ਸੁਖਵੀਰ ਸਿੰਘ ਕੰਗ
ਫੋਨ: 91-85678-72291
ਕਦੇ ਸਮਾਂ ਹੁੰਦਾ ਸੀ ਕਿ ਜੰਗਾਂ, ਯੁੱਧਾਂ, ਅੰਦੋਲਨਾਂ, ਸੰਘਰਸ਼ਾਂ ਅਤੇ ਖਿੱਚੋਤਾਣਾਂ ਦੌਰਾਨ ਲੋਕਾਂ ਨੂੰ ਸੰਦੇਸ਼ ਪਹੁੰਚਾਉਣ, ਲਾਮਬੰਦ ਕਰਨ ਤੇ ਪ੍ਰਚਾਰ ਕਰਨ ਲਈ ਕਾਫੀ ਮੁਸ਼ੱਕਤ ਲੱਗਦੀ ਸੀ। ਅੱਜ ਉਹ ਸਮਾਂ ਨਹੀਂ ਹੈ ਕਿ ਲੋਕਾਂ ਤੱਕ ਸਰੀਰਕ ਤੌਰ `ਤੇ ਜਾਂ ਪੱਤਰਾਂ ਦੇ ਰੂਪ ਵਿਚ ਸੰਪਰਕ ਬਣਾਏ ਜਾਣ। ਹੁਣ ਤਾਂ ਲੋਕਾਂ, ਸਹਿਯੋਗੀਆਂ, ਦੇਸ਼ ਅਤੇ ਦੁਨੀਆਂ ਵਿਚ ਅਜਿਹੀਆਂ ਖਬਰਾਂ ਪਲਾਂ ਵਿਚ ਪਹੁੰਚ ਜਾਂਦੀਆਂ ਹਨ।
ਖਬਰਾਂ, ਜਾਣਕਾਰੀਆਂ ਤੇ ਸੂਚਨਾਵਾਂ ਪਹਿਲਾਂ ਅਖਬਾਰਾਂ, ਕਦੇ ਰੇਡੀਓ ਅਤੇ ਫਿਰ ਟੈਲੀਵਿਜ਼ਨ ਰਹੀਂ ਤੇਜੀ ਨਾਲ ਲੋਕਾਂ ਤੱਕ ਪਹੁੰਚ ਜਾਂਦੀਆਂ ਸਨ। ਸਮਾਂ ਪਾ ਕੇ ਇਨ੍ਹਾਂ ਸਾਧਨਾਂ ਉੱਪਰ ਸਰਕਾਰੀ, ਫਿਰਕੂ, ਧਾਰਮਿਕ, ਲਾਲਚ ਅਤੇ ਮੌਕਾਪ੍ਰਸਤੀ ਦੀ ਰੰਗਤ ਚੜ੍ਹ ਜਾਣ ਕਾਰਨ ਲੋਕਾਂ ਵਿਚ ਇਨ੍ਹਾਂ ਦੀ ਭਰੋਸੇਯੋਗਤਾ ਘਟ ਹੀ ਨਹੀਂ ਗਈ, ਸਗੋਂ ਅੱਜ ਦੇ ਸਮੇਂ ਵਿਚ ਤਾਂ ਖਤਮ ਹੀ ਹੋ ਗਈ ਹੈ। ਲੋਕ ਹੁਣ ਮੁਲੰਮਾ ਰਹਿਤ ਖਬਰਾਂ ਅਤੇ ਹੋਰ ਜਾਣਕਾਰੀਆਂ ਲਈ ਸੋਸ਼ਲ ਮੀਡੀਏ ਵੱਲ ਆਕਰਸਿ਼ਤ ਹੋ ਗਏ ਹਨ। ਇਸ ਵਿਚ ਫੇਸਬੁੱਕ, ਟਵਿੱਟਰ, ਵ੍ਹੱਟਸ ਐਪ, ਯੂ-ਟਿਊਬ ਪ੍ਰਮੁੱਖ ਹਨ। ਲੋਕ ਹੁਣ ਅਖਬਾਰਾਂ ਅਤੇ ਟੀ. ਵੀ. ਖਬਰ ਚੈਨਲਾਂ ਦੀਆਂ ਖਬਰਾਂ, ਜਾਣਕਾਰੀਆਂ ਅਤੇ ਸੂਚਨਾਵਾਂ `ਤੇ ਨਿਰਭਰ ਨਹੀਂ ਰਹਿ ਸਕਦੇ, ਸਗੋਂ ਅਜਿਹੇ ਕਈ ਮੁਹਾਜਾਂ ਨੂੰ ਫਰੋਲਣਾ ਪੈਂਦਾ ਹੈ, ਤਾਂ ਹੀ ਉਹ ਕੋਈ ਨਿਚੋੜ ਕੱਢ ਸਕਦੇ ਹਨ ਕਿ ਅਸਲ ਸੱਚਾਈ ਕੀ ਹੈ!
ਸੋਸ਼ਲ ਮੀਡੀਏ ਅਤੇ ਹੋਰ ਆਨ ਲਾਈਨ ਸਾਧਨਾਂ ਨੇ ਜਿੱਥੇ ਸ਼ੁੱਧ ਅਤੇ ਅਸਲ ਖਬਰਾਂ, ਜਾਣਕਾਰੀਆਂ, ਸੂਚਨਾਵਾਂ ਅਤੇ ਘਟਨਾਵਾਂ ਨੂੰ ਤੇਜੀ ਨਾਲ ਫੈਲਾਉਣ ਵਿਚ ਅਹਿਮ ਰੋਲ ਨਿਭਾਇਆ, ਉੱਥੇ ਇਸ ਉੱਪਰ ਪਾਬੰਦੀ ਜਾਂ ਨਿਯੰਤਰਣ ਨਾ ਹੋਣ ਕਾਰਨ ਇਹ ਵੀ ਸਮਾਂ ਪਾ ਕੇ ਸ਼ਾਤਰ, ਸ਼ਰਾਰਤੀ, ਗੈਰ-ਜਿ਼ੰਮੇਵਾਰ, ਲਾਲਚੀ ਅਤੇ ਵੱਖ ਵੱਖ ਆਈ. ਟੀ. ਸੈੱਲਾਂ ਦੇ ਧੱਕੇ ਵੀ ਚੜ੍ਹ ਗਏ, ਪਰ ਫਿਰ ਵੀ ਇਹ ਮੁਹਾਜ਼ ਹਾਲ ਦੀ ਘੜੀ ਲੋਕਾਂ, ਸਰਕਾਰਾਂ ਅਤੇ ਹੋਰ ਦੁਨਿਆਵੀ ਸੰਸਥਾਵਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਸਾਧਨ ਭਾਵੇਂ ਕੱਚੀਆਂ-ਪੱਕੀਆਂ ਅਤੇ ਸੱਚੀਆਂ-ਝੂਠੀਆਂ ਜਾਣਕਾਰੀਆਂ ਨਾਲ ਵੀ ਲੱਦਿਆ ਪਿਆ ਹੈ, ਪਰ ਫਿਰ ਵੀ ਕਿਸੇ ਅਹਿਮ ਸ਼ਖਸੀਅਤ ਦੀ ਪੋਸਟ, ਟਵੀਟ ਜਾਂ ਵੀਡੀਓ ਸਬੰਧਤ ਵਿਸ਼ੇ ਸਬੰਧੀ ਅਤੇ ਦੁਨਿਆਵੀ ਤੌਰ `ਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਸੋਸ਼ਲ ਮੀਡੀਆ ਅਤੇ ਹੋਰ ਸਾਧਨ ਹਰ ਕਿਸੇ ਦੇਸ਼ ਦੀ ਅੰਦਰੂਨੀ ਜਾਂ ਬਾਹਰੀ ਹਿੱਲ-ਜੁੱਲ, ਗਤੀਵਿਧੀ ਜਾਂ ਖਿੱਚੋਤਾਣ ਦੀ ਚਰਚਾ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਹੁਣ ਤਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਕੌਮਾਂਤਰੀ ਸੰਗਠਨ ਇਨ੍ਹਾਂ ਦੀ ਨਿੱਠ ਕੇ ਵਰਤੋਂ ਵੀ ਕਰਦੇ ਹਨ ਅਤੇ ਇਨ੍ਹਾਂ ਗਤੀਵਿਧੀਆਂ `ਤੇ ਪੂਰੀ ਨਜ਼ਰ ਵੀ ਰੱਖਦੇ ਹਨ। ਸੋਸ਼ਲ ਅਤੇ ਦੂਸਰੇ ਮੀਡੀਏ ਦੀਆਂ ਨਿੱਜੀ ਪੋਸਟਾਂ ਸਰਕਾਰੀ ਤੇ ਨਿਆਇਕ ਕਾਰਵਾਈਆਂ ਦਾ ਆਧਾਰ ਅਤੇ ਕਾਰਨ ਵੀ ਬਣਨ ਲੱਗੀਆਂ ਹਨ।
