ਰਵਿੰਦਰ ਰਵੀ ਦੀ ਕਾਵਿ-ਪਰਪੱਕਤਾ ਦਾ ਨਵਾਂ ਅੰਬਰ ‘ਦਰਪਨ ਤੇ ਦਰਸ਼ਨ’

ਰਵਿੰਦਰ ਸਿੰਘ ਸੋਢੀ
ਰਿਚਮੰਡ, ਕੈਨੇਡਾ
ਫੋਨ: 604-369-2371
ਭਾਵੇਂ ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਪਰ ਮੇਰੇ ਵਿਚਾਰ ਅਨੁਸਾਰ ਇਸ ਲਕਬ ਦਾ ਅਸਲੀ ਹੱਕਦਾਰ ਰਵਿੰਦਰ ਰਵੀ ਹੈ। ਚੁਰਾਸੀ ਸਾਲ ਦੀ ਉਮਰ ਨੂੰ ਢੁਕੇ ਰਵਿੰਦਰ ਰਵੀ ਦੀ ਪਹਿਲੀ ਕਾਵਿ-ਪੁਸਤਕ 1961 ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਉਨ੍ਹਾਂ ਦੇ ਆਪਣੇ ਕਹਿਣ ਮੁਤਾਬਕ “ਏਨੇ ਵਰ੍ਹੇ ਮੇਰੇ ਨਾਲ ਚਲਦਿਆਂ ਆਧੁਨਿਕ ਪੰਜਾਬੀ ਕਵੀਆਂ ਦੀਆਂ 4-5 ਪੀੜ੍ਹੀਆਂ ਬੀਤ ਚੁਕੀਆਂ ਹਨ।” ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਛੇ ਦਹਾਕੇ ਦੇ ਸਮੇਂ ਵਿਚ ਪੰਜਾਬੀ ਕਾਵਿ-ਧਾਰਾ ਦੇ ਵਹਿਣ ਵਿਚ ਕਈ ਸੁਨਾਮੀ ਪੱਧਰ ਦੀਆਂ ਲਹਿਰਾਂ ਅਜਿਹੀਆਂ ਉਠੀਆਂ ਕਿ ਉਨ੍ਹਾਂ ਦੇ ਤੇਜ ਕਾਵਿ-ਪ੍ਰਵਾਹ ਵਿਚ ਕਈ ਪ੍ਰਭਾਵਸ਼ਾਲੀ ਕਵੀ ਅਣਗੌਲੇ ਹੀ ਰਹਿ ਗਏ।

ਇਨ੍ਹਾਂ ਸਾਹਿਤਕ ਸੁਨਾਮੀਆਂ ਦੇ ਦੌਰਾਨ ਵਿਚ ਵੀ ਰਵਿੰਦਰ ਰਵੀ ਦੇ ਸਾਹਿਤਕ ਚੌਮੁਖੀਏ ਦੀਵੇ ਦੀ ਲੋਅ ਲਟ-ਲਟ ਬਲਦੀ ਰਹੀ ਜਾਂ ਉਸ ਦੀ ਆਪਣੀ ਸੁਨਾਮੀ ਹੀ ਬਾਕੀ ਸੁਨਾਮੀਆਂ ਦੇ ਸਮਾਨੰਤਰ ਬਰਕਰਾਰ ਰਹੀ। ਉਨ੍ਹਾਂ ਦੇ ਹੁਣ ਤੱਕ ਪੱਚੀ ਕਾਵਿ-ਸੰਗ੍ਰਹਿਾਂ, ਸੋਲਾਂ ਕਾਵਿ-ਨਾਟਕਾਂ, ਨੌਂ ਕਹਾਣੀ-ਸੰਗ੍ਰਹਿਾਂ ਤੋਂ ਇਲਾਵਾ ਸਫਰਨਾਮਾ, ਸਾਹਿਤਕ ਸਵੈ ਜੀਵਨੀ ਦੀਆਂ ਦੋ ਪੁਸਤਕਾਂ- ਇਕ ਪੰਜਾਬ ਆਰਟਸ ਕੌਂਸਲ ਲਈ ਅਤੇ ਦੂਜੀ ਪੰਜਾਬੀ ਯੂਨੀਵਰਸਿਟੀ ਲਈ, ਸਾਹਿਤਕ ਸਮੀਖਿਆ ਅਧੀਨ ਪੰਜ ਪੁਸਤਕਾਂ, ਪੰਜਾਬੀ ਅਤੇ ਅੰਗਰੇਜ਼ੀ ਵਿਚ ਸੱਤ ਪੁਸਤਕਾਂ, ਅੰਗਰੇਜ਼ੀ ਵਿਚ ਹੋਰ ਕਵੀਆਂ ਨਾਲ ਸਾਂਝੀਆਂ ਪੰਜ ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਗਿਆਰਾਂ ਪੁਸਤਕਾਂ ਦਾ ਅਨੁਵਾਦ ਸ਼ਾਹਮੁਖੀ ਵਿਚ ਹੋਇਆ ਹੈ।
ਇਹੋ ਨਹੀਂ, ਪੰਜਾਬ, ਪੰਜਾਬੀ, ਦਿੱਲੀ ਦੀਆਂ ਯੂਨੀਵਰਸਿਟੀਆਂ ਤੋਂ ਇਲਾਵਾ ਲਾਹੌਰ ਯੂਨੀਵਰਸਿਟੀ ਵਿਚ ਵੀ ਉਨ੍ਹਾਂ ਵਲੋਂ ਰਚਿਤ ਵੱਖ ਵੱਖ ਸਾਹਿਤਕ ਵੰਨਗੀਆਂ ਤੇ ਕਈ ਖੋਜਾਰਥੀਆਂ ਵੱਲੋਂ ਐਮ. ਫਿਲ ਅਤੇ ਪੀਐਚ. ਡੀ. ਪੱਧਰ ਦੇ ਖੋਜ/ਸ਼ੋਧ ਪ੍ਰਬੰਧ ਲਿਖੇ ਜਾ ਚੁਕੇ ਹਨ ਅਤੇ ਲਿਖੇ ਵੀ ਜਾ ਰਹੇ ਹਨ। ਆਪ ਦੀਆਂ ਕਈ ਪੁਸਤਕਾਂ ਯੂਨੀਵਰਸਿਟੀ ਪੱਧਰ ਦੇ ਪਾਠਕ੍ਰਮ ਦਾ ਹਿੱਸਾ ਹਨ। ਉਨ੍ਹਾਂ ਦੇ ਰਚਿਤ ਸਾਹਿਤ `ਤੇ ਕਈ ਵਿਦਵਾਨ ਆਲੋਚਕਾਂ ਵੱਲੋਂ ਆਲੋਚਨਾਤਮਕ ਪੁਸਤਕਾਂ ਵੀ ਲਿਖੀਆਂ ਗਈਆਂ ਹਨ। ਉਨ੍ਹਾਂ ਦੇ ਲਿਖੇ ਕਰੀਬ ਸਾਰੇ ਹੀ ਕਾਵਿ-ਨਾਟਕ ਭਾਰਤ ਦੇ ਨਾਮਵਰ ਰੰਗਕਰਮੀਆਂ ਵੱਲੋਂ ਸਫਲਤਾਪੂਰਵਕ ਰੰਗ ਮੰਚ `ਤੇ ਪੇਸ਼ ਕੀਤੇ ਜਾ ਚੁਕੇ ਹਨ। ਆਪ ਨੂੰ ਮਿਲੇ ਸਨਮਾਨਾਂ ਦੀ ਲੰਬੀ ਸੂਚੀ ਵੀ ਰਸ਼ਕ ਯੋਗ ਹੈ।
ਰਵਿੰਦਰ ਰਵੀ ਰਚਿਤ ਸਾਹਿਤ ਦੀ ਵਿਸ਼ੇਸ਼ਤਾ ਇਹੋ ਨਹੀਂ ਕਿ ਵਿਦਵਾਨਾਂ ਦੇ ਨਾਲ ਨਾਲ ਸਧਾਰਨ ਪਾਠਕਾਂ ਨੇ ਵੀ ਆਪ ਦੇ ਸਾਹਿਤ ਨੂੰ ਮਾਣਿਆ ਹੈ, ਸਗੋਂ ਇਸ ਵਿਚ ਵੀ ਹੈ ਕਿ ਰਵੀ ਰਚਿਤ ਸਾਹਿਤ ਨੇ ਸਮੇਂ ਅਤੇ ਸਥਾਨ ਦੇ ਦਾਇਰੇ ਵਿਚੋਂ ਨਿਕਲ ਕੇ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲਿਆ ਹੈ।
