ਭਾਰਤ ਅੰਦਰ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨੇ ਭਾਰਤੀ ਲੋਕਤੰਤਰ ਉਤੇ ਸਵਾਲਾਂ ਦੀ ਵਾਛੜ ਕੀਤੀ ਹੈ। ਧਰਮ ਗੋਰਾਇਆ ਨੇ ਆਪਣੇ ਇਸ ਲੇਖ ਵਿਚ ਆਜ਼ਾਦੀ ਤੋਂ ਬਾਅਦ ਦੇ ਭਾਰਤ ਉਤੇ ਨਜ਼ਰ ਮਾਰਦਿਆਂ ਮੌਜੂਦਾ ਮੋਦੀ ਸਰਕਾਰ ਦੀ ਪਹੁੰਚ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ, ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।
-ਸੰਪਾਦਕ
ਧਰਮ ਗੋਰਾਇਆ
ਫੋਨ: 301-653-7029
ਇੰਗਲੈਂਡ ਤੋਂ ਭਾਰਤ ਦੀ ਖਲਾਸੀ ਨੂੰ 73 ਸਾਲ ਹੋ ਗਏ ਹਨ। ਕਰੀਬ 65 ਸਾਲ ਕਾਂਗਰਸ ਪਾਰਟੀ ਤਾਕਤ ਵਿਚ ਰਹੀ, ਇਸ ਵਿਚੋਂ ਵੀ ਸੱਤਾ ਬਹੁਤੀ ਨਹਿਰੂ ਖਾਨਦਾਨ ਦੇ ਹੱਥਾਂ ਵਿਚ ਰਹੀ। ਰਾਜਨੀਤੀ ਵਿਚ ਗੰਧਲਾਪਣ ਇੰਦਰਾ ਗਾਂਧੀ ਸਮੇਂ ਸ਼ੁਰੂ ਹੋ ਗਿਆ। ਉਦਾਹਰਨ ਵਜੋਂ ਇੰਦਰਾ ਨੇ ਕਦੇ ਵੀ ਗੈਰ-ਕਾਂਗਰਸੀ ਸੂਬਾ ਸਰਕਾਰਾਂ ਨੂੰ ਚੱਜ ਨਾਲ ਕੰਮ ਨਾ ਕਰਨ ਦਿੱਤਾ। ਉਸ ਦਾ ਆਖਰੀ ਹਥਿਆਰ ਹੁੰਦਾ ਸੀ, ਇਨ੍ਹਾਂ ਸੂਬਿਆਂ ਵਿਚ ਗਵਰਨਰੀ ਰਾਜ ਲਾਗੂ ਕਰ ਦੇਣਾ ਤੇ ਸਿੱਧਾ ਆਪਣੇ ਅਧਿਕਾਰ ਵਿਚ ਲੈ ਲੈਣਾ; ਸੂਬਿਆਂ ਦੇ ਹੱਕਾਂ ਨੂੰ ਘੱਟ ਕਰਨਾ ਤੇ ਕੇਂਦਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਜਦਕਿ ਚਾਹੀਦਾ ਇਸ ਦੇ ਉਲਟ ਸੀ।
ਇੰਦਰਾ ਗਾਂਧੀ ਇਹ ਕਦੇ ਨਾ ਸਮਝ ਸਕੀ ਕਿ ਏਡੇ ਵੱਡੇ ਮੁਲਕ ਜਿਸ ਵਿਚ ਵੱਖ-ਵੱਖ ਬੋਲੀਆਂ, ਸਭਿਆਚਾਰ, ਲੋਕਾਂ ਦੀਆਂ ਅੱਡੋ-ਅੱਡ ਨਿੱਜੀ ਲੋੜਾਂ, ਅੱਡੋ-ਅੱਡ ਜ਼ਮੀਨੀ ਹਕੀਕਤਾਂ, ਪਾਣੀਆਂ ਦੀ ਸਮੱਸਿਆ, ਵੱਖੋ-ਵੱਖਰੀ ਕਿਸਮ ਦੇ ਬੁਨਿਆਦੀ ਢਾਂਚੇ ਦੀ ਬਣਤਰ ਹੈ। ਇਸ ਪ੍ਰਸੰਗ ਵਿਚ ਜੋ ਦਿੱਲੀ ਦਰਬਾਰ ਕਹੇ, ਉਹੀ ਸਾਰੇ ਸੂਬਿਆਂ ਵਿਚ ਮੰਨਿਆ ਜਾਵੇ, ਇਹ ਉਸ ਦੀ ਵੱਡੀ ਭੁੱਲ ਸੀ।