ਦੇਸ਼ ਵਿਚ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਵੀ ਸੋਸ਼ਲ ਅਤੇ ਹੋਰ ਆਨ ਲਾਈਨ ਮੀਡੀਆ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦੇ ਦਿੱਲੀ ਵੱਲ ਕੀਤੇ ਕੂਚ ਵਿਚ ਪਾਈਆਂ ਸਰਕਾਰੀ ਰੁਕਾਵਟਾਂ ਅਤੇ ਕਿਸਾਨਾਂ ਦੇ ਇਨ੍ਹਾਂ ਨੂੰ ਪਾਰ ਕਰ ਜਾਣ ਦੀ ਜਮੀਨੀ ਤਸਵੀਰ ਨੂੰ ਪਲਾਂ ਵਿਚ ਦੇਸ਼ ਤੇ ਦੁਨੀਆਂ ਸਾਹਮਣੇ ਲਿਆਉਣ ਅਤੇ ਕਿਸਾਨ ਅੰਦੋਲਨ ਦੀਆਂ ਸਰਗਰਮੀਆਂ ਤੇ ਸਰਕਾਰ ਦੇ ਰਵੱਈਏ ਦਾ ਨਾਲੋ ਨਾਲ ਹਾਲ ਪੇਸ਼ ਕਰਨ ਸਦਕਾ ਸੋਸ਼ਲ ਮੀਡੀਆ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਅਤੇ ਸਬੰਧਤ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਦੇਸ਼ ਦੇ ਖ਼ਬਰ ਚੈਨਲਾਂ ਦਾ ਨਿਰੋਲ ਸਰਕਾਰੀ ਅਤੇ ਪੱਖਪਾਤੀ ਹੋ ਜਾਣਾ ਹੈ। ਲੋਕਾਂ ਨੂੰ ਅਸਲ ਖਬਰ, ਜਮੀਨੀ ਸੱਚਾਈ ਅਤੇ ਨਿਰਪੱਖ ਸੂਚਨਾ ਤੇ ਜਾਣਕਾਰੀ ਲਈ ਹੁਣ ਫੇਸਬੁੱਕ, ਵ੍ਹੱਟਸ ਐਪ, ਟਵਿੱਟਰ ਅਤੇ ਹੋਰ ਆਨ ਲਾਈਨ ਸਾਧਨਾਂ ਦੀ ਫੋਲਾ-ਫਾਲੀ ਕਰਨੀ ਹੀ ਪੈਂਦੀ ਹੈ, ਇਸ ਤੋਂ ਬਿਨਾ ਉਨ੍ਹਾਂ ਦਾ ਨਿਚੋੜ ਕੱਢ ਪਾਉਣਾ ਸੰਭਵ ਨਹੀਂ ਹੈ। ਇਸੇ ਕਰਕੇ ਕਿਸਾਨ ਅੰਦੋਲਨ ਨਾਲ ਕਿਸੇ ਵੀ ਕਿਸਮ ਦਾ ਸਰੋਕਾਰ ਰੱਖਣ ਵਾਲਾ ਹਰ ਵਿਅਕਤੀ ਆਪਣੇ ਵਿਚਾਰ, ਪ੍ਰਤੀਕ੍ਰਿਆ ਅਤੇ ਗਤੀਵਿਧੀ ਨੂੰ ਇਨ੍ਹਾਂ ਪਲੈਟਫਾਰਮਾਂ ਤੇ ਸਾਂਝਾ ਕਰਨਾ ਜਰੂਰੀ ਸਮਝਦਾ ਹੈ। ਇਸ ਤਰ੍ਹਾਂ ਇਹ ਸਾਰੇ ਪਲੈਟਫਾਰਮ ਪੇਸ਼ਕਾਰੀ ਅਤੇ ਆਲੋਚਨਾ ਦਾ ਪਿੜ ਬਣੇ ਹੋਏ ਹਨ।