ਰਵੀ ਦੇ ਕਾਵਿ-ਜਗਤ ਦੀ ਇਕ ਹੋਰ ਗੱਲ ਬੜੀ ਵਿਲੱਖਣ ਹੈ ਕਿ ਉਹ ਇਕ ਬਿੰਦੂ ਤੋਂ ਬ੍ਰਹਿਮੰਡ ਸਿਰਜਣ ਦੇ ਸਮਰਥ ਹੈ ਅਤੇ ਪੂਰੇ ਬ੍ਰਹਿਮੰਡ ਨੂੰ ਬਿੰਦੂ ਵਿਚ ਵੀ ਸਮਾਉਣ ਦੀ ਕਾਵਿ ਜੁਗਤ ਵਿਚ ਵੀ ਪ੍ਰਵੀਨ ਹੈ। ਕਾਵਿ ਸ਼ੈਲੀ ਵਿਚ ਅਜਿਹਾ ਆਬੂਰ ਹਰ ਕਵੀ ਨੂੰ ਨਸੀਬ ਨਹੀਂ ਹੁੰਦਾ।
ਉਸ ਦੇ ਨਵ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਦਰਪਨ ਤੇ ਦਰਸ਼ਨ’ ਦੇ ਅਧਿਅਨ ਸਮੇਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਰਵੀ ਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਵਿਚ ਸਦੀਵੀ ਸੱਚ ਨੂੰ ਪੇਸ਼ ਕੀਤਾ ਹੈ। ਵਿਦਵਾਨਾਂ ਦਾ ਮੱਤ ਹੈ ਕਿ ‘ਬੀਤ ਚੁੱਕਿਆ ਸਮਾਂ ਇਤਿਹਾਸ ਬਣ ਚੁੱਕਿਆ ਹੈ ਅਤੇ ਸਮੇਂ ਦਾ ਗੇੜ ਕਦੇ ਵੀ ਪਿਛਾਂਹ ਨਹੀਂ ਮੋੜਿਆ ਜਾ ਸਕਦਾ; ਆਉਣ ਵਾਲਾ ਸਮਾਂ ਇਕ ਪ੍ਰਛਾਵੇਂ ਦੀ ਤਰ੍ਹਾਂ ਹੈ, ਜੋ ਪਕੜ ਵਿਚ ਨਹੀਂ ਆਉਂਦਾ; ਵਰਤਮਾਨ ਹੀ ਸਾਡਾ ਆਪਣਾ ਸਮਾਂ ਹੈ, ਜਿਸ ਨੂੰ ਅਸੀਂ ਆਪਣੀ ਮਰਜ਼ੀ ਅਨੁਸਾਰ ਬਿਤਾ ਸਕਦੇ ਹਾਂ। ਪਰ ਇਹ ਮਰਜ਼ੀ ਉਦੋਂ ਹੀ ਸੰਭਵ ਹੈ ਜਦੋਂ ‘ਹੁਣ’ ਜਾਂ ‘ਛਿਣ’ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰਥਾ ਹੋਵੇ। ਪ੍ਰਸਤੁਤ ਪੁਸਤਕ ਦੀ ਪਹਿਲੀ ਕਵਿਤਾ ‘ਮੇਰੀ ਕਲਮ ਦਵਾਤ’ ਵਿਚ ਕਵੀ ਲਿਖਦਾ ਹੈ:
ਹੁਣ ਦਾ ‘ਛਿਣ’ ਹੀ ਲਟ ਲਟ ਮਚਦਾ
‘ਹੁਣ’ ਵਿਚ ਬ੍ਰਹਮ ਤੇ ਬ੍ਰਹਿਮੰਡ ਦੋਵੇਂ
‘ਹੁਣ’ ਵਿਚ ਸ਼ਬਦ ਦਾ ‘ਕਰਤਾ’
ਅਰਥ, ਰੂਪ, ਗਿਆਨ ਤੇ ਚਿੰਤਨ
ਮਾਨਵ ‘ਹੁਣ’ ਦੀ ਬਾਤ।
ਇਸੇ ਗੱਲ ਨੂੰ ਨੂੰ ਕਵੀ ਨੇ ਆਪਣੀ ਇਕ ਹੋਰ ਕਵਿਤਾ “ਹੁਣ ਬਾਣੀ” ਵਿਚ ਅੱਗੇ ਤੋਰਦੇ ਲਿਖਿਆ ਹੈ:
ਅਗਲਾ ਛਿਣ ਤਾਂ ਅਗਲਾ ਛਿਣ ਹੈ
ਲਾਰਿਆਂ ਵਿਚ ਕੀ ਪੈਣਾ?