ਬਹੁਤੀ ਵਾਰ ਤਾਕਤ ਦੇ ਨਸ਼ੇ ਵਿਚ ਬੰਦਾ ਵੱਡੀਆਂ-ਵੱਡੀਆਂ ਗਲਤੀਆਂ ਕਰ ਜਾਂਦਾ ਹੈ, ਇੰਜ ਹੀ ਕਾਂਗਰਸ ਨੇ ਕੀਤੀਆਂ। ਪਹਿਲੀ ਗਲਤੀ ਜੂਨ 1975 ਨੂੰ ਐਮਰਜੈਂਸੀ ਲਾਈ। ਅਗਲੀ ਮਹਾਂ ਗਲਤੀ ਜੋ ਉਸ ਨੂੰ ਖੁਦ ਲੈ ਡੁੱਬੀ, ਉਹ ਸੀ ਸਿੱਖਾਂ ਦੇ ਸਰਵ ਉਚ ਸਥਾਨ ਉਪਰ ਫੌਜੀ ਹਮਲਾ। ਸਿੱਟੇ ਵਜੋਂ ਪਹਿਲਾਂ ਉਸ ਦਾ ਕਤਲ ਅਤੇ ਫਿਰ ਦਿੱਲੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਥਾਵਾਂ ‘ਤੇ ਸਿੱਖਾਂ ਦਾ ਕਤਲੇਆਮ ਹੋਇਆ।
ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਨੇ ਆਜ਼ਾਦੀ ਦੇ ਸੰਘਰਸ਼ ਵਿਚ 90 ਫੀਸਦੀ ਤੋਂ ਜਿਥੇ ਜ਼ਿਅਦਾ ਕੁਰਬਾਨੀਆਂ ਦਿੱਤੀਆਂ, ਉਥੇ ਇਸ ਮੁਲਕ ਦੇ ਖਾਲੀ ਪਏ ਅੰਨ ਭੰਡਾਰ ਵੀ ਭਰੇ। ਉਤਰ ਪ੍ਰਦੇਸ਼ ਦੇ ਜੰਗਲ ਸਾਫ ਕਰ ਕੇ ਉਸ ਜ਼ਮੀਨ ਉਪਰ ਟਰੈਕਟਰ ਚਲਾਏ। ਕਣਕ, ਗੰਨਾ, ਮੱਕੀ ਦੇ ਢੇਰ ਲਗਾਏ। 60ਵਿਆਂ ਵਿਚ ਹਰੀ ਕ੍ਰਾਂਤੀ ਦੇ ਗਲ ਪਏ ਢੋਲ ਨੂੰ ਇੰਜ ਵਜਾਇਆ ਕਿ ਪੂਰੀ ਦੁਨੀਆਂ ਵਿਚ ਚਰਚਾ ਹੋਣ ਲੱਗੀ। ਨਤੀਜੇ ਵਜੋਂ ਕਣਕ, ਚੌਲ, ਮੱਕੀ, ਦਾਲਾਂ ਮੁਲਕ ਤੋਂ ਬਾਹਰ ਵਿਕਣ ਲੱਗੀਆਂ। ਹਰੀ ਕ੍ਰਾਂਤੀ ਦੇ ਦੈਂਤ ਨੇ ਮੁਲਕ ਨੂੰ ਤਾਂ ਆਤਮ-ਨਿਰਭਰ ਕਰ ਦਿੱਤਾ ਪਰ ਪੰਜਾਬ ਨੂੰ ਹੌਲੀ-ਹੌਲੀ ਕੱਖੋਂ ਹੌਲਾ ਕਰਨਾ ਸ਼ੁਰੂ ਕਰ ਦਿੱਤਾ।
ਹਰੀ ਕ੍ਰਾਂਤੀ ਦੇ ਭੂਤ ਨੇ ਪੰਜਾਬ ਦੇ ਲੋਕਾਂ ਕੋਲੋਂ ਉਨ੍ਹਾਂ ਦੀ ਸਹਿਜ ਅਵਸਥਾ, ਹਲੀਮੀ, ਉਨ੍ਹਾਂ ਅੰਦਰ ਰੱਬ ਦਾ ਡਰ ਖੋਹ ਲਿਆ।
ਹਰੀ ਕ੍ਰਾਂਤੀ ਨੇ ਸਦੀਆਂ ਦੀ ਚਲੀ ਆਉਂਦੀ ਭਾਈਚਾਰਕ ਸਾਂਝ, ਸਾਂਝਾ ਸਮਾਜਕ ਵਰਤਾਰਾ, ਸਾਂਝੀਆਂ ਰਹੁ-ਰੀਤਾਂ ਖੋਹ ਲਈਆਂ।
ਹਰੀ ਕ੍ਰਾਂਤੀ ਨੇ ਘਰਾਂ ਵਿਚ ਬਾਹਰ ਡੱਠੀਆਂ ਮੰਜੀਆਂ ਨੂੰ ਘਰਾਂ ਅੰਦਰ ਵਾੜ ਦਿੱਤਾ।
ਹਰੀ ਕ੍ਰਾਂਤੀ ਨੇ ਉਚੇ ਥੇਹਾਂ-ਟਿੱਬਿਆਂ ਨਾਲ ਬਣੀ ਪਿੰਡਾਂ ਦੀ ਪਛਾਣ ਨੂੰ ਮਲੀਆ-ਮੇਟ ਕਰ ਦਿੱਤਾ।
ਹਰੀ ਕ੍ਰਾਂਤੀ ਨੇ ਹਲਾਂ ਨਾਲ ਵਗਦੀ ਧਰਤੀ ਵਿਚ ਘਾਹ ਦੀਆਂ ਟੁੱਟਦੀਆਂ ਤਿੜਾਂ ਦੇ ਸੰਗੀਤ ਨੂੰ ਬੰਦ ਕਰ ਦਿੱਤਾ।
ਹਰੀ ਕ੍ਰਾਂਤੀ ਨੇ ਵਗਦੇ ਖੂਹਾਂ ਦੇ ਪਾਣੀਆਂ ਦੀ ਝਲਾਰ ਖੋਹ ਲਈ।
ਹਰੀ ਕ੍ਰਾਂਤੀ ਨੇ ਮਿੱਟੀ ਦੀ ਖੁਸ਼ਬੂ ਨੂੰ ਗੰਦਾ ਕਰ ਦਿੱਤਾ।
ਹਰੀ ਕ੍ਰਾਂਤੀ ਨੇ ਪਾਣੀਆਂ ਨੂੰ ਜ਼ਹਿਰੀਲਾ ਬਣਾ ਦਿੱਤਾ।
ਹਰੀ ਕ੍ਰਾਂਤੀ ਨੇ ਬਨੇਰਿਆਂ ‘ਤੇ ਵੱਜਦੇ ਸਪੀਕਰਾਂ ਨੂੰ ਡੀ.ਜੇ. ਬਣਾ ਦਿੱਤਾ।