ਨਵੇਂ ਚਿਹਰਿਆਂ ਦੇ ਉਭਾਰ ਵਿਚ ਵੀ ਇਹ ਪੂਰਾ ਯੋਗਦਾਨ ਪਾਉਣ ਦੇ ਸਮਰੱਥ ਹਨ। ਕਿਸਾਨ ਅੰਦੋਲਨ ਦਰਮਿਆਨ 26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਦੀ ਘਟਨਾ ਤੋਂ ਇੱਕ ਦਮ ਬਾਅਦ ਕੁਝ ਕਿਸਾਨ ਆਗੂਆਂ ਦੇ ਨੌਜਵਾਨਾਂ ਦੀ ਇਸ ਕਾਰਵਾਈ ਅਤੇ ਰੱਖਿਆ ਤੋਂ ਪੱਲਾ ਝਾੜ ਦੇਣ ਤੋਂ ਲੈ ਕੇ ਅੱਜ ਤੱਕ ਕਿਸਾਨ ਆਗੂਆਂ ਅਤੇ ਨਿਰਾਸ਼ ਨੌਜਵਾਨਾਂ ਵਿਚਕਾਰ ਸੋਸ਼ਲ ਮੀਡੀਏ ਉੱਪਰ ਪੋਸਟਾਂ ਅਤੇ ਟਿੱਪਣੀਆਂ ਦੀ ਜੰਗ ਜਾਰੀ ਹੈ। ਇਹ ਖਿੱਚੋਤਾਣ ਕਿਤੇ ਉਸਾਰੂ ਬਹਿਸ ਵੀ ਹੈ, ਪਰ ਕਈ ਵਾਰ ਇਹ ਬੇਕਾਬੂ ਅਤੇ ਉਲਾਰੂ ਵੀ ਦੇਖਣ ਨੂੰ ਮਿਲ ਰਹੀ ਹੈ। ਵਿਚਾਰ ਪੇਸ਼ ਕਰ ਦੇਣਾ ਤਾਂ ਠੀਕ ਹੈ, ਪਰ ਪੋਸਟਾਂ ਅਤੇ ਟਿੱਪਣੀਆਂ ਦਾ ਕੁਰੱਖਤ ਤੇ ਅਸ਼ਲੀਲ ਹੋ ਕੇ ਹੱਦਾਂ ਪਾਰ ਕਰ ਜਾਣਾ ਨਿਰਾਸ਼ਾਜਨਕ ਵਰਤਾਰਾ ਹੈ।
ਸੋਸ਼ਲ ਮੀਡੀਏ ਉੱਪਰ ਕੁਝ ਵੀ ਕਹਿ ਦੇਣ ਦੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਉਠਾ ਕੇ ਬਹੁਤ ਸਾਰੇ ਅਨਸਰ ਗਾਲ੍ਹੀ-ਗਲੋਚ ਤੋਂ ਵੀ ਨਹੀਂ ਕਤਰਾਉਂਦੇ। ਇਨ੍ਹਾਂ ਸੋਸ਼ਲ ਸਾਈਟਾਂ ਅਤੇ ਹੋਰ ਆਨ ਲਾਈਨ ਸਾਧਨਾਂ ਉੱਪਰ ਪਿਛਲੇ ਕੁਝ ਸਮੇਂ ਤੋਂ ਸਰਕਾਰ ਤੇ ਕਿਸਾਨ ਆਗੂਆਂ ਵਿਚਕਾਰ ਅਤੇ ਕਿਸਾਨ ਮੋਰਚਿਆਂ ਦੀ ਸੱਤਾ `ਤੇ ਕਾਬਜ਼ ਆਗੂਆਂ; ਅੰਦੋਲਨ ਦੇ ਅੰਦਰੋਂ ਹੀ ਨੌਜਵਾਨ ਅਤੇ ਸਿੱਖ ਸਿਧਾਂਤ ਪੱਖੀ ਪੈਦਾ ਹੋਈ ਮੁਕਾਬਲੇ ਦੀ ਧਿਰ ਵਿਚਕਾਰ ਬਹੁਤ ਸਰਗਰਮ ਬਹਿਸ, ਟਿਪਣੀਬਾਜ਼ੀ ਤੇ ਦੂਸ਼ਣਬਾਜ਼ੀ ਛਿੜੀ ਹੋਈ ਹੈ। ਕਿਸਾਨ ਅੰਦੋਲਨ ਅੰਦਰ ਪੈਦਾ ਹੋਈ ਇਸ ਖਿੱਚੋਤਾਣ ਦਾ ਲਾਭ ਉਠਾਉਣ ਲਈ ਸਰਕਾਰ ਅਤੇ ਕਈ ਕਿਸਮ ਦੇ ਆਈ. ਟੀ. ਸੈੱਲ ਵੀ ਸੰਘਰਸ਼ ਨੂੰ ਦੋਫਾੜ ਕਰਨ ਲਈ ਪੂਰੇ ਤਾਣ ਨਾਲ ਡਟੇ ਹੋਏ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਲੀਹੋਂ ਲਾਹਿਆ ਜਾਵੇ। ਸਰਕਾਰ ਅਤੇ ਆਈ. ਟੀ. ਸੈੱਲ ਅਨੇਕਾਂ ਫਰਜ਼ੀ ਆਈ. ਡੀ. ਬਣਾ ਕੇ ਇਸ ਮੁਹਾਜ਼ `ਤੇ ਪੂਰੇ ਸਰਗਰਮ ਹਨ।
ਕਿਸਾਨ ਆਗੂਆਂ ਨੇ ਨੌਜਵਾਨ ਚਿਹਰਿਆਂ ਦਾ ਪਿਛੋਕੜ ਕੀ ਫਰੋਲਿਆ ਕਿ ਲੋਕਾਂ ਨੇ ਕਿਸਾਨ ਆਗੂਆਂ ਦੇ ਪਿਛੋਕੜ ਦੇ ਦਾਗਾਂ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂਆਂ ਵਲੋਂ ਸ਼ੱਕ ਨੂੰ ਆਧਾਰ ਬਣਾ ਕੇ ਕੁਝ ਨਵੇਂ ਚਿਹਰਿਆਂ ਦੇ ਕਿਰਦਾਰਾਂ ਵੱਲ ਉਂਗਲ ਉਠਾਉਣ ਦੀ ਦੇਰ ਸੀ ਕਿ ਉਨ੍ਹਾਂ ਦੇ ਹਮਾਇਤੀ ਨੌਜਵਾਨਾਂ ਨੇ ਕਿਸਾਨ ਆਗੂਆਂ ਦੇ ਕਿਰਦਾਰਾਂ ਬਾਰੇ ਉਪਲਬਧ ਨਾਂਹ ਪੱਖੀ ਤੱਥਾਂ ਦੀ ਹਨੇਰੀ ਲਿਆ ਦਿੱਤੀ। ਸਰਕਾਰ ਤਾਂ ਇਸ ਵਰਤਾਰੇ ਦੀ ਹੀ ਉਡੀਕ ਵਿਚ ਬੈਠੀ ਸੀ। ਇਸ ਮੰਦਭਾਗੇ ਵਰਤਾਰੇ ਨੇ ਸ਼ਰਾਰਤੀ ਤੱਤਾਂ, ਸਰਕਾਰ ਅਤੇ ਆਈ. ਟੀ. ਸੈੱਲਾਂ ਨੂੰ ਆਪਣੀਆਂ ਕੋਝੀਆਂ, ਨਕਲੀ, ਮਿਲਾਵਟੀ ਅਤੇ ਕਿਸਾਨ ਸੰਘਰਸ਼ ਵਿਚ ਵਖਰੇਵੇਂ ਭੜਕਾਉਣ ਵਾਲੀਆਂ ਗਤੀਵਿਧੀਆਂ ਨੂੰ ਸਿਖਰ `ਤੇ ਪਹੁੰਚਾਉਣ ਦਾ ਸੁਨਹਿਰਾ ਮੌਕਾ ਦਿੱਤਾ।