ਪਰ “ਇਸ਼ਕ ਹੀ ਸਾਡੀ ਜ਼ਾਤ” ਵਿਚ ਉਹ ‘ਤ੍ਰੈ-ਕਾਲੀ ਚਿੰਤਨ’ ਦੇ ਹੱਕ ਵਿਚ ਭੁਗਤਦਾ ਹੈ ਅਤੇ ‘ਹੁਣ’ ਤੇ ‘ਛਿਣ’ ਨੂੰ ਵੀ ਪਿਛਾਂਹ ਧੱਕ ਕੇ ਕਹਿੰਦਾ ਹੈ:
ਤ੍ਰੈ-ਕਾਲੀ ਚਿੰਤਨ ਨੇ ਦਿੱਤੀ,
‘ਹੁਣ’ ਦੇ ‘ਛਿਣ’ ਨੂੰ ਮਾਤ।
ਅਸਲ ਵਿਚ ਵਰਤਮਾਨ, ਭੂਤਕਾਲ ਅਤੇ ਭਵਿੱਖ ਦਾ ਤ੍ਰੈ-ਕਾਲੀ ਚਿੰਤਨ ਹਰ ਕਿਸੇ ਦੀ ਪਕੜ ਵਿਚ ਨਹੀਂ ਆ ਸਕਦਾ। ਜਿਸ ਦਾ ਤੀਜਾ ਨੇਤਰ ਖੁਲ੍ਹ ਚੁਕਾ ਹੋਵੇ, ਉਹੀ ਅਜਿਹੇ ਚਿੰਤਨ ਦੀ ਗੱਲ ਕਰ ਸਕਦਾ ਹੈ।
ਇਸ ਕਾਵਿ-ਸੰਗ੍ਰਹਿ ਦੀ ਕਰੀਬ ਹਰ ਕਵਿਤਾ ਹੀ ਆਪਣੇ ਵਿਚ ਸਦੀਵੀ ਸੱਚ ਸਮੋਈ ਬੈਠੀ ਹੈ। ਅਜਿਹੇ ਸੱਚ ਨੂੰ ਰਵੀ ਵਰਗੇ ਪ੍ਰੋੜ ਸਾਹਿਤ ਸਿਰਜਕ ਨੇ ਬਹੁਤ ਹੀ ਸਹਿਜ ਨਾਲ ਅਤੇ ਸਰਲ ਸ਼ਬਦਾਂ ਵਿਚ ਬਿਆਨ ਕੀਤਾ ਹੈ।
‘ਮੇਰੀ ਕਲਮ ਦਵਾਤ’ ਦੀਆਂ ਇਨ੍ਹਾਂ ਸਤਰਾਂ ਵਿਚ ਸਦੀਵੀ ਸੱਚ ਦਾ ਕਲਾਤਮਕ ਪ੍ਰਗਟਾ ਕੀਤਾ ਗਿਆ ਹੈ ਕਿ ਸਮੇਂ ਦੇ ਅਮੋੜ ਵਹਿਣ ਦਾ ਸਾਹਮਣਾ ਕਰਦਿਆਂ ਜੋ ਆਪਣੀ ਮਿਥੀ ਮੰਜ਼ਿਲ ਵੱਲ ਵਧਦੇ ਰਹਿੰਦੇ ਹਨ, ਉਹੀ ਇਤਿਹਾਸ ਸਿਰਜਣ ਦੇ ਕਾਬਿਲ ਹੁੰਦੇ ਹਨ; ਨਿਰੋਲ ਕਲਪਨਾ ਦੀਆਂ ਉਡਾਰੀਆਂ ਲਾਉਣ ਵਾਲੇ ਤਾਂ ਮਿਥਿਹਾਸਕ ਵਰਤਾਇਆ ਵਿਚ ਹੀ ਜਿ਼ੰਦਗੀ ਬਿਤਾ ਦਿੰਦੇ ਹਨ।
ਪੈੜਾਂ ਨੇ ਇਤਿਹਾਸ ਸਿਰਜਿਆ
ਕਲਪਨਾ ਨੇ ਮਿਥਿਹਾਸ।
‘ਅੱਥਰੇ ਘੋੜੇ ਦੀ ਐਂਡ-ਗੇਮ’ ਕਵਿਤਾ ਮਨੁੱਖੀ ਜੀਵਨ ਦੀ ਸੱਚਾਈ ਹੇਠ ਲਿਖੇ ਅਨੁਸਾਰ ਪੇਸ਼ ਕਰਦੀ ਹੈ:
ਨਜ਼ਰ ਦੀ ਸੀਮਾ,
