।
_____________________________
ਕਿਸਾਨ ਅੰਦੋਲਨ ਅਤੇ ਸਿੱਖ ਰਾਜ
ਕਈ ਦਰਸ਼ਨੀ ਅੰਮ੍ਰਿਤਧਾਰੀ ਸਿੱਖ ਨੌਜਵਾਨ, ਸਿਰ-ਗੁੰਮ ਘੋਨੇ ਮੋਨੇ ਸਿੱਖ ਨੌਜਵਾਨਾਂ ਪਿੱਛੇ ਪਾਗਲ ਹੋਏ ਫਿਰਦੇ ਨੇ। ਉਹ ਕਿਸਾਨ ਲੀਡਰਾਂ ਨੂੰ ਮਣ-ਮਣ ਦੀਆ ਗੰਦੀਆਂ ਗਾਲ੍ਹਾਂ ਕੱਢਦੇ ਥੱਕਦੇ ਨਹੀਂ। ਸਿੱਖੀ ਵਿਚਲੀ ਹਲੀਮੀ ਉਨ੍ਹਾਂ ਦੀ ਕਿੱਥੇ ਗਈ?
ਫਿਰ ਉਹ ਸਿੱਖ ਨੌਜਵਾਨ ਕਿਸਾਨ ਲੀਡਰਾਂ ਵੱਲੋਂ ਸੰਵਿਧਾਨ ਅਤੇ ਦੇਸ਼ ਦੇ ਸਿਸਟਮ ਅੰਦਰ ਰਹਿ ਕੇ ਲਾਏ ਮੋਰਚੇ ਤੋਂ ਸਿੱਖ ਰਾਜ ਦੀ ਪ੍ਰਾਪਤੀ ਦੀਆਂ ਉਮੀਦਾਂ ਕਿਉਂ ਲਾਈ ਫਿਰਦੇ ਹਨ?
ਕਿਉਂ ਉਹ ਕਿਸਾਨਾਂ ਵੱਲੋਂ ਲਾਏ ਮੋਰਚੇ ਦੇ ਪਿੱਛੇ ਦਿੱਲੀ ਭੱਜੇ ਫਿਰਦੇ ਨੇ?
ਕਿਉਂ ਉਹ ਸਿੱਖ ਰਾਜ ਦੀ ਪ੍ਰਾਪਤੀ ਲਈ ਆਪਣਾ ਵੱਖਰਾ ਮੋਰਚਾ ਨਹੀਂ ਵਿੱਢ ਦਿੰਦੇ? ਕੌਣ ਉਨ੍ਹਾਂ ਨੂੰ ਰੋਕਦਾ? ਉਹ ਆਪਣੀ ਤਾਕਤ ਤੇ ਸਮਝਦਾਰੀ ਦਾ ਵੀ ਟੈਸਟ ਕਰ ਲੈਣ?
ਜਸਪਾਲ ਸਿੰਘ ਸਿੱਧੂ, ਸੀਨੀਅਰ ਪੱਤਰਕਾਰ।