ਹਰੀ ਕ੍ਰਾਂਤੀ ਨੇ ਜਨਮ-ਮਰਨ, ਸਗਨਾਂ-ਵਿਆਹਾਂ ਨੂੰ ਪਿੰਡਾਂ ਦੇ ਖੁੱਲ੍ਹੇ ਵਿਹੜਿਆਂ ਵਿਚੋਂ ਕੱਢ ਕੇ ਪੈਲੇਸਾਂ ਵਿਚ ਲਿਆ ਵਾੜਿਆ।
ਹਰੀ ਕ੍ਰਾਂਤੀ ਨੇ ਸਮੇਂ ਤੋਂ ਪਹਿਲਾਂ ਹੀ ਬੰਦੇ ਨੂੰ ਬੁੱਢਾ ਕਰਨਾ ਸ਼ੁਰੂ ਕਰ ਦਿੱਤਾ।
ਹਰੀ ਕ੍ਰਾਂਤੀ ਨੇ ਚਲਾਕੀ ਨਾਲ ਕਿਸਾਨ ਦੇ ਹੱਥੋਂ ਹਲ-ਪੰਜਾਲੀ ਖੋਹ ਕੇ ਉਸ ਨੂੰ ਟਰੈਕਟਰ ‘ਤੇ ਬਹਾ ਦਿੱਤਾ।
ਹਰੀ ਕ੍ਰਾਂਤੀ ਨੇ ਮਸ਼ੀਨੀਕਰਨ ਕਰ ਕੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦਿਹਾੜੀਦਾਰਾਂ ਨੂੰ ਰੋਟੀ ਤੋਂ ਆਤੁਰ ਕਰ ਦਿੱਤਾ।
ਹਰੀ ਕ੍ਰਾਂਤੀ ਨੇ ਕੱਚੇ ਕੋਠਿਆਂ ਨੂੰ ਪੱਕੀਆਂ ਇੱਟਾਂ ਵਿਚ ਬਦਲ ਦਿੱਤਾ ਅਤੇ ਰੇਤ ਮਾਫੀਆ ਨੂੰ ਜਨਮ ਦੇ ਦਿੱਤਾ। ਲੋਕਾਂ ਦੇ ਪਿੰਡ ਛੁਡਾ ਕੇ ਉਨ੍ਹਾਂ ਨੂੰ ਵੱਡੇ-ਵੱਡੇ ਫਾਰਮ ਹਾਊਸਾਂ ਵਿਚ ਲਿਆ ਬਿਠਾਇਆ।
ਹਰੀ ਕ੍ਰਾਂਤੀ ਨੇ ਦਿਖਾਵੇ, ਝੂਠੀ ਸ਼ੁਹਰਤ ਤੇ ਫਜ਼ੂਲ-ਖਰਚੀ ਵਿਚ ਵਾਧਾ ਕਰ ਦਿੱਤਾ।
ਹਰੀ ਕ੍ਰਾਂਤੀ ਨੇ ਲੋਕਾਂ ਨੂੰ ਸ਼ਰਾਬ ਦੇ ਠੇਕਿਆਂ ਮੁਹਰੇ ਲਿਆ ਖੜ੍ਹਾ ਕੀਤਾ। ਨਸ਼ਿਆਂ ਨਾਲ ਲਾਲ ਖੂਨ ਚਿੱਟੇ ਖੂਨ ਵਿਚ ਤਬਦੀਲ ਹੋਣ ਲੱਗਾ।
ਹਰੀ ਕ੍ਰਾਂਤੀ ਨੇ ਪੰਜਾਬ ਦੀ ਜਵਾਨੀ ਨੂੰ ਬਾਹਰਲੇ ਮੁਲਕਾਂ ਵੱਲ ਜਾਣ ਲਈ ਮਜਬੂਰ ਕਰ ਦਿੱਤਾ।
ਹਰੀ ਕ੍ਰਾਂਤੀ ਨੇ ਹੌਲੀ-ਹੌਲੀ ਕਿਸਾਨੀ ਨੂੰ ਕਰਜ਼ੇ ਹੇਠ ਡੋਬ ਦਿੱਤਾ ਤੇ ਸਿੱਟੇ ਵਜੋਂ ਕਿਸਾਨਾਂ-ਮਜ਼ਦੂਰਾਂ ਅੰਦਰ ਖੁਦਕੁਸ਼ੀਆਂ ਦਾ ਰੁਝਾਨ ਵਧਦਾ ਗਿਆ।
ਹਰੀ ਕ੍ਰਾਂਤੀ ਨੇ ਕੁਦਰਤੀ ਵਾਤਾਵਰਨ ਅੰਦਰ ਗੈਰ-ਕੁਦਰਤੀ ਵਰਤਾਰਾ ਪੈਦਾ ਕਰ ਦਿੱਤਾ। ਜਾਨਵਰ, ਪਸ਼ੂ, ਪੰਛੀ, ਧਰਤੀ ਅੰਦਰਲੇ ਜੀਵਾਂ ਦਾ ਬੇਹੱਦ ਨੁਕਸਾਨ ਹੋਣ ਲੱਗਾ।
ਹਰੀ ਕ੍ਰਾਂਤੀ ਨੇ ਨੌਜਵਾਨਾਂ ਨੂੰ ਅਸਲੀ ਜ਼ਿੰਦਗੀ ਤੋਂ ਨਕਲੀ ਜ਼ਿੰਦਗੀ ਜੀਣ ਦੀ ਦੌੜ ਵਿਚ ਲਿਆ ਖੜ੍ਹਾ ਕੀਤਾ।
ਹਰੀ ਕ੍ਰਾਂਤੀ ਨੇ 10 ਨੂੰ 100 ਨੂੰ 1000 ਨੂੰ ਲੱਖ ਵਿਚ ਝੱਟ ਹੀ ਬਦਲ ਕੇ ਰੱਖ ਦਿੱਤਾ ਪਰ ਬੰਦਾ ਬੰਦੇ ਦੇ ਪੁੱਤ ਤੋਂ ਕੁਪੁੱਤ ਹੋਣਾ ਬੜੀ ਛੇਤੀ ਸ਼ੁਰੂ ਹੋ ਗਿਆ।
ਅੱਜ ਕਿਥੇ ਆਣ ਖਲੋਤੇ?