ਇੰਟਰਨੈੱਟ ਉੱਪਰ ਵਖਰੇਵੇਂ ਤੇ ਖਿੱਚੋਤਣ ਦੀ ਪੈਦਾ ਹੋਈ ਇਸ ਲਹਿਰ ਦਾ ਲਾਭ ਲੈਂਦਿਆਂ ਸਰਕਾਰ ਨੇ ਵੀ ਨੌਜਵਾਨਾਂ ਖਿਲਾਫ ਦਮਨਕਾਰੀ ਮੁਹਿੰਮ ਅਰੰਭ ਦਿੱਤੀ, ਪਰ ਅੰਦਲਨ ਦੀ ਵਿਸ਼ਵ ਪੱਧਰ ਤੱਕ ਬਣੀ ਪਛਾਣ ਕਾਰਨ ਇਹ ਬਹੁਤੀ ਸਫਲ ਨਹੀਂ ਹੋ ਸਕੀ। ਉਂਜ ਤਸ਼ੱਦਦ ਦੇ ਸਿ਼ਕਾਰ ਲੋਕਾਂ, ਉਨ੍ਹਾਂ ਦੇ ਵਾਰਸਾਂ ਅਤੇ ਹਮਾਇਤੀਆਂ ਦਾ ਤੋੜ-ਵਿਛੋੜਾ ਕਰੀਂ ਚੁੱਪ ਬੈਠੈ ਕਿਸਾਨ ਆਗੂਆਂ ਵਿਚਕਾਰ ਪਾੜਾ ਹੋਰ ਵਧ ਗਿਆ, ਜਿਸ ਦੇ ਨਤੀਜੇ ਵਜੋਂ ਸੋਸ਼ਲ ਮੀਡੀਆਈ ਜੰਗ ਹੋਰ ਤੇਜ ਹੋ ਗਈ। ਫਿਰ ਇਸ ਖਿਚੋਤਾਣ ਵਿਚ ਨਵਾਂ ਮੋੜ ਆਇਆ ਵਿਸ਼ਵ ਪੱਧਰੀ ਮਸ਼ਹੂਰ ਹਸਤੀਆਂ ਦੇ ਕਿਸਾਨ ਪੱਖੀ ਟਵੀਟਾਂ ਨੇ ਹਲਚਲ ਮਚਾ ਦਿੱਤੀ ਅਤੇ ਸਰਕਾਰ ਨੂੰ ਵੀ ਇੱਕ ਵਾਰ ਤਾਂ ਭਾਜੜ ਹੀ ਪੈ ਗਈ ਅਤੇ ਇਹ ਬਾਹਰੀ ਦਖਲ ਸਰਕਾਰ ਨੂੰ ਬਹੁਤ ਚੁਭਿਆ।
ਆਪਣੇ ਬਚਾਓ ਲਈ ਸਰਕਾਰ ਨੂੰ ਦੇਸ਼ ਦੇ ਅੰਦਰੂਨੀ ਭਾੜੇ ਦੇ ਮਸ਼ਹੂਰ ਫਿਲਮੀ ਅਤੇ ਖਿਡਾਰੀ ਚਿਹਰਿਆਂ ਦਾ ਸਹਾਰਾ ਲੈਣਾ ਪਿਆ, ਪਰ ਛੇਤੀ ਹੀ ਮਜ਼ਾਕ ਅਤੇ ਲੋਕ ਵਿਰੋਧ ਦਾ ਸਿ਼ਕਾਰ ਹੋ ਕੇ ਇਹ ਟੋਲਾ ਛੇਤੀ ਹੀ ਚੁੱਪ ਹੋ ਗਿਆ। ਇਸ ਦਾ ਕਾਰਨ ਸੀ ਕਿ ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਅਤੇ ਵਿਸ਼ਵ ਪੱਧਰੀ ਵੱਡੀ ਪਛਾਣ ਰੱਖਦੀਆਂ ਹਸਤੀਆਂ ਵਲੋਂ ਮਿਲੀ ਹਮਾਇਤ ਆਪ ਮੁਹਾਰੇ ਸੀ, ਜਦੋਂ ਕਿ ਦੇਸ਼ ਦੀਆਂ ਫਿਲਮੀ, ਖਿਡਾਰੀ ਅਤੇ ਹੋਰ ਹਸਤੀਆਂ ਦੇ ਟਵੀਟ ਪ੍ਰਭਾਵ ਅਧੀਨ ਕੀਤੇ ਸਨ। ਅਮਰੀਕੀ ਗਾਇਕਾ ਰੇਹਾਨਾ, ਸਵੀਡਨ ਦੀ ਵਾਤਾਵਰਣ ਕਾਰਜਕਰਤਾ ਗਰੇਟਾ ਥਨਬਰਗ ਅਤੇ ਹੋਰ ਖੇਤਰਾਂ ਵਿਚ ਕੌਮਾਂਤਰੀ ਨਾਮਣਾ ਖੱਟਣ ਵਾਲੀਆਂ ਹਸਤੀਆਂ ਦੇ ਟਵੀਟਾਂ ਨੇ ਇਸ ਅੰਦੋਲਨ ਨੂੰ ਬਹੁਤ ਤਾਕਤ ਦਿੱਤੀ।
