ਪ੍ਰਿੰ. ਸਰਵਣ ਸਿੰਘ
ਲਾਭ ਸਿੰਘ ਸੰਧੂ ਪੱਤਰਕਾਰ ਵੀ ਹੈ ਤੇ ਖੋਜਕਾਰ ਵੀ। ਉਸ ਨੇ ਮਾਨਸਾ, ਬਠਿੰਡਾ ਤੇ ਫਰੀਦਕੋਟ ਵੱਲ ਦੇ ਅਨੇਕਾਂ ਗੁੰਮਨਾਮ ਖਿਡਾਰੀਆਂ ਦੀ ਖੋਜ ਕੀਤੀ ਤੇ ਉਨ੍ਹਾਂ ਬਾਰੇ ਲਿਖਿਆ। ਉਸ ਦੀ ਵਧੇਰੇ ਮਸ਼ਹੂਰੀ ‘ਖੁੰਢ ਚਰਚਾ’ ਕਾਲਮ ਲਿਖਣ ਨਾਲ ਹੋਈ। ਉਹ ਕਾਲਮ ਉਸ ਨੇ 1987 ਤੋਂ 2007 ਤਕ ‘ਅਜੀਤ’ ਵਿਚ ਲਗਾਤਾਰ ਵੀਹ ਸਾਲ ਲਿਖਿਆ। ਇਸ ਤੋਂ ਬਿਨਾ ਉਸ ਦੇ ‘ਏਹੁ ਹਮਾਰਾ ਜੀਵਣਾ’, ‘ਵਾਹ ਕੁੜੀਏ ਪੰਜਾਬ ਦੀਏ’ ਤੇ ‘ਰੰਗ ਚਰਚਾ’ ਕਾਲਮ ਵੀ ਸਾਲਾਂ ਬੱਧੀ ਚੱਲੇ।
ਖੇਡਾਂ ਖਿਡਾਰੀਆਂ ਸਬੰਧੀ ਉਸ ਦੀਆਂ ਪੰਜ ਪੁਸਤਕਾਂ ‘ਗੁਆਚੇ ਹੀਰੇ’, ‘ਕਬੱਡੀ ਜਗਤ ਦੇ ਗੁਆਚੇ ਹੀਰੇ’, ‘ਗੱਭਰੂ ਪੁੱਤ ਪੰਜਾਬ ਦੇ’, ‘ਚੰਨ ਮਾਹੀ ਦੀਆਂ ਬਾਤਾਂ’ ਤੇ ਖੇਡ ਬੋਲੀਆਂ ‘ਲੱਖੀ ਜੰਗਲ ਦਾ ਵਿਰਸਾ’ ਛਪੀਆਂ। ਇਨ੍ਹਾਂ ਤੋਂ ਬਿਨਾਂ ‘ਪਾਕਿ ਨਾਵਲਾਂ ਦਾ ਅਧਿਐਨ’, ‘ਖੁੰਢ ਚਰਚਾ’ ਦੇ ਦੋ ਭਾਗ, ਲਘੂ ਨਾਟਕ ‘ਬੋਲ ਜਮੂਰੇ ਬੋਲ’, ‘ਕੱਲ੍ਹ ਦੀ ਭੂਤਨੀ’ ਤੇ ‘ਘੁੱਗੀ ਕੀ ਜਾਣੇ ਸਤਗੁਰ ਦੀਆਂ ਬਾਤਾਂ’ ਪੁਸਤਕਾਂ ਪ੍ਰਕਾਸਿ਼ਤ ਹੋਈਆਂ। ਉਹਦਾ ਕੱਦ ਵੀ ਲੰਮਾ ਹੈ, ਦਾੜ੍ਹੀ ਵੀ ਲੰਮੀ, ਮੁੱਛਾਂ ਵੀ ਲੰਮੀਆਂ ਤੇ ਉਲਾਂਘਾਂ ਵੀ ਲੰਮੀਆਂ ਭਰਦੈ। ਉਸ ਦੇ ਕਾਲਮ ਵੀ ਲੰਮਾ ਸਮਾਂ ਚੱਲੇ। ਖੁੰਢ ਚਰਚਾ ਕਰਨ ਵਾਲੇ ਉਸ ਨੂੰ ਬਹੁਗੁਣਾ ਬੰਦਾ ਮੰਨਦੇ ਹਨ।
ਉਹ ਖੇਡ ਲੇਖਕ ਹੋਣ ਨਾਲ ਖੇਡ ਬੁਲਾਰਾ ਵੀ ਹੈ। ਖੇਡ ਮੇਲਿਆਂ ‘ਚ ਕਬੱਡੀ, ਕੁਸ਼ਤੀ ਤੇ ਬਾਸਕਿਟਬਾਲ ਬਗੈਰਾ ਖੇਡਾਂ ਦੀ ਕੁਮੈਂਟਰੀ ਵੀ ਕਰਦਾ ਰਿਹੈ। ਉਸ ਦਾ ਜਨਮ 21 ਸਤੰਬਰ 1950 ਨੂੰ ਕੋਟਕਪੂਰੇ ਨੇੜੇ ਪਿੰਡ ਦੁਆਰੇਆਣਾ ਵਿਚ ਸ. ਮੋਹਰ ਸਿੰਘ ਸੰਧੂ ਦੇ ਘਰ ਹੋਇਆ ਸੀ। ਉਸ ਦਾ ਵੱਡਾ ਭਰਾ ਨਿਰਭੈ ਸਿੰਘ ਸੰਧੂ ਸਾਹਿਤ ਸਭਾਵਾਂ ਦਾ ਪ੍ਰੇਮੀ ਸੀ, ਜਿਸ ਦੇ ਪ੍ਰਭਾਵ ਨਾਲ ਉਹ ਵੀ ਸਭਾਵਾਂ ਵਿਚ ਜਾਣ ਲੱਗ ਪਿਆ ਤੇ ਲੇਖਕ ਬਣ ਗਿਆ। ਉਹ ਐਮ. ਏ. ਐਮ. ਫਿੱਲ. ਹੈ ਤੇ ਤੀਹ ਸਾਲ ਸਕੂਲਾਂ ਵਿਚ ਪੜ੍ਹਾਉਣ ਪਿੱਛੋਂ ਅੱਜ ਕੱਲ੍ਹ ਬਠਿੰਡਾ ਵਾਸੀ ਬਣਿਆ ‘ਲੱਖੀ ਜੰਗਲ ਪੰਜਾਬੀ ਸੱਥ’ ਦੇ ਸੇਵਾਦਾਰ ਵਜੋਂ ਪੁਸਤਕ ਪ੍ਰਦਰਸ਼ਨੀਆਂ ਲਾ ਰਿਹੈ। ਬਠਿੰਡੇ ਦੀ ਸੌ ਫੁੱਟੀ ਸੜਕ ‘ਤੇ ਉਸ ਦੀ ਪੁਸਤਕ ਪ੍ਰਦਰਸ਼ਨੀ ਪੱਕੀ ਹੀ ਲੱਗੀ ਹੋਈ ਹੈ, ਜਿਸ ਵਿਚ ਹਜ਼ਾਰਾਂ ਪੁਸਤਕਾਂ ਸੁਭਾਏਮਾਨ ਹਨ। ਉਸ ਦਾ ਕਹਿਣਾ ਹੈ ਕਿ ਇਉਂ ਮੈਂ ਸੈਂਕੜੇ ਵਿਦਵਾਨਾਂ ਦੀ ਸੰਗਤ ਮਾਣ ਰਿਹਾਂ। ਮੇਰੇ ਸੰਪਰਕ ਵਿਚ ਉਹ ਢੁੱਡੀਕੇ ਦੀ ਸਾਹਿਤ ਸਭਾ ਰਾਹੀਂ ਆਇਆ ਸੀ। ਕਰਮਜੀਤ ਕੁੱਸਾ ਤੇ ਉਹ ਕਈ ਵਾਰ ਮੇਰੇ ਕੋਲ ਆਏ, ਕੰਵਲ ਨੂੰ ਮਿਲੇ ਤੇ ਕੁੱਸੇ ਜਾਂਦੇ ਰਹੇ। 1982 ਤੋਂ 85 ਤਕ ਮੈਂ ‘ਪਿੰਡ ਦੀ ਸੱਥ ‘ਚੋਂ’ ਕਾਲਮ ਲਿਖ ਹਟਿਆ ਤਾਂ ਉਹ ‘ਖੁੰਢ ਚਰਚਾ’ ਕਾਲਮ ਲਿਖਣ ਲੱਗ ਪਿਆ।