ਭਾਰਤ ਵਿਚ ਲੋਕਤੰਤਰ ਦੀ ਰਾਜਨੀਤਕ ਬਣਤਰ ਜ਼ਰੂਰ ਹੈ ਪਰ ਇਸ ਨੂੰ ਕਿਵੇਂ ਵਰਤਿਆ ਤੇ ਦਿਖਾਇਆ ਜਾ ਰਿਹਾ ਹੈ, ਇਹ ਵੱਡਾ ਸੁਆਲ ਹੈ।
ਕਾਂਗਰਸ ਪਾਰਟੀ ਦਾ ਲਗਾਤਾਰ ਤਾਕਤ ਵਿਚ ਰਹਿਣਾ, ਨਵੇਂ ਕਾਰੋਬਾਰ ਤੇ ਨਵੇਂ ਪ੍ਰੋਜੈਕਟ ਵੀ ਜ਼ਰੂਰ ਚਾਲੂ ਹੋਏ, ਫਿਰ ਵੀ ਇਹ ਲੋਕਾਂ ਦੀਆਂ ਇਛਾਵਾਂ ‘ਤੇ ਪੂਰੀ ਨਾ ਉਤਰ ਸਕੀ। ਬਹੁਤ ਕੁਝ ਹੋਰ ਹੋ ਸਕਦਾ ਸੀ ਪਰ ਨਹੀਂ ਹੋਇਆ। ਕਾਂਗਰਸ ਪਾਰਟੀ ਨਹਿਰੂ ਖੇਮੇ ਵਿਚੋਂ ਬਾਹਰ ਨਾ ਨਿਕਲ ਸਕੀ, ਸਿੱਟੇ ਵਜੋਂ ਲੀਡਰਸ਼ਿਪ ਪੱਖੋਂ ਅਪਾਹਿਜ ਹੁੰਦੀ ਗਈ। ਸ਼ੁਰੂ-ਸ਼ੁਰੂ ਵਿਚ ਕਮਿਊਨਿਸਟ ਪਾਰਟੀ/ਪਾਰਟੀਆਂ ਦਾ ਆਧਾਰ ਚੰਗਾ ਬਣਿਆ ਰਿਹਾ ਪਰ ਅਖੀਰ ਉਹ ਵੀ ਨਿਵਾਣ ਵੱਲ ਹੋ ਤੁਰੀਆਂ। ਮੁੱਖ ਵਜਾਹ ਸੀ, ਉਹ ਭਾਰਤੀ ਲੋਕਾਂ ਦੀ ਮਾਨਸਿਕਤਾ ਤੋਂ ਨਾਸਮਝ ਰਹੀਆਂ। ਮੁਲਕ ਦੇ ਪੁਰਾਣੇ ਵਿਰਸੇ ਨੂੰ ਆਪਣੇ ਆਧਾਰ ਲਈ ਨਾ ਵਰਤ ਸਕੀਆਂ। ਸਭ ਤੋਂ ਵੱਡਾ ਕਾਰਨ ਜੋ ਇਨ੍ਹਾਂ ਦੀਆਂ ਬੇੜੀਆਂ ਵਿਚ ਵੱਟੇ ਵਾਂਗ ਪਿਆ, ਉਹ ਸੀ ਇਨ੍ਹਾਂ ਅੰਦਰ ਹਉਮੈ, ਜਗੀਰਦਾਰੀ ਸੋਚ, ਲੀਡਰਸ਼ਿਪ ਦੀ ਭੁੱਖ, ਬੇਭਰੋਸਗੀ। ਜੇ ਹੋਰ ਵੀ ਅੱਗੇ ਜਾਈਏ ਤਾਂ ਰੂਸ-ਚੀਨ ਦੇ ਮਾਡਲ ਨੂੰ ਆਪਣਾ ਮਾਡਲ ਬਣਾਈ ਰੱਖਿਆ।
ਇਸ ਸਾਰੇ ਖਿਲਾਅ ਵਿਚੋਂ ਇਕ ਅਜਿਹੀ ਰਾਜਨੀਤਕ ਤਾਕਤ ਨੇ ਜਨਮ ਲਿਆ ਜਿਸ ਨੇ ਭਾਰਤੀ ਲੋਕਤੰਤਰ ਨੂੰ ਛੜਯੰਤਰ ਵਿਚ ਬਦਲਣਾ ਸ਼ੁਰੂ ਕਰ ਦਿੱਤਾ। ਕਾਂਗਰਸ ਪਾਰਟੀ ਦੀ ਮਾੜੀ ਅਗਵਾਈ ਨੇ ਸ਼ਿਵ ਸੈਨਾ, ਬਜਰੰਗ ਦਲ ਨੂੰ ਹੁਲਾਰਾ ਦਿੱਤਾ। 1980 ਵਿਚ ਭਾਰਤੀ ਜਨਤਾ ਪਾਰਟੀ ਬਣੀ। 1984 ਵਿਚ ਇਸ ਨੂੰ ਦੋ ਲੋਕ ਸਭਾ ਸੀਟਾਂ ਮਿਲੀਆਂ। 1996 ਵਿਚ ਲੋਕ ਸਭਾ ਵਿਚ ਵੱਡੀ ਪਾਰਟੀ ਵਜੋਂ ਉਭਰੀ ਪਰ ਸਰਕਾਰ ਵਕਤੀ ਤੌਰ ‘ਤੇ ਹੀ ਬਣੀ। 2014 ਤੋਂ ਹੁਣ ਤੱਕ 282/543 ਅਤੇ 303/543 ਲੋਕ ਸਭਾ ਸੀਟਾਂ ਨਾਲ ਦਿੱਲੀ ਤਖਤ ‘ਤੇ ਮਨ ਆਈਆਂ ਕਰ ਰਹੀ ਹੈ।
ਅਸਲ ਵਿਚ, ਕੱਟੜ ਹਿੰਦੂ ਥਿੰਕਟੈਂਕ ਨੇ ਨਰਿੰਦਰ ਮੋਦੀ ਨੂੰ ਅਜਿਹੇ ਦਾਅ ਅਤੇ ਵਾਰ-ਵਾਰ ਝੂਠ ਬੋਲਣ ਦੇ ਢੰਗ-ਤਰੀਕੇ ਸਿਖਾਏ ਕਿ ਮੋਦੀ ਮੁਹਰੇ ਹਿਟਲਰ ਨੂੰ ਵੀ ਸੰਗ ਆਉਣ ਲੱਗੀ। ਬੇਵਸ, ਲਾਚਾਰ, ਮਜਬੂਰ ਲੋਕ ਪ੍ਰਧਾਨ ਮੰਤਰੀ ਦੀਆਂ ਮਜ਼ੇਦਾਰ ਚਟਪਟੀਆਂ ਗੱਲਾਂ ਵਿਚੋਂ ਆਪਣੇ ਚੰਗੇ ਦਿਨਾਂ ਦੀ ਉਡੀਕ ਕਰਨ ਲੱਗੇ। ਉਡੀਕ ਕਰਦੇ-ਕਰਦੇ ਲੋਕ ਥੱਕ ਵੀ ਗਏ, ਪਰ ਦੂਸਰੀ ਵਾਰ ਵੀ ਬੀ.ਜੇ.ਪੀ. ਨੂੰ ਜਿਤਾਇਆ। ਇਸ ਤੋਂ ਬਾਅਦ ਤਾਂ ਇਸ ਪਾਰਟੀ ਦੇ ਆਗੂ ਸਮਝੋ ਹੰਕਾਰ ਹੀ ਗਏ। ਨੋਟਬੰਦੀ, ਜੀ.ਐਸ.ਟੀ ਦੀਆਂ ਨਾਕਾਮੀਆਂ ਦੇ ਬਾਵਜੂਦ ਜੰਮੂ ਕਸ਼ਮੀਰ ਵਿਚ ਧਾਰਾ 370 ਅਤੇ 35-ਏ ਦਾ ਖਾਤਮਾ ਕਰ ਦਿੱਤਾ ਅਤੇ ਇਸ ਸੂਬੇ ਦੇ ਤਿੰਨ ਟੋਟੇ ਕਰ ਦਿੱਤੇ। 2019 ਵਾਲੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੁਲਵਾਮਾ ਵਿਚ ਘਰ ਬਿਠਾ ਕੇ ਵਰਤਾਇਆ ਅਤਿਵਾਦ ਦਾ ਘਿਨਾਉਣਾ ਕਾਰਨਾਮਾ, ਫੌਜੀ ਜੁਆਨਾਂ ਦੀ ਅਜਾਈਂ ਮੌਤ। ਕਰੋਨਾ ਦੇ ਐਨ ਭਖਦੇ ਮਸਲੇ ਦੌਰਾਨ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਜੋ ਮਗਰੋਂ ਪਹਿਲਾਂ ਬਿੱਲ ਅਤੇ ਫਿਰ ਕਾਨੂੰਨ ਬਣਵਾ ਲਏ। ਕਿਸੇ ਸਦਨ ਵਿਚ ਕੋਈ ਬਹਿਸ-ਮੁਬਾਹਿਸਾ ਨਹੀਂ ਕਰਵਾਇਆ।
ਭਾਰਤੀ ਜਨਤਾ ਪਾਰਟੀ ਆਪਣੀ ਸੱਤਾ ਲਈ ਹਰ ਹਰਬਾ ਵਰਤ ਰਹੀ ਹੈ, ਪੂਰਾ ਮੁਲਕ ਭਾਵੇਂ ਗਰਕ ਹੀ ਕਿਉਂ ਨਾ ਜਾਵੇ। ਹਿੰਦੂਵਾਦ ਦਾ ਅਲਾਪ, ਰਾਸ਼ਟਰਵਾਦ ਦਾ ਝੂਠਾ ਪ੍ਰਚਾਰ, ਮੰਤਰਾਂ ਉਪਰ ਕਰੋੜਾਂ-ਅਰਬਾਂ ਦਾ ਉਜਾੜਾ, ਸਵੱਛ ਭਾਰਤ ਦੇ ਸੰਘ ਪਾੜਵੇਂ ਨਾਹਰੇ ਪਰ ਰਾਮ ਦੀ ਗੰਗਾ ਉਵੇਂ ਹੀ ਬਦਬੂ ਛੱਡਦੀ ਅਜੇ ਵੀ ਇਨ੍ਹਾਂ ਭਗਤਾਂ ਲਈ ਪਵਿਤਰ ਜਲਧਾਰਾ ਦਾ ਕੰਮ ਕਰੀ ਜਾਂਦੀ ਹੈ। ਇਸ ਪਾਰਟੀ ਨੇ ਆਮ ਭਾਰਤੀ ਨਾਗਰਿਕ ਨੂੰ ਮਾਨਸਿਕ ਪੱਖੋਂ ਨਿਪੁੰਸਕ ਬਣਾ ਦਿੱਤਾ। ਆਮ ਭਾਰਤੀਆਂ ਨੇ ਇਨ੍ਹਾਂ ਦੇ ਝੂਠੇ ਲਾਰਿਆਂ ਨੂੰ ਜਿਵੇਂ ਸੱਚ ਮੰਨਣਾ ਸ਼ੁਰੂ ਕਰ ਦਿੱਤਾ ਹੈ। ਤਰੱਕੀ ਦੇ ਗਲਤ ਅੰਕੜੇ ਪੇਸ਼ ਕਰ ਕੇ ਅਰਥ ਸ਼ਾਸਤਰੀ ਵੀ ਮੂੰਹ ਵਿਚ ਉਂਗਲਾਂ ਪਾਈ ਬੈਠੇ ਹਨ।
ਇਹੀ ਨਹੀਂ, ਆਜ਼ਾਦ ਭਾਰਤੀ ਮੀਡੀਏ ਦਾ ਵੱਡਾ ਹਿੱਸਾ ਵੀ ਇਨ੍ਹਾਂ ਦੇ ਤਰਾਜੂ ਵਿਚ ਤੁਲ ਗਿਆ। ਬਹੁਤ ਟੈਲੀਵਿਜ਼ਨ ਚੈਨਲ ਇਨ੍ਹਾਂ ਦੇ ਹੱਥ ਠੋਕੇ ਬਣ ਚੁੱਕੇ ਹਨ। ਨਿਰਪੱਖ ਅਤੇ ਅਗਾਂਹਵਧੂ ਸੋਚ ਵਾਲਿਆਂ ਲਈ ਅਤਿਵਾਦੀ, ਵੱਖਵਾਦੀ, ਨਕਸਲਬਾੜੀ, ਖਾਲਿਸਤਾਨੀ, ਗੈਂਗਸਟਰ ਲਕਬ ਆਮ ਹਨ।
ਖੇਤੀ ਵਿਚ ਸੁਧਾਰਾਂ ਦੇ ਨਾਂ ਉਤੇ ਲਿਆਂਦੇ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਜਿਵੇਂ ਆਮ ਹੀ ਹੁੰਦਾ ਆਇਆ ਹੈ, ਪਹਿਲ ਪੰਜਾਬ ਨੇ ਹੀ ਕੀਤੀ। ਦਿੱਲੀ ਦਰਬਾਰ ਦੇ ਇਸ ਸ਼ਾਹੀ ਫਰਮਾਨ ਵਿਰੁੱਧ ਮਈ-ਜੂਨ 2020 ਤੋਂ ਹੀ ਕਿਸਾਨ ਜਥੇਬੰਦੀਆਂ ਨੇ ਪਿੰਡ-ਪਿੰਡ ਜਾ ਕੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਆੜ੍ਹਤੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਗਰਾਊਂਡ ਵਰਕ ਤਿਆਰ ਹੋਣ ਲੱਗਾ। ਨੌਜਵਾਨਾਂ, ਗਾਇਕਾਂ, ਕਲਾਕਾਰਾਂ ਨੇ ਅਹਿਮ ਕਦਮ ਚੁੱਕੇ। ਹੌਲੀ-ਹੌਲੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਸੀ ਤਾਲਮੇਲ ਵਧਾਇਆ।