ਸਰਕਾਰ ਨੇ ਇਸ ਕਿਸਮ ਦੀ ਹਮਾਇਤ ਨੂੰ ਰੋਕਣ ਲਈ ਕਈ ਹੱਥ ਕੰਡੇ ਵਰਤੇ। ਫਿਰ ਸਰਕਾਰ ਦੇ ਨੈਟ `ਤੇ ਸਰਗਰਮ ਵਿੰਗਾਂ ਦੇ ਯੋਗਦਾਨ ਅਤੇ ਸਰਕਾਰ ਦੇ ਵਧੇ ਹੋਏ ਤਸ਼ੱਦਦ ਪ੍ਰਤੀ ਕਿਸਾਨ ਆਗੂਆਂ ਦੇ ਦੂਰੀ ਅਤੇ ਚੁੱਪ ਵਾਲੇ ਵਤੀਰੇ ਨੇ ਇੰਟਰਨੈੱਟ ਦੇ ਸਾਰੇ ਮੁਹਾਜਾਂ `ਤੇ ਆਪਸੀ ਵਿਰੋਧ ਭਰੀ ਜੰਗ ਨੂੰ ਬਹੁਤ ਤੇਜ ਕਰ ਦਿੱਤਾ। ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਕਿਸਾਨ ਅੰਦੋਲਨ ਪ੍ਰਤੀ ਸ਼ੁਭ ਅਤੇ ਫਿਕਰਮੰਦ ਭਾਵਨਾਂ ਰੱਖਣ ਵਾਲੇ ਲੋਕਾਂ ਨੇ ਨੌਜਵਾਨਾਂ ਤੇ ਆਗੂਆਂ ਨੂੰ ਹੋਸ਼ ਕਰਨ ਦੀਆਂ ਨਸੀਹਤਾਂ ਦੀ ਮੁਹਿੰਮ ਵੀ ਵਿੱਢੀ, ਜਿਸ ਦਾ ਕਾਫੀ ਅਸਰ ਵੀ ਹੋਇਆ। ਇਨ੍ਹਾਂ ਸਭ ਵਰਤਾਰਿਆਂ ਦੇ ਬਾਵਜੂਦ ਹਾਲੇ ਵੀ ਫੇਸਬੁੱਕ, ਟਵਿੱਟਰ ਅਤੇ ਵ੍ਹੱਟਸ ਐਪ ਕਿਸਾਨ ਅੰਦੋਲਨ ਦਰਮਿਆਨ ਸਭ ਧਿਰਾਂ ਲਈ ਜੰਗ ਦਾ ਮੈਦਾਨ ਬਣੇ ਹੋਏ ਹਨ। ਆਮ ਲੜਾਈਆਂ ਵਿਚ ਤਾਂ ਮਿਹਣੋ-ਮਿਹਣੀ, ਗਾਲ੍ਹੋ-ਗਾਲ੍ਹੀ, ਛਿੱਤਰੋ-ਛਿੱਤਰੀ ਜਾਂ ਮਰਨ-ਮਾਰਨ `ਤੇ ਉੱਤਰਨਾ ਪੈਂਦਾ ਹੈ, ਪਰ ਇਹ ਜੰਗ ਪੋਸਟੋ-ਪੋਸਟੀ, ਕੁਮੈਂਟੋ-ਕੁਮੈਂਟੀ, ਮੈਸਜੋ-ਮੈਸਜੀ ਅਤੇ ਟਵੀਟੋ-ਟਵੀਟੀ ਹੋ ਕੇ ਲੜੀ ਜਾ ਰਹੀ ਹੈ। ਕੁਝ ਵੀ ਹੋਵੇ, ਇਹ ਵਿਲੱਖਣ ਜੰਗ ਕਿਸਾਨ ਅੰਦੋਲਨ ਦਾ ਮੁਹਾਂਦਰਾ ਅਤੇ ਮੁੱਖ ਮੁਹਾਜ ਬਣੀ ਹੋਈ ਹੈ।