ਕੈਨੇਡਾ ਵਿਚ ਮੇਰੇ ਪਾਸ ਉਹਦੀਆਂ ਕਿਤਾਬਾਂ ‘ਗੱਭਰੂ ਪੁੱਤ ਪੰਜਾਬ ਦੇ’ ਤੇ ‘ਚੰਨ ਮਾਹੀ ਦੀਆਂ ਬਾਤਾਂ’ ਪਈਆਂ ਹਨ। ‘ਚੰਨ ਮਾਹੀ ਦੀਆਂ ਬਾਤਾਂ’ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੀਆਂ ਪਤਨੀਆਂ ਨਾਲ ਕੀਤੇ ਇੰਟਰਵਿਊ ਹਨ। ਮੈਂ ਏਸ਼ੀਅਨ ਖੇਡਾਂ `ਚੋਂ ਪੰਜ ਮੈਡਲ ਜਿੱਤਣ ਵਾਲੇ ਗੋਲੇ ਤੇ ਡਿਸਕਸ ਦੇ ਸੁਟਾਵੇ ਪਰਦੁੱਮਣ ਸਿੰਘ ਬਾਰੇ ਕਦੇ ਲੇਖ ਲਿਖਿਆ ਸੀ, ‘ਭਗਤੇ ਦਾ ਸਰਪੰਚ।’ ਲਿਖਿਆ ਸੀ: ਭਗਤੇ ਦੀਆਂ ਦੋ ਗੱਲਾਂ ਮਸ਼ਹੂਰ ਹਨ। ਭੂਤਾਂ ਦਾ ਖੂਹ ਤੇ ਪਰਦੁੱਮਣ ਸਿੰਘ। ਭੂਤਾਂ ਦੇ ਖੂਹ ਦੀ ਮਸ਼ਹੂਰੀ ਮਾਲਵੇ ਤਕ ਹੈ, ਜਦੋਂ ਕਿ ਪਰਦੁੱਮਣ ਸਿੰਘ ਦੀ ਏਸ਼ੀਆ ਤਕ। ਗੋਲਾ ਸੁੱਟਣ `ਚ ਉਹ ਦੋ ਵਾਰ ਏਸ਼ੀਆ ਦਾ ਚੈਂਪੀਅਨ ਬਣਿਆ। ਡਿਸਕਸ ਸੁੱਟਣ ਵਿਚ ਏਸ਼ੀਆ `ਚੋਂ ਇਕ ਵਾਰ ਅੱਵਲ ਰਿਹਾ ਤੇ ਦੋ ਵਾਰ ਦੋਇਮ। ਜਦੋਂ ਮਿਲਖਾ ਸਿੰਘ ਟਰੈਕ ਵਿਚ ਉਡਦਾ ਸੀ, ਉਦੋਂ ਪਰਦੁੱਮਣ ਸਿੰਘ ਸਟੇਡੀਅਮ ਨੂੰ ਧੱਕੇ ਦਿੰਦਾ ਸੀ। ਮੈਂ ਉਸ ਨੂੰ ਪਹਿਲੀ ਵਾਰ 1962 `ਚ ਨੈਸ਼ਨਲ ਸਟੇਡੀਅਮ ਦਿੱਲੀ ਵਿਚ ਮਿਲਿਆ ਸਾਂ। ਉਦੋਂ ਉਹ ਫੌਜ ਵਿਚ ਰਿਸਾਲਦਾਰ ਸੀ। ਜਦੋਂ ਉਹ ਪੈਨਸ਼ਨੀਆ ਹੋ ਕੇ ਪਿੰਡ ਮੁੜਿਆ ਤਾਂ ਪਿੰਡ ਵਾਲਿਆਂ ਨੇ ਸਰਪੰਚ ਬਣਾ ਦਿੱਤਾ। ਉਹ ਨੌਂ ਭਰਾ ਸਨ।
ਪਰਦੁੱਮਣ ਸਿੰਘ ਨੂੰ ਤਾਂ ਜੱਗ ਜਾਣਦੈ, ਪਰ ਉਸ ਦੀ ਪਤਨੀ ਨੂੰ ਆਂਢ-ਗੁਆਂਢ ਤੋਂ ਬਿਨਾ ਕੋਈ ਨਹੀਂ ਸੀ ਜਾਣਦਾ। ਲਾਭ ਸਿੰਘ ਸੰਧੂ ਫੋਟੋਗਰਾਫਰ ਨੂੰ, ਨਾਲ ਉਹਦੀ ਪਤਨੀ ਬਲਵੰਤ ਕੌਰ ਨੂੰ ਮਿਲਣ ਗਿਆ ਤਾਂ ਉਹ ਰਿੜਕਣੇ ਕੋਲ ਬੈਠੀ ਮਧਾਣੀ ਪੂੰਝ ਰਹੀ ਸੀ। ਉਸ ਨੇ ਹਥਲਾ ਕੰਮ ਵਿਚੇ ਛੱਡ ਦਿੱਤਾ ਤੇ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਈ। ਉਹਦੀਆਂ ਗੱਲਾਂ ਬਾਤਾਂ ਤੋਂ ਹੀ ਪਾਠਕਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਮਹਾਨ ਖਿਡਾਰੀਆਂ ਦੀਆਂ ਪਤਨੀਆਂ ਆਪਣੇ ‘ਚੰਨ ਮਾਹੀ’ ਦੀਆਂ ਕਿਹੋ ਜਿਹੀਆਂ ਬਾਤਾਂ ਪਾਉਂਦੀਆਂ ਹਨ? ਪੇਸ਼ ਹਨ ਉਹਦੀ ਇੰਟਰਵਿਊ ਦੇ ਕੁਝ ਅੰਸ਼:
-ਮਾਤਾ ਜੀ, ਥੋਡੇ ਪੇਕੇ ਕਿਥੇ ਹਨ ਤੇ ਤੁਹਾਡਾ ਵਿਆਹ ਕਦੋਂ ਹੋਇਆ?
-ਮੇਰੇ ਪੇਕੇ ਤਾਂ ਭਾਈ ਰਾਜਗੜ੍ਹ ਐ ਸਰਦਾਰਾਂ ਵਾਲੇ। ਤੇ ਸਰਦਾਰ ਹੋਰਾਂ ਨਾਲ ਵਿਆਹ ਹੋਏ ਨੂੰ ਚਾਲੀ ਪੰਤਾਲੀ ਸਾਲ ਹੋ ਗਏ ਹੋਣੇ ਐਂ। ਓਦੋਂ ਬਸਰੇ ਦੀ ਲਾਮ ਲੱਗੀ ਸੀ।
-ਵਿਆਹ ਤੋਂ ਪਹਿਲਾਂ ਕਪਤਾਨ ਸਾਹਿਬ ਕੀ ਕਰਦੇ ਸਨ?