ਫਿਰ ਪੰਜਾਬ ਦੀਆਂ ਤਕਰੀਬਨ ਸਾਰੀਆਂ ਕਿਸਾਨ ਜਥੇਬੰਦੀਆਂ ਨੇ 26-27 ਨਵੰਬਰ 2020 ਨੂੰ ਦਿੱਲੀ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ। ਮੋਦੀ ਸਰਕਾਰ ਦੀ ਸ਼ਹਿ ‘ਤੇ ਹਰਿਆਣਾ ਦੀ ਮਨੋਹਰ ਲਾਲ ਖਟਰ ਸਰਕਾਰ ਨੇ ਰੋਕਾਂ ਲਾਈਆਂ ਤਾਂ ਪੰਜਾਬ ਅਤੇ ਹਰਿਆਣੇ ਦੇ ਨੌਜਵਾਨਾਂ ਨੇ ਹਨੇਰੀ ਲਿਆ ਦਿੱਤੀ ਅਤੇ ਹਰਿਆਣਾ ਸਰਕਾਰ ਦੇ ਸਭ ਬੈਰੀਕੇਡ ਤੋੜ ਦਿੱਤੇ। ਕਿਸਾਨਾਂ ਨੂੰ ਦਿੱਲੀ ਪੁੱਜਣ ਤੋਂ ਰੋਕਣ ਲਈ ਖਟਰ ਸਰਕਾਰ ਨੇ ਸੜਕਾਂ ‘ਤੇ ਟੋਏ ਪੁੱਟੇ, ਪਾਣੀ ਦੀਆਂ ਤੋਪਾਂ ਚਲਾਈਆਂ ਅਤੇ ਹੰਝੂ ਗੋਲੇ ਵਰਤੇ ਪਰ ਨੌਜਵਾਨਾਂ ਨੇ ਆਪਣੇ ਟਰੈਕਟਰਾਂ ਨਾਲ ਹਰ ਰੋਕ ਹਟਾ ਦਿੱਤੀ।
ਇਸ ਦੇ ਨਾਲ ਹੀ ਕਰੀਬ ਅੱਧੀ ਸਦੀ ਤੋਂ ਚਲੀ ਆਉਂਦੀ ਪੰਜਾਬ ਹਰਿਆਣਾ ਦੀ ਆਪਸੀ ਖਿਚੋਤਾਣ ਪਲਾਂ ਵਿਚ ਹੀ ਦੋਸਤੀ ਵਿਚ ਬਦਲ ਗਈ, ਜਦੋਂ ਹਰਿਆਣੇ ਵਾਲਿਆਂ ਨੇ ਪੰਜਾਬੀਆਂ ਨੂੰ ਆਪਣਾ ਵੱਡਾ ਭਰਾ ਕਹਿ ਕੇ ਬੁਲਾਇਆ। ਦੋਹਾਂ ਸੂਬਿਆਂ ਦੇ ਜਾਇਆਂ ਨੇ ਵੱਡੇ-ਵੱਡੇ ਕਾਫਲੇ ਬਣਾ ਕੇ ਦਿੱਲੀ ਨੂੰ ਜਾ ਘੇਰਾ ਪਾਇਆ। ਸੈਂਕੜੇ ਤੋਂ ਹਜ਼ਾਰਾਂ, ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਨੇ ਸਿੰਘੂ ਬਾਰਡਰ ਨੂੰ ਅਖਬਾਰਾਂ ਦੀਆਂ ਸੁਰਖੀਆਂ ਵਿਚ ਲੈ ਆਂਦਾ। ਹੁਣ ਏਥੇ ਸਟੇਜਾਂ ਲੱਗਣ ਲੱਗੀਆਂ। ਸਲਾਹ-ਮਸ਼ਵਰੇ ਹੋਣ ਲੱਗੇ। ਰਣਨੀਤੀ ਤੈਅ ਹੋਣ ਲੱਗੀ।
ਹੁਣ ਪੰਜਾਬ ਤੇ ਹਰਿਆਣਾ ਹੀ ਨਹੀਂ, ਰਾਜਸਥਾਨ, ਯੂ.ਪੀ., ਉਤਰਾਖੰਡ ਵੀ ਕਿਸਾਨਾਂ ਨਾਲ ਆਣ ਰਲੇ। ਜਿਵੇਂ-ਜਿਵੇਂ ਭਾਰਤ ਦੇ ਦੂਸਰੇ ਭਾਗਾਂ ਵਿਚ ਦਿੱਲੀ ਮੋਰਚੇ ਦੀ ਖਬਰ ਜਾਣ ਲੱਗੀ, ਉਥੋਂ ਵੀ ਲੋਕ ਵੀ ਵਹੀਰਾਂ ਘੱਤ ਕੇ ਆਉਣ ਲੱਗੇ। ਬਿਹਾਰ, ਮੱਧ ਪ੍ਰਦੇਸ਼, ਬੰਗਾਲ, ਤਾਮਿਲਨਾਡੂ, ਕੇਰਲ, ਮਹਾਰਾਸ਼ਟਰ, ਗੁਜਰਾਤ ਤੋਂ ਵੀ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਕਿਸਾਨ ਵਿਰੋਧੀ ਬਿੱਲ ਇਕੱਲੇ ਕਿਸਾਨਾਂ ਲਈ ਹੀ ਨਹੀਂ ਸਗੋਂ ਸਭ ਲਈ ਮੌਤ ਦੇ ਵਾਰੰਟ ਹਨ। ਜਿਉਂ-ਜਿਉਂ ਲੋਕ ਇਨ੍ਹਾਂ ਬਿੱਲਾਂ ਦੇ ਅੰਤਰੀਵ ਭਾਵ ਸਮਝਦੇ ਗਏ, ਦਿੱਲੀ ਦੁਆਲੇ ਘੇਰਾ ਸੰਘਣਾ ਹੁੰਦਾ ਗਿਆ।