ਪੈਰਾਂ ਤਕ ਸੀਮਤ ਹੋ ਗਈ ਹੈ
ਤੇ ਪੈਰਾਂ ਨਾਲੋਂ ਵਾਟਾਂ
ਝੜ ਗਈਆਂ ਹਨ…।
ਮਿੱਟੀ ਹੋਰ ਨੇੜੇ ਹੋ ਗਈ ਹੈ
ਤੇ ਅੰਬਰ
ਪਲਕਾਂ ‘ਤੇ ਝੁਕ ਗਿਆ ਹੈ
ਆਪਣੇ ਆਪ ਤੋਂ ਤੁਰਿਆ ਸੀ,
ਜੁ ਕਦੇ
ਆਪਣੇ ਆਪ ਵਿਚ ਮੁੱਕ ਰਿਹਾ ਹੈ।
ਰਵਿੰਦਰ ਰਵੀ ਦੇ ਕਾਵਿ ਸਾਹਿਤ ਦੀ ਇਕ ਹੋਰ ਵਿਸ਼ੇਸ਼ਤਾ ਹੈ ਕਿ ਉਹ ਵਰਤਮਾਨ ਦੇ ਪ੍ਰਮੁੱਖ ਵਰਤਾਰਿਆਂ ਨੂੰ ਕਦੇ ਵੀ ਅੱਖੋਂ ਓਹਲੇ ਨਹੀਂ ਕਰਦਾ, ਇਸੇ ਲਈ ਉਸ ਦਾ ਕਾਵਿ ਸਾਹਿਤ ਵਰਤਮਾਨ ਦਾ ਦਰਪਨ ਹੋ ਨਿਬੜਦਾ ਹੈ। ਅੱਜ ਦਾ ਸਮਾਂ ਕੰਪਿਊਟਰ ਦਾ ਯੁਗ ਹੈ। ਕੰਪਿਊਟਰ ਦੇ ਨਾਲ-ਨਾਲ ਹੀ ਫੇਸਬੁੱਕ ਨੇ ਨੌਜਵਾਨ ਪੀੜ੍ਹੀ ਦੇ ਨਾਲ ਪੁਰਾਣੀ ਪੀੜ੍ਹੀ ਨੂੰ ਵੀ ਆਪਣੀ ਜਕੜ ਵਿਚ ਲੈ ਲਿਆ ਹੈ। ਫੇਸਬੁੱਕ ਤੇ ਲੇਖਕਾਂ ਦੇ ਆਪਣੇ ਆਪਣੇ ਜੁਟ ਬਣਾ ਕੇ ਆਪਣੀਆਂ ਸਾਹਿਤਕ ਕਿਰਤਾਂ ਨੂੰ ਇਕ ਦੂਜੇ ਨਾਲ ਸਾਂਝਾ ਕਰਨ ਦਾ ਜ਼ਰੀਆ ਬਣਾ ਲਿਆ ਹੈ। ਸ਼ੁਰੂ ਸ਼ੁਰੂ ਵਿਚ ਤਾਂ ਸਾਹਿਤਕ ਰਚਨਾਵਾਂ `ਤੇ ਟਿੱਪਣੀਆਂ ਸੁਚਾਰੂ ਢੰਗ ਨਾਲ ਹੁੰਦੀਆਂ ਰਹੀਆਂ, ਪਰ ਹੌਲੀ ‘ਵਧੀਆ, ਬਹੁਤ ਵਧੀਆ, ਕਮਾਲ ਕਰਤਾ’ ਆਦਿ ਟਿੱਪਣੀਆਂ ਦਾ ਦੌਰ ਸ਼ੁਰੂ ਹੋ ਗਿਆ। ਫੇਸਬੁੱਕ ਵਾਲਿਆਂ ਨੇ ਆਪ ਹੀ ਕੁਝ ਤਸਵੀਰਾਂ ਬਣਾ ਦਿੱਤੀਆਂ, ਜਿਸ ਨਾਲ ਲਿਖਣ ਦਾ ਝੰਜਟ ਵੀ ਖਤਮ ਹੋ ਗਿਆ। ਅਜਿਹੇ ਵਰਤਾਰੇ ਨੂੰ ਦਰਸਾਉਂਦੀ ਕਵਿਤਾ ‘ਫੇਸਬੁੱਕ ਟਿੱਪਣੀਆਂ’ ਪੜ੍ਹਨ ਯੋਗ ਹੈ। ਇਹ ਕਵਿਤਾ ਯਥਾਰਥਿਕ ਹੋਣ ਦੇ ਨਾਲ-ਨਾਲ ਵਿਅੰਗਮਈ ਵੀ ਹੈ। ਰਵੀ ਦੇ ਵਿਅੰਗ ਬਾਣ ਇਕ ਹੋਰ ਕਵਿਤਾ ‘ਮੁਰਗੇ ਵਿਚ ਬੋਤਲ: ਇਕ ਸਾਹਿਤਕ ਰੀਵੀਊਕਾਰ ਦੀ ਆਤਮ-ਕਥਾ’ ਵਿਚ ਵੀ ਦੇਖਣ ਵਾਲੇ ਹਨ।
ਰਵੀ ਨੇ ਇਕ ਹੁਨਰ ਵਿਚ ਪ੍ਰਵੀਨਤਾ ਪ੍ਰਾਪਤ ਕੀਤੀ ਹੋਈ ਹੈ ਕਿ ਉਹ ਦਾਰਸ਼ਨਿਕ ਵਿਚਾਰਾਂ ਨੂੰ ਵੀ ਸਿੱਧੀ-ਸਾਦੀ ਭਾਸ਼ਾ ਵਿਚ ਪੇਸ਼ ਕਰ ਦਿੰਦਾ ਹੈ। ਇਸ ਪੱਖੋਂ ‘ਚੱਲਦੀਆਂ ਸੂਈਆਂ ਵਿਚ ਖੜ੍ਹਾ ਸਮਾਂ’ ਅਤੇ ‘ਮੁਹੱਬਤ, ਸਾਈਕਲ ਤੇ ਸਟੇਅਰਿੰਗ’ ਕਵਿਤਾਵਾਂ ਦੇਖੀਆਂ ਜਾ ਸਕਦੀਆਂ ਹਨ।
ਅਜੋਕੇ ਸਮੇਂ ਦੀ ਪੀੜ੍ਹੀ ਵਿਚ ਛੋਟੀ ਉਮਰੇ ਹੀ ਵਰਜਿਤ ਰਿਸ਼ਤਿਆਂ/ਵਰਤਾਰਿਆਂ ਸਬੰਧੀ ਛੋਟੀ ਉਮਰੇ ਹੀ ਜਿਗਿਆਸਾ ਪੈਦਾ ਹੋ ਰਹੀ ਹੈ ਅਤੇ ਕੁਝ ਮੁਲਕਾਂ ਵਿਚ ਵਿਆਹ ਵਰਗੇ ਰਿਸ਼ਤੇ ਦੀ ਲੋੜ ਨੂੰ ਬੇ-ਲੋੜਾ ਸਮਝਿਆ ਜਾ ਰਿਹਾ ਹੈ। ‘ਰਿਸ਼ਤੇ: ਬਦਲਦੇ ਰੰਗ’ ਕਵਿਤਾ ਵਿਚ ਕਵੀ ਲਿਖਦਾ ਹੈ:
ਬੀਜ ਪੈਦਾ ਹੁੰਦਿਆਂ ਹੀ
ਜੰਮਣ ਲਈ ਕਾਹਲੇ ਨੇ
ਅਜੋਕੇ ਯੁਵਕ
ਰਵਾਇਤ ਦਾ ਖੰਡਨ ਨੇ।
‘ਇਕ ਬਹੁ-ਵਿਧ ਮਹਾਂ ਗ੍ਰੰਥ’ ਕਵਿਤਾ ਵਿਚ ਵੀ ਅਜੋਕੀ ਪੀੜ੍ਹੀ ਦੀ ਗੱਲ ਕੀਤੀ ਗਈ ਹੈ।
ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਸਬੰਧੀ ਵੀ ਕਵੀ ਨੇ ਬੜੇ ਸਪਸ਼ਟ ਸ਼ਬਦਾਂ ਵਿਚ ਦਿਖਾਵੇ ਦੇ ਕਰਮ ਕਾਂਡਾਂ ਤੇ ਚੋਟ ਕਰਦਿਆਂ ਲਿਖਿਆ ਹੈ:
ਮਨ ਵਿਚ ਟੁੱਭੀ ਮਾਰ
ਓ ਬੁੱਲਿਆ
ਮਨ ਵਿਚ ਸਗਲ ਦੁਆਰ।