-ਸਾਡੇ ਮੰਗਣੇ ਤੋਂ ਥੋੜ੍ਹਾ ਚਿਰ ਪਿੱਛੋਂ ਇਹ ਫੌਜ ਵਿਚ ਭਰਤੀ ਹੋ ਗਏ। ਜਦੋਂ ਮੈਨੂੰ ਪਤਾ ਲੱਗਾ ਤਾਂ ਬਥੇਰਾ ਕਾਲਜਾ ਮੱਚਿਆ, ਪਰ ਉਨ੍ਹਾਂ ਵੇਲਿਆਂ ‘ਚ ਭਾਈ ਕੁੜੀਆਂ ਦੀ ਕੌਣ ਸੁਣਦਾ ਸੀ? ਸੋ ਕਾਲਜੇ ‘ਤੇ ਪੱਥਰ ਰੱਖ ਲਿਆ। ਫੌਜ ਵਿਚ ਜਾ ਕੇ ਇਨ੍ਹਾਂ ਨੇ ਖੇਡਣਾ ਸ਼ੁਰੂ ਕੀਤਾ, ਪਰ ਬਾਹਰਲੇ ਮੁਲਕਾਂ ਵਿਚ ਵਿਆਹ ਤੋਂ ਪਿੱਛੋਂ ਈ ਗਏ ਐ। ਫੇਰ ਤਾਂ ਇਨ੍ਹਾਂ ਨੇ ਬਥੇਰੇ ਮੁਲਕ ਜਿੱਤੇ ਐ। ਅਠਾਰਾਂ ਮੁਲਕਾਂ ਵਿਚ ਇਹ ਗਏ ਐ ਤੇ ਜਿੱਤ ਕੇ ਈ ਮੁੜਦੇ ਰਹੇ ਐ। ਵੀਰਾ ਤਾਕਤ ਈ ਬਾਹਲੀ ਸੀ, ਇਨ੍ਹਾਂ ਦੀ ਖੁਰਾਕ ਵੀ ਖੁੱਲ੍ਹੀ ਸੀ। ਜਦੋਂ ਪਿੰਡ ਆਉਣਾ, ਘਰ ਦਾ ਘਿਓ ਲੈ ਜਾਣਾ, ਪੀਪਾ ਭਰ ਕੇ ਦੇਣਾ। ਓਥੇ ਵੀ ਖੁੱਲ੍ਹਾ ਖਾਣਾ, ਨਾਲੇ ਊਂ ਵੀ ਇਹ ਪਹਿਲਾਂ ਤੋਂ ਈ ਹੱਡਾਂ ਪੈਰਾਂ ਦੇ ਮੋਕਲੇ ਸੀ।
-ਤੁਸੀਂ ਵੀ ਕਦੇ ਇਨ੍ਹਾਂ ਨਾਲ ਖੇਡਾਂ ਵੇਖਣ ਗਏ ਸੀ?
-ਨਾ ਵੇ ਭਾਈ! ਓਦੋਂ ਜ਼ਨਾਨੀਆਂ ਨੂੰ ਕੌਣ ਨਾਲ ਲਿਜਾਂਦਾ ਸੀ? ਇਹ ਤਾਂ ਹੁਣ ਈ ਫੈਸ਼ਨ ਹੋ ਗਿਆ। ਸਾਡੇ ਵੇਲੇ ਜ਼ਮਾਨਾ ਹੋਰ ਸੀ। ਨਾਲੇ ਇਨ੍ਹਾਂ ਦਾ ਸੁਭਾਅ ਵੀ ਕੁਛ ਅੱਖੜ ਸੀ। ਊਂ ਆਪਣੀਆਂ ਜਿੱਤਾਂ ਬਾਰੇ ਦੱਸਦੇ ਜ਼ਰੂਰ ਸਨ ਤੇ ਤਗਮੇ ਵੀ ਦਿਖਾ ਦਿੰਦੇ ਸਨ। ਉਂਜ ਨੌਕਰੀ ਸਮੇਂ ਮੈਂ ਸੰਗਰੂਰ, ਝਾਂਸੀ, ਬੀਬੀਨੇ, ਇਨ੍ਹਾਂ ਕੋਲ ਰਹੀ ਜ਼ਰੂਰ ਆਂ। ਬਾਹਲਾ ਤਾਂ ਮੈਂ ਭਗਤੇ ਜਾਂ ਰਾਜਗੜ੍ਹ ਈ ਰਹੀ ਆਂ।
-ਥੋਡੀ ਆਪਸ ਵਿਚ ਬਣਦੀ ਤਾਂ ਬਹੁਤ ਹੋਣੀ ਐਂ?
-ਜੇ ਭਾਈ ਆਪਸ ਵਿਚ ਬਣਦੀ ਨਾ ਹੁੰਦੀ ਤਾਂ ਐਸ ਘਰੇ ਮੇਰੀ ਸੌਂਕਣ ਦਾ ਡੇਰਾ ਹੋਣਾ ਸੀ ਤੇ ਮੈਂ ਮਾਤ੍ਹੜ ਪੇਕੀਂ ਰੁਲਦੀ ਹੁੰਦੀ। ਵਿਆਹ ਤੋਂ ਦਸ ਸਾਲ ਪਿੱਛੋਂ ਵੀ ਜਦੋਂ ਮੇਰੇ ਕੋਈ ਜੁਆਕ ਜੱਲਾ ਨਾ ਹੋਇਆ ਤਾਂ ਬਾਪੂ ਜੀ ਇਨ੍ਹਾਂ ਨੂੰ ਦੂਜਾ ਵਿਆਹ ਕਰਵਾਉਣ ਲਈ ਜ਼ੋਰ ਪਾਉਣ ਲੱਗੇ। ਪਰ ਇਨ੍ਹਾਂ ਨੇ ਕਿਹਾ, ਜੇ ਦੂਜੀ ਦੇ ਵੀ ਜੁਆਕ ਨਾ ਹੋਇਆ ਫੇਰ? ਤੇ ਇਨ੍ਹਾਂ ਦੇ ਕੰਨ੍ਹਾਂ ਨਾ ਲਾਉਣ ਕਰਕੇ ਮੈਂ ਸੌਂਕਣ ਦੇ ਦੁੱਖੋਂ ਬਚ ਗਈ। ਫੇਰ ਵਾਹਿਗੁਰੂ ਨੇ ਸਾਡੀ ਵੀ ਸੁਣ ਲਈ ਤੇ ਆਹ ਜੁਆਕ ਹੋ ਗਿਆ। ਹੁਣ ਭਾਈ ਇਹਦੇ ‘ਗਾਂਹ ਜੁਆਕ ਐ। ਸੁੱਖ ਨਾਲ ਜੜ੍ਹ ਲੱਗ ਗਈ। ਊਂ ਭਾਈ ਮਾੜਾ ਮੋਟਾ ਖੜਕਾ ਦੜਕਾ ਤਾਂ ਘਰਾਂ ‘ਚ ਚਲਦਾ ਈ ਰਹਿੰਦੈ। ਦੋ ਭਾਂਡੇ ਖੜਕਦੇ ਈ ਐ।
-ਮਾਤਾ, ਤੁਹਾਡਾ ਮੁੰਡਾ ਵੀ ਖਿਡਾਰੀ ਐ?
-ਊਂ ਤਾਂ ਭਾਈ ਏਹ ਬਥੇਰਾ ਤਕੜਾ ਸੀ। ਆਵਦੇ ਹਾਣੀਆਂ ਤੋਂ ਦੂਣਾ ਜ਼ੋਰ ਸੀ। ਸਾਵਾਂ ਪਿਉ ਵਰਗਾ, ਪਰ ‘ਕੱਲਾ ਪੁੱਤ ਹੋਣ ਕਰਕੇ ਮੇਰਾ ਤੱਤੜੀ ਦਾ ਦਿਲ ਨੀ ਮੰਨਿਆਂ ਬਈ ਖੇਡਦਾ ਕਿਤੇ ਸੱਟ ਫੇਟ ਨਾ ਖਾ ਬੈਠੇ। ਸਰਦਾਰ ਜੀ ਨੇ ਬਥੇਰਾ ਜ਼ੋਰ ਲਾਇਆ ਬਈ ਇਹਨੂੰ ਖਿਡਾਰੀ ਬਣਾਈਏ, ਪਰ ਮਾਂ ਦਾ ਦਿਲ ਸੀ। ਮੇਰਾ ਕਿਤੇ ਬਾਹਰ ਘੱਲਣ ਨੂੰ ਚਿੱਤ ਈ ਨੀ ਮੰਨਿਆ।
-ਜੇ ਪਰਦੁੱਮਣ ਸਿੰਘ ਖਿਡਾਰੀ ਨਾ ਹੁੰਦੇ ਤਾਂ ਥੋਨੂੰ ਕੀ ਫਰਕ ਪੈਂਦਾ?