ਪੰਜਾਬ ਦੀਆਂ ਮਾਵਾਂ ਨੇ ਘਰਾਂ ਤੋਂ ਪੁੱਤਰਾਂ ਨੂੰ ਤੁਰਨ ਤੋਂ ਪਹਿਲਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੁੱਤਰੋ! ਜਿੱਤ ਕੇ ਵਾਪਸ ਆਉਣਾ ਹੈ। ਇਉਂ ਕਾਫਲੇ ਬਣ ਗਏ। ਸਿੰਘੂਪੁਰ ਤੇ ਟਿਕਰੀ ਬਾਰਡਰਾਂ ਤੋਂ ਬਾਅਦ ਸ਼ਾਹਜਹਾਨਪੁਰ ਅਤੇ ਗਾਜ਼ੀਪੁਰ ਬਾਰਡਰਾਂ ਉਪਰ ਲੋਕਾਂ ਦੇ ਠਾਠਾਂ ਮਰਦੇ ਇਕੱਠਾਂ ਨੇ ਮੋਦੀ ਹਕੂਮਤ ਨੂੰ ਸੋਚਣ ਲਾ ਦਿੱਤਾ। ਦਿੱਲੀ ਦਰਬਾਰ ਬੁਖਲਾ ਗਿਆ। ਕਿਸਾਨੀ ਦੇ ਵਿਦਰੋਹ ਨੂੰ ਤਰ੍ਹਾਂ-ਤਰ੍ਹਾਂ ਦੇ ਨਾਵਾਂ ਨਾਲ ਬਦਨਾਮ ਕਰਨ ਲੱਗੇ। ਵੱਖਵਾਦੀ, ਅਤਿਵਾਦੀ, ਚੀਨ-ਪਾਕਿਸਤਾਨ ਦੇ ਏਜੰਟ ਕਿਹਾ ਜਾਣ ਲੱਗਾ। ਅਖੇ, ਇਨ੍ਹਾਂ ਨੂੰ ਬਾਹਰੋਂ ਫੰਡਿੰਗ ਆ ਰਹੀ ਹੈ। ਏਨੇ ਲੰਗਰ, ਏਨੀਆਂ ਸਹੂਲਤਾਂ, ਏਡੇ ਵੱਡੇ-ਵੱਡੇ ਪ੍ਰਬੰਧ ਕਿੰਝ ਹੋ ਰਹੇ ਨੇ? ਪਰ ਸਰਕਾਰ ਦਾ ਇਹ ਦੁਰ-ਪ੍ਰਚਾਰ ਚੱਲ ਨਾ ਸਕਿਆ।
ਫਿਰ ਤਾਂ ਜਿਵੇਂ ਦਿੱਲੀ ਦੇ ਆਲੇ-ਦੁਆਲੇ ਨਵਾਂ ਪੰਜਾਬ ਵਸ ਗਿਆ ਹੋਵੇ! ਕਿਧਰੋਂ ਰਸਦ-ਪਾਣੀ, ਕਿਧਰੋਂ ਦਵਾਈਆਂ, ਕਿਧਰੋਂ ਰਹਿਣ-ਸਹਿਣ ਲਈ ਵੱਡੇ-ਵੱਡੇ ਟੈਂਟ, ਨਹਾਉਣ ਲਈ ਜ਼ਮੀਨ ਵਿਚ ਨਵੇਂ ਬੋਰ, ਬਾਥਰੂਮ, ਕੱਪੜੇ ਧੋਣ ਲਈ ਮਸ਼ੀਨਾਂ, ਕਿਤਾਬਾਂ ਦੀਆਂ ਮੁਫਤ ਸਟਾਲਾਂ ਜਿਵੇਂ ਬਿਲਕੁਲ ਕੋਈ ਨਵਾਂ ਸੰਸਾਰ, ਕੋਈ ਹਲੀਮੀ ਰਾਜ ਦਾ ਆਗਾਜ਼ ਹੋ ਰਿਹਾ ਹੋਵੇ।
ਹਾਕਮਾਂ ਲਈ ਇਸ ਸ਼ਾਂਤਮਈ ਵਿਰੋਧ ਨੂੰ ਸਹਿਣ ਕਰਨਾ ਚੁਣੌਤੀ ਬਣ ਗਈ। 26 ਜਨਵਰੀ ਵਾਲੀਆਂ ਘਟਨਾਵਾਂ ਦੇ ਬਹਾਨੇ ਬਾਰਡਰਾਂ ਉਤੇ ਹਮਲੇ ਸ਼ੁਰੂ ਕਰਵਾ ਦਿੱਤੇ ਗਏ। ਪਾਣੀ, ਬਿਜਲੀ, ਇੰਟਰਨੈੱਟ ਸਭ ਕੁਝ ਬੰਦ ਕਰ ਦਿੱਤਾ ਗਿਆ। ਰਾਹਾਂ ਵਿਚ ਡੂੰਘੀਆਂ ਖਾਈਆਂ, ਬੈਰੀਕੇਡ, ਲੰਮੇ-ਲੰਮੇ ਕਿੱਲ ਗੱਡ ਦਿੱਤੇ ਗਏ ਪਰ ਇਸ ਸਭ ਕੁਝ ਬਾਵਜੂਦ ਕਿਸਾਨਾਂ, ਨੌਜਵਾਨਾਂ, ਬਜ਼ੁਰਗਾਂ ਬੱਚਿਆਂ ਦੇ ਹੌਸਲੇ ਹੋਰ ਵੀ ਮਜ਼ਬੂਤ ਹੋ ਗਏ। ਸਰਕਾਰੀ ਦਮਨ ਦੇ ਇਸ ਪੈਂਤੜੇ ਨੂੰ ਵੀ ਕਿਸਾਨਾਂ ਨੇ ਫੇਲ੍ਹ ਕਰ ਦਿੱਤਾ। ਅਸਲ ਵਿਚ, ਹਾਕਮ ਲੋਕ ਕਿਸਾਨੀ ਸੰਘਰਸ਼ ਨੂੰ ਫੇਲ੍ਹ ਕਰਨ ਲਈ ਜਿਉਂ-ਜਿਉਂ ਨਵੇਂ ਤਰੀਕੇ ਅਪਨਾਉਂਦੇ ਗਏ, ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੋਕ ਕਾਫਲੇ ਬਣਾ ਕੇ ਪਹੁੰਚਣ ਲੱਗ ਪਏ।