ਇਹੋ ਹੀ ਨਹੀਂ, ਰਵੀ ਨੇ ਪੱਥਰਾਂ ਦੇ ਬੁੱਤਾਂ ਦੀ ਪੂਜਾ ਅਤੇ ਅਜੋਕੇ ਸਮੇਂ ਦੇ ਮਖੋਟਿਆਂ ਵਿਚ ਵਿਚਰ ਰਹੇ ਇਨਸਾਨਾਂ ਨੂੰ “ਉਹ ਵੀ ਇਕ ਭਰਮ ਸਨ/ਇਹ ਵੀ ਇਕ ਭਰਮ ਹਨ!” ਕਹਿ ਕੇ ਭੰਡਿਆ ਹੈ। (ਸੱਚ ਪੰਖ ਕਰ ਉੱਡ ਰਿਹਾ)।
‘ਦਰਪਨ ਤੇ ਦਰਸ਼ਨ’ ਕਾਵਿ-ਸੰਗ੍ਰਹਿ ਵਿਚ ਕਰੋਨਾ ਕਾਲ ਸਬੰਧੀ ਦਰਜ ਕਵਿਤਾਵਾਂ ਵਿਚ ਕਵੀ ਨੇ ਕਈ ਥਾਂ ਸਾਰੇ ਹੀ ਧਰਮਾਂ ਦੇ ਇਸ ਵਿਸ਼ਵਾਸ `ਤੇ ਤਨਜ਼ ਕੱਸਿਆ ਹੈ ਕਿ ਹਰ ਮੁਸ਼ਕਿਲ/ਮੁਸੀਬਤ ਸਮੇਂ ਰੱਬ/ਬਾਬੇ ਬਹੁੜਦੇ ਹਨ। ਕਵੀ ਲਿਖਦਾ ਹੈ:
ਕੋਈ ਵੀ ਨਾ ਬਹੁੜਿਆ (ਜਿ਼ੰਦਗੀ `ਤੇ ਇਕ ਗੀਤ)
ਪੀਰ, ਫਕੀਰ ਤੇ ਬਾਬੇ
ਆਪਣੇ ਆਪਣੇ ਮੱਠਾਂ ਵਿਚ,
ਮੱਖੀਆਂ ਮਾਰ ਰਹੇ ਹਨ। (ਕਰੋਨਾ ਵਾਇਰਸ ਬਨਾਮ ਤਰਕ)
ਜਿ਼ੰਦਗੀ ਅਤੇ ਮੌਤ ਪ੍ਰਤੀ ਇਸ ਸੁਹਿਰਦ ਕਵੀ ਦਾ ਆਪਣਾ ਸਪਸ਼ਟ ਨਜ਼ਰੀਆ ਹੈ:
ਜਿ਼ੰਦਗੀ ਤੋਂ ਬਾਅਦ
ਮੌਤ ਲਿਖੀ ਹੈ।
ਮੌਤ ਤੋਂ ਬਾਅਦ ਜੋਤ ਹੈ
ਜਿ਼ੰਦਗੀ ਤੇ ਮੌਤ ਵਿਚਕਾਰ
ਕੋਈ ਬੁੱਲ੍ਹੇ ਸ਼ਾਹ ਬਣ ਕੇ, ਨੱਚ ਉਠਿਆ
ਕੋਈ ਬੁੱਧ ਬਣ
ਖਾਮੋਸ਼ ਹੈ…। (ਨਾ ਮੈਂ ਬੁੱਲ੍ਹਾ, ਨਾ ਮੈਂ ਬੁੱਧ)
ਕਵੀ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਵੀ ਕੁਝ ਕਵਿਤਾਵਾਂ ਪ੍ਰਸਤੁਤ ਪੁਸਤਕ ਵਿਚ ਸ਼ਾਮਲ ਕੀਤੀਆਂ ਹਨ। ਕਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕਰਦਾ ਹੈ। ਦੇਸ਼ ਦੇ ਵਰਤਮਾਨ ਹਾਕਮ ਉਸ ਨੂੰ “ਨੀਰੋ” ਜਾਪਦੇ ਹਨ, ਜਿਨ੍ਹਾਂ ਨੇ ਇਸ ਅੰਦੋਲਨ ਤੋਂ ਪਾਸਾ ਵੱਟਿਆ ਲੱਗਦਾ ਹੈ। ਕਵੀ ਅਨੁਸਾਰ ਅਜਿਹੇ ਨੇਤਾ “ਮਾਨਵਤਾ ਤੋਂ ਸੱਖਣੇ ਨੇਤਾ” ਹਨ। ‘ਅੱਜ ਦੇ ਲਘੂ ਚਾਣਕਿਆ ਤੇ ਦੇਸੀ ਅੰਗਰੇਜ਼’ ਕਵਿਤਾ ਵਿਚ ਉਸ ਨੇ ਸਪਸ਼ਟ ਚਿਤਾਵਨੀ ਕੀਤੀ ਹੈ:
ਸ਼ਾਂਤਮਈ ਅੰਦੋਲਨ ਨੂੰ
ਹਥਿਆਰਬੰਦ
ਇਨਕਲਾਬ ਦਾ
ਰਸਤਾ ਦਿਖਾ ਰਹੀ ਹੈ।
ਉਹ ਸੌੜੀ ਸੋਚ ਦੇ ਨੇਤਾਵਾਂ ਨੂੰ “ਜਨਤਾ ਦੇ ਇਹ ਕਰਜ਼ਦਾਰ” ਕਹਿੰਦਾ ਹੋਇਆ ਲਿਖਦਾ ਹੈ, “ਵੋਟ ਦੇ ਨਾਲ ਜੋ ਰਾਜ ਕਰੇਗਾ/ਵੋਟ ਦੇ ਨਾਲ ਹੀ ਝੜੇਗਾ” (ਘਰ ਘਰ ਸੂਰਜ ਚੜ੍ਹੇਗਾ)। ‘ਰਾਜ ਸੱਤਾ ਤੇ ਲੰਕਾ’ ਬਹੁਤ ਹੀ ਭਾਵਪੂਰਤ ਕਵਿਤਾ ਹੈ।
ਰਵੀ ਦੀ ਭਾਸ਼ਾ `ਤੇ ਪਕੜ ਹੈ, ਇਸੇ ਲਈ ਉਸ ਦਾ ਸਾਹਿਤ ਆਮ ਪਾਠਕਾਂ ਨੂੰ ਵੀ ਆਪਣੀ ਪਕੜ ਵਿਚ ਲੈਂਦਾ ਹੈ। ‘ਭੂੰਡ ਪੱਪੀਆਂ’ ਅਤੇ ‘ਚੂੰਢੀ ਵੱਢ ਲਤੀਫੇ’ ਵਰਗੀ ਅਲੋਪ ਹੋ ਰਹੀ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕ-ਭਾਸ਼ਾ ਨੂੰ ਜਿਊਂਦਾ ਰਖਦੀ ਹੈ।
ਨੈਸ਼ਨਲ ਬੁੱਕ ਸ਼ਾਪ, ਦਿੱਲੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਸਰਵਰਕ ਵੀ ਕਲਾਤਮਕ ਹੈ ਅਤੇ ਪੁਸਤਕ ਦੀ ਦਿਖ ਵੀ ਪ੍ਰਭਾਵਸ਼ਾਲੀ ਹੈ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ‘ਦਰਪਨ ਤੇ ਦਰਸ਼ਨ’ ਕਾਵਿ ਸੰਗ੍ਰਹਿ ਨਾਲ ਰਵਿੰਦਰ ਰਵੀ ਆਪਣੀ ਸਾਹਿਤਕ ਸਰਦਾਰੀ ਨੂੰ ਹੋਰ ਬੁਲੰਦੀ `ਤੇ ਲੈ ਕੇ ਗਿਆ ਹੈ।