-ਜੇ ਭਾਈ ਖਿਡਾਰੀ ਨਾ ਹੁੰਦੇ ਤਾਂ ਪਿੰਡ ਦੇ ਸਿਰ ਕੱਢਵੇਂ ਵੈੱਲੀ ਹੋਣੇ ਸੀ। ਏਡਾ ਕੱਦ-ਕਾਠ, ਅੰਨ੍ਹਾਂ ਜ਼ੋਰ ਤੇ ਫੇਰ ਜੱਟਾਂ ਵਾਲਾ ਅੜਬ ਸੁਭਾਅ। ਇਹ ਤਾਂ ਖੇਡਾਂ ਕਰਕੇ ਈ ਟਿਕਾਣੇ ਰਹੇ ਐ। ਨਹੀਂ ਤਾਂ ਕੋਈ ਬੰਦਾ ਮਾਰ ਦਿੰਦੇ ਤੇ ਜੇਲ੍ਹੀਂ ਰੁਲਦੇ। ਪਿੱਛੋਂ ਅਸੀਂ ਵੀ ਰੁਲਦੇ ਫਿਰਦੇ। ਬਾਕੀ ਭਾਈ ਆਹ ਤੂੰ ਮੇਰੀਆਂ ਫੋਟੂ ਖਿੱਚੀ ਜਾਨੈਂ ਤੇ ਮੇਰੀਆਂ ਗੱਲਾਂ ਬਾਤਾਂ ਲਿਖੀ ਜਾਨੈਂ। ਇਹ ਹੋਰ ਫੌਜਣਾਂ ਦੇ ਕਰਮਾਂ ‘ਚ ਕਿਥੇ! ਹੋਰ ਫੌਜਣਾਂ ਤੋਂ ਤਾਂ ਨੀ ਇਹ ਗੱਲਾਂ ਪੁੱਛਦਾ ਹੋਮੇਗਾ। ਇਨ੍ਹਾਂ ਨੂੰ ਲੱਖਾਂ ਲੋਕ ਜਾਣਦੇ ਐ ਤੇ ਸਾਰੇ ਮਸ਼ਹੂਰ ਐ। ਫੌਜੀ ਤਾਂ ਹੋਰ ਵੀ ਬਥੇਰੇ ਐ, ਪਰ ਉਨ੍ਹਾਂ ਦੀ ਕੌਣ ਸਾਰ ਲੈਂਦਾ? ਉਹ ਰਟੈਰ ਹੋਣ ਪਿੱਛੋਂ ਬਿਚਾਰੇ ਦਰ ਦਰ ਰੁਲਦੇ ਐ…।
ਲਾਭ ਸੰਧੂ ਤੇ ਫੋਟੋਗਰਾਫਰ ਜਾਣ ਲੱਗੇ ਤਾਂ ਬਲਵੰਤ ਕੌਰ ਕਹਿਣ ਲੱਗੀ: ਦੇਖ ਭਾਈ ਕਦੇ ਕਦਾਈਂ ਕਿਸੇ ਦੇ ਆਉਣ-ਜਾਣ ਹੁੰਦੈ। ਚਾਹ-ਦੁੱਧ ਪੀਤੇ ਬਿਨਾ ਮੈਂ ਨੀ ਜਾਣ ਦੇਣਾ। ਨਾਲੇ ਤੇਰਾ ਭਾਈ ਫੋਟੂ ਵਾਲਾ ਕੀ ਆਖੂ ਬਈ ਸਰਦਾਰ ਦੇ ਘਰ ਗਏ ਤੇ ਚਾਹ ਪਾਣੀ ਵੀ ਨਾ ਪੁੱਛਿਆ। ਬੈਠ ਜੋ, ਬੱਸ ਦੋ ਮਿੰਟ ਲੱਗਣੇ ਐਂ…।
—
1966 ਵਿਚ ਮੈਂ ਡਿਸਕਸ ਦੇ ਸੁਟਾਵੇ ਬਲਦੇਵ ਸਿੰਘ ਬਰਾੜ ਦੇ ਰੇਖਾ ਚਿੱਤਰ ਦਾ ਨਾਂ ‘ਦੁੱਧ ਤੇ ਆਂਡਿਆਂ ਦਾ ਵੈਰੀ’ ਕੱਟ ਕੇ ‘ਪੱਤੋ ਵਾਲਾ’ ਰੱਖਿਆ ਸੀ ਜੋ ‘ਆਰਸੀ’ ਵਿਚ ਛਪਿਆ। ਲਿਖਿਆ ਸੀ ਕਿ ਬਲਦੇਵ ਦੁੱਧ ਤੇ ਆਂਡਿਆਂ ਦਾ ਵੈਰੀ ਹੈ। ਆਂਡੇ ਭੰਨ ਭੰਨ ਛੰਨੇ `ਚ ਪਾਈ ਜਾਵੇਗਾ ਤੇ ਉਂਗਲ ਫੇਰ ਕੇ ਇੱਕੇ ਚਿੱਘੀ ਪੀ ਲਵੇਗਾ। ਸਫਰ ਦੌਰਾਨ ਦੁੱਧ ਦਾ ਡੋਲਣਾ ਨਹੀਂ, ਵੀਹ ਕਿਲੋ ਦੀ ਢੋਲੀ ਰੱਖੇਗਾ। ਜਿਹੜਾ ਮਿਲੇ ਉਹਨੂੰ ਪੁੱਛੇਗਾ, ਦੁੱਧ ਪੀਣਾ ਕਿ ਆਂਡੇ ਖਾਣੇ ਐਂ? ਅੱਗੇ ਲਿਖਿਆ ਸੀ, ਜਦੋਂ ਉਹ ਫਿਰੋਜ਼ਪੁਰ ਮੁੜਦੈ ਤਾਂ ਸ਼ਹਿਰ ਵਿਚ ਇਕ ਪੈਸਾ ਆਂਡਾ ਮਹਿੰਗਾ ਹੋ ਜਾਂਦੈ ਤੇ ਇਕ ਆਨਾ ਸੇਰ ਦੁੱਧ ਦਾ ਭਾਅ ਚੜ੍ਹ ਜਾਂਦੈ! ਉਸ ਦੀ ਅਧਿਆਪਕਾ ਪਤਨੀ ਅਮਰ ਕੌਰ ਦੇ ਸੰਵਾਦ ਲਾਭ ਸਿੰਘ ਸੰਧੂ ਦੇ ਨੋਟ ਕੀਤੇ ਹੀ ਪੜ੍ਹੋ:
-ਤੁਹਾਡਾ ਮੈਡਮ, ਬਰਾੜ ਸਾਹਿਬ ਦੀਆਂ ਖੇਡ ਪ੍ਰਾਪਤੀਆਂ ਵਿਚ ਕੀ ਯੋਗਦਾਨ ਹੈ?
-ਯੋਗਦਾਨ ਤਾਂ ਮੇਰਾ ਕੀ ਹੋਣਾ ਸੀ? ਹਾਂ, ਇਕ ਗੱਲ ਐ ਬਈ ਜਦੋਂ ਇਹ ਪ੍ਰੈਕਟਿਸ ਕਰਦੇ ਹੁੰਦੇ ਸੀ, ਮੈਂ ਘਰੋਂ ਦੁੱਧ ਆਂਡਿਆਂ ਦਾ ਖਿਆਲ ਜ਼ਰੂਰ ਰੱਖਦੀ ਸਾਂ। ਮੈਨੂੰ ਚਾਹ ਵਾਸਤੇ ਦੁੱਧ ਬਚੇ ਨਾ ਬਚੇ, ਇਨ੍ਹਾਂ ਨੂੰ ਦੁੱਧ ਦੀ ਕਦੇ ਘਾਟ ਨਹੀਂ ਆਉਣ ਦਿੱਤੀ। ਦੁਧਾਰੂ ਪਸ਼ੂ ਮੈਂ ਹਮੇਸ਼ਾਂ ਰੱਖਦੀ ਹਾਂ ਕਿ ਘਰ ‘ਚ ਦੁੱਧ-ਘਿਓ ਨਾ ਮੁੱਕੇ। ਬਾਕੀ ਭਾਈ ਜ਼ਨਾਨੀ ਤਾਂ ਘਰ ਦੀ ਸੇਵਾ ਸੰਭਾਲ ਈ ਕਰੀ ਜਾਵੇ ਤਾਂ ਏਨਾ ਹੀ ਬਹੁਤ ਹੁੰਦਾ ਐ।
-ਤੁਹਾਡੀ ਸਮਾਜਿਕ ਜਿੰ਼ਦਗੀ ‘ਤੇ ਖੇਡਾਂ ਦਾ ਕੀ ਅਸਰ ਪਿਆ?