ਉਤਰ ਪ੍ਰਦੇਸ਼ ਅੰਦਰ ਮਹਾਂ ਪੰਚਾਇਤਾਂ ਅਤੇ ਹਰਿਆਣਾ ਅੰਦਰ ਖਾਪ ਪੰਚਾਇਤਾਂ ਸ਼ੁਰੂ ਹੋ ਗਈਆਂ। ਇਸੇ ਤਰ੍ਹਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਅੰਦਰ ਵੱਡੇ ਕਿਸਾਨ ਇਕੱਠ ਹੋਣ ਲੱਗੇ। ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਆਵਾਜ਼ ਉਠ ਰਹੀ ਹੈ। ਸਭ ਦਾ ਇਕੋ ਨਿਸ਼ਾਨਾ ਹੈ- ਖੇਤੀ ਕਾਨੂੰਨਾਂ ਦੀ ਵਾਪਸੀ।
ਆਮ ਲੋਕਾਂ ਦਾ ਤੜਕੇ ਉੱਠ ਕੇ ਚੁੱਲ੍ਹਾ-ਚੌਂਕਾ ਕਰਨਾ, ਸਫਾਈ ਕਰਨੀ, ਸਬਜ਼ੀਆਂ ਬਣਾਉਣੀਆਂ, ਸਭ ਕੁਝ ਸਾਂਝੇ ਤੌਰ ‘ਤੇ ਹੋ ਰਿਹਾ। ਸਾਰੇ ਪੰਗਤ ਵਿਚ ਬੈਠ ਕੇ ਰੋਟੀ-ਪਾਣੀ ਛਕਦੇ ਹਨ। ਕੌਣ ਕਿਥੇ ਆਇਆ, ਕੋਈ ਮਾਇਨੇ ਨਹੀਂ ਰਹਿ ਗਏ। ਦਿੱਲੀ ਸ਼ਹਿਰ ਤੋਂ ਹਿੰਦੂ ਮੁਸਲਮਾਨ ਸਿੱਖ ਪਰਿਵਾਰ ਆ ਕੇ ਸੇਵਾ ਕਰ ਰਹੇ ਹਨ। ਜਿਵੇਂ ਕੋਈ ਚਮਤਕਾਰ ਵਾਪਰ ਰਿਹਾ ਹੋਵੇ।
ਹਰ ਰੋਜ਼ ਇਸ ਮੋਰਚੇ ਵਿਚ 2-3 ਮੌਤਾਂ ਹੋ ਰਹੀਆਂ ਨੇ। ਪਿਛਲੇ 3 ਮਹੀਨਿਆਂ ਦੌਰਾਨ ਢਾਈ ਸੌ ਤੋਂ ਉਪਰ ਜਾਨਾਂ ਜਾ ਚੁੱਕੀਆਂ ਨੇ ਪਰ ਕਿਸੇ ਸਰਕਾਰੀ ਬੰਦੇ ਨੇ ਅਫਸੋਸ ਨਹੀਂ ਜਤਾਇਆ ਸਗੋਂ ਮਖੌਲ ਉਡਾ ਰਹੇ ਹਨ।
ਮੋਰਚਾ ਲੰਮਾ ਹੋ ਰਿਹਾ ਹੈ ਅਤੇ ਨਾਲੋ-ਨਾਲ ਹਾਸਲ ਵੀ ਬਹੁਤ ਕੁਝ ਹੋ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਨੇ ਪੂਰੇ ਮੁਲਕ ਅੰਦਰ ਨਵੀਂ ਚੇਤਨਾ, ਨਵੀਂ ਸੋਚ, ਹੱਕਾਂ ਲਈ ਲੜਨ ਮਰਨ ਦਾ ਜਜ਼ਬਾ ਪੈਦਾ ਕੀਤਾ ਹੈ ਅਤੇ ਸਭ ਤੋਂ ਵੱਡੀ ਗੱਲ, ਕੱਟੜਪੰਥੀ ਹਿੰਦੂਤਵੀ ਜ਼ਹਿਰ ਨੂੰ ਠੱਲ੍ਹ ਪਾਈ ਹੈ।
ਅੱਜ ਲੋੜ ਹੈ ਹਰ ਵਰਗ, ਹਰ ਸੰਸਥਾ, ਹਰ ਰਾਜਨੀਤਕ ਪਾਰਟੀ ਇਕੱਠੇ ਹੋ ਕੇ ਬੀ.ਜੇ.ਪੀ. ਨੂੰ ਹਰਾਉਣ ਲਈ ਇਕਜੁੱਟ ਹੋਵੇ। ਇਸ ਪਾਰਟੀ ਦੇ ਸਾਹ ਬੰਦ ਕਰਨ ਲਈ ਇਸ ਦੀ ਲਾਈਫ-ਲਾਈਨ ਕੱਟਣੀ ਜ਼ਰੂਰੀ ਹੈ। ਪੱਛਮੀ ਬੰਗਾਲ, ਆਸਾਮ, ਕੇਰਲ, ਪੁਡੂਚੇਰੀ, ਤਮਿਲਨਾਡੂ ਵਿਚ ਹੋ ਰਹੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਹਾਰਨਾ ਜਾਂ ਇਸ ਦਾ ਗਰਾਫ ਹੇਠਾਂ ਡਿੱਗਣਾ ਜ਼ਰੂਰੀ ਹੈ। ਇਹੀ ਇਕੋ-ਇਕ ਤਰੀਕਾ ਹੈ ਜਿਸ ਰਾਹੀਂ ਲੋਕਾਂ ਦਾ ਭਲਾ ਹੋ ਸਕੇਗਾ। ਸਰਕਾਰ ਨੂੰ ਮਜਬੂਰ ਕਰ ਕੇ ਟੇਬਲ ਟਾਕ ‘ਤੇ ਲਿਆਉਣ ਦੀ ਲੋੜ ਹੈ। ਬੀ.ਜੇ.ਪੀ. ਦੀ ਅਮੀਰ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਨੂੰ ਤੋੜਨ ਦਾ ਇਹੀ ਵਧੀਆ ਵਸੀਲਾ ਬਣ ਸਕਦਾ ਹੈ।
ਇਹ ਕਦੇ ਨਾ ਭੁਲੀਏ ਕਿ ਆਮ ਲੋਕਾਂ ਦਾ ਹੱਕਾਂ ਲਈ ਸ਼ੁਰੂ ਹੋਇਆ ਇਹ ਸੰਘਰਸ਼ ਭਾਰਤੀ ਲੋਕਤੰਤਰ ਨੂੰ ਕਈ ਨਵੇਂ ਸੁਨੇਹੇ ਅਤੇ ਨਵੀਆਂ ਵੰਗਾਰਾਂ ਦੇਣ ਦੇ ਸਮਰਥ ਹੈ।