-ਸਮਾਜਿਕ ਜਿੰ਼ਦਗੀ ਤਾਂ ਖਿਡਾਰੀ ਦੀ ਖੇਡ ਹੀ ਹੁੰਦੀ ਐ। ਰਹੀ ਗਾਂਹ ਦੀ ਗੱਲ। ਖਿਡਾਰੀ ਨਾ ਕੋਈ ਸਮਾਜਿਕ ਫੰਕਸ਼ਨ ਅਟੈਂਡ ਕਰ ਸਕੇ, ਨਾ ਉਹਦਾ ਪਰਿਵਾਰ ਕਿਤੇ ਜਾ ਸਕੇ। ਸਾਡੇ ਅੱਧੇ ਰਿਸ਼ਤੇਦਾਰ ਤਾਂ ਗੁੱਸੇ ਈ ਰਹਿੰਦੇ ਐ ਕਿ ਮਿਲਣ ਕਿਉਂ ਨੀ ਆਉਂਦੇ? ਹੁਣ ਤੁਸੀਂ ਹੀ ਦੱਸੋ, ਇਹ ਫੰਕਸ਼ਨਾਂ ‘ਤੇ ਜਾਂਦੇ ਜਾਂ ਪ੍ਰੈਕਟਿਸ ਕਰਦੇ? ਬਾਕੀ ਲਵੇਰੇ ਮੇਰੇ ਹੱਥ ਪਏ ਐ। ਧਾਰਾਂ ਕੱਢਣੀਆਂ ਕਰਕੇ ਮੈਂ ਵੈਸੇ ਹੀ ਬਾਹਰ ਨਹੀਂ ਜਾ ਸਕਦੀ। ਅੱਗੋਂ ਸਾਡੇ ਮੁੰਡੇ ਵੀ ਖਿਡਾਰੀ ਹਨ। ਸੋ ਅਸੀਂ ਤਾਂ ਵੀਰਾ, ਰਿਸ਼ਤੇਦਾਰਾਂ ਦੇ ਰੋਸੇ ਈ ਝੱਲੇ ਐ।
-ਤੁਹਾਡੀ ਨਿੱਜੀ ਜਿ਼ੰਦਗੀ ਤਾਂ ਵਧੀਆ ਹੋਵੇਗੀ?
-ਜਿਥੋਂ ਤਕ ਨਿੱਜੀ ਜਿ਼ੰਦਗੀ ਦਾ ਸੰਬੰਧ ਐ, ਔਰਤ-ਮਰਦ ਦੋਵੇਂ ਕਬੀਲਦਾਰੀ ਦੀ ਗੱਡੀ ਦੇ ਦੋ ਪਹੀਏ ਐ। ਜੇ ਚਾਹੁਣ ਤਾਂ ਵਧੀਆ ਖਿੱਚ ਲੈਣ, ਜੇ ਵਿਟਰ ਜਾਣ ਤਾਂ ਲੀਹਾਂ ਪਾੜ ਜਾਂਦੀਆਂ। ਸਾਡੀ ਆਪਸ ਵਿਚ ਖਿੱਚੋਤਾਣ ਘੱਟ ਹੀ ਹੋਈ ਐ। ਏਨਾ ਟਾਈਮ ਈ ਨੀ ਮਿਲਿਆ ਬਈ ਲੜ ਭਿੜ ਸਕੀਏ। ਇਨ੍ਹਾਂ ਨੇ ਤਾਂ ਸਾਰੀ ਉਮਰ ਖੇਡ ਦੀ ਪ੍ਰੈਕਟਿਸ ਹੀ ਕੀਤੀ ਐ ਤੇ ਥੱਕੇ ਬੰਦੇ ਤੋਂ ਭਾਈ ਜ਼ਨਾਨੀਆਂ ਨਾਲ ਕਿਥੇ ਲੜਿਆ ਜਾਂਦੈ? ਅੱਗੋਂ ਬੱਚੇ ਵੀ ਖਿਡਾਰੀ ਐ, ਉਹ ਵੀ ਨਿੱਘੇ ਸੁਭਾਅ ਦੇ ਐ। ਸਾਡੀ ਜਿ਼ੰਦਗੀ ਤਾਂ ਵੀਰਾ ਵਧੀਆ ਈ ਬੀਤੀ ਐ। ਹਾਂ, ਮਿਹਨਤ ਸਾਨੂੰ ਬਹੁਤ ਕਰਨੀ ਪਈ ਐ, ਜਾਂ ਇਓਂ ਕਹਿ ਲਓ ਸਾਡੇ ਪਰਿਵਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਭੇਦ ਸਖਤ ਮਿਹਨਤ ਈ ਐ…।
—
ਬ੍ਰਿਟਿਸ਼ ਇੰਡੀਆ ਦੇ ਚੈਂਪੀਅਨ ਦੌੜਾਕ ਹਜ਼ੂਰਾ ਸਿੰਘ ਬੋਤਾ ਦੀ ਬਿਰਧ ਪਤਨੀ ਚੰਦ ਕੌਰ ਦੇ ਲਾਭ ਸਿੰਘ ਸੰਧੂ ਨਾਲ ਹੋਏ ਬਚਨ ਬਿਲਾਸ ਵੀ ਸੁਣੋ:
-ਮਾਤਾ ਜੀ, ਸੁਣਾਓ ਜਿ਼ੰਦਗੀ ਕਿਹੋ ਜਿਹੀ ਲੰਘ ਰਹੀ ਐ?
-ਜਿਉਂਦਾ ਰਹਿ ਪੁੱਤ! ਰੱਬ ਲੰਮੀਆਂ ਉਮਰਾਂ ਕਰੇ, ਰੰਗ ਭਾਗ ਲੱਗਣ। ਸ਼ੇਰਾ ਪਛਾਣਿਆ ਨੀ, ਕਿਹੜੇ ਪਿੰਡੋਂ ਐਂ?
-ਮਾਤਾ ਜੀ, ਮੈਂ ਬਠਿੰਡੇ ਤੋਂ ਆਇਆਂ। ਤੁਹਾਡੇ ਬਾਰੇ ਲਿਖਣਾ, ਤੁਹਾਡੇ ਜੀਵਨ ਬਾਰੇ।
-ਵੇ ਪੁੱਤ ਹੁਣ ਸਾਡਾ ਕਾਹਦਾ ਜਿਉਣ ਐ, ਬੁੱਢੇ ਵਾਰੇ ਕਿਹੜੀਆਂ ਗੱਲਾਂ ਲਿਖੇਂਗਾ? ਹੁਣ ਤਾਂ ਨਾ ਪੱਲੇ ਸਰੀਰ ਐ, ਨਾ ਕੋਈ ਪੈਸਾ ਧੇਲਾ, ਬੱਸ ਮੌਤ ਦੇ ਦਿਨ ਗਿਣਦੇ ਐਂ। ਕੁਛ ਤਾਂ ਕਬੀਲਦਾਰੀ ਨੇ ਰੋਲ`ਤੇ, ਬਾਕੀ ਗਰੀਬੀ ਲੈ ਬੈਠੀ। ਫੇਰ ਵੀ ਤੂੰ ਐਨੀ ਦੂਰੋਂ ਚੱਲ ਕੇ ਆਇਐਂ। ਪੁੱਛੀ ਚੱਲ ਪੁੱਤ, ਜਿੰਨੀ ਕੁ ਮੇਰੀ ਬੁੱਧ ਐ ਦੱਸ-ਦੂੰ।
-ਤੁਹਾਡਾ ਪੇਕਾ ਪਿੰਡ ਕਿਹੜਾ ਐ ਤੇ ਹਜ਼ੂਰਾ ਸਿੰਘ ਨਾਲ ਤੁਹਾਡਾ ਰਿਸ਼ਤਾ ਕਦੋਂ ਤੇ ਕਿਵੇਂ ਹੋਇਆ?
-ਪੇਕੇ ਤਾਂ ਪੁੱਤ ਮੇਰੇ ਆਹ ਨੇੜੇ ਈ ਐ ਸ਼ੇਖਪੁਰੇ। ਇਹ ਓਦੋਂ ਪਟਿਆਲੇ ਆਲੇ ਰਾਜੇ ਦੇ ਨੌਕਰ ਹੁੰਦੇ ਸੀ। ਮੇਰਾ ਪਿਓ ਇਨ੍ਹਾਂ ਨੂੰ ਦੇਖਣ ਗਿਆ ਤਾਂ ਓਥੇ ਖੇਡਾਂ ਹੋ ਰਹੀਆਂ ਸੀ। ਇਹ ਰਾਜੇ ਦੇ ਬਰਾਬਰ ਤੁਰੇ ਜਾਣ। ਮੇਰੇ ਪਿਉ ਨੇ ਰੁਪਈਆ ਫੜਾਤਾ। ਮੇਰਾ ਬਾਬਾ ਤੇ ਚਾਚਾ ਆਖਣ ਲੱਗੇ, ਮੁੰਡੇ ਦਾ ਨਾਨਕ ਦਾਦਕ ਤਾਂ ਪਤਾ ਕਰ ਲੈਂਦਾ। ਮੇਰਾ ਪਿਉ ਕਹਿੰਦਾ, ਉਹ ਤਾਂ ਰਾਜੇ ਦੇ ਬਰਾਬਰ ਬੈਠਾ ਸੀ। ਮੈਂ ਤਾਂਹੀ ਰੁਪਈਆ ਫੜਾ`ਤਾ ਬਈ ਮੁੰਡਾ ਰਾਜੇ ਦੇ ਬਰੋਬਰ ਬੈਠਾ, ਕਿਸੇ ਚੰਗੇ ਘਰਾਣੇ ਦਾ ਈ ਹੋਊ।
-ਮੁੰਡੇ ਤਾਂ ਹੁਣ ਸੁੱਖ ਨਾਲ ਕਮਾਈਆਂ ਕਰਦੇ ਹੋਣੇ ਐਂ। ਕੋਈ ਖਿਡਾਰੀ ਵੀ ਬਣਿਆਂ ਕਿ ਨਹੀਂ?
-ਵੱਡਾ ਮੁੰਡਾ ਤਾਂ ਆਵਦੇ ਤਾਏ ਦੀ ਢੇਰੀ ‘ਤੇ ਐ। ਛੋਟਾ ਠੇਲ੍ਹੇ ‘ਤੇ ਡਲੈਵਰ ਐ। ਵਿਚਕਾਰਲਾ ਘਰੇ ਮਾੜੀ ਮੋਟੀ ਵਾਹੀ ਕਰੀ ਜਾਂਦੈ। ਥੋੜ੍ਹੀ ਭੋਇੰ ਦੀ ਕਾਹਦੀ ਵਾਹੀ ਵੀਰਾ, ਐਵੇਂ ਧੰਦ ਪਿੱਟਣ ਐਂ। ਬਾਕੀ ਵੀਰ ਕੁੜੀਆਂ ਦੀ ਡਾਰ ਜੰਮ ਪਈ। ਜ਼ਮੀਨ ਗਹਿਣੇ ਬੈਅ ਕਰ ਕੇ ਕੁੜੀਆਂ ਵਿਆਹੀਆਂ। ਹੁਣ ਰਹਿ`ਗੇ ਖਾਲੀ ਹੱਥ। ਵੀਰਾ ਇਹ ਸੀ ਅਣਪੜ੍ਹ, ਦਫਤਰਾਂ ‘ਚ ਅੱਜ ਕੱਲ੍ਹ ਕੌਣ ਸਿਆਣਦੈ? ਪੈਸਾ ਕੋਲ ਕੋਈ ਨੀ ਸੀ, ਨਹੀਂ ਤਾਂ ਵੱਢੀ ਦੇ ਕੇ ਪਿਨਸ਼ਨ ਲੁਆ ਲੈਂਦਾ। ਵੋਟਾਂ ਆਲੇ ਆਉਂਦੇ ਐ, ਅਖੇ ਪਿਨਸ਼ਨ ਲੁਆ ਦਿਆਂਗੇ। ਪਰ ਵੋਟਾਂ ਲੈ ਕੇ ਕੋਈ ਬਾਤ ਨੀ ਪੁੱਛਦਾ। ਹੁਣ ਜਵਾਂ ਈ ਰਹਿ ਖਲੋਤਾ। ਪਿੱਛੇ ਜੇ ਪਿਨਸ਼ਨ ਲੱਗੀ ਸੀ। ਦੋ ਕੁ ਸਾਲ ਮਿਲੀ, ਫੇਰ ਬੰਦ ਹੋਗੀ। ਅਖੇ ਸਰਕਾਰ ਕੋਲ ਪੈਸੇ ਹੈਣੀ। ਵੇ ਭਾਈ! ਜੇ ਤੇਰੀ ਕਿਤੇ ਸੂੰਹ ਸਿਆਣ ਵਾਲਾ ਐ ਤਾਂ ਤੂੰ ਈ ਮਾੜਾ ਮੋਟਾ ਉੱਤਾ ਵਾਚ। ਜੇ ਕੋਈ ਮਦਦ ਮਿਲ ਜੇ ਤਾਂ ਸਾਡਾ ਬੁਢਾਪਾ ਤਾਂ ਨਾ ਰੁਲੇ…।
—
ਉਹਦੀ ਦੂਜੀ ਖੇਡ ਪੁਸਤਕ ‘ਗੱਭਰੂ ਪੁੱਤ ਪੰਜਾਬ ਦੇ’ ਵਿਚੋਂ ਹਜ਼ੂਰਾ ਸਿੰਘ ਬਾਰੇ ਪੜ੍ਹੋ: ਹਜ਼ੂਰਾ ਸਿੰਘ ਬੋਤਾ 1912 ਵਿਚ ਪਟਿਆਲਾ ਰਿਆਸਤ ਦੇ ਪਿੰਡ ਲਹਿਰੀ ਜਿ਼ਲਾ ਬਠਿੰਡਾ ਵਿਚ ਜਨਮਿਆ। ਉਹ ਨਾਮੀ ਐਥਲੀਟ ਹੋਇਆ, ਜਿਸ ਨੇ 1936 ਤੋਂ 1940 ਤਕ ਭਾਰਤ ਤੇ ਸ੍ਰੀਲੰਕਾ ਦੇ ਐਥਲੀਟਾਂ ਨੂੰ ਪਛਾੜਦਿਆਂ ਅੱਧੀ ਮੀਲ ਤੇ ਇਕ ਮੀਲ ਦੌੜ ਦੇ ਨਵੇਂ ਰਿਕਾਰਡ ਬਣਾਏ। ਉਸ ਨੇ ਕੈਨੇਡਾ ਤੋਂ ਆਏ ਇਕ ਮੰਨੇ ਦੰਨੇ ਦੌੜਾਕ ਨੂੰ ਵੀ ਪਟਿਆਲੇ ਵਿਚ ਹਰਾਇਆ। ਦੌੜਦਿਆਂ ਲੰਮੀਆਂ ਉਲਾਂਘਾ ਭਰਦਾ ਹੋਣ ਕਰਕੇ ਉਹਦੇ ਨਾਂ ਨਾਲ ਬੋਤਾ ਜੁੜ ਗਿਆ। ਮਹਾਰਾਜਾ ਭੁਪਿੰਦਰ ਸਿੰਘ ਦਾ ਇਹ ਸ਼ਾਹੀ ਐਥਲੀਟ ਬੁਢਾਪੇ ਵਿਚ ਆਪਣੇ ਪਿੰਡ ਲਹਿਰੀ ਘੋਰ ਗਰੀਬੀ ਦੀ ਹਾਲਤ ਵਿਚ ਮਰਿਆ। ਇਸ ਸ਼ਾਹੀ ਐਥਲੀਟ ਨਾਲ ਹੋਈ ਆਖਰੀ ਮੁਲਾਕਾਤ, ਜੋ ਪਹਿਲੀ ਜਨਵਰੀ 1995 ਨੂੰ ਬਠਿੰਡਾ ਵਿਖੇ ਕੀਤੀ ਗਈ ਦੇ ਕੁਝ ਅੰਸ਼ ਸ਼ਰਧਾਂਜਲੀ ਵਜੋਂ ਪੇਸ਼ ਹਨ:
-ਬਾਬਾ ਜੀ ਤੁਸੀਂ ਖੇਡਾਂ ਵਾਲੇ ਪਾਸੇ ਕਿਵੇਂ ਆਏ?
-ਆਉਣਾ ਕਿਵੇਂ ਸੀ ਜੁਆਨਾਂ, ਬੱਸ ਰੱਬ-ਸਬੱਬੀਂ ਆ ਗਿਆ। ਵੱਡੇ ਭਾਈ ਨੂੰ ਫੌਜ ਵਿਚ ਘਿਓ ਦੇਣ ਗਿਆ ਸੀ। ਓਥੇ ਖੇਡਾਂ ਹੁੰਦੀਆਂ ਸੀ। ਮੈਂ ਕਿਹਾ, ਮੈਂ ਵੀ ਬਾਈ ਛਾਲ ਲਾ ਕੇ ਦੇਖ ਲਾਂ? ਬਾਈ ਨੇ ਅੰਗਰੇਜ਼ ਅਫਸਰ ਨਾਲ ਗਿੱਟਮਿੱਟ ਕੀਤੀ। ਅਫਸਰ ਕਹਿਣ ਲੱਗਾ, ਪਹਿਲੇ ਜੁਆਨ ਨਾਲੋਂ ਵੱਧ ਛਾਲ ਲਾਉਣੀ ਪਊ। ਮੈਂ ਲਾਂਗੜ ਕੱਢਿਆ ਤੇ ਉਹਦੇ ਜਿੰਨੀ ਉੱਚੀ ਛਾਲ ਮਾਰ ਕੇ ਰੱਸੀ ਟੱਪ ਗਿਆ। ਅੰਗਰੇਜ਼ ਅਫਸਰ ਬੈਲਡਨ-ਬੈਲਡਨ ਕਰਦਾ ਫਿਰੇ। ਉਹਨੇ ਓਥੇ ਈ ਮੈਨੂੰ ਭਰਤੀ ਕਰ ਲਿਆ। ਫੇਰ ਮੈਂ ਦੌੜਾਂ ਲਾਉਣ ਲੱਗ ਪਿਆ। ਜਦੋਂ ਮੈਂ ਲਾਹੌਰ ਅੱਵਲ ਦਰਜੇ ‘ਤੇ ਆਇਆ ਤਾਂ ਉਥੇ ਪਟਿਆਲੇ ਵਾਲਾ ਰਾਜਾ ਬੈਠਾ ਸੀ। ਉਹਨੇ ਮੈਨੂੰ ਪਿੰਡ ਪੁੱਛਿਆ ਤੇ ਥਾਪੀ ਦੇ ਦਿੱਤੀ। ਉਹ ਮੈਨੂੰ ਆਵਦੇ ਨਾਲ ਹੀ ਪਟਿਆਲੇ ਲੈ ਆਇਆ। ਏਥੇ ਆ ਕੇ ਮੈਂ ਇੰਡੋ-ਸੀਲੋਨ ਡਿਊਲ ਮੀਟ ‘ਚੋਂ ਅੱਵਲ ਆਇਆ। ਓਦੋਂ ਜੰਗ ਨਾ ਲੱਗਦੀ ਤਾਂ ਮੈਂ ਸਾਰੀ ਦੁਨੀਆਂ ਜਿੱਤ ਲੈਣੀ ਸੀ।
-ਓਥੇ ਖੁਰਾਕ ਤਾਂ ਚੰਗੀ ਮਿਲਦੀ ਹੋਊ?
-ਕਿਹੜੀ ਗੱਲ ਕਰਦੈਂ ਜੁਆਨਾਂ, ਅੰਨ੍ਹੀ ਖੁਰਾਕ ਮਿਲਦੀ ਸੀ। ਅੱਧ ਸੇਰ ਝਟਕਾ, ਦੋ ਸੇਰ ਦੁੱਧ, ਪਾਈਆ ਘਿਓ ਤੇ ਹੋਰ ਬਥੇਰਾ ਨਿੱਕ-ਸੁੱਕ ਖਾਣ ਨੂੰ ਮਿਲਦਾ ਸੀ। ਤਿੰਨ ਸੌ ਰੁਪਈਏ ਮਹੀਨੇ ਦੀ ਤਨਖਾਹ ਸੀ। ਰਾਜੇ ਦੇ ਬਰਾਬਰ ਕੁਰਸੀ ਡਹਿੰਦੀ ਸੀ।
-ਹੁਣ ਕੀ ਹਾਲ ਹੈ?
-ਕਾਹਦਾ ਹਾਲ ਸ਼ੇਰਾ, ਬੁਰੇ ਹਾਲ ਤੇ ਬੌਂਕੇ ਦਿਹਾੜੇ। ਰਾਜੇ ਦੇ ਮਰਨ ਪਿੱਛੋਂ ਨਵੇਂ ਹਾਕਮਾਂ ਨਾਲ ਮੇਰੀ ਮੀਜਾ ਨਾ ਮਿਲੀ ਤੇ ਮੈਂ ਪਿੰਡ ਆ ਗਿਆ। ਬਰਾਨੀ ਜ਼ਮੀਨ ਸੀ, ਫਸਲ ਵਾੜੀ ਹੁੰਦੀ ਨੀ ਸੀ। ਸਰਕਾਰ ਨੇ ਬਾਤ ਨਾ ਪੁੱਛੀ। ਇਕ ਵਾਰੀ ਗਿੱਲ ਸਾਹਿਬ ਨੇ ਬਠਿੰਡੇ ਵਾਲੇ ਡੀ. ਸੀ. ਨੂੰ ਕਹਿ ਕੇ ਪਿਨਸ਼ਨ ਲੁਆਈ ਸੀ। ਉਹ ਵੀ ਮਗਰੋਂ ਬੰਦ ਹੋਗੀ। ਹੁਣ ਤਾਂ ਰੱਬ ਆਸਰੇ ਹੀ ਡੰਗ ਸਰਦਾ। ਜਦੋਂ ਮਰ ਗਿਆ ਤਾਂ ਏਹੀ ਅਫਸਰ ਮੇਰੇ ਨਾਂ ‘ਤੇ ਮੇਲੇ ਲਾਉਣਗੇ ਤੇ ਵੱਡੇ ਲੀਡਰ ਸੰਘ ਪਾੜ ਕੇ ਭਾਸ਼ਨ ਦੇਣਗੇ।
-ਨੌਜੁਆਨਾਂ ਨੂੰ ਕੋਈ ਸੁਨੇਹਾ?
-ਸੁਨੇਹਾ ਸ਼ੇਰਾ ਕਾਹਦਾ, ਬੱਸ ਨਸ਼ੇ-ਪੱਤੇ ਤੋਂ ਬਚੇ ਰਹਿਣ। ਚੰਗੀ ਖੁਰਾਕ ਖਾਣ ਤੇ ਮਿਹਨਤ ਕਰਨ। ਅਸੀਂ ਤਾਂ ਹੁਣ ਨਦੀ ਕਿਨਾਰੇ ਰੁਖੜੇ ਆਂ, ਸਾਡੀ ਸਭ ਨੂੰ ਫਤਿਹ ਬੁਲਾ ਦੇਣੀ…।
—
ਮੁੱਖਬੰਦ ‘ਨੱਚਣੁ ਕੁਦਣੁ ਮਨੁ ਕਾ ਚਾਓ’
ਖੇਡਾਂ ਮਨੁੱਖੀ ਸਰੀਰ ਦੀ ਹੀ ਨਹੀਂ, ਸਗੋਂ ਰੂਹ ਦੀ ਖੁਰਾਕ ਹਨ। ਸਿਆਣਿਆਂ ਦਾ ਵਿਚਾਰ ਹੈ ਕਿ ਜਿਹੜਾ ਬਾਲ ਰੱਜ ਕੇ ਖੇਡਿਆ ਨਹੀਂ, ਉਸ ਦੀ ਸ਼ਖਸੀਅਤ ਸੰਪੂਰਨ ਨਹੀਂ ਹੋ ਸਕਦੀ ਅਤੇ ਉਹ ਸਾੜਿਆਂ, ਕੀਨਿਆਂ, ਨਿਰਾਸ਼ਾਵਾਂ ਦਾ ਸਿ਼ਕਾਰ ਹੋਵੇਗਾ, ਅਧੂਰਾ ਹੋਵੇਗਾ, ਅਪੂਰਨ ਹੋਵੇਗਾ ਅਤੇ ਅਜੋਕੇ ਭਵਸਾਗਰ ਨੂੰ ਪਾਰ ਕਰਨ ਦੀ ਕੋਸਿ਼ਸ਼ ਵਿਚ ਅੱਧ-ਵਿਚਾਲੇ ਡੁੱਬੇਗਾ। ਸ਼ਾਇਦ ਏਸੇ ਕਰਕੇ ਹੀ ਮੈਂ ਆਪਣਾ ਆਪਾ ਖੇਡਾਂ ਨੂੰ ਸਮਰਪਿਤ ਕਰਨ ਵਿਚ ਲੱਗਾ ਹੋਇਆ ਹਾਂ। ਹਥਲੀ ਪੁਸਤਕ ਏਸੇ ਯਤਨ ਦਾ ਇਕ ਹਿੱਸਾ ਹੈ। ਖਿਡਾਰੀ ਅਤੇ ਖੇਡਾਂ ਸਾਡੇ ਸਮਾਜ ਦਾ ਬੜਾ ਅਹਿਮ ਹਿੱਸਾ ਹਨ। ਹਰ ਸਮਾਜ, ਹਰ ਵਿਅਕਤੀ ਨੂੰ ਨਿਰਾਸ਼ਾ ਵਿਚੋਂ ਨਿਕਲਣ ਲਈ ਜਿੱਤਾਂ ਦੀ ਲੋੜ ਹੁੰਦੀ ਹੈ। ਕਈ ਲੋਕ ਖੁਦ ਖੇਡਦੇ ਹਨ, ਜਿੱਤ ਪ੍ਰਾਪਤ ਕਰ ਕੇ ਆਪਣੇ ਮਨ ਦਾ ਚਾਓ ਪੂਰਾ ਕਰ ਲੈਂਦੇ ਹਨ ਜਾਂ ਆਪਣੇ ਦੇਸ਼ ਦੀ ਟੀਮ ਨੂੰ ਜਿੱਤਦਿਆਂ ਵੇਖ ਕੇ ਖੇੜੇ ਵਿਚ ਆ ਜਾਂਦੇ ਹਨ। ਖੇਡਾਂ ਵਿਚੋਂ ਮੈਂ ਵੀ ਜਿ਼ਆਦਾਤਰ ਅਜਿਹੀਆਂ ਖੇਡਾਂ ਬਾਰੇ ਲਿਖਣ ਦਾ ਯਤਨ ਕੀਤਾ ਹੈ, ਜਿਨ੍ਹਾਂ ਦਾ ਆਧਾਰ ਸਾਡੇ ਪਿੰਡਾਂ ਵਿਚ ਹੈ, ਕਿਉਂਕਿ ਸਾਡੀ ਵਸੋਂ ਦਾ ਬਹੁਤਾ ਹਿੱਸਾ ਵੀ ਤਾਂ ਪੇਂਡੂ ਹੈ। ਮੈਂ ਕੁਸ਼ਤੀ, ਕਬੱਡੀ, ਅਥਲੈਟਿਕਸ ਨੂੰ ਪਹਿਲ ਦੇ ਤੌਰ ‘ਤੇ ਲਿਆ ਹੈ। ਬਾਸਕਿਟਬਾਲ, ਹੈਂਡਬਾਲ ਆਦਿ ਅਜਿਹੀਆਂ ਖੇਡਾਂ ਹਨ, ਜੋ ਸਰੀਰ ਦੇ ਨਾਲ ਨਾਲ ਦਿਮਾਗੀ ਪੱਖੋਂ ਵੀ ਬੱਚੇ ਨੂੰ ਵਿਕਸਿਤ ਕਰਦੀਆਂ ਹਨ। ਭਾਰ-ਤੋਲਣ ਅਤੇ ਮੁੱਕੇਬਾਜ਼ੀ ਤਾਕਤ ਤੇ ਫੁਰਤੀ ਦਾ ਪ੍ਰਤੀਕ ਹਨ।
ਮੈਂ ਇਸ ਪੁਸਤਕ ਵਿਚ ਅਜਿਹੇ ਖਿਡਾਰੀਆਂ ਨੂੰ ਸ਼ਾਮਲ ਕਰਨ ਦੀ ਕੋਸਿ਼ਸ਼ ਕੀਤੀ ਹੈ, ਜੋ ਮੇਰੇ ਜਿ਼ਹਨ ਦੇ ਚਿੱਤਰਪੱਟ ‘ਤੇ ਵਿਸ਼ੇਸ਼ ਪ੍ਰਭਾਵ ਪਾ ਚੁਕੇ ਹਨ। ਮੈਂ ਸਫਰ ‘ਤੇ ਇਕੱਲਾ ਨਿਕਲਿਆ ਸਾਂ, ਪ੍ਰੰਤੂ ਅੱਜ ਮੇਰੇ ਸਾਥੀਆਂ, ਮਿੱਤਰਾਂ, ਪਰਿਵਾਰਕ ਮੈਂਬਰਾਂ ਤੇ ਪਾਠਕਾਂ ਦਾ ਕਾਫਲਾ ਬਹੁਤ ਵੱਡਾ ਹੈ, ਜਿਨ੍ਹਾਂ ‘ਤੇ ਮੈਨੂੰ ਮਾਣ ਹੈ। ਓਸ ਸੁਰਗਵਾਸੀ ਬਾਪੂ ਜੀ ਦਾ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਖੇਡ ਰੁਚੀਆਂ ਦਾ ਮਾਲਕ ਬਣਾਇਆ। ਸੁਰਗਵਾਸੀ ਮਾਂ ਨੇ ਮੈਨੂੰ ਦੁੱਧ ਦੇ ਨਾਲ ਉਹ ਪਿਆਰੀ ਬੋਲੀ ਮੇਰੇ ਸਾਹਾਂ ਵਿਚ ਮਹਿਕ ਵਾਂਗ ਵਸਾਈ, ਜਿਸ ਦੇ ਮਿੱਠੜੇ ਬੋਲ ਮੈਨੂੰ ਜਾਨੋਂ ਪਿਆਰੇ ਲੱਗਦੇ ਹਨ। ਵੱਡੇ ਬਾਈ ਜੀ ਨਿਰਭੈ ਸਿੰਘ ਸੰਧੂ ਦਾ ਧੰਨਵਾਦ ਕਿਨ੍ਹਾਂ ਸ਼ਬਦਾਂ ਵਿਚ ਕਰਾਂ, ਜਿਨ੍ਹਾਂ ਮੇਰੇ ਵਰਗੇ ਸਾਧਾਰਨ ਬੁੱਧ ਬਾਲ ਨੂੰ ਰਚਣਈ ਸ਼ਖਸੀਅਤ ਬਣਾਉਣ ਲਈ ਭਰਪੂਰ ਯਤਨ ਕੀਤੇ…।
ਲਾਭ ਸਿੰਘ ਸੰਧੂ ਨੇ 1970 ਤੋਂ ਲਿਖਣਾ ਸ਼ੁਰੂ ਕੀਤਾ ਸੀ। ਪਹਿਲਾਂ ਕਵਿਤਾ ਲਿਖੀ, ਫਿਰ ਗੀਤ, ਗਜ਼ਲਾਂ ਤੇ ਰੁਬਾਈਆਂ। 1980 ਤੋਂ ਵਾਰਤਕ ਲਿਖਣ ਲੱਗ ਪਿਆ। ਵਾਰਤਕ ਦੇ ਨਮੂਨੇ ਤਾਂ ਵੇਖ ਹੀ ਲਏ ਨੇ, ਉਹਦੀ ਗਜ਼ਲ ਦਾ ਨਮੂਨਾ ਵੀ ਵੇਖ ਲਓ:
ਸਾਜ਼, ਸੰਗੀਤ, ਸਾਜਿ਼ੰਦੇ, ਸੀਖਾਂ ਅੰਦਰ ਨੇ
ਛਮ ਛਮ ਹੰਝੂ ਕੇਰੇ ਤਾਂ ਹੀ ਅੰਬਰ ਨੇ।
ਕਾਲੀ ਕੋਇਲ ਦੇ ਸਾਹਾਂ ਉਤੇ ਪਹਿਰਾ ਹੈ
ਛੇੜੀ ਬੈਠੇ ਦੀਪਕ ਸਾਰੇ ਮੰਦਰ ਨੇ।
ਨਾ ਰੂਹਾਂ ਦਾ ਮੇਲਾ ਨਾ ਰੁੱਤ ਮੌਲ ਰਹੀ
ਹਾਸੇ ਕੈਦੀ ਕੀਤੇ ਕਿਸੇ ਕਲੰਦਰ ਨੇ।
ਤੀਰਾਂ ਵਰਗੇ ਬੋਲਾਂ ਦੀ ਬੌਛਾੜ ਵਰ੍ਹੀ
ਬੱਦਲ ਉਤੇ ਚਿਹਰਾ ਕੀਤਾ ਅੰਬਰ ਨੇ।
ਸੁੱਕੇ ਤਾਲੂ, ਜੀਭਾਂ, ਵੈਣ ਵਿਹਾਜ ਰਹੇ
ਕਿਸ ਦੇ ਕਾਰਨ ਹਾਰੇ ਸ਼ਾਹ ਸਿਕੰਦਰ ਨੇ।